“ਪੜ੍ਹਨ ਦਾ ਸ਼ੌਕ ਪਾਲੋ। ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ...”
(17 ਨਵੰਬਰ 2021)
ਕੰਮਕਾਜੀ ਮਜਬੂਰੀਆਂ ਤੇ ਕੁਝ ਆਧੁਨਿਕਤਾ ਦੇ ਪ੍ਰਭਾਵ ਕਾਰਣ ਸਾਂਝੇ ਪਰਿਵਾਰ ਟੁੱਟ ਰਹੇ ਹਨ। ਇਸ ਨਾਲ ਬਜ਼ੁਰਗਾਂ ਨੂੰ ਪਿਛਲੀ ਉਮਰੇ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਬੱਚੇ ਨੌਕਰੀ ਲਈ ਦੂਜੇ ਸ਼ਹਿਰਾਂ ਜਾਂ ਸੂਬਿਆਂ ਵਿੱਚ ਜਾਂਦੇ ਹਨ, ਉਹ ਉੱਥੇ ਆਪਣੇ ਪਰਿਵਾਰ ਨਾਲ ਉਸੇ ਸ਼ਹਿਰ ਵਿੱਚ ਘਰ ਵਸਾ ਲੈਂਦੇ ਹਨ। ਪਿਛਲੇ ਸਮਿਆਂ ਵਿੱਚ ਨੌਕਰੀਆਂ ਥੋੜ੍ਹੀਆਂ ਸਨ ਪਰ ਆਬਾਦੀ ਵੀ ਥੋੜ੍ਹੀ ਹੀ ਸੀ। ਜੇਕਰ ਨੌਕਰੀ ਲਈ ਆਪਣੇ ਪਿੰਡ ਜਾਂ ਸ਼ਹਿਰ ਨੂੰ ਛੱਡ ਕੇ ਕੋਈ ਜਾਂਦਾ ਸੀ ਤਾਂ ਆਪਣਾ ਟੱਬਰ ਪਿੱਛੇ ਛੱਡ ਜਾਂਦਾ ਸੀ। ਇੰਝ ਬਜ਼ੁਰਗਾਂ ਨੂੰ ਕੋਈ ਦਿੱਕਤ ਨਹੀਂ ਸੀ ਆਉਂਦੀ। ਹੁਣ ਤਾਂ ਪੰਜਾਬ ਵਿੱਚ ਪ੍ਰਦੇਸਾਂ ਨੂੰ ਜਾਣ ਦੇ ਰੁਝਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਗਿਆ ਹੈ, ਜਿਸ ਕਾਰਣ ਬਜ਼ੁਰਗ ਪਿੱਛੇ ਇਕੱਲੇ ਰਹਿ ਜਾਂਦੇ ਹਨ। ਬੇਸ਼ਕ ਉਨ੍ਹਾਂ ਕੋਲ ਵਧੀਆ ਘਰ ਹਨ ਪਰ ਇਕੱਲਤਾ ਤਾਂ ਸਤਾਉਂਦੀ ਹੀ ਹੈ। ਸ਼ਹਿਰਾਂ ਵਿੱਚ ਨੌਕਰੀ ਕਰ ਰਹੇ ਬੰਦਿਆਂ ਨੇ ਆਪਣਾ ਅਜਿਹਾ ਮਾਹੌਲ ਸਿਰਜ ਲਿਆ ਹੁੰਦਾ ਹੈ ਕਿ ਉਹ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਤੋਂ ਕੰਨੀ ਕਤਰਾਉਂਦੇ ਹਨ। ਜੇਕਰ ਬਜ਼ੁਰਗ ਚਲੇ ਵੀ ਜਾਣ ਤਾਂ ਉਨ੍ਹਾਂ ਲਈ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਢਾਲਣਾ ਔਖਾ ਹੋ ਜਾਂਦਾ ਹੈ। ਉਹ ਇਸ ਨੂੰ ਮਿੱਠੀ ਜੇਲ੍ਹ ਸਮਝਣ ਲੱਗ ਪੈਂਦੇ ਹਨ। ਜਿਹੜੇ ਮਾਪੇ ਪ੍ਰਦੇਸਾਂ ਵਿੱਚ ਆਪਣੇ ਬੱਚਿਆਂ ਕੋਲ ਜਾਂਦੇ ਹਨ ਉਨ੍ਹਾਂ ਲਈ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ ਹੈ। ਨਵੀਂ ਧਰਤੀ, ਵੱਖਰੀ ਬੋਲੀ, ਸਭੋ ਕੁਝ ਵੱਖਰਾ, ਉਹ ਆਪਣੇ ਆਪ ਨੂੰ ਗੁਆਚੇ-ਗੁਆਚੇ ਮਹਿਸੂਸ ਕਰਦੇ ਹਨ। ਜੇਕਰ ਸਿਹਤ ਥੋੜ੍ਹੀ ਠੀਕ ਹੈ ਤਾਂ ਉਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਹੋਰ ਵੀ ਝੂਰਦੇ ਹਨ।
ਬਦਲਦੇ ਸਮੇਂ ਅਨੁਸਾਰ ਬਦਲਣ ਦੀ ਲੋੜ ਹੈ। ਆਪਣੇ ਬੁਢਾਪੇ ਨੂੰ ਸੁਖੀ ਰੱਖਣ ਲਈ ਇਸਦਾ ਪ੍ਰਬੰਧ ਕਰੀਏ। ਕਿਸੇ ਦੀ ਮੁਥਾਜੀ ਲਈ ਝੂਰ ਝੂਰ ਕੇ ਮਰਨ ਨਾਲੋਂ ਚੰਗਾ ਹੈ ਇਕੱਲਤਾ ਨਾਲ ਸਾਂਝ ਪਾਈਏ। ਦੋਸਤੀਆਂ ਪਾਲੀਏ, ਆਪਣਾ ਸਹਾਰਾ ਖੜ੍ਹਾ ਕਰੀਏ।
ਜਦੋਂ ਇਨਸਾਨ 60ਵਿਆਂ ਨੂੰ ਟੱਪਦਾ ਹੈ ਤਾਂ ਉਸ ਨੂੰ ਬੁਢਾਪੇ ਰੂਪੀ ਦੈਂਤ ਦਾ ਡਰ ਸਤਾਉਣ ਲਗਦਾ ਹੈ। ਸਮਾਂ ਤਾਂ ਆਪਣੀ ਤੋਰੇ ਤੁਰਦਾ ਹੀ ਹੈ ਪਰ ਸਾਡੇ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰ ਦਿੱਤੀ ਗਈ ਹੈ ਜਿਵੇਂ ਬੁਢਾਪਾ ਕੋਈ ਸਰਾਪ ਹੋਵੇ। ਇਸ ਤਾਂ ਆਉਣਾ ਹੀ ਹੈ, ਲੋੜ ਇਸ ਪਤਝੜ ਦੀ ਰੁੱਤ ਦਾ ਅਨੰਦ ਮਾਨਣ ਦੀ ਜਾਚ ਸਿੱਖਣ ਦੀ ਹੈ। ਜਿੱਥੇ ਮਨੁੱਖ ਨੂੰ ਇਸਦਾ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ ਉੱਥੇ ਸਮਾਜ ਵਿੱਚ ਵੀ ਇਹ ਸੋਚ ਬਦਲੀ ਜਾਵੇ ਕਿ ਪਿਛਲੀ ਉਮਰ ਵਿੱਚ ਕੋਈ ਤਰਸ ਦਾ ਪਾਤਰ ਨਹੀਂ ਬਣ ਜਾਂਦਾ ਸਗੋਂ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ।
ਜਿਸ ਤਰ੍ਹਾਂ ਚੜ੍ਹਦੀ ਜਵਾਨੀ ਦਾ ਅਹਿਸਾਸ ਸਰੀਰ ਨੂੰ ਨਸ਼ਿਆ ਜਾਂਦਾ ਹੈ, ਉਸੇ ਤਰ੍ਹਾਂ ਇਕਦਮ ਹੋਏ ਬੁਢਾਪੇ ਦਾ ਅਹਿਸਾਸ ਸਰੀਰ ਨੂੰ ਨਿੰਮੋਝੂਣਾ ਕਰ ਦਿੰਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਤੁਹਾਨੂੰ ਆਪਣੇ ਆਪ ਉੱਤੇ ਬੰਧਨ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਘੁੰਮਣ ਫਿਰਨ ਉੱਤੇ ਰੋਕ ਲਗਾਉਣੀ ਪੈਂਦੀ ਹੈ। ਆਪਣੀ ਜ਼ਬਾਨ ਅਤੇ ਸਰੀਰ ਨੂੰ ਕਾਬੂ ਕਰਨਾ ਪੈਂਦਾ ਹੈ। ਆਪਣੇ ਹਰ ਪਾਸੇ ਬੰਦਸ਼ਾਂ ਹੀ ਬੰਦਸ਼ਾਂ ਉਸਾਰਨੀਆਂ ਪੈਂਦੀਆਂ ਹਨ। ਜਦੋਂ ਬੱਚੇ ਬਾਬਾ ਜੀ ਆਖ ਬੁਲਾਉਣ ਲਗਦੇ ਹਨ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਅਪ ਨੂੰ ਬੁੱਢਾ ਤਸਲੀਮ ਕਰਨਾ ਪੈਂਦਾ ਹੈ।
ਪਤਝੜ ਦੇ ਇਸ ਮੌਸਮ ਦਾ ਅਨੰਦ ਮਾਨਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਫੁੱਟਦੀਆਂ ਕਰੂੰਬਲਾਂ ਦਾ ਅਨੰਦ ਲੈਣ ਦੀ ਥਾਂ ਝੜੇ ਹੋਏ ਪੱਤਿਆਂ ਵਾਂਗ ਹਵਾ ਦੇ ਰੁਖ ਰੁੜ੍ਹਨਾ ਪੈਂਦਾ ਹੈ। ਜਿੱਥੇ ਸੋਹਲਵੇਂ ਸਾਲ ਦੇ ਚੜ੍ਹਦਿਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਇਕਾਠਵੇਂ ਸਾਲ ਪ੍ਰਾਪਤੀਆਂ ਦੇ ਨਿੱਘ ਨੂੰ ਮਾਨਣ ਦਾ ਮੌਕਾ ਮਿਲਦਾ ਹੈ। ਚੜ੍ਹਦੀ ਜਵਾਨੀ ਵਿੱਚ ਜੇਕਰ ਸਵੈ ਕਾਬੂ ਰੱਖਦਿਆਂ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਮੰਜ਼ਿਲ ਦੀ ਪ੍ਰਾਪਤੀ ਯਕੀਨੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬੁਢਾਪੇ ਦੀ ਸਹੀ ਸੰਭਾਲ ਆਖਰੀ ਸਮੇਂ ਨੂੰ ਆਨੰਦਮਈ ਬਣਾ ਸਕਦੀ ਹੈ।
ਜੀਵਨ ਦੇ ਆਖਰੀ ਪੜਾਅ ਨੂੰ ਸੁੰਦਰ ਬਣਾਉਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸਦਾ ਖਿੜੇ ਮੱਥੇ ਸਵਾਗਤ ਕਰੇ। ਜਵਾਨੀ ਦੇ ਦਿਨਾਂ ਵਿੱਚ ਕਾਰੋਬਾਰੀ ਅਤੇ ਘਰੋਗੀ ਰੁਝੇਵਿਆਂ ਵਿੱਚ ਘਿਰਿਆ ਮਨੁੱਖ ਆਪਣੇ ਮਨ ਦੀਆਂ ਖਾਹਿਸ਼ਾਂ ਅਤੇ ਲੋੜਾਂ ਨੂੰ ਪਾਸੇ ਰੱਖ ਦਿਨ ਰਾਤ ਮਿਹਨਤ ਕਰਦਾ ਹੈ। ਬੁਢਾਪਾ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਆਪਣੀਆਂ ਦੱਬੀਆਂ ਕ੍ਰਿਆਤਮਿਕ ਤੇ ਕਲਾਤਮਿਕ ਖਾਹਿਸ਼ਾਂ ਦੀ ਪੂਰਤੀ ਵਲ ਧਿਆਨ ਦੇ ਸਕਦੇ ਹਾਂ। ਜਿਹੜੇ ਸ਼ੌਕ ਸਮੇਂ ਦੀ ਘਾਟ ਕਾਰਨ ਪਹਿਲਾਂ ਪੂਰੇ ਨਹੀਂ ਹੋ ਸਕੇ, ਉਨ੍ਹਾਂ ਵਲ ਮੁੜ ਧਿਆਨ ਦਿੱਤਾ ਜਾ ਸਕਦਾ ਹੈ। ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਪਤਝੜ ਦੀ ਰੁੱਤ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਰੁੱਤ ਲਈ ਤਿਆਰ ਕਰ ਲਈਏ। ਜੀਵਨ ਦੇ ਸਮਾਜਿਕ, ਮਾਇਕ ਅਤੇ ਘਰੋਗੀ ਮਸਲਿਆਂ ਅਤੇ ਵਸੀਲਿਆਂ ਦੀ ਵਿਉਂਤ ਇਸ ਢੰਗ ਨਾਲ ਕਰੀਏ ਕਿ ਇਨ੍ਹਾਂ ਬਾਰੇ ਚਿੰਤਾ ਤੋਂ ਮੁਕਤੀ ਮਿਲ ਸਕੇ।
ਨੌਕਰੀ ਕਰ ਰਹੇ ਲੋਕਾਂ ਦਾ ਇਹ ਪੜਾਅ ਸੇਵਾ ਮੁਕਤੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਕਾਰੋਬਾਰੀ ਇਨਸਾਨ ਹੌਲੀ ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅੱਡ ਕਰਦੇ ਜਾਂਦੇ ਹਨ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨ। ਹਰ ਇਨਸਾਨ ਨੂੰ ਬੁਢਾਪਾ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜੇਕਰ ਇਨ੍ਹਾਂ ਪਾਸੋਂ ਨਿਸ਼ਚਿੰਤਤਾ ਹੋਵੇਗੀ ਫਿਰ ਬੁਢਾਪੇ ਦਾ ਡਰ ਤੰਗ ਨਹੀਂ ਕਰੇਗਾ। ਸੇਵਾ ਮੁਕਤੀ ਤੋਂ ਪਹਿਲਾਂ ਹਰ ਇਨਸਾਨ ਨੂੰ ਆਪਣੇ ਰਹਿਣ ਲਈ ਮਕਾਨ ਦਾ ਜ਼ਰੂਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਮਾਇਕ ਵਸੀਲੇ ਵੀ ਇੰਨੇ ਕੁ ਕਰ ਲੈਣੇ ਚਾਹੀਦੇ ਹਨ ਕਿ ਬੁਢਾਪੇ ਵਿੱਚ ਰੋਟੀ ਕੱਪੜੇ ਦੀ ਲੋੜ ਪੂਰੀ ਹੁੰਦੀ ਰਹੇ। ਕਈ ਇਨਸਾਨ ਇਸ ਪਾਸਿਉਂ ਲਾਪਰਵਾਹੀ ਵਰਤ ਜਾਂਦੇ ਹਨ। ਉਨ੍ਹਾਂ ਲਈ ਕਿਰਾਏ ਦਾ ਮਕਾਨ ਹੀ ਵਧੀਆ ਹੁੰਦਾ ਹੈ। ਪਿਛਲੇ ਦਿਨਾਂ ਲਈ ਉਹ ਬੱਚਤ ਕਰਨ ਬਾਰੇ ਵੀ ਨਹੀਂ ਸੋਚਦੇ। ਉਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਜਿਸ ਪੈਦਾ ਕੀਤਾ ਹੈ, ਉਹ ਆਪਣੇ ਆਪ ਕੋਈ ਨਾ ਕੋਈ ਪ੍ਰਬੰਧ ਕਰ ਦੇਵੇਗਾ। ਕਈ ਲੋਕ ਵਧੇਰੇ ਭਾਵਨਾਤਮਕ ਹੁੰਦੇ ਹਨ। ਉਹ ਘਰ ਨੂੰ ਆਪਣੇ ਬੱਚਿਆਂ ਦੇ ਨਾਂ ਲੁਆ ਦਿੰਦੇ ਹਨ। ਪਿਆਰ ਆਪਣੀ ਥਾਂ ਹੈ, ਪਰ ਦੂਜਿਆਂ ਦੀ ਮੁਥਾਜੀ ਭੈੜੀ ਹੁੰਦੀ ਹੈ। ਆਪਣੇ ਕੋਲ ਘਰ ਦਾ ਹੋਣਾ ਇੱਕ ਆਤਮਿਕ ਵਿਸ਼ਵਾਸ ਹੁੰਦਾ ਹੈ ਜਿਸ ਨਾਲ ਮਨ ਅੰਦਰ ਕਿਤੇ ਲੁਕਿਆ ਹੋਇਆ ਡਰ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ। ਸੇਵਾ ਮੁਕਤੀ ਸਮੇਂ ਹਰ ਮੁਲਾਜ਼ਮ ਨੂੰ ਕੁਝ ਰਕਮ ਮਿਲਦੀ ਹੈ। ਇਸ ਰਕਮ ਦੀ ਇਸ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲਗਾਤਾਰ ਆਮਦਨ ਮਿਲਦੀ ਰਹੇ। ਕਈ ਵੇਰ ਅਸੀਂ ਇਹ ਰਕਮ ਬੱਚਿਆਂ ਦੇ ਕਾਰੋਬਾਰ ਵਿੱਚ ਜਾਂ ਘਰ ਵਿੱਚ ਖਰਚ ਕਰ ਦਿੰਦੇ ਹਾਂ ਪਰ ਪਿੱਛੋਂ ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਜਦੋਂ ਤੁਹਾਨੂੰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹਨ।
ਆਪਣੇ ਨਿੱਤ ਦੇ ਰੁਝੇਵੇਂ ਬਣਾਵੋ। ਘਰ ਵਿਹਲਾ ਬੈਠਾ ਬੰਦਾ ਤਾਂ ਉਂਝ ਹੀ ਘਾਬਰ ਜਾਂਦਾ ਹੈ ਜਾਂ ਫਿਰ ਘਰ ਦੇ ਬਾਕੀ ਮੈਂਬਰਾਂ ਦੇ ਨੁਕਸ ਕੱਢਣ ਲੱਗ ਪੈਂਦਾ ਹੈ। ਨੁਕਸ ਕੱਢਣ ਦੀ ਥਾਂ ਸਾਰਿਆਂ ਨੂੰ ਹੱਲਾਸ਼ੇਰੀ ਦੇਵੋ। ਪਰਿਵਾਰ ਨੂੰ ਚੰਗੇ ਸੰਸਕਾਰ ਦੇਵੋ। ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਸੁੱਚੀ ਕਿਰਤ ਦਾ ਸਬਕ ਪੜ੍ਹਾਵੋ। ਪਰ ਅਜਿਹਾ ਤੁਸੀਂ ਤਦ ਹੀ ਕਰ ਸਕਦੇ ਹੋ ਜੇਕਰ ਤੁਸੀਂ ਸੁੱਚੀ ਕਿਰਤ ਕੀਤੀ ਹੋਵੇਗੀ।
ਸਵੇਰੇ ਸ਼ਾਮ ਸੈਰ ਕਰੋ ਤੇ ਗੁਰੂ ਘਰ ਹਾਜ਼ਰੀਆਂ ਭਰੋ। ਤੁਹਾਡੇ ਆਪਣੇ ਕੁਝ ਸ਼ੌਕ ਹੋਣਗੇ ਜਿਹੜੇ ਜਵਾਨੀ ਸਮੇਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪੂਰੇ ਨਹੀਂ ਹੋ ਸਕੇ, ਉਨ੍ਹਾਂ ਵਲ ਧਿਆਨ ਦੇਵੋ। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਹਨ ਜਿਹੜੀਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨ। ਆਪਣੀ ਰੁਚੀ ਅਨੁਸਾਰ ਉਨ੍ਹਾਂ ਵਿੱਚ ਸ਼ਾਮਿਲ ਹੋ ਕੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰੋ। ਸੇਵਾ ਕੀਤਿਆਂ ਜੋ ਅਨੰਦ ਮਿਲਦਾ ਹੈ, ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਜੇਕਰ ਪਰਿਵਾਰ ਨਾਲ ਰਹਿੰਦਾ ਹੈ ਤਾਂ ਪਰਿਵਾਰ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੋ। ਰੁਝੇਵੇਂ ਜੀਵਨ ਨੂੰ ਤਾਜ਼ਗੀ ਬਖਸ਼ਦੇ ਹਨ ਜਦੋਂ ਕਿ ਵਿਹਲ ਨਿਰਾਸ਼ਾ ਦਾ ਕਾਰਨ ਬਣਦੀ ਹੈ।
ਪੜ੍ਹਨ ਦਾ ਸ਼ੌਕ ਪਾਲੋ। ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਵੋ। ਉਸਾਰੂ ਰੁਝੇਵਿਆਂ ਕਾਰਨ ਤੁਹਾਨੂੰ ਕਦੇ ਵੀ ਬੁਢਾਪੇ ਦਾ ਅਹਿਸਾਸ ਨਹੀਂ ਹੋਵੇਗਾ। ਸੂਝਵਾਨ ਲੋਕ ਪਤਝੜ ਦੇ ਮੌਸਮ ਦਾ ਵੀ ਬਹਾਰ ਦੇ ਮੌਸਮ ਵਾਂਗ ਹੀ ਅਨੰਦ ਮਾਣਦੇ ਹਨ। ਉਹ ਤਾਂ ਸਗੋਂ ਮਹਿਸੂਸ ਕਰਦੇ ਹਨ ਕਿ ਅਸਲੀ ਜੀਵਨ ਤਾਂ ਹੁਣ ਵੀ ਸ਼ੁਰੂ ਹੋਇਆ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਕਾਰਜ ਕਰ ਸਕਦੇ ਹੋ।
ਆਪਣੇ ਜੀਵਨ ਸਾਥੀ ਨਾਲ ਨੇੜਤਾ ਵਧਾਵੋ। ਘੁੰਮਣ ਫਿਰਨ ਦਾ ਪ੍ਰੋਗਰਾਮ ਉਲੀਕੋ। ਜੇਕਰ ਇਕੱਲੇ ਹੋ ਤਾਂ ਘਰ ਵਿੱਚ ਕੋਈ ਭਰੋਸੇਮੰਦ ਸਹਾਇਕ ਰੱਖੋ। ਬੱਚਿਆਂ ਕੋਲ ਜ਼ਰੂਰ ਜਾਵੋ, ਪਰ ਜਦੋਂ ਅਕੇਵਾਂ ਮਹਿਸੂਸ ਕਰੋਂ ਤਾਂ ਆਪਣੇ ਘਰ ਆ ਜਾਵੋ। ਸਵੈ ਨਿਰਭਰਤਾ ਬਹੁਤ ਜ਼ਰੂਰੀ ਹੈ। ਜੇਕਰ ਸੁਚੱਜੇ ਢੰਗ ਨਾਲ ਵਿਉਂਬੰਦੀ ਕੀਤੀ ਹੋਵੇਗੀ ਤਾਂ ਦੂਜਿਆਂ ਦੇ ਸਹਾਰੇ ਜੀਉਣ ਲਈ ਮੁਥਾਜ ਨਹੀਂ ਹੋਣਾ ਪਵੇਗਾ, ਬਜ਼ੁਰਗ ਆਸ਼ਰਮ ਵਿੱਚ ਵੀ ਜਾਣ ਦੀ ਲੋੜ ਨਹੀਂ ਪਵੇਗੀ। ਆਪਣੇ ਯਤਨਾਂ ਨਾਲ ਇਸ ਪਤਝੜ ਦੀ ਰੁੱਤ ਨੂੰ ਬਹਾਰ ਵਿੱਚ ਬਦਲਿਆ ਜਾ ਸਕਦਾ ਹੈ। ਬੁਢਾਪੇ ਦਾ ਸੰਤਾਪ ਨਹੀਂ ਸਗੋਂ ਨਿੱਘ ਮਾਣੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3152)
(ਸਰੋਕਾਰ ਨਾਲ ਸੰਪਰਕ ਲਈ: