“ਫ਼ਕੀਰ ਚੰਦ ਦੀਆਂ ਲਿਖਤਾਂ ਸਕੂਲੀ ਪੁਸਤਕਾਂ ਦਾ ਹਿੱਸਾ ਵੀ ਬਣੀਆਂ ਹਨ। ਜਿੱਥੇ ਉਹ ਉਚ ਕੋਟੀ ਦਾ ਲੇਖਕ ਹੈ, ਉੱਥੇ ...”
(9 ਸਤੰਬਰ 2024)
ਡਾ. ਫ਼ਕੀਰ ਚੰਦ ਸ਼ੁਕਲਾ ਕਿੱਤੇ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਭੋਜਨ ਵਿਗਿਆਨੀ ਹੈ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਬਤੌਰ ਪ੍ਰੋਫੈਸਰ (ਭੋਜਨ ਵਿਗਿਆਨ) ਸੇਵਾ ਮੁਕਤ ਹੋਇਆ ਹੈ। ਉਹ ਆਪਣੀ ਖੋਜ ਅਤੇ ਲੇਖਣ ਕਾਰਜ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਸਨੇ ਕੋਈ ਵੀ ਪ੍ਰਬੰਧਕੀ ਅਫ਼ਸਰੀ ਲੈਣ ਤੋਂ ਨਾਂਹ ਕਰ ਦਿੱਤੀ। ਉਸ ਦਾ ਨਾਮ ਭਾਵੇਂ ਫ਼ਕੀਰ ਚੰਦ ਹੈ ਪਰ ਆਪਣੇ ਵਿਸ਼ੇ ਦੇ ਗਿਆਨ ਵਿਚ ਉਹ ਚੋਖਾ ਅਮੀਰ ਹੈ। ਉਸਨੇ ਆਪਣੇ ਖੋਜ ਆਧਾਰਿਤ ਭੋਜਨ ਸੰਬੰਧੀ ਗਿਆਨ ਨੂੰ ਪਾਠਕਾਂ ਤੱਕ ਰੌਚਕ ਕਹਾਣੀਆਂ ਅਤੇ ਇਕਾਂਗੀ ਨਾਟਕ ਲਿਖ ਕੇ ਪਹੁੰਚਾਣ ਦਾ ਸਫ਼ਲ ਯਤਨ ਕੀਤਾ ਹੈ। ਬੱਚਿਆਂ ਲਈ ਲਿਖੀਆਂ ਉਸ ਦੀ ਪੁਸਤਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਹ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਲਿਖਦਾ ਹੈ, ਇਸ ਕਰਕੇ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ। ਹਿੰਦੀ ਵਿਚ ਲਿਖੀਆਂ ਉਸ ਦੀਆਂ ਪੁਸਤਕਾਂ ਦੇ ਭਾਰਤ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਅਨੁਵਾਦ ਹੋਏ ਹਨ।
ਫ਼ਕੀਰ ਚੰਦ ਨਾਲ ਮੇਰੀ ਸਾਂਝ ਕਾਲਜ ਵੇਲੇ ਦੀ ਹੈ। ਕਾਲਜ ਵਿਚ ਉਹ ਭਾਵੇਂ ਮੈਥੋਂ ਚਾਰ ਸਾਲ ਪਿੱਛੇ ਸੀ ਪਰ ਸਾਹਿਤਕ ਰੁਚੀਆਂ ਕਰਕੇ ਸਾਡੀ ਸਾਂਝ ਪੈ ਗਈ। ਖੇਤੀ ਯੂਨੀਵਰਸਿਟੀ ਵਿਚ ਸਾਹਿਤਕ ਰੁਚੀਆਂ ਵਾਲੇ ਘੱਟ ਹੀ ਵਿਦਿਆਰਥੀ ਹੁੰਦੇ ਹਨ ਪਰ ਉਸ ਨੂੰ ਲਿਖਣ ਦਾ ਸ਼ੌਕ ਸੀ। ਉੱਥੇ ਉਹ ਭਾਸ਼ਣ ਦੇਣ ਅਤੇ ਨਾਟਕਾਂ ਵਿਚ ਕਿਰਦਾਰ ਨਿਭਾਉਣ ਵਿਚ ਵੀ ਅੱਗੇ ਸੀ। ਇੰਝ ਸਾਡੇ ਦੋਹਾਂ ਦੇ ਸ਼ੌਕ ਸਾਂਝੇ ਹੋ ਗਏ। ਅਸੀਂ ਬਹੁਤ ਸਾਰੀਆਂ ਭਾਸ਼ਣ ਪ੍ਰਤੀਯੋਗਤਾਵਾਂ ਵਿਚ ਇਕੱਠਿਆਂ ਭਾਗ ਲਿਆ ਤੇ ਇਨਾਮ ਜਿੱਤੇ। ਮੈਂ ਪੜ੍ਹਾਈ ਪੂਰੀ ਕਰਕੇ ਯੂਨੀਵਰਸਿਟੀ ਵਿਚ ਹੀ ਅਧਿਆਪਕ ਲੱਗ ਗਿਆ ਤੇ ਮੈਨੂੰ ਸਪੀਕਰ ਯੂਨੀਅਨ ਦਾ ਇੰਚਾਰਜ ਬਣਾਇਆ ਗਿਆ। ਇੰਝ ਸਾਡੀਆਂ ਮੁਲਾਕਾਤਾਂ ਹੁੰਦੀਆਂ ਹੀ ਰਹੀਆਂ। ਉਸਨੇ ਸਾਹਿਤਕ ਰੁਚੀਆਂ ਵਾਲੇ ਕੁਝ ਹੋਰ ਵਿਦਿਆਰਥੀਆਂ ਨਾਲ ਰਲ ਕੇ ਯੰਗ ਰਾਈਟਰ ਐਸੋਸੀਏਸ਼ਨ ਦਾ ਗਠਨ ਕੀਤਾ ਤੇ ਮੈਂ ਆਪਣਾ ਪੂਰਾ ਸਮਰਥਨ ਦਿੱਤਾ। ਇਹ ਸੰਸਥਾ ਹੁਣ ਵੀ ਵਧੀਆ ਕੰਮ ਕਰ ਰਹੀ ਹੈ।
ਡਾ. ਮਹਿੰਦਰ ਸਿੰਘ ਰੰਧਾਵਾ, ਜਿਹੜੇ ਉਦੋਂ ਵਾਈਸ ਚਾਂਸਲਰ ਸਨ, ਉਨ੍ਹਾਂ ਨਾਲ ਮੇਰੀ ਪਹਿਲੀ ਜਾਣ ਪਛਾਣ ਵੀ ਇਸੇ ਸੰਸਥਾ ਦੇ ਵਾਰਸ਼ਿਕ ਸਮਾਗਮ ਵਿਚ ਪ੍ਰਿਥਵੀ ਪਾਲ ਸਿੰਘ ਹੋਰਾਂ ਕਰਵਾਈ ਸੀ। ਪੜ੍ਹਾਈ ਪੂਰੀ ਕਰਕੇ ਇਹ ਕੁਝ ਸਮੇਂ ਲਈ ਪੀ ਜੀ ਆਈ ਚੰਡੀਗੜ੍ਹ ਚਲਾ ਗਿਆ ਪਰ 1970 ਵਿਚ ਮੁੜ ਯੂਨੀਵਰਸਿਟੀ ਵਿਖੇ ਆ ਗਿਆ। ਹਿੰਦੀ ਵਿੱਚ ਲਿਖੀਆਂ ਪੁਸਤਕਾਂ ਕਰਕੇ ਵਧੇਰੇ ਮਕਬੂਲੀਅਤ ਮਿਲਣ ਲੱਗੀ। ਇਸਨੇ ਮੈਨੂੰ ਪ੍ਰੇਰਿਆ ਕਿ ਮੈਂ ਵੀ ਹਿੰਦੀ ਵਿਚ ਲਿਖਾਂ।
ਫ਼ਕੀਰ ਚੰਦ ਉਦੋਂ ਦੇ ਸਭ ਤੋਂ ਵਧ ਮਕਬੂਲ ਰਸਾਲੇ ਸਰਿਤਾ ਵਿਚ ਛਪਦਾ ਸੀ। ਮੈਂ ਵੀ ਆਪਣੇ ਲੇਖ ਉੱਥੇ ਭੇਜਣੇ ਸ਼ੁਰੂ ਕਰ ਦਿੱਤੇ, ਜਿਹੜੇ ਛਪਣੇ ਸ਼ੁਰੂ ਹੋ ਗਏ। ਇਸ ਨਾਲ ਕੇਵਲ ਪਾਠਕਾਂ ਦਾ ਘੇਰਾ ਹੀ ਨਹੀਂ ਵਧਿਆ, ਸਗੋਂ ਕੁਝ ਪੈਸੇ ਵੀ ਮਿਲਣ ਲੱਗ ਪਏ। ਕੁਝ ਸਮੇਂ ਪਿਛੋਂ ਮੈਨੂੰ ਵਿਦੇਸ਼ ਜਾਣਾ ਪਿਆ ਤੇ ਮੇਰਾ ਲੇਖਣ ਕਾਰਜ ਬੰਦ ਹੋ ਗਿਆ। ਇੰਝ ਹਿੰਦੀ ਵਾਲੀ ਖਿੜਕੀ ਵੀ ਬੰਦ ਹੋ ਗਈ।
ਫ਼ਕੀਰ ਚੰਦ ਨੂੰ ਬੱਚਿਆਂ ਲਈ ਲਿਖੇ ਹਿੰਦੀ ਵਿਚ ਨਾਟਕਾਂ ਅਤੇ ਕਹਾਣੀਆਂ ਦੀ ਪੁਸਤਕਾਂ ਨੇ ਵਧੇਰੇ ਪ੍ਰਸਿੱਧੀ ਦਿੱਤੀ। ਉਸ ਦੀਆਂ ਕਿਤਾਬਾਂ ਦੇਸ਼ ਦੀਆਂ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਛਪੀਆਂ ਅਤੇ ਕਈ ਸਰਕਾਰਾਂ ਨੇ ਉਸ ਨੂੰ ਸਨਮਾਨਿਤ ਕੀਤਾ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਉਸ ਨੂੰ ਸ਼੍ਰੋਮਣੀ ਲੇਖਕ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ ਅਤੇ ਉਸ ਦੀਆਂ ਸੱਤ ਕਿਤਾਬਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਹਿੰਦੀ ਅਤੇ ਪੰਜਾਬੀ ਦੀ ਕਿਤਾਬਾਂ ਸ਼ਾਮਿਲ ਹਨ। ਬੱਚਿਆਂ ਦੀਆਂ ਪੁਸਤਕਾਂ ਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਇਨਾਮ ਤੇ ਚਾਰ ਕਿਤਾਬਾਂ ਨੂੰ ਵੀ ਗਿਆਨ ਵਿਗਿਆਨ ਲਈ ਇਨਾਮ ਦਿੱਤੇ ਗਏ ਹਨ। ਸ਼ਾਇਦ ਕਿਸੇ ਹੋਰ ਲੇਖਕ ਦੀਆਂ ਇੰਨੀਆਂ ਕਿਤਾਬਾਂ ਨੂੰ ਭਾਸ਼ਾ ਵਿਭਾਗ ਨੇ ਇਨਾਮ ਦਿੱਤੇ ਹੋਣ।
ਭਾਰਤ ਸਰਕਾਰ ਵਲੋਂ ਭੋਜਨ ਵਿਗਿਆਨ ਬਾਰੇ ਲਿਖਣ ਕਰਕੇ ਉਸ ਨੂੰ ਜੇ ਐੱਸ ਪਰੂਥੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਸਦੀਆਂ ਪੰਜ ਕਿਤਾਬਾਂ, ਕੁਦਰਤ ਅਤੇ ਸਿਹਤ, ਸਸਤਾ ਭੋਜਨ-ਵਧੀਆ ਭੋਜਨ, ਤੰਦਰੁਸਤ ਰਹਿਣ ਲਈ ਖੁਰਾਕ ਅਤੇ ਰੋਗਾਂ ਤੋਂ ਬਚਾਉ ਲਈ ਭਾਰਤ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਮਿਲੇ ਇਨਾਮਾਂ ਅਤੇ ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ। ਪਿਛਲੇ ਸਾਲ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ਵ ਭੋਜਨ ਇਨਾਮ ਜੇਤੂ ਅਤੇ ਚੌਲਾਂ ਦਾ ਬਾਦਸ਼ਾਹ ਵਜੋਂ ਜਾਣੇ ਜਾਂਦੇ ਵਿਗਿਆਨੀ ਡਾ. ਖੁਸ਼ ਨੇ ਆਖਿਆ ਸੀ, ਇਸ ਦੀਆਂ ਪ੍ਰਾਪਤੀਆਂ ਮਹਾਨ ਹਨ।
ਭੋਜਨ ਸੰਬੰਧੀ ਲੋਕ ਜਾਗਰੂਕਤਾ ਲਈ ਅਜਿਹਾ ਬਹੁਤ ਘੱਟ ਵਿਗਿਆਨੀਆਂ ਵਲੋਂ ਕੀਤਾ ਗਿਆ ਹੈ। ਸੱਠ ਕਿਤਾਬਾਂ ਦੇ ਲੇਖਕ ਦੀਆਂ ਪੁਸਤਕਾਂ ’ਤੇ ਆਧਾਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਐੱਮ ਫਿਲ ਅਤੇ ਪੀਐੱਚ. ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਵਲੋਂ ਬਾਲ ਸਾਹਿਤ ਲਈ ਆਪਣਾ 2.50 ਲਖ ਦਾ ਸਨਮਾਨ ਉਸ ਨੂੰ ਦਿੱਤਾ ਗਿਆ। ਪੰਜਾਬੀ ਜਾਗਰਣ ਨੇ ਆਪਣੇ ਇਕ ਸਾਲ ਪੂਰਾ ਹੋਣ ’ਤੇ ਵਿਸ਼ਾਲ ਸਮਾਗਮ ਕੀਤਾ, ਜਿਸ ਵਿਚ ਹੋਰ ਸਖ਼ਸ਼ੀਅਤਾਂ ਦੇ ਨਾਲੋ ਨਾਲ ਫ਼ਕੀਰ ਤੇ ਮੈਨੂੰ ਵੀ ਸਨਮਾਨਿਤ ਕੀਤਾ ਗਿਆ ਪਰ ਫ਼ਕੀਰ ਚੰਦ ਦੀ ਸ਼ਰਤ ਸੀ ਕਿ ਸਾਨੂੰ ਘਰੋਂ ਲੈ ਕੇ ਜਾਵੋ ਤੇ ਛੱਡੋ। ਇਹ ਉਸ ਦੇ ਸਵੈਮਾਣ ਦਾ ਪ੍ਰਗਟਾਵਾ ਸੀ। ਉਸ ਦੇ ਲਿਖੇ ਨਾਟਕ ਸਕੂਲਾਂ, ਕਾਲਜਾਂ, ਦੂਰਦਰਸ਼ਨ ਅਤੇ ਹੋਰ ਸੰਸਥਾਵਾਂ ਵਲੋਂ ਖੇਡੇ ਜਾ ਰਹੇ ਹਨ।
ਫ਼ਕੀਰ ਚੰਦ ਦੀਆਂ ਲਿਖਤਾਂ ਸਕੂਲੀ ਪੁਸਤਕਾਂ ਦਾ ਹਿੱਸਾ ਵੀ ਬਣੀਆਂ ਹਨ। ਜਿੱਥੇ ਉਹ ਉਚ ਕੋਟੀ ਦਾ ਲੇਖਕ ਹੈ, ਉੱਥੇ ਉਹ ਇਕ ਵਧੀਆ ਬੁਲਾਰਾ ਵੀ ਹੈ। ਸੰਤੁਲਿਤ ਭੋਜਨ ਸੰਬੰਧੀ ਸਕੂਲ, ਕਾਲਜ, ਸਿਖਲਾਈ ਕੇਂਦਰ, ਰੇਡੀਓ, ਟੀ ਵੀ ਅਤੇ ਹੋਰ ਸਵੈ ਸੇਵੀ ਸੰਸਥਾਵਾਂ ਵਲੋਂ ਉਸ ਦੇ ਲੈਕਚਰ ਕਰਵਾਏ ਜਾਂਦੇ ਹਨ। ਭੋਜਨ ਸੰਬੰਧੀ ਲਿਖਣ ਦੇ ਨਾਲ ਨਾਲ ਉਸਨੇ ਸਮਾਜਿਕ ਕੁਰੀਤੀਆਂ ਵਿਰੁੱਧ ਕਹਾਣੀਆਂ ਅਤੇ ਨਾਟਕ ਵੀ ਲਿਖੇ ਹਨ। ਉਹ ਵਿਅੰਗਕਾਰ ਵੀ ਹੈ। ਉਸ ਦੇ ਵਿਅੰਗ ਬੇਬਾਕ ਹੁੰਦੇ ਹਨ। ਇਸ ਦੇ ਨਾਲ ਹੀ ਉਸ ਨੇ ਸਮਾਜ ਸੇਵਾ ਦੇ ਕਾਰਜ ਵੀ ਅਰੰਭੇ ਹੋਏ ਹਨ। ਉਸ ਨੇ ਆਪਣੀ ਸਵਰਗਵਾਸੀ ਜੀਵਨ ਸਾਥਣ ਦੇ ਨਾਮ ਉਤੇ ਸਨੇਹ ਪ੍ਰਭਾ ਸ਼ੁਕਲਾ ਮੈਮੋਰੀਅਲ ਟਰਸਟ ਬਣਾਇਆ ਹੋਇਆ ਹੈ, ਜਿਸ ਰਾਹੀਂ ਉਹ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦਾ ਹੈ। ਸਮਾਜ ਸੇਵਾ ਕਰਨ ਵਾਲਿਆਂ ਅਤੇ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਇਕ ਨਾਮੁਰਾਦ ਬਿਮਾਰੀ ਨਾਲ ਲੜਾਈ ਲੜਦਿਆਂ ਹੋਇਆਂ ਵੀ ਉਹ ਉਸੇ ਹਿੰਮਤ ਅਤੇ ਉਤਸ਼ਾਹ ਨਾਲ ਆਪਣੇ ਕਾਰਜ ਕਰ ਰਿਹਾ ਹੈ। ਸਵੈ ਭਰੋਸੇ ਨਾਲ ਭਰਪੂਰ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5284)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.