“ਗੱਲ ਸੁਣਦੇ ਸਮੇਂ ਟੋਕ ਟੁਕਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕਦੇ ਵੀ ...”
(9 ਨਵੰਬਰ 2024)
ਸੰਸਾਰ ਵਿੱਚ ਮਨੁੱਖ ਹੀ ਅਜਿਹਾ ਜੀਵ ਹੈ, ਜਿਸ ਕੋਲ ਬਾਣੀ ਦੀ ਸ਼ਕਤੀ ਹੈ। ਇਸ ਬਾਣੀ ਦੀ ਸ਼ਕਤੀ ਨਾਲ ਸਮਾਜ ਹੋਂਦ ਵਿੱਚ ਆਇਆ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਪ੍ਰਮਾਤਮਾ ਵੱਲੋਂ ਬਖਸ਼ੀ ਇਸ ਦਾਤ ਦਾ ਸਦਉਪਯੋਗ ਕਰੋ। ਮਿੱਠਾ ਬੋਲਣਾ ਹੀ ਬਾਣੀ ਦੀ ਸਭ ਤੋਂ ਵਧੀਆ ਵਰਤੋਂ ਹੈ। ਗੁਰੂ ਜੀ ਦਾ ਫਰਮਾਨ ਹੈ:
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥ (470)
ਫਿੱਕਾ ਬੋਲਿਆਂ ਕੇਵਲ ਦੂਜਿਆਂ ਦਾ ਮਨ ਹੀ ਦੁਖੀ ਨਹੀਂ ਹੁੰਦਾ ਸਗੋਂ ਆਪਣਾ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਹਨ।
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (473)
ਪ੍ਰਮਾਤਮਾ ਤਾਂ ਸਾਰੇ ਜੀਵਾਂ ਵਿੱਚ ਵਸਦਾ ਹੈ, ਜਦੋਂ ਅਸੀਂ ਕਿਸੇ ਨਾਲ ਫਿਕਾ ਜਾਂ ਗੁੱਸੇ ਨਾਲ ਬੋਲਦੇ ਹਾਂ ਤਾਂ ਸਮਝੋ ਅਸੀਂ ਪ੍ਰਮਾਤਮਾ ਨਾਲ ਫਿਕਾ ਬੋਲਦੇ ਹਾਂ। ਗੁਰੂ ਜੀ ਤਾੜਨਾ ਕਰਦੇ ਹਨ ਕਿ ਜਿਹੜੇ ਬੋਲਾਂ ਨਾਲ ਇੱਜ਼ਤ ਮਿਲਦੀ ਹੈ ਉਹੀ ਬੋਲ ਬੋਲਣੇ ਚਾਹੀਦੇ ਹਨ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣ ਮੂਰਖ ਮਨ ਅਜਾਣ (15)
ਮਿੱਠਾ ਬੋਲਿਆਂ ਮਨ ਉੱਜਲਾ ਤੇ ਤਨ ਤੰਦਰੁਸਤ ਰਹਿੰਦਾ ਹੈ। ਮਿੱਠਾ ਬੋਲਣ ਨਾਲ ਰਿਸ਼ਤੇ ਜੁੜਦੇ ਹਨ ਜਦੋਂ ਕਿ ਭੈੜੇ ਬੋਲ ਦੋਸਤੀਆਂ ਨੂੰ ਤੋੜਦੇ ਹਨ।
ਗੰਢੁ ਪਰੀਤੀ ਮਿਠੇ ਬੋਲ॥ (143)
ਟੁਟਿ ਪਰੀਤਿ ਗਈ ਬੁਰ ਬੋਲਿ॥ (933)
ਗੁਰੂ ਜੀ ਸੰਸਾਰ ਦੇ ਪਹਿਲੇ ਪੈਗੰਬਰ ਹੋਏ ਹਨ ਜਿਨ੍ਹਾਂ ਨੇ ਆਖਿਆ ਪ੍ਰਮਾਤਮਾ ਇੱਕ ਸ਼ਕਤੀ ਦਾ ਨਾਮ ਹੈ, ਜਿਸਦਾ ਕੋਈ ਰੂਪ ਰੰਗ ਤੇ ਆਕਾਰ ਨਹੀਂ ਤੇ ਜੋ ਸਦੀਵੀ ਹੈ ਅਤੇ ਉਹ ਹਰੇਕ ਜੀਵ ਅੰਦਰ ਆਤਮਾ ਦੇ ਰੂਪ ਵਿੱਚ ਵਸਦਾ ਹੈ।
ਗੁਰੂ ਜੀ ਅਨੁਸਾਰ ਸਾਰੀਆਂ ਪਰੇਸ਼ਾਨੀਆਂ ਦਾ ਅਧਾਰ ਕੂੜ ਹੈ। ਜੇਕਰ ਰਿਸ਼ਤਿਆਂ, ਕਾਰੋਬਾਰ ਅਤੇ ਵਿਹਾਰ ਦਾ ਅਧਾਰ ਕੂੜ ਹੈ ਤਾਂ ਸਫ਼ਲਤਾ ਕਦੇ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਝੂਠ ਨੇ ਇੱਕ ਦਿਨ ਸਾਹਮਣੇ ਆ ਹੀ ਜਾਣਾ ਹੈ। ਕੂੜ ਅਧਾਰਿਤ ਅਚਾਰ ਭੈੜਾ ਹੁੰਦਾ ਹੈ। ਜਦੋਂ ਮਨੁੱਖ ਝੂਠ ਬੋਲਦਾ ਹੈ ਤਾਂ ਉਹ ਬਾਣੀ ਦੀ ਦੁਰਵਰਤੋਂ ਕਰਦਾ ਹੈ।
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ॥ (62)
ਸੱਚ ਦਾ ਰਾਹ ਰੱਬੀ ਰਾਹ ਹੁੰਦਾ ਹੈ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ, ਉਨ੍ਹਾਂ ਦੇ ਅੰਗ ਸੰਗ ਪ੍ਰਮਾਤਮਾ ਰਹਿੰਦਾ ਹੈ। ਸੱਚ, ਸੰਤੋਖ ਤਿਆਗ ਖੋਟੇ ਕਰਮ ਕਰਨ ਵਾਲੇ ਕਦੇ ਵੀ ਸੁਖੀ ਨਹੀਂ ਰਹਿ ਸਕਦੇ।
ਉਹ ਕੁਝ ਹੀ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹੇ ਅਤੇ ਵਿਕਾਰਾਂ ਤੋਂ ਰਹਿਤ। ਇਵੇਂ ਹੀ ਉਹੋ ਕੁਝ ਬੋਲਣਾ ਨਹੀਂ ਚਾਹੀਦਾ ਹੈ, ਜਿਸ ਨਾਲ ਦੂਜਿਆਂ ਨੂੰ ਦੁੱਖ ਲੱਗੇ ਜਾਂ ਝਗੜਾ ਵਧੇ।
ਜਿੱਤ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (15)
ਗੁਰੂ ਸਾਹਿਬ ਆਖਦੇ ਹਨ ਕਿ ਗੱਲਬਾਤ ਦੇ ਸਲੀਕੇ ਵਿੱਚ ਸਫ਼ਲਤਾ ਲਈ ਚੰਗੇ ਸਰੋਤੇ ਹੋਣਾ ਜ਼ਰੂਰੀ ਹੈ। ਜੇਕਰ ਮਨ ਨੂੰ ਇਕਾਗਰ ਕਰਕੇ, ਬਿਰਤੀ ਨੂੰ ਜੋੜ ਸੁਣਨ ਦੀ ਜਾਚ ਨਹੀਂ ਆਉਂਦੀ ਤਾਂ ਚੰਗਾ ਇਨਸਾਨ ਬਣਨਾ ਔਖਾ ਹੋ ਜਾਂਦਾ ਹੈ। ਗੁਰੂ ਜੀ ਨੇ ਜਪੁਜੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਚਾਰ ਪੌੜੀਆਂ ਕੇਵਲ ਸੁਣਨ ਦੀ ਮਹਿਮਾ ਨੂੰ ਬਿਆਨ ਕਰਦੀਆਂ ਉਚਾਰੀਆਂ ਹਨ। ਉਨ੍ਹਾਂ ਦਾ ਹੁਕਮ ਹੈ:
ਸੁਣਿਆ ਦੂਖ ਪਾਪ ਦਾ ਨਾਸੁ।
ਸੁਣਨ ਨਾਲ ਹੀ ਸਤੁ ਸੰਤੋਖੁ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸੁਣਿਆ ਹੈ ਸਤੁ ਸੰਤੋਖੂ ਗਿਆਨੁ
ਸੁਣਿਆ ਹੈ ਅਠ ਸਠਿ ਕਾ ਇਸਨਾਨੁ॥
ਸੁਣਨ ਨਾਲ ਜਿੱਥੇ ਸੱਚ ਦਾ ਪਤਾ ਲਗਦਾ ਹੈ, ਉੱਥੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਸੁਣਨ ਲਈ ਧੀਰਜ ਦੀ ਲੋੜ ਪੈਂਦੀ ਹੈ, ਇਕਾਗਰਤਾ ਚਾਹੀਦੀ ਹੈ, ਇੰਝ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਧਿਆਨ ਤੋਂ ਬਿਨਾਂ ਮਨੁੱਖ ਸੁਣ ਨਹੀਂ ਸਕਦਾ, ਇਸ ਲਈ ਮਨ ਨੂੰ ਇਕਾਗਰ ਕਰਨਾ ਪੈਂਦਾ ਹੈ। ਜਦੋਂ ਮਨ ਨੂੰ ਕਾਬੂ ਕਰਨ ਦੀ ਜਾਚ ਆ ਗਈ ਤਾਂ ਗੁਰੂ ਸਾਹਿਬ ਆਖਦੇ ਹਨ ਕਿ “ਮਨ ਜੀਤੈ ਜਗ ਜੀਤ।”
ਧਰਮ ਦੇ ਮਾਰਗ ’ਤੇ ਪਹਿਲਾ ਕਦਮ ਸੁਣਨਾ ਹੈ। ਜਿਸ ਨੂੰ ਸੁਣਨ ਦੀ ਜਾਚ ਆ ਗਈ ਤਾਂ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ। ਸੁਣਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਸ਼ਾਇਦ ਕੁਦਰਤ ਨੇ ਦੋ ਕੰਨ ਬਖ਼ਸ਼ੇ ਹਨ ਜਦੋਂ ਕਿ ਜ਼ੁਬਾਨ ਇੱਕੋ ਹੀ ਹੈ ਕਿਉਂਕਿ ਬੋਲਣ ਨਾਲੋਂ ਸੁਣਨਾ ਵਧੇਰੇ ਕਠਿਨ ਹੈ। ਦੁਨਿਆਵੀ ਕਾਰਜਾਂ ਸਮੇਂ ਵੀ ਜੇਕਰ ਅਸੀਂ ਆਪਸ ਵਿੱਚ ਇੱਕ ਦੂਜੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਤਾਂ ਆਪਸੀ ਪਿਆਰ ਵਿੱਚ ਵਾਧਾ ਹੁੰਦਾ ਹੈ ਅਤੇ ਰਿਸ਼ਤਿਆਂ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ। ਗੱਲ ਸੁਣਦੇ ਸਮੇਂ ਟੋਕ ਟੁਕਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਗੁੱਸੇ ਵਿੱਚ ਨਹੀਂ ਆਉਣਾ ਚਾਹੀਦਾ। ਘਰ ਵਿੱਚ ਜੇਕਰ ਮਾਪੇ ਬੱਚਿਆਂ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਅਤੇ ਪਿਆਰ ਨਾਲ ਗੱਲਬਾਤ ਨਹੀਂ ਕਰਦੇ ਤਾਂ ਉਨ੍ਹਾਂ ਵਿੱਚ ਬੇਚੈਨੀ ਫੈਲਦੀ ਹੈ। ਪਤੀ ਪਤਨੀ ਦੇ ਆਪਸੀ ਸੰਬੰਧ ਵੀ ਇਸੇ ਉੱਤੇ ਨਿਰਭਰ ਕਰਦੇ ਹਨ। ਮਨ ਚੰਚਲ ਹੈ, ਇਹ ਬਹੁਤ ਛੇਤੀ ਭਟਕ ਜਾਂਦਾ ਹੈ। ਚੰਗੇ ਸਰੋਤੇ ਬਣਨ ਲਈ ਸਵੈਕਾਬੂ, ਸਵੈਭਰੋਸਾ ਅਤੇ ਲਗਨ ਦੀ ਲੋੜ ਪੈਂਦੀ ਹੈ। ਧਿਆਨ ਨਾਲ ਸੁਣਿਆ ਗਲਤਫਹਿਮੀਆਂ ਦੂਰ ਹੋ ਜਾਣਗੀਆਂ, ਕਾਰਜ-ਕੁਸ਼ਲਤਾ ਵਧੇਗੀ, ਕੰਮ ਕਰਨ ਵਿੱਚ ਅਨੰਦ ਆਵੇਗਾ ਅਤੇ ਆਪਸੀ ਪਿਆਰ ਵਿੱਚ ਵੀ ਵਾਧਾ ਹੋਵੇਗਾ। ਗੁਰੂ ਜੀ ਦਾ ਉਪਦੇਸ਼ ਹਮੇਸ਼ਾ ਯਾਦ ਰੱਖੀਏ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛ ਕਹੀਐ॥ (661)
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5432)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)