“ਡਾ. ਰੰਧਾਵਾ ਕਿੱਤੇ ਵਜੋਂ ਇੱਕ ਆਈ ਸੀ ਐੱਸ ਅਫਸਰ ਸਨ, ਪੜ੍ਹਾਈ ਵੱਲੋਂ ਉਹ ਵਿਗਿਆਨੀ ਸਨ ਪਰ ਪੰਜਾਬ ਤੇ ਇੱਥੋਂ ਦੇ ...”
(9 ਜੂਨ 2024)
ਇਸ ਸਮੇਂ ਪਾਠਕ: 125.
ਪੰਜਾਬੀ ਮਿਹਨਤੀ, ਹਿੰਮਤੀ ਅਤੇ ਖਤਰੇ ਸਹੇੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਜਦੋਂ ਵੀ ਇਨ੍ਹਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਤੇ ਪੰਜਾਬੀਆਂ ਨੇ ਭਿਆਨਕ ਸੰਤਾਪ ਭੋਗਿਆ। ਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਸੇ ਹਿੰਦੂ ਜਾਂ ਸਿੱਖ ਦੀ ਰਹਿਣਾ ਮੁਸ਼ਕਿਲ ਹੋ ਗਿਆ ਤੇ ਇਸ ਪਾਸੇ ਮੁਸਲਮਾਨਾਂ ਨੂੰ ਘਰ ਬਾਰ ਛੱਡ ਕੇ ਜਾਣਾ ਪਿਆ। ਲੱਖਾਂ ਲੋਕ ਮਾਰੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ ਤੇ ਸਭ ਕੁਝ ਲੁਟਾ ਕੇ ਖਾਲੀ ਹੱਥ ਆਉਣਾ ਪਿਆ। ਉੱਧਰੋਂ ਆਏ ਪੰਜਾਬੀਆਂ ਨੇ ਇਸ ਪਾਸੇ ਪੈਰ ਲਗਦਿਆਂ ਹੀ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਖੇਤੀ ਦੇ ਨਵੇਂ ਢੰਗ ਤਰੀਕੇ, ਨਵੇਂ ਬੀਜ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਜਿੱਥੇ ਉਹ ਲੋੜ ਪੈਣ ਉੱਤੇ ਸਰਹੱਦਾਂ ਦੀ ਰਾਖੀ ਕਰਦੇ ਸਨ, ਉੱਥੇ ਭੁੱਖਮਰੀ ਨਾਲ ਜੂਝ ਰਹੇ ਦੇਸ਼ ਵਿੱਚ ਅਨਾਜ ਦੇ ਢੇਰ ਲਗਾ ਦਿੱਤੇ, ਜਿਸ ਨੂੰ ਹਰਾ ਇਨਕਲਾਬ ਆਖਿਆ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇ ਇਨਕਲਾਬ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਅਤੇ ਪੰਜਾਬ ਵਿੱਚ ਖੁਸ਼ਹਾਲੀ ਆਈ ਪ੍ਰੰਤੂ ਖੁਸ਼ਹਾਲੀ ਲਈ ਵੀ ਪੰਜਾਬੀਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਆਈ ਖੁਸ਼ਹਾਲੀ ਨੇ ਵਿਉਪਾਰੀਆਂ ਨੂੰ ਆਪਣੇ ਵਲ ਖਿੱਚਿਆ। ਟ੍ਰੈਕਟਰ ਤੇ ਦੂਜੀਆਂ ਮਸ਼ੀਨਾਂ ਦੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਇਨ੍ਹਾਂ ਦੀ ਖਰੀਦ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਪੰਜਾਬ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ। ਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫਸਲੀ ਹੋ ਗਈ, ਜਿਸ ਨਾਲ ਕਾਮਿਆਂ ਦੀ ਮੰਗ ਵਧੀ ਤੇ ਦੂਜੇ ਸੂਬਿਆਂ ਤੋਂ ਕਾਮੇ ਆਉਣ ਲੱਗੇ। ਪਹਿਲਾਂ ਉਹ ਫਸਲ ਦੀ ਲੁਆਈ ਅਤੇ ਵਾਢੀ ਸਮੇਂ ਹੀ ਆਉਂਦੇ ਸਨ ਤੇ ਫਿਰ ਉਹ ਟੱਬਰਾਂ ਸਮੇਤ ਆ ਕੇ ਇੱਥੇ ਹੀ ਰਹਿਣ ਲੱਗ ਪਏ। ਉਨ੍ਹਾਂ ਦੇ ਬੱਚਿਆਂ, ਦੁਕਾਨਾਂ ਅਤੇ ਦਫਤਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਔਰਤਾਂ ਨੇ ਘਰਾਂ ਦਾ ਕੰਮ ਸੰਭਾਲ ਲਿਆ। ਹੁਣ ਘਰਾਂ ਅਤੇ ਖੇਤਾਂ ਦਾ ਬਹੁਤਾ ਕੰਮ ਇਹ ਲੋਕ ਹੀ ਕਰਦੇ ਹਨ। ਸ਼ਹਿਰਾਂ ਦੇ ਬਹੁਤੇ ਘਰਾਂ ਵਿੱਚ ਰੋਟੀ ਵੀ ਇਹ ਲੋਕ ਹੀ ਪਕਾਉਣ ਲੱਗ ਪਏ ਹਨ। ਇੰਝ ਪੰਜਾਬੀ ਹੌਲੀ ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨ।
ਤਕਨੀਕੀ ਕੰਮ ਜਿਵੇਂ ਕਿ ਲੁਹਾਰਾ-ਤਰਖਾਣਾ, ਪਲੰਬਰ, ਰਾਜ ਮਿਸਤਰੀ ਆਦਿ ਕੰਮ ਵੀ ਹੌਲੀ ਹੌਲੀ ਬਾਹਰਲੇ ਸੂਬਿਆਂ ਤੋਂ ਆਏ ਕਾਮਿਆਂ ਨੇ ਹੀ ਸੰਭਾਲ ਲਏ ਹਨ। ਪੰਜਾਬ ਦੇ ਇਨ੍ਹਾਂ ਕਿੱਤਿਆਂ ਦੇ ਆਪਣੇ ਤੌਰ ਤਰੀਕੇ ਅਤੇ ਦਸਤਕਾਰੀ ਅਲੋਪ ਹੋ ਗਏ ਹਨ। ਵਿੱਦਿਆ ਦੇ ਵਿਉਪਾਰੀਆਂ ਨੇ ਥਾਂ ਥਾਂ ਅੰਗਰੇਜ਼ੀ ਸਕੂਲ ਖੋਲ੍ਹ ਲਏ। ਇਨ੍ਹਾਂ ਸਕੂਲਾਂ ਵਿੱਚ ਬੱਚੇ ਭੇਜਣਾ ਪੰਜਾਬੀ ਆਪਣੀ ਸ਼ਾਨ ਸਮਝਣ ਲੱਗ ਪਏ ਹਨ। ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਪੜ੍ਹਨੀ ਤੇ ਬੋਲਣੀ ਸਖਤ ਮਨ੍ਹਾਂ ਹੈ। ਇੰਝ ਪੰਜਾਬੀ ਬੱਚੇ ਆਪਣੀ ਮਾਂ-ਬੋਲੀ, ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਅਤੇ ਆਪਣੇ ਰਸਮੋ ਰਿਵਾਜ਼ਾਂ ਤੋਂ ਦੂਰ ਹੋ ਗਏ ਹਨ। ਬਜ਼ਾਰ ਕੱਪੜਿਆਂ, ਬਿਜਲੀ ਉਪਕਰਨਾਂ, ਫਰਨੀਚਰ ਆਦਿ ਨਾਲ ਭਰ ਗਏ। ਪਿੰਡਾਂ ਵਿੱਚ ਸਾਰੇ ਘਰ ਪੱਕੇ ਹੋ ਗਏ, ਬਿਜਲੀ ਆ ਗਈ, ਪਾਣੀ ਦੀਆਂ ਟੂਟੀਆਂ ਲੱਗ ਗਈਆਂ। ਘਰਾਂ ਵਿੱਚ ਚੱਕੀ, ਚੁੱਲ੍ਹੇ ਚਰਖੇ, ਖਰੋਸ਼ੀਏ, ਸਲਾਈਆਂ ਆਦਿ ਅਲੋਪ ਹੋ ਗਈਆਂ। ਮੰਜੇ, ਪੀੜ੍ਹੀਆਂ, ਮੂੜ੍ਹੇ, ਦਰੀਆਂ, ਫੁਲਕਾਰੀਆਂ, ਛਿੱਕੂ, ਗੁੱਡੀਆਂ ਪਟੋਲੇ ਸਭ ਕੁਝ ਬੀਤੇ ਦੀਆਂ ਕਹਾਣੀਆਂ ਤਕ ਹੀ ਸੀਮਤ ਹੋ ਗਏ। ਆਪਸੀ ਭਾਈਚਾਰਾ, ਰਹਿਣ ਸਹਿਣ, ਰਸਮੋ ਰਿਵਾਜ ਸਭੋ ਕੁਝ ਬਦਲ ਗਿਆ। ਜਿਸ ਤੇਜ਼ੀ ਨਾਲ ਪੰਜਾਬੀ ਜੀਵਨ ਬਦਲਿਆ, ਇਸ ਤੇਜ਼ੀ ਨਾਲ ਤਬਦੀਲੀ ਸ਼ਾਇਦ ਸੰਸਾਰ ਵਿੱਚ ਕਿਤੇ ਵੀ ਨਹੀਂ ਸੀ ਆਈ। ਨਵੀਂ ਪੀੜ੍ਹੀ ਨੂੰ ਜਦੋਂ ਅਸੀਂ ਬਚਪਨ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਤਾਂ ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹਾ ਵੀ ਕਦੇ ਹੁੰਦਾ ਸੀ।
ਅਫਸੋਸ ਇਸ ਗੱਲ ਦਾ ਹੈ ਕਿ ਕਿਸੇ ਵੀ ਸਰਕਾਰ, ਸੰਸਥਾ ਜਾਂ ਧਾਰਮਿਕ ਆਗੂ ਨੇ ਆਪਣੇ ਵਿਰਸੇ ਦੀ ਸਾਂਭ ਸੰਭਾਲ ਵਲ ਬਿਲਕੁਲ ਧਿਆਨ ਨਹੀਂ ਦਿੱਤਾ। ਇੰਝ ਪੰਜਾਬੀ ਜੀਵਨ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਆਪ ਮੁਹਾਰਾ ਹੋ ਗਿਆ। ਇਸੇ ਕਰਕੇ ਮਿਹਨਤ, ਸੰਤੋਖ, ਭਾਈਚਾਰਾ, ਇਮਾਨਦਾਰੀ ਆਦਿ ਪੰਜਾਬੀਆਂ ਦੇ ਮੁੱਖ ਗੁਣ ਅਲੋਪ ਹੋ ਰਹੇ ਹਨ। ਕੁਝ ਪੰਜਾਬੀ ਪਿਆਰਿਆਂ ਨੇ ਆਪੋ ਆਪਣੀ ਪੱਧਰ ਉੱਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਹਨ। ਇਨ੍ਹਾਂ ਵਿੱਚ ਸਭ ਤੋਂ ਉੱਤੇ ਨਾਮ ਡਾ. ਮਹਿੰਦਰ ਸਿੰਘ ਰੰਧਾਵਾ ਦਾ ਆਉਂਦਾ ਹੈ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇੱਕ ਅਜਾਇਬ ਘਰ ਦੀ ਉਸਾਰੀ ਕਰਵਾਈ ਜਿਸ ਵਿੱਚ ਪੁਰਾਣੇ ਪੰਜਾਬ ਦੀ ਇੱਕ ਝਲਕ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਗੀਤ ਇਕੱਠੇ ਕਰਵਾਏ, ਲੋਕ ਕਲਾਵਾਂ ਤੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ। ਪੰਜਾਬ ਦਾ ਮਾਣ ਚੂਪਣ ਵਾਲੇ ਅੰਬਾਂ ਦੀਆਂ ਕਿਸਮਾਂ ਇਕੱਠੀਆਂ ਕਰਕੇ ਇਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਇਆ। ਰਵਾਇਤੀ ਰੁੱਖਾਂਅ ਤੇ ਫਲਾਂ ਵਾਲੇ ਬੂਟਿਆਂ ਦੀ ਸੰਭਾਲ ਕੀਤੀ।
ਆਪ ਜੀ ਨੂੰ ਪਤਾ ਲੱਗਿਆ ਕਿ ਕਾਂਗੜਾ ਜ਼ਿਲ੍ਹੇ ਵਿੱਚ ਚਿੱਤਰਾਂ ਦਾ ਅਥਾਹ ਭੰਡਾਰ ਹੈ। ਇਨ੍ਹਾਂ ਨੇ ਕਾਂਗੜਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਮੰਦਰਾਂ, ਮਹਿਲਾਂ, ਰਾਜਿਆਂ ਤੇ ਹੋਰ ਵਿਅਕਤੀਆਂ ਪਾਸੋਂ ਇਨ੍ਹਾਂ ਚਿੱਤਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ’ਤੇ ਇੱਕ ਸੁੰਦਰ ਕਿਤਾਬ ਲਿਖੀ। ਇਸੇ ਤਰ੍ਹਾਂ ਇਨ੍ਹਾਂ ਨੇ ਅਲੋਪ ਹੋ ਰਹੇ ਲੋਕਗੀਤਾਂ ਨੂੰ ਇਕੱਠਿਆਂ ਕਰਵਾਇਆ ਤੇ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਸੜਕਾਂ ਕੰਢੇ ਲਗਵਾਇਆ। ਫ਼ੁੱਲਾਂ ਵਾਲੇ ਰੁੱਖਾਂ ਦੇ ਨਾਂਵਾਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸੜਕਾਂ ਨੂੰ ਸ਼ਿੰਗਾਰਿਆ ਤੇ ਸੜਕਾਂ ਦੇ ਨਾਮ ਵੀ ਇਨ੍ਹਾਂ ਰੁੱਖਾਂ ਵਾਲੇ ਰੱਖੇ।
ਇੰਝ ਉਨ੍ਹਾਂ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਯੋਗਦਾਨ ਪਾਇਆ। ਪੰਜਾਬ ਦੇ ਚਿੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ, ਉਨ੍ਹਾਂ ਦੇ ਚਿੱਤਰ ਖਰੀਦੇ, ਜਿਨ੍ਹਾਂ ਨੂੰ ਦਫਤਰਾਂ, ਸਕੂਲਾਂ, ਕਾਲਜਾਂ ਵਿੱਚ ਲਗਵਾਇਆ। ਇੰਝ ਚਿੱਤਰਕਾਰਾਂ ਦੀ ਮਾਲੀ ਸਹਾਇਤਾ ਵੀ ਹੋ ਗਈ ਅਤੇ ਅਤੇ ਉਹ ਪੰਜਾਬ ਦੇ ਅਲੋਪ ਹੋ ਰਹੇ ਵਿਰਸੇ ਨੂੰ ਚਿਤਰਣ ਲਈ ਹੋਰ ਉਤਸ਼ਾਹਿਤ ਹੋਏ। ਵਿਦਵਾਨਾਂ ਪਾਸੋਂ ਪੰਜਾਬ ਦੇ ਵਿਰਸੇ ਦੇ ਵੱਖੋ ਵੱਖਰੇ ਪੱਖਾਂ ਨੂੰ ਦਰਸਾਉਂਦੇ ਲੇਖ ਲਿਖਵਾਏ ਅਤੇ ਇੱਕ ਸੁੰਦਰ ਪੁਸਤਕ ਪ੍ਰਕਾਸ਼ਿਤ ਕੀਤੀ। ਰੰਧਾਵਾ ਸਾਹਿਬ ਨੇ ਪੰਜਾਬ ਦੀ ਸੱਭਿਅਤਾ ਤੇ ਸੱਭਿਆਚਾਰ ਦੀ ਪਹਿਰੇਦਾਰੀ ਕੀਤੀ। ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸਾਥੋਂ ਪਿਛਲੀ ਪੀੜ੍ਹੀ ਨੂੰ ਇਹ ਦੱਸਣਾ ਤੇ ਮਨਾਉਣਾ ਔਖਾ ਹੀ ਨਹੀਂ ਨਾਮੁਮਕਿਨ ਹੋ ਜਾਂਦਾ ਕਿ ਸਾਡੇ ਵੇਲੇ ਪੰਜਾਬ ਕਿਹੋ ਜਿਹਾ ਸੀ। ਸਦੀਆਂ ਤੋਂ ਚਲੀ ਆ ਰਹੀ ਜੀਵਨ ਸ਼ੈਲੀ, ਰਸਮੋ ਰਿਵਾਸ, ਕੰਮਕਾਰੀ ਢੰਗ, ਰਹਿਣ-ਸਹਿਣ, ਖਾਣ-ਪਹਿਨਣ, ਜਿਹੜੀ ਕੇਵਲ ਤਿੰਨ ਕੁ ਦਹਾਕਿਆਂ ਵਿੱਚ ਹੀ ਅਲੋਪ ਹੋ ਗਈ, ਉਹ ਕਿਹੋ ਜਿਹੀ ਸੀ।
ਪੰਜਾਬ ਦੇ ਲੋਕਗੀਤ ਤੇ ਲੋਕ ਕਹਾਣੀਆਂ ਉੱਤੇ ਕੰਮ ਕਰਨ ਵਾਲੇ ਪ੍ਰਸਿੱਧ ਲੇਖਕ ਵਣਜਾਰਾ ਬੇਦੀ ਲਿਖਦੇ ਹਨ, ਜਦੋਂ ਡਾ. ਰੰਧਾਵਾ ਨੇ ਲੋਕਸਾਹਿਤ ਦੇ ਇਕੱਤਰੀਕਰਣ ਦਾ ਕਾਰਜ ਆਰੰਭਿਆ ਤਾਂ ਉਦੋਂ ਤਕ ਲੋਕ ਸਾਹਿਤ ਸੰਗ੍ਰਹਿਣ ਦਾ ਕਾਰਜ ਆਪਣੇ ਮੁਢਲੇ ਦੌਰ ਵਿੱਚ ਹੀ ਸੀ। ਡਾ. ਰੰਧਾਵਾ ਦੇ ਲੋਕਗੀਤਾਂ ਦੀ ਸਮੱਗਰੀ ਵਲ ਧਿਆਨ ਦੇਣ ਤੋਂ ਪਹਿਲਾਂ ਇਹ ਕੰਮ ਕੇਵਲ ਨੀਂਹ ਦੀ ਖੁਦਾਈ ਤਕ ਹੀ ਸੀਮਤ ਸੀ ਪਰ ਰੰਧਾਵਾ ਨੇ ਅਣਥੱਕ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਨੀਂਹਾਂ ਉੱਤੇ ਇੱਕ ਮਹਿਲ ਖੜ੍ਹਾ ਕਰ ਦਿੱਤਾ ਤੇ ਅੱਜ ਅਸੀਂ ਆਪਣੇ ਲੋਕਗੀਤਾਂ ਦੇ ਅਥਾਹ ਬੋਲਾਂ ਉੱਤੇ ਮਾਣ ਕਰਨ ਯੋਗੇ ਹੋ ਗਏ ਹਾਂ।
ਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧਾ ਨੂੰ ਜੀਉਂਦਿਆਂ ਰੱਖਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਭੰਗੜਾ ਪਛਮੀ ਪੰਜਾਬ ਤੋਂ ਇਸ ਪਾਸੇ ਆਇਆ। ਕਮਿਊਨਿਟੀ ਡਿਵੈਲਪਮੈਂਟ ਸਕੀਮ ਵਿੱਚ ਉਨ੍ਹਾਂ ਭੰਗੜੇ ਦੇ ਮਾਹਿਰਾਂ ਨੂੰ ਬਤੌਰ ਸਮਾਜਿਕ ਵਿੱਦਿਅਕ ਅਫਸਰ ਭਰਤੀ ਕੀਤਾ। ਭੰਗੜੇ ਦੀਆਂ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਨੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਮੁੰਡਿਆਂ ਦੀਆਂ ਭੰਗੜਾ ਟੀਮਾਂ ਤੇ ਕੁੜੀਆਂ ਦੀਆਂ ਗਿੱਧਾ ਟੀਮਾਂ ਤਿਆਰ ਕਰਵਾਈਆਂ। ਇਸ ਇਕੱਠੇ ਕੀਤੇ ਖਜ਼ਾਨੇ ਨੂੰ ਸੰਭਾਲਣ ਲਈ ਕੋਈ ਇੱਕ ਦਰਜਨ ਪੁਸਤਕਾਂ ਤਿਆਰ ਕਰਵਾਈਆਂ। ਜਿਵੇਂ ਕਿ ਪੰਜਾਬ ਦੇ ਲੋਕਗੀਤ, ਕਾਂਗੜੇ ਦੇ ਲੋਕਗੀਤ, ਕੁੱਲੂ ਦੇ ਲੋਕਗੀਤ, ਪ੍ਰੀਤ ਕਹਾਣੀਆਂ, ਪੰਜਾਬੀ ਲੋਕਗੀਤ, ਪੰਜਾਬ ਦਾ ਇਤਿਹਾਸ, ਕਲਾ ਤੇ ਸੱਭਿਆਚਾਰ, ਸੁੰਦਰ ਰੁੱਖ ਤੇ ਬਾਗ ਬਗੀਚੇ ਆਦਿ। ਅੰਗਰੇਜ਼ੀ ਵਿੱਚ ਇਨ੍ਹਾਂ ਦੀਆਂ ਕੋਈ ਤਿੰਨ ਦਰਜਨ ਕਿਤਾਬਾਂ ਹਨ। ਸੇਵਾ ਮੁਕਤੀ ਪਿੱਛੋਂ ਆਪ ਨੇ ਭਾਰਤ ਦਾ ਖੇਤੀ ਇਤਿਹਾਸ ਲਿਖਿਆ ਜਿਸ ਨੂੰ ਚਾਰ ਜਿਲਦਾਂ ਵਿੱਚ ਭਾਰਤੀ ਖੇਤੀ ਖੋਜ ਪਰੀਸ਼ਦ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ। ਇੰਝ ਪੱਥਰ ਕਾਲ ਤੋਂ ਲੈ ਕੇ ਹਰੇ ਇਨਕਲਾਬ ਦੇ ਹੋਏ ਵਿਕਾਸ ਦੀ ਕਹਾਣੀ ਨੂੰ ਸੰਭਾਲਿਆ। ਡਾ. ਰੰਧਾਵਾ ਕਿੱਤੇ ਵਜੋਂ ਇੱਕ ਆਈ ਸੀ ਐੱਸ ਅਫਸਰ ਸਨ, ਪੜ੍ਹਾਈ ਵੱਲੋਂ ਉਹ ਵਿਗਿਆਨੀ ਸਨ ਪਰ ਪੰਜਾਬ ਤੇ ਇੱਥੋਂ ਦੇ ਵਿਰਸੇ ਨਾਲ ਉਨ੍ਹਾਂ ਨੂੰ ਅਥਾਹ ਲਗਾਵ ਸੀ। ਸ਼ਾਇਦ ਹੀ ਹੋਰ ਕਿਸੇ ਨੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਇਨ੍ਹਾਂ ਵਾਂਗ ਯਤਨ ਕੀਤੇ ਹੋਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5038)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)