RanjitSinghDr7“ਆਵੋ ਇਸ ਵਾਰ ਆਪਣੀ ਵੋਟ ਉਮੀਦਵਾਰ ਦੇ ਕਿਰਦਾਰ ਨੂੰ ਦੇਖ ਪਾਈਏ ਅਤੇ ...”BhagwantMannDrunkC
(31 ਅਕਤੂਬਰ 2026)


BhagwantMannDrunkCਪੰਜਾਬੀ ਸੂਬੇ ਨੂੰ ਹੋਂਦ ਵਿੱਚ ਆਇਆਂ ਛੇ ਦਹਾਕੇ ਹੋ ਗਏ ਹਨ। ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਪੰਜਾਬ ਦੇਸ਼ ਦਾ ਵਿਕਾਸ ਪੱਖੋਂ ਪਹਿਲੇ ਨੰਬਰ ਦਾ ਸੂਬਾ ਸੀ। ਬਹੁਤ ਕੁਝ ਲੁਟਾ ਕੇ ਅਤੇ ਕਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਛੋਟੇ ਜਿਹੇ ਸੂਬੇ ਨੂੰ ਹੋਰ ਵੀ ਵਧੀਆ ਅਤੇ ਖੁਸ਼ਹਾਲ ਬਣਾਉਣ ਦੀ ਸਾਰੇ ਪੰਜਾਬੀਆਂ ਨੂੰ ਉਮੀਦ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਵਿਕਾਸ ਦੀ ਥਾਂ ਇਹ ਨਿਵਾਣ ਵਲ ਚਲਾ ਗਿਆ ਹੈ। ਅੱਜ ਪੰਜਾਬੀ ਸੂਬਾ ਦਿਵਸ ਸਮੇਂ ਸਾਡੇ ਆਗੂਆਂ ਅਤੇ ਵੋਟਰਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਚੋਣਾਂ ਸਿਰ ਉੱਤੇ ਹਨ, ਪੰਜਾਬ ਦੇ ਭਲੇ ਲਈ ਸਾਫ ਸੁਥਰੇ ਅਕਸ ਵਾਲੇ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਉਮੀਦਵਾਰਾਂ ਨੂੰ ਚੁਣ ਕੇ ਹੀ ਪੰਜਾਬ ਹੋਰ ਨਿਘਾਰ ਵਲ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਇਸ ਸਮੇਂ ਪੰਜਾਬ ਦੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈ। ਕਦੇ ਗੁਰਦਾਸਪੁਰ ਤੋਂ ਲੈ ਕੇ ਰਾਜਪੁਰੇ ਤਕ ਸੜਕ ਕੰਢੇ ਛੋਟੇ ਅਤੇ ਦਰਮਿਆਨੇ ਕਾਰਖਾਨੇ ਨਜ਼ਰ ਆਉਂਦੇ ਸਨ, ਹੁਣ ਬਹੁਤਿਆਂ ਨੂੰ ਤਾਲੇ ਲੱਗ ਗਏ ਹਨ। ਬਹੁਤੀ ਸਨਅਤ ਲੁਧਿਆਣੇ ਹੀ ਇਕੱਠੀ ਹੋ ਗਈ ਹੈ, ਜਿਸਨੇ ਇੱਥੋਂ ਦੇ ਸੌ ਤੋਂ ਵੱਧ ਪਿੰਡ ਖਾ ਲਏ ਹਨ। ਇਹ ਪਿੰਡ ਵਾਸੀ ਦੂਰ ਦੁਰਾਡੇ ਚਲੇ ਗਏ ਹਨ। ਖਾਲੀ ਘਰਾਂ ਵਿੱਚ ਹੁਣ ਦੂਜੇ ਸੂਬਿਆਂ ਤੋਂ ਆਏ ਕਾਮੇ ਰਹਿੰਦੇ ਹਨ ਤੇ ਉਹ ਹੀ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਖੇਤੀ ਵਿੱਚ ਵੀ ਪਿਛਲੇ ਚਾਰ ਦਹਾਕਿਆਂ ਤੋਂ ਖੜੋਤ ਆ ਗਈ ਹੈ। ਕਣਕ ਝੋਨਾ ਹੀ ਮੁੱਖ ਫਸਲ ਚੱਕਰ ਹੈ, ਇਸਦਾ ਝਾੜ ਵੀ ਲਗਭਗ ਇੱਕ ਥਾਂ ਟਿਕਿਆ ਹੋਇਆ ਹੈ। ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਉਸੇ ਅਨੁਪਾਤ ਨਾਲ ਜਿਣਸਾਂ ਦੇ ਮੁੱਲ ਵਿੱਚ ਵਾਧਾ ਨਹੀਂ ਹੋਇਆ ਹੈ। ਇਸੇ ਕਰਕੇ ਕਿਸਾਨ ਦੀ ਆਮਦਨ ਘਟੀ ਹੈ ਅਤੇ ਕੁਦਰਤੀ ਮਾਰ ਵੀ ਪੈ ਰਹੀ ਹੈ। ਬਹੁਤੇ ਕਿਸਾਨ ਹੁਣ ਕਰਜ਼ਾਈ ਹਨ।

ਪੰਜਾਬ ਦੀ ਖੁਸ਼ਹਾਲੀ ਦੇਖ ਵਿੱਦਿਆ ਦੇ ਵਿਉਪਾਰੀਆਂ ਇੱਥੇ ਸ਼ਾਨਦਾਰ ਸਕੂਲ ਬਣਾਏ, ਅੰਗਰੇਜ਼ੀ ਪੜ੍ਹਾਉਣ ਦੇ ਸਬਜ਼ਬਾਗ ਵਿਖਾਏ। ਹਰੇਕ ਪੰਜਾਬੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਵੇ। ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਉੱਤੇ ਪਾਬੰਦੀ ਹੈ। ਇੰਝ ਬੱਚੇ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਵਿੱਚ ਆਪਣੀ ਮਿੱਟੀ ਦਾ ਮੋਹ ਖਤਮ ਹੋ ਰਿਹਾ ਹੈ। ਸਰਕਾਰ ਦਾ ਧਿਆਨ ਆਪਣੇ ਆਪ ਹੀ ਸਰਕਾਰੀ ਸਕੂਲਾਂ ਤੋਂ ਦੂਰ ਹੋਣਾ ਹੀ ਸੀ। ਹੁਣ ਬਹੁਤੇ ਸਰਕਾਰੀ ਸਕੂਲਾਂ ਵਿੱਚ ਦੂਜੇ ਸੂਬਿਆਂ ਤੋਂ ਆਏ ਬੱਚੇ ਪੜ੍ਹਦੇ ਹਨ। ਪੰਜਾਬੀ ਵਿੱਚ ਪੜ੍ਹਾਈ ਉਹ ਹੀ ਕਰਦੇ ਹਨ ਅਤੇ ਪੰਜਾਬੀ ਬੋਲਦੇ ਹਨ। ਇੰਝ ਬਹੁਤੀਆਂ ਛੋਟੀਆਂ ਨੌਕਰੀਆਂ ਉਹ ਹੀ ਕਰਦੇ ਹਨ। ਅੰਗਰੇਜ਼ੀ ਸਕੂਲਾਂ ਵਿੱਚ ਜਾਣ ਨਾਲ ਬੱਚੇ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਏ ਹਨ ਜਿਸ ਕਰਕੇ ਉਹ ਕਿਰਤ ਤੋਂ ਦੂਰ ਹੋ ਰਹੇ ਹਨ। ਬੱਚੇ ਤਾਂ ਕੀ, ਮਾਪੇ ਵੀ ਕਿਰਤ ਤੋਂ ਦੂਰ ਹੋ ਰਹੇ ਹਨ। ਬਹੁਤੇ ਘਰਾਂ ਦੇ ਕੰਮ ਵੀ ਦੂਜੇ ਸੂਬਿਆਂ ਤੋਂ ਆਈਆਂ ਔਰਤਾਂ ਹੀ ਕਰਦੀਆਂ ਹਨ। ਉਂਝ ਵੀ ਪਿਛਲੇ ਛੇ ਮਹੀਨਿਆਂ ਤੋਂ ਅਧਿਆਪਕ ਦੂਜੀਆਂ ਡਿਊਟੀਆਂ ਕਰ ਰਹੇ ਹਨ।

ਸਾਡੇ ਵਿਦਿਆਕ ਅਦਾਰਿਆਂ ਵਿੱਚ ਬੱਚਿਆਂ ਨੂੰ ਹੁਨਰੀ ਬਣਾਉਣ ਵਲ ਧਿਆਨ ਨਹੀਂ ਦਿੱਤਾ ਗਿਆ। ਜਿਹੜੇ ਹੁਨਰੀ ਕੇਂਦਰ ਖੋਲ੍ਹੇ ਗਏ ਸਨ ਉਨ੍ਹਾਂ ਵਲ ਵੀ ਧਿਆਨ ਨਹੀਂ ਦਿੱਤਾ ਗਿਆ। ਬੱਚਿਆਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਚੇਟਕ ਨਹੀਂ ਲਾਈ ਜਾਂਦੀ। ਵਿਰਲੇ ਟਾਵੇਂ ਹੀ ਕੇਂਦਰ ਹਨ ਜਿੱਥੇ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੋਵੇ। ਪੰਜਾਬ ਵਿੱਚ ਇਸ ਸਮੇਂ ਹੁਨਰੀ ਕਾਮਿਆਂ ਵਿੱਚ ਬਹੁਗਿਣਤੀ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਦੀ ਹੈ। ਪੰਜਾਬੀ ਤਾਂ ਕੇਵਲ ਮੋਟਰ ਮਕੈਨਿਕ ਹੀ ਨਜ਼ਰ ਆਉਂਦੇ ਹਨ।

ਸਿਹਤ ਸਹੂਲਤਾਂ ਦਾ ਵੀ ਇਹੋ ਹਾਲ ਹੈ। ਨਿੱਜੀ ਹਸਪਤਾਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਖੜੋਤ ਹੈ। ਇੱਥੇ ਭੀੜ, ਗੰਦਗੀ, ਲਾਪਰਵਾਹੀ ਹੀ ਨਜ਼ਰ ਆਉਂਦੀ ਹੈ। ਨਿੱਜੀ ਹਸਪਤਾਲਾਂ ਵਿੱਚ ਇੰਨਾ ਮਹਿੰਗਾ ਇਲਾਜ ਹੈ ਕਿ ਆਮ ਆਦਮੀ ਦਾ ਦਿਵਾਲੀਆਂ ਨਿਕਲ ਜਾਂਦਾ ਹੈ। ਇਹੋ ਹੀ ਹਾਲ ਸਰਕਾਰੀ ਦਫਤਰਾਂ ਦਾ ਹੈ। ਰਿਸ਼ਵਤ ਦਾ ਹਰ ਪਾਸੇ ਬੋਲਬਾਲਾ ਹੈ, ਨਸ਼ਿਆਂ ਦੀ ਵਰਤੋਂ ਵਧ ਰਹੀ ਹੈ ਅਤੇ ਮਿਲਾਵਟ ਦਾ ਜ਼ੋਰ ਹੈ। ਕਿਰਤ ਤੋਂ ਦੂਰੀ ਹੋ ਰਹੀ ਹੈ ਪਰ ਵਿਖਾਵੇ ਵਿੱਚ ਵਾਧਾ ਹੋ ਰਿਹਾ ਹੈ। ਧਾਰਮਿਕ ਸਥਾਨਾਂ ਅਤੇ ਪ੍ਰਚਾਰਕਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਤੇਜ਼ੀ ਨਾਲ ਧਰਮ ਲੋਕਾਈ ਤੋਂ ਦੂਰ ਹੋਇਆ ਹੈ। ਆਗੂ ਰਾਤੋ ਰਾਤ ਅਮੀਰ ਬਣ ਰਹੇ, ਪੈਰੋਕਾਰ ਵੀ ਅਜਿਹਾ ਹੀ ਲੋਚਦੇ ਹਨ। ਇੰਝ ਨੈਤਿਕ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ।

ਲੋਕਾਂ ਵਿੱਚ ਮਾਯੂਸੀ ਹੈ। ਇੱਥੋਂ ਦੀ ਜਵਾਨੀ ਨੂੰ ਸਿਆਸੀ ਆਗੂ ਆਪਣੇ ਪਿੱਛੇ ਲਾ ਕੇ ਭਟਕਾ ਰਹੇ ਹਨ। ਰੈਲੀਆਂ ਪਿੱਛੋਂ ਉਨ੍ਹਾਂ ਦੀ ਥਕਾਵਟ ਲਾਹੁਣ ਦੇ ਬਹਾਨੇ ਨਸ਼ਿਆਂ ਦੇ ਲੜ ਲਾ ਰਹੇ ਹਨ। ਗਰੀਬ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਉਹ ਮਜਬੂਰ ਹੋ ਕੇ ਖੁਦਕੁਸ਼ੀ ਦੇ ਰਾਹ ਵੀ ਪੈ ਜਾਂਦਾ ਹੈ।

ਆਵੋ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੇ ਪੰਜਾਬ ਵਲ ਵੇਖੀਏ। ਉਦੋਂ ਸੂਬਾ ਦੇਸ਼ ਦੇ ਪਹਿਲੇ ਸਥਾਨ ਉੱਤੇ ਸੀ। ਆਪਣੀ ਨਵੀਂ ਰਾਜਧਾਨੀ ਸੀ। ਭਾਖੜਾ ਯੋਜਨਾ ਨਾਲ ਬਿਜਲੀ ਅਤੇ ਪਾਣੀ ਦੀ ਕਮੀ ਦੂਰ ਹੋਈ ਸੀ। ਸਾਰੇ ਸੂਬੇ ਵਿੱਚ ਨਹਿਰਾਂ ਦਾ ਜਾਲ਼ ਵਿਛਾਇਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਖੇਤੀ ਦੇ ਨਾਲ ਸਨਅਤੀ ਵਿਕਾਸ ਹੋ ਰਿਹਾ ਸੀ। ਸ. ਪ੍ਰਤਾਪ ਸਿੰਘ ਕੈਰੋਂ ਨੇ ਮੁਰੱਬੇਬੰਦੀ ਕਰਵਾਈ। ਸਿੱਧੀਆਂ ਸੜਕਾਂ ਬਣੀਆਂ। ਸਕੂਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ। ਇਸੇ ਤਰ੍ਹਾਂ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣਾਈ ਗਈ। ਦੋਵੇਂ ਸੰਸਥਾਵਾਂ ਦੇਸ਼ ਵਿੱਚੋਂ ਮੋਹਰੀ ਬਣੀਆਂ। ਭਾਸ਼ਾ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ ਅਤੇ ਸੰਸਕ੍ਰਿਤ ਯੂਨੀਵਰਸਿਟੀ ਕੁਰੂਕਸ਼ੇਤਰ ਬਣਾਈ। ਹਿੰਦੀ ਬੋਲਦੇ ਇਲਾਕੇ ਵੀ ਪੰਜਾਬੀ ਬੋਲਦੇ ਬਣਾਉਣ ਲਈ ਫਰੀਦਾਬਾਦ ਸਨਅਤੀ ਕੇਂਦਰ ਬਣਾਇਆ ਅਤੇ ਪੰਜਾਬੀਆਂ ਨੂੰ ਉੱਥੇ ਵਸਾਇਆ। ਦਿੱਲੀ ਵਿੱਚ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਸੀ। ਦਸਵੀਂ ਵਿੱਚ ਪੰਜਾਬੀ ਅਤੇ ਹਿੰਦੀ ਦੀ ਪੜ੍ਹਾਈ ਲਾਜ਼ਮੀ ਕੀਤੀ ਇੰਝ ਸਾਰੇ ਪੰਜਾਬੀਆਂ ਨੂੰ ਪੰਜਾਬੀ ਦੇ ਲੜ ਲਾਇਆ। ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਏ ਬਹੁਤ ਸਾਰੇ ਪੰਜਾਬੀ ਦਿੱਲੀ ਅਤੇ ਹਰਿਆਣੇ ਵਿੱਚ ਵਸੇ। ਇੰਝ ਪੰਜਾਬੀ ਸਾਰੇ ਸੂਬੇ ਵਿੱਚ ਫੈਲੇ। ਇਹ ਪੰਜਾਬੀ ਬੋਲਦੇ ਅਤੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਸਨ। ਹੁਣ ਹਰਿਆਣਾ ਬਣਨ ਪਿੱਛੋਂ ਇਨ੍ਹਾਂ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਹੋਣਾ ਪਿਆ। ਹੁਣ ਉਹ ਹਿੰਦੀ ਹੀ ਬੋਲਦੇ ਹਨ। ਇੰਝ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ। ਇਹੋ ਹਾਲ ਦਿੱਲੀ ਵਿੱਚ ਹੋਇਆ।

ਬੇਰੁਜਾਗਰੀ, ਨਸ਼ੇ ਅਤੇ ਗੈਂਗਸਟਰਾਂ ਦੇ ਵਾਧੇ ਤੋਂ ਡਰਦੇ ਅਤੇ ਵਧੀਆ ਜੀਵਨ ਜਿਊਣ ਦੇ ਸੁਪਨੇ ਲੈਂਦੇ ਪੰਜਾਬੀ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਪੰਜਾਬ ਵਿੱਚ ਪਗੜੀ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਸੋਚਿਆ ਤਾਂ ਇਹ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਹੋਰ ਤਰੱਕੀ ਕਰੇਗਾ। ਜਿੱਥੇ ਖੇਤੀ, ਫ਼ੌਜ, ਟਰਾਂਸਪੋਰਟ ਵਿੱਚ ਪੰਜਾਬੀਆਂ ਦੀ ਸਰਦਾਰੀ ਹੈ ਉੱਥੇ ਸਨਅਤ ਅਤੇ ਅਫਸਰਸ਼ਾਹੀ ਵਿੱਚ ਵੀ ਇਨ੍ਹਾਂ ਦਾ ਬੋਲਵਾਲਾ ਹੋਵੇਗਾ ਪਰ ਹੋਇਆ ਇਸਦੇ ਉਲਟ ਹੈ। ਸਾਡੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈ। ਅਫਸਰੀਆਂ ਵੱਲੋਂ ਮੁੰਡਿਆਂ ਨੇ ਮੂੰਹ ਮੋੜ ਲਿਆ ਹੈ। ਹੁਣ ਕਿਸੇ ਵੀ ਦਫਤਰ ਵਿੱਚ ਚਲੇ ਜਾਵੋ, ਕੋਈ ਵਿਰਲਾ ਹੀ ਪਗੜੀ ਵਾਲਾ ਨਜ਼ਰ ਆਉਂਦਾ ਹੈ। ਜਿਸ ਸੂਬੇ ਲਈ ਅਸੀਂ ਆਪਣੇ ਲਗਭਗ ਅੱਧੇ ਹਿੱਸੇ ਦੀ ਕੁਰਬਾਨੀ ਦਿੱਤੀ, ਆਪਣੀ ਰਾਜਧਾਨੀ ਅਤੇ ਭਾਖੜੇ ਤੋਂ ਕਬਜ਼ਾ ਹਟਾਇਆ, ਪਾਣੀ ਗੁਆਇਆ, ਉਹ ਸੂਬਾ ਹੁਣ ਨਿਵਾਣ ਵਲ ਚਲਾ ਗਿਆ ਹੈ। ਇਸ ਭੈੜੀ ਸਥਿਤੀ ਲਈ ਸਾਡੇ ਕੇਵਲ ਰਾਜਸੀ ਆਗੂ ਹੀ ਨਹੀਂ ਸਗੋਂ ਧਾਰਮਿਕ ਆਗੂ ਵੀ ਜ਼ਿੰਮੇਵਾਰ ਹਨ। ਆਪਣੇ ਘਰਾਂ ਨੂੰ ਭਰਨ ਅਤੇ ਰਾਤੋ ਰਾਤ ਅਮੀਰ ਬਣਨ ਲਈ ਇਨ੍ਹਾਂ ਕੇਵਲ ਆਪਣੇ ਬਾਰੇ ਹੀ ਸੋਚਿਆ। ਸਮਾਜਿਕ ਕਦਰਾਂ ਕੀਮਤਾਂ ਨੂੰ ਆਪ ਵੀ ਤੋੜਿਆ ਅਤੇ ਦੂਜਿਆਂ ਨੂੰ ਵੀ ਕੁਰਾਹੇ ਪਾਇਆ।

ਆਵੋ ਇਸ ਵਾਰ ਆਪਣੀ ਵੋਟ ਉਮੀਦਵਾਰ ਦੇ ਕਿਰਦਾਰ ਨੂੰ ਦੇਖ ਪਾਈਏ ਅਤੇ ਪੰਜਾਬ ਬਚਾਈਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author