“ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ...”
(1 ਨਵੰਬਰ 2023)
ਪੰਜਾਬ ਇਸ ਸਮੇਂ ਨਾਜ਼ੁਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜਾ ਸੂਬਾ ਕਦੇ ਦੇਸ਼ ਦਾ ਮੋਹਰੀ ਸੀ, ਉਹ ਨਿਵਾਣ ਵਲ ਜਾ ਰਿਹਾ ਹੈ। ਪੰਜਾਬ ਦਿਵਸ ਨੂੰ ਨਿਰਾ ਸਮਾਗਮਾਂ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਹੈ ਸਗੋਂ ਸੂਬੇ ਦੇ ਭਵਿੱਖ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ। ਸਾਰੀਆਂ ਰਾਜਸੀ ਪਾਰਟੀਆਂ, ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੂੰ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਦੀ ਥਾਂ ਗੰਭੀਰ ਵਿਚਾਰ ਵਟਾਂਦਰੇ ਰਾਹੀਂ ਕੋਈ ਭਵਿੱਖੀ ਯੋਜਨਾ ਬਣਾਉਣ ਦੀ ਲੋੜ ਹੈ। ਬਹਿਸ ਵਿੱਚੋਂ ਕੁਝ ਪ੍ਰਾਪਤ ਨਹੀਂ ਹੁੰਦਾ ਸਗੋਂ ਇੱਕ ਦੂਜੇ ਉੱਤੇ ਚਿੱਕੜ ਹੀ ਸੁੱਟਿਆ ਜਾਂਦਾ ਹੈ, ਜਿਸ ਨਾਲ ਆਪਸੀ ਨਫ਼ਰਤਾਂ ਵਿੱਚ ਹੋਰ ਵਾਧਾ ਹੁੰਦਾ ਹੈ। ਪਿਛਲੇ ਸਮਿਆਂ ਵਿੱਚ ਕਿਸੇ ਕੀ ਕੀਤਾ, ਇਹ ਵੇਖਣ ਦੀ ਥਾਂ ਭਵਿੱਖ ਵਿੱਚ ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਚਿੰਤਨ ਦੀ ਲੋੜ ਹੈ।
ਇਸ ਸਮੇਂ ਪੰਜਾਬ ਦੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈ। ਕਦੇ ਗੁਰਦਾਸਪੁਰ ਤੋਂ ਲੈ ਕੇ ਰਾਜਪੁਰੇ ਤਕ ਛੋਟੇ ਅਤੇ ਦਰਮਿਆਨੇ ਕਾਰਖਾਨੇ ਨਜ਼ਰ ਆਉਂਦੇ ਸਨ, ਹੁਣ ਬਹੁਤਿਆਂ ਨੂੰ ਤਾਲੇ ਲੱਗ ਗਏ ਹਨ। ਬਹੁਤੀ ਸਨਅਤ ਲੁਧਿਆਣੇ ਹੀ ਇਕੱਠੀ ਹੋ ਗਈ ਹੈ, ਜਿਸ ਨੇ ਇੱਥੋਂ ਦੇ ਸੌ ਤੋਂ ਵੱਧ ਪਿੰਡ ਖਾ ਲਏ ਹਨ। ਇਨ੍ਹਾਂ ਪਿੰਡਾਂ ਦੇ ਵਾਸੀ ਦੂਰ ਦੁਰਾਡੇ ਚਲੇ ਗਏ ਹਨ। ਖਾਲੀ ਘਰਾਂ ਵਿੱਚ ਹੁਣ ਦੂਜੇ ਸੂਬਿਆਂ ਤੋਂ ਆਏ ਕਾਮੇ ਰਹਿੰਦੇ ਹਨ ਤੇ ਉਹ ਹੀ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਖੇਤੀ ਵਿੱਚ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਖੜੋਤ ਆ ਗਈ ਹੈ। ਕਣਕ, ਝੋਨਾ ਹੀ ਮੁੱਖ ਫ਼ਸਲ ਚੱਕਰ ਹੈ। ਇਸਦਾ ਝਾੜ ਵੀ ਲਗਭਗ ਇੱਕ ਥਾਂ ਟਿਕਿਆ ਹੋਇਆ ਹੈ। ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਉਸੇ ਅਨੁਪਾਤ ਨਾਲ ਜਿਣਸਾਂ ਦੇ ਮੁੱਲ ਵਿੱਚ ਵਾਧਾ ਨਹੀਂ ਹੋਇਆ। ਇਸ ਕਰਕੇ ਕਿਸਾਨ ਦੀ ਆਮਦਨ ਘਟੀ ਹੈ ਤੇ ਕੁਦਰਤੀ ਮਾਰ ਵੀ ਪੈ ਰਹੀ ਹੈ। ਬਹੁਤੇ ਕਿਸਾਨ ਹੁਣ ਕਰਜ਼ਾਈ ਹਨ।
ਪੰਜਾਬ ਦੀ ਖੁਸ਼ਹਾਲੀ ਵੇਖ ਵਿੱਦਿਆ ਦੇ ਵਿਉਪਾਰੀਆਂ ਇੱਥੇ ਸ਼ਾਨਦਾਰ ਸਕੂਲ ਬਣਾਏ, ਅੰਗਰੇਜ਼ੀ ਪੜ੍ਹਾਉਣ ਦੇ ਸਬਜ਼ਬਾਗ ਵਿਖਾਏ। ਹਰੇਕ ਪੰਜਾਬੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਵੇ। ਇੰਝ ਬੱਚੇ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਵਿੱਚ ਆਪਣੀ ਮਿੱਟੀ ਦਾ ਮੋਹ ਖਤਮ ਹੋ ਰਿਹਾ ਹੈ। ਸਰਕਾਰ ਦਾ ਧਿਆਨ ਆਪਣੇ ਆਪ ਹੀ ਸਰਕਾਰੀ ਸਕੂਲਾਂ ਤੋਂ ਦੂਰ ਹੋਣਾ ਹੀ ਸੀ। ਹੁਣ ਬਹੁਤੇ ਸਰਕਾਰੀ ਸਕੂਲਾਂ ਵਿੱਚ ਦੂਜੇ ਸੂਬਿਆਂ ਤੋਂ ਆਏ ਬੱਚੇ ਪੜ੍ਹਦੇ ਹਨ। ਪੰਜਾਬੀ ਵਿੱਚ ਪੜ੍ਹਾਈ ਉਹ ਹੀ ਕਰਦੇ ਹਨ ਅਤੇ ਪੰਜਾਬੀ ਬੋਲਦੇ ਹਨ। ਇੰਝ ਬਹੁਤੀਆਂ ਛੋਟੀਆਂ ਨੌਕਰੀਆਂ ਉੱਤੇ ਉਹ ਹੀ ਕੰਮ ਕਰਦੇ ਹਨ। ਅੰਗਰੇਜ਼ੀ ਸਕੂਲਾਂ ਵਿੱਚ ਜਾਣ ਨਾਲ ਬੱਚੇ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਏ ਹਨ ਜਿਸ ਕਰਕੇ ਉਹ ਕਿਰਤ ਤੋਂ ਦੂਰ ਹੋ ਹਰੇ ਹਨ। ਬੱਚੇ ਤਾਂ ਕੀ ਮਾਪੇ ਵੀ ਕਿਰਤ ਤੋਂ ਦੂਰ ਹੋ ਰਹੇ ਹਨ। ਬਹੁਤੇ ਘਰਾਂ ਦੇ ਕੰਮ ਵੀ ਦੂਜੇ ਸੂਬਿਆਂ ਤੋਂ ਆਈਆਂ ਔਰਤਾਂ ਹੀ ਕਰਦੀਆਂ ਹਨ।
ਸਾਡੇ ਵਿੱਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਹੁਨਰੀ ਬਣਾਉਣ ਵਲ ਧਿਆਨ ਨਹੀਂ ਦਿੱਤਾ ਗਿਆ। ਜਿਹੜੇ ਹੁਨਰੀ ਕੇਂਦਰ ਖੋਲ੍ਹੇ ਗਏ ਸਨ, ਉਨ੍ਹਾਂ ਵਲ ਵੀ ਧਿਆਨ ਨਹੀਂ ਦਿੱਤਾ ਗਿਆ। ਬੱਚਿਆਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਚੇਟਕ ਨਹੀਂ ਲਗਾਈ ਜਾਂਦੀ। ਵਿਰਲੇ ਟਾਵੇਂ ਹੀ ਕੇਂਦਰ ਹਨ, ਜਿੱਥੇ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੋਵੇ। ਪੰਜਾਬ ਵਿੱਚ ਇਸ ਸਮੇਂ ਹੁਨਰੀ ਕਾਮਿਆਂ ਵਿੱਚ ਬਹੁਗਿਣਤੀ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਦੀ ਹੈ। ਪੰਜਾਬੀ ਤਾਂ ਕੇਵਲ ਮੋਟਰ ਮਕੈਨਕੀ ਵਿੱਚ ਹੀ ਨਜ਼ਰ ਆਉਂਦੇ ਹਨ।
ਸਿਹਤ ਸਹੂਲਤਾਂ ਦਾ ਵੀ ਇਹੋ ਹਾਲ ਹੈ। ਨਿੱਜੀ ਹਸਪਤਾਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਹਸਪਤਾਲਾਂ ਵਿੱਚ ਖੜੋਤ ਹੈ। ਇੱਥੇ ਭੀੜ, ਗੰਦਗੀ, ਲਾਪਰਵਾਹੀ ਹੀ ਨਜ਼ਰ ਆਉਂਦੇ ਹਨ। ਨਿੱਜੀ ਹਸਪਤਾਲਾਂ ਵਿੱਚ ਇਲਾਜ ਇੰਨਾ ਮਹਿੰਗਾ ਹੈ ਕਿ ਆਮ ਆਦਮੀ ਦਾ ਦਿਵਾਲੀਆ ਨਿਕਲ ਜਾਂਦਾ ਹੈ। ਇਹੋ ਹੀ ਹਾਲ ਸਰਕਾਰੀ ਦਫਤਰਾਂ ਦਾ ਹੈ।
ਰਿਸ਼ਵਤ ਦਾ ਹਰ ਪਾਸੇ ਬੋਲਬਾਲਾ ਹੈ, ਨਸ਼ਿਆਂ ਦੀ ਵਰਤੋਂ ਵਧ ਰਹੀ ਹੈ ਅਤੇ ਮਿਲਾਵਟ ਦਾ ਜ਼ੋਰ ਹੈ। ਕਿਰਤ ਤੋਂ ਦੂਰੀ ਹੋ ਰਹੀ ਹੈ ਪਰ ਵਿਖਾਵੇ ਵਿੱਚ ਵਾਧਾ ਹੋ ਰਿਹਾ ਹੈ। ਧਾਰਮਿਕ ਸਥਾਨਾਂ ਅਤੇ ਪ੍ਰਚਾਰਕਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਤੇਜ਼ੀ ਨਾਲ ਧਰਮ ਲੋਕਾਈ ਤੋਂ ਦੂਰ ਹੋਇਆ ਹੈ। ਆਗੂ ਰਾਤੋ ਰਾਤ ਅਮੀਰ ਬਣੇ ਹਨ। ਉਨ੍ਹਾਂ ਦੇ ਪੈਰੋਕਾਰ ਵੀ ਅਜਿਹਾ ਹੀ ਲੋਚਦੇ ਹਨ। ਇੰਝ ਨੈਤਿਕ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ।
ਲੋਕਾਂ ਵਿੱਚ ਮਾਯੂਸੀ ਹੈ। ਪੰਜਾਬ ਦੀ ਜਵਾਨੀ ਨੂੰ ਸਿਆਸੀ ਆਗੂ ਆਪਣੇ ਪਿੱਛੇ ਲਗਾ ਕੇ ਭਟਕਾ ਰਹੇ ਹਨ। ਰੈਲੀਆਂ ਪਿੱਛੋਂ ਉਨ੍ਹਾਂ ਦੀ ਥਕਾਵਟ ਲਾਹੁਣ ਦੇ ਬਹਾਨੇ ਆਗੂ ਨਸ਼ਿਆਂ ਦੇ ਲੜ ਲਾ ਰਹੇ ਹਨ। ਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਹ ਮਜਬੂਰ ਹੋ ਕੇ ਖੁਦਕੁਸ਼ੀ ਦੇ ਰਾਹ ਵੀ ਪੈ ਜਾਂਦਾ ਹੈ।
ਆਵੋ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੇ ਪੰਜਾਬ ਵਲ ਵੇਖੀਏ। ਉਦੋਂ ਇਹ ਸੂਬਾ ਦੇਸ਼ ਦੇ ਪਹਿਲੇ ਸਥਾਨ ਉੱਤੇ ਸੀ। ਆਪਣੀ ਨਵੀਂ ਰਾਜਧਾਨੀ ਸੀ। ਭਾਖੜਾ ਯੋਜਨਾ ਨਾਲ ਬਿਜਲੀ ਅਤੇ ਪਾਣੀ ਦੀ ਕਮੀ ਦੂਰ ਹੋਈ ਸੀ। ਸਾਰੇ ਸੂਬੇ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਖੇਤੀ ਦੇ ਨਾਲ ਸਨਅਤੀ ਵਿਕਾਸ ਵੀ ਹੋ ਰਿਹਾ ਸੀ। ਸ. ਪ੍ਰਤਾਪ ਸਿੰਘ ਕੈਰੋਂ ਨੇ ਮੁਰੱਬੇਬੰਦੀ ਕਰਵਾਈ। ਸਿੱਧੀਆਂ ਸੜਕਾਂ ਬਣੀਆਂ। ਸਕੂਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ। ਇਸੇ ਤਰ੍ਹਾਂ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣਾਈ ਗਈ। ਦੋਵੇਂ ਸੰਸਥਾਵਾਂ ਦੇਸ਼ ਵਿੱਚੋਂ ਮੋਹਰੀ ਬਣੀਆਂ। ਭਾਸ਼ਾ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ ਅਤੇ ਸੰਸਕ੍ਰਿਤ ਯੂਨੀਵਰਸਿਟੀ ਕੁਰੂਕਸ਼ੇਤਰ ਬਣਾਈ। ਹਿੰਦੀ ਬੋਲਦੇ ਇਲਾਕੇ ਵੀ ਪੰਜਾਬੀ ਬੋਲਦੇ ਬਣਾਉਣ ਲਈ ਫ਼ਰੀਦਾਬਾਦ ਸਨਅਤੀ ਕੇਂਦਰ ਬਣਾਇਆ ਤੇ ਪੰਜਾਬੀਆਂ ਨੂੰ ਉੱਥੇ ਵਸਾਇਆ। ਦਿੱਲੀ ਵਿੱਚ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਸੀ। ਦਸਵੀਂ ਵਿੱਚ ਪੰਜਾਬੀ ਅਤੇ ਹਿੰਦੀ ਪੜ੍ਹਾਈ ਲਾਜ਼ਮੀ ਕੀਤੀ। ਇੰਝ ਸਾਰੇ ਪੰਜਾਬੀਆਂ ਨੂੰ ਪੰਜਾਬੀ ਦੇ ਲੜ ਲਾਇਆ। ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਏ ਬਹੁਤ ਸਾਰੇ ਪੰਜਾਬੀ ਦਿੱਲੀ ਅਤੇ ਹਰਿਆਣੇ ਵਿੱਚ ਵਸੇ। ਇੰਝ ਪੰਜਾਬੀ ਸਾਰੇ ਸੂਬੇ ਵਿੱਚ ਫੈਲੇ। ਇਹ ਪੰਜਾਬੀ ਬੋਲਦੇ ਤੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਸਨ। ਹੁਣ ਹਰਿਆਣਾ ਬਣਨ ਪਿੱਛੋਂ ਇਨ੍ਹਾਂ ਪੰਜਾਬੀਆਂ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਹੋਣਾ ਪਿਆ। ਹੁਣ ਇਹ ਵੀ ਹਿੰਦੀ ਹੀ ਬੋਲਦੇ ਹਨ। ਇੰਝ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ। ਇਹੋ ਹਾਲ ਦਿੱਲੀ ਵਿੱਚ ਹੋਇਆ।
ਬੇਰੁਜ਼ਗਾਰੀ, ਨਸ਼ੇ ਅਤੇ ਗੈਂਗਸਟਰਾਂ ਦੇ ਵਾਧੇ ਤੋਂ ਡਰਦੇ ਅਤੇ ਵਧੀਆ ਜੀਵਨ ਜੀਉਣ ਦੇ ਸੁਪਨੇ ਲੈਂਦੇ ਪੰਜਾਬੀ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਪੰਜਾਬ ਵਿੱਚ ਪਗੜੀ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਸੋਚਿਆ ਤਾਂ ਇਹ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਹੋਰ ਤਰੱਕੀ ਕਰੇਗਾ; ਜਿੱਥੇ ਖੇਤੀ, ਫ਼ੌਜ, ਟਰਾਂਸਪੋਰਟ ਵਿੱਚ ਇਨ੍ਹਾਂ ਦੀ ਸਰਦਾਰੀ ਹੈ ਉੱਥੇ ਸਨਅਤ ਅਤੇ ਅਫਸਰਸ਼ਾਹੀ ਵਿੱਚ ਵੀ ਇਨ੍ਹਾਂ ਦਾ ਕਬਜ਼ਾ ਹੋਵੇਗਾ। ਪਰ ਹੋਇਆ ਇਸਦੇ ਉਲਟ ਹੈ। ਸਾਡੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈ। ਅਫਸਰੀਆਂ ਵੱਲੋਂ ਮੁੰਡਿਆਂ ਨੇ ਮੂੰਹ ਮੋੜ ਲਿਆ ਹੈ। ਹੁਣ ਕਿਸੇ ਵੀ ਦਫਤਰ ਵਿੱਚ ਚਲੇ ਜਾਵੋ, ਕੋਈ ਵਿਰਲਾ ਹੀ ਪਗੜੀ ਵਾਲਾ ਨਜ਼ਰ ਆਉਂਦਾ ਹੈ। ਜਿਸ ਸੂਬੇ ਲਈ ਅਸੀਂ ਆਪਣੇ ਲਗਭਗ ਅੱਧੇ ਹਿੱਸੇ ਦੀ ਕੁਰਬਾਨੀ ਦਿੱਤੀ, ਆਪਣੀ ਰਾਜਧਾਨੀ ਅਤੇ ਭਾਖੜੇ ਤੋਂ ਕਬਜ਼ਾ ਹਟਾਇਆ, ਪਾਣੀ ਗੁਆਇਆ; ਉਹ ਸੂਬਾ ਹੁਣ ਨਿਵਾਣ ਵਲ ਚਲਾ ਗਿਆ ਹੈ। ਇਸ ਭੈੜੀ ਸਥਿਤੀ ਲਈ ਕੇਵਲ ਸਾਡੇ ਰਾਜਸੀ ਆਗੂ ਹੀ ਨਹੀਂ, ਸਗੋਂ ਧਾਰਮਿਕ ਆਗੂ ਵੀ ਜ਼ਿੰਮੇਵਾਰ ਹਨ। ਆਪਣੇ ਘਰਾਂ ਨੂੰ ਭਰਨ ਅਤੇ ਰਾਤੋ ਰਾਤ ਅਮੀਰ ਬਣਨ ਲਈ ਇਨ੍ਹਾਂ ਕੇਵਲ ਆਪਣੇ ਬਾਰੇ ਹੀ ਸੋਚਿਆ। ਸਮਾਜਿਕ ਕਦਰਾਂ ਕੀਮਤਾਂ ਨੂੰ ਆਪ ਵੀ ਤੋੜਿਆ ਤੇ ਦੂਜਿਆਂ ਨੂੰ ਕੁਰਾਹੇ ਪਾਇਆ। ਲੋਕ ਬੈਚੇਨ ਹਨ। ਇਸੇ ਲਈ ਉਨ੍ਹਾਂ ਰਵਾਇਤੀ ਪਾਰਟੀਆਂ ਦੀ ਥਾਂ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਹੈ।
ਇਸ ਪਾਰਟੀ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਦਾ ਸੁਨਹਿਰੀ ਮੌਕਾ ਮਿਲਿਆ ਹੈ। ਪੰਜਾਬ ਦਿਵਸ ਮੌਕੇ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਬਾਰੇ ਵਿਚਾਰਿਆ ਜਾਵੇ। ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਸੋਚਿਆ ਜਾਵੇ ਅਤੇ ਸੰਜੀਦਗੀ ਨਾਲ ਉਸ ਉੱਤੇ ਅਮਲ ਕੀਤਾ ਜਾਵੇ। ਮੁੱਖ ਮੰਤਰੀ ਕੋਲ ਮੈਂਬਰਾਂ ਦੀ ਬਹੁਗਿਣਤੀ ਹੈ, ਇਸ ਕਰਕੇ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ,ਸਖ਼ਤ ਫ਼ੈਸਲੇ ਲਏ ਜਾਣ। ਲੋਕ ਨਾਰਾਜ ਨਹੀਂ ਹੋਣਗੇ, ਸਗੋਂ ਉਹ ਸ਼ਕਤੀ ਤਬਦੀਲੀ ਦੇ ਆਪਣੇ ਫ਼ੈਸਲੇ ਉੱਤੇ ਖੁਸ਼ ਹੋਣਗੇ। ਸੂਬੇ ਦੇ ਵਸੀਲਿਆਂ ਦੀ ਸਾਰਥਿਕ ਵਰਤੋਂ ਕਰਕੇ ਵਿੱਦਿਆ ਅਤੇ ਸਿਹਤ ਸਹੂਲਤਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ। ਫੋਕਲ ਪੁਆਇੰਟ ਸਕੀਮ ਨੂੰ ਮੁੜ ਚਲਾਇਆ ਜਾਵੇ। ਇਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਵਸੀਲਿਆਂ ਵਿੱਚ ਵਾਧਾ ਹੋਵੇਗਾ ਅਤੇ ਗਰੀਬੀ ਦੂਰ ਹੋਵੇਗੀ।
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੇ ਨਾਲੋ ਨਾਲ ਪਿੰਡ ਵਾਸੀਆਂ ਨੂੰ ਵੀ ਉਪਰਾਲੇ ਕਰਨ ਦੀ ਲੋੜ ਹੈ। ਕਿਰਤ ਦਾ ਸਤਿਕਾਰ ਵਧਾਇਆ ਜਾਵੇ। ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਪਣੇ ਪਿੱਛੇ ਲਗਾਉਣ ਦੀ ਥਾਂ ਉਨ੍ਹਾਂ ਨੂੰ ਵਿਕਾਸ ਦਾ ਰਾਹ ਵਿਖਾਇਆ ਜਾਵੇ। ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ਪੰਜਾਬ ਨੂੰ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਨਹੀਂ ਬਣਾ ਸਕਦੇ? ਵਿਦੇਸ਼ਾਂ ਵਿੱਚ ਪੰਜਾਬੀ ਵੱਡੀਆਂ ਮੱਲਾਂ ਮਾਰ ਰਹੇ ਹਨ। ਜੇਕਰ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਹੀ ਮੌਕਾ ਮਿਲੇ ਤਾਂ ਉਹ ਇਸ ਨੂੰ ਰੰਗਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4439)
(ਸਰੋਕਾਰ ਨਾਲ ਸੰਪਰਕ ਲਈ: (