“ਉਨ੍ਹਾਂ ਦੀ ਨਿਰਸਵਾਰਥ ਸੇਵਾ ਨੇ ਗਰੀਬ ਬੱਚਿਆਂ ਨੂੰ ਵਿੱਦਿਆ ਦੀ ਦੌਲਤ ਨਾਲ ਅਮੀਰ ਬਣਾਇਆ ...”
(11 ਸਤੰਬਰ 2025)
ਸੁਖਦੇਵ ਸਿੰਘ ਲਾਜ ਆਪਣੇ ਆਪ ਵਿੱਚ ਇੱਕ ਸੰਸਥਾ ਸੀ। ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਨਮੂਨਾ ਸੀ ਉਹ। ਸੇਵਾ ਮੁਕਤੀ ਪਿੱਛੋਂ ਉਸ ਆਪਣਾ ਸਾਰਾ ਸਮਾਂ ਪੰਥ ਦੀ ਸੇਵਾ, ਵਿਸ਼ੇਸ਼ ਕਰਕੇ ਭੁੱਲੇ ਵਿਸਰੇ ਸਿੱਖਾਂ ਦੀ ਆਰਥਿਕਤਾ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿੱਦਿਆ ਦਾ ਪ੍ਰਬੰਧ ਕਰਨ ਦੇ ਲੇਖੇ ਲਾਇਆ। ਲੁਧਿਆਣੇ ਵਿਖੇ ਉਨ੍ਹਾਂ ਨੇ ਵਣਜਾਰੇ ਸਿੱਖਾਂ ਦੇ ਬੱਚਿਆਂ ਲਈ ਗੁਰੂ ਨਾਨਕ ਇੰਟਰਨੈਸ਼ਨਲ ਵਿੱਦਿਅਕ ਟ੍ਰਸਟ ਲੰਡਨ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਬਣਾਇਆ। ਸਵੇਰੇ ਪਹਿਲਾਂ ਸਕੂਲ ਵਿੱਚ ਜਾਕੇ ਅਗਵਾਈ ਕਰਦੇ ਸਨ। ਉਨ੍ਹਾਂ ਦੀ ਨਿਰਸਵਾਰਥ ਸੇਵਾ ਨੇ ਗਰੀਬ ਬੱਚਿਆਂ ਨੂੰ ਵਿੱਦਿਆ ਦੀ ਦੌਲਤ ਨਾਲ ਅਮੀਰ ਬਣਾਇਆ। ਉਸ ਵਿੱਚ ਹਲੀਮੀ ਕੁੱਟ ਕੁੱਟ ਕੇ ਭਰੀ ਹੋਈ ਸੀ। ਸਰੀਰਕ ਕੱਦ ਵਿੱਚ ਲੰਬੇ ਸਨ ਪਰ ਹਮੇਸ਼ਾ ਝੁਕ ਕੇ ਨਿਮਰਤਾ ਨਾਲ ਫਤਿਹ ਬੁਲਾਉਂਦੇ ਸਨ। ਲਾਜ ਨੇ ਸਾਰੇ ਦੇਸ਼ ਵਿੱਚ ਵਣਜਾਰੇ ਅਤੇ ਹੋਰ ਭੁੱਲੇ ਵਿਸਰੇ ਸਿੱਖ ਕਬੀਲਿਆਂ ਬਾਰੇ ਖੋਜ ਕੀਤੀ ਅਤੇ ਉਸ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਸ ਖੋਜ ਲਈ ਕੋਈ ਵੀ ਯੂਨੀਵਰਸਿਟੀ ਆਪਣੀ ਵੱਡੀ ਤੋਂ ਵੱਡੀ ਡਿਗਰੀ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਦੀ ਇਸ ਖੋਜ ਅਨੁਸਾਰ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਦਸ ਕਰੋੜ ਤੋਂ ਵੱਧ ਹੈ ਜਦੋਂ ਕਿ ਹੁਣ ਸਰਕਾਰੀ ਅੰਕੜਿਆਂ ਅਨੁਸਾਰ ਇਹ ਕੇਵਲ ਦੋ ਕਰੋੜ ਦੇ ਨੇੜੇ-ਤੇੜੇ ਹੈ। ਉਨ੍ਹਾਂ ਨੇ ਹਰੇਕ ਉਸ ਸੰਸਥਾ ਨੂੰ, ਜਿਹੜੀ ਸਿੱਖੀ ਦੇ ਪ੍ਰਚਾਰ, ਵਿਸ਼ੇਸ਼ ਕਰਕੇ ਵਿੱਦਿਅਕ ਸੁਧਾਰ ਲਈ ਕੰਮ ਕਰਦੀ ਸੀ, ਆਪਣਾ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਆਪਣੇ ਮਿੱਤਰ ਕਰਮਜੀਤ ਸਿੰਘ ਔਜਲਾ ਨਾਲ ਮਿਲ ਕੇ ਸਾਹਿਤਕ ਸੰਸਥਾ ਬਣਾਈ, ਜਿਸਦੀ ਮੀਟਿੰਗ ਮਹੀਨੇ ਦੇ ਆਖ਼ਰੀ ਸਨਿੱਚਰਵਾਰ ਨੂੰ ਹੁੰਦੀ ਹੈ। ਇਸ ਸੰਸਥਾ ਦੀ ਨੀਂਹ ਇੰਨੀ ਪੱਕੀ ਰੱਖੀ ਗਈ ਕਿ ਪਿਛਲੇ ਕੋਈ ਚਾਰ ਦਹਾਕਿਆਂ ਤੋਂ ਇਹ ਸੰਸਥਾ ਬਕਾਇਦਗੀ ਨਾਲ ਕਾਰਜਸ਼ੀਲ ਹੈ। ਔਜਲਾ ਸਾਹਿਬ ਨੇ ਇੱਕ ਮਹੀਨੇਵਾਰ ਮੈਗਜ਼ੀਨ ਸ਼ੁਰੂ ਕੀਤਾ। ਜਦੋਂ ਤਕ ਉਹ ਛਪਦਾ ਰਿਹਾ, ਲਾਜ ਨੇ ਉਸ ਲਈ ਕੇਵਲ ਲਿਖਿਆ ਹੀ ਨਹੀਂ ਸਗੋਂ ਪੂਰੀ ਮਾਇਕ ਸਹਾਇਤਾ ਵੀ ਦਿੱਤੀ।
ਜਿੱਥੇ ਲਾਜ ਸਰੀਰ ਦੇ ਲੰਮੇ ਸਨ, ਉੱਥੇ ਚੰਗੇ ਡੀਲ-ਡੋਲ ਵੱਲੋਂ ਵੀ ਕੋਈ ਕਮੀ ਨਹੀਂ ਸੀ। ਲਾਜ ਹਮੇਸ਼ਾ ਕਾਲੀ ਪਗੜੀ ਪਹਿਨਦੇ ਸਨ, ਉਨ੍ਹਾਂ ਦੀ ਕਾਲੀ ਪਗੜੀ ਦਾ ਰਾਜ ਸੁਣ ਕੇ ਤਾਂ ਹਰ ਇੱਕ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਕਹਿੰਦੇ ਹਨ ਕਿ ਜਿਸ ਦਿਨ ਦਰਬਾਰ ਸਾਹਿਬ “ਗੋਲਡਨ ਟੈਂਪਲ” ਸ਼੍ਰੀ ਅੰਮ੍ਰਿਤਸਰ ਸਾਹਿਬ ’ਤੇ ਹਮਲਾ ਹੋਇਆ ਸੀ, ਉਸ ਤੋਂ ਬਾਅਦ ਉਸਦੇ ਰੋਸ ਵਜੋਂ ਉਨ੍ਹਾਂ ਕਾਲੀ ਪਗੜੀ ਪਹਿਨਣੀ ਸ਼ੁਰੂ ਕਰ ਦਿੱਤੀ। ਮੁੜ ਪਿੱਛੇ ਨਹੀਂ ਦੇਖਿਆ। ਸਾਲ 1984 ਤੋਂ ਹੁਣ ਤਕ ਸਿਰਫ ਕਾਲੇ ਰੰਗ ਦੀ ਪਗੜੀ ਹੀ ਪਹਿਨੀ, ਇੰਨਾ ਰੋਸ ਸੀ ਉਨ੍ਹਾਂ ਦੇ ਮੰਨ ਵਿੱਚ।
ਮੇਰੀ ਉਨ੍ਹਾਂ ਨਾਲ ਮੁਲਾਕਾਤ ਹਰੇਕ ਦੂਜੇ ਤੀਜੇ ਦਿਨ ਹੋ ਹੀ ਜਾਂਦੀ ਸੀ। ਉਹ ਲੁਧਿਆਣਾ ਸ਼ਹਿਰ ਦੇ ਸਰਾਭਾ ਨਗਰ ਵਿੱਚ ਰਹਿੰਦੇ ਹਨ ਅਤੇ ਨੇਮ ਨਾਲ ਗੁਰੂਘਰ ਦਰਸ਼ਨਾਂ ਲਈ ਆਉਂਦੇ ਸਨ। ਉਨ੍ਹਾਂ ਦੀ ਨਿਮਰਤਾ ਆਪਣੇ ਆਪ ਵਿੱਚ ਮਿਸਾਲ ਸੀ। ਉਹ ਹਮੇਸ਼ਾ ਇਹੋ ਹੀ ਆਖਦੇ ਸਨ, “ਕੁਝ ਸਮਾਂ ਹੈ ਤਾਂ ਆਵੋ, ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਹਨ।”
ਸਿੱਖਾਂ ਦੇ ਬੱਚਿਆਂ, ਵਿਸ਼ੇਸ਼ ਕਰਕੇ ਗਰੀਬ ਬੱਚਿਆਂ ਨੂੰ ਕਿਵੇਂ ਵਿੱਦਿਆ ਪ੍ਰਾਪਤੀ ਵੱਲ ਮੋੜਿਆ ਜਾਵੇ, ਇਸੇ ਬਾਰੇ ਹੀ ਹਮੇਸ਼ਾ ਸੋਚਦੇ ਰਹਿੰਦੇ ਸਨ। ਉਹ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਣੇ, ਉਦੋਂ ਸਰਦਾਰ ਜਤਿੰਦਰ ਸਿੰਘ ਸੰਧੂ ਪ੍ਰਧਾਨ ਸਨ। ਉਨ੍ਹਾਂ ਵਿੱਚ ਵੀ ਕੌਮ ਦੀ ਸੇਵਾ ਦਾ ਜਜ਼ਬਾ ਸੀ। ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਆਮਦਨ ਦਾ 10 ਪ੍ਰਤੀਸ਼ਤ ਵਿੱਦਿਆ ਲਈ ਰਾਖਵਾਂ ਰੱਖਿਆ ਜਾਵੇ। ਇਹ ਇੱਕ ਇਨਕਲਾਬੀ ਫੈਸਲਾ ਸੀ। ਕੁਝ ਪੁਰਾਣੇ ਵਿਚਾਰਾਂ ਵਾਲੀ ਸੰਗਤ ਵੱਲੋਂ ਇਸਦਾ ਵਿਰੋਧ ਵੀ ਹੋਇਆ ਪਰ ਬਹੁਗਿਣਤੀ ਨੇ ਇਸਦਾ ਸਮਰਥਨ ਕੀਤਾ। ਗਰੀਬ ਬੱਚਿਆਂ ਨੂੰ ਵਜ਼ੀਫੇ, ਕਿਤਾਬਾਂ ਅਤੇ ਫੀਸ ਲਈ ਮਾਇਕ ਸਹਾਇਤਾ ਦਿੱਤੀ ਜਾਣ ਲੱਗ ਪਈ। ਲਾਜ ਸਾਹਿਬ ਦੀ ਅਗਵਾਈ ਵਿੱਚ ਕਮੇਟੀ ਵੱਲੋਂ ਪਿੰਡਾਂ ਦੇ ਸਕੂਲਾਂ ਵਿੱਚ ਜਾਗ੍ਰਤੀ ਕੈਂਪ ਲਾਏ ਜਾਣ ਲੱਗ ਪਏ। ਸਰਕਾਰ ਵੱਲੋਂ ਘੱਟ ਗਿਣਤੀ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਬਾਰੇ ਕੇਵਲ ਜਾਣਕਾਰੀ ਹੀ ਨਹੀਂ ਦਿੱਤੀ ਸਗੋਂ ਆਪ ਫਾਰਮ ਭਰ ਕੇ ਸਬੰਧਿਤ ਮਹਿਕਮੇ ਨੂੰ ਭੇਜੇ ਗਏ। ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਸ਼ਹਿਰ ਦੇ ਬਾਕੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਪ੍ਰੇਰਿਆ। ਇੱਕ ਗੁਰਦੁਆਰਾ ਤਾਲਮੇਲ ਕਮੇਟੀ ਬਣਾਈ ਗਈ ਤਾਂ ਜੋ ਸਾਰੇ ਗੁਰੂ ਘਰ ਵਿੱਦਿਆ ਫੰਡ ਰਾਖਵਾਂ ਰੱਖਣ ਤਾਂ ਜੋ ਗਰੀਬ ਬੱਚਿਆਂ ਨੂੰ ਵਿੱਦਿਆ ਦਾ ਦਾਨ ਦਿੱਤਾ ਜਾ ਸਕੇ। ਗੁਰਦੁਆਰਾ ਸਾਹਿਬ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਤਰ੍ਹਾਂ ਗੁਰੂ ਘਰ ਦੇ ਵਿਹੜੇ ਵਿੱਚ ਫ਼ੁੱਲਾਂ ਦਾ ਮੇਲਾ ਲਾਇਆ ਜਾਣ ਲੱਗ ਪਿਆ। ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਲਈ ਬੱਚਿਆਂ ਵਿੱਚ ਦਸਤਾਰ ਸਜਾਉਣ, ਫੋਟੋਗ੍ਰਾਫੀ, ਗਿਆਨ ਪ੍ਰੀਖਿਆ ਆਦਿ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਬਾਰ੍ਹਵੀਂ ਦੇ ਬੱਚਿਆਂ ਲਈ ਤਕਨੀਕੀ ਕਾਲਿਜਾਂ ਵਿੱਚ ਦਾਖਲੇ ਦੇ ਇਮਤਿਹਾਨ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆਂ।
ਸਰਾਭਾ ਨਗਰ ਨੂੰ ਲੁਧਿਆਣਾ ਸ਼ਹਿਰ ਦੀ ਸਭ ਤੋਂ ਪੌਸ਼ ਕਲੌਨੀ ਮੰਨਿਆ ਜਾਂਦਾ ਹੈ। ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਸ਼ਾਨ ਵੀ ਨਿਰਾਲੀ ਹੈ। ਪ੍ਰਬੰਧਕੀ ਕਮੇਟੀ ਦੀ ਕਦੇ ਚੋਣ ਨਹੀਂ ਹੋਈ ਸਗੋਂ ਸਰਬਸੰਮਤੀ ਨਾਲ ਹੀ ਮੈਂਬਰਾਂ ਅਤੇ ਪ੍ਰਧਾਨ ਦੀ ਚੋਣ ਹੁੰਦੀ ਹੈ। ਇੱਥੋਂ ਤਕ ਕਿ ਹਰੇਕ ਬਲਾਕ ਵਿੱਚੋਂ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਣਨ ਲਈ ਪ੍ਰੇਰਿਆ ਜਾਂਦਾ ਹੈ। ਸ਼ਾਨਦਾਰ ਦਰਬਾਰ ਹਾਲ, ਤਿੰਨ ਛੋਟੇ ਹਾਲ, ਦੋ ਸਮਾਗਮ ਹਾਲ, ਲਾਇਬਰੇਰੀ, ਅਜਾਇਬ ਘਰ, ਡਿਸਪੈਂਸਰੀ, ਫ਼ੁੱਲਾਂ ਲੱਦਿਆ ਸੁੰਦਰ ਲਾਅਨ ਹੈ। ਸਾਰਾ ਦਿਨ ਹੀ ਸੰਗਤ ਆਉਂਦੀ ਰਹਿੰਦੀ ਹੈ ਤੇ ਕੋਈ ਨਾ ਕੋਈ ਸਮਾਗਮ ਚੱਲਦਾ ਰਹਿੰਦਾ ਹੈ। ਲਾਜ ਸਾਹਿਬ ਨੇ ਗੁਰੂ ਘਰਾਂ ਨੂੰ ਪ੍ਰੇਰ ਕੇ ਵਿੱਦਿਆ ਫੰਡ ਕਾਇਮ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਸੀ। ਸਵੇਰੇ ਘਰੋਂ ਨਿਕਲ ਸਾਰਾ ਦਿਨ ਹੀ ਆਪਣੇ ਸਕੂਲ ਅਤੇ ਹੋਰ ਅਦਾਰਿਆਂ ਵਿੱਚ ਜਾ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨ ਅਤੇ ਭੁੱਲੇ ਬਿਸਰੇ ਸਿੱਖਾਂ ਦੀ ਬਾਂਹ ਫੜਨ ਲਈ ਪ੍ਰੇਰਦੇ ਰਹਿੰਦੇ ਸਨ।
ਵਿਦੇਸ਼ ਵਿੱਚ ਵਸਦੇ ਸਿੱਖਾਂ ਨਾਲ ਪੂਰਾ ਤਾਲਮੇਲ ਸੀ। ਉਨ੍ਹਾਂ ਨੂੰ ਹਮੇਸ਼ਾ ਵਿੱਦਿਆ ਲਈ ਦਾਨ ਦੇਣ ਲਈ ਪ੍ਰੇਰਦੇ ਰਹਿੰਦੇ ਸਨ। ਨਿਰਸਵਾਰਥ ਸੇਵਾ ਅਤੇ ਗੁਰੂ ਜੀ ਦੇ ਸੰਪੂਰਨ ਸਿੱਖ ਸਨ। ਸਿੱਖੀ ਦੇ ਪ੍ਰਚਾਰ ਨਾਲ ਸਬੰਧਿਤ ਸਾਰੀਆਂ ਹੀ ਸੰਸਥਾਵਾਂ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਸਨ ਅਤੇ ਉਨ੍ਹਾਂ ਨੂੰ ਹਮੇਸ਼ਾ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਬਾਂਹ ਫੜਨ ਲਈ ਪ੍ਰੇਰਦੇ ਰਹਿੰਦੇ ਸਨ। ਉਨ੍ਹਾਂ ਵਰਗੇ ਗੁਰਸਿੱਖਾਂ ਦੀ ਗਿਣਤੀ ਘਟ ਰਹੀ ਹੈ, ਜਿਹੜੇ ਵਿਕਾਸ ਲਈ ਵਿੱਦਿਆ ਦੀ ਮਹੱਤਤਾ ਨੂੰ ਸਮਝਦੇ ਸਨ। ਉਹ ਹਮੇਸ਼ਾ ਯਹੂਦੀ ਕੌਮ ਦੀ ਮਿਸਾਲ ਦਿੰਦੇ ਸਨ ਕਿ ਕਿਵੇਂ ਵਿੱਦਿਆ ਦੇ ਸਹਾਰੇ ਸਾਰੇ ਸੰਸਾਰ ਵਿੱਚ ਉਨ੍ਹਾਂ ਦਾ ਬੋਲਬਾਲਾ ਹੈ। ਸੁਖਦੇਵ ਸਿੰਘ ਲਾਜ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਵੀ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਲਈ ਤਿਆਰ ਕਰੀਏ। ਲੋੜਵੰਦਾਂ ਦੀ ਸਹਾਇਤਾ ਕਰੀਏ ਅਤੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਬੈਠਣ ਲਈ ਤਿਆਰ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (