“ਵਿਦੇਸ਼ਾਂ ਵਿੱਚ ਕਈ ਨਕਲੀ ਕਾਲਜ ਖੁੱਲ੍ਹੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਹੀ ਖੋਲ੍ਹਿਆ ਹੁੰਦਾ ਹੈ। ਦਾਖਲਾ ਹਮੇਸ਼ਾ ਘੋਖ ...”
(27 ਜਨਵਰੀ 2024)
ਇਸ ਸਮੇਂ ਪਾਠਕ: 310.
ਪੰਜਾਬ ਵਿੱਚ ਆਰੀਆ ਲੋਕਾਂ ਦੀ ਆਮਦ ਆਪਣੇ ਡੰਗਰਾਂ ਲਈ ਨਵੀਆਂ ਚਰਾਂਦਾਂ ਦੀ ਭਾਲ ਕਾਰਨ ਹੀ ਹੋਈ ਸੀ। ਹੁਣ ਵੀ ਜਦੋਂ ਪੰਜਾਬੀਆਂ ਨੂੰ ਕਿਸੇ ਵੀ ਥਾਂ ਨਵੀਆਂ ਚਰਾਂਦਾਂ ਭਾਵ ਵਧੇਰੇ ਸੁਖੀ ਜੀਵਨ ਜੀਉਣ ਲਈ ਪੈਸੇ ਕਮਾਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਖਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਨਵੀਆਂ ਥਾਵਾਂ ਉੱਤੇ ਪੁੱਜ ਜਾਂਦੇ ਹਨ ਅਤੇ ਉੱਥੇ ਹੀ ਪੱਕਾ ਠਿਕਾਣਾ ਬਣਾ ਲੈਂਦੇ ਹਨ। ਪੰਜਾਬੀਆਂ, ਵਿਸ਼ੇਸ਼ ਕਰਕੇ ਸਰਦਾਰਾਂ ਬਾਰੇ ਇਹ ਚੁਟਕਲਾ ਜ਼ਰੂਰ ਸੁਣਿਆ ਹੋਵੇਗਾ ਕਿ ਜਦੋਂ ਹਿਲੇਰੀ ਅਤੇ ਤੇਨ ਸਿੰਘ ਨੇ ਚੰਦਰਮਾ ਦੀ ਧਰਤੀ ਉੱਤੇ ਪੈਰ ਰੱਖੇ ਤਾਂ ਉਨ੍ਹਾਂ ਦਾ ਸਵਾਗਤ ਉੱਥੇ ਵਸਦੇ ਇੱਕ ਸਰਦਾਰ ਜੀ ਨੇ ਗਰਮਾ ਗਰਮ ਚਾਹ ਦਾ ਪਿਆਲਾ ਦੇ ਕੇ ਕੀਤਾ ਸੀ। ਇਹ ਵੀ ਆਮ ਆਖਿਆ ਜਾਂਦਾ ਹੈ ਕਿ ਆਲੂ ਅਤੇ ਪੰਜਾਬੀ ਹਰ ਥਾਂ ਮਿਲ ਜਾਂਦੇ ਹਨ। ਪੰਜਾਬੀ, ਵਿਸ਼ੇਸ਼ ਕਰਕੇ ਸਿੱਖ, ਮਿਹਨਤੀ ਅਤੇ ਖਤਰਿਆਂ ਨਾਲ ਖੇਡਣ ਵਾਲਿਆਂ ਵਿੱਚ ਗਿਣੇ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਬਹਾਦੁਰ ਜਵਾਨ ਕਰਕੇ ਜਾਣਿਆ ਜਾਂਦਾ ਹੈ। ਦੇਸ਼ ਦਾ ਕੋਈ ਵੀ ਸੂਬਾ ਅਤੇ ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ, ਜਿੱਥੇ ਇਨ੍ਹਾਂ ਦੇ ਵਧੀਆ ਖੇਤੀਫਾਰਮ ਨਾ ਹੋਣ। ਇਹ ਜੋ ਠਾਣ ਲੈਂਦੇ ਹਨ, ਉਸ ਨੂੰ ਕਰਕੇ ਵਿਖਾਉਂਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਦੇਸ਼ ਵਿੱਚੋਂ ਭੁੱਖਮਰੀ ਦੂਰ ਕਰਨ ਲਈ ਪੱਛਮੀ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਤਾਂ ਜੰਗਲਾਂ ਨੂੰ ਆਪਣੀ ਮਿਹਨਤ ਨਾਲ ਸਾਫ ਕਰਕੇ ਪੰਜਾਬੀਆਂ ਨੇ ਲਹਿਲਹਾਉਂਦੇ ਖੇਤਾਂ ਵਿੱਚ ਤਬਦੀਲ ਕਰ ਦਿੱਤਾ। ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ। ਇਸ ਪਾਸਿਉਂ ਜਿਹੜੇ ਪੰਜਾਬੀ ਗੱਡੇ ਜੋੜ ਬਾਰਾਂ ਅਬਾਦ ਕਰਨ ਗਏ ਸਨ, ਉਹ ਉਨ੍ਹਾਂ ਹੀ ਗੱਡਿਆਂ ਉੱਤੇ ਸਭੋ ਕੁਝ ਲੁਟਾ ਖਾਲੀ ਵਾਪਸ ਆਪਣੇ ਪਿਛਲੇ ਪਿੰਡਾਂ ਨੂੰ ਆਏ। ਪਰ ਇਸ ਪਾਸੇ ਪੈਰ ਲੱਗਦਿਆਂ ਹੀ ਉਨ੍ਹਾਂ ਮਿਹਨਤ ਕੀਤੀ ਤੇ ਪੂਰਬੀ ਪੰਜਾਬ ਨੂੰ ਹਰੇ ਇਨਕਲਾਬ ਦੀ ਕਰਮਭੂਮੀ ਬਣਾ ਦਿੱਤਾ। ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਬਾਦ ਕਰਨ ਵਾਲੇ ਵੀ ਪੰਜਾਬੀ ਹੀ ਸਨ। ਇਸੇ ਤਰ੍ਹਾਂ ਰਾਜਸਥਾਨ ਦੇ ਰੇਤਲੇ ਟਿੱਬਿਆਂ ਨੂੰ ਲਹਿਲਹਾਉਂਦੇ ਖੇਤਾਂ ਵਿੱਚ ਵੀ ਪੰਜਾਬੀਆਂ ਨੇ ਹੀ ਤਬਦੀਲ ਕੀਤਾ। ਜਦੋਂ ਵੀ ਮੌਕਾ ਮਿਲਿਆ, ਉਨ੍ਹਾਂ ਵਿਦੇਸ਼ਾਂ ਵਿੱਚ ਜਾ ਆਪਣੀ ਮਿਹਨਤ ਨਾਲ ਬੁਲੰਦੀਆਂ ਨੂੰ ਛੋਹਿਆ।
ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਵਿੱਚ ਤੇਜ਼ੀ ਅਜ਼ਾਦੀ ਪਿੱਛੋਂ ਆਈ। ਸੱਠਵਿਆਂ ਵਿੱਚ ਇੰਗਲੈਂਡ ਨੂੰ ਕਾਮਿਆਂ ਦੀ ਲੋੜ ਪਈ ਤਾਂ ਉਨ੍ਹਾਂ ਵਿਦੇਸ਼ੀਆਂ ਲਈ ਰਾਹ ਖੋਲ੍ਹੇ। ਉਦੋਂ ਸਮੁੰਦਰੀ ਜਹਾਜ਼ ਦਾ ਕਿਰਾਇਆ ਕੇਵਲ 8 ਸੌ ਰੁਪਏ ਸੀ, ਹੌਸਲਾ ਕਰਕੇ ਚੋਖੇ ਪੰਜਾਬੀ ਇੰਗਲੈਂਡ ਪੁੱਜ ਗਏ। ਦੇਸ਼ ਫੇਰੀ ਸਮੇਂ ਉਨ੍ਹਾਂ ਵਧੀਆ ਘਰਾਂ ਦੀਆਂ ਉਸਾਰੀਆਂ ਕੀਤੀਆਂ, ਜ਼ਮੀਨਾਂ ਖਰੀਦੀਆਂ ਅਤੇ ਆਪਣੀ ਅਮੀਰੀ ਦਾ ਵਿਖਾਵਾ ਕੀਤਾ। ਇਹ ਵੇਖ ਇੱਥੇ ਰਹਿੰਦੇ ਪੰਜਾਬੀਆਂ ਨੇ ਵੀ ਵਿਦੇਸ਼ ਜਾਣ ਦੇ ਸਹੀ ਹੀ ਨਹੀਂ, ਸਗੋਂ ਗਲਤ ਢੰਗ ਵੀ ਅਪਣਾਏ, ਜਿਸ ਕਰਕੇ ਸੈਂਕੜੇ ਨੌਜਵਾਨਾਂ ਦੀਆਂ ਜਾਨਾਂ ਵੀ ਗਈਆਂ ਤੇ ਵਿਦੇਸ਼ੀ ਜੇਲ੍ਹਾਂ ਵਿੱਚ ਵੀ ਜਾਣਾ ਪਿਆ।
ਹੁਣ ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਵਿਦੇਸ਼ੀ ਲਾੜਿਆਂ ਨੇ ਇੱਧਰ ਆ ਕੇ ਵਿਆਹ ਕਰਵਾਉਣ ਨੂੰ ਵਿਉਪਾਰ ਹੀ ਬਣਾ ਲਿਆ ਸੀ। ਹੁਣ ਕੁਝ ਦੇਸ਼ਾਂ ਜਿਵੇਂ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਨੇ ਪੜ੍ਹਾਈ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਇਨ੍ਹਾਂ ਵਿੱਚ ਕੈਨੇਡਾ ਵੱਲ ਸਭ ਤੋਂ ਵੱਧ ਰੁਖ ਹੋਇਆ ਹੈ। ਦਾਖਲੇ ਲਈ ਅੰਗਰੇਜ਼ੀ ਦਾ ਇੱਕ ਇਮਤਿਹਾਨ ਆਈਲੈਟਸ ਪਾਸ ਕਰਨਾ ਪੈਂਦਾ ਹੈ। ਮੁੰਡਿਆਂ ਨਾਲੋਂ ਕੁੜੀਆਂ ਇਸ ਨੂੰ ਪਾਸ ਕਰਨ ਵਿੱਚ ਵਧੇਰੇ ਸਫ਼ਲ ਹੋ ਰਹੀਆਂ ਹਨ। ਪਹਿਲਾਂ ਜਿੱਥੇ ਮੁੰਡੇ ਵਿਆਹ ਕੇ ਇੱਥੋਂ ਕੁੜੀਆਂ ਲੈ ਜਾਂਦੇ ਸਨ, ਹੁਣ ਕੁੜੀਆਂ ਮੁੰਡਿਆਂ ਨਾਲ ਇਸ ਸ਼ਰਤ ਉੱਤੇ ਵਿਆਹ ਕਰਵਾ ਰਹੀਆਂ ਹਨ ਕਿ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ। ਪਹਿਲਾਂ ਸਾਲਾਂ ਬੱਧੀ ਵਿਆਹੀਆਂ ਕੁੜੀਆਂ ਆਪਣੇ ਕਾਗਜ਼ਾਂ ਦੀ ਉਡੀਕ ਕਰਦੀਆਂ ਸਨ, ਹੁਣ ਮੁੰਡਿਆਂ ਦੇ ਵੀ ਉਹੋ ਜਿਹੇ ਹਾਲ ਦੀਆਂ ਖਬਰਾਂ ਮਿਲ ਰਹੀਆਂ ਹਨ।
ਬੱਚੇ ਪੜ੍ਹਾਈ ਰਾਹੀਂ ਵਿਦੇਸ਼ ਭੇਜਣਾ ਕੋਈ ਬੁਰਾ ਨਹੀਂ ਹੈ ਪਰ ਇਸਦੀ ਪੂਰੀ ਤਿਆਰੀ ਦੀ ਲੋੜ ਹੈ। ਹੁਣ +2 ਤੋਂ ਪਿੱਛੋਂ ਮੁੰਡੇ ਕੁੜੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉੱਥੇ ਪਹੁੰਚ ਕੇ ਪੈਸੇ ਭੇਜਣੇ ਸ਼ੁਰੂ ਕਰਨ ਤਾਂ ਜੋ ਚੁੱਕਿਆ ਕਰਜ਼ਾ ਮੋੜਿਆ ਜਾ ਸਕੇ। ਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਨੇਡਾ ਹਵਾਈ ਅੱਡੇ ਉੱਤੇ ਪੁੱਜਦਿਆਂ ਹੀ ਬੱਚਿਆਂ ਲਈ ਨੌਕਰੀਆਂ ਤਿਆਰ ਨਹੀਂ ਮਿਲਦੀਆਂ। ਪੜ੍ਹਾਈ ਦੌਰਾਨ ਬੱਚਿਆਂ ਨੂੰ ਇੱਕ ਸੀਮਤ ਸਮੇਂ ਲਈ ਕੰਮ ਕਰਨ ਦੀ ਆਗਿਆ ਮਿਲਦੀ ਹੈ, ਜਿਸ ਨਾਲ ਰੋਟੀ ਦਾ ਹੀ ਮਸਾਂ ਗੁਜ਼ਾਰਾ ਹੁੰਦਾ ਹੈ। ਬੱਚੇ ਨੇ ਕਮਰੇ ਦਾ ਕਿਰਾਇਆ ਦੇਣਾ ਹੁੰਦਾ ਹੈ, ਕਾਲਜ ਦੀ ਫੀਸ ਵੀ ਭਰਨੀ ਹੁੰਦੀ ਹੈ, ਜਿਸ ਲਈ ਪੈਸਿਆਂ ਦੀ ਲੋੜ ਹੁੰਦੀ ਹੈ। ਛੋਟੀ ਉਮਰ ਵਿੱਚ ਜਿਸ ਬੱਚੇ ਨੇ ਇੱਥੇ ਕੋਈ ਕੰਮ ਨਾ ਕੀਤਾ ਹੋਵੇ, ਉਸ ਲਈ ਮਜ਼ਦੂਰੀ ਕਰਨੀ ਔਖੀ ਹੁੰਦੀ ਹੈ। ਖਰਚਾ ਪੂਰਾ ਕਰਨ ਲਈ ਤਿੰਨ ਚਾਰ ਵਿਦਿਆਰਥੀ ਰਲ ਕੇ ਇੱਕ ਕਮਰਾ ਕਿਰਾਏ ਉੱਤੇ ਲੈਂਦੇ ਹਨ। ਜੇਕਰ ਚਾਰ ਕੁੜੀਆਂ ਇਕੱਠੀਆਂ ਨਾ ਹੋ ਸਕਣ ਤਾਂ ਕੁੜੀਆਂ ਨੂੰ ਮੁੰਡਿਆਂ ਨਾਲ ਰਹਿਣਾ ਪੈਂਦਾ ਹੈ।
ਜਦੋਂ ਲੋੜ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਖਰਚੇ ਪੂਰੇ ਕਰਨ ਲਈ ਬੱਚੇ ਗਲਤ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਮੇਰੀ ਮਾਪਿਆਂ ਨੂੰ ਅਪੀਲ ਹੈ ਕਿ ਬੱਚੇ ਨੂੰ ਬਾਹਰ ਗ੍ਰੈਜੂਏਸ਼ਨ ਪਿੱਛੋਂ ਹੀ ਭੇਜਿਆ ਜਾਵੇ ਅਤੇ ਉਸ ਨੂੰ ਕਿਸੇ ਨਾ ਕਿਸੇ ਹੁਨਰ ਦੀ ਸਿਖਲਾਈ ਦਿੱਤੀ ਜਾਵੇ। ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਘੱਟੋ ਘੱਟ ਛੇ ਮਹੀਨਿਆਂ ਦਾ ਸਾਰਾ ਖਰਚਾ ਬੱਚੇ ਨੂੰ ਇੱਥੋਂ ਭੇਜਿਆ ਜਾਵੇ। ਕਿਉਂਕਿ ਵਿਦੇਸ਼ ਵਿੱਚ ਡਾਲਰ ਰੁੱਖਾਂ ਨਾਲ ਨਹੀਂ ਲਗਦੇ, ਜਿਸਮਾਨੀ ਮਿਹਨਤ ਕਰਨੀ ਪੈਂਦੀ ਹੈ। ਕੱਚੀ ਉਮਰ ਵਿੱਚ ਇੰਨੀ ਮੁਸ਼ੱਕਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਜੇਕਰ ਇੱਥੋਂ ਪੈਸੇ ਭੇਜਣ ਦੀ ਹਿੰਮਤ ਨਹੀਂ ਹੈ ਤਾਂ ਉੱਥੇ ਤੁਹਾਡਾ ਕੋਈ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੋਣਾ ਚਾਹੀਦਾ ਹੈ, ਜਿਹੜਾ ਬੱਚੇ ਦੀ ਮਾਇਕ ਸਹਾਇਤਾ ਕਰ ਸਕੇ ਅਤੇ ਉਸ ਦੇ ਰਹਿਣ ਦੇ ਪ੍ਰਬੰਧ ਵਿੱਚ ਵੀ ਸਹਾਈ ਹੋਵੇ।
ਦਾਖਲਾ, ਵੀਜ਼ਾ ਤੇ ਹੋਰ ਕਾਰਵਾਈ ਲਈ ਕਿਸੇ ਭਰੋਸੇਯੋਗ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਟ ਰਾਹੀਂ ਫਾਈਲ ਲਗਾਉਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਕਈ ਨਕਲੀ ਕਾਲਜ ਖੁੱਲ੍ਹੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਹੀ ਖੋਲ੍ਹਿਆ ਹੁੰਦਾ ਹੈ। ਦਾਖਲਾ ਹਮੇਸ਼ਾ ਘੋਖ ਕਰਕੇ ਸਰਕਾਰੀ ਕਾਲਜ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਾਲਜ ਵਿੱਚ ਹੀ ਲੈਣਾ ਚਾਹੀਦਾ ਹੈ। ਫਰਜ਼ੀ ਕਾਲਜ ਕਿਸੇ ਸਮੇਂ ਵੀ ਬੰਦ ਹੋ ਸਕਦੇ ਹਨ। ਉਨ੍ਹਾਂ ਦੀਆਂ ਡਿਗਰੀਆਂ ਵੀ ਫਰਜ਼ੀ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਨੌਕਰੀ ਲੈਣ ਸਮੇਂ ਮਾਨਤਾ ਨਹੀਂ ਦਿੱਤੀ ਜਾਂਦੀ।
ਬੱਚੇ ਨੂੰ ਪੜ੍ਹਾਈ ਕਰਨ ਦੇ ਬਹਾਨੇ ਵਿਦੇਸ਼ ਭੇਜਣ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਮਿੱਤਰ ਅਜਿਹਾ ਹੋਣਾ ਚਾਹੀਦਾ ਹੈ, ਜਿਹੜਾ ਬੱਚੇ ਨੂੰ ਏਅਰਪੋਰਟ ਤੋਂ ਲੈ ਕੇ ਆਪਣੇ ਘਰ ਕੁਝ ਦਿਨ ਰੱਖੇ। ਬੱਚੇ ਦੇ ਰਹਿਣ ਅਤੇ ਕਾਲਜ ਜਾਣ ਦੇ ਪ੍ਰਬੰਧ ਕਰਨ ਵਿੱਚ ਸਹਾਇਤਾ ਕਰੇ ਅਤੇ ਬੱਚੇ ਦੇ ਸੰਪਰਕ ਵਿੱਚ ਰਹੇ ਤਾਂ ਜੋ ਲੋੜ ਪੈਣ ਉੱਤੇ ਬੱਚੇ ਦੀ ਸਹਾਇਤਾ ਕੀਤੀ ਜਾ ਸਕੇ। ਕੋਈ ਵੀ ਬੱਚਾ ਕੁਰਾਹੇ ਨਹੀਂ ਪੈਣਾ ਚਾਹੁੰਦਾ ਪਰ ਜਦੋਂ ਬਹੁਤ ਹੀ ਮਜਬੂਰੀ ਹੋਵੇ, ਉਦੋਂ ਹੀ ਅਜਿਹਾ ਕਰਨਾ ਪੈਂਦਾ ਹੈ। ਕੋਸ਼ਿਸ਼ ਕਰੋ ਕਿ ਇੱਥੋਂ ਬੱਚਾ ਗ੍ਰੈਜੂਏਸ਼ਨ ਪੂਰੀ ਕਰਕੇ ਜਾਵੇ ਅਤੇ ਕੋਈ ਨਾ ਕੋਈ ਹੁਨਰ ਵਿੱਚ ਮੁਹਾਰਤ ਹਾਸਲ ਕਰੇ ਤਾਂ ਜੋ ਉਸ ਨੂੰ ਲੋੜ ਅਨੁਸਾਰ ਕੰਮ ਮਿਲ ਸਕੇ। ਸਕੂਲ ਦੀ ਫੀਸ ਦੇਣ ਤੋਂ ਇਲਾਵਾ ਘੱਟੋ ਘੱਟ ਛੇ ਮਹੀਨਿਆਂ ਲਈ ਬੱਚੇ ਨੂੰ ਖਰਚਾ ਭੇਜਿਆ ਜਾਵੇ। ਜਾਂਦੇ ਸਾਰ ਕੰਮ ਮਿਲਣਾ ਸੌਖਾ ਨਹੀਂ ਹੈ ਅਤੇ ਇਸਦਾ ਪੜ੍ਹਾਈ ਉੱਤੇ ਵੀ ਅਸਰ ਪੈਂਦਾ ਹੈ। ਬੱਚੇ ਤੋਂ ਪੜ੍ਹਾਈ ਦੌਰਾਨ ਉਮੀਦ ਨਾ ਕੀਤ ਜਾਵੇ ਕਿ ਉਹ ਕੋਈ ਪੈਸੇ ਭੇਜ ਸਕੇ। ਜਿੰਨਾ ਕੁ ਕੰਮ ਕਰਨ ਨੂੰ ਮਿਲਦਾ ਹੈ ਉਸ ਨਾਲ ਤਾਂ ਆਪਣਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਜਦੋਂ ਬੱਚਿਆਂ ਉੱਤੇ ਮਾਇਕ ਦਬਾ ਪਾਇਆ ਜਾਂਦਾ ਹੈ ਤਾਂ ਉਹ ਮਾਨਸਿਕ ਤਣਾਵ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਪੜ੍ਹਾਈ ਅਤੇ ਕੰਮ ਵਲ ਪੂਰਾ ਧਿਆਨ ਨਹੀਂ ਦੇ ਸਕਦੇ। ਕੁੜੀਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਨਾਲ ਸੰਪਰਕ ਬਣਾ ਕੇ ਰੱਖੋ ਅਤੇ ਪੈਸੇ ਭੇਜਣ ਲਈ ਮਜਬੂਰ ਨਾ ਕਰੋ। ਜਦੋਂ ਕੋਈ ਚਾਰਾ ਨਹੀਂ ਚਲਦਾ ਤਾਂ ਪੈਸੇ ਕਮਾਉਣ ਲਈ ਕੁਰਾਹੇ ਪੈਣ ਲਈ ਮਜਬੂਰ ਹੋਣਾ ਪੈਂਦਾ ਹੈ। ਹਮੇਸ਼ਾ ਬੱਚੇ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕੇ। ਵਿਦੇਸ਼ ਵਿੱਚ ਪੈਸਾ ਕਮਾਉਣਾ ਬਹੁਤ ਹੀ ਮੁਸ਼ਕਿਲ ਹੈ। ਇਹ ਸਮਝ ਕੇ ਹੀ ਬੱਚਿਆਂ ਨੂੰ ਪੜ੍ਹਾਈ ਬਹਾਨੇ ਵਿਦੇਸ਼ ਭੇਜਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4673)
(ਸਰੋਕਾਰ ਨਾਲ ਸੰਪਰਕ ਲਈ: (