“ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਉਹ ਸਨ ਜੋ ਪੰਜ-ਸੱਤ ਸਾਲਾਂ ਦੇ ਫਰਕ ਨਾਲ ਮੇਰੇ ਹਾਣੀ ...”
(9 ਦਸੰਬਰ 2025)
ਦੇਸ ਦੀ ਵੰਡ ਤੋਂ ਮਗਰੋਂ ਹਾਲਤ ਕੁਛ ਅਜਿਹੀ ਬਣੀ ਕਿ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦੇ ਆ ਜਾਣ ਨਾਲ ਦਿੱਲੀ ਪੰਜਾਬੀਆਂ ਦਾ ਸ਼ਹਿਰ ਹੀ ਬਣ ਗਈ। ਇਹਦੀ ਮੁੱਖ ਬੋਲੀ ਤੇ ਰਹਿਤਲ ਪੰਜਾਬੀ ਹੋ ਗਈ। ਪੱਗਾਂ-ਚੁੰਨੀਆਂ ਦੀ ਨਵੇਕਲਤਾ ਨਾਲ ਪੰਜਾਬੀ ਹੋਂਦ ਅਸਲ ਨਾਲੋਂ ਵੀ ਬਹੁਤੀ ਨਜ਼ਰ ਆਉਂਦੀ। ਵੰਡ ਤੋਂ ਪਹਿਲਾਂ ਲਾਹੌਰ ਪੂਰੇ ਉੱਤਰੀ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਸੀ ਜਿੱਥੇ ਪੰਜਾਬੀ ਅਤੇ ਹੋਰ ਬੋਲੀਆਂ ਦੇ ਲੇਖਕ, ਕਲਾਕਾਰ ਅਤੇ ਫਿਲਮਾਂ ਦੇ ਹਰ ਪੱਖ ਨਾਲ ਜੁੜੇ ਹੋਏ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਸਨ। ਲਹਿੰਦਾ ਪੰਜਾਬ ਵਿੱਦਿਅਕ ਪੱਖੋਂ ਚੜ੍ਹਦੇ ਪੰਜਾਬ ਨਾਲੋਂ ਅੱਗੇ ਹੋਣ ਕਰਕੇ ਹੋਰ ਪਿੰਡਾਂ-ਸ਼ਹਿਰਾਂ ਵਿੱਚ ਵੀ ਅਨੇਕ ਵੱਡੇ ਸਾਹਿਤਕ ਨਾਂਵਾਂ ਦਾ ਵਾਸਾ ਸੀ। ਉਜਾੜੇ ਦੇ ਮਾਰੇ ਹੋਏ ਉਹਨਾਂ ਵਿੱਚੋਂ ਬਹੁਤੇ ਸਾਹਿਤਕਾਰ ਅਤੇ ਕਲਾਕਾਰ ਆਖਰ ਦਿੱਲੀ ਆ ਟਿਕੇ ਅਤੇ ਫਿਲਮਾਂ ਵਾਲਿਆਂ ਨੇ ਬੰਬਈ ਦਾ ਰੁਖ ਕਰ ਲਿਆ। ਪੰਜਾਬੀਆਂ ਦੀ ਇਹ ਅਣਖ ਅਤੇ ਹਿੰਮਤ ਲੋਕ ਅੱਜ ਵੀ ਚੇਤੇ ਕਰਦੇ ਹਨ ਕਿ ਭੁੱਖ ਅਤੇ ਥੁੜ ਸਹਿ ਲਈ, ਪਰ ਇੱਕ ਵੀ ਪੰਜਾਬੀ ਹੱਥ ਫੈਲਾ ਕੇ ਮੰਗਦਾ ਨਜ਼ਰ ਨਹੀਂ ਸੀ ਆਇਆ। ਹੌਲੀ-ਹੌਲੀ ਪੰਜਾਬੀ ਕਾਰੋਬਾਰ ਖੁੱਲ੍ਹਣ ਅਤੇ ਵਧਣ-ਫੁੱਲਣ ਲੱਗੇ। ਪੰਜਾਬੀ ਅਖਬਾਰ-ਰਸਾਲੇ ਨਿਕਲਣ ਲੱਗੇ ਅਤੇ ਪੁਸਤਕਾਂ ਪ੍ਰਕਾਸ਼ਿਤ ਹੋਣ ਲੱਗੀਆਂ। ਪਹਿਲਾਂ ਸਕੂਲ ਸ਼ੁਰੂ ਹੋਏ ਅਤੇ ਫਿਰ 1951 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਬਣ ਗਿਆ। ਅਜਿਹੇ ਮਾਹੌਲ ਵਿੱਚ ਲਹਿੰਦੇ ਪੰਜਾਬ ਤੋਂ ਆਏ ਲੋਕ ਤਾਂ ਟਿਕ ਹੀ ਗਏ, ਹੌਲੀ-ਹੌਲੀ ਇੱਧਰਲੇ ਪੰਜਾਬੀ ਵੀ ਕਾਰੋਬਾਰ ਲਈ, ਮੁਲਾਜ਼ਮਾਂ, ਖਾਸ ਕਰ ਕੇ ਪੰਜਾਬੀ ਅਧਿਆਪਕਾਂ ਦੀ ਲੋੜ ਪੂਰੀ ਕਰਨ ਲਈ ਅਤੇ ਕਾਮਿਆਂ ਵਜੋਂ ਦਿੱਲੀ ਆਉਣ ਲੱਗੇ।
ਮਈ 1967 ਵਿੱਚ ਮੈਂ ਸੋਵੀਅਤ ਦੂਤਾਵਾਸ ਵਿੱਚ ਕੰਮ ਕਰਨ ਲਈ ਪਹੁੰਚਿਆ ਤਾਂ ਦਿੱਲੀ ਪੰਜਾਬੀ ਸਾਹਿਤ ਦੇ ਭਰ-ਵਗਦੇ ਦਰਿਆ ਦਾ ਰੂਪ ਧਾਰ ਚੁੱਕੀ ਸੀ। ਇਹ ਸਾਹਿਤਕ ਰਚਨਾ ਦੇ ਪੱਖੋਂ ਵੀ ਅਤੇ ਸਾਹਿਤਕਾਰਾਂ ਵਿੱਚ ਵਿਚਰਨ ਅਤੇ ਉਹਨਾਂ ਨਾਲ ਸਾਂਝਾਂ ਪੈਣ ਦੇ ਪੱਖੋਂ ਵੀ ਮੇਰੇ ਲਈ ਵੱਡਾ ਮੋੜ ਸਿੱਧ ਹੋਇਆ। ਦਿੱਲੀ ਪਹੁੰਚਣ ਤੋਂ ਪਹਿਲਾਂ ਮੇਰੀਆਂ ਰਚਨਾਵਾਂ ਉਸ ਸਮੇਂ ਦੇ ਮੁੱਖ ਮਾਸਕ-ਪੱਤਰਾਂ, “ਪ੍ਰੀਤ ਲੜੀ’, “ਪੰਜ ਦਰਿਆ’ ਅਤੇ ‘ਆਰਸੀ’ ਵਿੱਚ ਛਪ ਚੁੱਕੀਆਂ ਸਨ, ਪਰ ਕੋਈ ਪੁਸਤਕ ਨਾ ਛਪੀ ਹੋਣ ਕਾਰਨ ਮੈਂ ਆਪਣੇ ਆਪ ਨੂੰ ਲੇਖਕ ਵਜੋਂ ਜਾਣ-ਪਛਾਣ ਕਰਵਾਉਣ ਤੋਂ ਸੰਗਦਾ ਸੀ। ਜਾਣ-ਪਛਾਣ ਦਾ ਮੇਰਾ ਕਲਾਵਾ ਇਲਾਕੇ ਦੇ ਕੁਛ ਹਾਣੀ ਲੇਖਕਾਂ ਤਕ ਹੀ ਸੀਮਿਤ ਸੀ। ਨਾਂ-ਥਾਂ ਵਾਲੇ ਲੇਖਕਾਂ ਦਾ ਮੈਂ ਜਾਂ ਤਾਂ ਪਾਠਕ ਸੀ ਜਾਂ ਸਾਹਿਤਕ ਇਕੱਠਾਂ ਵਿੱਚ ਦੁਰੇਡਾ ਦਰਸ਼ਕ।
ਦਿੱਲੀ ਦੇ ਪੰਜਾਬੀ ਲੇਖਕਾਂ ਦਾ ਸਮੂਹ ਸਾਰੇ ਪੰਜਾਬ ਦੇ ਲੇਖਕਾਂ ਦੇ ਬਰਾਬਰ ਤਾਂ ਮੜਿੱਕਦਾ ਹੀ ਸੀ, ਜੇ ਉਹਨਾਂ ਨਾਲੋਂ ਵੱਧ ਗੌਰਾ-ਭਾਰਾ ਕਹਿ ਲਈਏ, ਸ਼ਾਇਦ ਗ਼ਲਤ ਨਹੀਂ ਹੋਵੇਗਾ। ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਹਰਿਭਜਨ ਸਿੰਘ, ਬਲਵੰਤ ਗਾਰਗੀ, ਕੁਲਵੰਤ ਸਿੰਘ ਵਿਰਕ, ਮਹਿੰਦਰ ਸਿੰਘ ਸਰਨਾ, ਸੋਹਨ ਸਿੰਘ ਜੋਸ਼, ਕਿਸ਼ਨ ਸਿੰਘ, ਬਾਵਾ ਬਲਵੰਤ, ਵਣਜਾਰਾ ਬੇਦੀ, ਅਜੀਤ ਕੌਰ, ਪ੍ਰੀਤਮ ਸਿੰਘ ਸਫ਼ੀਰ, ਈਸ਼ਵਰ ਚਿੱਤਰਕਾਰ, ਜਸਵੰਤ ਸਿੰਘ ਨੇਕੀ, ਅਮਰ ਸਿੰਘ ਕਬਰਪੁੱਟ, ਪਿਆਰਾ ਸਿੰਘ ਸਹਿਰਾਈ, ਪਿਆਰਾ ਸਿੰਘ ਦਾਤਾ, ਤੇਰਾ ਸਿੰਘ ਚੰਨ, ਤਾਰਾ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ, ਗਿਆਨ ਚੰਦ ਧਵਨ, ਕਰਨਲ ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਬੂਟਾ ਸਿੰਘ, ਪ੍ਰੀਤਮ ਸਿੰਘ ਪੰਛੀ, ਅਮਰ ਭਾਰਤੀ, ਮਹਿੰਦਰ ਸਿੰਘ ਜੋਸ਼ੀ, ਲੋਚਨ ਬਖਸ਼ੀ, ਗੁਰਮੁਖ ਸਿੰਘ ਜੀਤ, ਸ਼ਵਿੰਦਰ ਸਿੰਘ ਉੱਪਲ, ਐੱਮ. ਐੱਸ. ਸੇਠੀ ਅਤੇ ਕਈ ਹੋਰ ਆਪਣੇ-ਆਪਣੇ ਕਾਰਨਾਂ ਕਰ ਕੇ ਇੱਥੇ ਆ ਜੁੜੇ ਸਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਉਹ ਸਨ ਜੋ ਪੰਜ-ਸੱਤ ਸਾਲਾਂ ਦੇ ਫਰਕ ਨਾਲ ਮੇਰੇ ਹਾਣੀ ਕਹੇ ਜਾ ਸਕਦੇ ਸਨ। ਇਨ੍ਹਾਂ ਵਿੱਚ ਗੁਲਜ਼ਾਰ ਸਿੰਘ ਸੰਧੂ, ਗੁਰਦੇਵ ਸਿੰਘ ਰੁਪਾਣਾ, ਗੁਰਵੇਲ ਸਿੰਘ ਪੰਨੂੰ, ਦੇਵਿੰਦਰ, ਜਸਵੰਤ ਸਿੰਘ ਵਿਰਦੀ, ਮਨਮੋਹਨ ਬਾਵਾ, ਇੰਦੇ, ਮਹਿੰਦਰ ਕੌਰ ਗਿੱਲ, ਰਾਜਿੰਦਰ ਕੌਰ, ਨਵਤੇਜ ਪੁਆਧੀ, ਜਗਦੀਸ਼ ਕੌਸ਼ਲ, ਰਣਜੀਤ ਸਿੰਘ, ਇਲਮ ਦੀਨ ਬਾਗ਼ਬਾਂ, ਹਰਿਨਾਮ, ਕ੍ਰਿਸ਼ਣ ਅਸ਼ਾਂਤ, ਬਚਿੰਤ ਕੌਰ, ਚੰਦਨ ਨੇਗੀ, ਡਾ. ਅਜੀਤ ਸਿੰਘ, ਮਹੀਪ ਸਿੰਘ, ਕੇਵਲ ਸੂਦ, ਅਮਰਜੀਤ ਸਿੰਘ ਅਕਸ, ਗੁਲਵੰਤ ਫ਼ਾਰਿਗ਼, ਆਦਿ ਸ਼ਾਮਲ ਸਨ।
ਦਿੱਲੀ ਉਸ ਸਮੇਂ ‘ਸਟੇਜੀ ਕਵੀਆਂ’ ਦਾ ਵੀ ਗੜ੍ਹ ਸੀ। ਬਿਸ਼ਨ ਸਿੰਘ ਉਪਾਸ਼ਕ, ਇੰਦਰਜੀਤ ਸਿੰਘ ਤੁਲਸੀ, ਚਾਨਣ ਗੋਬਿੰਦਪੁਰੀ, ਪ੍ਰਕਾਸ਼ ਸਾਥੀ, ਸੁਰਜਨ ਸਿੰਘ ਫਰਿਆਦੀ, ਚਤਰ ਸਿੰਘ ਬੀਰ, ਸੰਸਾਰ ਸਿੰਘ ਗਰੀਬ, ਭਗਵਾਨ ਸਿੰਘ ਦੀਪਕ, ਜੋਗਾ ਸਿੰਘ ਜਗਿਆਸੂ ਆਦਿ ਦਾ ਵਾਹਵਾ ਨਾਂ ਸੀ। ਤਾਰਾ ਸਿੰਘ ਤੇ ਹਜ਼ਾਰਾ ਸਿੰਘ ਗੁਰਦਾਸਪੁਰੀ ਸਾਹਿਤਕ ਕਵੀਆਂ ਵਿੱਚ ਤਾਂ ਮੋਹਰਲੀ ਕਤਾਰ ਵਿੱਚ ਆਉਂਦੇ ਹੀ ਸਨ, ਸਟੇਜੀ ਕਵੀਆਂ ਦੇ ਵੀ ਜਥੇਦਾਰ ਸਨ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਅਨੇਕ ਇਸਤਰੀ ਗਾਇਕਾਂ ਵਿੱਚੋਂ ਮੋਹਰੀ ਸਨ ਅਤੇ ਕੇ. ਐੱਲ. ਅਗਨੀਹੋਤਰੀ, ਵਿਦਿਆਨਾਥ ਸੇਠ ਅਤੇ ਆਸਾ ਸਿੰਘ ਮਸਤਾਨਾ ਅਨੇਕ ਪੁਰਸ਼ ਗਾਇਕਾਂ ਵਿੱਚੋਂ। ਚਰਨ ਦਾਸ ਸਿੱਧੂ, ਗੁਰਚਰਨ ਸਿੰਘ ਜਸੂਜਾ, ਆਰ. ਜੀ. ਅਨੰਦ, ਆਦਿ ਸਾਹਿਤਕ ਨਾਟਕਾਂ ਦੀ ਰਚਨਾ ਅਤੇ ਪੇਸ਼ਕਾਰੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਵੰਨਸੁਵੰਨੇ ਪ੍ਰੋਗਰਾਮਾਂ ਦੇ ਪੱਖੋਂ ਸਰਗਰਮ ਸਾਹਿਤ ਅਕਾਦਮੀ ਮੇਰੇ ਦਫਤਰ ਤੋਂ ਪੈਦਲ ਵਾਟ ਸੀ।
ਇਸ ਮਾਹੌਲ ਵਿੱਚ ਬਹੁਤ ਸਾਰੇ ਕਲਮਕਾਰਾਂ ਨਾਲ ਨੇੜਤਾ ਹੋ ਜਾਣੀ ਸੁਭਾਵਿਕ ਸੀ। ਸਮੇਂ ਨਾਲ ਪੰਜਾਬੀ ਮੂਲ ਦੇ ਉਰਦੂ ਲੇਖਕ ਫਿਕਰ ਤੌਂਸਵੀ ਅਤੇ ਮਖਮੂਰ ਜਲੰਧਰੀ ਮੇਰੇ ਚੰਗੇ ਮਿੱਤਰ ਅਤੇ ਹੰਸ ਰਾਜ ਰਹਿਬਰ ਅਤੇ ਤਾਜਵਰ ਸਾਮਰੀ ਮੇਰੇ ਚੰਗੇ ਜਾਣੂ-ਪਛਾਣੂ ਬਣ ਗਏ। ਹਿੰਦੀ ਵਿੱਚ ਲਿਖਣ ਵਾਲੇ ਭੀਸ਼ਮ ਸਾਹਨੀ ਨਾਲ ਤਾਂ ਮੇਰੀ ਬਹੁਤ ਨੇੜਤਾ ਹੋ ਗਈ। ਅੱਜ ਤਕ ਦੇ ਪੰਜਾਬੀ ਦੇ ਸਭ ਤੋਂ ਵੱਡੇ ਪ੍ਰਕਾਸ਼ਕ, ਨਵਯੁਗ ਪਬਲਿਸ਼ਰਜ਼ ਵਾਲੇ ਭਾਪਾ ਪ੍ਰੀਤਮ ਸਿੰਘ ਮੇਰੇ ਦਿੱਲੀ ਵਿੱਚ ਪੈਰ ਰੱਖਦਿਆਂ ਹੀ ਆਪਣੇ ਹੋ ਗਏ। ਉਹ ਪੂਰੀ ਚੜ੍ਹਤ ਵਾਲੇ ਮਾਸਕ-ਪੱਤਰ ‘ਆਰਸੀ’ ਦੇ ਵੀ ਮਾਲਕ-ਸੰਪਾਦਕ ਸਨ। ਗਿਆਨੀ ਹਰੀ ਸਿੰਘ ਅਤੇ ਗਿਆਨੀ ਕੁਲਦੀਪ ਸਿੰਘ ਦੋ ਅਜਿਹੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਆਪ ਸਰਗਰਮ ਸਾਹਿਤਕਾਰ ਨਾ ਹੁੰਦਿਆਂ ਵੀ ਦਿੱਲੀ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਅਤੇ ਪੰਜਾਬੀ ਸਾਹਿਤ ਲਈ ਚੰਗਾ ਮਾਹੌਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਇਹ ਤਿੰਨੇ ਸਾਹਿਤ-ਸੇਵੀ ਹੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਦਾ ਪੰਜਾਬੀ ਭਵਨ ਸਾਕਾਰ ਕਰਨ ਦਾ ਕਾਰਨਾਮਾ ਕਰ ਦਿਖਾਇਆ।
ਇਸ ਭਵਨ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਦੀ ਬੈਠਕ ਗਿਆਨੀ ਹਰੀ ਸਿੰਘ ਦੇ ਸਰਕਾਰੀ ਘਰ ਵਿੱਚ, ਜੋ ਕਨਾਟ ਪਲੇਸ ਦੇ ਬਿਲਕੁਲ ਨਾਲ ਸੀ, ਦਹਾਕਿਆਂ ਤੋਂ ਹਰ ਐਤਵਾਰ ਹੁੰਦੀ ਆ ਰਹੀ ਸੀ। ਕਨਾਟ ਪਲੇਸ ਦੇ ਤੰਬੂ ਵਾਲੇ ਕਾਫ਼ੀ ਹਾਊਸ ਵਿੱਚ ਕਿਸੇ ਵੀ ਦਿਨ, ਕਿਸੇ ਵੀ ਵੇਲੇ ਜਾਇਆਂ ਕੁਛ ਲੇਖਕ ਤਾਂ ਮਿਲ ਹੀ ਜਾਂਦੇ ਸਨ। ਲੇਖਕਾਂ ਨਾਲ ਮੇਲ ਦਾ ਤੀਜਾ ਸਾਧਨ ਅੰਮ੍ਰਿਤਾ ਪ੍ਰੀਤਮ ਦੀ ਮਾਸਕ ‘ਨਾਗਮਣੀ ਸ਼ਾਮ’ ਸੀ। ਮੇਰੇ ਲਈ ਇਹ ਸਮੁੱਚਾ ਮਾਹੌਲ ਇਉਂ ਬਣ ਗਿਆ ਜਿਵੇਂ ਇੱਕ-ਦੋ ਫੁੱਲਾਂ ਨੂੰ ਲੋਚਦਾ ਬੰਦਾ ਅਚਾਨਕ ਭਰੇ-ਪੂਰੇ ਟਹਿਕੇ ਅਤੇ ਮਹਿਕੇ ਹੋਏ ਬਾਗ਼ ਵਿੱਚ ਪੁੱਜ ਗਿਆ ਹੋਵੇ! ਕਿਸੇ ਵੀ ਮਨੁੱਖੀ ਸਮੂਹ ਵਾਂਗ ਲੇਖਕਾਂ ਦੇ ਸੁਭਾਅ ਵੀ ਵੰਨਸੁਵੰਨੇ ਹੋਣੇ ਕੁਦਰਤੀ ਸਨ, ਬਹੁਤ ਖ਼ੂਬਸੂਰਤ ਇਨਸਾਨਾਂ ਤੋਂ ਲੈ ਕੇ ਪੌੜੀ-ਦਰ-ਪੌੜੀ ਹੇਠ ਨੂੰ ਉੱਤਰਦਿਆਂ ਹੋਛੇ ਬੰਦਿਆਂ ਤਕ! ਸਮਾਂ ਬੜਾ ਕਾਰਸਾਜ਼ ਹੈ, ਜੋ ਦੋਸਤਾਂ ਦੀ ਚੋਣ ਵਿੱਚ ਮਨੁੱਖ ਦਾ ਸਹਾਇਕ ਬਣ ਜਾਂਦਾ ਹੈ। ਕਿਸੇ ਦੇ ਸੁਭਾਅ ਲਈ ਠੀਕ ਰਹਿਣ ਵਾਲੇ ਬੰਦੇ ਆਪੇ ਹੀ ਮਿਲ ਜਾਂਦੇ ਹਨ ਅਤੇ ਵੱਖਰੀ ਮਿੱਟੀ ਦੇ ਬਣੇ ਹੋਏ ਆਪੇ ਹੀ ਨਿੱਖੜਦੇ ਜਾਂਦੇ ਹਨ।
ਹੌਲੀ-ਹੌਲੀ ਚੰਗੀ ਜਾਣ-ਪਛਾਣ ਤੋਂ ਲੈ ਕੇ ਗੂੜ੍ਹੀ ਦੋਸਤੀ ਤਕ ਦੇ ਰਿਸ਼ਤੇ ਬਣਨ ਲੱਗੇ। ਦਿੱਲੀ ਦੇ ਤੇ ਲੇਖਕ ਵਜੋਂ ਕੁਛ ਨਾ ਬਣਦਿਆਂ ਨਾਲ ਹੀ ਪੰਜਾਬ ਦੇ ਅਨੇਕ ਲੇਖਕਾਂ ਨਾਲ ਦੋਸਤੀ ਤੋਂ ਵੀ ਵਧ ਕੇ ਯਾਰੀ ਪੈਣੀ ਸੁਭਾਵਿਕ ਸੀ। ਮੇਰੇ ਸਾਹਿਤਕ ਘੇਰੇ ਨੂੰ ਮੋਕਲਾ ਕਰਦੇ ਰਹਿਣ ਵਿੱਚ ਅਤੇ ਮੇਰੇ ਸਾਹਿਤਕ ਵਿਕਾਸ ਵਿੱਚ ਜਿਹੜੀ ਗੱਲ ਸਭ ਤੋਂ ਸਹਾਈ ਰਹੀ, ਉਹ ਸੀ ਮੇਰੇ ਸੁਭਾਅ ਦਾ ਆਪਣੇ ਨਾਲੋਂ ਉਮਰੋਂ ਅਤੇ ਸਾਹਿਤਕ ਕੱਦ ਦੇ ਪੱਖੋਂ ਵੱਡੇ ਲੇਖਕਾਂ ਦਾ ਸਤਿਕਾਰ ਅਤੇ ਹਾਣੀਆਂ ਨੂੰ ਸੁਹਿਰਦ ਮੋਹ ਕਰਨ ਵਾਲਾ ਪੱਖ। ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਸਹਿਰਾਈ, ਸੋਹਨ ਸਿੰਘ ਜੋਸ਼, ਕਿਸ਼ਨ ਸਿੰਘ, ਤਾਰਾ ਸਿੰਘ ਅਤੇ ਮਹਿੰਦਰ ਸਿੰਘ ਜੋਸ਼ੀ ਵਰਗੇ ਦਿੱਲੀ ਦੇ ਅਤੇ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ, ਗੁਰਚਰਨ ਰਾਮਪੁਰੀ ਵਰਗੇ ਪੰਜਾਬ ਦੇ ਜਿਨ੍ਹਾਂ ਵੱਡਿਆਂ ਨਾਲ ਨੇੜਤਾ ਦਾ ਰੰਗ ਗੂੜ੍ਹਾ ਹੁੰਦਾ-ਹੁੰਦਾ ਦੋਸਤੀ ਦੀ ਭਾਹ ਮਾਰਨ ਲੱਗਿਆ ਸੀ, ਉਹਨਾਂ ਨਾਲ ਵਰਤ-ਵਰਤਾਵੇ ਵਿੱਚ ਵੀ ਮੈਂ ਉਮਰ ਅਤੇ ਸਾਹਿਤ ਦੀ ਲੌਢ-ਵਡਿਆਈ ਕਦੀ ਨਹੀਂ ਸੀ ਭੁੱਲਦਾ। ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ ਅਤੇ ਅਜੀਤ ਕੌਰ ਵਰਗੇ ਕਿੰਨੇ ਹੀ ਹੋਰ ਸਨ ਜਿਨ੍ਹਾਂ ਨਾਲ ਰਿਸ਼ਤੇ ਨੂੰ ਦੋਸਤੀ ਦਾ ਨਾਂ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਕੁਛ ਸਾਧਨ, ਕੁਛ ਸਬੱਬ, ਕੁਛ ਵਸੀਲੇ ਅਜਿਹੇ ਬਣਦੇ ਰਹੇ ਜਿਨ੍ਹਾਂ ਸਦਕਾ ਉਹਨਾਂ ਦੇ ਜੀਵਨ ਵੀ ਮੇਰੇ ਲਈ ਖੁੱਲ੍ਹੀ ਕਿਤਾਬ ਬਣ ਗਏ।
ਸਮੇਂ ਨਾਲ ਵੱਡੇ, ਹਾਣੀ ਅਤੇ ਛੋਟੇ ਜਿਨ੍ਹਾਂ ਲੇਖਕਾਂ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ, ਉਹਨਾਂ ਦੀਆਂ ਗੱਲਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਵਧੀਆ ਤਰੀਕਾ ਮੈਨੂੰ ਉਹਨਾਂ ਦੇ ਸ਼ਬਦ-ਚਿੱਤਰ ਵਾਹੁਣਾ ਹੀ ਸੁੱਝਿਆ, ਅਜਿਹੇ ਸ਼ਬਦ-ਚਿੱਤਰ ਜੋ ਉਹਨਾਂ ਦੇ ਅੰਦਰ-ਬਾਹਰ ਦੇ ਦਰਸ਼ਨ ਕਰਵਾ ਦੇਣ। ਮੇਰੀਆਂ ਸ਼ਬਦ-ਚਿੱਤਰਾਂ ਦੀਆਂ ਪੁਸਤਕਾਂ ਤੋਂ ਇਲਾਵਾ ਕੁਛ ਸ਼ਬਦ-ਚਿੱਤਰ ਸੱਭਿਆਚਾਰ, ਸੁਤੰਤਰਤਾ ਸੰਗਰਾਮ, ਰਾਜਨੀਤੀ, ਆਦਿ ਨਾਲ ਸੰਬੰਧਿਤ ਮੇਰੀਆਂ ਪੁਸਤਕਾਂ ਲਈ ਪ੍ਰਸੰਗਕ ਬਣ ਕੇ ਉਹਨਾਂ ਵਿੱਚ ਸ਼ਾਮਲ ਹੋ ਗਏ। ਕਈ ਲੇਖਕ ਮਿੱਤਰ ਅਤੇ ਬਹੁਤ ਸਾਰੇ ਸਿਆਣੇ ਪਾਠਕ ਆਖਦੇ, “ਬਹੁਤ ਥਾਂਈਂ ਖਿੱਲਰ ਗਏ ਹਨ ਤੁਹਾਡੇ ਲਿਖੇ ਸ਼ਬਦ-ਚਿੱਤਰ!” ਇੱਥੋਂ ਉਹਨਾਂ ਨੂੰ ਇੱਕ ਥਾਂ ਕਰਨ ਦੇ ਖ਼ਿਆਲ ਦਾ ਜਨਮ ਹੋਇਆ। ਜਦੋਂ ਸੂਚੀ ਬਣਾਈ ਤਾਂ ਇਹ ਗੱਲ ਵੀ ਨਾਲ ਹੀ ਦਿਸ ਪਈ ਕਿ ਪੰਨੇ ਹਜ਼ਾਰ ਤੋਂ ਵੀ ਬਹੁਤ ਵਧ ਜਾਣਗੇ। ਮੇਰੇ ਮਨ ਵਿੱਚ ਆਇਆ, ਇਸ ਪੁਸਤਕ, “ਕਲਮ ਦੇ ਕਰਾਮਾਤੀ’ ਵਿੱਚ ਸਿਰਫ ਉਹ ਲੇਖਕ ਹੀ ਰੱਖੇ ਜਾਣ ਜੋ ਸਾਹਿਤ ਦੀਆਂ ਆਧੁਨਿਕ ਵਿਧਾਵਾਂ ਵਿੱਚ ਲਿਖਦੇ ਹਨ। ਸ਼ਬਦ ਨਾਲ ਸੰਬੰਧਿਤ ਹੋਰ ਲੋਕਾਂ ਦਾ ਜੋੜ-ਮੇਲ ਵੱਖਰੀ ਪੁਸਤਕ ਵਿੱਚ ਹੋ ਰਿਹਾ ਹੈ, ਜਿਸ ਵਿੱਚ ਆਲੋਚਕ ਅਤੇ ਖੋਜਕਾਰ, ਗਾਇਕ, ਕਵੀਸ਼ਰ, ਢਾਡੀ, ਪੱਤਰਕਾਰ, ਨਾਟਕਕਾਰ, ਪ੍ਰਕਾਸ਼ਕ, ਅਨੁਵਾਦਕ ਅਤੇ ਹੋਰ ਭਾਸ਼ਾਵਾਂ ਦੇ ਲੇਖਕ, ਆਦਿ ਸਮਾ ਜਾਣਗੇ। ਜਿਨ੍ਹਾਂ ਬਹਾਦਰਾਂ ਨੇ ਅੰਗਰੇਜ਼ ਵਿਰੁੱਧ ਕਲਮ ਵੀ ਵਾਹੀ ਅਤੇ ਤਲਵਾਰ ਵੀ ਵਾਹੀ, ਉਹਨਾਂ ਨੂੰ ਵੱਖਰੀ ਪੁਸਤਕ ਦੀ ਸ਼ੋਭਾ ਬਣਾਉਣਾ ਠੀਕ ਲੱਗਿਆ। ਸੈਂਤੀ ਲੇਖਕਾਂ ਨੂੰ 504 ਪੰਨਿਆਂ ਵਿੱਚ ਸਮੋਂਦੀ ਇਹ ਪੁਸਤਕ ‘ਆਰਸੀ ਪਬਲਿਸ਼ਰਜ਼’ ਨੇ ਛਾਪੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (