“ਜਦੋਂ ਉਹ ਸ਼ਾਮ ਨੂੰ ਘਰ ਮੁੜੇ ਤਾਂ ਸਿਰਾਂ ਉੱਤੇ ਲੁੱਟ ਦਾ ਮਾਲ ਸੀ। ਸਾਡੀ ਦਾਦੀ ਗੁਆਂਢੀ ਮੁੰਡਿਆਂ ਨੂੰ ਜਥੇ ਵਿੱਚ ਜਾਣ ਤੋਂ ...”
(17 ਅਗਸਤ)
ਉਦੋਂ ਮੈਂ ਬਹੁਤ ਛੋਟਾ ਸਾਂ। ਉਸੇ ਸਾਲ ਮੈਂ ਸਕੂਲ ਦਾਖਲ ਹੋਇਆ ਸੀ ਅਤੇ ਉਹ ਵੀ ਸਿਫਾਰਸ਼ੀ ਕਿਉਂਕਿ ਮੇਰੀ ਉਮਰ ਅਜੇ ਸਕੂਲ ਦਾਖਲੇ ਦੀ ਨਹੀਂ ਹੋਈ ਸੀ। ਮੈਨੂੰ ਇੱਕ ਮਹੀਨੇ ਵਿੱਚ ਹੀ ਕੱਚੀ ਜਾਮਤ ਤੋਂ ਪੱਕੀ ਜਮਾਤ ਵਿੱਚ ਕਰ ਦਿੱਤਾ ਗਿਆ ਕਿਉਂਕਿ ਉਰਦੂ ਦਾ ਕਾਇਦਾ ਮੈਂ ਸਾਰਾ ਪਹਿਲਾਂ ਹੀ ਘਰ ਪੜ੍ਹ ਰੱਖਿਆ ਸੀ। ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਾਸਟਰ ਜੀ ਨੇ ਆਖਿਆ ਕਿ ਜੇਕਰ ਤੂੰ ਛੁੱਟੀਆਂ ਵਿੱਚ ਸਾਰੇ ਪਹਾੜੇ ਯਾਦ ਕਰ ਲਏ ਤਾਂ ਤੈਨੂੰ ਛੁੱਟੀਆਂ ਪਿੱਛੋਂ ਪਹਿਲੀ ਵਿੱਚ ਕਰ ਦਿੱਤਾ ਜਾਵੇਗਾ। ਮੈਂ ਛੁੱਟੀਆਂ ਖਤਮ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਖਬਰ ਫੈਲ ਗਈ, “ਸਕੂਲ ਬੰਦ ਹੀ ਰਹਿਣਗੇ ਕਿਉਂਕਿ ਰੌਲ਼ੇ ਪੈ ਗਏ ਹਨ।” ਸਾਨੂੰ ਸਮਝ ਨਹੀਂ ਸੀ ਕਿ ਰੌਲੇ ਕੀ ਹੁੰਦੇ ਹਨ ਅਤੇ ਸਕੂਲ ਕਿਉਂ ਬੰਦ ਕਰ ਦਿੱਤੇ ਜਾਂਦੇ ਹਨ।
ਕੁਝ ਦਿਨਾਂ ਪਿੱਛੋਂ ਸਾਡੇ ਪਿੰਡ ਕੁਝ ਪਰਿਵਾਰ ਆਪਣੇ ਗੱਡਿਆਂ ਉੱਤੇ ਪਹੁੰਚੇ, ਜਿਹੜੇ ਕਈ ਸਾਲ ਪਹਿਲਾਂ ਬਾਰ ਵਿੱਚ ਚਲੇ ਗਏ ਸਨ। ਉਨ੍ਹਾਂ ਦੇ ਆਉਣ ਨਾਲ ਪਿੰਡ ਵਿੱਚ ਹਲਚਲ ਸ਼ੁਰੂ ਹੋ ਗਈ। ਪਿੰਡ ਦੇ ਕੁਝ ਕੁ ਨੌਜਵਾਨ, ਜਿਨ੍ਹਾਂ ਦਾ ਕੰਮ ਹੀ ਆਵਾਰਾਗਰਦੀ ਕਰਦੇ ਫਿਰਨਾ ਸੀ, ਨੇ ਲੋਕਾਂ ਦੇ ਇਕੱਠ ਸੱਦਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਸ਼ਾਮ ਨੂੰ ਉਨ੍ਹਾਂ ਵਿੱਚੋਂ ਦੋ ਮੁੰਡੇ ਸਾਡੇ ਘਰ ਆਏ। ਉਨ੍ਹਾਂ ਕੁਝ ਐਲਾਨ ਕਰਨੇ ਸਨ। ਸਾਡਾ ਮਕਾਨ ਤਿੰਨ ਮੰਜ਼ਲਾ ਹੋਣ ਕਰਕੇ ਸ਼ਾਇਦ ਸਭ ਤੋਂ ਉੱਚਾ ਸੀ। ਉਦੋਂ ਪਿੰਡਾਂ ਵਿੱਚ ਬਹੁਤੇ ਕੱਚੇ ਕੋਠੇ ਹੀ ਹੁੰਦੇ ਸਨ। ਸਾਡੇ ਘਰ ਇੱਕ ਤਵਿਆਂ ਵਾਲਾ ਵਾਜਾ ਸੀ, ਜਿਸ ਅੱਗੇ ਇੱਕ ਧੂਤੂ ਲੱਗਿਆ ਹੋਇਆ ਸੀ। ਉਨ੍ਹਾਂ ਉਹ ਧੂਤੂ ਲੈ ਲਿਆ ਅਤੇ ਸਭ ਤੋਂ ਉਤਲੀ ਛੱਤ ਉੱਤੇ ਚੜ੍ਹ ਕੇ ਧੂਤੂ ਨੂੰ ਮੂੰਹ ਨਾਲ ਲਾ ਕੇ ਪੂਰੇ ਜ਼ੋਰ ਨਾਲ ਆਖਣਾ ਸ਼ੁਰੂ ਕਰ ਦਿੱਤਾ, “ਹਮਲੇ ਸ਼ੁਰੂ ਹੋ ਗਏ ਹਨ, ਅਸੀਂ ਆਪਣੀ ਰਾਖੀ ਵੀ ਕਰਨੀ ਹੈ ਅਤੇ ਬਦਲਾ ਵੀ ਲੈਣਾ ਹੈ। ਜਿਹੜੇ ਸਾਡੇ ਭਰਾ ੳਉਜੜ ਕੇ ਆਏ ਹਨ, ਉਨ੍ਹਾਂ ਉਸ ਪਾਸੇ ਹੋਏ ਜ਼ੁਲਮ ਦੀ ਕਹਾਣੀ ਦੱਸੀ ਹੈ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਗਵਾਂਢੀ ਪਿੰਡ ਵਿੱਚ ਹਮਲੇ ਦੀ ਤਿਆਰੀ ਹੋ ਰਹੀ ਹੈ। ਇਹ ਹਮਲਾ ਸਾਡੇ ਉੱਤੇ ਵੀ ਹੋ ਸਕਦਾ ਹੈ।” ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ਹਥਿਆਰ ਹੋਣੇ ਚਾਹੀਦੇ ਹਨ। ਕਿਰਪਾਨਾਂ, ਟਕੂਏ ਅਤੇ ਬਰਛੇ ਤਿਆਰ ਰੱਖਣ ਨੂੰ ਆਖਿਆ। ਉਸ ਇਹ ਵੀ ਆਖਿਆ ਕਿ ਪਿੰਡ ਦੇ ਲੁਹਾਰ ਕੋਲੋਂ ਇਨ੍ਹਾਂ ਨੂੰ ਤਿੱਖਿਆਂ ਕਰਵਾ ਲਿਆ ਜਾਵੇ। ਕੋਠਿਆਂ ਉੱਤੇ ਇੱਟਾਂ-ਵੱਟੇ ਇਕੱਠੇ ਕਰ ਲਵੋ। ਜਦੋਂ ਵੀ ਕੋਈ ਹਮਲਾ ਹੋਇਆ ਤਾਂ ਤੀਵੀਆਂ ਕੋਠਿਆਂ ਉੱਤੇ ਦੁਸ਼ਮਣ ਨੂੰ ਇੱਟਾਂ-ਵੱਟੇ ਮਾਰਨਗੀਆਂ। ਉਸ ਨੇ ਪਿੰਡ ਦੇ ਸਾਰੇ ਮਰਦਾਂ ਨੂੰ ਗੁਰਦੁਆਰੇ ਇਕੱਠੇ ਹੋਣ ਦੀ ਵੀ ਬੇਨਤੀ ਕੀਤੀ।
ਉਸ ਰਾਤ ਪਿੰਡ ਵਿੱਚ ਭਾਰੀ ਇਕੱਠ ਹੋਇਆ। ਉੱਥੇ ਇਹ ਫੈਸਲਾ ਵੀ ਕੀਤਾ ਗਿਆ ਕਿ ਪਿੰਡ ਵਿੱਚ ਰੋਜ਼ ਰਾਤ ਨੂੰ ਪਹਿਰਾ ਦਿੱਤਾ ਜਾਇਆ ਕਰੇਗਾ। ਇਸ ਪਹਿਰੇ ਲਈ ਘਰਾਂ ਦੀਆਂ ਵਾਰੀਆਂ ਲਗਾ ਦਿੱਤੀਆਂ ਗਈਆਂ। ਲੋਕਾਂ ਨੂੰ ਆਖਿਆ ਗਿਆ ਕਿ ਉਹ ਇਕੱਲੇ ਖੇਤਾਂ ਵਲ ਨਾ ਜਾਣ ਖਾਸ ਕਰਕੇ ਔਰਤਾਂ ਨੂੰ ਖੇਤਾਂ ਵਿੱਚ ਜਾਣ ਦੀ ਮਨਾਹੀ ਕੀਤੀ ਗਈ ਅਤੇ ਇਹ ਵੀ ਆਖਿਆ ਗਿਆ ਕਿ ਦਿਨ ਛੁਪਣ ਤੋਂ ਪਹਿਲਾਂ ਘਰਾਂ ਨੂੰ ਵਾਪਸ ਆਇਆ ਜਾਵੇ। ਕਿਸੇ ਵੀ ਅਜਨਬੀ ਲਈ ਦਰਵਾਜ਼ਾ ਨਾ ਖੋਲ੍ਹਿਆ ਜਾਵੇ।
ਦੋ ਦਿਨ ਪਿੱਛੋਂ ਸਾਡੇ ਘਰੋਂ ਹੀ ਇਹ ਐਲਾਨ ਕੀਤਾ ਗਿਆ, “ਕੱਲ੍ਹ ਲਾਗਲੇ ਪਿੰਡ ਹਮਲਾ ਕਰਨਾ ਹੈ, ਜਿਹੜੇ ਜਥੇ ਵਿੱਚ ਸ਼ਾਮਿਲ ਹੋਣਾ ਚਾਹੁਣ, ਉਹ ਆਪਣੇ ਹਥਿਆਰ ਨਾਲ ਲੈ ਕੇ ਸਵੇਰੇ ਦਿਨ ਚੜ੍ਹਦੇ ਨੂੰ ਦਰਵਾਜੇ ਪੁੱਜ ਜਾਣ।”
ਅਸੀਂ ਚੁਬਾਰੇ ਦੀ ਖਿੜਕੀ ਵਿੱਚੋਂ ਮੁੰਡਿਆਂ ਨੂੰ ਤਲਵਾਰਾਂ ਤੇ ਬਰਛੇ ਚੁੱਕੀ ਭੱਜਦੇ ਫਿਰਦੇ ਵੇਖਦੇ ਰਹੇ। ਜਦੋਂ ਉਹ ਸ਼ਾਮ ਨੂੰ ਮੁੜ ਕੇ ਆਏ ਤਾਂ ਸਾਰਿਆਂ ਦੇ ਸਿਰਾਂ ਉੱਤੇ ਸਾਮਾਨ ਸੀ। ਮੰਜੇ, ਪੀੜ੍ਹੀਆਂ, ਟਰੰਕ, ਪੀਪੇ, ਗਠੜੀਆਂ ਉਨ੍ਹਾਂ ਚੁੱਕੀਆਂ ਹੋਈਆਂ ਸਨ। ਇਹ ਲੁੱਟ ਦਾ ਸਾਮਾਨ ਸੀ ਜਿਹੜਾ ਇਹ ਮੁਸਲਮਾਨਾਂ ਦੇ ਘਰਾਂ ਵਿੱਚੋਂ ਲੁੱਟ ਕੇ ਲਿਆਏ ਸਨ। ਲੁੱਟ ਦਾ ਸਾਮਾਨ ਵੇਖ ਦੂਜੇ ਦਿਨ ਜਥੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ। ਉਨ੍ਹਾਂ ਦੋ ਜਥੇ ਬਣਾ ਲਏ, ਜਿਹੜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲਾਉਂਦੇ ਹੋਏ ਦੋ ਵੱਖਰੇ ਵੱਖਰੇ ਪਿੰਡਾਂ ਵਲ ਤੁਰ ਪਏ।
ਜਦੋਂ ਉਹ ਸ਼ਾਮ ਨੂੰ ਘਰ ਮੁੜੇ ਤਾਂ ਸਿਰਾਂ ਉੱਤੇ ਲੁੱਟ ਦਾ ਮਾਲ ਸੀ। ਸਾਡੀ ਦਾਦੀ ਗੁਆਂਢੀ ਮੁੰਡਿਆਂ ਨੂੰ ਜਥੇ ਵਿੱਚ ਜਾਣ ਤੋਂ ਰੋਕਦੀ ਰਹੀ। ਉਹ ਆਖਦੀ ਰਹੀ ਕਿ ਇਸ ਕਬਾੜ ਨੂੰ ਤੁਸੀਂ ਕੀ ਕਰਨਾ ਹੈ? ਲੁੱਟ ਦਾ ਮਾਲ ਕਦੇ ਹਜ਼ਮ ਨਹੀਂ ਹੁੰਦਾ। ਆਪਣੇ ਘਰ ਬੈਠੋ। ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ। ਪਰ ਜਥੇ ਇਸੇ ਤਰ੍ਹਾਂ ਹੀ ਜਾਂਦੇ ਰਹੇ।
ਇੱਕ ਦਿਨ ਸਾਡੇ ਪਿੰਡ ਹਾਹਾਕਾਰ ਮੱਚ ਗਈ ਜਦੋਂ ਇੱਕ ਜਥੇ ਦੇ ਮੈਂਬਰ ਲੁੱਟ ਦੇ ਮਾਲ ਦੀ ਥਾਂ ਆਪਣੇ ਦੋ ਸਾਥੀਆਂ ਦੀਆਂ ਲਾਸ਼ਾਂ ਲੈ ਕੇ ਵਾਪਸ ਮੁੜੇ। ਸਾਰਾ ਪਿੰਡ ਉਨ੍ਹਾਂ ਦੇ ਦਾਹ-ਸੰਸਕਾਰ ਵਿੱਚ ਸ਼ਾਮਿਲ ਹੋਇਆ। ਉਨ੍ਹਾਂ ਦਾ ਸੰਸਕਾਰ ਸਿਵਿਆਂ ਵਿੱਚ ਕਰਨ ਦੀ ਥਾਂ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਤਾਂ ਜੋ ਉੱਥੇ ਸ਼ਹੀਦਾਂ ਦੀਆਂ ਸਮਾਧੀਆਂ ਬਣਾਈਆਂ ਜਾ ਸਕਣ। ਲੋਕਾਂ ਦੇ ਇਕੱਠ ਨੂੰ ਭੜਕਾਇਆ ਗਿਆ ਅਤੇ ਮੁਸਲਿਆਂ ਤੋਂ ਬਦਲਾ ਲੈਣ ਲਈ ਉਕਸਾਇਆ ਗਿਆ। ਦੂਜੇ ਦਿਨ ਜਥੇ ਪੂਰੇ ਜੋਸ਼ ਨਾਲ ਰਵਾਨਾ ਹੋਏ ਅਤੇ ਦੁਪਹਿਰ ਤੀਕ ਆਪਣੇ ਨਾਲ ਦੋ ਘੋੜਿਆਂ ਵਾਲਿਆਂ ਨੂੰ ਫੜ ਲਿਆਏ। ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ। ਪਤਾ ਲੱਗਾ ਕਿ ਪਿੰਡੋਂ ਬਾਹਰ ਪਿੱਪਲ ਨਾਲ ਉਨ੍ਹਾਂ ਨੂੰ ਬੰਨ੍ਹ ਦਿੱਤਾ ਗਿਆ ਹੈ। ਸਾਡੀ ਹਵੇਲੀ ਉਸੇ ਪਾਸੇ ਪੈਂਦੀ ਸੀ। ਮੈਂ ਵੀ ਆਪਣੀ ਦਾਦੀ ਨਾਲ ਹਵੇਲੀ ਨੂੰ ਤੁਰ ਪਿਆ ਤਾਂ ਜੋ ਦੁਸ਼ਟਾਂ ਨੂੰ ਵੇਖ ਸਕਾਂ। ਉਹ ਬੰਨ੍ਹੇ ਹੋਏ ਬੰਦੇ ਮੈਨੂੰ ਆਮ ਬੰਦਿਆਂ ਵਰਗੇ ਹੀ ਜਾਪੇ। ਦੁਸ਼ਟਾਂ ਵਾਲਾ ਕੋਈ ਵਿਸ਼ੇਸ਼ ਵਖਰੇਵਾਂ ਨਜ਼ਰ ਨਹੀਂ ਸੀ ਆ ਰਿਹਾ। ਉਹ ਆਪਣੀ ਜਾਨ ਬਖਸ਼ੀ ਲਈ ਸਰਦਾਰਾਂ ਅੱਗੇ ਲੇਲੜੀਆਂ ਕੱਢ ਰਹੇ ਸਨ। ਕੁਝ ਨੌਜਵਾਨ ਪੱਥਰ ਉੱਤੇ ਤਲਵਾਰ ਤੇਜ਼ ਕਰ ਰਹੇ ਸਨ। ਇਹ ਵੇਖ ਮੈਨੂੰ ਯਾਦ ਆਇਆ ਕਿ ਲੋਹੜੀ ਦੇ ਦਿਨ ਜਦੋਂ ਬੱਕਰਾ ਵੱਢਿਆ ਜਾਂਦਾ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਵੀ ਇਵੇਂ ਹੀ ਤਰਸ ਨਜ਼ਰ ਆਉਂਦਾ ਸੀ। ਉਦੋਂ ਵੀ ਤਲਵਾਰ ਤੇਜ਼ ਕੀਤੀ ਜਾਂਦੀ ਸੀ ਤਾਂ ਜੋ ਇੱਕ ਵਾਰ ਨਾਲ ਹੀ ਸਿਰ ਝਟਕਾਇਆ ਜਾ ਸਕੇ। ਮੇਰੀ ਦਾਦੀ ਮੇਰੀ ਬਾਂਹ ਫੜ ਕੇ ਮੈਨੂੰ ਉੱਥੋਂ ਲੈ ਆਈ। ਉਹ ਮੂੰਹ ਵਿੱਚ ਬੁੜਬੁੜਾ ਰਹੀ ਸੀ- ਇੰਝ ਕਿਸੇ ਬੇਦੋਸ਼ੇ ਨੂੰ ਬੰਨ੍ਹ ਕੇ ਮਾਰਨਾ ਜ਼ੁਲਮ ਹੈ। ਇਨ੍ਹਾਂ ਨੂੰ ਪਾਪ ਲੱਗੇਗਾ। ਪਿੱਛੋਂ ਪਤਾ ਲੱਗਾ ਕਿ ਤਲਵਾਰ ਦੇ ਇੱਕ ਟੱਕ ਨਾਲ ਉਨ੍ਹਾਂ ਦਾ ਝਟਕਾ ਕਰ ਦਿੱਤਾ ਗਿਆ ਸੀ।
ਜਥਿਆਂ ਦਾ ਸਿਲਸਿਲਾ ਇੰਝ ਹੀ ਚਲਦਾ ਰਿਹਾ ਅਤੇ ਪਿੰਡ ਦੇ ਘਰਾਂ ਵਿੱਚ ਲੁੱਟ ਦਾ ਮਾਲ ਆਉਂਦਾ ਰਿਹਾ। ਇੱਕ ਦਿਨ ਮੈਂ ਆਪਣੀ ਹਵੇਲੀ ਗਿਆ ਤਾਂ ਬਾਹਰਵਾਰ ਇੱਕ ਕੋਠੇ ਅੱਗੇ ਮੁੰਡਿਆਂ ਦੀ ਭੀੜ ਇਕੱਠੀ ਹੋਈ ਵੇਖੀ ਅਤੇ ਅੰਦਰੋਂ ਚੀਕਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ।
ਪਤਾ ਲੱਗਾ ਕਿ ਮੁੰਡੇ ਕੁਝ ਕੁੜੀਆਂ ਨੂੰ ਫੜ ਕੇ ਲਿਆਏ ਹਨ ਅਤੇ ਪਿੰਡ ਦੇ ਛੜੇ ਉਨ੍ਹਾਂ ਨਾਲ ਖੇਹ ਖਾ ਰਹੇ ਹਨ। ਉਦੋਂ ਪਤਾ ਨਹੀਂ ਸੀ ਹੁੰਦਾ ਕਿ ਖੇਹ ਖਾਣਾ ਕੀ ਹੁੰਦਾ ਹੈ ਪਰ ਦਾਦੀ ਦੀਆਂ ਗਾਲ੍ਹਾਂ ਤੋਂ ਪਤਾ ਲੱਗਦਾ ਸੀ ਕਿ ਇਹ ਕੋਈ ਬਹੁਤ ਬੁਰਾ ਕੰਮ ਹੁੰਦਾ ਹੈ। ਦਾਦੀ ਆਖ ਰਹੀ ਸੀ- ਤੁਹਾਡੇ ਕੀੜੇ ਪੈਣਗੇ ਮਾਸੂਮ ਅਬਲਾਵਾਂ ਉੱਤੇ ਜ਼ੁਲਮ ਕਰਦੇ ਹੋ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਕੁਝ ਸ਼ਰਮ ਕਰੋ। ਪਿੰਡ ਦੇ ਸਿਆਣੇ ਵੀ ਪਤਾ ਨਹੀਂ ਕਿੱਥੇ ਮਰ ਗਏ, ਜਿਹੜੇ ਇਨ੍ਹਾਂ ਨੂੰ ਕੁਝ ਨਹੀਂ ਆਖਦੇ।
ਖੈਰ, ਉਦੋਂ ਕੁਝ ਆਖਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਪਰ ਫਿਰ ਵੀ ਸਾਡੀ ਦਾਦੀ ਦੇ ਰੌਲਾ ਪਾਉਣ ’ਤੇ ਪੰਚਾਇਤ ਇਕੱਠੀ ਕੀਤੀ ਗਈ। ਪਿੰਡ ਦੇ ਸਿਆਣੇ ਬੰਦੇ ਬਹੁਤ ਦੇਰ ਸਲਾਹ ਮਸ਼ਵਰਾ ਕਰਕੇ ਉਸ ਥਾਂ ਵੱਲ ਚਲੇ ਗਏ। ਮੁੰਡੀਰ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਪਤਾ ਨਹੀਂ ਇਹ ਸੱਚ ਸੀ ਜਾਂ ਝੂਠ, ਕਿਸੇ ਬਜ਼ੁਰਗ ਨੇ ਆਖਿਆ ਕਿ ਪੁਲਿਸ ਪਿੰਡਾਂ ਵਿੱਚ ਛਾਪੇ ਮਾਰ ਕੇ ਕੁੜੀਆਂ ਲੱਭਦੀ ਫਿਰਦੀ ਹੈ। ਰਾਤੋ ਰਾਤ ਉਹ ਕੁੜੀਆਂ ਕਿਤੇ ਟਿਕਾਣੇ ਲਾ ਦਿੱਤੀਆਂ ਗਈਆਂ।
ਕੁਝ ਦਿਨਾਂ ਪਿੱਛੋਂ ਬਰਸਾਤ ਸ਼ੁਰੂ ਹੋ ਗਈ। ਅਜਿਹੀ ਝੜੀ ਲੱਗੀ ਕਿ ਹਟਣ ਦਾ ਨਾਮ ਹੀ ਨਾ ਲਵੇ। ਲੋਕਾਂ ਦੇ ਕੱਚੇ ਕੋਠੇ ਢਹਿਣ ਲੱਗ ਪਏ। ਲੁੱਟ ਦਾ ਮਾਲ ਰੁੜ੍ਹਨ ਲੱਗਾ। ਸਾਡੀ ਦਾਦੀ ਆਖ ਰਹੀ ਸੀ, “ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਬੁਰੇ ਕੰਮ ਨਾ ਕਰੋ। ਹੁਣ ਵੇਖ ਲਿਆ ਬੁਰੇ ਕੰਮ ਦਾ ਨਤੀਜਾ? ਇਹ ਰੱਬ ਦਾ ਕਹਿਰ ਹੈ, ਜਿਹੜਾ ਮੀਂਹ ਦੇ ਰੂਪ ਵਿੱਚ ਵਰ੍ਹ ਰਿਹਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5221)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.