“... ਗੋਦੀ ਮੀਡੀਆ ਦੀਆਂ ਸੰਗਲੀਆਂ ਵੀ ਖੋਲ੍ਹ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਦੇ ...”
(9 ਦਸੰਬਰ 2020)
ਕਿਸਾਨ ਮੋਰਚੇ ਨੂੰ ਦਿੱਲੀ ਦੀ ਫਿਰਨੀ ਉੱਤੇ ਪਹੁੰਚਿਆਂ ਅੱਜ ਤੇਰ੍ਹਵਾਂ ਦਿਨ ਹੈ। ਕਿਸਾਨ ਸਹਿਜ ਹਨ, ਸਰਕਾਰ ਹੈਰਾਨ-ਪ੍ਰੇਸ਼ਾਨ ਹੈ। ਕਿਸਾਨਾਂ ਸਾਹਮਣੇ ਰਾਹ ਵੀ ਸਪਸ਼ਟ ਹੈ ਤੇ ਸੇਧ ਵੀ। ਉਹ ਇਹ ਵੀ ਜਾਣਦੇ ਹਨ ਕਿ ਉਹਨਾਂ ਦੇ ਰਾਹ ਦੀਆਂ ਮੁਸ਼ਕਿਲਾਂ ਕੀ ਹਨ ਤੇ ਉਹ ਉਹਨਾਂ ਮੁਸ਼ਕਿਲਾਂ ਦੇ ਟਾਕਰੇ ਲਈ ਰਣਨੀਤੀ ਨਾਲ ਵੀ ਲੈਸ ਹਨ। ਸਰਕਾਰ ਦੇ ਸਾਹਮਣੇ ਦੀ ਧਰਤੀ ਕਿਸਾਨਾਂ ਨੇ ਮੋਰਚੇ ਦੇ ਹਲ ਨਾਲ ਵਾਹ ਕੇ ਉਸ ਵਿੱਚ ਨਾ ਕੋਈ ਰਾਹ ਛੱਡਿਆ ਹੈ ਤੇ ਨਾ ਪਗਡੰਡੀ। ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਉਹਨੇ ਕਿੱਧਰ ਜਾਣਾ ਹੈ ਤੇ ਇਸ ਗੋਰਖਧੰਦੇ ਵਿੱਚੋਂ ਨਿੱਕਲਣ ਦਾ ਰਾਹ ਕੀ ਹੋ ਸਕਦਾ ਹੈ।
ਸਰਕਾਰ ਦੀ ਮੁਸ਼ਕਿਲ ਇਹ ਹੈ ਕਿ ਉਸ ਨੂੰ ਕਿਸਾਨ ਮੋਰਚੇ ਦੀ ਮੋਹਰੀ ਧਿਰ, ਪੰਜਾਬੀ ਕਿਸਾਨ ਦੇ ਪਿਛੋਕੜ, ਬਲ ਤੇ ਸਰੂਪ ਦਾ ਕੋਈ ਅੰਦਾਜ਼ਾ ਹੀ ਨਹੀਂ ਸੀ। ਇਸੇ ਕਰਕੇ ਸਰਕਾਰ ਦੇ ਨਾਲ-ਨਾਲ ਲੋਕ ਵੀ ਇਹ ਦੇਖ ਕੇ ਹੈਰਾਨ ਹਨ ਕਿ ਪੰਜਾਬੀ ਕਿਸਾਨ ਨੇ ਆਪਣੇ ਮੋਰਚੇ ਨੂੰ ਪ੍ਰਚੰਡ ਕਰਦਿਆਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਝੰਜੋੜ ਕੇ ਕਿਵੇਂ ਨੀਂਦ ਵਿੱਚੋਂ ਜਗਾ ਦਿੱਤਾ ਹੈ। ਉਹ ਨਹੀਂ ਜਾਣਦੇ ਕਿ ਪੰਜਾਬੀ ਕਿਸਾਨ ਲਈ ਖੇਤੀ ਬਾਕੀ ਦੁਨੀਆ ਦੇ ਕਿਸਾਨਾਂ ਵਾਂਗ ਸਿਰਫ਼ ਇੱਕ ਕਿੱਤਾ ਨਹੀਂ ਹੈ, ਇਹ ਉਹਨਾਂ ਲਈ ਜੀਵਨ-ਜਾਚ ਹੈ ਤੇ ਉਹਨਾਂ ਦਾ ਸੱਭਿਆਚਾਰ ਹੈ। ਇਸੇ ਕਰਕੇ ਉਹ ਖੇਤੀ ਨੂੰ ਵਪਾਰ ਤੇ ਨੌਕਰੀ, ਆਦਿ ਹੋਰ ਸਭ ਕਿੱਤਿਆਂ ਨਾਲੋਂ ਉੱਤਮ ਮੰਨਦੇ ਆਏ ਹਨ। ਪੰਜਾਬੀ ਕਿਸਾਨ ਖੇਤੀ ਆਪਣੇ ਲਈ ਨਹੀਂ ਕਰਦਾ, ਉਹਨਾਂ ਸਭਨਾਂ ਲਈ ਕਰਦਾ ਹੈ ਜਿਨ੍ਹਾਂ ਦੇ ਪੇਟ ਲੱਗਿਆ ਹੋਇਆ ਹੈ। ਉਹ ਜਦੋਂ ਬੀ ਦੀ ਪਹਿਲੀ ਮੁੱਠੀ ਭੋਏਂ ਦੇ ਹਵਾਲੇ ਕਰਨ ਲਗਦਾ ਹੈ, ਨਾਲ ਹੀ ਸਪਸ਼ਟ ਕਰ ਦਿੰਦਾ ਹੈ ਕਿ ਉਹਦੀ ਉਪਜ ਵਿੱਚ ਕਿਸ-ਕਿਸ ਦੇ ਭਾਗ ਸਾਂਝੀਵਾਲ ਹਨ, “ਹਾਲ਼ੀ-ਪਾਲ਼ੀ ਦੇ ਭਾਗੀਂ, ਆਪਣੇ-ਪਰਾਏ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ, ਮੰਗਤੇ-ਫ਼ਕੀਰ ਦੇ ਭਾਗੀਂ, ਡੰਗਰ-ਵੱਛੇ ਦੇ ਭਾਗੀਂ, ਚਿੜੀ-ਜਨੌਰ ਦੇ ਭਾਗੀਂ!”
ਪੰਜਾਬੀ ਕਿਸਾਨੀ ਪ੍ਰੰਪਰਾ ਪਵਿੱਤਰਤਾ ਦੇ ਰੰਗ ਵਿੱਚ ਰੰਗੀ ਹੋਈ ਹੈ ਕਿਉਂਕਿ ਇਸਦੀਆਂ ਨੀਂਹਾਂ ਸਰਬਕਾਲੀ ਮਹਾਨ ਪੰਜਾਬੀ, ਬਾਬਾ ਨਾਨਕ ਨੇ ਪੱਕੀਆਂ ਕੀਤੀਆਂ ਸਨ। ਚਾਰੇ ਕੂਟਾਂ ਵਿੱਚ ਦੂਰ-ਦੂਰ ਪਹੁੰਚ ਕੇ, ਅਨਗਿਣਤ ਲੋਕਾਂ ਨੂੰ ਮਿਲ ਕੇ, ਅਨੇਕ ਮੱਤਾਂ-ਮਤਾਂਤਰਾਂ ਦੇ ਗਿਆਨਵਾਨਾਂ ਨਾਲ ਗੋਸ਼ਟਾਂ ਕਰ ਕੇ ਤੇ ਇਸ ਸਾਰੇ ਪੀਠੇ ਹੋਏ ਨੂੰ ਛਾਣ ਕੇ ਉਹ ਇਸ ਨਤੀਜੇ ਉੱਤੇ ਪੁੱਜੇ ਸਨ ਕਿ ਹੱਥੀਂ ਕਿਰਤ ਤੇ ਉਸ ਵਿੱਚ ਵੀ ਅੱਗੋਂ ਖੇਤੀ ਹੀ ਸਭ ਤੋਂ ਵੱਡਾ ਫਲਸਫਾ ਹੈ, ਸਭ ਤੋਂ ਵੱਡੀ ਵਿਚਾਰਧਾਰਾ ਹੈ। ਆਪਣੇ ਸੰਗੀਆਂ ਤੇ ਸੰਗਤਾਂ ਨੂੰ ਇਹ ਵਿਚਾਰ ਦ੍ਰਿੜ੍ਹ ਕਰਾਉਣ ਵਾਸਤੇ ਉਹਨਾਂ ਨੇ ਹਲ ਦੀ ਹੱਥੀ ਕੁਝ ਘੜੀਆਂ-ਪਲਾਂ ਲਈ ਫੜ ਕੇ ਨਹੀਂ ਸੀ ਦਿਖਾਈ ਸਗੋਂ ਬਾਕੀ ਜੀਵਨ ਦੇ ਸਾਰੇ ਅਠਾਰਾਂ ਸਾਲ ਹੱਥੀਂ ਹਲ ਵਾਹਿਆ, ਖੇਤੀ ਕੀਤੀ ਤੇ ਕਿਸਾਨੀ ਜੀਵਨ ਜੀਵਿਆ। ਇਹਦੇ ਨਾਲ ਹੀ ਬਾਬੇ ਨੇ ਵੰਡ ਕੇ ਛਕਣ ਦਾ ਪਾਠ ਵੀ ਪੜ੍ਹਾ ਦਿੱਤਾ ਅਤੇ ਕਰਤਾਰਪੁਰ ਦੇ ਆਪਣੇ ਖੇਤ ਵਿੱਚ ਆਪਣੀ ਲੋੜ ਤੋਂ ਵਧੀਕ ਪੈਦਾ ਹੁੰਦਾ ਅੰਨ ਜ਼ਰੂਰਤਮੰਦਾਂ ਨੂੰ ਵਰਤਾ ਦੇਣ ਦੀ ਰੀਤ ਚਲਾਈ ਜੋ ਲੰਗਰ ਦਾ ਰੂਪ ਧਾਰ ਕੇ ਅੱਜ ਦੀ ਪਾਟੋਧਾੜ ਦੁਨੀਆ ਵਿੱਚ ਪੰਜਾਬੀਆਂ ਦੀ ਮਾਨਵਵਾਦੀ ਉਦਾਰਤਾ ਤੇ ਸਰਬ-ਸਾਂਝੀਵਾਲਤਾ ਦੀ ਮਿਸਾਲ ਬਣਦਿਆਂ ਚਹੁੰ ਕੂਟੀਂ ਵਡਿਆਈ ਖੱਟ ਰਹੀ ਹੈ। ਇਸੇ ਕਰਕੇ ਪੰਜਾਬੀ ਕਿਸਾਨ ਲਈ ਖੇਤੀ ਕਿੱਤਾ ਨਾ ਰਹਿ ਕੇ ਦੀਨ-ਇਮਾਨ ਬਣ ਗਈ ਹੈ।
ਸਰਕਾਰੀ ਧਿਰ ਦੀ ਪਰੇਸ਼ਾਨੀ ਦਾ ਦੂਜਾ ਕਾਰਨ ਉਹਨਾਂ ਦੇ ਮਨ-ਮਸਤਕ ਵਿੱਚ ਬਣੀ ਹੋਈ ਕਿਸਾਨ ਦੀ ਤਸਵੀਰ ਸੀ ਜਿਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਰਾਜ ਕਰ ਰਹੇ ਨੇਤਾ ਆਮ ਲੋਕਾਂ ਨਾਲੋਂ ਕਿੰਨੀ ਬੁਰੀ ਤਰ੍ਹਾਂ ਟੁੱਟੇ ਹੋਏ ਹਨ। ਉਹਨਾਂ ਦੀ ਕਲਪਨਾ ਅਨੁਸਾਰ ਕਿਸਾਨ ਪੇਂਡੂ ਅਣਪੜ੍ਹ ਤੇ ਗੰਵਾਰ ਹੁੰਦਾ ਹੈ ਜਿਸਦੇ ਮੌਰਾਂ ਉੱਤੇ ਟਾਕੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ। ਇਸੇ ਕਰਕੇ ਸਿੰਘੂ ਹੱਦ ਉੱਤੇ ਪਹੁੰਚੇ ਸੈਂਕੜੇ ਕਿਸਾਨਾਂ ਦੇ ਦਰਸ਼ਨ ਹੋਇਆਂ ਸਾਬਕਾ ਫੌਜੀ ਮੁਖੀ ਤੇ ਹੁਣ ਕੇਂਦਰੀ ਮੰਤਰੀ, ਜਰਨੈਲ ਵੀ. ਕੇ. ਸਿੰਘ, ਹਰਿਆਣੇ ਦਾ ਜੰਮਪਲ ਹੋਣ ਦੇ ਬਾਵਜੂਦ, ਆਖਦਾ ਹੈ, “ਤਸਵੀਰਾਂ ਵਿਚਲੇ ਲੋਕ ਕਿਸਾਨ ਤਾਂ ਦਿਸਦੇ ਹੀ ਨਹੀਂ! ਜੋ ਕੁਝ ਕਿਸਾਨਾਂ ਦੇ ਹਿਤ ਵਿੱਚ ਹੈ, ਉਹ ਕਰ ਦਿੱਤਾ ਗਿਆ ਹੈ। ਖੇਤੀ ਕਾਨੂੰਨਾਂ ਨਾਲ ਕੋਈ ਸਮੱਸਿਆ ਕਿਸਾਨਾਂ ਨੂੰ ਨਹੀਂ, ਹੋਰਾਂ ਨੂੰ ਹੈ। ਅੰਦੋਲਨ ਪਿੱਛੇ ਵਿਰੋਧੀ ਦਲਾਂ ਤੋਂ ਇਲਾਵਾ ਦਲਾਲ ਲੋਕ ਹਨ।” ਇਸ ਸੋਚ ਨਾਲ ਗੱਲਬਾਤ ਲਈ ਪਹੁੰਚੀ ਸਰਕਾਰੀ ਧਿਰ ਸਾਹਮਣੇ ਜਦੋਂ ਕਿਸਾਨ ਆਗੂਆਂ ਨੇ ਤਿੰਨਾਂ ਖੇਤੀ ਕਾਨੂੰਨਾਂ ਦੀ ਇੱਕ-ਇੱਕ ਧਾਰਾ ਤੇ ਅੱਗੋਂ ਉਪ-ਧਾਰਾ ਲੈ ਕੇ ਉਹਦੀ ਵਿਆਖਿਆ ਕਰਨੀ, ਅਰਥ ਸਮਝਾਉਣੇ ਤੇ ਆਪਣੇ ਇਤਰਾਜ਼ ਦੱਸਣੇ ਸ਼ੁਰੂ ਕੀਤੇ, ਸੁੰਨ ਹੋਏ ਮੰਤਰੀਆਂ ਤੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਧਰਤੀ ਖਿਸਕਣੀ ਕੁਦਰਤੀ ਸੀ।
ਕਿਸਾਨਾਂ ਦੀਆਂ ਦਲੀਲਾਂ ਦੀ ਕਾਟ ਲਈ ਸਰਕਾਰੀ ਧਿਰ ਉਸ ਪ੍ਰਵਚਨ ਨਾਲ ਲੈਸ ਹੋ ਕੇ ਆਈ ਸੀ ਜੋ ਕਿਸਾਨ ਮੋਰਚੇ ਦੇ ਸ਼ੁਰੂ ਤੋਂ ਪ੍ਰਧਾਨ ਮੰਤਰੀ ਜੀ ਕਰਦੇ ਆਏ ਹਨ - ਖੇਤੀ ਕਾਨੂੰਨ ਕਿਸਾਨਾਂ ਲਈ ਖ਼ੁਸ਼ਹਾਲੀ ਦੇ ਦੁਆਰ ਖੋਲ੍ਹਦੇ ਹਨ, ਵਿਰੋਧੀ ਪਾਰਟੀਆਂ ਅਫ਼ਵਾਹਾਂ ਫ਼ੈਲਾ ਰਹੀਆਂ ਹਨ, ਕੁਫ਼ਰ ਤੋਲ ਰਹੀਆਂ ਹਨ, ਕਿਸਾਨਾਂ ਵਿੱਚ ਭਰਮ ਫ਼ੈਲਾ ਰਹੀਆਂ ਹਨ ਤੇ ਭੋਲ਼ੇ ਕਿਸਾਨ ਭਰਾ ਇਸ ਕੂੜ-ਪਰਚਾਰ ਵਿੱਚ ਫਸੇ ਹੋਏ ਹਨ। ਕਿਸਾਨਾਂ ਨਾਲ ਗੱਲਬਾਤ ਚਲਦੀ ਹੋਣ ਦੇ ਬਾਵਜੂਦ ਤੇ ਗੱਲਬਾਤ ਸਮੇਂ ਕਿਸਾਨਾਂ ਦੀ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਦੇ ਜੌਹਰ ਦੇਖ ਲਏ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਤੇ ਹੋਰਾਂ ਨੇ ਇਹ ਪ੍ਰਵਚਨ ਅੱਜ ਵੀ ਜਾਰੀ ਰੱਖਿਆ ਹੋਇਆ ਹੈ। ਕਿਸਾਨ ਉਹਨਾਂ ਦੀ ਨਜ਼ਰ ਵਿੱਚ ਭੋਲ਼ੇ ਪੰਛੀ ਹਨ ਜੋ ਬਿਚਾਰੇ ਕੁਛ ਨਹੀਂ ਜਾਣਦੇ ਤੇ ਵਿਰੋਧੀ ਪਾਰਟੀਆਂ ਦੇ ਜਾਲ ਵਿੱਚ ਫਸੇ ਹੋਏ ਹਨ ਜਦੋਂ ਕਿ ਖੇਤੀ ਕਾਨੂੰਨਾਂ ਨੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਹੈ ਤੇ ਨਵੀਆਂ ਸੰਭਾਵਨਾਵਾਂ ਖੋਲ੍ਹ ਕੇ ਖ਼ੁਸ਼ਹਾਲ ਬਣਾ ਦਿੱਤਾ ਹੈ। ਸਰਕਾਰ ਦੀ ਇਹ ਦਲੀਲ ਇੰਨੀ ਹਾਸੋਹੀਣੀ ਹੈ ਜਿਵੇਂ ਕੰਗਰੋੜ ਨਾਲ ਪੇਟ ਲੱਗੇ ਵਾਲੇ ਭੁੱਖੇ ਨੂੰ ਕੋਈ ਕਹੇ, ਅਸੀਂ ਤੈਨੂੰ ਪੂੜੇ ਖੁਆਏ, ਅਸੀਂ ਤੈਨੂੰ ਖੀਰ ਖੁਆਈ, ਇਹ ਵਿਰੋਧੀ ਪਾਰਟੀਆਂ ਤੈਨੂੰ ਭੁੱਖਾ ਆਖਣ ਦਾ ਕੁਫ਼ਰ ਤੋਲ ਰਹੀਆਂ ਹਨ, ਤੂੰ ਇਹਨਾਂ ਦੇ ਭਰਮ ਵਿੱਚ ਨਾ ਫਸੀਂ, ਤੂੰ ਤਾਂ ਰੱਜਿਆ ਹੋਇਆ ਹੈਂ!
ਪੰਜਾਬੀ ਕਿਸਾਨ ਦਿੱਲੀ ਵੱਲ ਤੁਰੇ ਤਾਂ ਕਮਾਨ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੂੰ ਸੌਂਪ ਦਿੱਤੀ ਗਈ। ਹੱਦ ਉੱਤੇ ਭਾਰੀ ਪੱਥਰਾਂ ਤੇ ਬੈਰੀਕੇਡਾਂ ਦੀਆਂ ਕੰਧਾਂ ਉਸਾਰ ਦਿੱਤੀਆਂ ਗਈਆਂ, ਜਲ-ਤੋਪਾਂ ਬੀੜ ਦਿੱਤੀਆਂ ਗਈਆਂ, ਹੰਝੂ-ਗੈਸ ਦੇ ਗੋਲਿਆਂ ਦਾ ਢੇਰ ਲਾ ਲਿਆ ਗਿਆ ਤੇ ਹਥਿਆਰਬੰਦ ਵਰਦੀਧਾਰੀਆ ਦੀਆਂ ਕਤਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਆਪਣੀ ਇਸ ਗ਼ੈਰ-ਜਮਹੂਰੀ ਤੇ ਗ਼ੈਰ-ਕਾਨੂੰਨੀ ਧੱਕੇਸ਼ਾਹੀ ਨੂੰ ਜਾਇਜ਼ ਠਹਿਰਾਉਣ ਲਈ ਉਹਨੇ ਆਖਿਆ ਕਿ ਸਰਕਾਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਹੈ। ਉਹਦੀ ਟੇਕ ਇਸ ਝੂਠੀ ਆਸ ਉੱਤੇ ਸੀ ਕਿ ਕਿਸਾਨ ਭੜਕ ਕੇ ਪੱਥਰ ਮਾਰਨਗੇ, ਕਾਰਾਂ-ਬੱਸਾਂ ਦੇ ਸ਼ੀਸ਼ੇ ਤੋੜਨਗੇ, ਅੱਗਾਂ ਲਾਉਣਗੇ ਤੇ ਤਿਆਰ-ਬਰ-ਤਿਆਰ ਪੁਲਿਸ ਨੂੰ ਕਹਿਰ ਢਾਹੁਣ ਦਾ ਮੌਕਾ ਦੇਣਗੇ। ਪਰ ਜਿਵੇਂ ਸਾਡੀਆਂ ਬਾਤਾਂ ਦਾ ਨਾਇਕ ਸ਼ੇਰ-ਬਘੇਰਿਆਂ ਵਾਲੇ ਜੰਗਲ, ਅੱਗਾਂ, ਮਾਰੂਥਲ, ਪਰਬਤ, ਦਰਿਆ ਪਾਰ ਕਰਦਾ ਹੋਇਆ ਅਡੋਲ ਵਧਦਾ ਤੁਰਿਆ ਜਾਂਦਾ ਹੈ, ਕਿਸਾਨਾਂ ਨੇ ਪੂਰੀ ਤਰ੍ਹਾਂ ਸ਼ਾਂਤ ਰਹਿੰਦਿਆਂ ਇਹਨਾਂ ਸਭ ਖੱਟਰੀ ਰੋਕਾਂ ਨੂੰ ਲਿਤਾੜ ਕੇ ਸਿੰਘੂ ਹੱਦ ਉੱਤੇ ਜਾ ਪੜਾਅ ਕੀਤਾ। ਖੱਟਰ ਨੂੰ ਪੰਜਾਬੀ ਹੁੰਦਿਆਂ ਵੀ ਇਹ ਪਤਾ ਨਹੀਂ ਕਿ ਪੰਜਾਬੀ ਸੰਘਰਸ਼ੀ ਵਿਰਸੇ ਦਾ ਜਿੰਨਾ ਸ਼ਾਨਦਾਰ ਪੱਖ ਇਨਕਲਾਬੀ ਜੁਝਾਰਤਾ ਹੈ, ਉੰਨਾ ਹੀ ਕਦਰਜੋਗ ਪਹਿਲੂ ਸ਼ਾਂਤਮਈ ਵਿਰੋਧ ਹੈ। ਨਾਗਪੁਰੀ ਸੱਭਿਆਚਾਰ ਵਿੱਚ ਰੰਗੇ ਹੋਏ ਖੱਟਰ ਨੂੰ ਸ਼ਾਇਦ ਸ਼ਾਂਤਮਈ ਰਹਿ ਕੇ ਅੰਗਰੇਜ਼ ਦੀਆਂ ਵਹਿਸ਼ੀ ਡਾਂਗਾਂ ਖਾਣ ਵਾਲ਼ੇ ਗੁਰੂ ਕੇ ਬਾਗ਼ ਦੇ ਅੰਦੋਲਨਕਾਰੀਆਂ ਅਤੇ ਆਪਣੇ ਲਹੂ ਤੇ ਮਿੱਝ ਦੇ ਖੋਭੇ ਵਿੱਚ ਰੇਲ-ਗੱਡੀ ਦੇ ਪਹੀਏ ਰੋਕ ਦੇਣ ਵਾਲ਼ੇ ਪੰਜਾ ਸਾਹਿਬ ਦੇ ਸਾਕੇ ਦੇ ਸ਼ਾਂਤਮਈ ਸੂਰਮਿਆਂ ਦਾ ਕੋਈ ਪਤਾ ਨਹੀਂ। ਇਹ ਤਾਂ ਕੁਝ ਦੂਰ ਦੀਆਂ ਗੱਲਾਂ ਹਨ, ਉਹ ਇਹ ਵੀ ਨਾ ਸਮਝ ਸਕਿਆ ਕਿ ਹਫ਼ਤਿਆਂ ਤੋਂ ਪੰਜਾਬ ਵਿੱਚ ਦਰਜਨਾਂ ਥਾਂਵਾਂ ਉੱਤੇ ਲੱਗੇ ਹੋਏ ਇਸ ਮੋਰਚੇ ਵਿੱਚ ਕਿਤੇ ਇੱਕ ਵੀ ਅਸੁਖਾਵੀਂ ਘਟਨਾ ਨਹੀਂ ਹੋਈ! ਇਉਂ ਕਿਸਾਨਾਂ ਦੇ ਹੋਸ਼ ਸਾਹਮਣੇ ਖੱਟਰ ਦੀਆਂ ਸਭ ਵਿਉਂਤਾਂ ਧਰੀਆਂ-ਧਰਾਈਆਂ ਰਹਿ ਗਈਆਂ।
ਕਿਸਾਨਾਂ ਦੇ ਸਿੰਘੂ ਹੱਦ ਉੱਤੇ ਪਹੁੰਚ ਜਾਣ ਮਗਰੋਂ “ਇਸ ਜੁੱਗ ਦਾ ਪ੍ਰਮੁੱਖ ਰਣਨੀਤੀ-ਘਾੜਾ” ਅਮਿੱਤ ਸ਼ਾਹ ਸਾਹਮਣੇ ਆਇਆ। ਉਹਨੇ ਬੜੇ ਪਿਆਰ-ਦੁਲਾਰ ਨਾਲ ਸੱਦਾ ਦਿੱਤਾ ਕਿ ਕਿਸਾਨ ਭਰਾ ਦਿੱਲੀ ਦੀ ਕੰਨੀ ਉੱਤੇ ਬੁਰਾੜੀ ਦੇ ਮੈਦਾਨ ਵਿੱਚ ਪਹੁੰਚਣ ਜਿੱਥੇ ਸਰਕਾਰ ਨੇ ਉਹਨਾਂ ਦੇ ਹਰ ਸੁਖ-ਆਰਾਮ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਰਣਨੀਤੀ ਪਿੱਛੇ ਵੀ ਕਿਸਾਨਾਂ ਨੂੰ ਸਾਧਾਰਨ-ਬੁੱਧ ਭੋਲ਼ੇ ਪੰਛੀ ਸਮਝਣ ਵਾਲੀ ਸੋਚ ਹੀ ਕੰਮ ਕਰ ਰਹੀ ਸੀ। ਕਿਸਾਨ ਗੁੱਝੀ ਚਾਲ ਸਮਝ ਗਏ ਕਿ ਸੁਰੱਖਿਆ ਦੇ ਨਾਂ ਉੱਤੇ ਪੁਲਸੀ ਘੇਰਾਬੰਦੀ ਕਰ ਕੇ ਉੱਥੋਂ ਉਹਨਾਂ ਨੂੰ ਨਾ ਕਿਤੇ ਜਾਣ ਦਿੱਤਾ ਜਾਵੇਗਾ ਤੇ ਉੱਥੇ ਬੈਠਿਆਂ ਦਾ ਨਾ ਉਹਨਾਂ ਦਾ ਕੋਈ ਦਬਾਅ ਰਹਿ ਜਾਵੇਗਾ। ਉਹਨਾਂ ਨੇ ਬੁਰਾੜੀ ਦੇ ਮੈਦਾਨ ਨੂੰ ਖੁੱਲ੍ਹੀ ਜੇਲ ਆਖ ਕੇ ਅਮਿੱਤ ਸ਼ਾਹ ਦੀ ਪ੍ਰਾਹੁਣਚਾਰੀ ਰੱਦ ਕਰ ਦਿੱਤੀ ਤੇ ਚੁਸਤ-ਚਲਾਕੀ ਠੁੱਸ ਕਰ ਦਿੱਤੀ।
ਇਹਦੇ ਨਾਲ ਹੀ ਗੋਦੀ ਮੀਡੀਆ ਦੀਆਂ ਸੰਗਲੀਆਂ ਵੀ ਖੋਲ੍ਹ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਦੇ ਸੂਚਨਾ ਤਕਨਾਲੋਜੀ ਸੈੱਲ ਦੇ ਮੁਖੀ ਅਮਿੱਤ ਮਾਲਵੀਆ ਨੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਤੇ ਮਾਓਵਾਦੀਆਂ ਨਾਲ ਜੁੜਿਆ ਆਖ ਕੇ ਉਹਨਾਂ ਨੂੰ ਰਾਹ ਦਿਖਾ ਦਿੱਤਾ। ਵਿਉਂਤ ਇਹ ਸੀ ਕਿ ਸਿੰਘੂ ਹੱਦ ਨੂੰ ਨਵਾਂ ਸ਼ਾਹੀਨ ਬਾਗ਼ ਆਖ ਕੇ, ਉੱਥੇ ਬੈਠਿਆਂ ਨੂੰ ਪਾਕਿਸਤਾਨੀ ਕਹਿਣ ਵਾਂਗ ਇੱਥੋਂ ਵਾਲਿਆਂ ਨੂੰ ਖਾਲਿਸਤਾਨੀ ਪਰਚਾਰ ਕੇ ਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਉੱਤੇ ਦੇਸ-ਧ੍ਰੋਹੀ ਹੋਣ ਦਾ ਠੱਪਾ ਲਾ ਕੇ ਮੋਰਚੇ ਦੇ ਹੌਸਲੇ ਪਸਤ ਕੀਤੇ ਜਾਣ। ਗੋਦੀ ਚੈਨਲਾਂ ਨੇ ਇਸ਼ਾਰਾ ਸਮਝ ਕੇ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਇਸ ਪ੍ਰਵਚਨ ਨੂੰ ਅੱਗੇ ਤੋਰਨ ਲਈ ਸਰਕਾਰ ਦੀ ਇੱਕ ਚਹੇਤੀ ਨੇ ਪੰਜਾਬ ਦੀਆਂ ਮਾਂਵਾਂ-ਦਾਦੀਆਂ ਨੂੰ ਸੌ ਰੁਪਏ ਦਿਹਾੜੀ ਲੈ ਕੇ ਆਈਆਂ ਸ਼ਾਹੀਨ ਬਾਗ਼ ਦੀਆਂ ਦਾਦੀਆਂ ਹੋਣ ਦੀ ਗਾਲ ਦੇ ਦਿੱਤੀ। ਇਹਨਾਂ ਲੋਕਾਂ ਨੂੰ ਇਹ ਸ਼ਰਮ ਵੀ ਨਹੀਂ ਕਿ ਅਨੇਕ ਸੂਰਤਾਂ ਵਿੱਚ ਪੁੱਤਰ ਚੀਨ ਤੇ ਪਾਕਿਸਤਾਨ ਤੋਂ ਦੇਸ ਦੀ ਧਰਤੀ ਬਚਾਉਣ ਲਈ ਜਾਨ ਤਲ਼ੀ ਉੱਤੇ ਰੱਖ ਕੇ ਸਰਹੱਦ ਦੀ ਪਹਿਰੇਦਾਰੀ ਕਰ ਰਹੇ ਹਨ ਤੇ ਬਜ਼ੁਰਗ ਪਿਓ ਆਪਣੇ ਉਹਨਾਂ ਸੈਨਿਕ ਪੁੱਤਰਾਂ ਦੀ ਧਰਤੀ ਬਚਾਉਣ ਲਈ ਕਿਸਾਨ ਮੋਰਚੇ ਵਿੱਚ ਜੂਝ ਰਹੇ ਹਨ। ਜਦੋਂ ਗੋਦੀ ਚੈਨਲਾਂ ਦੇ ਪੱਤਰਕਾਰਾਂ ਨੂੰ ਕਿਸਾਨਾਂ ਨੇ ਉਹਨਾਂ ਵਿੱਚੋਂ ਖਾਲਿਸਤਾਨੀ ਤੇ ਨਕਸਲੀਏ ਭਾਲ ਕੇ ਲਿਆਉਣ ਲਈ ਵੰਗਾਰਿਆ, ਉਹਨਾਂ ਨੂੰ ਇਸ ਕਸੂਤੀ ਹਾਲਤ ਵਿੱਚੋਂ ਨਿੱਕਲਣ ਦਾ ਕੋਈ ਰਾਹ ਨਹੀਂ ਸੀ ਮਿਲ ਰਿਹਾ। ਨਤੀਜੇ ਵਜੋਂ ਇਹ ਕੂੜ ਪਰਚਾਰ ਵੀ ਦਮ ਤੋੜ ਗਿਆ।
ਕਿਸਾਨ ਜਿਸ ਅਮਨ-ਚੈਨ ਤੇ ਮਾਣ-ਮਰਯਾਦਾ ਨਾਲ ਮੋਰਚਾ ਚਲਾ ਰਹੇ ਹਨ, ਉਹ ਦੇਸ ਵਿੱਚ ਹੀ ਨਹੀਂ, ਪਰਦੇਸਾਂ ਵਿੱਚ ਵੀ ਵਡਿਆਈ ਤੇ ਹਮਾਇਤ ਹਾਸਲ ਕਰ ਰਿਹਾ ਹੈ। ਗੱਲਬਾਤ ਸਮੇਂ ਕਿਸਾਨਾਂ ਦਾ ਸੁਚੱਜਾ-ਸਚਿਆਰਾ ਵਿਹਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਦੇ ਛੱਤੀ ਪਦਾਰਥਾਂ ਨੂੰ ਨਾਂਹ ਆਖ ਕੇ ਵਿਗਿਆਨ ਭਵਨ ਵਿੱਚ ਭੁੰਜੇ ਬੈਠ ਆਪਣਾ ਲੰਗਰ ਛਕ ਰਹੇ ਕਿਸਾਨ ਆਗੂਆਂ ਨੇ ਕਰੋੜਾਂ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਸਿਆਸਤ ਦੀ ਦੁਨੀਆ ਹੈਰਾਨ ਹੈ ਕਿ ਪਿਛਲੇ ਸੱਤ ਸਾਲਾਂ ਵਿੱਚ ਜਿਸ ਮੋਦੀ ਸਰਕਾਰ ਨੇ ਵਿਰੋਧੀ ਪੱਖ ਦੀ ਕੱਖ ਪਰਵਾਹ ਨਹੀਂ ਕੀਤੀ ਤੇ ਕੋਈ ਇੱਕ ਛੋਟੀ-ਮੋਟੀ ਮੰਗ ਵੀ ਪਰਵਾਨ ਨਹੀਂ ਕੀਤੀ, ਉਹ ਜਾਗਰਿਤ ਕਿਸਾਨਾਂ ਦੀ ਏਕਤਾ ਅੱਗੇ ਕਿਵੇਂ ਨਿਤਾਣੀ ਹੋਈ ਖਲੋਤੀ ਹੈ! ਇਸ ਕਿਸਾਨ ਮੋਰਚੇ ਦਾ ਨਤੀਜਾ ਕੀ ਨਿੱਕਲਦਾ ਹੈ, ਇਹ ਪਤਾ ਕੁਝ ਦਿਨਾਂ ਵਿੱਚ ਲੱਗੇਗਾ। ਵੱਡੀ ਗੱਲ ਇਹ ਹੈ ਕਿ ਨਤੀਜੇ ਤੋਂ ਪਹਿਲਾਂ ਹੀ ਇਸ ਨੇ ਲੋਕ-ਸੰਗਰਾਮਾਂ ਦੇ ਇਤਿਹਾਸ ਵਿੱਚ ਇੱਕ ਨਹੀਂ, ਕਈ ਸੁਨਹਿਰੀ ਕਾਂਡ ਲਿਖ ਵੀ ਦਿੱਤੇ ਹਨ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2454)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)