“ਸਾਡਾ ਇੱਕ ਸਾਥੀ ਆਖਣ ਲੱਗਾ, “ਤੁਸੀਂ ਤਾਂ ਬਹੁਤ ਵਧੀਆ ਪੰਜਾਬੀ ...”
(31 ਦਸੰਬਰ 2024)
14 ਦਸੰਬਰ 1924 - 2 ਜੂਨ 1988
ਰਾਜ ਕਪੂਰ ਸਾਹਿਬ ਦੀ ਇਸ ਵਰ੍ਹੇ 100ਵੀਂ ਵਰ੍ਹੇਗੰਢ ਮਨਾਈ ਗਈ। ਉਹ ਇੱਕ ਮਹਾਨ ਫਿਲਮਸਾਜ਼ ਅਤੇ ਵੱਡਾ ਕਲਾਕਾਰ ਸੀ। ਉਸਦੀਆਂ ਫਿਲਮਾਂ ਦੀ ਖਿੱਚ ਅਤੇ ਸਾਰਥਿਕਤਾ ਸਦੀਵੀ ਹੈ। ਉਸ ਦੇ ਪ੍ਰਸ਼ੰਸਕ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਹਨ। ਰੂਸੀ ਤਾਂ ਉਸ ਨੂੰ ਆਪਣਾ ਨਾਇਕ ਮੰਨਦੇ ਹਨ। ਫਿਲਮ ਨਿਰਮਾਣ ਸਮੇਂ ਉਸ ਦੇ ਸਾਹਮਣੇ ਇੱਕ ਸੁਪਨਾ ਹੁੰਦਾ ਸੀ, ਜਿਸ ਨੂੰ ਪੂਰਾ ਕਰਨ ਲਈ ਉਹ ਆਪਣੇ ਸਾਰੇ ਵਸੀਲੇ ਦਾਅ ਉੱਤੇ ਲਗਾ ਦਿੰਦਾ ਸੀ। ਇਸ ਮਹਾਨ ਕਲਾਕਾਰ ਦੀ ਸ਼ਤਾਬਦੀ ਜਿਸ ਪੱਧਰ ਉੱਤੇ ਮਨਾਉਣੀ ਚਾਹੀਦੀ ਸੀ, ਅਜਿਹਾ ਹੋਇਆ ਨਹੀਂ ਸਗੋਂ ਇਹ ਕੇਵਲ ਉਸ ਦੇ ਪਰਿਵਾਰ ਵੱਲੋਂ ਕੀਤੇ ਇੱਕ ਸਮਾਗਮ ਤਕ ਸੀਮਤ ਹੋ ਕੇ ਰਹਿ ਗਿਆ। ਉਸ ਬਾਰੇ ਸਮਾਗਮ ਅਤੇ ਉਸ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਸਾਰਾ ਸਾਲ ਚੱਲਣਾ ਚਾਹੀਦਾ ਸੀ। ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ 1965 ਵਿੱਚ ਮਿਲਿਆ ਸੀ ਜਿਸਦੀਆਂ ਕੁਝ ਯਾਦਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ।
ਮੈਂ ਉਦੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸੋਲ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਡੀ 10 ਮੁੰਡਿਆਂ ਦੀ ਕਲਾਸ ਸੀ। ਕਲਾਸ ਵੱਲੋਂ ਭਾਰਤ ਦਰਸ਼ਨ ਦਾ ਪ੍ਰੋਗਰਾਮ ਬਣਾਇਆ ਗਿਆ। ਮੁੱਖ ਮੰਤਵ ਦੇਸ਼ ਦੀਆਂ ਪ੍ਰਮੁੱਖ ਖੇਤੀ ਖੋਜ ਸੰਸਥਾਵਾਂ ਵਿੱਚ ਜਾਣਾ ਸੀ। ਸਾਡੇ ਨਾਲ ਇੱਕ ਅਧਿਆਪਕ ਸੀ ਜਿਹੜਾ ਸਾਡੇ ਵਰਗਾ ਹੀ ਸੀ ਕਿਉਂਕਿ ਇੱਕ ਸਾਲ ਪਹਿਲਾਂ ਹੀ ਉਸ ਪੜ੍ਹਾਈ ਪੂਰੀ ਕਰਕੇ ਨੌਕਰੀ ਸ਼ੁਰੂ ਕੀਤੀ ਸੀ। ਉਦੋਂ ਗੱਡੀਆਂ ਵਿੱਚ ਰਾਖਵਾਂਕਰਨ ਨਹੀਂ ਹੁੰਦਾ ਸੀ ਤੇ ਬਿਸਤਰੇ ਵੀ ਆਪਣੇ ਹੀ ਲੈ ਕੇ ਜਾਣੇ ਪੈਂਦੇ ਸਨ। ਸਾਡੇ ਪ੍ਰੋਗਰਾਮ ਵਿੱਚ ਦਿੱਲੀ, ਆਗਰਾ, ਹੈਦਰਾਬਾਦ, ਬੰਗਲੌਰ, ਮੈਸੂਰ, ਊਟੀ, ਬੰਬਈ ਆਦਿ ਵਿੱਚ ਸਨ। ਮੁੰਬਈ ਸਾਡਾ ਆਖਰੀ ਪੜਾ ਸੀ ਤੇ ਉੱਥੋਂ ਮੁੜ ਸਿੱਧੇ ਲੁਧਿਆਣਾ ਆਉਣਾ ਸੀ। ਸਟੇਸ਼ਨ ਉੱਤੇ ਗੱਡੀ ਪੁਜੱਣ ਸਾਰ ਹੀ ਸਾਡੇ ਵਿੱਚੋਂ ਜਿਹੜੇ ਪੰਜ ਤਕੜੇ ਮੁੰਡੇ ਸਨ, ਉਹ ਤੇਜ਼ੀ ਨਾਲ ਡੱਬੇ ਅੰਦਰ ਵੜ ਸੀਟਾਂ ਮਲਦੇ ਸਨ ਤੇ ਪਿੱਛੋਂ ਸਮਾਨ ਟਿਕਾਇਆ ਜਾਂਦਾ ਸੀ। ਉਦੋਂ ਸਫਰ ਮਜ਼ੇਦਾਰ ਹੁੰਦਾ ਸੀ। ਉਦੋਂ ਕਿਹੜਾ ਮੋਬਾਇਲ ਹੁੰਦੇ ਸਨ, ਸਾਰਾ ਰਾਹ ਗੱਪਾਂ ਮਾਰਦਿਆਂ ਤੇ ਰੌਲਾ ਪਾਉਂਦਿਆਂ ਹੀ ਬੀਤ ਜਾਂਦਾ ਸੀ।
ਮੁੰਬਈ ਸਾਡੀ ਗੱਡੀ ਦਾਦਰ ਸਟੇਸ਼ਨ ਉੱਤੇ ਪੁੱਜੀ। ਦਾਦਰ ਗੁਰੂ ਘਰ ਵਿੱਚ ਕਮਰਾ ਮਿਲ ਗਿਆ। ਦੂਜੇ ਦਿਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ। ਸਾਡੇ ਸਾਰਿਆਂ ਦੀ ਇੱਛਾ ਕਿਸੇ ਫਿਲਮ ਦੀ ਸ਼ੂਟਿੰਗ ਵੇਖਣਾ ਸੀ। ਸਾਡੇ ਇੱਕ ਸਾਥੀ ਦੇ ਰਿਸ਼ਤੇਦਾਰਾਂ ਦਾ ਇੱਥੇ ਟਰਾਂਸਪੋਰਟ ਦਾ ਕਾਰੋਬਾਰ ਸੀ। ਉਨ੍ਹਾਂ ਇੱਕ ਸਟੇਸ਼ਨ ਵੈਗਨ ਭੇਜ ਦਿੱਤੀ ਤਾਂ ਜੋ ਅਸੀਂ ਮੁੰਬਈ ਦੀ ਸੈਰ ਕਰ ਸਕੀਏ। ਗੱਡੀ ਦੇ ਡਰਾਈਵਰ ਨੇ ਜਦੋਂ ਪੁੱਛਿਆ ਕਿ ਕਿੱਥੇ ਚੱਲੀਏ ਤਾਂ ਸਾਡੇ ਸਾਰਿਆਂ ਦੇ ਮੂੰਹੋਂ ਇਹੋ ਨਿਕਲਿਆ, “ਅਸੀਂ ਤਾਂ ਸਭ ਤੋਂ ਪਹਿਲਾਂ ਕਿਸੇ ਫਿਲਮ ਦੀ ਸ਼ੁਟਿੰਗ ਵੇਖਣੀ ਹੈ।”
ਉਸ ਆਖਿਆ, “ਇੱਥੋਂ ਸਭ ਤੋਂ ਨੇੜੇ ਚੰਬੂਰ ਵਿਖੇ ਆਰ ਕੇ ਸਟੂਡੀਓ ਹੈ, ਉੱਥੇ ਚਲਦੇ ਹਾਂ। ਸੁਣਿਆ ਹੈ, ਰਾਜ ਕਪੂਰ ਸਾਹਿਬ ਪੰਜਾਬ ਤੋਂ ਆਇਆਂ ਨੂੰ ਖਿੜੇ ਮੱਥੇ ਮਿਲਦੇ ਹਨ।”
ਸਾਨੂੰ ਹੋਰ ਕੀ ਚਾਹੀਦਾ ਸੀ। ਰਾਜ ਕਪੂਰ ਸਾਹਿਬ ਸਾਡੇ ਸਾਰਿਆਂ ਦੇ ਚਹੇਤੇ ਕਲਾਕਾਰ ਸਨ ਤੇ ਆਰ ਕੇ ਸਟੂਡੀਓ ਦੇ ਨਾਮ ਤੋਂ ਅਸੀਂ ਸਾਰੇ ਹੀ ਜਾਣੂ ਸੀ। ਅਸੀਂ ਉਤਸਕ ਸੀ ਪਰ ਇਹ ਵੀ ਪ੍ਰਾਰਥਨਾ ਕਰ ਰਹੇ ਸਾਂ ਕਿ ਰਾਜ ਕਪੂਰ ਸਾਹਿਬ ਮਿਲ ਜਾਣ। ਡਰਾਈਵਰ ਨੇ ਗੱਡੀ ਆਰ ਕੇ ਸਟੂਡੀਓ ਦੇ ਗੇਟ ਅੱਗੇ ਰੋਕ ਦਿੱਤੀ।
ਸਾਡੇ ਪ੍ਰੋਫੈਸਰ ਨੇ ਗੇਟ ’ਤੇ ਖੜ੍ਹੇ ਦਰਬਾਨ ਨੂੰ ਪੁੱਛਿਆ, “ਰਾਜ ਕਪੂਰ ਸਾਹਿਬ ਹਨ?”
ਦਰਬਾਨ ਦਾ ਉੱਤਰ ਸੀ, “ਹਾਂ ਜੀ ਹੈਗੇ।”
ਸਾਡੇ ਚਿਹਰੇ ਖੁਸ਼ੀ ਨਾਲ ਖਿੜ ਗਏ। ਪ੍ਰੋਫੈਸਰ ਸਾਹਿਬ ਨੇ ਫਿਰ ਆਖਿਆ, “ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ?”
ਦਰਬਾਨ ਦਾ ਉੱਤਰ ਸੀ, “ਤੁਸੀਂ ਇੱਥੇ ਹੀ ਰੁਕੋ, ਮੈਂ ਪੁੱਛ ਕੇ ਆਉਂਦਾ ਹਾਂ।”
ਅਸੀਂ ਕੀ ਵੇਖਦੇ ਹਾਂ ਕਿ ਰਾਜ ਕਪੂਰ ਸਾਹਿਬ ਨੰਗੇ ਪੈਰੀਂ ਸਾਡੇ ਵੱਲ ਆ ਰਹੇ ਸਨ। ਅਸੀਂ ਅੱਗੇ ਵਧ ਕੇ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਸਾਡੇ ਨਾਲ ਹੱਥ ਮਿਲਾਇਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਅੰਦਰ ਆਉਣ ਲਈ ਆਖਿਆ। ਸਟੂਡੀਓ ਦੇ ਇੱਕ ਪਾਸੇ ਥੀਏਟਰ ਸੀ। ਉਸ ਦੇ ਬੂਹੇ ਉੱਤੇ ਪੁੱਜ ਕੇ ਉਹ ਆਖਣ ਲੱਗੇ, “ਤੁਹਾਨੂੰ ਇੱਕ ਤਕਲੀਫ ਕਰਨੀ ਪਵੇਗੀ। ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਲਾਹੁਣੀਆਂ ਪੈਣਗੀਆਂ। ਮੇਰੇ ਲਈ ਥੀਏਟਰ ਇੱਕ ਪਵਿੱਤਰ ਸਥਾਨ ਹੈ, ਇੱਥੇ ਅਸੀਂ ਸਾਰੇ ਜੁੱਤੀਆਂ ਉਤਾਰ ਕੇ ਜਾਂਦੇ ਹਾਂ।”
ਅਸੀਂ ਆਪਣੀਆਂ ਜੁੱਤੀਆਂ ਲਾਹ ਕੇ ਅੰਦਰ ਚਲੇ ਗਏ। ਛੋਟਾ ਜਿਹਾ ਬਹੁਤ ਸੁੰਦਰ ਥੀਏਟਰ ਸੀ। ਗੱਦਿਆਂ ਵਾਲੀਆਂ ਬਹੁਤ ਹੀ ਆਰਾਮਦਾਇਕ ਕੁਰਸੀਆਂ ਸਨ। ਫਰਸ਼ ਉੱਤੇ ਵਧੀਆ ਕਾਰਪੈਟ ਸੀ, ਜਿਸ ਵਿੱਚ ਪੈਰ ਧਸਦੇ ਸਨ। ਉਹ ਆਖਣ ਲੱਗੇ, “ਜਦੋਂ ਕੋਈ ਪੰਜਾਬ ਤੋਂ ਆਉਂਦਾ ਹੈ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ।”
ਕਪੂਰ ਸਾਹਿਬ ਬਹੁਤ ਹੀ ਪਿਆਰੀ ਪੰਜਾਬੀ ਬੋਲ ਰਹੇ ਸਨ। ਸਾਡਾ ਇੱਕ ਸਾਥੀ ਆਖਣ ਲੱਗਾ, “ਤੁਸੀਂ ਤਾਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ।”
ਰਾਜ ਕਪੂਰ ਸਾਹਿਬ ਦਾ ਉੱਤਰ ਸੀ, “ਪੰਜਾਬੀ ਹਾਂ ਤਾਂ ਪੰਜਾਬੀ ਹੀ ਬੋਲਾਂਗਾ, ਫਾਰਸੀ ਤੇ ਨਹੀਂ ਬੋਲਾਂਗਾ।”
ਅਸੀਂ ਪੁੱਛਿਆ, “ਤੁਸੀਂ ਪੰਜਾਬੀ ਵਿੱਚ ਫਿਲਮ ਕਿਉਂ ਨਹੀਂ ਬਣਾਉਂਦੇ?”
ਉਨ੍ਹਾਂ ਦਾ ਉੱਤਰ ਸੀ, “ਜਦੋਂ ਕੋਈ ਵਧੀਆ ਕਹਾਣੀ ਮਿਲੀ ਤਾਂ ਜ਼ਰੂਰ ਪੰਜਾਬੀ ਫਿਲਮ ਬਣਾਵਾਂਗਾ। ਪੰਜਾਬੀ ਫਿਲਮਾਂ ਵੇਖਣ ਵਾਲਿਆਂ ਦੀ ਗਿਣਤੀ ਥੋੜ੍ਹੀ ਹੈ। ਖਰਚਾ ਪੂਰਾ ਨਾ ਹੋਣ ਦਾ ਵੀ ਡਰ ਹੈ। ਖੈਰ ਮੈਂ ਆਪਣੀ ਇੱਛਾ ਜ਼ਰੂਰ ਪੂਰੀ ਕਰਾਂਗਾ।”
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਹਮੇਸ਼ਾ ਪ੍ਰੇਮ ਕਹਾਣੀਆਂ ਆਧਾਰਿਤ ਫਿਲਮਾਂ ਹੀ ਕਿਉਂ ਬਣਾਉਂਦੇ ਹੋ ਤਾਂ ਉਨ੍ਹਾਂ ਦਾ ਉੱਤਰ ਸੀ, “ਸੰਸਾਰ ਵਿੱਚ ਸਭ ਪਾਸੇ ਲੜਾਈ, ਝਗੜੇ, ਨਫ਼ਰਤ ਦਾ ਬੋਲਬਾਲਾ ਹੈ। ਮੈਂ ਇਸ ਵਿੱਚ ਹੋਰ ਵਾਧਾ ਨਹੀਂ ਕਰਨਾ ਚਾਹੁੰਦਾ ਸਗੋਂ ਕੋਸ਼ਿਸ਼ ਕਰਦਾ ਹਾਂ ਕਿ ਇਸ ਵਿੱਚ ਕੁਝ ਕਮੀ ਕਰ ਸਕਾਂ।” ਉਨ੍ਹਾਂ ਕਿਹਾ, “‘ਬਰਸਾਤ’ ਫਿਲਮ ਦੀ ਸਫਲਤਾ ਨਾਲ ਮੇਰਾ ਹੱਥ ਕੁਝ ਖੁੱਲ੍ਹਾ ਹੋ ਗਿਆ ਤੇ ਮੈਂ ਆਪਣੇ ਸੁਪਨਿਆਂ ਦਾ ਸਟੂਡੀਓ ਬਣਾ ਸਕਿਆ ਹਾਂ। 1948 ਵਿੱਚ ਢਾਈ ਏਕੜ ਜ਼ਮੀਨ ’ਤੇ ਇਹ ਸਟੂਡੀਓ ਬਣਾਇਆ ਸੀ।”
ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਆਪਣੇ ਦੇਸ਼ ਵਿੱਚ ਤਾਂ ਤੁਸੀਂ ਸਾਰਿਆਂ ਦੇ ਦਿਲਾਂ ਦੀ ਧੜਕਣ ਹੋ। ਸੁਣਿਆ ਹੈ ਕਿ ਰੂਸ ਵਿੱਚ ਵੀ ਲੋਕੀਂ ਤੁਹਾਡੇ ਲਈ ਪਾਗਲ ਹੋਏ ਫਿਰਦੇ ਹਨ। ਉਨ੍ਹਾਂ ਦਾ ਉੱਤਰ ਸੀ, “ਪਿਆਰ ਦੀ ਆਪਣੀ ਹੀ ਭਾਸ਼ਾ ਹੁੰਦੀ ਹੈ, ਜਿਸ ਨੂੰ ਸਾਰੇ ਸਮਝਦੇ ਹਨ। ਕੁਝ ਇਹ ਵੀ ਆਖਦੇ ਹਨ ਕਿ ਮੇਰੀ ਸ਼ਕਲ ਰੂਸੀਆਂ ਨਾਲ ਵਧੇਰੇ ਮਿਲਦੀ ਹੈ।”
ਅਸੀਂ ਹੋਰ ਗੱਲਾਂ ਕਰਨੀਆਂ ਚਾਹੁੰਦੇ ਸਾਂ ਪਰ ਆਪਣੇ ਅਧਿਆਪਕ ਦਾ ਇਸ਼ਾਰਾ ਸਮਝ ਕੇ ਅਸੀਂ ਚੁੱਪ ਹੋ ਗਏ। ਸਾਡੇ ਅਧਿਅਪਕ ਨੇ ਆਖਿਆ, “ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਤੁਹਾਡੀ ਮੇਹਰਬਾਨੀ। ਅਸੀਂ ਤੁਹਾਡੇ ਕੰਮ ਵਿੱਚ ਹੋਰ ਰੁਕਾਵਟ ਨਹੀਂ ਬਣਨਾ ਚਾਹੁੰਦੇ, ਸਾਨੂੰ ਆਗਿਆ ਦੇਵੋ।”
“ਇਹ ਕਿਵੇਂ ਹੋ ਸਕਦਾ ਹੈ, ਤੁਸੀਂ ਪੰਜਾਬ ਤੋਂ ਆਏ ਹੋ, ਤੁਹਾਡੀ ਸੇਵਾ ਤਾਂ ਕਰਨੀ ਬਣਦੀ ਹੈ। ਆਵੋ ਪਹਿਲਾਂ ਚਾਹ ਪੀਈਏ।”
ਉਹ ਸਾਨੂੰ ਆਪਣੀ ਕਾਟਜ ਵਲ ਲੈ ਗਏ। ਉੱਥੇ ਪਹਿਲਾਂ ਹੀ ਚਾਹ ਤੇ ਕੁਝ ਖਾਣ ਦਾ ਸਮਾਨ ਸਜਿਆ ਹੋਇਆ ਸੀ। ਅਸੀਂ ਚਾਹ ਪੀ ਰਹੇ ਸਾਂ ਤੇ ਉਨ੍ਹਾਂ ਦੀ ਸਾਦਗੀ ਅਤੇ ਨਿਮਰਤਾ ਵੇਖ ਹੈਰਾਨ ਹੋ ਰਹੇ ਸਾਂ। ਜਿਸ ਰਾਜ ਕਪੂਰ ਦੇ ਦਰਸ਼ਨ ਲਈ ਅਸੀਂ ਤਰਸਦੇ ਸੀ ਅੱਜ ਉਸ ਹੀ ਮਹਾਨ ਕਲਾਕਾਰ ਨਾਲ ਉਸ ਦੇ ਸਟੂਡੀਓ ਵਿੱਚ ਚਾਹ ਪੀਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਸ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋ ਸਕਦੀ ਸੀ।
ਚਾਹ ਪੀਣ ਪਿੱਛੋਂ ਅਸੀਂ ਉਨ੍ਹਾਂ ਤੋਂ ਆਗਿਆ ਲਈ। ਉਹ ਸਾਨੂੰ ਗੇਟ ਤਕ ਛਡਣ ਆਏ ਤੇ ਸਾਡੇ ਸਾਰਿਆਂ ਨਾਲ ਹੱਥ ਮਿਲਾਇਆ। ਇਹ ਅਭੁੱਲ ਯਾਤਰਾ ਸਾਡੇ ਚੇਤਿਆਂ ਵਿੱਚ ਹਮੇਸ਼ਾ ਲਈ ਉੱਕਰੀ ਗਈ। ਹੁਣ ਜਦੋਂ ਆਰ ਕੇ ਸਟੂਡੀਓ ਦੇ ਵਿਕ ਜਾਣ ਦੀ ਖ਼ਬਰ ਪੜ੍ਹੀ ਤਾਂ ਬਹੁਤ ਹੀ ਅਫਸੋਸ ਹੋਇਆ। ਉਨ੍ਹਾਂ ਦਾ ਪਰਿਵਾਰ ਆਪਣੀ ਮਹਾਨ ਵਿਰਾਸਤ ਨੂੰ ਸੰਭਾਲ ਨਾ ਸਕਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5576)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)