“ਇਸ ਵਿੱਚ ਕੋਈ ਧਾਰਮਿਕ ਕਰਮਕਾਂਡ ਨਹੀਂ ਦੱਸੇ ਗਏ, ਸਗੋਂ ਵਿਖਾਵੇ ਦੇ ਬੰਧਨਾਂ ਤੋਂ ...”
(9 ਜੁਲਾਈ 2027)
ਇਸ ਸਮੇਂ ਸੰਸਾਰ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਇਸ ਸਦੀ ਨੂੰ ਗਿਆਨ ਅਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਦੂਜੇ ਪਾਸੇ ਸੰਸਾਰ ਦੀ ਅੱਧੀ ਤੋਂ ਵਧ ਵਸੋਂ ਦੀ ਪਹੁੰਚ ਤੋਂ ਗਿਆਨ ਅਤੇ ਸੂਚਨਾ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਭਾਵ ਰੋਟੀ, ਕੱਪੜਾ ਅਤੇ ਮਕਾਨ ਨੂੰ ਤਰਸ ਰਹੇ ਹਨ। ਵਿੱਦਿਆ ਪ੍ਰਾਪਤੀ ਬਾਰੇ ਤਾਂ ਇਹ ਸੋਚ ਵੀ ਨਹੀਂ ਸਕਦੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਇਨ੍ਹਾਂ ਨੂੰ ਝੱਲਣੀ ਪੈਂਦੀ ਹੈ ਕਿਉਂਕਿ ਸਿਹਤ ਸਹੂਲਤਾਂ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਸਕਤੇ ਦਾ ਸੱਤੀਂ ਵੀਹੀਂ ਸੌ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਤਾਕਤਵਰ ਆਪਣੀ ਤਾਕਤ ਦੇ ਜ਼ੋਰ ਉੱਤੇ ਸੰਸਾਰ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ, ਉੱਥੇ ਧਾਰਮਿਕ ਕੱਟੜਵਾਦੀ ਸਾਰੇ ਸੰਸਾਰ ਵਿੱਚ ਧਰਮ ਦੇ ਨਾਮ ਉੱਤੇ ਅਤੰਕਵਾਦ ਫੈਲਾ ਰਹੇ ਹਨ, ਹਰ ਪਾਸੇ ਉਪਰਾਮਤਾ, ਬੇਚੈਨੀ ਅਤੇ ਮੌਤ ਬਿਖੇਰ ਰਹੇ ਹਨ। ਗਰੀਬ ਲੋਕ ਥੁੜਾਂ ਭਰਿਆ ਜੀਵਨ ਜੀ ਰਹੇ ਹਨ ਪਰ ਅਮੀਰ ਲੋਕ ਬਹੁਤਾਤ ਦੀ ਹਵਸ ਵਿੱਚ ਝੁਲਸ ਰਹੇ ਹਨ। ਇੰਝ ਚੈਨ ਕਿਸੇ ਨੂੰ ਵੀ ਨਹੀਂ ਹੈ।
ਕੁਦਰਤ ਨੇ ਇਸ ਧਰਤੀ ਨੂੰ ਇੰਨਾ ਮਾਲਾਮਾਲ ਕੀਤਾ ਹੈ ਕਿ ਜੇਕਰ ਕਾਣੀ ਵੰਡ ਨੂੰ ਰੋਕ ਕੇ ਵੰਡ ਕੇ ਛਕਿਆ ਜਾਵੇ ਤਾਂ ਇਸ ਸੰਸਾਰ ਵਿੱਚੋਂ ਭੁੱਖ-ਨੰਗ ਅਤੇ ਗਰੀਬੀ ਨੂੰ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ। ਵਿਗਿਆਨ ਵਿੱਚ ਹੋਏ ਇਨਕਲਾਬੀ ਵਿਕਾਸ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਹਉਮੈਂ, ਈਰਖਾ ਅਤੇ ਹਵਸ ਦੀ ਜਕੜ ਵਿੱਚ ਜਕੜਿਆ ਹੋਇਆ ਹੈ। ਇਸੇ ਹਵਸ ਦਾ ਇਹ ਨਤੀਜਾ ਹੈ ਕਿ ਸੰਸਾਰ ਵਿਚਲੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਧਰਤੀ ਤਬਾਹੀ ਵਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਸਮੇਂ ਸੰਸਾਰ ਨੂੰ ਇੱਕ ਅਜਿਹੀ ਸੇਧ ਦੀ ਲੋੜ ਹੈ ਜਿਸ ਸਦਕਾ ਸੰਸਾਰ ਨੂੰ ਤਬਾਹੀ ਦੇ ਰਸਤੇ ਤੋਂ ਮੋੜਿਆ ਜਾ ਸਕੇ। ਇੱਕ ਅਜਿਹੀ ਜੀਵਨ ਜਾਚ ਦੀ ਲੋੜ ਹੈ ਤਾਂ ਜੋ ਸੰਸਾਰ ਵਿੱਚੋਂ ਨਫਰਤ ਅਤੇ ਈਰਖਾ ਦੂਰ ਹੋ ਸਕੇ। ਇੱਕ ਅਜਿਹੇ ਫਲਸਫੇ ਦੀ ਲੋੜ ਹੈ ਜਿਸ ਰਾਹੀਂ ਹਉਮੈਂ ਅਤੇ ਲਾਲਸਾ ਦੀ ਥਾਂ ਆਪਸੀ ਪਿਆਰ, ਹਮਦਰਦੀ ਅਤੇ ਮਿਲਵਰਤਣ ਵਿੱਚ ਵਾਧਾ ਹੋਵੇ। ਇਨ੍ਹਾਂ ਸਭਨਾਂ ਦਾ ਉੱਤਰ ਉਸ ਪਵਿੱਤਰ ਅਤੇ ਅਨੋਖੇ ਗ੍ਰੰਥ ਵਿੱਚ ਹੈ, ਜਿਸਦੀ ਸੰਪਾਦਨਾ ਕੋਈ ਚਾਰ ਸਦੀਆਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਫਿਰਕੇ, ਮਜ਼ਹਬ ਜਾਂ ਪ੍ਰਾਂਤ ਲਈ ਨਹੀਂ ਹੈ। ਇਸਦਾ ਸੰਦੇਸ਼ ਤਾਂ ਸਾਰੀ ਲੋਕਾਈ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਊਚ ਨੀਚ ਅਤੇ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਸਾਰੇ ਵਰਗਾਂ ਦੇ ਭਗਤਾਂ ਅਤੇ ਸੰਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਸ ਮਹਾਨ ਗ੍ਰੰਥ ਵਿੱਚ ਸਾਰੀ ਲੋਕਾਈ ਲਈ ਅਜਿਹੀ ਜੀਵਨ ਜਾਚ ਦੀ ਬਖਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਅਪਨਣਾਇਆਂ ਇਸ ਸੰਸਾਰ ਵਿੱਚੋਂ ਨਫਰਤ, ਊਚ-ਨੀਚ, ਲੜਾਈ, ਝਗੜੇ ਅਤੇ ਗਰੀਬੀ ਖਤਮ ਹੋ ਸਕਦੇ ਹਨ। ਇਸ ਸੰਸਾਰ ਨੂੰ ਸਵਰਗ ਰੂਪ ਪ੍ਰਾਪਤ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਨ ਆਤਮਾਵਾਂ ਨੇ ਉਦੋਂ ਕੀਤੀ, ਜਦੋਂ ਉਹ ਕਾਦਰ ਨਾਲ ਇਕਮਿਕ ਹੁੰਦੇ ਸਨ ਤੇ ਉਸੇ ਦੇ ਆਦੇਸ਼ਾਂ ਨੂੰ ਉਨ੍ਹਾਂ ਨੇ ਮਾਨਵਤਾ ਤੀਕ ਪਹੁੰਚਾਇਆ। ਗੁਰੂ ਗ੍ਰੰਥ ਜੀ ਅੰਦਰ ਦਰਜ ਬਾਣੀ ਚੌਹਾਂ ਵਰਣਾਂ ਦੀ ਰਚਨਾ ਹੈ, ਧਰਮ ਅਤੇ ਜਾਤ ਪਾਤ ਦੇ ਭੇਦ ਭਾਵ ਤੋਂ ਨਿਰਮਲ ਹੈ।
ਜੇਕਰ ਇਸ ਵਿੱਚ ਭਗਤ ਜੈ ਦੇਵ ਬ੍ਰਾਹਮਣ ਦੀ ਬਾਣੀ ਹੈ ਤਾਂ ਸ਼ੂਦਰ ਸਮਝੇ ਜਾਂਦੇ ਭਗਤ ਰਵਿਦਾਸ ਦੀ ਬਾਣੀ ਵੀ ਇਸੇ ਵਿੱਚ ਅੰਕਿਤ ਹੈ। ਜਦੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਹ ਜਾਤ-ਪਾਤ ਅਤੇ ਊਚ-ਨੀਚ ਨੂੰ ਭੁੱਲ ਸਾਰੀ ਮਾਨਵਤਾ ਅੱਗੇ ਸੀਸ ਝੁਕਾਉਂਦਾ ਹੈ। ਇਸ ਵਿੱਚ ਕਿਸੇ ਸਥਾਨ ਜਾਂ ਪ੍ਰਾਂਤ ਨੂੰ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਗਈ, ਸਗੋਂ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਗਈ ਹੈ। ਇਸ ਵਿੱਚ ਮਹਾਰਾਸ਼ਟਰ ਦੇ ਸੰਤ ਨਾਮਦੇਵ ਦੀ ਬਾਣੀ ਵੀ ਹੈ ਤੇ ਦੇਸ਼ ਦੇ ਦੂਜੇ ਪਾਸੇ ਬੰਗਾਲ ਦੇ ਭਗਤ ਜੈ ਦੇਵ ਦੀ ਰਚਨਾ ਵੀ ਸ਼ਾਮਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਇੱਕ ਸਮੇਂ ਰਚੀ ਗਈ ਰਚਨਾ ਨਹੀਂ ਹੈ, ਸਗੋਂ ਕਾਲ ਦੀਆਂ ਹੱਦਾਂ ਬੰਨੇ ਟੱਪ 12ਵੀਂ ਤੋਂ ਲੈ ਕੇ 17ਵੀਂ ਸਦੀ ਵਿਚਕਾਰ ਹੋਏ ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਬਾਣੀ ਇਸ ਵਿੱਚ ਦਰਜ ਹੈ। ਇੰਝ ਇਹ ਸਦੀਵੀ ਅਤੇ ਜੁਗੋ ਜੁਗ ਅਟਲ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਜਿਵੇਂ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਉਸ ਨੂੰ ਸਾਰੀ ਲੋਕਾਈ ਦਾ ਮੰਦਰ ਬਣਾਇਆ ਸੀ, ਇਸੇ ਤਰ੍ਹਾਂ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਦਰਜ ਨਹੀਂ ਕੀਤੀ, ਸਗੋਂ ਇਸ ਵਿੱਚ ਛੇ ਗੁਰੂਆਂ, 15 ਭਗਤਾਂ, ਚਾਰ ਗੁਰ ਸਿੱਖਾਂ ਅਤੇ 11 ਭੱਟਾਂ ਦੀ ਬਾਣੀ ਦਰਜ ਕਰਕੇ ਇਸ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾਇਆ। ਇਸ ਵਿੱਚ ਕੋਈ ਧਾਰਮਿਕ ਕਰਮਕਾਂਡ ਨਹੀਂ ਦੱਸੇ ਗਏ, ਸਗੋਂ ਵਿਖਾਵੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਸੱਚਾ ਅਤੇ ਸੁੱਚਾ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਤਿਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਹੈ। ਗੁਰੂ ਜੀ ਤੋਂ ਸਾਂਝੀਵਾਲਤਾ, ਆਪਸੀ ਪ੍ਰੇਮ, ਸਮਾਜਿਕ ਬਰਾਬਰੀ, ਸੁੱਚੀ ਕਿਰਤ, ਸੱਚ ਅਤੇ ਸ਼ਾਂਤੀ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਨ ਨੂੰ ਜਿੱਤ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉੱਤੇ ਕਾਬੂ ਪਾਉਣ ਦੀ ਵਿਧੀ ਵੀ ਗੁਰੂ ਜੀ ਵੱਲੋਂ ਦੱਸੀ ਗਈ ਹੈ।
ਗੁਰੂ ਸਾਹਿਬ ਅਖੀਰ ਵਿੱਚ ਸਾਨੂੰ ਮੁੜ ਦ੍ਰਿੜ੍ਹ ਕਰਵਾਉਂਦੇ ਹਨ ਕਿ ਸਫਲ ਸੁਖਾਵਾਂ ਜੀਵਨ ਜਿਊਣ ਲਈ ਉਨ੍ਹਾਂ ਵੱਲੋਂ ਬਖਸ਼ਿਸ਼ ਕੀਤੀ ਸਿੱਖਿਆ ਨੂੰ ਅਪਣਾਈਏ ਅਤੇ ਦੂਜਿਆਂ ਲਈ ਤੁਹਾਡਾ ਜੀਵਨ ਪ੍ਰੇਰਨਾ ਸਰੋਤ ਬਣੇ।
ਮੁੰਦਾਵਣੀ ਮਹਲਾ 5
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁਚੈ ਤਿਸ ਕਾ ਹੋਇ ਉਧਾਰੋ॥
ਇਹ ਵਸਤੁ ਤਜੀ ਨਹ ਜਾਈ ਨਿੱਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥
ਆਪਣੀ ਸੋਚ ਅਤੇ ਸ਼ਕਤੀ ਗੁਰੂ ਸਾਹਿਬ ਦੀ ਸੁਰੱਖਿਆ ਬਾਰੇ ਸੋਚਣ ਲਈ ਬਰਬਾਦ ਨਾ ਕਰੀਏ ਸਗੋਂ ਗੁਰੂ ਜੀ ਦੇ ਹੁਕਮਾਂ ਨੂੰ ਅਪਾਈਏ। ਗੁਰੂ ਜੀ ਅੱਗੇ ਤਾਂ ਕਰੋੜਾਂ ਪ੍ਰਾਣੀ ਆਪਣੀ ਸੁਰੱਖਿਆ ਲਈ ਅਰਜੋਈਆਂ ਕਰਦੇ ਹਨ। ਕੋਈ ਵੀ ਇਨਸਾਨ ਅਜਿਹਾ ਕੁਕਰਮ ਕਰਨ ਬਾਰੇ ਸੋਚ ਹੀ ਨਹੀਂ ਸਕਦਾ। ਇਹ ਕਾਰਜ ਤਾਂ ਸ਼ੈਤਾਨ ਆਪਣੇ ਨਿੱਜੀ ਸਵਾਰਥ ਲਈ ਕਰਵਾਉਂਦੇ ਹਨ। ਸਰਕਾਰੀ ਅਦਾਲਤਾਂ ਨੇ 15 ਸਾਲ ਹੋ ਗਏ ਕੋਈ ਫੈਸਲਾ ਨਹੀਂ ਕੀਤਾ ਪਰ ਕੁਦਰਤ ਨੇ ਅਜਿਹੀ ਸਜ਼ਾ ਦਿੱਤੀ ਜਿਹੋ ਜਿਹੀ ਕੋਈ ਵੀ ਦੁਨਿਆਵੀ ਅਦਾਲਤ ਨਹੀਂ ਦੇ ਸਕਦੀ। ਆਪਣੇ ਆਪ ਨੂੰ ਬੇਤਾਜ ਬਾਦਸ਼ਾਹ ਆਖਣ ਵਾਲਾ ਇੱਕ ਜੇਲ੍ਹ ਵਿੱਚ ਬੈਠਾ ਹੈ ਤੇ ਦੂਜਾ ਘਰ ਬੈਠਾ ਹੈ। ਇਸ ਕਰਕੇ ਸੰਗਤਾਂ ਨੂੰ ਐਵੇਂ ਨਾ ਉਲਝਾਈਏ ਸਗੋਂ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਕ ਬਣੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































