“ਸੜਕ ਸਫਰ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਅਸੀਂ ਬਹਾਦਰੀ ਸਮਝਦੇ ਹਾਂ। ਜਿੰਨਾ ਕਿਸੇ ਦਾ ਸਮਾਜਿਕ ...”
(4 ਨਵੰਬਰ 2024)
ਪੰਜਾਬ ਵਿੱਚ ਜਿਵੇਂ ਜਿਵੇਂ ਸੜਕਾਂ ਚੌੜੀਆਂ ਹੋ ਰਹੀਆਂ ਹਨ ਅਤੇ ਗੱਡੀਆਂ ਦੇ ਨਵੇਂ ਨਵੇਂ ਮਾਡਲ ਆ ਰਹੇ ਹਨ, ਉਵੇਂ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਦੋਂ ਕੁਝ ਕੀਮਤੀ ਜਾਨਾਂ ਨਾ ਜਾਂਦੀਆਂ ਹੋਣ। ਨਵੀਂਆਂ ਸੜਕਾਂ ਉੱਤੇ ਜਿੱਥੇ ਥਾਂ ਥਾਂ ਟੋਲ ਟੈਕਸ ਭਰਨਾ ਪੈਂਦਾ ਹੈ, ਉੱਥੇ ਗੱਡੀਆਂ ਦੀ ਗਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸਾਡੇ ਬਹੁਤੇ ਲੋਕਾਂ ਕੋਲ ਸਮੇਂ ਦੀ ਘਾਟ ਨਹੀਂ ਹੁੰਦੀ, ਨਾ ਹੀ ਛੇਤੀ ਪਹੁੰਚਣ ਦੀ ਲੋੜ ਹੁੰਦੀ ਹੈ ਪਰ ਮਹਿੰਗੀ ਕਾਰ ਦੀ ਤੇਜ਼ ਰਫ਼ਤਾਰੀ ਨੂੰ ਸ਼ਾਨ ਸਮਝਿਆ ਜਾਣ ਲੱਗ ਪਿਆ ਹੈ। ਕੁਝ ਦਿਨ ਪਹਿਲਾਂ ਮੇਰੇ ਇੱਕ ਦੋਸਤ ਨਾਲ ਜਲੰਧਰ ਮੁਲਾਕਾਤ ਹੋਈ। ਉਸ ਨਵੀਂ ਕਾਰ ਖਰੀਦੀ ਸੀ। ਮੈਂ ਲੁਧਿਆਣੇ ਜਾਣਾ ਸੀ। ਉਸ ਆਖਿਆ, ਸਾਡੇ ਨਾਲ ਚੱਲੋ, ਨਵੀਂ ਗੱਡੀ ਨੂੰ ਭਾਗ ਲਾਵੋ। ਗੱਡੀ ਮੇਰੇ ਦੋਸਤ ਦਾ ਪੁੱਤਰ ਚਲਾ ਰਿਹਾ ਸੀ। ਉਸ ਦੀ ਸਪੀਡ 80-90 ਕਿਲੋਮੀਟਰ ਵਿਚਕਾਰ ਸੀ। ਪਿਤਾ ਨੇ ਆਖਿਆ, “ਪੁੱਤਰ ਵੀਹ ਲੱਖ ਰੁਪਏ ਇਸ ਸਪੀਡ ਉੱਤੇ ਗੱਡੀ ਚਲਾਉਣ ਲਈ ਥੋੜ੍ਹੇ ਖਰਚੇ ਹਨ।”
ਗੱਡੀ ਨੂੰ 100 ਤੋਂ ਉੱਪਰ ਚਲਾਉਣਾ ਜ਼ਰੂਰੀ ਹੋ ਗਿਆ ਪਰ ਸਾਡੀਆਂ ਸੜਕਾਂ ਉੱਤੇ ਕੇਵਲ ਕਾਰਾਂ ਹੀ ਨਹੀਂ ਚਲਦੀਆਂ ਸਗੋਂ ਸਾਈਕਲ, ਮੋਟਰ ਸਾਇਕਲ, ਟਰੈਕਟਰ, ਟਰਾਲੀਆਂ ਤੇ ਹੋਰ ਵਾਹਨ ਵੀ ਚਲਦੇ ਹਨ। ਇੱਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਬਿਨਾਂ ਕਿਸੇ ਕਾਇਦੇ ਕਾਨੂੰਨ ਤੋਂ ਕੀਤਾ ਜਾਂਦਾ ਹੈ। ਅਚਾਨਕ ਅੱਗੇ ਆਏ ਕਿਸੇ ਹੋਰ ਵਾਹਨ ਤੋਂ ਬਚਾਉਣ ਲਈ ਬਰੇਕ ਲਗਾਈ ਜਾਂਦੀ ਹੈ ਪਰ ਤੇਜ਼ ਰਫ਼ਤਾਰੀ ਰੁਕਦਿਆਂ ਵੀ ਹਾਦਸਾ ਕਰ ਦਿੰਦੀ ਹੈ। ਪੰਜਾਬ ਵਿੱਚ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਸਮੇਂ ਸ਼ਾਇਦ ਕਿਸੇ ਥਾਂ ਵੀ ਸੜਕ ਨਿਯਮਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਇਸੇ ਕਰਕੇ ਇਨ੍ਹਾਂ ਦੀ ਪਾਲਣਾ ਨਹੀਂ ਹੁੰਦੀ। ਪੰਜਾਬੀਆਂ ਵਿੱਚੋਂ ਸਬਰ ਅਲੋਪ ਹੋ ਰਿਹਾ ਹੈ ਅਤੇ ਕਾਹਲ ਭਾਰੂ ਹੋ ਰਹੀ ਹੈ। ਅੱਗੇ ਲੰਘਣ ਲਈ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਹੁੰਦੀ। ਫੌਰੀ ਸ਼ਾਨ ਹੀ ਬਹੁਤੇ ਹਾਦਸਿਆਂ ਦਾ ਕਾਰਨ ਬਣਦੀ ਹੈ।
ਵਸੋਂ ਦੇ ਹਿਸਾਬ ਨਾਲ ਕਾਰਾਂ ਦੀ ਗਿਣਤੀ ਵੀ ਇੱਥੇ ਵੱਧ ਹੈ। ਵੱਡੀ ਕਾਰ ਰੱਖਣੀ ਆਪਣੀ ਸ਼ਾਨ ਸਮਝਿਆ ਜਾਂਦਾ ਹੈ। ਵਿਖਾਵੇ ਦੇ ਭੁੱਖੇ ਪੰਜਾਬੀ ਰੀਸੋ-ਰੀਸੀ ਕਾਰ ਦੇ ਨਵੇਂ ਤੋਂ ਨਵੇਂ ਮਾਡਲ ਖਰੀਦਣ ਦਾ ਯਤਨ ਕਰਦੇ ਹਨ। ਮੋਟਰ ਸਾਇਕਲ ਅਤੇ ਸਕੂਟਰਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਕਾਰ, ਮੋਟਰ ਸਾਇਕਲ, ਸਕੂਟਰ ਅਤੇ ਸਾਈਕਲ ਚਲਾਉਂਦੇ ਸਮੇਂ, ਮੋਬਾਇਲ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।
ਪੰਜਾਬੀ ਸਭ ਤੋਂ ਘੱਟ ਸੜਕੀ ਨਿਯਮਾਂ ਦਾ ਪਾਲਣ ਕਰਦੇ ਹਨ। ਉਹ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਹਨ। ਕਿਸੇ ਪਾਰਟੀ ਤੋਂ ਨਸ਼ੇ ਨਾਲ ਰੱਜੇ ਹੋਏ ਵਾਪਸੀ ਸਮੇਂ ਗੱਡੀ ਚਲਾਉਂਦੇ ਸਮੇਂ ਤਾਂ ਉਹ ਆਪਣੇ ਆਪ ਨੂੰ ਸੜਕ ਦਾ ਬਾਦਸ਼ਾਹ ਮੰਨਦੇ ਹਨ। ਜਦੋਂ ਅਚਾਨਕ ਕਿਸੇ ਪਾਸਿਉਂ ਕੋਈ ਸਾਈਕਲ, ਰਿਕਸ਼ਾ, ਜਾਂ ਮੋਟਰ ਸਾਇਕਲ ਆ ਜਾਵੇ ਤਾਂ ਬਰੇਕ ਲਗਾਉਂਦਿਆਂ ਵੀ ਟੱਕਰ ਹੋ ਜਾਂਦੀ ਹੈ ਜਾਂ ਫਿਰ ਟੱਕਰ ਤੋਂ ਬਚਣ ਲਈ ਰੁੱਖ ਵਿੱਚ ਜਾ ਮਾਰਦੇ ਹਨ। ਮੋਬਾਇਲ ਸੁਣਦਿਆਂ ਜਦੋਂ ਅਚਾਨਕ ਕੋਈ ਅੱਗੇ ਆ ਜਾਵੇ ਤਾਂ ਬਰੇਕ ਲਗਾਉਣੀ ਔਖੀ ਹੋ ਜਾਂਦੀ ਹੈ। ਸੜਕ ਸਲੀਕੇ ਦੀ ਪਾਲਣਾ ਕਰਨਾ ਇੱਥੇ ਆਪਣੀ ਹੇਠੀ ਸਮਝੀ ਜਾਂਦੀ ਹੈ। ਜੇ ਕੋਈ ਇਸ ਨੂੰ ਨਿਭਾਉਣ ਦਾ ਯਤਨ ਕਰਦਾ ਹੈ, ਉਸ ਨੂੰ ਅਜਿਹਾ ਕਰਨ ਨਹੀਂ ਦਿੱਤਾ ਜਾਂਦਾ। ਰੇਲਵੇ ਫਾਟਕ ਬੰਦ ਹੋਵੇ ਤਾਂ ਅਸੀਂ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ ਦੋਵੇਂ ਪਾਸੀਂ ਸੜਕ ਨੂੰ ਪੂਰੀ ਤਰ੍ਹਾਂ ਰੋਕ ਲੈਂਦੇ ਹਾਂ।
ਇੱਕ ਦੂਜੇ ਦੇ ਪਿੱਛੇ ਲਾਈਨ ਵਿੱਚ ਖੜ੍ਹੇ ਹੋਣ ਨਾਲ ਸਮਾਂ ਬਰਬਾਦ ਹੁੰਦਾ ਹੈ ਪਰ ਆਹਮੋ ਸਾਹਮਣੇ ਖੜ੍ਹੇ ਹੋ ਕੇ ਸਮਾਂ ਬਰਬਾਦ ਕਰਨ ਦਾ ਭੋਰਾ ਵੀ ਦੁੱਖ ਨਹੀਂ ਹੁੰਦਾ। ਇਹ ਤਾਂ ਮਜਬੂਰੀ ਹੈ ਕਿ ਕਾਰ ਫਾਟਕ ਦੇ ਡੰਡੇ ਦੇ ਹੇਠੋਂ ਲੰਘ ਨਹੀਂ ਸਕਦੀ, ਨਹੀਂ ਤਾਂ ਕੋਈ ਵੀ ਰੁਕਣ ਲਈ ਤਿਆਰ ਨਾ ਹੁੰਦਾ। ਸਾਈਕਲ, ਰਿਕਸ਼ਾ, ਸਕੂਟਰ, ਮੋਟਰਸਾਈਕਲ ਫਾਟਕ ਦੇ ਡੰਡੇ ਹੇਠੋਂ ਲੰਘ ਸਕਦੇ ਹਨ ਇਸ ਕਰਕੇ ਰੁਕਣਾ ਉਨ੍ਹਾਂ ਦੀ ਮਜਬੂਰੀ ਕਿਉਂ ਬਣੇ? ਜੇ ਮੇਰੇ ਵਰਗਾ ਕੋਈ ਬਜ਼ੁਰਗ ਖੜ੍ਹਾ ਹੋ ਜਾਵੇ ਕਿਉਂਕਿ, ਉਸ ਤੋਂ ਲੰਘ ਨਹੀਂ ਹੋਣਾ ਤਾਂ ਪਿੱਛੋਂ ਆ ਰਹੇ ਉਸ ਨੂੰ ਪਾਸੇ ਹੋਣ ਲਈ ਮਜਬੂਰ ਕਰਦੇ ਹਨ। ਸਾਡੇ ਲੋਕਾਂ ਕੋਲ ਵਿਹਲ ਦੀ ਕਮੀ ਨਹੀਂ ਹੈ। ਘੰਟਿਆਂ ਬੱਧੀ ਅਸੀਂ ਗੱਪਾਂ ਮਾਰ ਸਕਦੇ ਹਾਂ, ਪਰ ਸੜਕੀ ਸਫ਼ਰ ਕਰਦਿਆਂ ਜਿਸ ਪਾਸਿਉਂ ਵੀ ਥਾਂ ਮਿਲੇ, ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੇ ਹੱਥ ਚੱਲਣਾ ਜਾਂ ਮੁੜਣ ਲੱਗਿਆਂ ਇਸ਼ਾਰਾ ਦੇਣਾ ਸਾਡੀ ਸ਼ਾਨ ਦੇ ਖਿਲਾਫ ਹੈ। ਚੌਰਾਹੇ ਉੱਤੇ ਲਾਲ ਬੱਤੀ ਵੇਖ ਉਦੋਂ ਹੀ ਰੁਕਿਆ ਜਾਂਦਾ ਹੈ, ਜੇ ਉੱਥੇ ਕੋਈ ਪੁਲਿਸ ਵਾਲਾ ਖੜ੍ਹਾ ਹੋਵੇ, ਨਹੀਂ ਤਾਂ ਹਰ ਪਾਸੇ ਧੱਕਾਸ਼ਾਹੀ ਹੀ ਚਲਦੀ ਹੈ। ਮੇਰੇ ਵਰਗਾ ਕੋਈ ਜੇਕਰ ਬੱਤੀ ਦੀ ਉਡੀਕ ਕਰਨਾ ਵੀ ਚਾਹੇ ਤਾਂ ਉੱਥੇ ਹੀ ਖੜ੍ਹਾ ਰਹਿ ਜਾਂਦਾ ਹੈ, ਕਿਉਂ ਜਿਸ ਸੱਜੇ ਪਾਸੇ ਮੁੜਨਾ ਹੈ, ਉਹ ਖੱਬੇ ਪਾਸੇ ਮੁੜਨ ਵਾਲੇ ਪਾਸੇ ਅਤੇ ਖੱਬੇ ਪਾਸੇ ਵਾਲਾ ਸੱਜੇ ਪਾਸੇ ਖੜ੍ਹਾ ਹੋ ਜਾਂਦਾ ਹੈ।
ਆਪਣੀ ਸਵਾਰੀ ਉੱਤੇ ਅਸੀਂ ਆਪਣਾ ਪੂਰਾ ਅਧਿਕਾਰ ਸਮਝਦੇ ਹਾਂ, ਕਿਉਂਕਿ ਕਾਨੂੰਨ ਨੂੰ ਅਸੀਂ ਸਰਕਾਰ ਦੀ ਦਖਲਅੰਦਾਜ਼ੀ ਮੰਨਦੇ ਹਾਂ। ਸਕੂਟਰ, ਮੋਟਰਸਾਈਕਲ ਜਾਂ ਸਾਈਕਲ ਸਾਡਾ ਆਪਣਾ ਹੈ, ਉਸ ਉੱਤੇ ਸਾਰੇ ਟੱਬਰ ਨੂੰ ਸਫ਼ਰ ਕਰਨ ਦਾ ਪੂਰਾ ਅਧਿਕਾਰ ਹੈ। ਇਨ੍ਹਾਂ ਉੱਤੇ ਮੀਆਂ-ਬੀਵੀ ਤੇ ਦੋ-ਤਿੰਨ ਬੱਚੇ ਤਾਂ ਅਸਾਨੀ ਨਾਲ ਬਿਠਾਏ ਜਾ ਸਕਦੇ ਹਨ। ਸਾਈਕਲ, ਮੋਟਰਸਾਈਕਲ ਉੱਤੇ ਦੁੱਧ ਦੇ ਚਾਰ ਪੰਜ ਢੋਲ ਲਟਕਾਉਣੇ ਸਾਡਾ ਹੱਕ ਹੈ। ਆਟੋ ਰਿਕਸ਼ਾ ਤਿੰਨ ਸਵਾਰੀਆਂ ਲਈ ਹੈ ਪਰ ਜਦੋਂ ਤਕ 10 ਸਵਾਰੀਆਂ ਬੈਠ ਨਾ ਜਾਣ ਚਾਲਕ ਦੀ ਤਸੱਲੀ ਨਹੀਂ ਹੁੰਦੀ। ਸਕੂਲੀ ਬੱਚਿਆਂ ਨੂੰ ਲਿਆ ਰਹੇ ਟੈਂਪੂ ਤੇ ਆਟੋ ਰਿਕਸ਼ਾ ਤਾਂ ਚੱਲਦੇ ਹੀ ਰੱਬ ਦੇ ਸਹਾਰੇ ਹਨ। ਤੂੜੀ ਨਾਲ ਲੱਦੇ ਟਰੱਕ ਤੇ ਟਰਾਲੀਆਂ ਸੜਕ ਦੇ ਬੇਤਾਜ਼ ਬਾਦਸ਼ਾਹ ਬਣ ਮਸਤ ਹਾਥੀ ਵਾਂਗ ਦੌੜਦੇ ਹਨ।
ਸੜਕ ਸਫਰ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਅਸੀਂ ਬਹਾਦਰੀ ਸਮਝਦੇ ਹਾਂ। ਜਿੰਨਾ ਕਿਸੇ ਦਾ ਸਮਾਜਿਕ ਰੁਤਬਾ ਵੱਡਾ ਹੈ, ਓਨੀ ਹੀ ਬੇਫ਼ਿਕਰੀ ਨਾਲ ਉਹ ਨਿਯਮ ਤੋੜਦਾ ਹੈ। ਜੇ ਅਜਿਹੇ ਵਿਅਕਤੀ ਨੂੰ ਪੁਲਿਸ ਰੋਕ ਵੀ ਲਵੇ ਤਾਂ ਉਹ ਆਪਣੇ ਰੁਤਬੇ ਜਾਂ ਪੈਸੇ ਦੇ ਜ਼ੋਰ ਨਾਲ ਪੁਲਿਸ ਦੀ ਕਲਮ ਨੂੰ ਰੋਕ ਲੈਂਦਾ ਹੈ। ਅਜਿਹੇ ਲੋਕਾਂ ਦੀ ਗੱਡੀ ਅੱਗੇ ਜਾ ਰਿਹਾ ਸਾਈਕਲ ਜਾਂ ਸਕੂਟਰ ਸਵਾਰ ਕਿਸੇ ਕਾਰਨ ਉਨ੍ਹਾਂ ਨੂੰ ਰਾਹ ਨਹੀਂ ਦਿੰਦਾ ਤਾਂ ਉਸ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਤੇ ਕਈ ਵਾਰ ਤਾਂ ਹੱਥ ਵੀ ਚੁੱਕ ਲਿਆ ਜਾਂਦਾ ਹੈ। ਸਾਡੀ ਪੁਲਿਸ ਦੀ ਕਰਨੀ ਅਤੇ ਸੋਚਣੀ ਵਿੱਚ ਵੀ ਤਬਦੀਲੀ ਦੀ ਲੋੜ ਹੈ। ਉਨ੍ਹਾਂ ਦੀ ਬਾਣੀ ਵਿੱਚ ਨਰਮੀ ਪਰ ਵਤੀਰੇ ਵਿੱਚ ਸਖਤੀ ਹੋਣੀ ਚਾਹੀਦੀ ਹੈ। ਵਿਕਸਿਤ ਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉੱਥੇ ਬਿਨਾਂ ਕਿਸੇ ਲਿਹਾਜ਼ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕਰਕੇ ਕੋਈ ਇਨ੍ਹਾਂ ਨਿਯਮਾਂ ਨੂੰ ਤੋੜਨ ਦੀ ਹਿੰਮਤ ਨਹੀਂ ਕਰਦਾ। ਜੇ ਅਸੀਂ ਸੜਕ ਹਾਦਸਿਆਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਉਸ ਲਈ ਕਾਨੂੰਨੀ ਸਖਤੀ ਦੇ ਨਾਲ ਨਾਲ ਲੋਕ ਸਿੱਖਿਆ ਵਲ ਵੀ ਧਿਆਨ ਦਿੱਤਾ ਜਾਵੇ। ਸੜਕ ਨਿਯਮਾਂ ਸੰਬੰਧੀ ਪ੍ਰਚਾਰ ਦੀ ਬਹੁਤ ਲੋੜ ਹੈ। ਸੜਕ ਨਿਯਮਾਂ ਨੂੰ ਵਧੀਆ ਬੋਰਡਾਂ ਉੱਤੇ ਲਿਖ ਕੇ ਚੋਰਾਹਿਆਂ ਉੱਤੇ ਲਗਾਇਆ ਜਾਵੇ। ਇਨ੍ਹਾਂ ਦੀ ਉਲੰਘਣਾ ਲਈ ਹੋਣ ਵਾਲੀ ਸਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸੜਕ ਸੇਫਟੀ ਹਫ਼ਤੇ ਨੂੰ ਇੱਕ ਰਸਮ ਸਮਝ ਕੇ ਨਾ ਮਨਾਇਆ ਜਾਵੇ ਸਗੋਂ ਪ੍ਰਚਾਰ ਦੇ ਸਾਰੇ ਵਸੀਲਿਆਂ ਦੀ ਸਹਾਇਤਾ ਨਾਲ ਪੰਜਾਬੀਆਂ ਨੂੰ ਸੜਕ ਸਲੀਕੇ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਅਪਣਾਉਣ ਲਈ ਵੀ ਪ੍ਰੇਰਿਆ ਜਾਵੇ। ਅਸੀਂ ਸੀਟ ਬੈਲਟ ਬੰਨ੍ਹਣੀ ਜਾਂ ਹੈਲਮਟ ਪਾਉਣ ਦਾ ਕੰਮ ਆਪਣੀ ਸੁਰੱਖਿਆ ਲਈ ਨਹੀਂ ਕਰਦੇ, ਸਗੋਂ ਚਲਾਨ ਤੋਂ ਬਚਣ ਲਈ ਕਰਦੇ ਹਾਂ। ਅਜਿਹੀ ਸੋਚ ਵਿੱਚ ਤਬਦੀਲੀ ਦੀ ਲੋੜ ਹੈ।
ਗੱਡੀਆਂ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਗੱਡੀਆਂ ਦੀ ਗਤੀ ’ਤੇ ਵਾਜਬ ਰੋਕ ਰੱਖਣ। ਸਾਡੀਆਂ ਸੜਕਾਂ ਉੱਤੇ ਭਾਂਤ ਭਾਂਤ ਦੀ ਸਵਾਰੀ ਹੈ, ਇਸ ਕਰਕੇ ਤੇਜ਼ ਗਤੀ ਹਾਦਸੇ ਦਾ ਕਾਰਨ ਬਣਦੀ ਹੈ। ਸਰਕਾਰ ਨੂੰ ਸੜਕਾਂ ’ਤੇ ਸਪੀਡ ਮੀਟਰ ਲਗਾਉਣੇ ਚਾਹੀਦੇ ਹਨ। ਜੇ ਕੋਈ ਵਿਅਕਤੀ ਤੈਅਸ਼ੁਦਾ ਗਤੀ ਤੋਂ ਤੇਜ਼ ਕਾਰ ਚਲਾਉਂਦਾ ਹੈ ਤਾਂ ਉਸ ਦਾ ਆਪਣੇ ਆਪ ਹੀ ਚਲਾਨ ਹੋ ਜਾਣਾ ਚਾਹੀਦਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨਾਲ ਵੀ ਇਸੇ ਤਰ੍ਹਾਂ ਦੀ ਸਖਤੀ ਵਰਤਣੀ ਚਾਹੀਦੀ ਹੈ। ਆਪਣੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਨੂੰਨ ਤੋੜਨਾ ਬਹਾਦਰੀ ਨਹੀਂ ਹੈ ਸਗੋਂ ਮੌਤ ਨੂੰ ਸੱਦਾ ਦੇਣਾ ਹੈ।
ਸਾਡੇ ਦੇਸ਼ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਜੇਕਰ ਹੋ ਸਕੇ ਤਾਂ ਗੱਡੀ ਦੀ ਰਫ਼ਤਾਰ ਉੱਤੇ ਕੰਪਨੀ ਵੱਲੋਂ ਹੀ ਰੋਕ ਲਗਾਉਣੀ ਚਾਹੀਦੀ ਹੈ। ਸੜਕ ਹਾਦਸਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਸਰਕਾਰ ਨੂੰ ਸਪੀਡ ਸੀਮਾ ਜ਼ਰੂਰ ਰੱਖਣੀ ਚਾਹੀਦੀ ਹੈ। ਮਨੁੱਖੀ ਜੀਵਨ ਬਹੁਤ ਅਨਮੋਲ ਹੈ, ਇਸ ਨੂੰ ਅਜਾਈਂ ਨਾ ਗੁਆਈਏ। ਸਰਕਾਰ ਵੱਲੋਂ ਚਲਾਨ ਦੇ ਜੁਰਮਾਨੇ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ। ਤਿੰਨ ਮਹੀਨੇ ਚਾਲਕ ਦਾ ਲਾਈਸੈਂਸ ਵੀ ਰੱਦ ਹੋ ਸਕਦਾ ਹੈ। ਵੇਖਣਾ ਇਹ ਹੈ ਕਿ ਇਸ ਨਾਲ ਕਾਨੂੰਨਾਂ ਦੀ ਪਾਲਣਾ ਵਿੱਚ ਵਾਧਾ ਹੁੰਦਾ ਹੈ ਜਾਂ ਰਿਸ਼ਵਤ ਵਿੱਚ। ਉਂਝ ਵੀ ਹਾਦਸੇ ਤਾਂ ਖੁੱਲ੍ਹੀਆਂ ਸੜਕਾਂ ਉੱਤੇ ਹੁੰਦੇ ਹਨ, ਜਦੋਂ ਕਿ ਪੁਲਿਸ ਚੈਕਿੰਗ ਬਹੁਤੀ ਸ਼ਹਿਰਾਂ ਦੇ ਅੰਦਰ ਹੁੰਦੀ ਹੈ।
ਇਸ ਵਾਰ ਜਦੋਂ ਮੈਨੂੰ ਡਰਾਈਵਿੰਗ ਲਾਈਸੈਂਸ ਡਾਕ ਰਾਹੀਂ ਪ੍ਰਾਪਤ ਹੋਇਆ ਤਾਂ ਨਾਲ ਨੱਥੀ ਚਿੱਠੀ ਉੱਤੇ ਕੁਝ ਹਦਾਇਤਾਂ ਵੀ ਲਿਖੀਆਂ ਸਨ। ਇਨ੍ਹਾਂ ਵਿੱਚੋਂ ਪੰਜ ਹਦਾਇਤਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ।
1. ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ।
2. ਵਾਹਨ ਦੀ ਪਿਛਲੀ ਸੀਟ ’ਤੇ ਬੈਠਣ ਵਾਂਲੇ ਸੀਟ ਬੈਲਟ ਦੀ ਵਰਤੋਂ ਕਰਨ।
3. ਸ਼ਰਾਬ ਪੀ ਕੇ ਜਾਂ ਥਕਾਵਟ ਹੋਣ ’ਤੇ ਗੱਡੀ ਨਾ ਚਲਾਵੋ।
4. ਵਾਹਨ ਵਲਾਉਂਦੇ ਸਮੇਂ ਅਗਲੇ ਵਾਹਨਾਂ ਤੋਂ ਦੂਰੀ ਬਣਾ ਕੇ ਰੱਖੋ।
5. ਟ੍ਰੈਫਿਕ ਲਾਈਟਾਂ ਦੀ ਉਲੰਘਣਾ ਨਾ ਕਰੋ ਅਤੇ ਧਿਆਨ ਭਟਕਣ ਨਾ ਦੇਵੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5416)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)