GurbachanSBhullar7ਨਿਘੋਚਾਂ ਤੇ ਕਿੜਾਂ ਕੱਢਣ ਵਾਲੀਆਂ ਮੁਲਾਕਾਤਾਂ ਸਿਆਸਤ ਵਰਗੇ ਖੇਤਰ ਵਿਚ ਤਾਂ ਹੋ ਸਕਦੀਆਂ ਹਨਸਾਹਿਤ ਤੇ ਕਲਾ ਦੇ ...SatnamDhah7
(22 ਜੂਨ 2023)


RangAapoAapneਪੰਜਾਬ ਵਿਚ ਸਦੀਆਂ ਤੋਂ ਇਕਪਾਸੀ ਪ੍ਰਵਚਨੀ ਪ੍ਰੰਪਰਾ ਚੱਲੀ ਆਈ ਸੀ। ਇਸ ਵਿਚ ਉੱਚੇ ਥੜ੍ਹੇ ਉੱਤੇ ਬੈਠਾ ਸਿਆਣਾ ਪ੍ਰਵਚਨ ਕਰਦਾ ਸੀ ਤੇ ਮੂਕ ਸਰੋਤੇ ਸੁਣਦੇ ਸਨ ਤੇ ਸੰਤੁਸ਼ਟ ਹੋ ਜਾਂਦੇ ਸਨ। ਜਗਿਆਸੂ ਸਰੋਤਿਆਂ ਦੇ ਸਵਾਲ ਪੁੱਛਣ ਅਤੇ ਗਿਆਨਵਾਨ ਦੇ ਉੱਤਰ ਦੇਣ ਦੀ ਕੋਈ ਰੀਤ ਨਹੀਂ ਸੀ। ਦੋ ਜਾਂ ਵੱਧ ਬੰਦਿਆਂ ਦੇ ਸੰਵਾਦ ਨੂੰ ਮਹੱਤਵ ਦੇਣ ਦਾ ਮਾਣ ਸਾਡੇ ਸੂਫ਼ੀ ਸੰਤਾਂ
, ਭਗਤਾਂ ਤੇ ਗੁਰੂ ਸਾਹਿਬਾਨ ਨੂੰ ਜਾਂਦਾ ਹੈ। ਬਾਬਾ ਬੁੱਲ੍ਹੇ ਸ਼ਾਹ ਆਖਦੇ ਹਨ, “ਰਲ ਫ਼ਕੀਰਾਂ ਮਜਲਸ ਕੀਤੀ …” ਵਾਰਿਸ ਸ਼ਾਹ ਹੀਰ ਦੇ ਇਸ਼ਕ ਦੇ ਕਿੱਸੇ ਦਾ ਆਨੰਦ ਲੈਣ ਲਈ “ਯਾਰਾਂ ਨਾਲ ਮਜਲਸਾਂ ਵਿਚ ਬਹਿ ਕੇ” ਪੜ੍ਹਨ ਦੀ ਸਲਾਹ ਦਿੰਦੇ ਹਨ। ਸੰਤਾਂ, ਭਗਤਾਂ ਤੇ ਗੁਰੂ ਸਾਹਿਬਾਨ ਨੇ ਸੰਵਾਦ ਲਈ ਬਹੁਤ ਖ਼ੂਬਸੂਰਤ ਸ਼ਬਦ ਗੋਸ਼ਟਿ ਵਰਤਿਆ।

ਇਸੇ ਪ੍ਰੰਪਰਾ ਦੇ ਵਰਤਮਾਨ ਸਵਾਲ-ਜਵਾਬੀ ਰੂਪ ਨੂੰ ਇੰਟਰਵਿਊ, ਸਾਖਿਆਤਕਾਰ, ਮੁਲਾਕਾਤ, ਆਦਿ ਦਾ ਨਾਂ ਮਿਲਿਆ। ਕਈ ਵਾਰ ਮੁਲਾਕਾਤੀ ਸਵਾਲ ਪਹਿਲਾਂ ਹੀ ਲਿਖ ਕੇ ਲੈ ਜਾਂਦਾ ਹੈ ਤੇ ਉਹਨਾਂ ਦੇ ਜਵਾਬਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ। ਅਜਿਹੀ ਮੁਲਾਕਾਤ ਨੀਰਸ ਤੇ ਪੱਤਰਕਾਰਾਨਾ ਬਣ ਕੇ ਰਹਿ ਜਾਂਦੀ ਹੈ। ਸਾਹਿਤਕ ‘ਮੁਲਾਕਾਤ’ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਸੱਚੇ ਅਰਥਾਂ ਵਿਚ ‘ਮੁਲਾਕਾਤ’ ਹੋਵੇ, ਭਾਵ ਜੋ ਦੋਵਾਂ ਵਿਚਕਾਰ ਸੁਭਾਵਿਕ ਗੱਲਬਾਤ ਹੋਵੇ ਅਤੇ ਸੁਭਾਵਿਕ ਗੱਲਬਾਤ ਵਾਂਗ ਹੀ ਜਵਾਬਾਂ ਵਿੱਚੋਂ ਨਵੇਂ ਸਵਾਲ ਨਿੱਕਲਦੇ ਰਹਿਣ ਤੇ ਉਹ ਨਵੇਂ ਜਵਾਬ ਸਾਹਮਣੇ ਲਿਆਉਂਦੇ ਰਹਿਣ।

ਸਤਨਾਮ ਸਿੰਘ ਢਾਅ ਦੀ ਪੁਸਤਕ ‘ਰੰਗ ਆਪੋ ਆਪਣੇ’ ਵਿਚ ਸ਼ਾਮਲ ‘ਮੁਲਾਕਾਤਾਂ’ ਇਸੇ ਸੰਵਾਦੀ ਸੁਭਾਅ ਵਾਲੀਆਂ ਹਨ। ਬਹੁਤ ਵਾਰ ਜਵਾਬ ਵਿੱਚੋਂ ਨਵੇਂ ਸਵਾਲ ਨਿੱਕਲਦੇ ਹਨ ਤੇ ਇਉਂ ਗੱਲ ਵਾਸਤੇ ਪਹਿਲਾਂ ਤੋਂ ਮਿਥੇ ਕਿਸੇ ਚੌਖਟੇ ਵਿਚ ਬੰਦ ਰਹਿਣ ਦੀ ਥਾਂ ਖੁੱਲ੍ਹੀ ਉਡਾਰੀ ਭਰਨ ਦੀ ਸੰਭਾਵਨਾ ਤੇ ਖੁੱਲ੍ਹ ਬਣੀ ਰਹਿੰਦੀ ਹੈ। ਜਿਨ੍ਹਾਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਗਈ ਹੈ, ਭਾਵੇਂ ਉਹਨਾਂ ਦਾ ਨਾਂ ਮੁੱਖ ਰੂਪ ਵਿਚ ਕਿਸੇ ਇਕ ਖੇਤਰ ਨਾਲ ਜੁੜਿਆ ਹੋਇਆ ਹੈ, ਪਰ ਢਾਅ ਉਸੇ ਖੇਤਰ ਤੱਕ ਸੀਮਤ ਨਹੀਂ ਰਿਹਾ। ਉਹਨੇ ਸੰਬੰਧਿਤ ਵਿਅਕਤੀ ਦੇ ਭਰਪੂਰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਪੁਸਤਕ ਦੀ ਇਕ ਜ਼ਿਕਰਜੋਗ ਗੱਲ ਇਹ ਹੈ ਕਿ ਇਹ ਸ਼ਬਦ ਦੇ ਖੇਤਰ, ਭਾਵ ਸਾਹਿਤ ਤੇ ਪੱਤਰਕਾਰੀ ਤੋਂ ਬਾਹਰ ਜਾ ਕੇ ਹੋਰ ਖੇਤਰਾਂ ਦੀਆਂ ਸ਼ਖ਼ਸੀਅਤਾਂ ਤੱਕ ਵੀ ਪਹੁੰਚਦੀ ਹੈ। ਸੰਬੰਧਿਤ ਵਿਅਕਤੀ ਦੀ ਤਸਵੀਰ, ਹੱਥਲਿਖਤ ਤੇ ਖਾਸ ਕਰ ਕੇ ਉਹਦੀ ਜਾਣ-ਪਛਾਣ ਕਰਵਾਉਂਦੀ ਸੰਖੇਪ ਲਿਖਤ ਸੁਆਦੀ ਭੋਜਨ ਤੋਂ ਪਹਿਲਾਂ ਵਾਲੇ ਸੂਪ ਵਾਂਗ ਮੁਲਾਕਾਤ ਪੜ੍ਹਨ ਲਈ ਪਾਠਕ ਦੀ ਭੁੱਖ ਨੂੰ ਤਿੱਖੀ ਕਰ ਦਿੰਦੀਆਂ ਹਨ। ਜਿੱਥੇ ਸਾਹਿਤ ਤੇ ਪੱਤਰਕਾਰੀ ਨਾਲ ਸੰਬੰਧਿਤ ਮੁਲਾਕਾਤਾਂ ਤੋਂ ਸਤਨਾਮ ਸਿੰਘ ਢਾਅ ਦੇ ਰਸੀਆ ਪਾਠਕ ਹੋਣ ਦਾ ਪਤਾ ਲਗਦਾ ਹੈ, ਉੱਥੇ ਬਾਕੀ ਮੁਲਾਕਾਤਾਂ ਉਹਦੀ ਵਰਤਮਾਨ ਸਮਾਜਕ ਹਾਲਤ ਵਿਚ ਡੂੰਘੀ ਦਿਲਸਚਪੀ ਨੂੰ ਉਜਾਗਰ ਕਰਦੀਆਂ ਹਨ। ਉਹਦੀ ਸਮਾਜਕ ਸੋਚ ਅਤੇ ਵਿਚਾਰਧਾਰਾ ਤਾਂ ਪੁਸਤਕ ਦੇ ਪਾਠ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦਿੱਲੀ ਦੀ ਦੇਹਲ਼ੀ ਉੱਤੇ ਸ਼ਹੀਦ ਹੋਏ ਸੰਘਰਸ਼ੀ ਕਿਸਾਨਾਂ ਨੂੰ ਸਮਰਪਨ ਤੋਂ ਹੀ ਸਪਸ਼ਟ ਹੋ ਜਾਂਦੀ ਹੈ।

ਢਾਅ ਦੀ ਮੁਲਾਕਾਤਾਂ ਦੀ ਇਹ ਤੀਜੀ ਪੁਸਤਕ ਹੈ। ਇਸ ਪੜਾਅ ਉੱਤੇ ਇਕ ਮੁਲਾਕਾਤੀ ਵਜੋਂ ਉਸ ਦੀ ਕਲਮ ਵਿਚ ਪਕਿਆਈ ਆ ਜਾਣੀ ਸੁਭਾਵਿਕ ਸੀ। ਮੁਲਾਕਾਤੀ ਵਜੋਂ ਉਹਦਾ ਇਕ ਹੋਰ ਗੁਣ ਸੁਹਿਰਦਤਾ ਹੈ। ਨਿਘੋਚਾਂ ਤੇ ਕਿੜਾਂ ਕੱਢਣ ਵਾਲੀਆਂ ਮੁਲਾਕਾਤਾਂ ਸਿਆਸਤ ਵਰਗੇ ਖੇਤਰ ਵਿਚ ਤਾਂ ਹੋ ਸਕਦੀਆਂ ਹਨ, ਸਾਹਿਤ ਤੇ ਕਲਾ ਦੇ ਦੁਆਰ ਜੁੱਤੀ ਬਾਹਰ ਉਤਾਰ ਕੇ ਨੰਗੇ ਪੈਰੀਂ ਜਾਣਾ ਹੀ ਸ਼ੋਭਦਾ ਹੈ। ਇਹ ਮੁਲਾਕਾਤਾਂ ਇਸੇ ਭਾਵਨਾ ਨਾਲ ਕੀਤੀਆਂ ਗਈਆਂ ਹਨ। ਇਸੇ ਕਰਕੇ ਤੁਸੀਂ ਕੋਈ ਵੀ ਮੁਲਾਕਾਤ ਪੜ੍ਹ ਲਵੋ, ਪੁਸਤਕ ਰੱਖ ਕੇ ਤੁਹਾਨੂੰ ਇਉਂ ਲੱਗੇਗਾ ਜਿਵੇਂ ਤੁਸੀਂ ਹੁਣੇ-ਹੁਣੇ ਉਸ ਸੱਜਣ ਨੂੰ ਆਪ ਮਿਲ ਕੇ ਆਏ ਹੋਵੋ!

ਸਮਾਜ ਦੇ ਕਿਸੇ ਵੀ ਖੇਤਰ ਵਿਚ ਲੋਕ-ਹਿਤੈਸ਼ੀ ਹਿੱਸਾ ਪਾਉਣ ਵਾਲਿਆਂ ਦੀਆਂ ਕਰਨੀਆਂ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਮਹੱਤਵਪੂਰਨ ਅਤੇ ਸ਼ੁਭ ਕਾਰਜ ਹੈ। ਆਸ ਹੈ, ਸਤਨਾਮ ਸਿੰਘ ਢਾਅ ਇਹ ਕਾਰਜ ਜਾਰੀ ਰੱਖੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4047)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author