RanjitSinghDr7ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿੱਚ ਚੌਲਾਂ ਦੀ ਉਪਜ ...
(28 ਜਨਵਰੀ 2024)
ਇਸ ਸਮੇਂ ਪਾਠਕ: 445.


ਡਾ. ਗੁਰਦੇਵ ਸਿੰਘ ਖੁਸ਼, ਜਿਹੜੇ ਸੰਸਾਰ ਦੇ ਪ੍ਰਮੁੱਖ ਝੋਨਾ ਵਿਗਿਆਨੀ ਹਨ ਨੇ
33 ਸਾਲ ਫਿਲਪੀਨਜ਼ ਸਥਿਤ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ (ਇਰੀ) ਵਿੱਚ ਝੋਨਾ ਖੋਜ ਦੀ ਅਗਵਾਈ ਕੀਤੀਪਿਛਲੇ ਤਿੰਨ ਦਹਾਕਿਆਂ ਦੌਰਾਨ ਡਾ. ਖੁਸ਼ ਹੋਰਾਂ ਵੱਲੋਂ ਵਿਕਸਿਤ ਕੀਤੀਆਂ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿੱਚ ਚੌਲਾਂ ਦੀ ਉਪਜ ਦੁੱਗਣੀ ਹੋ ਗਈ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਿਆ ਹੈਸੰਸਾਰ ਦੀ ਅੱਧੀਉਂ ਵੱਧ ਵਸੋਂ ਦੀ ਮੁੱਖ ਖੁਰਾਕ ਹੋਣ ਕਾਰਨ ਚੌਲਾਂ ਨੂੰ ਜੀਵਨ, ਦੌਲਤ ਅਤੇ ਉਤਪਤੀ ਦਾ ਚਿੰਨ੍ਹ ਮੰਨਿਆ ਜਾਂਦਾ ਹੈਉਨ੍ਹਾਂ ਦੀ ਇਸ ਇਤਿਹਾਸਕ ਦੇਣ ਲਈ ਵੀਅਤਨਾਮ ਵਿਖੇ ਵਿਨਫਿਊਚਰ ਫਾਊਂਡੇਸ਼ਨ ਨੇ ਇਸ ਵਰ੍ਹੇ ਦਾ ਆਪਣਾ 5 ਲੱਖ ਡਾਲਰ ਵਾਲਾ ਇਨਾਮ ਡਾ. ਖੁਸ਼ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ

ਡਾ. ਖੁਸ਼ ਨੇ 1967 ਵਿੱਚ ਝੋਨਾ ਖੋਜ ਸੰਸਥਾ ਵਿੱਚ ਬਤੌਰ ਪਲਾਂਟ ਬਰੀਡਰ ਨੌਕਰੀ ਸ਼ੁਰੂ ਕੀਤੀ ਅਤੇ 1972 ਵਿੱਚ ਆਪਣੇ ਵਿਭਾਗ ਤੇ ਮੁਖੀ ਬਣ ਗਏਇਸ ਸੰਸਥਾ ਵੱਲੋਂ ਉਨ੍ਹਾਂ ਨੂੰ 1986 ਵਿੱਚ ਪ੍ਰਮੁੱਖ ਵਿਗਿਆਨੀ ਬਣਾ ਦਿੱਤਾ ਗਿਆਜਦੋਂ ਤੋਂ ਡਾ. ਖੁਸ਼ ਇਸ ਸੰਸਥਾ ਵਿੱਚ ਆਏ ਉਨ੍ਹਾਂ ਝੋਨੇ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਨ੍ਹਾਂ ਦਾ ਝਾੜ ਵੱਧ, ਪੱਕਣ ਸਮਾਂ ਘੱਟ, ਚੌਲ ਵਧੀਆ ਅਤੇ ਉਨ੍ਹਾਂ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇਹੁਣ ਤੀਕ ਡਾ. ਖੁਸ਼ ਵੱਲੋਂ ਕੀਤੇ ਕੰਮ ਉੱਤੇ ਅਧਾਰਿਤ 300 ਤੋਂ ਵੀ ਵੱਧ ਨਵੀਆਂ ਕਿਸਮਾਂ ਵੱਖੋ-ਵੱਖਰੇ ਦੇਸ਼ਾਂ ਵਿੱਚ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ

ਜਦੋਂ ਵੀ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੇ ਕਿਸੇ ਖੇਤ ਕੋਲੋਂ ਲੰਘਦੇ ਹੋ ਤਾਂ ਤੁਸੀਂ ਡਾ. ਖੁਸ਼ ਦੀ ਵਿਕਸਿਤ ਕੀਤੀ ਹੋਈ ਕਿਸਮ ਨੂੰ ਹੀ ਵੇਖਦੇ ਹੋਇਹ ਠੀਕ ਹੀ ਆਖਿਆ ਗਿਆ ਹੈ ਕਿ ਏਸ਼ੀਆ ਵਿੱਚ ਕਰੋੜਾਂ ਲੋਕ ਭੁੱਖਮਰੀ ਨਾਲ ਮਰ ਜਾਂਦੇ ਜੇਕਰ ਝੋਨੇ ਦੀ ਪੈਦਾਵਾਰ ਦੁੱਗਣੀ ਨਾ ਹੋ ਗਈ ਹੁੰਦੀਏਸ਼ੀਆ ਵਿੱਚ ਜਿਹੜਾ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ, ਸ਼ਾਇਦ ਇਹ ਕਦੇ ਵੀ ਨਾ ਹੁੰਦਾ ਜੇਕਰ ਇਹ ਦੇਸ਼ ਅਨਾਜ ਵਿੱਚ ਆਤਮ ਨਿਰਭਰ ਹੋ ਕੇ ਭੁੱਖਮਰੀ ਤੋਂ ਬੇਫ਼ਿਕਰ ਨਾ ਹੋ ਗਏ ਹੁੰਦੇ

ਗੁਰਦੇਵ ਸਿੰਘ ਖੁਸ਼ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਰੁੜਕੀ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਹਨਮਾਪਿਆਂ ਦੀ ਪਹਿਲੀ ਸੰਤਾਨ ਹੋਣ ਕਰਕੇ ਰਵਾਇਤ ਅਨੁਸਾਰ ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਖਟਕੜਕਲਾਂ (ਜ਼ਿਲ੍ਹਾ ਜਲੰਧਰ) ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ, ਵਿਖੇ 22 ਅਗਸਤ 1935 ਨੂੰ ਹੋਇਆਉਨ੍ਹਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਕੂਨਰ ਪਿੰਡ ਵਿੱਚੋਂ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਦਸਵੀਂ ਪਾਸ ਕੀਤੀਉਨ੍ਹਾਂ ਦੀ ਖਾਹਿਸ਼ ਸੀ ਕਿ ਬੱਚੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਡਾ. ਗੁਰਦੇਵ ਸਿੰਘ ਵਿੱਚ ਪੜ੍ਹਾਈ ਦੀ ਲਗਨ ਲਗਾਉਣ ਵਾਲੇ ਉਨ੍ਹਾਂ ਦੇ ਪਿਤਾ ਜੀ ਹੀ ਸਨ ਡਾ. ਖੁਸ਼ ਨੇ ਆਪ ਵੀ ਵੇਖਿਆ ਸੀ ਕਿ ਪੜ੍ਹੇ ਲਿਖੇ ਹੋਣ ਕਰਕੇ ਪਿੰਡ ਵਿੱਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਮਾਣ ਤੇ ਸਤਿਕਾਰ ਸੀਬਾਲ ਗੁਰਦੇਵ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਤਾਂ ਜੋ ਉਹ ਵੱਡੇ ਹੋ ਕੇ ਸਮਾਜ ਦੇ ਭਲੇ ਲਈ ਕੁਝ ਕਰ ਸਕਣਉਨ੍ਹਾਂ ਦੇ ਆਪਣੇ ਪਿੰਡ ਹਾਈ ਸਕੂਲ ਨਹੀਂ ਸੀਉਹ ਰੋਜ਼ ਛੇ ਮੀਲ ਪੈਦਲ ਤੁਰ ਕੇ ਖ਼ਾਲਸਾ ਹਾਈ ਸਕੂਲ ਬੰਡਾਲਾ ਵਿਖੇ ਪੜ੍ਹਨ ਜਾਂਦੇ ਸਨ, ਜਿੱਥੋਂ ਕਿ ਉਨ੍ਹਾਂ ਦਸਵੀਂ ਪਾਸ ਕੀਤੀਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਆਪਣੇ ਸਕੂਲ ਵਿੱਚ ਪਹਿਲੇ ਨੰਬਰ ਉੱਤੇ ਰਹੇਗੁਰਦੇਵ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀਬਾੜੀ ਕਾਲਿਜ ਵਿੱਚ ਦਾਖਲ ਹੋਵੇ ਤਾਂ ਜੋ ਕਿਸਾਨਾਂ ਦੇ ਭਲੇ ਲਈ ਕੰਮ ਕਰ ਸਕੇ, ਜਿਨ੍ਹਾਂ ਦੀ ਗਰੀਬੀ ਅਤੇ ਸਖ਼ਤ ਮਿਹਨਤ ਨੂੰ ਉਹ ਨਿੱਤ ਵੇਖਦੇ ਸਨ

ਆਪਣੇ ਪਿਤਾ ਜੀ ਦੀ ਖਾਹਿਸ਼ ਅਨੁਸਾਰ ਦਸਵੀਂ ਪਿੱਛੋਂ ਗੁਰਦੇਵ ਲੁਧਿਆਣੇ ਸਥਿਤ ਸਰਕਾਰੀ ਖੇਤੀਬਾੜੀ ਕਾਲਿਜ ਵਿੱਚ ਦਾਖਲ ਹੋ ਗਿਆਕਾਲਿਜ ਵਿੱਚ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਅਤੇ ਹਮੇਸ਼ਾ ਪਹਿਲੇ ਤਿੰਨ ਵਿਦਿਆਰਥੀਆਂ ਵਿੱਚ ਰਿਹਾਕਾਲਿਜ ਵਿੱਚੋਂ ਉਨ੍ਹਾਂ ਬੀ.ਐੱਸ.ਸੀ. (ਐਗਰੀ.) ਦੀ ਡਿਗਰੀ 1955 ਵਿੱਚ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਮੁੱਖ ਵਿਸ਼ਾ ਪਲਾਂਟ ਬਰੀਡਿੰਗ ਸੀਉਨ੍ਹਾਂ ਨੂੰ ਇਸ ਕਾਲਿਜ ਦੇ ਸਰਵਪੱਖੀ ਵਧੀਆ ਵਿਦਿਆਰਥੀ ਹੋਣ ਦਾ ਸਨਮਾਨ ਪ੍ਰਾਪਤ ਹੋਇਆਉਨ੍ਹਾਂ ਨੂੰ ਜੀਵਨ ਵਿੱਚ ਖੇਤੀ ਦੀ ਪੜ੍ਹਾਈ ਕਰਨ ਦਾ ਕਦੇ ਅਫ਼ਸੋਸ ਨਹੀਂ ਹੋਇਆ, ਕਿਉਂਕਿ ਜਿਹੜੀਆਂ ਬੁਲੰਦੀਆਂ ਉਨ੍ਹਾਂ ਨੇ ਬਤੌਰ ਖੇਤੀ ਵਿਗਿਆਨੀ ਛੋਹੀਆਂ ਹਨ, ਸ਼ਾਇਦ ਡਾਕਟਰ ਬਣ ਕੇ ਅਜਿਹਾ ਨਾ ਹੋ ਸਕਦਾਸਾਰੇ ਹੁਸ਼ਿਆਰ ਵਿਦਿਆਰਥੀਆਂ ਦੀ ਇਹੋ ਲੋਚਾ ਰਹਿੰਦੀ ਸੀ ਕਿ ਅਮਰੀਕਾ ਵਿੱਚ ਜਾ ਕੇ ਉਚੇਰੀ ਪੜ੍ਹਾਈ ਕੀਤੀ ਜਾਵੇਉਨ੍ਹਾਂ ਵਾਂਗ ਹੀ ਗੁਰਦੇਵ ਸਿੰਘ ਹੋਰੀਂ ਵੀ ਇਹੋ ਚਾਹੁੰਦੇ ਸਨ ਕਿ ਅਮਰੀਕਾ ਦੀ ਕਿਸੇ ਪ੍ਰਸਿੱਧ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ ਜਾਵੇਪਰ ਉਨ੍ਹਾਂ ਕੋਲ ਅਮਰੀਕਾ ਜਾਣ ਲਈ ਪੈਸੇ ਨਹੀਂ ਸਨ

ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਭਾਰਤੀਆਂ ਲਈ ਖੋਲ੍ਹੇ ਸਨ, ਕਿਉਂਕਿ ਉੱਥੇ ਮਜ਼ਦੂਰਾਂ ਦੀ ਘਾਟ ਹੋ ਗਈ ਸੀਇਸ ਮੌਕੇ ਦਾ ਲਾਭ ਉਠਾਂਦਿਆਂ ਹੋਇਆਂ ਗੁਰਦੇਵ ਹੋਰਾਂ ਵੀ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾਭਾਵੇਂ ਉਨ੍ਹਾਂ ਦੇ ਪਿਤਾ ਜੀ ਪਿੰਡ ਵਿੱਚ ਚੰਗੇ ਖਾਂਦੇ ਪੀਂਦੇ ਮੰਨੇ ਜਾਂਦੇ ਸਨ ਪਰ ਉਨ੍ਹਾਂ ਕੋਲ ਵੀ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਦੀ ਇੰਗਲੈਂਡ ਲਈ ਟਿਕਟ ਖਰੀਦ ਸਕਦੇਗੁਰਦੇਵ ਹੋਰਾਂ ਦਾ ਵਿਦੇਸ਼ ਜਾਣ ਦਾ ਦ੍ਰਿੜ੍ਹ ਇਰਾਦਾ ਸੀਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਤੇ ਇੰਗਲੈਂਡ ਪੁੱਜ ਗਏਉਨ੍ਹਾਂ ਦਾ ਅਸਲ ਨਿਸ਼ਾਨਾ ਤਾਂ ਅਮਰੀਕਾ ਪੁੱਜਣਾ ਹੀ ਸੀਇਸ ਕਰਕੇ ਉਨ੍ਹਾਂ ਨੇ ਡੇਢ ਸਾਲ ਇੰਗਲੈਂਡ ਵਿੱਚ ਰੱਜ ਕੇ ਮਿਹਨਤ ਕੀਤੀ ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾ ਹੀ ਨਾ ਮੋੜ ਸਕੇ ਸਗੋਂ ਅਮਰੀਕਾ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਜੋੜ ਲਏ ਅਤੇ ਉਚੇਰੀ ਪੜ੍ਹਾਈ ਲਈ ਅਮਰੀਕਾ ਪੁੱਜ ਗਏ

ਉਨ੍ਹਾਂ ਜੂਨ 1957 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਡੇਵਿਸ ਪੁੱਜ ਐੱਮ.ਐੱਸ.ਸੀ. ਜੈਨੇਟਿਕਸ ਵਿੱਚ ਦਾਖ਼ਲਾ ਲੈ ਲਿਆਪਹਿਲੇ ਦੋ ਸਮੈਸਟਰਾਂ ਵਿੱਚ ਵਧੀਆ ਨੰਬਰ ਆਉਣ ਕਰਕੇ ਉਨ੍ਹਾਂ ਦੇ ਪ੍ਰੋਫੈਸਰ ਨੇ ਐੱਮ.ਐੱਸ.ਸੀ. ਕੀਤੇ ਬਗੈਰ ਸਿੱਧੇ ਹੀ ਪੀ.ਐੱਚ.ਡੀ. ਕਰਨ ਦੀ ਆਗਿਆ ਦੇ ਦਿੱਤੀਇੰਝ ਉਨ੍ਹਾਂ ਨੇ 1960 ਵਿੱਚ ਜੈਨੇਟਿਕਸ ਵਿਸ਼ੇ ਵਿੱਚ ਪੀ.ਐੱਸ.ਡੀ. ਤਿੰਨ ਸਾਲ ਤੋਂ ਵੀ ਘੱਟ ਸਮੇਂ ਦੌਰਾਨ ਪ੍ਰਾਪਤ ਕਰ ਲਈਉਸ ਸਮੇਂ ਉਨ੍ਹਾਂ ਦੀ ਉਮਰ ਮਸਾਂ 25 ਕੁ ਸਾਲ ਦੀ ਸੀਪੜ੍ਹਾਈ ਪਿੱਛੋਂ ਉਨ੍ਹਾਂ ਨੂੰ ਉਸੇ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ, ਜਿਸ ਉੱਤੇ ਉਨ੍ਹਾਂ ਨੇ 1967 ਤੀਕ ਕੰਮ ਕੀਤਾ

ਡਾ. ਖੁਸ਼ ਆਪਣੇ ਕਿੱਤੇ ਅਤੇ ਪਰਿਵਾਰਿਕ ਜੀਵਨ ਵਿੱਚ ਬਹੁਤ ਹੀ ਸਫ਼ਲ ਇਨਸਾਨ ਹਨਆਪਣੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਦਾ ਕਾਰਨ ਉਹ ਸਹੀ ਕਿੱਤਾ, ਸਹੀ ਸਮੇਂ ਉੱਤੇ ਅਤੇ ਸਹੀ ਥਾਂ ਮਿਲਣ ਨੂੰ ਸਮਝਦੇ ਹਨਚੁੱਪ ਚੁਪੀਤਾ, ਸਾਦ ਮੁਰਾਦਾ ਅਤੇ ਚਿਹਰੇ ਉੱਤੇ ਹਮੇਸ਼ਾ ਮੁਸਕਾਨ ਵਿਖੇਰੀ ਰੱਖਣ ਵਾਲੇ ਇਸ ਇਨਸਾਨ ਨੇ ਹਰ ਰੋਜ਼ ਘੱਟੋ ਘੱਟ 12 ਘੰਟੇ ਕੰਮ ਕੀਤਾ ਹੈਉਹ ਆਖਦੇ ਹਨ ਕਿ ਇਨਸਾਨ ਕੋਲ ਸਮੇਂ ਦੀ ਘਾਟ ਹੈ ਜਦੋਂ ਕਿ ਉਸ ਦੇ ਦਿਮਾਗ਼ ਦੀ ਥਾਹ ਅਥਾਹ ਹੈਆਪਣੀ ਅਥਾਹ ਦਿਮਾਗੀ ਸ਼ਕਤੀ ਦੀ ਪੂਰੀ ਵਰਤੋਂ ਕਰਨ ਲਈ ਜ਼ਰੂਰੀ ਹੈ ਕਿ ਸਮੇਂ ਦਾ ਠੀਕ ਅਤੇ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇਜਿਹੜੇ ਇਨਸਾਨ ਆਪਣੀ ਮਦਦ ਆਪ ਕਰਦੇ ਹਨ, ਪ੍ਰਮਾਤਮਾ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਕਰਦਾ ਹੈਮਿਹਨਤੀ, ਨੇਕ ਤੇ ਸੱਚੇ ਇਨਸਾਨ ਦੀ ਸਾਰੀ ਦੁਨੀਆਂ ਉਸਤਤ ਕਰਦੀ ਹੈ ਅਤੇ ਪ੍ਰਮਾਤਮਾ ਉਨ੍ਹਾਂ ਉੱਤੇ ਆਪਣੀ ਮਿਹਰ ਕਰਦਾ ਹੈਇਸੇ ਮਿਹਰ ਸਦਕਾ ਡਾ. ਖੁਸ਼ ਨੇ ਆਪਣੀ ਸਾਰੀ ਨੌਕਰੀ ਦੌਰਾਨ ਕਦੇ ਵੀ ਬਿਮਾਰੀ ਦੀ ਕੋਈ ਛੁੱਟੀ ਨਹੀਂ ਲਈਆਪਣੇ ਧਾਰਮਿਕ ਅਕੀਦੇ ਉੱਤੇ ਚੱਲਣ ਵਾਲਾ ਇਹ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿੰਦਾ ਹੈਆਪਣੀ ਸੇਵਾ ਮੁਕਤੀ ਪਿੱਛੋਂ ਵੀ ਉਹ ਕੈਲੇਫ਼ੋਰਨੀਆ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ

ਪ੍ਰਸਿੱਧੀ ਦੀਆਂ ਬੁਲੰਦੀਆਂ ਉੱਤੇ ਪੁੱਜ ਕੇ ਵੀ ਡਾ. ਖੁਸ਼ ਆਪਣੀ ਧਰਤੀ ਅਤੇ ਮਿੱਟੀ ਨਾਲ ਜੁੜੇ ਹੋਏ ਹਨਉਨ੍ਹਾਂ ਨੂੰ ਮਿਲੇ ਇਨਾਮੀ ਪੈਸਿਆਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਸ਼ ਫਾਊਂਡੇਸ਼ਨ ਬਣਾਈ ਹੈ, ਜਿਹੜੀ ਯੂਨੀਵਰਸਿਟੀ ਵਿਖੇ ਪੜ੍ਹਦੇ ਪੇਂਡੂ ਬੱਚਿਆਂ ਦੀ ਮਾਇਕ ਸਹਾਇਤਾ ਕਰਦੀ ਹੈਨੌਜਵਾਨ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਜਾਣ ਲਈ ਵੀ ਮਾਇਕ ਸਹਾਇਤਾ ਦਿੱਤੀ ਜਾਂਦੀ ਹੈਆਪਣੇ ਸਹਿਯੋਗੀ ਸਵਰਗਵਾਸੀ ਦਰਸ਼ਨ ਸਿੰਘ ਬਰਾੜ ਦੇ ਨਾਮ ਉੱਤੇ ਤਿੰਨ ਲੱਖ ਦਾ ਖੋਜ ਲਈ ਵਿਗਿਆਨੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ

ਖੁਸ਼’ ਉਨ੍ਹਾਂ ਦਾ ਗੋਤ ਨਹੀਂ ਸਗੋਂ ਉਪਨਾਮ ਹੈਉਨ੍ਹਾਂ ਦਾ ਗੋਤ ਕੂਨਰ ਹੈਵਿਦਿਆਰਥੀ ਜੀਵਨ ਵਿੱਚ ਸਾਹਿਤਕ ਰੁਚੀਆਂ ਕਰਕੇ ਉਨ੍ਹਾਂ ਆਪਣਾ ਤਖ਼ੱਲਸ ਖੁਸ਼ ਰੱਖ ਲਿਆ ਸੀਉਦੋਂ ਸ਼ਾਇਦ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਆਪਣਾ ਸਾਰਾ ਜੀਵਨ ਸੰਸਾਰ ਵਿੱਚੋਂ ਗਰੀਬੀ ਅਤੇ ਭੁੱਖ ਨੂੰ ਦੂਰ ਕਰਨ ਲਈ ਲਗਾ ਦੇਣਗੇ ਤਾਂ ਜੋ ਆਮ ਆਦਮੀ ਵੀ ਖੁਸ਼ੀ ਭਰਿਆ ਜੀਵਨ ਬਤੀਤ ਕਰ ਸਕੇਆਪਣੇ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਸਦਕਾ ਉਹ ਕਰੋੜਾਂ ਲੋਕਾਂ ਦੀ ਝੋਲੀ ਖੁਸ਼ੀਆਂ ਪਾਉਣ ਵਿੱਚ ਸਫ਼ਲ ਹੋਏ ਹਨ

ਉਨ੍ਹਾਂ ਵੱਲੋਂ ਕੀਤੇ ਮਹਾਨ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਦਾ ਕੋਈ ਵੀ ਅਜਿਹਾ ਇਨਾਮ ਸਨਮਾਨ ਨਹੀਂ ਹੈ ਜਿਹੜਾ ਕਿਸੇ ਖੇਤੀ ਵਿਗਿਆਨੀ ਨੂੰ ਮਿਲ ਸਕਦਾ ਹੋਵੇ, ਉਹ ਡਾ. ਖੁਸ਼ ਨੂੰ ਨਾ ਮਿਲਿਆ ਹੋਵੇਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈਉਨ੍ਹਾਂ ਨੂੰ ਅਮਰੀਕਾ, ਜਪਾਨ, ਇੰਗਲੈਂਡ, ਇਜ਼ਰਾਈਲ, ਚੀਨ, ਫਿਲੀਪੀਨ, ਈਰਾਨ, ਭਾਰਤ, ਪਾਕਿਸਤਾਨ ਆਦਿ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਉੱਚ ਸਨਮਾਨਾਂ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਹੈਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਆ ਗਿਆ ਹੈਭੋਜਨ ਦੇ ਖੇਤਰ ਦਾ ਸਭ ਤੋਂ ਵੱਡਾ ਇਨਾਮ ਵਰਡ ਫੂਡ ਪਰਾਈਜ਼ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਉਨ੍ਹਾਂ ਦੇ ਨਾਮ ਉੱਤੇ ਇੱਕ ਆਧੁਨਿਕ ਖੋਜ ਕੇਂਦਰ ਉਸਾਰਿਆ ਹੈ, ਜਿਸ ਵਿੱਚ ਖੁਸ਼ ਅਜਾਇਬ ਘਰ ਵੀ ਬਣਾਇਆ ਗਿਆ ਹੈਪੀ ਏ ਯੂ ਅਤੇ ਪੰਜਾਬ ਯੂਨੀਵਰਸਿਟੀ ਨੇ ਵੀ ਆਨਰੇਰੀ ਡਾਇਰੈਕਟੋਰੇਟ ਦੀ ਡਿਗਰੀ ਦਿੱਤੀ ਹੈਆਪਣੇ ਇਸ ਪੰਜਾਬੀ ਸਪੂਤ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4677)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author