“ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਵੀ ਲਗਾਮ ਲਗਾਉਣ ਦੀ ਲੋੜ ...”
(29 ਜੂਨ 2023)
ਭਾਰਤ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਹੁਣ ਇਸਦੀ ਵਸੋਂ 140 ਕਰੋੜ ਨੂੰ ਪਾਰ ਕਰ ਗਈ ਹੈ। ਜਦੋਂ ਦੇਸ਼ ਆਜ਼ਾਦ ਹੋਇਆ, ਉਦੋਂ ਆਬਾਦੀ ਕੇਵਲ 33 ਕਰੋੜ ਸੀ। ਤੇਜ਼ੀ ਨਾਲ ਹੋਏ ਆਬਾਦੀ ਦੇ ਇਸ ਵਾਧੇ ਦੀਆਂ ਤਿੰਨ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਦੀ ਪੂਰਤੀ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵੀ ਤੇਜ਼ੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਲਈ ਮਕਾਨ ਬਣਾਉਣ ਵਾਸਤੇ ਲੱਖਾਂ ਪਿੰਡ ਉਜਾੜਨੇ ਪਏ ਹਨ। ਇੰਝ ਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਭੋਜਨ ਦੀਆਂ ਲੋੜਾਂ ਵਧ ਰਹੀਆਂ ਹਨ। ਜਦੋਂ ਵਸੋਂ ਕੇਵਲ 33 ਕਰੋੜ ਸੀ, ਉਦੋਂ ਲੋਕ ਪਾਣੀ ਦੀ ਸੰਕੋਚਵੀਂ ਵਰਤੋਂ ਕਰਦੇ ਸਨ ਕਿਉਂਕਿ ਪਾਣੀ ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ ਹੈ। ਹੁਣ ਜਦੋਂ ਅਬਾਦੀ ਇੰਨੀ ਵਧ ਗਈ ਹੈ ਤਾਂ ਪਾਣੀ ਦੀਆਂ ਲੋੜਾਂ ਵੀ ਉਸੇ ਅਨੁਪਾਤ ਵਿੱਚ ਵਧੀਆਂ ਹਨ। ਇਸਦੇ ਨਾਲ ਹੀ ਲੋਕਾਂ ਵਿੱਚ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਪਾਣੀ ਨੂੰ ਦੇਵਤਾ ਸਮਝ ਸਤਿਕਾਰ ਖਤਮ ਹੋ ਗਿਆ ਹੈ। ਲੋਕ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਸਾਰੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਪਾਣੀ ਦੀ ਅਹਿਮ ਭੂਮਿਕਾ ਹੈ। ਪਾਣੀ ਬਿਨਾਂ ਫ਼ਸਲਾਂ, ਪਸ਼ੂ ਪੰਛੀ, ਰੁੱਖ, ਬੂਟੇ ਕੋਈ ਵੀ ਜੀਵਤ ਨਹੀਂ ਰਹਿ ਸਕਦਾ। ਇੰਝ ਦੇਸ਼ ਵਿੱਚ ਪਾਣੀ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸੀਂ ਆਪਣੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦੀ ਬੜੀ ਬੇਦਰਦੀ ਨਾਲ ਵਰਤੋਂ ਕਰ ਰਹੇ ਹਾਂ। ਇਸ ਨਾਲ ਧਰਤੀ ਹੇਠਲਾ ਪਾਣੀ ਮੁੱਕਣ ਦੇ ਨੇੜੇ ਹੈ ਅਤੇ ਦਰਿਆ ਸੁੱਕਣ ਵਾਲੇ ਹਨ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠ ਇਸਦੀ ਭਰਪਾਈ ਵਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਸਾਰੀਆਂ ਗਲੀਆਂ, ਸੜਕਾਂ ਪੱਕੀਆਂ ਹੋ ਗਈਆਂ ਹਨ। ਛੱਪੜ ਅਤੇ ਤਲਾਬ ਪੂਰ ਦਿੱਤੇ ਗਏ ਹਨ। ਦਰਿਆ, ਨਦੀਆਂ ਅਤੇ ਨਾਲਿਆਂ ਦੇ ਵਹਿਣ ਮੋੜ ਦਿੱਤੇ ਗਏ ਹਨ। ਇੰਝ ਧਰਤੀ ਹੇਠ ਬਹੁਤ ਘੱਟ ਪਾਣੀ ਜਾ ਰਿਹਾ ਹੈ।
ਪੰਜਾਬ, ਜਿਸਦਾ ਨਾਮ ਹੀ ਪਾਣੀਆਂ ਦੀ ਹੋਂਦ ਕਰਕੇ ਪਿਆ ਸੀ, ਉਸ ਦਾ ਵੀ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ ਕਿਉਂਕਿ ਘਰਾਂ ਅਤੇ ਖੇਤਾਂ ਦੀਆਂ ਪਾਣੀ ਦੀਆਂ ਲੋੜਾਂ ਵੀ ਧਰਤੀ ਹੇਠਲੇ ਪਾਣੀ ਨਾਲ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਨਹਿਰੀ ਪਾਣੀ ਨਾਲ ਤਾਂ ਸਿੰਚਾਈ ਮਸਾਂ ਇੱਕ ਤਿਹਾਈ ਹਿੱਸੇ ਦੀ ਹੀ ਹੁੰਦੀ ਹੈ। ਕੁਝ ਦਿਨ ਪਹਿਲਾਂ ਮੈਨੂੰ ਫਰੈੱਡ ਪੀਆਰਸ ਦੀ ਕਿਤਾਬ ‘ਜਦੋਂ ਦਰਿਆ ਸੁੱਕਦੇ ਹਨ’ ਪੜ੍ਹਨ ਦਾ ਮੌਕਾ ਮਿਲਿਆ ਹੈ। ਲੇਖਕ ਨੇ ਭਾਰਤ ਵਿੱਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿੱਚ ਮੁੱਕ ਰਹੇ ਪਾਣੀ ਦੀ ਬਹੁਤ ਸੁਚੱਜੇ ਢੰਗ ਨਾਲ ਚਿਤਾਵਨੀ ਦਿੱਤੀ ਹੈ। ਇਸ ਪੁਸਤਕ ਦਾ ਪੀ ਏ ਯੂ ਦੇ ਇੱਕ ਪੁਰਾਣੇ ਵਿਦਿਆਰਥੀ ਅਤੇ ਹੁਣ ਅਮਰੀਕਾ ਦੀ ਕੈਲੋਫੋਰਨੀਆਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਗੁਰਰੀਤ ਬਰਾੜ ਨੇ ਪੰਜਾਬੀ ਵਿੱਚ ਅਨੁਵਾਦ ਕਰਕੇ ਆਪਣੇ ਖਰਚੇ ਉੱਤੇ ਛਪਾਈ ਕਰਵਾਈ ਹੈ। ਗੁਰਰੀਤ ਆਪਣੀ ਮਿੱਟੀ ਦਾ ਮੋਹ ਨਹੀਂ ਭੁੱਲਿਆ। ਉਹ ਪੁਸਤਕ ਦੇ ਅਰੰਭ ਵਿੱਚ ਲਿਖਦਾ ਹੈ, “ਸਾਡੀ ਤਹਿਜ਼ੀਬ ਉਸਾਰਨ ਵਾਲੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਸਮਰਪਿਤ, ਜਿਹੜੇ ਸਿਰਫ ਸਾਡੀ ਸਰਜ਼ਮੀਨ ਉੱਤੇ ਹੀ ਨਹੀਂ ਸਗੋਂ ਮੇਰੇ ਜਿਹੇ ਹਰ ਪੰਜਾਬੀ ਦੇ ਅੰਦਰ ਵੀ ਵਗਦੇ ਨੇ। ਦੁਆ ਗੋ ਹਾਂ ਕਿ ਉਨ੍ਹਾਂ ਨੂੰ ਐਸੀ ਕਿਸੇ ਕਿਤਾਬ ਦਾ ਹਿੱਸਾ ਨਾ ਬਣਨਾ ਪਵੇ।”
ਪੁਸਤਕ ਵਿੱਚ ਫਰੈੱਡ ਨੇ ਸਾਰੇ ਸੰਸਾਰ ਵਿੱਚ ਸੁੱਕ ਗਏ ਅਤੇ ਸੁੱਕ ਰਹੇ ਦਰਿਆਵਾਂ ਦਾ ਵੇਰਵਾ ਦਿੱਤਾ ਹੈ ਅਤੇ ਦਰਿਆਵਾਂ ਨੂੰ ਜੀਉਂਦਿਆਂ ਰੱਖਣ ਲਈ ਅਪੀਲ ਵੀ ਕੀਤੀ ਹੈ। ਪੰਜਾਬ ਵਿੱਚ ਮੁੱਕ ਰਹੇ ਪਾਣੀ ਲਈ ਅਸੀਂ ਝੋਨੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਸਾਰੀ ਵਸੋਂ ਦਾ ਢਿੱਡ ਭਰਨ ਲਈ ਭੋਜਨ ਤਾਂ ਪੈਦਾ ਕਰਨਾ ਹੀ ਪਵੇਗਾ। ਪਾਣੀ ਤਾਂ ਉਨ੍ਹਾਂ ਫ਼ਸਲਾਂ ਨੂੰ ਵੀ ਚਾਹੀਦਾ ਹੈ ਜਿਹੜੀਆਂ ਝੋਨੇ ਦੀ ਥਾਂ ਬੀਜੀਆਂ ਜਾਣਗੀਆਂ। ਲੇਖਕ ਨੇ ਗੁਜਰਾਤ ਦੇ ਦੁੱਧ ਉਤਪਾਦਕਾਂ ਦਾ ਇੱਕ ਵੇਰਵਾ ਦਿੱਤਾ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਜੀਤ ਭਾਈ ਚੌਧਰੀ ਭਾਰਤ ਦੇ ਗੁਜਰਾਤ ਸੂਬੇ ਦੇ ਕੁਸ਼ਕਲ ਨਾਂ ਦੇ ਇੱਕ ਪਿੰਡ ਵਿੱਚ ਖੇਤੀ ਕਰਦਾ ਹੈ। ਉਹ ਰਵਾਇਤੀ ਪੱਖ ਤੋਂ ਇੱਕ ਆਦਰਸ਼ ਕਿਸਾਨ ਹੈ ਤੇ ਵਾਤਵਰਣ ਪੱਖੀ ਸੋਚ ਵਾਲਾ ਵੀ ਹੈ। ਉਸ ਕੋਲ ਸਿਰਫ 5 ਕਿੱਲੇ ਜ਼ਮੀਨ ਹੈ। ਉੇਸ ਕੋਲ ਇੱਕ ਛੋਟਾ ਪੰਪ ਸੀ ਜਿਹੜਾ ਇੱਕ ਘੰਟੇ ਵਿੱਚ 12 ਹਜ਼ਾਰ ਲਿਟਰ ਪਾਣੀ ਕੱਢਦਾ ਸੀ। ਇਸ ਨਾਲ ਉਹ ਸਾਲ ਵਿੱਚ 24 ਵਾਰ ਖੇਤਾਂ ਨੂੰ ਪਾਣੀ ਦਿੰਦਾ ਸੀ। ਇੱਕ ਵਾਰ ਪਾਣੀ ਦੇਣ ਲਈ 64 ਘੰਟੇ ਲਗਦੇ ਸਨ। ਉਸ ਦੀਆਂ ਗਾਈਆਂ ਦੀ ਦੁੱਧ ਦੀ ਕੁੱਲ ਪੈਦਾਵਾਰ 25 ਕੁ ਲਿਟਰ ਪ੍ਰਤੀ ਦਿਨ ਸੀ। ਇਸ ਤਰ੍ਹਾਂ ਉਸ ਨੂੰ ਇੱਕ ਸਾਲ ਵਿੱਚ 9100 ਲਿਟਰ ਦੁੱਧ ਪੈਦਾ ਕਰਨ ਲਈ ਇੱਕ ਕਰੋੜ ਛਿਆਸੀ ਲੱਖ ਲਿਟਰ ਪਾਣੀ ਚਾਰੇ ਨੂੰ ਲਾਉਣਾ ਪੈਂਦਾ ਸੀ। ਇੱਕ ਲਿਟਰ ਦੁੱਧ ਮਗਰ ਦੋ ਹਜ਼ਾਰ ਲਿਟਰ ਪਾਣੀ। ਇਸ ਬਾਰੇ ਉਸ ਦੱਸਿਆ, “ਹਾਂ ਮੈਨੂੰ ਡਰ ਹੈ ਕਿ ਪਾਣੀ ਖਤਮ ਹੋ ਜਾਵੇਗਾ, ਪਰ ਮੈਂ ਕੀ ਕਰ ਸਕਦਾ ਹਾਂ। ਜੇਕਰ ਮੈਂ ਨਾ ਪਾਣੀ ਖਿੱਚਿਆ ਤਾਂ ਮੇਰੇ ਗੁਆਂਢੀ ਖਿੱਚ ਲੈਣਗੇ।”
ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਸਿੰਚਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਜਦੋਂ ਕਿ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ਵਿੱਚ ਹੀ ਪੈਂਦੇ ਹਨ। ਪੰਜਾਬ ਵਿੱਚ ਕਦੇ ਖੂਹਾਂ ਵਿੱਚ ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀ। ਇਹ ਚਮੜੇ ਦਾ ਵੱਡਾ ਬੋਕਾ ਹੁੰਦਾ ਸੀ। ਇਸ ਨੂੰ ਖੂਹ ਵਿੱਚ ਸੁੱਟਿਆ ਜਾਂਦਾ ਸੀ ਜਦੋਂ ਇਹ ਪਾਣੀ ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਇਸ ਨੂੰ ਬਾਹਰ ਖਿੱਚਦੀ ਸੀ। ਇਸ ਨਾਲ ਬਹੁਤ ਘੱਟ ਧਰਤੀ ਦੀ ਸਿੰਚਾਈ ਹੁੰਦੀ ਸੀ। ਮੁੜ ਬਲਦਾਂ ਨਾਲ ਚੱਲਣ ਵਾਲੇ ਹਲਟ ਆ ਗਏ। ਖੂਹਾਂ ਵਿੱਚੋਂ ਕੋਈ 30-40 ਫੁੱਟ ਡੂੰਘਾਈ ਤੋਂ ਟਿੰਡਾਂ ਰਾਹੀਂ ਪਾਣੀ ਖਿੱਚਿਆ ਜਾਂਦਾ ਸੀ। ਪਰ ਹੁਣ ਟਿਊਬਵੈਲ ਬੋਰ ਹਰੇਕ ਸਾਲ ਡੂੰਘੇ ਕਰਨੇ ਪੈ ਰਹੇ ਹਨ। ਮੋਟਰਾਂ ਵੀ ਵੱਡੀਆਂ ਲੱਗ ਰਹੀਆਂ ਹਨ, ਇੰਝ ਬਿਜਲੀ ਦੀ ਖਪਤ ਵਿੱਚ ਵੀ ਵਾਧਾ ਹੋਇਆ ਹੈ।
ਜੇਕਰ ਕਿਸਾਨਾਂ ਨਾਲ ਬਿਜਲੀ ਦਾ ਮਹੀਨੇਵਾਰ ਕੋਟਾ ਮਿੱਥਿਆ ਜਾਵੇ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਕੁਝ ਬੱਚਤ ਹੋ ਸਕਦੀ ਹੈ। ਹੇਠਲੀ ਪੱਧਰ ਤੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਹੈ ਉਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਧਰਤੀ ਹੇਠ ਪਾਣੀ ਜਾਣ ਵਾਲੇ ਅਸੀਂ ਲਗਭਗ ਸਾਰੇ ਸੋਮੇ ਬੰਦ ਕਰ ਦਿੱਤੇ ਹਨ। ਦਰਿਆਵਾਂ, ਬੇਈਆਂ ਦੇ ਪਾਣੀ ਨੂੰ ਬੰਨ੍ਹ ਲਾ ਕੇ ਰੋਕ ਲਿਆ ਹੈ। ਸਾਰੇ ਛੱਪੜ ਪੂਰ ਦਿੱਤੇ ਹਨ। ਗਲੀਆਂ, ਸੜਕਾਂ ਅਤੇ ਹੋਰ ਖਾਲੀ ਥਾਂ ਪੱਕੇ ਕਰ ਲਏ ਹਨ। ਮੀਂਹ ਦੇ ਪਾਣੀ ਨੂੰ ਹੇਠ ਭੇਜਣ ਦਾ ਕੋਈ ਉਪਰਾਲਾ ਨਹੀਂ ਕੀਤਾ ਹੈ। ਕਿਸੇ ਸਿਆਣੇ ਆਗੂ ਨੇ ਹਰੇਕ ਖੇਤ ਤਾਈਂ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਦੀ ਸਰਕਾਰ ਨੇ ਕਦੇ ਸਫਾਈ ਨਹੀਂ ਕਰਵਾਈ, ਕੁਝ ਨਹਿਰਾਂ ਪੱਕੀਆਂ ਕਰ ਦਿੱਤੀਆਂ ਹਨ, ਮੀਂਹ ਦਾ ਪਾਣੀ ਇਨ੍ਹਾਂ ਵਿੱਚ ਭਰਨ ਦਾ ਕਦੇ ਪ੍ਰਬੰਧ ਨਹੀਂ ਕੀਤਾ। ਲੁਧਿਆਣੇ ਤੋਂ ਫਿਲੌਰ ਨੂੰ ਜਾਈਏ ਤਾਂ ਸਤਲੁਜ ਦਰਿਆ ਵਿੱਚ ਮਸਾਂ ਇੱਕ ਵੱਡੇ ਟਿਊਬਵੈਲ ਜਿੰਨਾ ਪਾਣੀ ਵਗਦਾ ਹੈ। ਸਾਰੀ ਵਸੋਂ ਦਾ ਢਿੱਡ ਭਰਨ ਲਈ ਕੁਦਰਤ ਵੱਲੋਂ ਸਾਨੂੰ ਬਖ਼ਸ਼ੇ ਅਤੇ ਸਾਡੇ ਵੱਲੋਂ ਵਰਤੇ ਕੁਲ ਪਾਣੀ ਦਾ ਅੱਧਿਉਂ ਵੱਧ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿੱਚ ਸੀਵਰੇਜ ਦੇ ਪਾਣੀ ਦੀ ਸੁਧਾਈ ਕਰਕੇ ਇਸ ਨੂੰ ਸਿੰਚਾਈ ਲਈ ਵਰਤਣ ਦਾ ਯਤਨ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਜਾਂ ਤਾਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ ਜਾਂ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇੰਝ ਸਾਡੇ ਦਰਿਆਵਾਂ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਮਾਲਵੇ ਦੇ ਕੁਝ ਇਲਾਕੇ ਵਿੱਚ ਇਸੇ ਪਾਣੀ ਨੂੰ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਇਹ ਇਲਾਕਾ ਕੈਂਸਰ ਪੱਟੀ ਬਣ ਗਿਆ ਹੈ। ਭਵਿੱਖ ਵਿੱਚ ਪਾਣੀ ਸਭ ਤੋਂ ਵੱਡੀ ਸਮੱਸਿਆ ਹੋਵੇਗੀ ਇਸ ਕਰਕੇ ਸਾਨੂੰ ਆਪਣੇ ਦਰਿਆਵਾਂ ਦੀ ਸੰਭਾਲ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ਉੱਤੇ ਵੱਡੀ ਮਾਤਰਾ ਵਿੱਚ ਪਾਣੀ ਹੈ। ਇੱਕ ਅੰਦਾਜ਼ੇ ਅਨੁਸਾਰ ਧਰਤੀ ਉੱਪਰ 1100 ਖਰਬ ਏਕੜ ਫੁੱਟ ਪਾਣੀ ਹੈ, ਪਰ ਇਸਦਾ 97% ਤੋਂ ਵਧੇਰੇ ਹਿੱਸਾ ਸਮੁੰਦਰੀ ਪਾਣੀ ਹੈ ਜਿਹੜਾ ਅਸੀਂ ਪੀ ਨਹੀਂ ਸਕਦੇ। ਏਸ਼ੀਆ ਅੰਦਰ ਦੁਨੀਆਂ ਦੀ ਦੋ ਤਿਹਾਈ ਆਬਾਦੀ ਵਸਦੀ ਹੈ ਪਰ ਕੁਲ ਵਗਦੇ ਪਾਣੀ ਦਾ ਸਿਰਫ ਤੀਜਾ ਹਿੱਸਾ ਹੀ ਇੱਥੇ ਹੈ। ਇਹਦੇ ਵਿੱਚੋਂ ਕੋਈ 80% ਪਾਣੀ ਕੇਵਲ ਮੌਨਸੂਨ ਰੁੱਤ ਵੇਲੇ ਹੀ ਵਗਦਾ ਹੈ। ਹਰੀ ਕ੍ਰਾਂਤੀ ਨੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਪਾਣੀ ਦੇ ਸੋਮੇ ਖਾਲੀ ਕਰ ਦਿੱਤੇ। ਆਬਾਦੀ ਦਾ ਢਿੱਡ ਤਾਂ ਭਰ ਦਿੱਤਾ ਪਰ ਪਹਿਲਾਂ ਨਾਲੋਂ ਕੋਈ ਤਿੰਨ ਗੁਣਾ ਵਧੇਰੇ ਪਾਣੀ ਖਰਚ ਹੋਇਆ। ਅਜਿਹਾ ਕਰਨਾ ਮਜਬੂਰੀ ਹੈ। ਭੋਜਨ ਮਨੁੱਖ ਦੀ ਮੁਢਲੀ ਲੋੜ ਹੈ ਇਸ ਕਰਕੇ ਰੋਟੀ ਦੇਣਾ ਤਾਂ ਹਰੇਕ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ। ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਵੀ ਲਗਾਮ ਲਗਾਉਣ ਦੀ ਲੋੜ ਹੈ। ਦੇਸ਼ ਵਿੱਚ ਲੋਕ ਰਾਜ ਵੋਟ ਰਾਜ ਬਣ ਰਿਹਾ ਹੈ। ਵੋਟ ਰਾਜ ਵਿੱਚ ਆਬਾਦੀ ਦੇ ਵਾਧੇ ਨੂੰ ਰੋਕਣ ਵਲ ਕੋਈ ਸਰਕਾਰ ਵੀ ਧਿਆਨ ਨਹੀਂ ਦੇ ਰਹੀ। ਇਹ ਵੀ ਪਤਾ ਲੱਗਿਆ ਹੈ ਕਿ ਧਰਤੀ ਹੇਠਲੇ ਡੂੰਘੇ ਪਾਣੀਆਂ ਵਿੱਚ ਆਰਸੈਨਿਕ ਦੀ ਮਾਤਰਾ ਵਧ ਹੁੰਦੀ ਹੈ। ਹੁਣ ਜਦੋਂ ਇਹ ਪਾਣੀ ਕੱਢਿਆ ਜਾ ਰਿਹਾ ਹੈ ਤਾਂ ਇਹ ਜ਼ਹਿਰ ਮਨੁੱਖ ਅਤੇ ਪਸ਼ੂ ਖਾ ਰਹੇ ਹਨ। ਇਸ ਨੂੰ ਰੋਕਣ ਲਈ ਸਾਨੂੰ ਆਪਣੇ ਜਲ ਭੰਡਾਰ ਭਰਨ ਵਲ ਧਿਆਨ ਦੇਣਾ ਜ਼ਰੂਰੀ ਹੈ। ਹੁਣ ਜਦੋਂ ਧਰਤੀ ਹੇਠੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਉਨ੍ਹਾਂ ਖਾਲੀ ਥਾਂਵਾਂ ਉੱਤੇ ਫੈਕਟਰੀਆਂ ਅਤੇ ਪਖਾਨਿਆਂ ਦਾ ਗੰਦਾ ਪਾਣੀ ਭਰਿਆ ਜਾ ਰਿਹਾ ਹੈ। ਇਸ ਸੰਬੰਧੀ ਖੋਜ ਦੀ ਲੋੜ ਹੈ ਤਾਂ ਜੁ ਇਨਸਾਨੀ ਮਲ ਮੂਤਰ ਧਰਤੀ ਹੇਠ ਨਾ ਜਾਵੇ ਸਗੋਂ ਇਸ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ।
ਖੇਤੀ ਖੋਜ ਨੂੰ ਨਵਾਂ ਮੋੜ ਦੇਣ ਦੀ ਲੋੜ ਹੈ। ਅਜਿਹੀਆਂ ਫ਼ਸਲਾਂ ਅਤੇ ਘੱਟ ਪਾਣੀ ਦੀ ਲੋੜ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਾਣ। ਸਿੰਜਾਈ ਦੇ ਨਵੇਂ ਢੰਗ ਤਰੀਕੇ ਵਿਕਸਤ ਕੀਤੇ ਜਾਣ ਅਤੇ ਉਨ੍ਹਾਂ ਦੀ ਪਾਲਣਾ ਲਈ ਸੰਜੀਦਾ ਯਤਨ ਕੀਤੇ ਜਾਣ। ਸਾਰੀਆਂ ਨਹਿਰਾਂ ਅਤੇ ਖਾਲਿਆਂ ਦੀ ਸਫਾਈ ਕਰਕੇ ਉਨ੍ਹਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ ਤਾਂ ਜੋ ਮੀਂਹ ਦਾ ਪਾਣੀ ਉੱਥੇ ਖੜ੍ਹਾ ਕੀਤਾ ਜਾ ਸਕੇ। ਪਿੰਡਾਂ ਦੇ ਛਪੜਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਬਾਰਸ਼ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਵੱਡੀ ਪੱਧਰ ਉੱਤੇ ਯਤਨ ਕਰਨੇ ਜ਼ਰੂਰੀ ਹਨ। ਹੁਣ ਇਸ ਪਾਸੇ ਕੋਈ ਖਾਸ ਯਤਨ ਨਹੀਂ ਹੋ ਰਹੇ ਹਨ। ਗੈਰ ਖੇਤੀ ਲਈ ਵਰਤੇ ਜਾ ਰਹੇ ਪਾਣੀ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ ਅਤੇ ਘੱਟ ਤੋਂ ਘੱਟ ਪਾਣੀ ਨਾਲ ਗੁਜ਼ਾਰਾ ਕਰਨ ਲਈ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਮਈ ਜੂਨ ਦੇ ਮਹੀਨੇ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਦਾਲਾਂ, ਬਾਜਰਾ, ਮੱਕੀ ਆਦਿ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਘੱਟੋ ਘੱਟ ਸਮਰਥਨ ਮੁੱਲ ਉੱਤੇ ਖਰੀਦ ਯਕੀਨੀ ਬਣਾਈ ਜਾਵੇ। ਬਾਜਰੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਮਕਬੂਲ ਬਣਾਇਆ ਜਾਵੇ। ਅਗੇਤਾ ਝੋਨਾ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਕਦੇ ਸਰਕਾਰ ਨੇ ਇਸ ਉੱਤੇ ਰੋਕ ਲਗਾਈ ਸੀ ਜਿਸ ਨਾਲ ਪਾਣੀ ਦੀ ਚੋਖੀ ਬੱਚਤ ਹੋਈ ਸੀ। ਪਿੰਡਾਂ ਦੀਆਂ ਢਾਬਾਂ ਅਤੇ ਖਾਲ਼ਿਆਂ ਨੂੰ ਲੋਕਾਂ ਦੇ ਕਬਜ਼ਿਆਂ ਵਿੱਚੋਂ ਛੁਡਾ ਕੇ ਮੁੜ ਚਾਲੂ ਕੀਤਾ ਜਾਵੇ। ਸ਼ਹਿਰਾਂ ਦੀਆਂ ਪਾਰਕਾਂ ਵਿੱਚ ਘਾਹ ਨੂੰ ਪਾਣੀ ਲਗਾਉਣ ਲਈ ਨਿਯਮ ਬਣਾਏ ਜਾਣ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਜੇਕਰ ਸੰਜੀਦਾ ਯਤਨ ਨਾ ਕੀਤੇ ਗਏ ਤਾਂ ਪੀਣ ਲਈ ਵੀ ਸ਼ੁੱਧ ਪਾਣੀ ਮਿਲਣਾ ਮੁਸ਼ਕਿਲ ਹੋ ਜਾਵੇਗਾ ਤੇ ਬੋਤਲਾਂ ਦਾ ਬੰਦ ਪਾਣੀ ਪੀਣ ਲਈ ਮਜਬੂਰ ਹੋਣਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4058)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)