“ਰਾਜਨੀਤੀ ਹੁਣ ਲੋਕ ਸੇਵਾ ਜਾਂ ਸਮਾਜ-ਸੇਵਾ ਨਹੀਂ ਸਗੋਂ ਇੱਕ ਬਹੁਤ ਹੀ ਘਟੀਆ ਧੰਦਾ ...”
(16 ਸਤੰਬਰ 2023)
* * *
ਗੁਰੂ ਨਾਨਕ ਸਾਹਿਬ ਦਾ ਆਗਮਨ ਜਦੋਂ ਇਸ ਸੰਸਾਰ ਵਿੱਚ ਹੋਇਆ ਉਦੋਂ ਭਾਰਤ ਵਿੱਚ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਜ਼ੁਲਮ ਆਪਣੇ ਸਿਖਰ ਉੱਤੇ ਸੀ। ਲੋਕਾਈ ਦੀ ਬਹੁਗਿਣਤੀ ਕਿਰਤੀ ਸੀ ਪਰ ਉਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਸੀ। ਉਹ ਨਰਕ ਤੋਂ ਵੀ ਭੈੜੀ ਜ਼ਿੰਦਗੀ ਜੀ ਰਹੇ ਸਨ। ਦੂਜਿਆਂ ਦਾ ਢਿੱਡ ਭਰਨ ਵਾਲੇ, ਉਨ੍ਹਾਂ ਦੇ ਮਹਿਲਾਂ ਦੀ ਉਸਾਰੀ ਕਰਨ ਵਾਲੇ, ਉਨ੍ਹਾਂ ਲਈ ਕੱਪੜਾ ਅਤੇ ਹੋਰ ਲੋੜੀਂਦੀਆਂ ਵਸਤਾਂ ਤਿਆਰ ਕਰਨ ਵਾਲੇ ਕਿਰਤੀ ਅਖਵਾਉਂਦੇ ਹਨ, ਉਹ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦੇ ਸਨ।
ਗੁਰੂ ਜੀ ਨੇ ਜਰਵਾਣਿਆਂ ਨੂੰ ਵੰਗਾਰਿਆ ਅਤੇ ਉਨ੍ਹਾਂ ਨੂੰ ਜ਼ਾਲਮ ਆਖ ਫ਼ਿਟਕਾਰਿਆ ਪਰ ਨਾਲ ਹੀ ਜ਼ੁਲਮ ਸਹਿ ਰਹੀ ਲੋਕਾਈ ਨੂੰ ਲਲਕਾਰਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਦਾ ਸੱਦਾ ਦਿੱਤਾ। ਗੁਰੂ ਜੀ ਆਪ ਭਾਵੇਂ ਉਦੋਂ ਉੱਚੀ ਸਮਝੀ ਜਾਂਦੀ ਖੱਤਰੀ ਕੁੱਲ ਵਿੱਚੋਂ ਸਨ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਖੜ੍ਹਾ ਕੀਤਾ। ਉਨ੍ਹਾਂ ਦਾ ਫਰਮਾਨ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿੰਨ ਕੈ ਸੰਗਿ ਸਾਥ ਵਡਿਆਸਿਉ ਕਿਆ ਰੀਸ॥ (15)
ਉਨ੍ਹਾਂ ਨੇ ਲੋਟੂ ਟੋਲੇ ਨੂੰ ਫਿਟਕਾਰਦੇ ਹੋਇਆਂ ਆਖਿਆ, ਤੁਸੀਂ ਪਰਾਇਆ ਹੱਕ ਮਾਰ ਕੇ ਕਿਰਤੀ ਦਾ ਖੂਨ ਪੀਂਦੇ ਹੋ ਅਤੇ ਉਸ ਦੀ ਕਮਾਈ ਉੱਤੇ ਐਸ਼ੋ ਇਸ਼ਰਤ ਦਾ ਜੀਵਨ ਜੀਉਂਦੇ ਹੋ ਜਦੋਂ ਕਿ ਕਿਰਤੀ ਨੂੰ ਅਛੂਤ ਆਖ ਉਸ ਦੇ ਪ੍ਰਛਾਵੇਂ ਤੋਂ ਵੀ ਦੂਰ ਰਹਿੰਦੋ ਹੋ। ਪਰਾਇਆ ਹੱਕ ਖਾਣਾ ਉੰਨਾ ਹੀ ਬੁਰਾ ਹੈ ਜਿੰਨਾ ਮੁਸਲਮਾਨਾਂ ਵਿੱਚ ਸੂਰ ਖਾਣ ਅਤੇ ਹਿੰਦੂਆਂ ਵਿੱਚ ਗਊ ਖਾਣ ਨੂੰ ਬੁਰਾ ਮੰਨਿਆ ਜਾਂਦਾ ਹੈ।
ਹਕੁ ਪਰਾਇਆ ਨਾਨਕਾ, ਉਸਸੂਅਰੁਉਸਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ॥ (141)
ਜ਼ਾਲਮਾਂ ਨੂੰ ਆਖਿਆ ਤੁਸੀਂ ਕਿਰਤੀਆਂ ਦਾ ਹੱਕ ਮਾਰ ਕੇ ਉਨ੍ਹਾਂ ਦਾ ਖੂਨ ਪੀਂਦੇ ਹੋ, ਤੁਸੀਂ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ।
ਜੇ ਰਤੁ ਲਗੈਕਪੜੈਜਾਮਾ ਹੋਇ ਪਲੀਤੁ॥
ਜੋਰਤੁਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ (140)
ਉਨ੍ਹਾਂ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਜਿਹੜਾ ਕਿਰਤ ਕਰਕੇ ਖਾਂਦਾ ਹੈ ਅਤੇ ਨਾਲ ਹੀ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਉਹ ਹੀ ਇਨਸਾਨ ਅਖਵਾਉਣ ਦਾ ਹੱਕਦਾਰ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (1285)
ਗੁਰੂ ਜੀ ਦੀ ਬਖਸ਼ਿਸ਼ ਕਰਕੇ ਹੀ ਉਨ੍ਹਾਂ ਦੇ ਪੈਰੋਕਾਰ ਉੱਦਮੀ ਹਨ ਤੇ ਹਮੇਸ਼ਾ ਖਤਰੇ ਸਹੇੜਨ ਲਈ ਤਿਆਰ ਰਹਿੰਦੇ ਹਨ। ਔਖੀ ਘੜੀ ਵਿੱਚ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ। ਉਹ ਹਮੇਸ਼ਾ ਨਵੇਂ ਵਿਚਾਰਾਂ ਅਤੇ ਨਵੀਆਂ ਥਾਂਵਾਂ ਨੂੰ ਆਪਣਾ ਬਣਾਉਣ ਲਈ ਤੱਤਪੁਰ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀਆਂ ਦੇ ਰਹਿਣ ਸਹਿਣ ਵਿੱਚ ਤਬਦੀਲੀ ਆਈ ਹੈ। ਉਹ ਆਪਣੇ ਸੱਭਿਆਚਾਰ ਅਤੇ ਰਸਮੋ ਰਿਵਾਜਾਂ ਤੋਂ ਦੂਰ ਹੋ ਰਹੇ ਹਨ। ਆਪਣੇ ਵਿਰਸੇ ’ਤੇ ਮਾਣ ਕਰਨਾ ਉਹ ਭੁੱਲ ਗਏ ਹਨ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੀ ਕੌਮ ਆਪ ਢਹਿੰਦੀ ਕਲਾ ਦਾ ਸ਼ਿਕਾਰ ਹੋ ਰਹੀ ਹੈ। ਇਸਦਾ ਅਸਰ ਉਨ੍ਹਾਂ ਦੇ ਕੰਮਾਂਕਾਰਾਂ ਵਿੱਚ ਸਾਫ਼ ਨਜ਼ਰ ਆਉਣ ਲੱਗ ਪਿਆ ਹੈ। ਪੈਸੇ ਕਮਾਉਣ ਦੀ ਦੌੜ ਵਿੱਚ ਉਹ ਗਲਤ ਕੰਮ ਕਰਨ ਲਈ ਵੀ ਤਿਆਰ ਰਹਿਣ ਲੱਗ ਪਏ ਹਨ। ਸਰਕਾਰੀ ਦਫਤਰਾਂ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਬਜ਼ਾਰ ਵਿੱਚ ਵਿਕਣ ਵਾਲੀਆਂ ਬਹੁਤੀਆਂ ਵਸਤਾਂ ਵਿੱਚ ਮਿਲਾਵਟ ਹੋਣ ਲੱਗ ਪਈ ਹੈ। ਇੱਥੋਂ ਤਕ ਕਿ ਸ਼ੁੱਧ ਦੁੱਧ ਤੇ ਸ਼ੁੱਧ ਦੁੱਧ-ਪਦਾਰਥ ਮਿਲਣੇ ਮੁਸ਼ਕਲ ਹੋ ਰਹੇ ਹਨ। ਬਹੁਤੇ ਕਾਰਖਾਨੇ ਰਸਾਇਣਾਂ ਨਾਲ ਭਰੇ ਪਾਣੀ ਨੂੰ ਸਾਫ਼ ਕਰਨ ਦੀ ਥਾਂ ਨੇੜੇ ਵਗਦੇ ਦਰਿਆ ਵਿੱਚ ਸੁੱਟਣ ਦਾ ਯਤਨ ਕਰਦੇ ਹਨ ਜਾਂ ਧਰਤੀ ਹੇਠਾਂ ਭੇਜ ਰਹੇ ਹਨ। ਇੰਝ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰ ਘੁਲ ਰਹੀ ਹੈ। ਕਾਇਦੇ ਕਾਨੂੰਨ ਦੀ ਪਾਲਣਾ ਕਰਨਾ ਕਮਜ਼ੋਰੀ ਸਮਝਿਆ ਜਾਣ ਲੱਗ ਪਿਆ ਹੈ। ਹੱਥੀਂ ਕੰਮ ਕਰਨਾ ਅਸੀਂ ਹੇਠੀ ਸਮਝਣ ਲੱਗ ਪਏ ਹਾਂ। ਵਿਖਾਵਾ ਸਾਡੇ ਜੀਵਨ ਦਾ ਅੰਗ ਬਣ ਰਿਹਾ ਹੈ। ਵਿਤੋਂ ਵਧ ਖਰਚ ਕਰਨ ਨੂੰ ਮਾਣ ਸਮਝਦੇ ਹਾਂ। ਮਨੁੱਖੀ ਵਿਕਾਸ ਹੋਣ ਦੀ ਥਾਂ ਇਹ ਨਿਘਾਰ ਵੱਲ ਜਾ ਰਿਹਾ ਹੈ, ਜਿਸਦਾ ਇੱਕ ਕਾਰਨ ਸਰਕਾਰੀ ਵਿੱਦਿਅਕ ਢਾਂਚੇ ਦਾ ਟੁੱਟ ਜਾਣਾ ਅਤੇ ਧਰਮ ਪ੍ਰਚਾਰ ਦਾ ਨਾ ਹੋਣਾ ਹੈ। ਇਸੇ ਦਾ ਅਸਰ ਪੰਜਾਬੀਆਂ ਉੱਤੇ ਪੈ ਰਿਹਾ ਹੈ। ਉਨ੍ਹਾਂ ਦੇ ਜੀਵਨ ਵਿੱਚੋਂ ਸੰਜੀਦਗੀ ਖਤਮ ਹੋ ਰਹੀ ਹੈ।
ਬਹੁਗਿਣਤੀ ਦੀ ਸੋਚ ਬਣ ਰਹੀ ਹੈ ਕਿ ਜੀਵਨ ਵਿੱਚ ਪੈਸਾ ਹੀ ਸਭ ਤੋਂ ਮਹੱਤਵਪੂਰਨ ਹੈ, ਉਸ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰ ਲੈਣਾ ਚਾਹੀਦਾ ਹੈ। ਇਸ ਸੋਚ ਨਾਲ ਸਦੀਆਂ ਤੋਂ ਚਲੀਆਂ ਆ ਰਹੀਆਂ ਸਦਾਚਾਰਕ ਕਦਰਾਂ ਕੀਮਤਾਂ ਦਮ ਤੋੜਨ ਲੱਗ ਪਈਆਂ ਹਨ। ਸਾਡੇ ਧਾਰਮਿਕ ਆਗੂ ਅਤੇ ਪ੍ਰਚਾਰਕ ਵੀ ਇਸਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦਾ ਮਿਸ਼ਨ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਦੀ ਥਾਂ ਮਾਇਆ ਬਟੋਰਨਾ ਬਣ ਗਿਆ ਹੈ। ਉਨ੍ਹਾਂ ਦੇ ਪ੍ਰਵਚਨ, ਕੀਰਤਨ ਜਾਂ ਸੇਵਾ ਮੁੱਲ ਵਿਕਦੀ ਹੈ। ਉਨ੍ਹਾਂ ਲਈ ਇਹ ਇੱਕ ਵਪਾਰਿਕ ਪੇਸ਼ਾ ਬਣ ਗਿਆ ਹੈ। ਜਦੋਂ ਧਰਮ ਦਾ ਪ੍ਰਚਾਰ ਪੈਸੇ ਦਾ ਰੂਪ ਧਾਰਨ ਕਰ ਲਵੇ ਫਿਰ ਭਲਾ ਸਬਰ ਅਤੇ ਸੰਜੀਦਗੀ ਉੱਥੇ ਕਿਵੇਂ ਠਹਿਰ ਸਕਦੀ ਹੈ। ਇਨ੍ਹਾਂ ਕੋਲ ਸੇਵਾ, ਸਾਦਗੀ, ਨਿਮਰਤਾ ਜਾਂ ਪ੍ਰੇਮ ਭਾਵ ਲਈ ਕੋਈ ਸਥਾਨ ਨਹੀਂ ਹੈ। ਜੀਵਨ ਦੇ ਵੱਧ ਤੋਂ ਵੱਧ ਸੁੱਖਾਂ ਨੂੰ ਪ੍ਰਾਪਤ ਕਰਨਾ ਹੀ ਇਨ੍ਹਾਂ ਦਾ ਮਕਸਦ ਹੈ। ਲੋਕਾਂ ਨੂੰ ਸੇਵਾ, ਸੱਚ, ਸਿਮਰਨ, ਸਾਦਗੀ, ਸੰਤੋਖ, ਵਿੱਦਿਆ ਦੀ ਸਿੱਖਿਆ ਦੇਣ ਵਾਲੇ ਜਦੋਂ ਆਪ ਹੀ ਉਸ ਤੋਂ ਕੋਹਾਂ ਦੂਰ ਹੋ ਜਾਣਗੇ, ਫਿਰ ਭਲਾ ਸੰਗਤ ਉੱਤੇ ਉਨ੍ਹਾਂ ਦੇ ਪ੍ਰਬਚਨਾਂ ਦਾ ਸਾਰਥਿਕ ਅਸਰ ਕਿਵੇਂ ਹੋਵੇਗਾ? ਜਿਸ ਸਮਾਜ ਦੇ ਆਗੂ ਹੀ ਸੱਚ, ਸੰਤੋਖ ਅਤੇ ਸੁਚੱਜੀ ਸੋਚ ਤੋਂ ਦੂਰ ਹੋ ਜਾਣ ਤਾਂ ਉਸ ਦਾ ਭਵਿੱਖ ਤਾਂ ਕਾਲਾ ਹੋਣਾ ਹੀ ਹੋਇਆ।
ਸਾਡੇ ਰਾਜਸੀ ਆਗੂ ਇਸ ਤੋਂ ਵੀ ਅੱਗੇ ਨਿਕਲ ਗਏ ਹਨ। ਰਾਜਨੀਤੀ ਹੁਣ ਲੋਕ ਸੇਵਾ ਜਾਂ ਸਮਾਜ-ਸੇਵਾ ਨਹੀਂ ਸਗੋਂ ਇੱਕ ਬਹੁਤ ਹੀ ਘਟੀਆ ਧੰਦਾ ਬਣ ਗਈ ਹੈ। ਆਗੂਆਂ ਦਾ ਮੁੱਖ ਮੰਤਵ ਜਨਤਾ ਦੀ ਸੇਵਾ ਜਾਂ ਅਗਵਾਈ ਕਰਨਾ ਨਹੀਂ ਸਗੋਂ ਆਪਣੀ ਕੁਰਸੀ ਦੀ ਸਲਾਮਤੀ ਹੈ, ਜਿਸ ਨੂੰ ਕਾਇਮ ਰੱਖਣ ਲਈ ਉਹ ਕੋਈ ਵੀ ਘਟੀਆ ਹਥਿਆਰ ਵਰਤ ਸਕਦੇ ਹਨ। ਸਮਾਜ ਵਿੱਚ ਬੁਰੀ ਤਰ੍ਹਾਂ ਫੈਲਿਆ ਰਿਸ਼ਵਤ ਦਾ ਕੋਹੜ ਇਨ੍ਹਾਂ ਆਗੂਆਂ ਦੀ ਹੀ ਦੇਣ ਹੈ। ਨਵੀਂ ਪੀੜ੍ਹੀ ਨੂੰ ਕਿਰਤ ਨਾਲ ਜੋੜਨ ਦੀ ਥਾਂ ਉਨ੍ਹਾਂ ਨੂੰ ਨਸ਼ਿਆਂ ਨਾਲ ਜੋੜਿਆ ਜਾ ਰਿਹਾ ਹੈ। ਵਿਆਹਾਂ ਸਮੇਂ ਬੇਲੋੜੇ ਖਰਚ ਅਤੇ ਸ਼ਰਾਬ ਦੀ ਵਰਤੋਂ ਵਿਰੁੱਧ ਕੋਈ ਧਾਰਮਿਕ ਆਗੂ ਜਾਂ ਪ੍ਰਚਾਰਕ ਨਹੀਂ ਬੋਲਦਾ। ਸਾਡੇ ਆਗੂ ਸੂਬੇ ਦੀ ਜਵਾਨੀ ਨੂੰ ਵਿੱਦਿਆ ਤੇ ਰੁਜ਼ਗਾਰ ਦੇਣ ਦੀ ਥਾਂ ਆਪਣੇ ਜਲਸੇ ਜਲੂਸਾਂ ਲਈ ਵਰਤਦੇ ਹਨ ਤੇ ਨਸ਼ਿਆਂ ਨਾਲ ਉਨ੍ਹਾਂ ਦਾ ਥਕੇਵਾਂ ਲਾਹੁੰਦੇ ਹਨ। ਇਹੋ ਜਿਹੇ ਰੋਲ ਮਾਡਲ ਤੋਂ ਕਿਹੋ ਜਿਹੀ ਸੇਧ ਪ੍ਰਾਪਤ ਹੋ ਸਕਦੀ ਹੈ। ਸਾਡੀਆਂ ਫਿਲਮਾਂ ਕਾਲਜਾਂ ਵਿੱਚ ਧੜੇਬਾਜ਼ੀ, ਗੈਂਗਵਾਰ ਤੇ ਸ਼ਰੇਆਮ ਸ਼ਰਾਬ ਪੀਂਦੇ ਵਿਦਿਆਰਥੀਆਂ ਨੂੰ ਵਿਖਾਉਂਦੀਆਂ ਹਨ। ਅਸਲ ਜੀਵਨ ਵਿੱਚ ਬੱਚੇ ਇਹੋ ਕਰਨ ਦਾ ਯਤਨ ਕਰਦੇ ਹਨ। ਅਰਦਾਸ ਵਰਗੀ ਫਿਲਮ ਕਦੇ ਕਦਾਈਂ ਹੀ ਬਣਦੀ ਹੈ।
ਖੁਸ਼ੀ ਦੇ ਸਮਾਗਮ ਤਾਂ ਦੂਰ ਰਹੇ, ਗਮੀ ਦੇ ਸਮਾਗਮਾਂ ਵਿੱਚ ਵੀ ਸੰਜੀਦਗੀ ਖਤਮ ਹੋ ਰਹੀ ਹੈ। ਜੀਵਨ ਵਿੱਚ ਰਿਸ਼ਤਿਆਂ ਦੇ ਨਿੱਘ ਦੀ ਘਾਟ ਮਹਿਸੂਸ ਹੋ ਰਹੀ ਹੈ। ਹੁਣ ਜੀਵਨ ਸ਼ੈਲੀ ਵੀ ਬਦਲ ਗਈ ਹੈ। ਹੁਣ ਕੁੱਕੜ ਦੀ ਬਾਂਗ ਸੁਣ ਅੰਮ੍ਰਿਤ ਵੇਲੇ ਜਾਗਣ ਵਾਲਿਆਂ ਦੀ ਗਿਣਤੀ ਘਟ ਗਈ ਹੈ, ਤੜਕੇ ਉੱਠ ਕੰਮ ਕਾਜ ਵਿੱਚ ਬਹੁਤ ਘੱਟ ਲੋਕ ਜੁਟਦੇ ਹਨ। ਦੁੱਧ ਦਾ ਗਿਲਾਸ ਪੀ ਛੇਤੀ ਸੌਂ ਜਾਣ ਦਾ ਰਿਵਾਜ ਘਟ ਰਿਹਾ ਹੈ।
ਪੰਜਾਬੀਆਂ ਦੀ ਮਿਹਨਤ ਅਤੇ ਹਿੰਮਤ ਦੀ ਮਿਸਾਲ ਦਿੱਤੀ ਜਾਂਦੀ ਸੀ, ਉਹ ਹੁਣ ਗਾਇਬ ਹੋ ਰਹੀ ਹੈ। ਹੱਥੀਂ ਕੰਮ ਕਰਨਾ, ਇਮਾਨਦਾਰੀ, ਜੀਵਨ ਸਲੀਕਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਸਮਝੀਆਂ ਜਾ ਰਹੀਆਂ ਹਨ। ਇਸ ਤਬਦੀਲੀ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ। ਜੀਵਨ ਵਿੱਚ ਸੰਜੀਦਗੀ ਦੀ ਵਾਪਸੀ ਬਹੁਤ ਜ਼ਰੂਰੀ ਹੈ।
ਬੱਚਿਆਂ ਨੂੰ ਆਪਣੀ ਬੋਲੀ ਪੰਜਾਬੀ ਨਾਲ ਜੋੜਿਆ ਜਾਵੇ। ਆਪਣੇ ਸ਼ਾਨਾਮੱਤੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਵਿੱਚ ਆਪਣੀ ਮਿੱਟੀ ਦਾ ਮੋਹ ਜਾਗੇ। ਇਤਿਹਾਸ ਦੀ ਕਿਤਾਬ ਵਿੱਚ ਪੰਜਾਬ ਅਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਜਾਵੇ। ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਂ ਦੇ ਚਮਤਕਾਰਾਂ ਦੀਆਂ ਸਾਖੀਆਂ ਉੱਤੇ ਜ਼ੋਰ ਦੇਣ ਦੀ ਥਾਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਪ੍ਰਚਾਰਿਆ ਜਾਵੇ। ਵਡੇਰਿਆਂ ਦੀਆਂ ਕੁਰਬਾਨੀਆਂ ਅਤੇ ਆਪਣੇ ਮਹਾਨ ਵਿਰਸੇ ਦੀਆਂ ਬਾਤਾਂ ਪਾਈਆਂ ਜਾਣ। ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਪੰਜਾਬ, ਪੰਜਾਬੀ ਸੱਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਮੁੱਖ ਤੌਰ ਉੱਤੇ ਉਘਾੜਿਆ ਜਾਵੇ ਅਤੇ ਗੁਰੂ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਿਆ ਜਾਵੇ। ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਬਣਾਏ ਜਾਣ। ਬੱਚਿਆਂ ਨੂੰ ਹੁਨਰੀ ਬਣਾਈਏ ਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਸਿਖਾਈਏ। ਆਵੋ ਰਲ ਕੇ ਯਤਨ ਕਰੀਏ, ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨਾਲ ਨਵੀਂ ਪੀੜ੍ਹੀ ਨੂੰ ਜੋੜੀਏ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਮੁੰਡਿਆਂ ਹੱਥ ਕਿਤਾਬਾਂ ਫੜਾਵਾਂਗੇ, ਉਨ੍ਹਾਂ ਨੂੰ ਵਿੱਦਿਆ ਪ੍ਰਾਪਤੀ ਲਈ ਉਕਸਾਵਾਂਗੇ। ਪੰਜਾਬੀ ਖਾਸ ਕਰਕੇ ਸਿੱਖਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਗਿਆਨ ਅਤੇ ਕਿਰਤ ਦੇ ਲੜ ਲਾਇਆ ਸੀ, ਫਿਰ ਨਵੀਂ ਪੀੜ੍ਹੀ ਗਿਆਨ ਵਿਹੂਣੀ ਹੋ ਕੇ ਕੁਰਾਹੇ ਕਿਉਂ ਪੈ ਰਹੀ ਹੈ, ਇਸ ਬਾਰੇ ਚਿੰਤਨ ਦੀ ਲੋੜ ਹੈ।
ਗੁਰੂ ਜੀ ਨੇ ਸਮਝਾਇਆ ਕਿ ਜਦੋਂ ਇਨਸਾਨ ਇਮਾਨਦਾਰੀ ਨਾਲ ਮਿਹਨਤ ਕਰਕੇ ਕਮਾਈ ਕਰਦਾ ਹੈ ਅਤੇ ਜਿੱਥੋਂ ਤੀਕ ਹੋ ਸਕੇ ਇਸ ਨੂੰ ਵੰਡ ਕੇ ਛਕਦਾ ਹੈ, ਉਦੋਂ ਹੀ ਉਹ ਸਫ਼ਲ ਸੁਖਾਵਾਂ ਜੀਵਨ ਜੀ ਸਕਦਾ ਹੈ। ਬੁਰੇ ਕਰਮ ਕੀਤਿਆਂ ਜਾਂ ਹਰਾਮ ਦੀ ਕਮਾਈ ਨਾਲ ਕਦੇ ਵੀ ਸੁਖ, ਸ਼ਾਂਤੀ ਜਾਂ ਆਨੰਦ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਜੋ ਅਸੀਂ ਬੀਜਦੇ ਹਾਂ ਉਹੋ ਫ਼ਸਲ ਹੀ ਵੱਢਣੀ ਪੈਂਦੀ ਹੈ। ਗੁਰੂ ਸਾਹਿਬ ਦਾ ਹੁਕਮ ਹੈ:
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈਂ ਕੀਆ ਸੋ ਮੈਂ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (433)
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ (468)
ਗੁਰੂ ਜੀ ਨੇ ਪਿਛਲੀ ਉਮਰੇ ਕਰਤਾਰਪੁਰ ਨਗਰ ਵਸਾਇਆ। ਇੱਥੇ ਉਨ੍ਹਾਂ ਆਪਣੇ ਹੱਥੀਂ ਖੇਤੀ ਕੀਤੀ। ਇਹ ਸੱਚਮੁੱਚ ਹੀ ਕਰਤਾਰ ਦਾ ਘਰ ਸੀ। ਇੱਥੇ ਹਮੇਸ਼ਾ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੁੰਦਾ ਸੀ। ਗੁਰੂ ਜੀ ਦਾ ਕੇਂਦਰ ਅਜਿਹੀ ਥਾਂ ਬਣ ਗਿਆ ਸੀ ਜਿੱਥੇ ਸੰਗਤਾਂ ਆਪਣੇ ਅੰਦਰਲੀ ਮੈਲ ਧੋ ਕੇ ਗੁਰੂ ਜੀ ਦੇ ਦਰਸਾਏ ਜੀਵਨ ਮਾਰਗ ਉੱਤੇ ਆਪਣੀ ਯਾਤਰਾ ਸ਼ੁਰੂ ਕਰ ਦਿੰਦੀਆਂ ਸਨ। ਇੰਝ ਉਨ੍ਹਾਂ ਨੇ ਕਿਰਤ ਦੇ ਸਤਿਕਾਰ ਵਾਲੇ ਆਪਣੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ। ਭਾਈ ਲਹਿਣਾ ਜੀ, ਜਿਹੜੇ ਪਿੱਛੋਂ ਜਾ ਕੇ ਨਿਸ਼ਕਾਮ ਸੇਵਾ ਕਾਰਨ ਗੁਰਗੱਦੀ ਦੇ ਵਾਰਸ ਬਣੇ, ਜਦੋਂ ਪਹਿਲੀ ਵਾਰ ਕਰਤਾਰਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਉਨ੍ਹਾਂ ਨਗਰ ਤੋਂ ਬਾਹਰ ਇੱਕ ਬਜ਼ੁਰਗ ਨੂੰ ਸਿਰ ਉੱਤੇ ਪੱਠਿਆਂ ਦੀ ਭਰੀ ਚੁੱਕੀ ਜਾਂਦੇ ਵੇਖਿਆ ਤੇ ਉਸ ਤੋਂ ਗੁਰੂ ਜੀ ਦੇ ਡੇਰੇ ਦਾ ਰਾਹ ਪੁੱਛਿਆ, ਤਾਂ ਬਜ਼ੁਰਗ ਨੇ ਆਖਿਆ ਸੀ ਕਿ ਮੈਂ ਵੀ ਉੱਥੇ ਹੀ ਜਾ ਰਿਹਾ ਹਾਂ, ਤੁਸੀਂ ਮੇਰੇ ਨਾਲ ਹੀ ਆ ਜਾਵੋ। ਗੁਰੂ ਜੀ ਨੇ ਜਦੋਂ ਡੇਰੇ ਪੁੱਜ ਪੱਠਿਆਂ ਦੀ ਭਰੀ ਸੁੱਟੀ ਤਾਂ ਸੰਗਤਾਂ ਉਨ੍ਹਾਂ ਦੇ ਚਰਨ ਸਪਰਸ਼ ਕਰਨ ਲੱਗੀਆਂ। ਉਦੋਂ ਲਹਿਣਾ ਜੀ ਨੂੰ ਪਤਾ ਚੱਲਿਆ ਕਿ ਭਰੀ ਵਾਲੇ ਬਜ਼ੁਰਗ ਤਾਂ ਆਪ ਹੀ ਗੁਰੂ ਨਾਨਕ ਸਨ ਤੇ ਉਹ ਉਨ੍ਹਾਂ ਦੇ ਚਰਨਾਂ ਵਿੱਚ ਢਹਿ ਪਿਆ ਤੇ ਹਮੇਸ਼ਾ ਲਈ ਗੁਰੂ ਜੀ ਦੀ ਸੇਵਾ ਕਰਨ ਲਈ ਉੱਥੇ ਹੀ ਰਹਿ ਗਿਆ। ਇਸੇ ਸਾਦਗੀ, ਨਿਮਰਤਾ, ਸੁਕਿਰਤ ਤੇ ਪ੍ਰੇਮ ਦਾ ਪਾਠ ਗੁਰੂ ਜੀ ਨੇ ਲੋਕਾਈ ਨੂੰ ਪੜ੍ਹਾਇਆ। ਇੱਥੇ ਹੀ ਗੁਰੂ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਸ਼ੁਰੂ ਕੀਤੀ। ਸਾਰੀ ਸੰਗਤ ਨੂੰ ਇੱਕੋ ਪੰਗਤ ਵਿੱਚ ਬੈਠ ਕੇ ਹੀ ਭੋਜਨ ਛਕਣਾ ਪੈਂਦਾ ਸੀ। ਇੰਝ ਗੁਰੂ ਜੀ ਨੇ ਸਮਾਜ ਵਿੱਚ ਜਾਤਪਾਤ, ਰੁਤਬੇ ਅਤੇ ਅਮੀਰੀ ਕਾਰਨ ਜਿਹੜੀਆਂ ਵੰਡੀਆਂ ਪਈਆਂ ਸਨ, ਉਹ ਮੇਟ ਦਿੱਤੀਆਂ। ਸੰਗਤ ਵਿੱਚ ਸਭ ਨੂੰ ਬਰਾਬਰੀ ਉੱਤੇ ਬੈਠਣਾ ਪੈਂਦਾ ਸੀ। ਇੰਝ ਉਨ੍ਹਾਂ ਨੇ ਨਿਮਾਣਿਆਂ ਨੂੰ ਮਾਣ ਤੇ ਨਿਤਾਣਿਆਂ ਨੂੰ ਤਾਣ ਦੀ ਬਖਸ਼ਿਸ਼ ਕੀਤੀ। ਜਿਹੜੇ ਨਿਥਾਵੇਂ ਸਨ ਉਨ੍ਹਾਂ ਲਈ ਗੁਰੂ ਘਰ ਵਿੱਚ ਥਾਂ ਦੀ ਬਖਸ਼ਿਸ਼ ਕੀਤੀ। ਗੁਰੂ ਜੀ ਨੇ ਸੰਸਾਰ ਵਿੱਚ ਇੱਕ ਨਵੇਂ ਰਾਜ ਪ੍ਰਬੰਧ ਜਿਸ ਨੂੰ ਲੋਕ ਰਾਜ ਤੇ ਸਮਾਜਵਾਦ ਆਖਿਆ ਗਿਆ ਦੀ ਸੋਝੀ ਕਰਵਾਈ। ਉਨ੍ਹਾਂ ਆਪਣੀ ਸੋਚ ਨੂੰ ਵਿਚਾਰਾਂ ਤਕ ਹੀ ਸੀਮਤ ਨਹੀਂ ਰੱਖਿਆ, ਸਗੋਂ ਉਸ ਨੂੰ ਅਮਲੀ ਰੂਪ ਦਿੱਤ। ਗੁਰੂ ਜੀ ਸੰਸਾਰ ਵਿੱਚ ਪਹਿਲੇ ਪੁਰਸ਼ ਹੋਏ ਹਨ ਜਿਨ੍ਹਾਂ ਕਿਰਤ ਨੂੰ ਮਾਣ ਦਿੱਤਾ ਅਤੇ ਕਿਰਤੀ ਦਾ ਸਨਮਾਨ ਕੀਤਾ।
ਸਮਾਜ ਵਿੱਚ ਹਰ ਪਾਸੇ ਫੈਲੇ ਭ੍ਰਿਸ਼ਟਾਚਾਰ, ਅਪਰਾਧ ਅਤੇ ਲੁੱਟ ਨੂੰ ਕੇਵਲ ਗੁਰੂ ਜੀ ਵੱਲੋਂ ਦਰਸਾਈ ਜੀਵਨ ਜਾਚ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ। ਇਮਾਨਦਾਰੀ ਅਤੇ ਮਿਹਨਤ ਨਾਲ ਕਿਰਤ ਕਰਨ ਦੀ ਆਦਤ ਨਾਗਰਿਕਾਂ ਵਿੱਚੋਂ ਮੁੱਕਦੀ ਜਾ ਰਹੀ ਹੈ। ਆਪਣੇ ਆਪ ਨੂੰ ਗੁਰੂ ਜੀ ਦੇ ਸਿੱਖ ਅਖਵਾਉਣ ਵਾਲੇ ਵੀ ਇਸਦੀ ਲਪੇਟ ਵਿੱਚ ਆ ਰਹੇ ਹਨ। ਬਿਨਾਂ ਮਿਹਨਤ ਕੀਤਿਆਂ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਸਾਰੇ ਵੇਖਣ ਲੱਗ ਪਏ ਹਨ। ਜਦੋਂ ਜੀਵਨ ਦਾ ਟੀਚਾ ਕੇਵਲ ਪੈਸਾ ਇਕੱਠਾ ਕਰਨਾ ਹੀ ਬਣ ਜਾਵੇ, ਉਦੋਂ ਇਨਸਾਨ ਸਾਰੀਆਂ ਕਦਰਾਂ ਕੀਮਤਾਂ ਭੁੱਲ ਜਾਂਦਾ ਹੈ। ਦੌਲਤ ਰੂਪੀ ਦਰਿਆ ਅਜਿਹਾ ਹੈ, ਜਿਸਦਾ ਕੋਈ ਕਿਨਾਰਾ ਨਹੀਂ ਹੁੰਦਾ। ਇਸਦੀ ਘੁੰਮਣਘੇਰੀ ਵਿੱਚ ਫਸਿਆ ਮਨੁੱਖ ਬਾਹਰ ਨਹੀਂ ਨਿਕਲ ਸਕਦਾ। ਜਦੋਂ ਕਿਸੇ ਲਈ ਮਾਇਆ ਹੀ ਸਭ ਕੁਝ ਬਣ ਜਾਵੇ ਤਾਂ ਮਾਇਆ ਹੀ ਉਸ ਦਾ ਧਰਮ ਬਣ ਜਾਂਦੀ ਹੈ, ਕਿਉਂਕਿ ਉਹ ਸਮਝਦਾ ਹੈ ਕਿ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ। ਉਹ ਸ਼ਾਇਦ ਇਹ ਭੁੱਲ ਜਾਂਦਾ ਹੈ ਕਿ ਖੁਸ਼ੀ, ਸਫ਼ਲਤਾ, ਸਫ਼ਲ ਸੁਖਾਵਾਂ ਜੀਵਨ, ਪਿਆਰ, ਸਵੈਮਾਣ ਤੇ ਦੋਸਤੀ ਕਦੇ ਵੀ ਪੈਸੇ ਨਾਲ ਖਰੀਦੇ ਨਹੀਂ ਜਾ ਸਕਦੇ। ਉਹ ਇਹ ਭੁੱਲ ਜਾਂਦਾ ਹੈ ਕਿ ਮਾਇਆ ਇਕੱਠੀ ਕਰਨ ਲਈ ਜਿਹੜੇ ਪਾਪ ਉਹ ਕਰ ਰਿਹਾ ਹੈ, ਉਸ ਦਾ ਫ਼ਲ ਤਾਂ ਭੁਗਣਤਾ ਹੀ ਪੈਂਦਾ ਹੈ। ਗੁਰੂ ਜੀ ਨੇ ਲੋਕਾਈ ਨੂੰ ਸਮਝਾਇਆ:
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਇ॥ (417)
ਆਵੋ ਗੁਰੂ ਜੀ ਦੇ ਉਪਦੇਸ਼ਾਂ ਨੂੰ ਅਪਣਾਈਏ, ਕਿਰਤ ਕਰੀਏ, ਵੰਡ ਛਕੀਏ ਅਤੇ ਨਾਮ ਜਪੀਏ ਤਾਂ ਜੋ ਸੱਚ, ਸੰਤੋਖ ਅਤੇ ਗਿਆਨ ਸਾਡੇ ਸਾਥੀ ਬਣ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4224)
(ਸਰੋਕਾਰ ਨਾਲ ਸੰਪਰਕ ਲਈ: (