“ਅਧਿਕਾਰੀਆਂ ਨੂੰ ਮੇਰਾ ਭਾਸ਼ਣ ਚੰਗਾ ਨਾ ਲੱਗਿਆ ਪਰ ਸੰਬੰਧਿਤ ਅਧਿਕਾਰੀ ਨੇ ਮੇਰੇ ਨਾਲ ਗਿਲਾ ਕੀਤਾ ...”
(7 ਨਵੰਬਰ 2021)
ਗੁੱਸਾ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਨਾਲ ਜਿੱਥੇ ਆਪਸੀ ਰਿਸ਼ਿਤਿਆਂ ਵਿੱਚ ਤ੍ਰੇੜਾਂ ਆਉਂਦੀਆਂ ਹਨ, ਦੁਸ਼ਮਣੀਆਂ ਵਿੱਚ ਵਾਧਾ ਹੁੰਦਾ ਹੈ, ਉੱਥੇ ਮਨੁੱਖ ਦੀ ਆਪਣੀ ਸਿਹਤ ਉੱਤੇ ਵੀ ਅਸਰ ਹੁੰਦਾ ਹੈ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਉਹ ਬੰਦਾ ਗੁੱਸੇ ਵਿੱਚ ਕੰਬਣ ਲੱਗ ਜਾਂਦਾ ਹੈ, ਚਿਹਰਾ ਲਾਲ ਹੋ ਜਾਂਦਾ ਹੈ। ਗੁੱਸੇ ਕਾਰਨ ਮਨੁੱਖ ਹੋਸ਼ ਵੀ ਗੁਆ ਬੈਠਦਾ ਹੈ। ਉਹ ਬਿਨਾਂ ਸੋਚੇ ਸਮਝੇ ਕੁਝ ਅਜਿਹਾ ਬੋਲ ਜਾਂਦਾ ਹੈ ਜਿਸਦਾ ਨਤੀਜਾ ਪਿੱਛੋਂ ਭੁਗਤਣਾ ਪੈਂਦਾ ਹੈ। ਸਿਆਣੇ ਮਨੁੱਖ ਨੂੰ ਜੇਕਰ ਗੁੱਸਾ ਆਉਂਦਾ ਵੀ ਹੈ ਤਾਂ ਉਹ ਉਸ ਉੱਤੇ ਕਾਬੂ ਪਾ ਲੈਂਦਾ ਹੈ। ਕਈ ਵਾਰ ਭਾਵਨਾਵਾਂ ਵਿੱਚ ਵਹਿ ਕੇ ਗੁੱਸੇ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਤੇ ਅਜਿਹੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ ਜਿਨ੍ਹਾਂ ਨੂੰ ਮੁੜ ਵਾਪਸ ਲੈਣਾ ਔਖਾ ਹੋ ਜਾਂਦਾ ਹੈ।
ਮੈਂ ਆਪਣੀ ਨੌਕਰੀ ਦੌਰਾਨ ਹਮੇਸ਼ਾ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਹੈ। ਆਪਣੇ ਸਹਿਯੋਗੀਆਂ ਨੂੰ ਲੋੜ ਪੈਣ ’ਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਗੁੱਸੇ ਉੱਤੇ ਕਾਬੂ ਪਾਉਣਾ ਮੁਸ਼ਕਿਲ ਜਾਪੇ ਤਾਂ ਮੈਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ਹੈ। ਪਰ ਦੋ ਘਟਨਾਵਾਂ ਅਜਿਹੀਆਂ ਹੋਈਆਂ, ਜਦੋਂ ਮੈਂ ਆਪਣੇ ਗੁੱਸੇ ਉੱਤੇ ਕਾਬੂ ਨਾ ਪਾ ਸਕਿਆ ਤੇ ਮੂੰਹੋਂ ਅਜਿਹੇ ਤਲਖ ਸ਼ਬਦ ਨਿਕਲ ਗਏ, ਜਿਨ੍ਹਾਂ ਦੀ ਸਜ਼ਾ ਮੈਂਨੂੰ ਭੁਗਤਣੀ ਪਈ। ਪਰਿਵਾਰ, ਦਫਤਰ ਜਾਂ ਦੋਸਤਾਂ ਦੇ ਘੇਰੇ ਵਿੱਚ ਗੁੱਸੇ ਵਿੱਚ ਕਹੇ ਦੋ ਬੋਲ ਰਿਸ਼ਤਿਆਂ ਵਿੱਚ ਅਜਿਹੀਆਂ ਤ੍ਰੇੜਾਂ ਪਾ ਦਿੰਦੇ ਹਨ, ਜਿਨ੍ਹਾਂ ਨੂੰ ਮੇਟਣਾ ਔਖਾ ਹੋ ਜਾਂਦਾ ਹੈ।
ਪਹਿਲੀ ਵਾਰ ਮੈਂਨੂੰ ਗੁੱਸਾ ਉਦੋਂ ਆਇਆ ਜਦੋਂ ਮੋਗਾ ਕਾਂਡ ਪਿੱਛੋਂ ਸਾਰੇ ਪੰਜਾਬ ਵਿੱਚ ਵਿਦਿਆਰਥੀ ਅੰਦੋਲਨ ਚੱਲ ਰਿਹਾ ਸੀ। ਸੰਨ 1972 ਵਿੱਚ ਹੋਇਆ ਇਹ ਅੰਦੋਲਨ ਪੰਜਾਬ ਵਿੱਚ ਸਭ ਤੋਂ ਵੱਡਾ ਅੰਦੋਲਨ ਆਖਿਆ ਜਾ ਸਕਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੀ ਇਸਦੀ ਲਪੇਟ ਵਿੱਚ ਆ ਗਈ ਸੀ। ਜਿਹੜੀ ਵਿਦਿਆਰਥੀ ਸੰਸਥਾ ਇਸ ਅੰਦੋਲਨ ਨੂੰ ਚਲਾ ਰਹੀ ਸੀ, ਉਸ ਦਾ ਪ੍ਰਧਾਨ ਸਾਡੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਦੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿੰਦਰ ਸਿੰਘ ਰੰਧਾਵਾ ਸਨ। ਮੈਂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਲੀਡਰੀ ਵਿੱਚ ਪੈਰ ਰੱਖਦਾ ਸਾਂ, ਹੁਣ ਜਦੋਂ ਅਧਿਆਪਕ ਬਣਿਆ ਤਾਂ ਅਧਿਆਪਕ ਜਥੇਬੰਦੀ ਵਿੱਚ ਵੀ ਸਰਗਰਮ ਹੋ ਗਿਆ ਸਾਂ। ਡਾ. ਰੰਧਾਵਾ ਦੀ ਸੋਚ ਸੀ ਕਿ ਵਿਦਿਆਰਥੀਆਂ ਨਾਲ ਨਰਮੀ ਨਾਲ ਪੇਸ਼ ਆਇਆ ਜਾਵੇ ਜਦੋਂ ਕਿ ਵਿਦਿਆਰਥੀ ਭਲਾਈ ਅਧਿਕਾਰੀ ਸਖਤੀ ਦੇ ਹੱਕ ਵਿੱਚ ਸਨ। ਮੇਰੀ ਦੋਵਾਂ ਨਾਲ ਨੇੜਤਾ ਸੀ ਪਰ ਮੈਂ ਵੀ ਨਰਮੀ ਦੇ ਹੱਕ ਵਿੱਚ ਸਾਂ। ਇੱਕ ਅਧਿਆਪਕ ਨੂੰ ਪੁਲਿਸ ਨੇ ਇਸ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਕਿ ਉਹ ਵਿਦਿਆਰਥੀਆਂ ਨੂੰ ਉਕਸਾ ਰਿਹਾ ਸੀ। ਅਧਿਆਪਕਾਂ ਨੇ ਇਸ ਦੇ ਵਿਰੋਧ ਵਿੱਚ ਰੈਲੀ ਕੀਤੀ। ਰੈਲੀ ਪਿੱਛੋਂ 30 ਕੁ ਅਧਿਆਪਕ ਇਸ ਥਾਂ ਇਕੱਠੇ ਖੜ੍ਹੇ ਸਨ ਕਿ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਧਿਆਪਕ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਬੁਲਾਈ ਗਈ।
ਡਾ. ਰੰਧਾਵਾ ਨੇ ਮੈਂਨੂੰ ਬੁਲਾ ਕੇ ਆਖਿਆ ਕਿ ਮੈਂ ਯਤਨ ਕਰ ਰਿਹਾ ਹਾਂ, ਸ਼ਾਮ ਤਕ ਸਾਰੇ ਅਧਿਆਪਕ ਛੱਡ ਦਿੱਤੇ ਜਾਣਗੇ ਤੇ ਤੂੰ ਅਧਿਆਪਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕਰੀਂ। ਮੀਟਿੰਗ ਵਿੱਚ ਜਦੋਂ ਮੇਰੀ ਬੋਲਣ ਦੀ ਵਾਰੀ ਆਈ ਤਾਂ ਪਤਾ ਨਹੀਂ ਮੈਂਨੂੰ ਕਿਉਂ ਗੁੱਸਾ ਆ ਗਿਆ ਤੇ ਮੈਥੋਂ ਜੋਸ਼ ਵਿੱਚ ਆਖਿਆ ਗਿਆ ਕਿ ਯੂਨੀਵਰਸਿਟੀ ਵਿੱਚ ਪੁਲਿਸ ਦਾ ਆਉਣਾ ਮੰਦਭਾਗਾ ਹੈ, ਜਿਸ ਅਧਿਕਾਰੀ ਨੇ ਪੁਲਿਸ ਬੁਲਾਈ ਹੈ, ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ। ਖੂਬ ਤਾੜੀਆਂ ਵੀ ਵੱਜੀਆਂ ਤੇ ਨਿਖੇਧੀ ਵੀ ਕੀਤੀ ਗਈ। ਸ਼ਾਮ ਤਕ ਅਧਿਆਪਕ ਰਿਹਾ ਕਰ ਦਿੱਤੇ ਗਏ। ਜੋਸ਼ ਠੰਢਾ ਪੈ ਗਿਆ। ਅਧਿਕਾਰੀਆਂ ਨੂੰ ਮੇਰਾ ਭਾਸ਼ਣ ਚੰਗਾ ਨਾ ਲੱਗਿਆ ਪਰ ਸੰਬੰਧਿਤ ਅਧਿਕਾਰੀ ਨੇ ਮੇਰੇ ਨਾਲ ਗਿਲਾ ਕੀਤਾ ਕਿ ਤੈਨੂੰ ਇੰਝ ਨਹੀਂ ਸੀ ਆਖਣਾ ਚਾਹੀਦਾ। ਉਸੇ ਅਧਿਕਾਰੀ ਨੇ ਪੁਲਿਸ ਨੂੰ ਚਿੱਠੀ ਲਿਖੀ ਕਿ ਰਣਜੀਤ ਸਿੰਘ ਵਿਦਿਆਰਥੀਆਂ ਨੂੰ ਭੜਕਾ ਰਿਹਾ ਹੈ, ਇਸਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਿਨਾਂ ਵਿੱਚ ਮੇਰੀ ਸਹਿਯੋਗੀ ਪ੍ਰੋਫੈਸਰ ਦੇ ਤੌਰ ਉੱਤੇ ਚੋਣ ਹੋ ਚੁੱਕੀ ਸੀ। ਕੇਸ ਨੂੰ ਪ੍ਰਬੰਧਕੀ ਬੋਰਡ ਵਿੱਚੋਂ ਰਸਮੀ ਪ੍ਰਵਾਨਗੀ ਲਈ ਭੇਜਣਾ ਸੀ। ਉਸੇ ਅਧਿਕਾਰੀ ਨੇ ਵਾਈਸ ਚਾਂਸਲਰ ਨੂੰ ਵੀ ਚਿੱਠੀ ਲਿਖੀ ਕਿ ਇਸਦੀ ਚੋਣ ਰੱਦ ਕਰ ਦਿੱਤੀ ਜਾਵੇ।
ਪੁਲਿਸ ਵੱਲੋਂ ਮੇਰੀ ਗ੍ਰਿਫਤਾਰੀ ਦੇ ਵਰੰਟ ਕੱਢ ਦਿੱਤੇ ਗਏ। ਕੁਦਰਤੀ ਇੱਕ ਪੁਲਿਸ ਅਧਿਕਾਰੀ ਨੇ ਇਹ ਖ਼ਬਰ ਮੈਂਨੂੰ ਪਹੁੰਚਾ ਦਿੱਤੀ ਤੇ ਮੈਂਨੂੰ ਕੁਝ ਦਿਨਾਂ ਲਈ ਰੂਪੋਸ਼ ਹੋਣਾ ਪਿਆ। ਡਾ. ਰੰਧਾਵਾ ਨੇ ਮੇਰੀ ਬੜੀ ਮਦਦ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀ ਨੂੰ ਮੇਰੇ ਵਰੰਟਾਂ ਵਿਰੁੱਧ ਚਿੱਠੀ ਲਿਖੀ ਤੇ ਮੇਰੀ ਨਿਯੁਕਤੀ ਉੱਤੇ ਵੀ ਰੋਕ ਨਾ ਲਗਾਈ ਪਰ ਇਸ ਦੋ ਮਿੰਟ ਦੇ ਗੁੱਸੇ ਦਾ ਚੋਖਾ ਖਮਿਆਜਾ ਭੁਗਤਣਾ ਪਿਆ। ਜੇਕਰ ਡਾ. ਰੰਧਾਵਾ ਮੇਰੇ ਜਾਣੂ ਨਾ ਹੁੰਦੇ ਤਾਂ ਚੋਖਾ ਨੁਕਸਾਨ ਹੋ ਸਕਦਾ ਸੀ।
ਮੇਰੇ ਸੇਵਾਕਾਲ ਵਿੱਚ ਇੱਕ ਹੋਰ ਅਜਿਹਾ ਮੌਕਾ ਆਇਆ ਜਦੋਂ ਮੈਂ ਆਪਣੇ ਗੁੱਸੇ ਉੱਤੇ ਕਾਬੂ ਨਾ ਪਾ ਸਕਿਆ। ਇਸ ਦੀ ਮੈਂਨੂੰ ਭਾਰੀ ਕੀਮਤ ਚੁਕਾਣੀ ਪਈ। ਇੱਕ ਵਾਰ ਯੋਜਨਾ ਕਮਿਸ਼ਨ ਦੇ ਇੱਕ ਮੈਂਬਰ ਨੇ ਸਾਡੀ ਯੂਨੀਵਰਸਿਟੀ ਦਾ ਦੌਰਾ ਰੱਖਿਆ। ਉਨ੍ਹਾਂ ਮਹਾਰਾਸ਼ਟਰ ਦੇ ਪਿਛੜੇ ਵਰਗ ਦੇ ਲੋਕਾਂ ਦੇ ਵਿਕਾਸ ਲਈ ਚੋਖਾ ਕੰਮ ਕੀਤਾ ਸੀ। ਇੱਕ ਮਿਹਨਤੀ ਅਤੇ ਹਿੰਮਤੀ ਕਿਸਾਨ ਸੰਗੀਤਾ ਬਾਰੇ ਮੇਰਾ ਲੇਖ ਅੰਗਰੇਜ਼ੀ ਮੈਗਜ਼ੀਨ ਫੈਮਿਨਾ ਵਿੱਚ ਛਪਿਆ ਸੀ। ਉਸ ਨੂੰ ਪੜ੍ਹ ਕੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪ ਆ ਕੇ ਉਨ੍ਹਾਂ ਦਾ ਕੰਮ ਵੇਖਣਾ ਚਾਹੁੰਦੇ ਸਨ। ਯੂਨੀਵਰਸਿਟੀ ਵਿੱਚ ਆਉਣ ਵਾਲੇ ਵਿਸ਼ੇਸ਼ ਵਿਅਕਤੀਆਂ ਦੀ ਆਉ ਭਗਤ ਤੇ ਪ੍ਰੋਗਰਾਮ ਉੇਲੀਕਣਾ ਮੇਰੀ ਜ਼ਿੰਮੇਵਾਰੀ ਸੀ। ਪਰ ਸਾਡੇ ਵਾਈਸ ਚਾਂਸਲਰ ਸ਼ਾਇਦ ਵੱਧ ਹੀ ਸਤਰਕ ਹੋ ਗਏ ਤੇ ਉਨ੍ਹਾਂ ਇਹ ਜ਼ਿੰਮੇਵਾਰੀ ਰਜਿਸਟਰਾਰ ਨੂੰ ਸੌਂਪ ਦਿੱਤੀ ਤੇ ਚਿੱਠੀ ਦੀ ਕਾਪੀ ਮੈਂਨੂੰ ਭੇਜ ਦਿੱਤੀ। ਖੈਰ, ਮੈਂ ਸਾਰਾ ਪ੍ਰੋਗਰਾਮ ਉਲੀਕ ਕੇ ਲੋੜੀਂਦੇ ਪ੍ਰਬੰਧ ਕਰ ਦਿੱਤੇ। ਵਾਈਸ ਚਾਂਸਲਰ ਬਾਹਰ ਗਏ ਹੋਏ ਸਨ ਪਰ 15 ਅਗਸਤ ਦੇ ਸਮਾਗਮ ਸਮੇਂ ਉਨ੍ਹਾਂ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਮੈਂਨੂੰ ਆਖਿਆ ਕਿ ਮੈਂਬਰ ਦਾ ਪ੍ਰੋਗਰਾਮ ਕਿੱਥੇ ਹੈ, ਤੂੰ ਮੇਰੇ ਨਾਲ ਆ ਕੇ ਵਿਚਾਰ ਵਿਟਾਂਦਰਾ ਕਿਉਂ ਨਹੀਂ ਕੀਤਾ। ਮੈਂ ਆਖਿਆ ਕਿ ਇਹ ਡੀਊਟੀ ਤੁਸੀਂ ਰਜਿਸਟਰਾਰ ਦੀ ਲਗਾਈ ਸੀ। ਇਸ ਕਰਕੇ ਮੈਂ ਤੁਹਾਡੇ ਕੋਲ ਨਹੀਂ ਆਇਆ। ਉਂਝ ਸਾਰਾ ਪ੍ਰਬੰਧ ਹੋ ਗਿਆ ਹੈ ਕਿਉਂਕਿ ਮੈਂਬਰ ਸਾਹਿਬ ਨਾਲ ਮੇਰੀ ਫ਼ੋਨ ’ਤੇ ਸਾਰੀ ਗੱਲਬਾਤ ਹੋ ਚੁੱਕੀ ਸੀ। ਉੱਥੇ ਹੋਰ ਵੀ ਯੂਨੀਵਰਸਿਟੀ ਅਧਿਕਾਰੀ ਖੜ੍ਹੇ ਸਨ। ਵੀ ਸੀ ਸਾਹਿਬ ਜ਼ਰਾ ਗੁੱਸੇ ਵਿੱਚ ਬੋਲੇ, “ਪਰ ਜ਼ਿੰਮੇਵਾਰੀ ਤੇਰੀ ਸੀ, ਤੈਨੂੰ ਮੇਰੇ ਕੋਲ ਆਉਣਾ ਚਾਹੀਦਾ ਸੀ।”
ਮੈਨੂੰ ਅਚਾਨਕ ਗੁੱਸਾ ਆ ਗਿਆ, “ਮੇਰੇ ਨਾਲ ਗੁੱਸੇ ਹੋਣ ਦੀ ਲੋੜ ਨਹੀਂ। ਰਜਿਸਟਰਾਰ ਖੜ੍ਹਾ, ਇਨ੍ਹਾਂ ਤੋਂ ਪੁੱਛੋ।”
ਉਨ੍ਹਾਂ ਨੂੰ ਵੀ ਗੁੱਸਾ ਆ ਗਿਆ ਤੇ ਉਨ੍ਹਾਂ ਆਖਿਆ “ਮੈਂ ਦੇਖ ਲਵਾਂਗਾ।”
ਮੈਥੋਂ ਵੀ ਆਖਿਆ ਗਿਆ, “ਜੋ ਕਰਨਾ ਕਰ ਲਿਓ।”
ਵੀ ਸੀ ਸਾਹਿਬ ਨੇ ਮੇਰਾ ਨੁਕਸਾਨ ਤਾਂ ਕੋਈ ਨਾ ਕੀਤਾ ਪਰ ਸਾਡੇ ਰਿਸ਼ਤੇ ਵਿੱਚ ਫ਼ਰਕ ਪੈ ਗਿਆ। ਪਹਿਲਾਂ ਅਸੀਂ ਦੋਸਤਾਂ ਵਾਂਗ ਸਾਂ, ਹੁਣ ਬੇਗਾਨਿਆਂ ਵਾਂਗ ਬਣ ਗਏ ਤੇ ਉਨ੍ਹਾਂ ਅਗਲੀ ਕਿਸੇ ਕੁਰਸੀ ਲਈ ਮੇਰੀ ਚੋਣ ਨਹੀਂ ਹੋਣ ਦਿੱਤੀ।
ਗੁੱਸਾ ਬੜਾ ਘਾਤਕ ਹੁੰਦਾ ਹੈ। ਕੰਮਕਾਜ ਵਿੱਚ ਅਜਿਹੇ ਹਾਲਾਤ ਨਿੱਤ ਹੀ ਸਾਹਮਣੇ ਆਉਂਦੇ ਹਨ ਜਦੋਂ ਗੁੱਸਾ ਆਉਂਦਾ ਹੈ। ਜੇਕਰ ਗੁੱਸੇ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਸਥਿਤੀ ਵਿਗੜ ਜਾਂਦੀ ਹੈ। ਜਿਸ ਵਿਰੁੱਧ ਗੁੱਸਾ ਆਉਂਦਾ ਹੈ ਉਸ ਨਾਲ ਸੰਬੰਧਾਂ ਵਿੱਚ ਤ੍ਰੇੜਾਂ ਆ ਜਾਂਦੀਆਂ ਹਨ। ਸੁਖਾਵੇਂ ਕੰਮਕਾਜੀ ਸੰਬੰਧਾਂ ਲਈ ਗੁੱਸੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਇਹ ਅਸੂਲ ਆਪਸੀ ਰਿਸ਼ਤਿਆਂ ਉੱਤੇ ਵੀ ਲਾਗੂ ਹੁੰਦਾ ਹੈ। ਬਾਬਾ ਫਰੀਦ ਜੀ ਦੇ ਇਹ ਬਚਨ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ:
ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗ ਨ ਲਗਈ ਪਲੈ ਸਭ ਕਿਛੁ ਪਾਇ॥ (1382)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3130)
(ਸਰੋਕਾਰ ਨਾਲ ਸੰਪਰਕ ਲਈ: