“ਕਿਸੇ ਚਾਰ ਏਕੜ ਦੇ ਮਾਲਕ ਕਿਸਾਨ ਨੂੰ ਪੁੱਛਿਆ ਗਿਆ ਕਿ ਉਸ ਨੇ ...”
(26 ਜਨਵਰੀ 2025)
ਪਿਛਲੇ ਦਿਨੀਂ ਮੇਰੇ ਇੱਕ ਦੋਸਤ ਦੇ ਮੁੰਡੇ ਦਾ ਵਿਆਹ ਸੀ। ਕਾਰਡ ਦੇ ਨਾਲ ਮਠਿਆਈ ਦਾ ਡੱਬਾ ਵੀ ਸੀ। ਉਸ ਆਖਿਆ, ਤੁਸੀਂ ਬਰਾਤ ਨਾਲ ਜ਼ਰੂਰ ਚੱਲਣਾ ਹੈ, ਸਿੱਧੇ ਹੀ ਮੈਰੇਜ ਪੈਲੇਸ ਪੁੱਜ ਜਾਣਾ। ਮੈਂ ਦੱਸੇ ਸਮੇਂ ਤੋਂ ਕੋਈ ਅੱਧਾ ਘੰਟਾ ਪਛੜ ਕੇ ਗਿਆ ਪਰ ਉੱਥੇ ਜਾ ਕੇ ਵੇਖਿਆ ਕਿ ਪਹਿਲਾਂ ਆਉਣ ਵਾਲਿਆਂ ਵਿੱਚ ਮੈਂ ਹੀ ਸਾਂ। ਕੋਈ ਵਾਕਫ਼ ਵੀ ਨਜ਼ਰ ਨਹੀਂ ਸੀ ਆ ਰਿਹਾ ਸੀ। ਕੁੜੀ ਵਾਲਿਆਂ ਦੇ ਹੀ ਕੁਝ ਬੰਦੇ ਹਾਜ਼ਰ ਸਨ। ਕੋਈ ਇੱਕ ਘੰਟੇ ਦੀ ਉਡੀਕ ਪਿੱਛੋਂ ਪਤਾ ਚੱਲਿਆ ਕਿ ਬਰਾਤ ਪਹੁੰਚ ਗਈ ਹੈ। ਉੱਠ ਬਰਾਤ ਵਿੱਚ ਜਾ ਰਲਿਆ। ਮਿਲਣੀਆਂ ਹੋਈਆਂ। ਆਪਣੇ ਦੋਸਤ ਨੂੰ ਲੱਭਿਆ। ਸ਼ਗਨ ਵਾਲਾ ਲਫਾਫਾ ਫੜਾਇਆ। ਉਸ ਆਖਿਆ, ਅਸੀਂ ਤਾਂ ਅਨੰਦ ਕਾਰਜ ਲਈ ਜਾ ਰਹੇ ਹਾਂ, ਤੁਸੀਂ ਰੋਟੀ ਖਾਕੇ ਹੀ ਜਾਇਓ। ਕੋਸ਼ਿਸ਼ ਕਰਨ ਉੱਤੇ ਵੀ ਮੈਂ ਮੁੜ ਉਸ ਨੂੰ ਮਿਲ ਨਹੀਂ ਸਕਿਆ। ਰੋਟੀ ਤੋਂ ਪਹਿਲਾਂ ਹੀ ਮੈਂ ਕਈ ਕੁਝ ਖਾ ਲਿਆ ਸੀ ਪਰ ਫਿਰ ਵੀ ਪਲੇਟ ਚੁੱਕੀ ਲਈ। ਲਾਈਨ ਲੱਗੀ ਹੋਈ ਸੀ। ਇੰਝ ਜਾਪਦਾ ਸੀ ਜਿਵੇਂ ਛੱਤੀ ਪਦਾਰਥ ਪਰੋਸੇ ਗਏ ਹੋਣ। ਸਾਰਾ ਕੁਝ ਥੋੜ੍ਹਾ ਥੋੜ੍ਹਾ ਪਾਇਆ, ਪਲੇਟ ਭਰ ਗਈ। ਕੁਝ ਖਾਧਾ ਤੇ ਬਾਕੀ ਉਵੇਂ ਹੀ ਛੱਡ ਦਿੱਤਾ। ਜੇਕਰ ਕੋਈ ਮੈਨੂੰ ਪੁੱਛਦਾ ਕਿਹੜੀ ਡਿਸ਼ ਵਧੀਆ ਸੀ ਤਾਂ ਮੈਂ ਦੱਸਣ ਦੇ ਕਾਬਿਲ ਨਹੀਂ ਸੀ, ਕਿਉਂਕਿ ਸਾਰਾ ਕੁਝ ਹੀ ਰਲ ਗਿਆ ਸੀ। ਚੁੱਪ ਕਰਕੇ ਉੱਥੋਂ ਖਿਸਕਣ ਦੀ ਕੀਤੀ।
ਪੰਜਾਬ ਵਿੱਚ ਆਏ ਹਰੇ ਇਨਕਲਾਬ ਦਾ ਅਸਰ, ਵਿਦੇਸ਼ਾਂ ਵਿੱਚ ਗਏ ਹੋਇਆਂ ਦਾ ਅਸਰ ਜਾਂ ਮੀਡੀਏ ਦਾ ਅਸਰ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਬੜੀ ਤੇਜ਼ੀ ਨਾਲ ਤਬਦੀਲੀ ਆਈ ਹੈ। ਰਹਿਣ ਸਹਿਣ ਦਾ ਢੰਗ, ਖਾਣ-ਪੀਣ ਦੀਆਂ ਆਦਤਾਂ ਜਾਂ ਸੱਭਿਆਚਾਰਕ ਰਸਮੋ-ਰਿਵਾਜ਼ ਸਾਰੇ ਹੀ ਤੇਜ਼ੀ ਨਾਲ ਬਦਲ ਗਏ ਹਨ। ਸਮਾਜਿਕ ਜੀਵਨ ਜਿਹੜਾ ਚਾਰ ਕੁ ਦਹਾਕੇ ਪਹਿਲਾਂ ਹੁੰਦਾ ਸੀ, ਉਹ ਕਿਤੇ ਵੀ ਨਜ਼ਰ ਆ ਰਿਹਾ। ਨਵੀਂ ਪੀੜ੍ਹੀ ਲਈ ਉਸ ਸਮੇਂ ਦੀਆਂ ਗੱਲਾਂ ਕਿੱਸੇ ਕਹਾਣੀਆਂ ਵਾਂਗ ਹੀ ਜਾਪਦੀਆਂ ਹਨ। ਸਾਡੇ ਸਮਾਜ ਵਿੱਚ ਵਿਆਹ ਦਾ ਸਮਾਗਮ ਸਭ ਤੋਂ ਮਹੱਤਵਪੂਰਨ ਅਤੇ ਖੁਸ਼ੀ ਭਰਿਆ ਮੰਨਿਆ ਜਾਂਦਾ ਹੈ ਪਰ ਸਮੇਂ ਦੇ ਬੀਤਣ ਨਾਲ ਇਸ ਵਿੱਚੋਂ ਅਪਣੱਤ, ਪਿਆਰ ਦਾ ਨਿੱਘ, ਮਿਲਾਪ ਅਲੋਪ ਹੋ ਰਿਹਾ ਹੈ ਤੇ ਇਹ ਇੱਕ ਰਸਮ ਬਣ ਕੇ ਹੀ ਰਹਿ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਆਹਾਂ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਖਰਚ ਕੀਤਾ ਜਾਂਦਾ ਹੈ। ਆਪਣੀ ਸ਼ਾਨ ਦਾ ਵਿਖਾਵਾ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਪਰ ਉਸ ਵਿੱਚ ਰਿਸ਼ਤਿਆਂ ਦਾ ਨਿੱਘ ਕਿਤੇ ਵੀ ਵਿਖਾਈ ਨਹੀਂ ਦਿੰਦਾ।
ਮੇਰਾ ਬਚਪਨ ਪਿੰਡ ਵਿੱਚ ਬੀਤਿਆ ਹੈ। ਮੈਂ ਵਿਆਹਾਂ ਸਮੇਂ ਦੀ ਖੁਸ਼ੀ ਅਤੇ ਪਿਆਰ ਦੇ ਨਿੱਘ ਨੂੰ ਅੱਖੀ ਵੇਖਿਆ ਹੀ ਨਹੀਂ ਸਗੋਂ ਉਸ ਨੂੰ ਮਾਣਿਆ ਵੀ ਹੈ। ਪਿੰਡ ਵਿੱਚ ਜਦੋਂ ਕਿਸੇ ਮੁੰਡੇ ਕੁੜੀ ਦਾ ਵਿਆਹ ਧਰਿਆ ਜਾਂਦਾ, ਸਾਰੀ ਗਲੀ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਪਿੰਡਾਂ ਵਿੱਚ ਆਮ ਕਰਕੇ ਇੱਕ ਗਲੀ ਜਾਂ ਬੀਹੀ ਵਿੱਚ ਇੱਕੋ ਪਰਿਵਾਰਿਕ ਪਿਛੋਕੜ ਦੇ ਪਰਿਵਾਰ ਵਸਦੇ ਹੁੰਦੇ ਸਨ। ਸਾਰਿਆਂ ਨੂੰ ਇੰਝ ਜਾਪਦਾ ਸੀ ਜਿਵੇਂ ਉਨ੍ਹਾਂ ਦੇ ਘਰ ਵਿਆਹ ਧਰਿਆ ਗਿਆ ਹੋਵੇ। ਮੰਗਣੀ ਦੀ ਰਸਮ ਤੋਂ ਲੈ ਕੇ ਡੋਲੀ ਤੁਰਨ ਤਕ ਹਰ ਰਸਮ ਪਿੰਡ ਦੀ ਪੰਚਾਇਤ ਭਾਵ ਸਿਆਣਿਆਂ ਅਤੇ ਸ਼ਰੀਕੇ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਸੀ। ਮੰਗਣੀ ਦੀ ਰਸਮ ਸਾਦੀ ਪਰ ਪਿਆਰ ਭਰੀ ਹੁੰਦੀ ਸੀ। ਮੁੰਡੇ ਦੀ ਝੋਲੀ ਵਿੱਚ ਕੁੜੀ ਦਾ ਪਿਓ ਸਵਾ ਰੁਪਇਆ, ਸੱਤ ਛੁਹਾਰੇ ਤੇ ਕੁਝ ਪਤਾਸ਼ੇ ਜਾਂ ਲੱਡੂ ਪਾਉਂਦਾ ਸੀ। ਹੁਣ ਵਾਂਗ ਵਧ ਚੜ੍ਹ ਕੇ ਲੈਣ ਦੇਣ ਨਹੀਂ ਹੁੰਦੇ ਸਨ। ਸ਼ਰੀਕੇ ਦੇ ਲੋਕ ਮੁੰਡੇ ਦੀ ਝੋਲੀ ਵਿੱਚ ਸ਼ਗਨ ਪਾਉਂਦੇ ਸਨ, ਜਿਸ ਨੂੰ ਨੇਉਂਦਾ ਪਾਉਣਾ ਆਖਿਆ ਜਾਂਦਾ ਸੀ। ਹਰ ਰਿਸ਼ਤੇਦਾਰ ਵੱਲੋਂ ਦਿੱਤੇ ਪੈਸਿਆਂ ਦਾ ਵੇਰਵਾ ਇੱਕ ਕਾਪੀ ਵਿੱਚ ਲਿਖਿਆ ਜਾਂਦਾ ਸੀ ਤਾਂ ਜੋ ਵਾਰੀ ਆਉਣ ਉੱਤੇ ਉੰਨੇ ਹੀ ਪੈਸੇ ਮੋੜੇ ਜਾ ਸਕਣ। ਇਹ ਰਿਵਾਜ਼ ਸ਼ਾਇਦ ਇੱਕ ਦੂਜੇ ਦੀ ਆਰਥਿਕ ਸਹਾਇਤਾ ਕਰਨ ਲਈ ਹੀ ਪਿਆ ਹੋਵੇਗਾ। ਵਿਆਹ ਸਾਰੇ ਸ਼ਰੀਕੇ ਦੀ ਸਾਂਝੀ ਜ਼ਿੰਮੇਵਾਰੀ ਗਿਣਿਆ ਜਾਂਦਾ ਸੀ। ਮਹੀਨਾ ਪਹਿਲਾਂ ਹੀ ਵਿਆਹ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ। ਉਦੋਂ ਨਵੇਂ ਕੱਪੜੇ ਕੇਵਲ ਵਿਆਹ ਸ਼ਾਦੀ ਦੇ ਮੌਕੇ ਹੀ ਸੁਆਏ ਜਾਂਦੇ ਸਨ। ਕੱਪੜੇ ਖਰੀਦਣ ਦਾ ਕੰਮ ਵੀ ਰਲ਼ ਕੇ ਹੀ ਕੀਤਾ ਜਾਂਦਾ ਸੀ। ਘਰ ਵਿੱਚ ਬੈਠ ਕੇ ਦਰਜੀ ਟੱਬਰ ਦੇ ਸਾਰੇ ਜੀਆਂ ਦੇ ਕੱਪੜਿਆਂ ਦੀ ਸਿਲਾਈ ਕਰਦਾ ਸੀ।
ਕਣਕ ਦੀ ਸਫਾਈ, ਦਾਲਾਂ ਦੀ ਦਲਾਈ, ਮਸਾਲਿਆਂ ਦਾ ਕੁੱਟਣਾ ਸਾਰੇ ਸ਼ਰੀਕੇ ਦੀਆਂ ਔਰਤਾਂ ਰਲ਼ ਕੇ ਹੀ ਕਰਦੀਆਂ ਹਨ। ਇੱਥੇ ਹੀ ਉਨ੍ਹਾਂ ਨੂੰ ਸੁਹਾਗ ਦੇ ਗੀਤ ਗਾਉਣ ਦਾ ਮੌਕਾ ਮਿਲ ਜਾਂਦਾ ਸੀ। ਵਟਣਾ ਵੀ ਤਿੰਨ-ਚਾਰ ਦਿਨ ਲਗਦਾ ਸੀ। ਘੱਟੋ-ਘੱਟ ਇੱਕ ਦਿਨ ਵਟਣਾ ਸ਼ਰੀਕੇ ਵਿੱਚੋਂ ਸਭ ਤੋਂ ਨੇੜਲੇ ਰਿਸ਼ਤੇ ਵਾਲੇ ਘਰ ਲਗਦਾ ਸੀ। ਰਾਤ ਨੂੰ ਜਾਗੋ ਕੱਢਦੀਆਂ ਔਰਤਾਂ ਵਟਣਾ ਲੱਗਣ ਪਿੱਛੋਂ ਕੁੜੀ ਜਾਂ ਮੁੰਡੇ ਨੂੰ ਆਪਣੇ ਘਰ ਲੈ ਕੇ ਆਉਂਦੀਆਂ ਸਨ। ਗਾਉਣ ਅਤੇ ਗਿੱਧੇ ਦਾ ਪ੍ਰੋਗਰਾਮ ਲਗਭਗ ਰੋਜ਼ ਹੀ ਹੁੰਦਾ ਸੀ। ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਸਾਰੇ ਪਿੰਡ ਵਿੱਚੋਂ ਹੀ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਸੀ। ਮੰਜੇ ਬਿਸਤਰੇ ਵੀ ਪਿੰਡੋਂ ਹੀ ਇਕੱਠੇ ਕੀਤੇ ਜਾਂਦੇ ਸਨ। ਵਿਆਹ ਵਾਲਿਆਂ ਦੇ ਰਿਸ਼ਤੇਦਾਰ ਅਤੇ ਬਰਾਤੀ ਸਾਰੇ ਪਿੰਡੇ ਦੇ ਹੀ ਪ੍ਰਾਹੁਣੇ ਸਮਝੇ ਜਾਂਦੇ ਸਨ। ਇੱਕ ਇਨ ਪਹਿਲਾਂ ਨਾਨਕਾ ਮੇਲਾ ਆਉਂਦਾ ਸੀ। ਨਾਨਕੇ ਵੀ ਸ਼ਰੀਕੇ ਵਿੱਚੋਂ ਔਰਤਾਂ ਮਰਦ ਇਕੱਠੇ ਹੋ ਕੇ ਆਉਂਦੇ ਸਨ। ਨਾਨਕਾ ਮੇਲ ਗੀਤ ਗਾਉਂਦਿਆਂ ਹੀ ਪਿੰਡ ਵੜਦਾ ਸੀ। ਅੱਗੋਂ ਦਾਦਕਿਆਂ ਵੱਲੋਂ ਵੀ ਔਰਤਾਂ ਦੇ ਗੀਤਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਸੀ।
ਆਮ ਤੌਰ ’ਤੇ ਬਰਾਤ ਦੀ ਇੱਕ ਰੋਟੀ ਨਾਨਕਿਆਂ ਦੀ ਹੁੰਦੀ ਸੀ। ਨਾਨਕੀ ਛੱਕ ਵਿੱਚ ਜੋ ਆਉਂਦਾ ਸੀ, ਉਸ ਨੂੰ ਸਤਿਕਾਰ ਨਾਲ ਵਿਹੜੇ ਵਿੱਚ ਰੱਖਿਆ ਜਾਂਦਾ ਸੀ ਤਾਂ ਜੋ ਦਾਦਕੇ ਉਸ ਨੂੰ ਵੇਖ ਸਕਣ। ਬਰਾਤ ਆਮ ਕਰਕੇ ਪੈਦਲ ਹੀ ਜਾਂਦੀ ਸੀ। ਬਰਾਤੀਆਂ ਦਾ ਸਮਾਨ ਗੱਡੇ ਉੱਤੇ ਅਤੇ ਵਿਆਹ ਵਾਲਾ ਮੁੰਡਾ ਗੱਡੀ ਵਿੱਚ ਜਾਂ ਰੱਥ ਵਿੱਚ ਜਾਂਦੇ ਸਨ। ਜੇਕਰ ਵਾਟ ਲੰਬੀ ਹੁੰਦੀ ਸੀ ਤਾਂ ਰਾਹ ਵਿੱਚ ਪੈਂਦੇ ਕਿਸੇ ਪਿੰਡ ਵਿੱਚ ਨਜ਼ਦੀਕੀ ਰਿਸ਼ਤੇਦਾਰ ਬਰਾਤ ਲਈ ਦੁਪਹਿਰ ਦੀ ਰੋਟੀ ਦਾ ਪ੍ਰਬੰਧ ਕਰਦੇ ਸਨ।
ਪਿੰਡੋਂ ਬਾਹਰ ਪੁੱਜਕੇ ਬਰਾਤ ਵੱਲੋਂ ਪਿੰਡ ਵਿੱਚ ਜਾਣ ਲਈ ਪਿੰਡੋਂ ਆਉਣ ਵਾਲੇ ਸੱਦੇ ਦੀ ਉਡੀਕ ਕੀਤੀ ਜਾਂਦੀ ਸੀ। ਬਰਾਤ ਦੇ ਸਵਾਗਤ ਦਾ ਪੂਰਾ ਪ੍ਰਬੰਧ ਹੋ ਜਾਣ ਉੱਤੇ ਪਿੰਡੋਂ ਨਾਈ ਜਾਂ ਵਿਚੋਲਾ ਬਰਾਤ ਨੂੰ ਸੱਦਣ ਜਾਂਦਾ ਸੀ। ਜੰਝਘਰ ਦੇ ਬਾਹਰ ਪਿੰਡ ਦੀ ਪੰਚਾਇਤ ਅਤੇ ਸਾਰੇ ਰਿਸ਼ਤੇਦਾਰ ਬਰਾਤ ਦਾ ਸਵਾਗਤ ਲਈ ਤਿਆਰ ਖੜ੍ਹੇ ਹੁੰਦੇ ਸਨ। ਔਰਤਾਂ ਵੱਲੋਂ ਸਿੱਠਣੀਆਂ ਦੇ ਵਿਚਕਾਰ ਮਿਲਣੀ ਦੀ ਰਸਮ ਪੂਰੀ ਕੀਤੀ ਜਾਂਦੀ ਸੀ। ਜੰਝ ਘਰ ਵਿੱਚ ਬਰਾਤ ਦਾ ਉਤਾਰਾ ਹੁੰਦਾ ਸੀ। ਇੱਥੇ ਹੀ ਉਨ੍ਹਾਂ ਨੂੰ ਚਾਹ ਪਾਣੀ ਪਿਲਾਇਆ ਜਾਂਦਾ ਸੀ। ਬੜੀ ਇੱਜ਼ਤ ਨਾਲ ਬਰਾਤ ਨੂੰ ਰਾਤ ਦੀ ਰੋਟੀ ਲਈ ਬੁਲਾਇਆ ਜਾਂਦਾ ਸੀ। ਪਿੰਡ ਦੀ ਪੰਚਾਇਤ ਅਤੇ ਬਾਕੀ ਰਿਸ਼ਤੇਦਾਰ ਬਰਾਤ ਦਾ ਸਵਾਗਤ ਕਰਦੇ ਸਨ। ਰੋਟੀ ਲਈ ਕੋਰੇ ਵਿਛਾਏ ਜਾਂਦੇ ਸਨ। ਜਦੋਂ ਬਰਾਤ ਕੋਰਿਆਂ ਉੱਤੇ ਬੈਠ ਜਾਂਦੀ ਸੀ ਤਾਂ ਉਨ੍ਹਾਂ ਦੇ ਹੱਥ ਧੁਆਏ ਜਾਂਦੇ ਸਨ। ਬਰਾਤੀਆਂ ਅੱਗੇ ਥਾਲੀਆਂ, ਗਿਲਾਸ, ਕੌਲੀਆਂ ਅਤੇ ਚਮਚੇ ਰੱਖੇ ਜਾਂਦੇ ਸਨ। ਫਿਰ ਖਾਣ-ਪੀਣ ਦੀਆਂ ਵਸਤਾਂ ਵਰਤਾਈਆਂ ਜਾਂਦੀਆਂ ਸਨ। ਜਦੋਂ ਸਾਰਾ ਕੁਝ ਵਰਤ ਜਾਂਦਾ ਸੀ ਫਿਰ ਪੰਚਾਇਤ ਵੱਲੋਂ ਰੋਟੀ ਖਾਣ ਦੀ ਬੇਨਤੀ ਕੀਤੀ ਜਾਂਦੀ ਸੀ। ਪੰਚਾਇਤ ਤੇ ਬਾਕੀ ਰਿਸ਼ਤੇਦਾਰ ਇੱਕ ਪਾਸੇ ਬੈਠੇ ਰਹਿੰਦੇ ਸਨ। ਬਨੇਰਿਆਂ ਉੱਤੇ ਬੈਠੀਆਂ ਔਰਤਾਂ ਸਿੱਠਣੀਆਂ ਤੇ ਹੋਰ ਗੀਤ ਗਾਉਂਦੀਆਂ ਸਨ। ਜਦੋਂ ਕਦੇ ਉਨ੍ਹਾਂ ਦੇ ਗੀਤ ਹੱਦ ਪਾਰ ਕਰਨ ਲੱਗਦੇ ਸਨ ਤਾਂ ਪੰਚਾਇਤ ਉਨ੍ਹਾਂ ਨੂੰ ਰੋਕ ਦਿੰਦੀ ਸੀ। ਜਦੋਂ ਬਰਾਤ ਰੋਟੀ ਖਾ ਹਟਦੀ ਸੀ ਤਾਂ ਮੁੜ ਉਨ੍ਹਾਂ ਦੇ ਹੱਥ ਧੁਆਏ ਜਾਂਦੇ ਸਨ। ਜੂਠੇ ਭਾਂਡੇ ਚੁੱਕਣ ਪਿੱਛੋਂ ਪੰਚਾਇਤ ਬਰਾਤ ਨੂੰ ਉੱਠਣ ਲਈ ਬੇਨਤੀ ਕਰਦੀ ਸੀ। ਔਰਤਾਂ ਵੀ ਇਸੇ ਤਰ੍ਹਾਂ ਦੇ ਗੀਤ ਸ਼ੁਰੂ ਕਰ ਦਿੰਦੀਆਂ ਸਨ। ਰੋਟੀ ਖੁਆਉਣ ਦਾ ਸਾਰਾ ਕੰਮ ਸ਼ਰੀਕੇ ਦੇ ਮੁੰਡੇ ਹੀ ਕਰਦੇ ਸਨ। ਕੰਮ ਕਰਨ ਵਿੱਚ ਪਿਆਰ ਅਤੇ ਉਤਸ਼ਾਹ ਵੇਖਣ ਨੂੰ ਮਿਲਦਾ ਸੀ। ਸਾਰੇ ਪਾਸੇ ਇੱਕ ਅਪਣੱਤ ਹੁੰਦੀ ਸੀ।
ਦੂਜੇ ਦਿਨ ਬਰਾਤੀ ਆਪਣੇ ਪਿੰਡ ਦੀਆਂ ਅਤੇ ਗੋਤਰ ਦੀਆਂ ਔਰਤਾਂ ਜਿਹੜੀਆਂ ਇਸ ਪਿੰਡ ਵਿਆਹੀਆਂ ਆਈਆਂ ਹੁੰਦੀਆਂ ਸਨ, ਉਨ੍ਹਾਂ ਨੂੰ ਆਪਣੀਆਂ ਧੀਆਂ ਸਮਝ ਉਨ੍ਹਾਂ ਦੇ ਘਰੀਂ ਜਾ ਕੇ ਸ਼ਗਨ ਦਿੰਦੇ ਸਨ। ਇਹ ਸ਼ਗਨ ਭਾਵੇਂ ਇੱਕ ਰੁਪਇਆ ਜਾਂ ਪੰਜ ਰੁਪਏ ਹੀ ਹੁੰਦਾ ਸੀ ਪਰ ਰਿਸ਼ਤਿਆਂ ਦੇ ਨਿੱਘ ਵਧੇਰੇ ਭਾਰੂ ਹੁੰਦਾ ਸੀ। ਬਰਾਤ ਦੀ ਇੱਕ ਰੋਟੀ ਨਾਨਕਿਆਂ ਵੱਲੋਂ ਹੁੰਦੀ ਸੀ ਤੇ ਇੱਕ ਰੋਟੀ ਕੁੜੀ ਦੇ ਚਾਚੇ ਜਾਂ ਤਾਏ ਵੱਲੋਂ ਖੁਆਈ ਜਾਂਦੀ ਸੀ।
ਡੋਲੀ ਟੁਰਨ ਦਾ ਨਜ਼ਾਰਾ ਬਹੁਤ ਹੀ ਦਰਦ ਭਰਿਆ ਹੁੰਦਾ ਸੀ। ਡੋਲੀ ਟੁਰਨ ਤਕ ਸਾਰੇ ਬਰਾਤੀ ਅਤੇ ਬਾਕੀ ਰਿਸ਼ਤੇਦਾਰ ਹਾਜ਼ਰ ਹੁੰਦੇ ਸਨ। ਡੋਲੀ ਔਰਤਾਂ ਦੇ ਗੀਤਾਂ ਨਾਲ ਤੋਰੀ ਜਾਂਦੀ ਸੀ। ਪਹਿਲਾਂ ਡੋਲੀ ਡੋਲਿਆਂ ਵਿੱਚ ਜਾਂਦੀ ਸੀ, ਜਿਸ ਨੂੰ ਪਿੰਡ ਦੇ ਕਹਾਰ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਸਨ। ਬਰਾਤੀ ਵੀ ਆਪਣੇ ਪਿੰਡ ਤਕ ਡੋਲੀ ਦੇ ਨਾਲ ਹੀ ਜਾਂਦੇ ਸਨ। ਮੁੜ ਡੋਲੇ ਦੀ ਥਾਂ ਗੱਡੀਆਂ ਜਾਂ ਰੱਥਾਂ ਨੇ ਲੈ ਲਈ। ਗੱਡੇ ਉੱਤੇ ਬਰਾਤੀਆਂ ਦਾ ਸਮਾਨ ਅਤੇ ਗੱਡੀ ਵਿੱਚ ਡੋਲੀ ਜਾਂਦੀ ਸੀ। ਵਧੀਆ ਬੱਲਦ ਗੱਡੇ, ਗੱਡੀ ਲਈ ਸ਼ਿੰਗਾਰੇ ਜਾਂਦੇ ਸਨ। ਵਿਆਹ ਦੀਆਂ ਰਸਮਾਂ ਵਿੱਚ ਸਾਦਗੀ ਸੀ ਪਰ ਪਿਆਰ, ਅਪਣੱਤ ਅਤੇ ਉਤਸ਼ਾਹ ਵਧੇਰੇ ਹੁੰਦਾ ਸੀ। ਸਾਰੇ ਪਿੰਡ ਨੂੰ ਹੀ ਚਾ ਚੜ੍ਹਿਆ ਰਹਿੰਦਾ ਸੀ। ਮੇਜ਼ ਕੁਰਸੀਆਂ, ਬਹਿਰੇ ਜਾਂ ਕਰਾਕਰੀ ਦੀ ਲੋੜ ਨਹੀਂ ਸੀ ਪੈਂਦੀ। ਗੁਰਦਵਾਰੇ ਦੇ ਬਰਤਨ, ਦਰੀਆਂ ਅਤੇ ਚਾਨਣੀ ਕੰਮ ਆਉਂਦੇ ਸਨ। ਝੀਊਰ ਕੋਰੇ ਵਿਛਾਉਂਦੇ ਸਨ ਅਤੇ ਬਰਤਨ ਸਾਫ ਕਰਦੇ ਸਨ। ਸਾਰੇ ਰਿਸ਼ਤੇਦਾਰ, ਸ਼ਰੀਕ, ਦੋਸਤ ਪੂਰੀ ਅਪਣੱਤ ਨਾਲ ਸਾਰੇ ਕਾਰਜਾਂ ਵਿੱਚ ਭਾਗ ਲੈਂਦੇ ਸਨ।
ਸਮਾਂ ਬਦਲਿਆ ਹੈ। ਵਿਆਹ ਇੱਕ ਰਸਮ ਬਣ ਕੇ ਰਹਿ ਗਈ ਹੈ। ਵਿਆਹ ਹੁਣ ਘਰਾਂ ਵਿੱਚ ਨਹੀਂ ਸਗੋਂ ਮੈਰਿਜ ਪੈਲਸ ਵਿੱਚ ਹੁੰਦੇ ਹਨ, ਜਿਹੜੇ ਹੁਣ ਪਿੰਡਾਂ ਵਿੱਚ ਵੀ ਬਣ ਗਏ ਹਨ। ਘਰ ਵਾਲੇ ਵੀ ਉੱਥੇ ਕਾਰਡ ਵਿੱਚ ਲਿਖੇ ਸਮੇਂ ਤੋਂ ਪਿੱਛੋਂ ਹੀ ਪੁੱਜਦੇ ਹਨ। ਰਿਸ਼ਤੇਦਾਰ, ਜਾਣ-ਪਛਾਣ ਵਾਲੇ ਕੇਵਲ ਹਾਜ਼ਰੀ ਲੁਆਉਣ ਹੀ ਆਉਂਦੇ ਹਨ। ਰਸਮਾਂ ਪਹਿਲਾਂ ਵੀ ਹੁੰਦੀਆਂ ਸਨ ਜਿਹੜੀਆਂ ਆਪਸੀ ਪਿਆਰ ਤੇ ਖੁਸ਼ੀ ਦੀ ਨਿਸ਼ਾਨੀ ਸਨ। ਰਸਮਾਂ ਹੁਣ ਵੀ ਹੁੰਦੀਆਂ ਹਨ। ਇਹ ਪਿਆਰ ਦੀ ਨਿਸ਼ਾਨੀ ਘੱਟ ਤੇ ਵਿਉਪਾਰ ਦੀ ਨਿਸ਼ਾਨੀ ਵਧੇਰੇ ਬਣ ਗਈਆਂ ਹਨ। ਵਿਆਹ ਭਾਵੇਂ ਹਫ਼ਤੇ ਵਿੱਚ ਕਰਨਾ ਹੋਵੇ ਪਰ ਰਸਮਾਂ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਰੋਕਾ, ਮੁੰਦਰੀ ਪੁਆਈ, ਕੁੜਮਾਈ ਤੇ ਵਿਆਹ ਜ਼ਰੂਰੀ ਹਨ। ਜਿਨ੍ਹਾਂ ਕੋਲ ਬੇਈਮਾਨੀ ਦਾ ਪੈਸਾ ਹੈ, ਉਹ ਇਸਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ, ਦੂਜਿਆਂ ਨੂੰ ਰੀਸੋ ਰੀਸੀ ਆਪਣੇ ਨੱਕ ਲਈ ਖਰਚ ਕਰਨਾ ਪੈਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਬਹੁਤੇ ਪਰਿਵਾਰ ਵਿਆਹਾਂ ਉੱਤੇ ਕੀਤੇ ਖਰਚ ਕਰਕੇ ਕਰਜ਼ਾਈ ਹਨ। ਚੰਗਾ ਰਿਸ਼ਤਾ ਪ੍ਰਾਪਤ ਕਰਨ ਲਈ ਉਹ ਘਰ ਵੀ ਚੰਗਾ ਬਣਾਉਂਦੇ ਹਨ ਤੇ ਟਰੈਕਟਰ ਵੀ ਖਰੀਦਦੇ ਹਨ ਜ਼ਮੀਨ, ਭਾਵੇਂ ਪੰਜ ਏਕੜ ਤੋਂ ਵੀ ਘੱਟ ਹੀ ਹੋਵੇ। ਕਿਸੇ ਚਾਰ ਏਕੜ ਦੇ ਮਾਲਕ ਕਿਸਾਨ ਨੂੰ ਪੁੱਛਿਆ ਗਿਆ ਕਿ ਉਸ ਨੇ ਟਰੈਕਟਰ ਕਿਉਂ ਖਰੀਦਿਆ ਹੈ। ਉਸ ਦਾ ਉੱਤਰ ਸੀ ਕਿ ਸਾਡੇ ਗੁਆਂਢੀਆਂ ਕੋਲ ਟਰੈਕਟਰ ਹੈ, ਉਨ੍ਹਾਂ ਦੇ ਮੁੰਡੇ ਨੂੰ ਦਹੇਜ ਵਿੱਚ ਮਰੂਤੀ ਕਾਰ ਮਿਲੀ ਹੈ। ਫਿਰ ਅਸੀਂ ਭਲਾ ਪਿੱਛੇ ਕਿਉਂ ਰਹੀਏ। ਜਿਸ ਨੇ ਟਰੈਕਟਰ ਖਰੀਦਿਆ ਉਸ ਨੇ ਕਰਜ਼ਾ ਲਿਆ, ਜਿਸ ਨੇ ਦਹੇਜ ਵਿੱਚ ਮਰੂਤੀ ਦਿੱਤੀ, ਉਸ ਵੀ ਕਰਜ਼ਾ ਲਿਆ। ਪਿੰਡਾਂ ਦੇ ਆਮ ਘਰਾਂ ਵਿੱਚ ਟੈਲੀਵਿਜ਼ਨ, ਫਰਿੱਜ, ਸਕੂਟਰ ਆਦਿ ਦਹੇਜ ਵਿੱਚ ਹੀ ਮਿਲੇ ਹੋਏ ਹਨ।
ਪਹਿਲਾਂ ਬਰਾਤ ਗੱਡੇ, ਗੱਡੀਆਂ ਵਿੱਚ ਜਾਂਦੀ ਸੀ। ਫਿਰ ਬੱਸਾਂ ਦਾ ਰਿਵਾਜ਼ ਪਿਆ। ਇਸ ਤੋਂ ਅੱਗੇ ਟੈਕਸੀਆਂ ਦੀ ਵਾਰੀ ਆਈ ਹੁਣ ਆਪਣੀਆਂ ਕਾਰਾਂ ਵਿੱਚ ਬਰਾਤ ਜਾਂਦੀ ਹੈ। ਮਹਿਮਾਨਾਂ ਦੀ ਖਾਤਿਰ ਪਿਆਰ ਨਾਲ ਨਹੀਂ, ਸਗੋਂ ਪੈਸੇ ਨਾਲ ਹੁੰਦੀ ਹੈ। ਵੱਧ ਤੋਂ ਵੱਧ ਪਦਾਰਥ ਬਣਾ ਕੇ ਵਡੱਪਣ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਸਾਰੇ ਖੁੱਲ੍ਹ ਕੇ ਸ਼ਰਾਬ ਪੀਂਦੇ ਹਨ। ਅੱਧ ਨੰਗੀਆਂ ਕੁੜੀਆਂ ਉਕਸਾਊ ਨਾਚ ਨੱਚਦੀਆਂ ਹਨ। ਪਰ ਬਰਾਤ ਦੀ ਵਿਦਾਈ ਸਮੇਂ ਕੇਵਲ ਘਰ ਦੇ ਬੰਦੇ ਹੀ ਨਜ਼ਰ ਆਉਂਦੇ ਹਨ। ਡੋਲੇ ਦੀ ਥਾਂ ਗੱਡੀ ਨੇ ਲਈ, ਮੁੜ ਕਾਰ ਤੇ ਹੁਣ ਵਿਸ਼ੇਸ਼ ਕਾਰਾਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ। ਵੱਡੇ ਸ਼ਹਿਰਾਂ ਵਿੱਚ ਵੱਡੀਆਂ ਕਾਰਾਂ ਕੇਵਲ ਇਸੇ ਕੰਮ ਲਈ ਕਿਰਾਏ ਉੱਤੇ ਮਿਲਦੀਆਂ ਹਨ। ਡੋਲੀ ਨੇ ਭਾਵੇਂ ਉਸੇ ਸ਼ਹਿਰ ਵਿੱਚ ਰਹਿਣਾ ਹੁੰਦਾ ਹੈ ਪਰ ਹਜ਼ਾਰਾਂ ਰੁਪਏ ਇਸ ਕਾਰ ਦੇ ਕਿਰਾਏ ਉੱਤੇ ਖਰਚ ਹੁੰਦੇ ਹਨ।
ਸਮੇਂ ਨਾਲ ਵਿਕਾਸ ਹੁੰਦਾ ਹੈ। ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਵੀ ਆਉਂਦੀਆਂ ਹਨ। ਪਰ ਇਹ ਤਬਦੀਲੀ ਉਦੋਂ ਹੀ ਸੁਖਾਵੀਂ ਹੁੰਦੀ ਹੈ ਜਦੋਂ ਵਿਕਾਸ ਦਾ ਅਧਾਰ ਬਣੇ। ਲੋਕਾਂ ਦੀ ਸੋਚ, ਰਹਿਣ ਸਹਿਣ ਅਤੇ ਬੋਲਚਾਲ ਵਧੀਆ ਹੋਵੇ। ਪਰ ਜੇਕਰ ਇਹ ਵਿਖਾਵਾ ਬਣ ਜਾਵੇ ਤਾਂ ਵਿਕਾਸ ਦੀ ਨਿਸ਼ਾਨੀ ਨਹੀਂ ਸਗੋਂ ਵਿਗਾੜ ਲਈ ਜ਼ਿੰਮੇਵਾਰ ਬਣ ਜਾਂਦੀ ਹੈ। ਇਸ ਵਿਖਾਵੇ ਦੀ ਦੌੜ ਵਿੱਚ ਪੈਸਾ ਮਹੱਤਵਪੂਰਣ ਬਣ ਜਾਂਦਾ ਹੈ। ਪੈਸੇ ਲਈ ਬੇਈਮਾਨੀ ਕੀਤੀ ਜਾਂਦੀ ਹੈ। ਰਿਸ਼ਤਿਆਂ ਵਿੱਚ ਤ੍ਰੇੜਾਂ ਆਉਂਦੀਆਂ ਹਨ ਅਤੇ ਕਈ ਵਾਰ ਕਰਜ਼ਾਈ ਵੀ ਬਣਨਾ ਪੈਂਦਾ ਹੈ। ਇਸ ਤਰ੍ਹਾਂ ਸਮਾਜ ਟੁੱਟਦਾ ਹੈ, ਜੁੜਦਾ ਨਹੀਂ ਅਤੇ ਨਾ ਹੀ ਵਿਕਾਸ ਵੱਲ ਪੁਲਾਂਘਾ ਪੁੱਟਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)