“ਪਿੰਡਾਂ ਵਿੱਚ ਲਾਇਬਰੇਰੀ ਖੋਲ੍ਹਣ ਵਾਲਾ ਵੀ ਇਹ ਪੁਰਾਣਾ ਪਿੰਡ ਹੈ, ਜਿੱਥੇ 1954 ਵਿੱਚ ...”
(13 ਜੁਲਾਈ 2025)
ਦੇਸ਼ ਦਾ ਸਭ ਤੋਂ ਵਿਕਸਿਤ ਸੂਬਾ ਪੰਜਾਬ ਹੁਣ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ। ਹਰ ਪਾਸੇ ਨਿਰਾਸਤਾ ਦਾ ਮਾਹੌਲ ਹੈ। ਰਾਜਸੀ ਆਗੂਆਂ, ਜਿਨ੍ਹਾਂ ਨੂੰ ਸੂਬੇ ਦਾ ਫ਼ਿਕਰ ਹੋਣਾ ਚਾਹੀਦਾ ਸੀ, ਉਹ ਕੇਵਲ ਆਪਣੀ ਕੁਰਸੀ ਦੀ ਲੜਾਈ ਵਿੱਚ ਉਲਝੇ ਹੋਏ ਹਨ। ਉਨ੍ਹਾਂ ਦਾ ਮੁੱਖ ਕੰਮ ਇੱਕ ਦੂਜੇ ਉੱਤੇ ਚਿੱਕੜ ਸੁੱਟਣਾ ਹੀ ਹੈ। ਧਾਰਮਿਕ ਆਗੂ ਵੀ ਕੇਵਲ ਆਪਣੀ ਸਥਾਪਤੀ ਲਈ ਹੀ ਯਤਨ ਕਰ ਰਹੇ ਹਨ। ਸੂਬੇ ਵਿੱਚ ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਲੋਕ ਮਜਬੂਰ ਹੋ ਕੇ ਮਹਿੰਗੇ ਨਿੱਜੀ ਅਦਾਰਿਆਂ ਦੇ ਲੜ ਲੱਗ ਰਹੇ ਹਨ। ਕੇਂਦਰੀ ਸੇਵਾਵਾਂ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ। ਇੱਥੋਂ ਤਕ ਸੂਬੇ ਦੀਆਂ ਉੱਚ ਪਦਵੀਆਂ ਉੱਤੇ ਵੀ ਗ਼ੈਰ ਪੰਜਾਬੀ ਹੀ ਬੈਠੇ ਹਨ। ਨਸ਼ਿਆਂ ਨੂੰ ਕਿਸੇ ਵੀ ਸਰਕਾਰ ਤੋਂ ਠੱਲ੍ਹ ਨਹੀਂ ਪਾਈ ਜਾ ਸਕੀ। ਮੈਂ ਕਾਫ਼ੀ ਸਮੇਂ ਤੋਂ ਇਹ ਲਿਖਦਾ ਆ ਰਿਹਾ ਹਾਂ ਕਿ ਸਾਨੂੰ ਆਪਣੇ ਹੱਥੀਂ ਆਪਣੇ ਕਾਜ ਆਪ ਸਵਾਰਨੇ ਚਾਹੀਦੇ ਹਨ। ਪਿੰਡਾਂ ਦੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ, ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਅਤੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਪਿੰਡਾਂ ਵਿੱਚ ਵਿਖਾਵੇ ਉੱਤੇ ਕੀਤੇ ਜਾ ਰਹੇ ਖਰਚ ਨੂੰ ਵੀ ਠੱਲ੍ਹ ਪਾਈ ਜਾ ਸਕਦੀ ਹੈ। ਬੱਚਿਆਂ ਨੂੰ ਪਰੇਰ ਕੇ ਵਿੱਦਿਆ ਦੇ ਲੜ ਲਾਇਆ ਜਾ ਸਕਦਾ ਹੈ।
ਇਹ ਜਾਣ ਕੇ ਤਸੱਲੀ ਹੋ ਰਹੀ ਹੈ ਕਿ ਨਵੀਂਆਂ ਚੁਣੀਆਂ ਪੰਚਾਇਤਾਂ ਵੱਲੋਂ ਇਸ ਪਾਸੇ ਯਤਨ ਸ਼ੁਰੂ ਹੋ ਗਏ ਹਨ। ਨਸ਼ਿਆਂ ਵਿਰੁੱਧ ਮਤੇ ਪਾਸ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਲਈ ਵਿਸ਼ੇਸ਼ ਫੰਡ ਬਣਾਏ ਜਾ ਰਹੇ ਹਨ। ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਪਹਿਲ ਕਦਮੀਆਂ ਵਿੱਚ ਮੇਰਾ ਪਿੰਡ ਸੂਰਾਪੁਰ ਵੀ ਅੱਗੇ ਆਇਆ ਹੈ। ਇਹ ਪਿੰਡ ਸਦੀਆਂ ਪੁਰਾਣੀ ਨਵੇਕਲੀ ਢੰਗ ਦੀ ਆਪਣੀ ਛਿੰਝ ਲਈ ਮਸ਼ਹੂਰ ਸੀ। ਮੁੜ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਪਿੰਡ ਦਾ ਨਾਮ ਚਮਕਾਇਆ ਤੇ ਹੁਣ ਸੂਰਾਪੁਰ ਦੇ ਪਿਛੋਕੜ ਵਾਲੇ ਅਜੈਪਾਲ ਸਿੰਘ ਬੰਗਾ ਨੇ ਵਿਸ਼ਵ ਬੈਂਕ ਦੇ ਮੁਖੀ ਬਣ ਕੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਨਵੀਂ ਬਣੀ ਪੰਚਾਇਤ ਨੇ ਕੁਝ ਮਤੇ ਪਾਸ ਕਰਕੇ ਥਾਂ ਥਾਂ ਬੋਰਡ ਲਾਏ ਹਨ। ਇਨ੍ਹਾਂ ਵਿੱਚੋਂ ਕੁਝ ਮੁੱਖ ਮਤੇ ਇਸ ਪ੍ਰਕਾਰ ਹਨ:
1. ਪਿੰਡ ਵਿੱਚ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਅਗਰ ਪੁਲਿਸ ਵੱਲੋਂ ਫੜੇ ਜਾਂਦੇ ਹਨ ਤਾਂ ਪੰਚਾਇਤ ਦੋਸ਼ੀ ਦਾ ਸਾਥ ਨਹੀਂ ਦੇਵੇਗੀ। ਨਸ਼ੇ ਵੇਚਣ ਵਾਲੇ ਦਾ ਨਾਮ ਦੱਸਣ ਤੇ 2000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ ਤੇ ਨਾਮ ਗੁਪਤ ਰੱਖਿਆ ਜਾਵੇਗਾ।
2. ਪਿੰਡ ਵਿੱਚ ਟਰੈਕਟਰ, ਗੱਡੀ ’ਤੇ ਉੱਚੀ ਅਵਾਜ਼ ਵਿੱਚ ਗੀਤ ਵਜਾਉਣਾ, ਮੋਟਰ ਸਾਈਕਲ ਦੇ ਪਟਾਕੇ ਮਾਰਨ ਅਤੇ ਤੇਜ਼ ਸਪੀਡ ਨਾਲ ਲੰਘਣ ’ਤੇ ਸਖਤ ਪਾਬੰਦੀ ਹੈ।
3. ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਬਾਹਰਲਾ ਕੋਈ ਵੀ ਵਿਅਕਤੀ ਜਾਂ ਧਾਰਮਿਕ ਸੰਸਥਾ ਪਿੰਡ ਵਿੱਚ ਉਗਰਾਹੀ ਨਹੀਂ ਕਰ ਸਕਦੇ।
4. ਪਿੰਡ ਵਿੱਚ ਜਿੰਨੇ ਵੀ ਖੋਲ਼ੇ ਜਾਂ ਖਾਲੀ ਪਲਾਟ ਪਏ ਹਨ ਅਤੇ ਦੋਵੇਂ ਸਕੂਲਾਂ ਦੇ ਕੋਲ ਜਗ੍ਹਾ ਪਈਆਂ ਹਨ, ਉਨ੍ਹਾਂ ਵਿੱਚ ਕੂੜਾ ਸੁੱਟਣਾ ਸਖਤ ਮਨ੍ਹਾ ਹੈ।
5. ਗਰਾਊਂਡ ਦੇ ਵਿੱਚ ਦੋਵਾਂ ਸਕੂਲਾਂ ਕੋਲ, ਪਾਰਕ ਅਤੇ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਕੋਲ ਬੈਠ ਕੇ ਕਿਸੇ ਵੀ ਕਿਸਮ ਦਾ ਨਸ਼ਾ ਕਰਨਾ ਸਖਤ ਮਨ੍ਹਾ ਹੈ। ਜੇਕਰ ਕੋਈ ਵਿਅਕਤੀ ਫੜਿਆ ਜਾਂਦਾ ਹੈ ਤਾਂ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਣ ਸਾਡੇ ਪਿੰਡੋਂ ਬਹੁਤੇ ਪਰਿਵਾਰ ਵਿਦੇਸ਼ ਚਲੇ ਗਏ ਹਨ। ਜਿੱਥੇ ਉਹ ਗੁਰੂ ਘਰਾਂ ਨੂੰ ਖੁੱਲ੍ਹ ਕੇ ਦਾਨ ਦਿੰਦੇ ਹਨ, ਉੱਥੇ ਇੱਕ ਵਿੱਦਿਅਕ ਫੰਡ ਵੀ ਬਣਾਇਆ ਗਿਆ ਹੈ। ਜਦੋਂ ਅਸੀਂ ਪੜ੍ਹਦੇ ਸਾਂ ਤਾਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਲੋਕਾਂ ਨੇ ਆਪਣੀ ਹਿੰਮਤ ਨਾਲ ਪਹਿਲਾਂ ਕੁੜੀਆਂ ਲਈ ਸਕੂਲ ਬਣਾਇਆ, ਫਿਰ ਮੁੰਡਿਆਂ ਲਈ ਹਾਈ ਸਕੂਲ ਬਣਿਆ। ਹੁਣ ਇਹ ਦੋਵੇਂ ਸਰਕਾਰੀ ਸਕੂਲ ਹਨ। ਸਰਕਾਰੀ ਸਕੂਲਾਂ ਵਿੱਚ ਹੋਰ ਸਹੂਲਤਾਂ ਦੀ ਘਾਟ ਦੇ ਨਾਲੋ ਨਾਲ ਅਧਿਆਪਕਾਂ ਦੀ ਵੀ ਘਾਟ ਹੈ। ਇਸ ਫੰਡ ਵਿੱਚੋਂ ਸਕੂਲ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਲੋ ਨਾਲ ਲੋੜੀਂਦੇ ਅਧਿਆਪਕ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਪੜ੍ਹਾਈ ਠੀਕ ਢੰਗ ਨਾਲ ਹੋ ਸਕੇ।
ਪਿੰਡਾਂ ਵਿੱਚ ਲਾਇਬਰੇਰੀ ਖੋਲ੍ਹਣ ਵਾਲਾ ਵੀ ਇਹ ਪੁਰਾਣਾ ਪਿੰਡ ਹੈ, ਜਿੱਥੇ 1954 ਵਿੱਚ ਲਾਇਬਰੇਰੀ ਖੋਲ੍ਹੀ ਗਈ ਸੀ। ਮੈਨੂੰ ਕਿਤਾਬਾਂ ਪੜ੍ਹਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਚੇਟਕ ਇੱਥੋਂ ਹੀ ਲੱਗੀ ਸੀ। ਕੈਨੇਡਾ ਵਾਲੇ ਪਾਸੇ ਨਿਆਗਰਾ ਫਾਲ ਉੱਤੇ ਹਰ ਵਰ੍ਹੇ ਪੰਜਾਬੀ ਮੇਲਾ ਲਾਉਣ ਵਾਲੇ ਬਲਜਿੰਦਰ ਸਿੰਘ ਤੰਬੜ ਵੀ ਇਸੇ ਪਿੰਡ ਤੋਂ ਹੀ ਹਨ। ਪੰਚਾਇਤ ਦਾ ਪੰਚਾਇਤ ਘਰ ਅਤੇ ਆਪਣੀ ਮਾਰਕੀਟ ਹੈ। ਸਹਿਕਾਰੀ ਸਭਾ ਵੀ ਸਭ ਤੋਂ ਪੁਰਾਣੀ ਹੈ। ਵਿਦੇਸ਼ਾਂ ਵਿੱਚ ਗਏ ਪਰਿਵਾਰ ਪਿੰਡ ਵਿੱਚ ਡਾਕਟਰੀ ਕੈਂਪ ਲਗਾਉਂਦੇ ਹਨ ਅਤੇ ਕਬੱਡੀ ਕੱਪ ਵੀ ਕਰਵਾਉਂਦੇ ਹਨ। ਦਸਵੀਂ ਪਾਸ ਕਰਕੇ ਕਿਸੇ ਤਕਨੀਕੀ ਕਾਲਿਜ ਵਿੱਚ ਦਾਖਲ ਹੋਣ ਦਾ ਮਾਣ ਮੈਨੂੰ ਵੀ ਪ੍ਰਾਪਤ ਹੋਇਆ ਹੈ। ਮੈਂ 1957 ਵਿੱਚ ਸਰਕਾਰੀ ਖੇਤੀ ਕਾਲਿਜ ਲੁਧਿਆਣਾ ਵਿਖੇ ਦਾਖਲਾ ਲਿਆ ਸੀ। ਇਹ ਪਿੰਡ ਨਵਾਂ ਸ਼ਹਿਰ ਦਾ ਆਖਰੀ ਪਿੰਡ ਹੈ।
ਖੇਤੀ ਵਿੱਚ ਨਵੇਂ ਢੰਗ ਤਰੀਕੇ ਅਪਨਾਉਣ ਵਾਲਿਆਂ ਵਿੱਚ ਵੀ ਇਹ ਪਿੰਡ ਮੋਹਰੀ ਹੋ ਗਿਆ ਹੈ। ਆਲੂਆਂ ਦੀ ਕਾਸ਼ਤ ਲਈ ਪ੍ਰਸਿੱਧ ਸਾਡੇ ਪਿੰਡ ਦੀ ਉਪਜ ਵਿਉਪਾਰੀ ਖੇਤਾਂ ਵਿੱਚੋਂ ਹੀ ਖਰੀਦ ਲੈਂਦੇ ਹਨ। ਇਸ ਵਰ੍ਹੇ ਤਾਂ ਚੰਗਾ ਭਾ ਹੋਣ ਕਰਕੇ ਵਾਰੇ-ਨਿਆਰੇ ਹੋ ਗਏ ਹਨ। ਇਸ ਵਾਰ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਬਸੰਤ ਰੁੱਤੀ ਮੱਕੀ ਤੋਂ 40 ਕੁਇੰਟਲ ਤੋਂ ਵੀ ਵੱਧ ਝਾੜ ਪ੍ਰਾਪਤ ਕਰਨ ਵਾਲੇ ਇਹ ਕਿਸਾਨ ਹਮੇਸ਼ਾ ਖੇਤੀ ਵਿਗਿਆਨੀਆਂ ਤੋਂ ਵੀ ਅੱਗੇ ਸੋਚਦੇ ਹਨ। ਸਾਡੇ ਪਿੰਡਾਂ ਵਿੱਚ ਆਈ ਇਹ ਜਾਗ੍ਰਤੀ ਸ਼ੁਭ ਸ਼ਗਨ ਹੈ।
ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਪਿੰਡ ਵਾਸੀ ਹੀ ਕਰ ਸਕਦੇ ਹਨ। ਹਰੇਕ ਪਿੰਡ ਨੂੰ ਬਾਹਰ ਗਏ ਹੋਏ ਟੱਬਰਾਂ ਦੀ ਸਹਾਇਤਾ ਨਾਲ ਵਿੱਦਿਆ ਫੰਡ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਪਿੰਡ ਦੇ ਸਕੂਲ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਬੱਚਿਆਂ ਲਈ ਪੜ੍ਹਾਈ ਦੇ ਨਾਲੋ ਨਾਲ ਤਕਨੀਕੀ ਸਿਖਲਾਈ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਕੰਪਿਊਟਰ ਸਿਖਲਾਈ ਤਾਂ ਹਰੇਕ ਬੱਚੇ ਲਈ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਸਰਕਾਰਾਂ ਜਾਂ ਲੀਡਰਾਂ ਵੱਲ ਝਾਕਣ ਦੀ ਥਾਂ ਆਪਣੇ ਆਪ ਪਿੰਡਾਂ ਦਾ ਨਕਸ਼ਾ ਬਦਲੀਏ। ਇੱਕ ਸੁਧਾਰ ਲਹਿਰ ਸ਼ੁਰੂ ਕੀਤੇ ਜਾਵੇ। ਪਿੰਡਾਂ ਵਿੱਚੋਂ ਕੇਵਲ ਕੁਰੀਤੀਆਂ ਹੀ ਸਮਾਪਤ ਨਾ ਹੋਣ ਸਗੋਂ ਪਿੰਡਾਂ ਦੇ ਬੱਚੇ ਪੜ੍ਹ ਲਿਖ ਵਧੀਆ ਨੌਕਰੀਆਂ ਪ੍ਰਾਪਤ ਕਰਨ ਅਤੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (