“ਜਦੋਂ ਇਹ ਪ੍ਰਾਜੈਕਟ ਖਤਮ ਹੋਇਆ, ਉਸ ਦੇ ਨਾਲ ਹੀ ਸਾਰੇ ਪ੍ਰੋਗਰਾਮ ਵੀ ਬੰਦ ਹੋ ਗਏ। ਸਾਡੇ ਦੇਸ਼ ਵਿੱਚ ...”
(13 ਜਨਵਰੀ 2024)
ਇਸ ਸਮੇਂ ਪਾਠਕ: 335.
ਯੌਰਪ ਵੇਖਣ ਦੀ ਬੜੀ ਤਮੰਨਾ ਸੀ। ਅਮਰੀਕਾ ਜਾਂਦਾ ਇੰਗਲੈਂਡ ਤੇ ਜਰਮਨੀ ਦੇ ਹਵਾਈ ਅੱਡਿਆਂ ਉੱਤੇ ਰੁਕਿਆ ਵੀ ਸਾਂ ਪਰ ਸਮੇਂ ਦੀ ਘਾਟ ਕਾਰਨ ਇੱਥੇ ਉੱਤਰ ਨਾ ਸਕਿਆ। ਪਰ ਜਦੋਂ ਸਬੱਬ ਬਣਨਾ ਹੁੰਦਾ ਹੈ ਤਾਂ ਆਪਣੇ ਆਪ ਹੀ ਬਣ ਜਾਂਦਾ ਹੈ। ਇੱਕ ਦਿਨ ਮੈਨੂੰ ਦਫਤਰ ਬਰਾਇਟਨ ਯੂਨੀਵਰਸਿਟੀ ਇੰਗਲੈਂਡ ਦੇ ਪ੍ਰੋਫੈਸਰ ਡਾ. ਕਰਮਜੀਤ ਸਿੰਘ ਗਿੱਲ ਮਿਲਣ ਆਏ। ਯੂਨੀਵਰਸਿਟੀ ਨੂੰ ਵੇਖਣ ਰੋਜ਼ ਹੀ ਵਿਦੇਸ਼ਾਂ ਤੋਂ ਵਿਦਵਾਨ ਆਉਂਦੇ ਰਹਿੰਦੇ ਹਨ। ਮੈਂ ਉਨ੍ਹਾਂ ਦਾ ਰਵਾਇਤੀ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਪਰ ਉਹ ਮੇਰੇ ਨਾਲ ਇੱਕ ਪ੍ਰਾਜੈਕਟ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਯੌਰਪੀਨ ਸੰਘ ਨਾਲ ਨੇੜਲੇ ਸੰਬੰਧ ਸਨ ਤੇ ਉਹ ਯੌਰਪ ਤੇ ਭਾਰਤ ਦਾ ਇੱਕ ਸਾਂਝਾ ਖੋਜ ਪ੍ਰਾਜੈਕਟ ਉਲੀਕਣਾ ਚਾਹੁੰਦੇ ਸਨ। ਜਲੰਧਰ ਦੇ ਜਮਪਲ ਤੇ ਸਵਰਗੀ ਗਿਆਨੀ ਕਰਤਾਰ ਸਿੰਘ ਹੋਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਕਰਕੇ ਉਹ ਇਸ ਖੋਜ ਕਾਰਜ ਵਿੱਚ ਸਾਡੀ ਯੂਨੀਵਰਸਿਟੀ ਨੂੰ ਵੀ ਸ਼ਾਮਿਲ ਕਰਨਾ ਚਾਹੁੰਦੇ ਸਨ। ਮੈਂ ਆਪਣੇ ਉਪ-ਕੁਲਪਤੀ ਡਾ. ਅਮਰਜੀਤ ਸਿੰਘ ਖਹਿਰਾਂ ਹੋਰਾਂ ਨਾਲ ਗੱਲ ਕੀਤੀ। ਉਨ੍ਹਾਂ ਆਖਿਆ ਤੂੰ ਇਨ੍ਹਾਂ ਨਾਲ ਗੱਲਬਾਤ ਕਰ ਲੈ ਤੇ ਫਿਰ ਮੈਨੂੰ ਦੱਸ ਦੇਵੀਂ।
ਇਹ ਪ੍ਰਾਜੈਕਟ ਵਿੱਦਿਅਕ, ਆਰਥਿਕ ਤੇ ਵਿਕਾਸ ਲਈ ਸਾਂਝ ਬਾਰੇ ਸੀ। ਉਨ੍ਹਾਂ ਕੁਝ ਅਜਿਹੀ ਭਾਸ਼ਾ ਲਿਖੀ ਹੋਈ ਸੀ ਜਿਸ ਨੂੰ ਮੈਂ ਪੂਰੀ ਤਰ੍ਹਾਂ ਸਮਝ ਨਾ ਸਕਿਆ। ਖੈਰ ਮੈਂ ਯੂਨੀਵਰਸਿਟੀ ਵੱਲੋਂ ਇਸ ਵਿੱਚ ਸ਼ਾਮਿਲ ਹੋਣ ਦੀ ਹਾਮੀ ਭਰ ਦਿੱਤੀ। ਕੁਝ ਮਹੀਨੇ ਬੀਤ ਗਏ। ਮੈਂ ਇਸ ਬਾਰੇ ਭੁੱਲ ਗਿਆ। ਅਚਾਨਕ ਇੱਕ ਦਿਨ ਡਾ. ਗਿੱਲ ਦਾ ਖਤ ਆਇਆ। ਨਾਲ ਕੁਝ ਫਾਰਮ ਵੀ ਸਨ। ਉਸ ਖਤ ਵਿੱਚ ਉਸ ਨੇ ਨਾਲ ਲੱਗੇ ਇਕਰਾਰਨਾਮੇ ਉੱਤੇ ਦਸਤਖਤ ਕਰਕੇ ਵਾਪਸ ਭੇਜਣ ਲਈ ਆਖਿਆ ਸੀ। ਅਸੀਂ ਉਹ ਫਾਰਮ ਭਰ ਕੇ ਭੇਜ ਦਿੱਤਾ। ਡਾ. ਗਿੱਲ ਦੀਆਂ ਕੋਸ਼ਿਸ਼ਾਂ ਨਾਲ ਪ੍ਰਾਜੈਕਟ ਮੰਜ਼ੂਰ ਹੋ ਗਿਆ। ਇਸ ਪ੍ਰਾਜੈਕਟ ਵਿੱਚ ਭਾਰਤ ਵੱਲੋਂ ਸਾਡੀ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਤੇ ਅਹਿਮਦਾਬਾਦ ਦੀ ਯੂਨੀਵਰਸਿਟੀ ਸ਼ਾਮਿਲ ਸੀ ਜਦੋਂ ਕਿ ਯੌਰਪ ਵੱਲੋਂ ਇੰਗਲੈਂਡ, ਡੈਨਮਾਰਕ, ਇਟਲੀ ਤੇ ਜਰਮਨੀ ਦੇ ਵਿੱਦਿਅਕ ਅਦਾਰੇ ਭਾਈਵਾਲ ਸਨ। ਪ੍ਰਾਜੈਕਟ ਦੀ ਪਹਿਲੀ ਮੀਟਿੰਗ ਵੀ ਲੁਧਿਆਣੇ ਹੋਈ। ਇਸੇ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨੀ ਵਿੱਚ ਕੁਝ ਨਵਾਂ ਕੀਤਾ ਜਾਵੇ ਤਾਂ ਜੋ ਸੂਚਨਾ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਦੀ ਖੇਤੀ ਕਣਕ-ਝੋਨੇ ਤੋਂ ਵਖਰੇਵਾਂ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਮੈਂ ਸੋਚਿਆ ਜੇਕਰ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਪੰਜਾਬ ਦੀ ਕਿਸਾਨੀ ਨੂੰ ਨਵਾਂ ਮੋੜ ਦਿੱਤਾ ਜਾ ਸਕਦਾ ਹੈ। ਸੂਚਨਾ ਤਕਨਾਲੋਜੀ ਰਾਹੀਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜਾਗਰ ਮਿਲ ਸਕਦਾ ਸੀ। ਇਸ ਸੰਬੰਧੀ ਇੱਕ ਵਿਸ਼ੇਸ਼ ਕੋਰਸ ਸ਼ੁਰੂ ਕਰਨ ਲਈ ਵੀ ਵਿਚਾਰ ਕੀਤਾ ਗਿਆ। ਇਸ ਕੰਮ ਲਈ ਮੈਂ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਸੇਖੋਂ ਨੂੰ ਆਪਣਾ ਸਹਿਯੋਗੀ ਬਣਾਉਣਾ ਮੁਨਾਸਿਬ ਸਮਝਿਆ। ਉਹ ਰਾਜ਼ੀ ਹੋ ਗਏ।
ਅਸੀਂ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਪ੍ਰਾਜੈਕਟ ਡਿਪਲੋਮਾ ਸ਼ੁਰੂ ਕੀਤਾ। ਆਪਣੀ ਸੇਵਾ ਮੁਕਤੀ ਪਿੱਛੋਂ ਵੀ ਮੈਂ ਖਤਮ ਹੋਣ ਤੀਕ ਇਸ ਪ੍ਰਾਜੈਕਟ ਨਾਲ ਜੁੜਿਆ ਰਿਹਾ ਜਿਵੇਂ ਮੈਂ ਹੀ ਮੁਖੀ ਹੁੰਦਾ ਹਾਂ। ਇਸ ਪ੍ਰਾਜੈਕਟ ਅਧੀਨ ਜਿੱਥੇ ਦਿੱਲੀ ਅਤੇ ਅਹਿਮਦਾਬਾਦ ਸੈਮੀਨਾਰ ਹੋਏ ਉੱਥੇ ਇੰਗਲੈਂਡ, ਡੈਨਮਾਰਕ, ਇਟਲੀ ਅਤੇ ਜਰਮਨੀ ਜਾਣ ਦਾ ਵੀ ਮੌਕਾ ਮਿਲਿਆ। ਇਹ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ। ਸਰਕਾਰੀ ਖਰਚੇ ਉੱਤੇ ਯੌਰਪ ਦੀ ਸੈਰ ਵੀ ਕੀਤੀ ਅਤੇ ਬੜਾ ਕੁਝ ਨਵਾਂ ਵੀ ਸਿੱਖਿਆ। ਡੇਅਰੀ ਫਾਰਮਿੰਗ ਇਸ ਕਰਕੇ ਚੁਣਿਆ ਸੀ ਕਿਉਂਕਿ ਯੌਰਪੀ ਦੇਸ਼ ਵਿਸ਼ੇਸ਼ ਕਰਕੇ ਡੈਨਮਾਰਕ, ਇਟਲੀ ਅਤੇ ਜਰਮਨੀ ਡੇਅਰੀ ਵਿੱਚ ਬਹੁਤ ਅੱਗੇ ਹਨ। ਪੰਜਾਬ ਵਿੱਚ ਸਾਰਾ ਸਾਲ ਹਰਾ ਚਾਰਾ ਮਿਲਣ ਕਰਕੇ ਅਤੇ ਪੰਜਾਬੀਆਂ ਨੂੰ ਦੁਧਾਰੂ ਪਸ਼ੂ ਪਾਲਣ ਦੀ ਆਦਤ ਸਦਕਾ ਇਹ ਧੰਦਾ ਚੋਖਾ ਸਫ਼ਲ ਹੋ ਸਕਦਾ ਹੈ।
ਜਦੋਂ ਮੈਂ ਡੈਨਮਾਰਕ ਵਿੱਚ ਸਾਂ ਤਾਂ ਸਹਿਜ ਸੁਭਾ ਹੀ ਇੱਕ ਸੰਸਥਾ ਨੂੰ ਬੇਨਤੀ ਕਰ ਬੈਠਾ ਕਿ ਸਾਡੇ ਕੁਝ ਕਿਸਾਨਾਂ ਨੂੰ ਇੱਥੇ ਸਿਖਲਾਈ ਲਈ ਬੁਲਾਵੋ। ਉਹ ਲੋਕ ਹਰ ਗੱਲਬਾਤ ਨੂੰ ਪੂਰੀ ਸੰਜੀਦਗੀ ਨਾਲ ਲੈਂਦੇ ਹਨ। ਕੁਝ ਮਹੀਨਿਆਂ ਪਿੱਛੋਂ ਉਨ੍ਹਾਂ ਦੀ ਚਿੱਠੀ ਆਈ ਕਿ ਅੱਠ ਕਿਸਾਨਾਂ ਦਾ ਵੇਰਵਾ ਭੇਜਿਆ ਜਾਵੇ। ਇਹ ਚੋਣ ਬੜੀ ਕਠਿਨ ਸੀ ਕਿਉਂਕਿ ਪੰਜਾਬ ਵਿੱਚ ਕਬੂਤਰਬਾਜ਼ੀ ਦੇ ਨਾਮ ਤੋਂ ਸਾਰੇ ਡਰਦੇ ਸਨ। ਬਹੁਤਿਆਂ ਦੀ ਸਲਾਹ ਸੀ ਕਿ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਜੇਕਰ ਕੋਈ ਕਿਸਾਨ ਵਾਪਸ ਨਾ ਆਇਆ ਤਾਂ ਬਦਨਾਮੀ ਹੋਵੇਗੀ। ਖੈਰ, ਮੈਂ ਇਸ ਮੌਕੇ ਦਾ ਲਾਭ ਲੈਣਾ ਚਾਹੁੰਦਾ ਸਾਂ। ਅੱਠ ਨਾਮ ਭੇਜ ਦਿੱਤੇ। ਮੇਰਾ ਨਾਮ ਵੀ ਸ਼ਾਮਿਲ ਸੀ। ਉਦੋਂ ਹੀ ਇਸ ਪ੍ਰਾਜੈਕਟ ਦੀ ਮੀਟਿੰਗ ਗੋਆ ਰੱਖੀ ਗਈ। ਮੈਂ ਦੋ ਮਹੀਨੇ ਡੈਨਮਾਰਕ ਜਾਣ ਦੀ ਥਾਂ ਇੱਕ ਹਫ਼ਤਾ ਗੋਆ ਜਾਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਥਾਂ ’ਤੇ ਆਪਣੇ ਹੀ ਇੱਕ ਸਾਥੀ ਨੂੰ ਭੇਜ ਦਿੱਤਾ। ਜਦੋਂ ਤੀਕ ਸਾਰੇ ਕਿਸਾਨ ਵਾਪਸ ਨਾ ਆ ਗਏ, ਮੈਨੂੰ ਡਰ ਹੀ ਲੱਗਿਆ ਰਿਹਾ। ਇਹ ਪ੍ਰਾਜੈਕਟ ਸਫ਼ਲਤਾ ਪੂਰਵਕ ਸਿਰੇ ਚੜ੍ਹ ਗਿਆ। ਯੌਰਪੀਨ ਸੰਗ ਦੇ ਖੇਤੀ ਮੰਤਰੀ ਵੀ ਲੁਧਿਆਣੇ ਆਏ ਤੇ ਸਾਡਾ ਕੰਮ ਵੇਖ ਪ੍ਰਸੰਨ ਹੋਏ। ਉਨ੍ਹਾਂ ਦੀ ਮੁਲਾਕਾਤ ਵੀ ਪੰਜਾਬ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਕਰਵਾਈ ਗਈ।
ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਇਹ ਪ੍ਰਾਜੈਕਟ ਖਤਮ ਹੋਇਆ, ਉਸ ਦੇ ਨਾਲ ਹੀ ਸਾਰੇ ਪ੍ਰੋਗਰਾਮ ਵੀ ਬੰਦ ਹੋ ਗਏ। ਸਾਡੇ ਦੇਸ਼ ਵਿੱਚ ਇਹ ਵੱਡੀ ਤ੍ਰਾਸਦੀ ਹੈ। ਇੱਥੇ ਸਰਕਾਰੀ ਵਿਕਾਸ ਪ੍ਰੋਗਰਾਮ ਕੁਝ ਸਾਲਾਂ ਲਈ ਹੁੰਦੇ ਹਨ। ਜਦੋਂ ਪ੍ਰੋਗਰਾਮ ਸਮਾਪਤ ਹੁੰਦਾ ਹੈ ਤਾਂ ਸਾਰੀਆਂ ਗਤੀਵਿਧੀਆਂ ਬੰਦ ਹੋ ਜਾਂਦੀਆਂ ਹਨ ਅਤੇ ਸਥਿਤੀ ਮੁੜ ਉਹੋ ਜਿਹੀ ਹੀ ਬਣ ਜਾਂਦੀ ਹੈ, ਜਿਹੋ ਜਿਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਹੈ। ਇਸੇ ਕਰਕੇ ਵਿਕਾਸ ਦੀ ਰਫ਼ਤਾਰ ਬਹੁਤ ਮੱਠੀ ਹੈ। ਖੇਤੀ ਅਤੇ ਪੇਂਡੂ ਵਿਕਾਸ ਉੱਤੇ ਤਾਂ ਇਸਦਾ ਬੁਰਾ ਪ੍ਰਭਾਵ ਵੀ ਪੈ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4625)
(ਸਰੋਕਾਰ ਨਾਲ ਸੰਪਰਕ ਲਈ: (