“ਸਮੇਂ ਸਮੇਂ ਸਿਰ ਸਟੂਡੀਓ ਵਿੱਚ ਪਹੁੰਚੀਆਂ ਮਹਾਨ ਹਸਤੀਆਂ ਦੇ ਚਿੱਤਰਾਂ ਦੀ ਸੰਭਾਲ ...”
(9 ਜੁਲਾਈ 2024)
ਇਸ ਸਮੇਂ ਪਾਠਕ: 285.
ਮੇਰੇ ਦੋਸਤ ਤਾਂ ਸਾਰੇ ਹੀ ਨਿੱਘੇ ਸੁਭਾਉ ਵਾਲੇ ਹਨ, ਲੋੜ ਪੈਣ ਉੱਤੇ ਹਮੇਸ਼ਾ ਨਾਲ ਖੜ੍ਹਨ ਵਾਲੇ, ਪਰ ਇਹ ਦੋਸਤ ਬਿਲਕੁਲ ਨਿਰਾਲਾ ਸੀ। ਉਸ ਦੇ ਮੱਥੇ ਉੱਤੇ ਕਦੇ ਵੀ ਵੱਟ ਜਾਂ ਨਿਰਾਸ਼ਾ ਦੀ ਝਲਕ ਨਹੀਂ ਮਿਲਦੀ ਸੀ। ਤੁਸੀਂ ਕਦੇ ਵੀ ਉਸ ਕਿਲ ਚਲੇ ਜਾਵੋ, ਹਮੇਸ਼ਾ ਖਿੜੇ ਮੱਥੇ ਸਵਾਗਤ ਹੁੰਦਾ ਸੀ। ਉਸ ਦੇ ਕਮਰੇ ਗਰਮੀਆਂ ਵਿੱਚ ਠੰਢੇ ਅਤੇ ਸਰਦੀਆਂ ਵਿੱਚ ਨਿੱਘੇ, ਅੰਦਰ ਵੜਦਿਆਂ ਹੀ ਆਪਣੇ ਕਲਾਵੇ ਵਿੱਚ ਲੈ ਲੈਂਦੇ ਸਨ। ਬੈਠਣ ਵਾਲਾ ਛੋਟਾ ਜਿਹਾ ਕਮਰਾ ਨਿੱਘ ਪਿਆਰ ਭਰਿਆ ਸੀ। ਸੁੰਦਰ ਤਸਵੀਰਾਂ ਨਾਲ ਸਜਾਇਆ ਇਹ ਕਮਰਾ ਤਾਜ਼ਗੀ ਦੀ ਬਖਸ਼ਿਸ਼ ਕਰਦਾ ਸੀ। ਨਿੱਘ ਭਰਿਆ ਮਾਹੌਲ, ਪਾਣੀ ਦੀ ਠੰਢਕ ਅਤੇ ਚਾਹ ਦੀ ਗਰਮੀ ਸਰੀਰਕ ਅਤੇ ਮਾਨਸਿਕ ਤਣਾਵ ਨੂੰ ਹੌਲੀ ਹੌਲੀ ਦੂਰ ਕਰਕੇ ਰੂਹ ਨੂੰ ਖੇੜਾ ਪ੍ਰਾਪਤ ਹੋ ਜਾਂਦਾ ਸੀ। ਬਹੁਤੀ ਵਾਰ ਉੱਥੇ ਕਿਸੇ ਮਹਾਂਪੁਰਸ਼, ਵਿਗਿਆਨੀ, ਨੇਤਾ ਜਾਂ ਕਿਸੇ ਵੱਡੇ ਅਫਸਰ ਨਾਲ ਮੁਲਾਕਾਤ ਹੋ ਜਾਂਦੀ ਸੀ। ਇੰਝ ਵਾਕਫ਼ੀਅਤ ਦਾ ਘੇਰਾ ਵੀ ਵਿਸ਼ਾਲ ਹੁੰਦਾ ਸੀ। ਉੱਥੋਂ ਦੇ ਮੁੱਖ ਪ੍ਰਬੰਧਕ ਤੇਜ ਪ੍ਰਤਾਪ ਸਿੰਘ ਸੰਧੂ ਹੋਰਾਂ ਦੇ ਮੁਖ ਉੱਤੇ ਹਮੇਸ਼ਾ ਖੇੜਾ ਅਤੇ ਪ੍ਰਮਾਤਮਾ ਦੀ ਸ਼ੁਕਰਗੁਜ਼ਾਰੀ ਹੀ ਨਜ਼ਰ ਆਉਂਦੀ ਸੀ। ਉਸ ਨੂੰ ਕੁਦਰਤ ਨਾਲ ਪਿਆਰ ਅਤੇ ਉਸ ਦੀ ਸੁੰਦਰਤਾ ਨੂੰ ਆਪਣੇ ਕੈਮਰੇ ਰਾਹੀਂ ਸੰਭਾਲਣ ਦਾ ਸ਼ੌਕ ਸੀ। ਉਸ ਨੂੰ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਗੁੱਸਾ ਵੀ ਸੀ ਤੇ ਰੋਸ ਵੀ। ਉਸ ਦੇ ਕੈਮਰੇ ਨੇ ਇਨ੍ਹਾਂ ਕਾਰਨਾਮਿਆਂ ਨੂੰ ਕੈਦ ਕੀਤਾ ’ਤੇ ਇੱਕ ਵੱਡ ਅਕਾਰੀ ਪੁਸਤਕ ‘ਕੈਮਰੇ ਦੀ ਅੱਖ ਬੋਲਦੀ’ ਹੋਂਦ ਵਿੱਚ ਆਈ ਜਿਸਦਾ ਸਾਰੇ ਪਾਸਿਉਂ ਭਰਵਾਂ ਸਵਾਗਤ ਹੋਇਆ। ਹੌਲੀ ਹੌਲੀ ਉਹ ਗੁਰਬਾਣੀ ਨਾਲ ਜੁੜਿਆ, ਜਿਸ ਨੇ ਉਸ ਦਾ ਕੇਵਲ ਸਰੂਪ ਹੀ ਨਹੀਂ ਬਦਲਿਆ ਸਗੋਂ ਸੋਚ, ਵਿਚਾਰ, ਕਿਰਦਾਰ, ਵਿਹਾਰ ਸਭੋ ਕੁਝ ਹੀ ਤਬਦੀਲ ਕਰ ਦਿੱਤਾ। ਉਸ ਆਪਣੀ ਫੋਟੋਗ੍ਰਾਫੀ ਦੀ ਕਲਾ ਦੀ ਵਰਤੋਂ ਲੋਕਾਈ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼ੁਰੂ ਕਰ ਦਿੱਤੀ, ਜਿਸ ਸਦਕਾ ਉਸ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਮਹਾਂਪੁਰਖਾਂ, ਧਾਰਮਿਕ ਆਗੂਆਂ ਦਾ ਹੀ ਪਿਆਰ ਨਸੀਬ ਨਹੀਂ ਹੋਇਆ ਸਗੋਂ ਸੰਗਤਾਂ ਵੱਲੋਂ ਵੀ ਭਰਵਾਂ ਪਿਆਰ ਤੇ ਸਤਿਕਾਰ ਪ੍ਰਾਪਤ ਹੋਇਆ।
ਗੁਰਬਾਣੀ ਆਧਾਰਿਤ ਪਹਿਲੀ ਰਚਨਾ ਗੁਰੂ ਅਰਜਨ ਦੇਵ ਜੀ ਦੀ ਰਾਗ ਮਾਝ ਵਿੱਚ ਉਚਰੀ ਬਾਰਾਂਮਾਹ ਦੀ ਬਾਣੀ ਨਾਲ ਸੰਬੰਧਿਤ ਸੀ। ਖੇਤਾਂ ਵਿੱਚ ਖੜ੍ਹੇ ਇੱਕ ਰੁੱਖ ਨੂੰ ਅਧਾਰ ਬਣਾ ਕੇ ਉਸ ਦੇ ਚੌਗਿਰਦੇ ਆਉਂਦੀ ਹਰ ਮਹੀਨੇ ਦੀ ਤਬਦੀਲੀ ਨੂੰ ਕੈਮਰੇ ਵਿੱਚ ਉਤਾਰਿਆ। ਇਹ ਸੁੰਦਰ ਪੁਸਤਕ ਕੇਵਲ ਸਲਾਹੀ ਹੀ ਨਹੀਂ ਗਈ, ਸਗੋਂ ਬਹੁਤ ਸਾਰੇ ਗੁਰੂ ਘਰਾਂ ਵਿੱਚ ਇਸ ਨੂੰ ਸਥਾਈ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਗੁਰੂ ਪੰਥ ਦੀ ਅਰਦਾਸ ਨੂੰ ਤਸਵੀਰਾਂ ਨਾਲ ਸਾਕਾਰ ਕਰਕੇ ਸਰਾਭਾ ਨਗਰ ਲੁਧਿਆਣਾ ਦੇ ਸੁੰਦਰ ਗੁਰੂ ਘਰ ਵਿੱਚ ਪੱਕੇ ਤੌਰ ਉੱਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਸਭ ਤੋਂ ਵੱਡਾ ਸ਼ਾਹਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ 31 ਮੁੱਖ ਰਾਗਾਂ ਦੇ ਗਾਇਨ ਸਮੇਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਕਈ ਸਾਲ ਲਾ ਕੇ ਕੀਤੀ ਫੋਟੋਗ੍ਰਾਫੀ ਹੈ। ਇਨ੍ਹਾਂ ਤਸਵੀਰਾਂ ਆਧਾਰਿਤ ਇੱਕ ਸੁੰਦਰ ਕੌਫੀ ਟੇਬਲ ਬੁੱਕ ਪ੍ਰਕਾਸ਼ਿਤ ਕੀਤੀ ਗਈ, ਜਿਸਦੇ ਅੰਗਰੇਜ਼ੀ ਅਨੁਵਾਦ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਗਿਆ। ਮੁੜ ਇਸ ਨੂੰ ਜਵੱਦੀ ਟਕਸਾਲ ਵੱਲੋਂ ਛਾਪਿਆ ਗਿਆ ਹੈ। ਇਹ ਤਸਵੀਰਾਂ ਕੇਵਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੀ ਪ੍ਰਦਰਸ਼ਿਤ ਨਹੀਂ ਕੀਤੀਆਂ ਗਈਆਂ, ਸਗੋਂ ਦੇਸ਼-ਵਿਦੇਸ਼ ਵਿੱਚ ਕਈ ਗੁਰੂ ਘਰਾਂ ਨੇ ਪੱਕੇ ਤੌਰ ਉੱਤੇ ਇਨ੍ਹਾਂ ਆਧਾਰਿਤ ਅਜਾਇਬ ਘਰ ਬਣਾਏ ਹਨ। ਇਸੇ ਤਰ੍ਹਾਂ ਘਰ ਦੇ ਵਿਹੜੇ ਵਿੱਚ ਲੱਗੇ ਰੁੱਖਾਂ ਅਤੇ ਬੂਟਿਆਂ ਦੇ ਪੱਤਿਆਂ ’ਤੇ ਲਿਖੀ ਇਬਾਰਤ ਨੂੰ ਪੱਕੇ ਰੂਪ ਵਿੱਚ ‘ਪੱਤੇ ਪੱਤੇ ਲਿਖੀ ਇਬਾਰਤ’ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਰਚਿਤ ਬਾਰਾਮਾਹ ਤੁਖਾਰੀ ਨੂੰ ਵੀ ਤਸਵੀਰਾਂ ਨਾਲ ਸੰਸ਼ੋਧਿਤ ਕਰਕੇ ਸੁੰਦਰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਸ਼ੂ, ਪੰਛੀ, ਰੁੱਖ, ਬੂਟੇ, ਕੀਟ ਪਤੰਗੇ ਆਦਿ ਦੀਆਂ ਤਸਵੀਰਾਂ ਤਿਆਰ ਕਰਕੇ ਬਾਣੀ ਵਿੱਚ ਦਰਜ ਇਨ੍ਹਾਂ ਸੰਬੰਧੀ ਭਾਵਾਂ ਦੀ ਵਿਆਖਿਆ ਦਾ ਕੰਮ ਪੂਰਾ ਹੋਣ ਵਾਲਾ ਹੈ।
ਸਮੇਂ ਸਮੇਂ ਸਿਰ ਸਟੂਡੀਓ ਵਿੱਚ ਪਹੁੰਚੀਆਂ ਮਹਾਨ ਹਸਤੀਆਂ ਦੇ ਚਿੱਤਰਾਂ ਦੀ ਸੰਭਾਲ ਲੋਕ ਨਾਇਕ ਦੇ ਰੂਪ ਵਿੱਚ ਕੀਤੀ ਗਈ ਹੈ। ਇਸ ਨਵੇਕਲੇ ਸੰਧੂ ਸਟੂਡੀਓ ਦਾ ਉਦਘਾਟਨ ਅੱਜ ਤੋਂ 40 ਸਾਲ ਪਹਿਲਾਂ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਹੋਰਾਂ ਕੀਤਾ ਸੀ। ਉਨ੍ਹਾਂ ਨੇ ਹੀ 40 ਸਾਲਾਂ ਵਿੱਚੋਂ ਇਸਦੀ ਵਿਦਾਈ ਵੀ ਕੀਤੀ ਹੈ। ਸਰਕਟ ਹਾਊਸ ਦੇ ਨੇੜੇ ਫਿਰੋਜ਼ਪੁਰ ਰੋਡ ਲੁਧਿਆਣਾ ਉੱਤੇ ਸਥਾਪਿਤ ਇਹ ਕੇਵਲ ਇੱਕ ਸਟੂਡੀਓ ਹੀ ਨਹੀਂ ਸਗੋਂ ਇੱਕ ਸੰਸਥਾ ਸੀ, ਜਿੱਥੇ ਧਾਰਮਿਕ, ਰਾਜਨੀਤਕ ਤੇ ਸਮਾਜਿਕ ਵਿਸ਼ਿਆਂ ਉੱਤੇ ਸੰਬੰਧਿਤ ਮਾਹਿਰਾਂ ਦੀਆਂ ਗੰਭੀਰ ਵਿਚਾਰਾਂ ਹੁੰਦੀਆਂ ਸਨ। ਇਸ ਸਟੂਡੀਓ ਦੀ ਵਿਦਾਇਗੀ ਕੇਵਲ ਸ਼ਟਰ ਸੁੱਟ ਕੇ ਨਹੀਂ ਕੀਤੀ ਗਈ ਸਗੋਂ 22 ਜੂਨ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਵਧੀਆ ਸਮਾਗਮ ਰਾਹੀਂ ਕੀਤੀ ਗਈ। ਠੀਕ ਉਵੇਂ ਹੀ ਜਿਵੇਂ ਕਿਸੇ ਦੀ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ।
ਸੰਧੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਕਿਸੇ ਵੀ ਕਾਰਜ ਦੀ ਸਫ਼ਲਤਾ ਲਈ ਢੁਕਵੇਂ ਮਾਹੌਲ ਦੀ ਸਿਰਜਣਾ ਜ਼ਰੂਰੀ ਹੈ ਅਤੇ ਕਾਰਜ ਨੂੰ ਵੀ ਪੂਰੀ ਵਿਉਂਤਬੰਦੀ ਕਰਕੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਉਹ ਸਦਾ ਲਈ ਯਾਦਗਾਰ ਬਣ ਸਕੇ। ਇਹ ਸੱਚਮੁੱਚ ਹੀ ਯਾਦਗਾਰੀ ਪਲ ਸਨ। ਇੱਥੇ ਬੈਠਿਆਂ ਲਿਖਣ ਲਈ ਬਹੁਤ ਨਵੇਂ ਵਿਸ਼ੇ ਮਿਲਦੇ ਰਹੇ। ਮਹਾਂਪੁਰਸ਼ਾਂ ਦੀ ਸੰਗਤ ਨੇ ਗੁਰਬਾਣੀ ਦੇ ਹੋਰ ਨੇੜੇ ਲਿਆਂਦਾ ਜਿਸ ਸਦਕਾ ਗੁਰੂ ਉੱਤੇ ਭਰੋਸਾ ਪ੍ਰਪੱਕ ਹੋਇਆ ਤੇ ਉਹ ਹਮੇਸ਼ਾ ਮੁਸ਼ਕਿਲ ਵੇਲੇ ਅੰਗ ਸੰਗ ਰਹੇ। ਹਮੇਸ਼ਾ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਇਹ ਸੰਸਥਾਨ ਬੰਦ ਹੋ ਗਿਆ ਹੈ ਪਰ ਆਪਣੀ ਅਮਿਟ ਯਾਦ ਛੱਡ ਗਿਆ ਹੈ। ਕਰਮਚਾਰੀਆਂ ਨੇ ਤਾਂ ਸੇਵਾ ਮੁਕਤ ਹੋਣਾ ਹੀ ਹੈ ਪਰ ਨਿੱਜੀ ਅਦਾਰਿਆਂ ਵਿੱਚ ਵੀ ਢਲਦੀ ਉਮਰ ਨੂੰ ਵੇਖਦਿਆਂ ਹੌਲੀ ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅੱਡ ਕਰ ਲੈਣਾ ਚਾਹੀਦਾ ਹੈ ਤਾਂ ਜੋ ਪਿਛਲੀ ਉਮਰ ਦਾ ਨਿੱਘ ਅਤੇ ਆਨੰਦ ਆਪਣੀ ਮਰਜ਼ੀ ਨਾਲ ਮਾਣਿਆ ਜਾ ਸਕੇ ਅਤੇ ਰਹੀਆਂ ਰੀਝਾਂ ਦੀ ਪੂਰਤੀ ਕੀਤੀ ਜਾ ਸਕੇ।
ਉਂਝ ਵੀ ਪੰਜਾਬ ਵਿੱਚ ਨਿੱਤ ਕਾਰੋਬਾਰਾਂ ਦੇ ਸ਼ਟਰ ਪੱਕੇ ਤੌਰ ਉੱਤੇ ਬੰਦ ਹੋ ਰਹੇ ਹਨ। ਵਧੀਆ ਚਲਦੇ ਛੋਟੇ ਸਨਅਤੀ ਅਦਾਰੇ ਆਪਣੇ ਗੇਟ ਬੰਦ ਕਰ ਰਹੇ ਹਨ। ਪਿੰਡਾਂ ਦੀਆਂ ਗਲੀਆਂ ਤਾਂ ਪਹਿਲਾਂ ਹੀ ਸੁੰਨੀਆਂ ਹੋ ਚੁੱਕੀਆਂ ਹਨ। ਘਰਾਂ ਨੂੰ ਲੱਗੇ ਜੰਦਰੇ ਮਾਲਕਾਂ ਨੂੰ ਉਡੀਕਦੇ ਜੰਗਾਲ ਦੇ ਕਾਬੂ ਆ ਗਏ ਹਨ। ਸ਼ਾਇਦ ਹੁਣ ਉਨ੍ਹਾਂ ਨੂੰ ਖੋਲ੍ਹਣ ਮੁੜ ਕਿਸੇ ਨਹੀਂ ਆਉਣਾ। ਇਹ ਕਿਹੋ ਜਿਹੀ ਤਰਾਸਦੀ ਵਿੱਚ ਗੁਜ਼ਰ ਰਿਹਾ ਹੈ ਪੰਜਾਬ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5119)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.