GurbachanBhullar7“ਇੰਨੇ ਅਸ਼ਲੀਲ ਨਾਵਲ ਨੂੰ ਸਾਹਿਤ ਅਕਾਦਮੀ ਨੇ ਇਨਾਮ ਕਿਵੇਂ ਤੇ ਕਿਉਂ ਦੇ ਦਿੱਤਾ ...”
(7 ਦਸੰਬਰ 2018)

 

ਲੋਕ-ਵੇਦ ਵਿਚ ਇਹ ਕਥਨ ਸ਼ਾਇਦ ਸਾਹਿਤ ਅਕਾਦਮੀ ਦੇ ਇਨਾਮਾਂ ਬਾਰੇ ਹੀ ਉਚਾਰਿਆ-ਚਿਤਾਰਿਆ ਗਿਆ ਸੀ: ਦੇ ਦੀਆ ਤੋ ਦੂਧ ਬਰਾਬਰ, ਮਾਂਗ ਲੀਆ ਤੋ ਪਾਨੀ! ਭਾਵ, ਜੇ ਇਨਾਮ ਲੇਖਕ ਦੀ ਕਲਮ ਦੀ ਕਮਾਈ ਦੀ ਕਦਰ ਕਰਦਿਆਂ ਅਕਾਦਮੀ ਨੇ ਆਪੇ ਦੇ ਦਿੱਤਾ, ਉਹ ਦੁੱਧ ਦੇ ਬਰਾਬਰ ਹੈ, ਪਰ ਜੇ ਉਹੋ ਇਨਾਮ ਜੁਗਾੜ ਕਰ ਕੇ, ਜਤਨ ਕਰ ਕੇ, ਮੰਗ ਕੇ ਲਿਆ, ਉਹ ਪਾਣੀ ਬਰਾਬਰ ਹੈ! ਲੇਖਕਾਂ ਵਾਸਤੇ ਸਾਹਿਤ ਅਕਾਦਮੀ ਇਨਾਮ ਦੀ ਕਦਰ-ਕੀਮਤ ਮੇਘਲੇ ਵਾਲ਼ੀ ਹੈਜਿੱਥੇ ਵਰ੍ਹ ਜਾਂਦਾ ਹੈ, ਲਹਿਰ-ਬਹਿਰ ਹੋ ਜਾਂਦੀ ਹੈ ਤੇ ਜਿੱਥੇ ਔੜ ਰਹਿ ਜਾਂਦੀ ਹੈ, ਦਿਲ ਦਾ ਕੰਵਲ ਮੁਰਝਾ ਜਾਂਦਾ ਹੈ

1955 ਤੋਂ ਸ਼ੁਰੂ ਹੋਏ ਸਾਹਿਤ ਅਕਾਦਮੀ ਇਨਾਮਾਂ ਨੇ 2017 ਤੱਕ ਪਹੁੰਚਦਿਆਂ ਬੜਾ ਕੁਝ ਦੇਖਿਆ ਵੀ ਹੈ ਤੇ ਦਿਖਾਇਆ ਵੀ ਹੈਇਹਨਾਂ 61 ਸਾਲਾਂ ਵਿਚ 55 ਇਨਾਮ ਪੰਜਾਬੀ ਦੀ ਝੋਲ਼ੀ ਪਏ ਹਨ1957, 1958, 1960, 1963, 1966 ਤੇ 1970 ਵਿਚ ਪੰਜਾਬੀ ਦਾ ਇਨਾਮ ਖੁੰਝਦਾ ਰਿਹਾ ਸੀਅਜਿਹਾ ਇਨਾਮ ਦੀ ਚੋਣ ਕਰਨ ਵਾਲ਼ਿਆਂ ਦੀ ਆਪਸੀ ਅਸਹਿਮਤੀ ਕਾਰਨ ਜਾਂ ਉਹਨਾਂ ਨੂੰ ਕੋਈ ਪੁਸਤਕ ਇਨਾਮ ਦੇ ਜੋਗ ਨਾ ਲੱਗੀ ਹੋਣ ਕਾਰਨ ਹੋ ਜਾਂਦਾ ਸੀ

ਕੋਈ ਇਨਾਮ ਕਿੰਨੀ ਵੀ ਨਿਰਪੱਖਤਾ ਨਾਲ਼ ਦਿੱਤਾ ਜਾਵੇ ਤੇ ਉਹਦਾ ਪਰਾਪਤ-ਕਰਤਾ ਕਿੰਨਾ ਵੀ ਹੱਕਦਾਰ ਹੋਵੇ, ਸਰਬ-ਪਰਵਾਨਗੀ ਮੁਸ਼ਕਿਲ, ਸਗੋਂ ਅਸੰਭਵ ਹੁੰਦੀ ਹੈਪਿਉ-ਦਾਦਿਆਂ ਦੇ ਨਾਂ ਨਾਲ਼ ਕਾਇਮ ਕੀਤੇ ਗਏ ਛੋਟੇ-ਮੋਟੇ ਘਰੇਲੂ ਇਨਾਮਾਂ ਤੋਂ ਲੈ ਕੇ ਨੋਬਲ ਇਨਾਮ ਤੱਕ ਵਿਵਾਦ ਅਕਸਰ ਭਖੇ ਰਹਿੰਦੇ ਹਨਸਾਹਿਤ ਅਕਾਦਮੀ ਤਾਂ ਆਪਣੇ ਹਿੱਸੇ ਨਾਲ਼ੋਂ ਬਹੁਤ ਵੱਧ ਵਿਵਾਦਾਂ ਦਾ ਪਿੜ ਬਣੀ ਰਹੀ ਹੈ ਤੇ ਨੁਕਤਾਚੀਨੀ ਦਾ ਨਿਸ਼ਾਨਾ ਬਣਨ ਲਈ ਇਹ ਵਾਰ ਵਾਰ ਆਪ ਹੀ ਕਾਰਨ ਦਿੰਦੀ ਰਹੀ ਹੈਅਕਾਦਮੀ ਨੇ ਨੈੱਟ ਉੱਤੇ ਚਾੜ੍ਹੇ ਹੋਏ ਆਪਣੇ ਵੇਰਵੇ ਵਿਚ ਆਪ ਲਿਖਿਆ ਹੋਇਆ ਹੈ, “ਖ਼ੁਸ਼ਵੰਤ ਸਿੰਘ ਵਰਗੇ ਲੇਖਕਾਂ ਨੇ ਇਸ ਆਧਾਰ ਉੱਤੇ ਸਾਹਿਤ ਅਕਾਦਮੀ ਦੀ ਬਹੁਤ ਸਖ਼ਤ ਆਲੋਚਨਾ ਵੀ ਕੀਤੀ ਹੈ ਕਿ ਇਨਾਮ ਦੇਣ ਦੇ ਸੰਬੰਧ ਵਿਚ ਇਹਨੇ ਮਾਣਜੋਗ ਲੇਖਕਾਂ ਨੂੰ ਅੱਖੋਂ ਓਹਲੇ ਕੀਤਾ ਹੈ ਅਤੇ ਗ਼ੈਰ-ਮਿਆਰੀ ਲੇਖਕਾਂ ਨੂੰ ਤੇ ਘਟੀਆ ਮਿਆਰ ਦੀਆਂ ਸਾਹਿਤਕ ਰਚਨਾਵਾਂ ਨੂੰ ਸਨਮਾਨਿਆ ਹੈ।”

ਗੱਲ ਇੱਥੇ ਪਹੁੰਚਦੀ ਹੈ ਤਾਂ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਕਿਸੇ ਲੇਖਕ ਦੇ ਮਿਆਰੀ ਜਾਂ ਗ਼ੈਰ-ਮਿਆਰੀ ਹੋਣ ਦਾ ਨਿਤਾਰਾ ਕੌਣ ਕਰੇ! ਲੇਖਕ ਤਾਂ ਹਰ ਕੋਈ ਨੌਂ-ਗ਼ਜ਼ੀਆ ਹੈਅਜਿਹੇ ਬੇ-ਸਿੱਟਾ ਮੁੱਦੇ ਲਾਂਭੇ ਛੱਡ ਕੇ ਅਕਾਦਮੀ ਦੇ ਕੁਝ ਅਜਿਹੇ ਮਿਲੇ ਤੇ ਅਣਮਿਲੇ ਇਨਾਮਾਂ ਨੂੰ ਚੇਤੇ ਕਰਨਾ ਦਿਲਚਸਪ ਰਹੇਗਾ ਜੋ ਚਰਚਾ ਦਾ ਵਿਸ਼ਾ ਬਣੇ

1955-2017 ਦੇ ਇਨਾਮਾਂ ਦੀ ਸੂਚੀ ਉੱਤੇ ਨਜ਼ਰ ਮਾਰਿਆਂ ਮਨ ਵਿਚ ਦੋ ਨਾਂ ਅਜਿਹੇ ਉੱਭਰਦੇ ਹਨ ਜਿਨ੍ਹਾਂ ਦਾ ਉਸ ਵਿਚ ਸ਼ਾਮਲ ਨਾ ਹੋਣਾ ਕਿਸੇ ਤਰ੍ਹਾਂ ਵੀ ਕੋਈ ਸਾਧਾਰਨ ਗੱਲ ਨਹੀਂਇਕ ਗੁਰਬਖ਼ਸ਼ ਸਿੰਘ ਤੇ ਦੂਜਾ ਦੇਵਿੰਦਰ ਸਤਿਆਰਥੀਲਗਦਾ ਹੈ ਕਿ ਸਾਹਿਤ ਅਕਾਦਮੀ ਦੇ ਉਹਨਾਂ ਮੁਕਾਬਲਤਨ ਭਲੇ ਵੇਲਿਆਂ ਵਿਚ ਵੀ ਇਨਾਮ ਦੀ ਖਿੱਚ ਏਨੀ ਕੁ ਮਿਕਨਾਤੀਸੀ ਹੈ ਸੀ ਕਿ ਇਹਨਾਂ ਦੋ ਨਾਂਵਾਂ ਦਾ ਸੂਚੀ ਵਿਚ ਨਾ ਹੋਣਾ ਇਸ ਖਿੱਚ ਦਾ ਤੇ ਇਸ ਦੇ ਨਤੀਜੇ ਵਜੋਂ ਹੋਈ ਗੁੱਝੀ ਖਿੱਚ-ਧੂਹ ਦਾ ਹੀ ਨਤੀਜਾ ਸੀਇਹਨਾਂ ਦੋਵਾਂ ਵਿੱਚੋਂ ਸਤਿਆਰਥੀ ਨੂੰ ਇਨਾਮ ਤੋਂ ਵਿਰਵਾ ਰੱਖੇ ਜਾਣਾ ਬਹੁਤਾ ਦੁਖਦਾਈ ਹੈ ਕਿਉਂਕਿ ਗੁਰਬਖ਼ਸ਼ ਸਿੰਘ ਨੂੰ ਇਨਾਮ ਦੇਣ ਦਾ ਫ਼ੈਸਲਾ ਇਕ ਵਾਰ ਘੱਟੋ-ਘੱਟ ਹੋ ਤਾਂ ਗਿਆ ਸੀ ਜੋ ਐਨ ਅੰਤਲੇ ਪਲ ਖੁੰਝ ਗਿਆਤੇ ਫੇਰ ਸਾਹਿਤ ਅਕਾਦਮੀ ਨੇ 1977 ਵਿਚ ਹੋਏ ਉਹਨਾਂ ਦੇ ਸਵਰਗਵਾਸ ਤੋਂ ਬਹੁਤ ਪਹਿਲਾਂ, 1971 ਵਿਚ ਉਹਨਾਂ ਨੂੰ ਫ਼ੈਲੋਸ਼ਿਪ ਦੇ ਕੇ, ਜਿਸ ਦਾ ਦਰਜਾ ਇਨਾਮ ਤੋਂ ਉੱਚਾ ਮੰਨਿਆ ਜਾਂਦਾ ਹੈ, ਇਹ ਕਸਰ ਪੂਰੀ ਕਰ ਦਿੱਤੀ ਸੀਇਹਦੇ ਉਲਟ ਸਤਿਆਰਥੀ ਬਿਲਕੁਲ ਸੁੱਕੇ ਰਹਿ ਗਏਉਹਨਾਂ ਦਾ ਦਿਹਾਂਤ 2003 ਵਿਚ ਹੋਇਆ ਤੇ ਮੈਂ ਉਹਨਾਂ ਦੇ ਸ਼ੁਭਚਿੰਤਕਾਂ ਵਲੋਂ ਉਹਨਾਂ ਨੂੰ ਦੱਸੇ ਬਿਨਾਂ ਉਹਨਾਂ ਦੇ ਇਨਾਮ ਲਈ ਕੀਤੇ ਜਾਂਦੇ ਰਹੇ ਜਤਨਾਂ ਦਾ ਚਸ਼ਮਦੀਦ ਗਵਾਹ ਹਾਂਭਾਪਾ ਪ੍ਰੀਤਮ ਸਿੰਘ ਨੇ ਤਾਂ ਕਈ ਵਾਰ ਉਹਨਾਂ ਦੀਆਂ ਨਵੀਆਂ ਪੁਸਤਕਾਂ ਉਚੇਚੀਆਂ ਇਸ ਮੰਤਵ ਲਈ ਢੁੱਕਵੇਂ ਸਮੇਂ ਛਾਪੀਆਂ

ਸਤਿਆਰਥੀ ਫ਼ੱਕਰ-ਫ਼ਕੀਰ ਬੰਦੇ ਸਨਕਦੀ ਜੇ ਇਹ ਗੱਲ ਚੱਲ ਪੈਂਦੀ ਤਾਂ ਆਖਦੇ,ਜਦੋਂ ਇਹ ਇਨਾਮ ਕਿਸੇ ਵੀ ਹੋਰ ਲੇਖਕ ਨੂੰ ਮਿਲਦਾ ਹੈ, ਉਹ ਵੀ ਮੈਨੂੰ ਹੀ ਮਿਲਦਾ ਹੈਦੇਖੋ ਨਾ ਭੁੱਲਰ ਜੀ, ਆਖ਼ਰ ਇਨਾਮ ਮਿਲਿਆ ਤਾਂ ਸਾਹਿਤ ਨੂੰ ਹੀ ਹੈ ਨਾ ਤੇ ਸਾਹਿਤ ਵਿਚ ਮੇਰਾ ਵੀ ਤਾਂ ਸੀਰ ਹੈ! ਸਗੋਂ ਸਾਹਿਤ ਅਕਾਦਮੀ ਦਾ ਇਨਾਮ ਕੀ, ਜਦੋਂ ਕਿਸੇ ਲੇਖਕ ਨੂੰ ਨੋਬਲ ਇਨਾਮ ਮਿਲਦਾ ਹੈ, ਉਹ ਵੀ ਨਾਲ਼ ਹੀ ਮੈਨੂੰ ਵੀ ਮਿਲਦਾ ਹੈ।”

ਗੁਰਬਖ਼ਸ਼ ਸਿੰਘ ਦਾ ਇਨਾਮ ਆਖ਼ਰੀ ਪਲ ਖੁੰਝ ਜਾਣ ਦੇ ਅਸਲ ਕਿੱਸੇ ਦਾ ਤਾਂ ਹੁਣ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਉਹਨਾਂ ਦੇ ਪੱਕੇ ਹੋ ਚੁੱਕੇ ਇਨਾਮ ਨਾਲ ਤਾਂ ਇਸ ਕਥਨ ਵਾਲ਼ੀ ਹੋਈ: ਪੱਕੀ ਖੇਤੀ ਦੇਖ ਕੇ ਗਰਵ ਕਰੇ ਕਿਰਸਾਨ, ਝੱਖੜ-ਝਾਂਜਾ ਸਿਰ ਖੜ੍ਹਾ, ਘਰ ਆਵੇ ਤਾਂ ਜਾਣ! ਇਹ ਵੀ ਕੁਦਰਤ ਦਾ ਵਿਅੰਗ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਇਹ ਇਨਾਮ ਉਹਨਾਂ ਦੇ ਪ੍ਰਸ਼ੰਸਕ ਤੇ ਸ਼ੁਭ-ਚਿੰਤਕ ਜਵਾਹਰਲਾਲ ਨਹਿਰੂ ਸਦਕਾ ਖੁੰਝਿਆ ਜੋ ਇਕ ਵਾਰ ਗੁਰਬਖ਼ਸ਼ ਸਿੰਘ ਦੇ ਆਦਰਸ਼ਕ ਨਗਰ ਦੇ ਸੁਫ਼ਨੇ ਦੀ ਸਾਕਾਰਤਾ ਨੂੰ ਦੇਖਣ ਪ੍ਰੀਤਨਗਰ ਜਾ ਪਹੁੰਚੇ ਸਨ

ਪ੍ਰਧਾਨ ਵਜੋਂ ਜਵਾਹਰਲਾਲ ਨਹਿਰੂ ਸਾਹਿਤ ਅਕਾਦਮੀ ਦੇ ਸਭ ਕੰਮਾਂ ਨਾਲ਼ ਜੁੜੇ ਰਹਿੰਦੇ ਸਨ ਜਿਨ੍ਹਾਂ ਵਿਚ ਇਨਾਮਾਂ ਦਾ ਨਿਰਣਾ ਵੀ ਸ਼ਾਮਲ ਸੀਕੁਦਰਤੀ ਸੀ ਕਿ ਉਹਨਾਂ ਵਾਸਤੇ ਘੰਟਿਆਂ-ਬੱਧੀ ਸਮਾਂ ਦੇਣਾ ਸੰਭਵ ਨਹੀਂ ਸੀਤਾਂ ਵੀ ਇਨਾਮਾਂ ਦੇ ਐਲਾਨ ਤੋਂ ਪਹਿਲਾਂ ਉਹ ਇਕੱਲੇ ਇਕੱਲੇ ਨਾਂ ਬਾਰੇ ਜਾਣਕਾਰੀ ਜ਼ਰੂਰ ਲੈਂਦੇ ਸਨਇਕ ਵਾਰ ਪੰਜਾਬੀ ਦੇ ਨਿਰਣੇਕਾਰਾਂ ਨੇ ਇਨਾਮ ਲਈ ਗੁਰਬਖ਼ਸ਼ ਸਿੰਘ ਦੀ ਪੁਸਤਕ ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆਦੀ ਚੋਣ ਕਰ ਲਈ ਸੀਨਹਿਰੂ ਆਏ ਤੇ ਮੇਜ਼ ਉੱਤੇ ਸਜਾਈਆਂ ਹੋਈਆਂ ਇਨਾਮੀ ਪੁਸਤਕਾਂ ਦੇ ਲੇਖਕਾਂ ਤੇ ਵਿਸ਼ਿਆਂ ਬਾਰੇ ਇਕ ਇਕ ਕਰ ਕੇ ਪੁੱਛਣ ਲੱਗੇਜਦੋਂ ਨਹਿਰੂ ਨੇ ਪੰਜਾਬੀ ਪੁਸਤਕ ਚੁੱਕੀ, ਪੰਜਾਬੀ ਦੇ ਕਨਵੀਨਰ ਮੋਹਨ ਸਿੰਘ ਨੇ ਦੱਸਿਆ,ਇਹ ਗੁਰਬਖ਼ਸ਼ ਸਿੰਘ ਦੀ ਪੁਸਤਕ ਹੈ, ਪੁਨਰ-ਕਥੀਆਂ ਪੰਜਾਬੀ ਪ੍ਰੇਮ-ਕਥਾਵਾਂ (ਪੰਜਾਬੀ ਲਵ-ਟੇਲਜ਼ ਰੀਟੋਲਡ)।” ਮੋਹਨ ਸਿੰਘ ਨੂੰ ਆਸ ਸੀ ਕਿ ਗੁਰਬਖ਼ਸ਼ ਸਿੰਘ ਦਾ ਨਾਂ ਸੁਣਦਿਆਂ ਹੀ ਨਹਿਰੂ ਕੋਈ ਪ੍ਰਸ਼ੰਸਾ-ਭਰੀ ਟਿੱਪਣੀ ਕਰਦਿਆਂ ਸਹਿਮਤ ਹੋ ਜਾਣਗੇਪਰ ਉਹਨਾਂ ਨੇ ਪੁਸਤਕ ਰੱਖਦਿਆਂ ਕਿਹਾ,ਪੁਨਰ-ਕਥੀਆਂ ਵਿਚ ਮੌਲਕ ਕੀ ਹੈ (ਵ੍ਹਟ ਇਜ਼ ਉਰਿਜਿਨਲ ਇਨ ਰੀਟੋਲਡ)!ਤੇ ਬੱਸ ਇਸ ਟਿੱਪਣੀ ਕਾਰਨ ਗੁਰਬਖ਼ਸ਼ ਸਿੰਘ ਦਾ ਇਨਾਮ ਖੁੰਝ ਗਿਆ

ਪੂਰੀ ਸੂਚੀ ਵਿਚ ਅੱਧੀ ਕੁ ਦਰਜਨ ਨਾਂ ਅਜਿਹੇ ਹਨ ਜਿਨ੍ਹਾਂ ਦੇ ਐਲਾਨੇ ਜਾਣ ਨਾਲ਼ ਸਾਹਿਤਕ ਹਲਕਿਆਂ ਵਿਚ ਹੈਰਾਨੀ ਵੀ ਹੋਈ ਤੇ ਨੁਕਤਾਚੀਨੀ ਵੀ ਕੀਤੀ ਗਈਕਦੀ ਕਦੀ ਸਰਕਾਰੀ ਪ੍ਰਭਾਵ ਦੀਆਂ ਸੋਆਂ ਵੀ ਆਈਆਂਸੁਣਿਆ ਹੈ, ਓਦੋਂ ਸਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਦੇ ਸੁਨੇਹੇ ਦਾ ਵੀ ਕੁਝ ਅਸਰ ਹੋ ਜਾਂਦਾ ਸੀਇਸੇ ਕਰਕੇ ਇਹਨਾਂ ਇਨਾਮਾਂ ਵੇਲੇ ਇਕ-ਅੱਧ ਵਾਰ ਅਜਿਹੀਆਂ ਅਫ਼ਵਾਹਾਂ ਵੀ ਸੁਣਨ ਵਿਚ ਆਈਆਂ ਕਿ ਕਿਸ ਇਨਾਮ-ਅਭਿਲਾਸ਼ੀ ਲੇਖਕ ਨੇ ਇਨਾਮਾਂ ਦਾ ਫ਼ੈਸਲਾ ਕਰਨ ਵਾਲ਼ੀ ਮੀਟਿੰਗ ਤੋਂ ਪਹਿਲਾਂ ਦਿੱਲੀ ਵਿਚ ਕੀਹਦੇ ਕੋਲ਼ ਨਿਵਾਸ ਕੀਤਾ ਸੀਦੋ-ਚਾਰ ਵਾਰ ਇਹ ਵੀ ਸੁਣਨ ਨੂੰ ਮਿਲਿਆ ਕਿ ਕਿਸ ਨੇ ਕਿਸ ਤੋਂ ਕਿਸ ਨੂੰ ਆਪਣੇ ਪੱਖ ਵਿਚ ਅਖਵਾਇਆ ਸੀਕੁਝ ਪੁਰਸਕਾਰ ਅਜਿਹੇ ਵੀ ਦਿੱਤੇ ਗਏ ਜਿਨ੍ਹਾਂ ਨੇ ਲੇਖਕ ਦਾ ਫ਼ੈਸਲਾ ਕੀਤੇ ਜਾਣ ਦੇ ਸਮੁੱਚੇ ਢੰਗ-ਤਰੀਕੇ ਦਾ ਹੀਜ-ਪਿਆਜ ਵੀ ਨੰਗਾ ਕਰ ਦਿੱਤਾ ਅਤੇ ਆਖ਼ਰ ਨੂੰ ਇਸ ਢੰਗ-ਤਰੀਕੇ ਵਿਚ ਵੱਡੀਆਂ ਤਬਦੀਲੀਆਂ ਵੀ ਜ਼ਰੂਰੀ ਬਣਾ ਦਿੱਤੀਆਂ

ਪਹਿਲਾ ਲੇਖਕ ਜਿਸ ਦਾ ਇਨਾਮ ਚਰਚਾ ਦਾ ਵਿਸ਼ਾ ਬਣਿਆ, ਸ਼ਿਵ ਕੁਮਾਰ ਸੀਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਪ੍ਰਭਜੋਤ ਕੌਰ ਤੇ ਕਰਤਾਰ ਸਿੰਘ ਦੁੱਗਲ ਵਰਗੇ ਸੱਤ ਮਹਾਂਰਥੀਆਂ ਤੋਂ ਮਗਰੋਂ ਇਨਾਮ ਦਾ ਅਚਾਨਕ ਤੀਹ ਸਾਲਾਂ ਦੇ ਸ਼ਿਵ ਕੁਮਾਰ ਦੀ ਝੋਲ਼ੀ ਪੈ ਜਾਣਾ ਖਾਸੀ ਚਰਚਾ ਦਾ ਵਿਸ਼ਾ ਬਣ ਗਿਆਕਾਵਿਕ ਗੁਣਤਾ ਦੇ ਪੱਖੋਂ ਤਾਂ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਉਹ ਇਨਾਮ ਦੇ ਜੋਗ ਨਹੀਂ ਸੀਖਾਸ ਕਰਕੇ ਉਹਦੀ ਇਨਾਮੀ ਗਈ ਪੁਸਤਕ ਲੂਣਾਤਾਂ ਕਾਵਿਕਤਾ ਦੇ ਨਾਲ਼ ਨਾਲ਼ ਵਿਸ਼ੇ ਦੇ ਪੱਖੋਂ ਵੀ ਅਹਿਮ ਸੀਉਹਨੇ ਪੂਰਨ ਭਗਤ ਦੀ ਹਰਮਨਪਿਆਰੀ ਲੋਕ-ਕਥਾ ਨੂੰ ਆਮ ਕਿੱਸਿਆਂ ਵਾਂਗ ਪੁਰਸ਼ ਪਾਤਰਾਂ ਦੇ, ਭਾਵ ਪੂਰਨ ਦੇ, ਸਲਵਾਨ ਦੇ ਨਜ਼ਰੀਏ ਤੋਂ ਨਹੀਂ, ਕਰਮਾਂ-ਮਾਰੀ ਲੂਣਾ ਦੇ ਨਜ਼ਰੀਏ ਤੋਂ ਪੁਨਰ-ਸਿਰਜਿਆ ਸੀਉਹ ਲੂਣਾ ਦੇ ਦੇਹ-ਦਰਦ ਦਾ ਤੇ ਅੰਤਰ-ਮਨ ਦੀ ਪੀੜ ਦਾ ਗਵਈਆ ਬਣਿਆ ਸੀ ਜੋ ਪਿਉ ਦੀ ਉਮਰ ਦੇ ਉਸ ਰਾਜਾ ਸਲਵਾਨ ਨਾਲ਼ ਵਿਆਹੀ ਗਈ ਸੀ ਸਗੋਂ ਉਹਦੀ ਦੌਲਤ ਨਾਲ਼ ਖਰੀਦੀ ਗਈ ਸੀ ਜਿਸ ਦੇ ਪਹਿਲੇ ਵਿਆਹ ਦਾ ਪੁੱਤਰ ਪੂਰਨ ਉਹਦੇ ਆਪਣੇ ਹਾਣ ਦਾ ਸੀ! ਤਾਂ ਵੀ ਕੁਲਵੰਤ ਸਿੰਘ ਵਿਰਕ, ਹਰਿਭਜਨ ਸਿੰਘ, ਦਲੀਪ ਕੌਰ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ ਤੇ ਹੋਰ ਕਈ ਵੱਡਿਆਂ ਦੇ ਅਜੇ ਬੇਇਨਾਮੇ ਹੋਣ ਨੇ ਕੁਝ ਕੁਝ ਚਰਚਾ ਛੇੜ ਦਿੱਤੀ

ਇਸ ਧੁਖਦੀ ਚਰਚਾ ਨੂੰ ਫੂਕ ਸ਼ਿਵ ਕੁਮਾਰ ਨੇ ਆਪ ਮਾਰ ਦਿੱਤੀਇਨਾਮ ਲੈਣ ਮਗਰੋਂ ਉਹਨੇ ਦਿੱਲੀ ਦੇ ਕਾਫ਼ੀ ਹਾਊਸ ਵਿਚ ਐਲਾਨ ਕੀਤਾ,ਸਾਹਿਤ ਅਕਾਦਮੀ ਦਾ ਇਨਾਮ ਲੈਣਾ ਕੀ ਔਖਾ ਹੈ! ਢਾਈ ਹਜ਼ਾਰ ਦੀ ਦਾਰੂ ਪਿਆਉ ਤੇ ਪੰਜ ਹਜ਼ਾਰ ਦਾ ਇਨਾਮ ਲਉ!ਓਦੋਂ ਸਾਹਿਤ ਅਕਾਦਮੀ ਦੇ ਇਨਾਮ ਨਾਲ ਨਕਦ ਰਕਮ ਪੰਜ ਹਜ਼ਾਰ ਹੀ ਹੁੰਦੀ ਸੀਸ਼ਿਵ ਦਾ ਆਪਣੀ ਇਨਾਮ-ਪਰਾਪਤੀ ਦੇ ਰਹੱਸ ਨੂੰ ਇਉਂ ਉਜਾਗਰ ਕਰ ਦੇਣਾ ਅੱਜ ਵੀ ਯਾਦ ਕੀਤਾ ਜਾਂਦਾ ਹੈਇਹ ਸਭ ਚੇਤੇ ਕਰ ਕੇ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਸ਼ਿਵ ਕੁਮਾਰ ਇੰਨਾ ਚੰਗਾ ਤੇ ਹਰਮਨਪਿਆਰਾ ਕਵੀ ਸੀ ਕਿ ਅਵੇਰ-ਸਵੇਰ ਉਹਨੂੰ ਇਨਾਮ ਤਾਂ ਮਿਲ ਹੀ ਜਾਣਾ ਸੀ, ਤਾਂ ਵੀ ਉਹਨੇ ਇਨਾਮ ਦਾ ਬਰਾਸਤਾ ਸ਼ਰਾਬ ਰਾਹ ਕਿਉਂ ਫੜਿਆ! ਤੇ ਜੇ ਇਹ ਰਾਹ ਫੜਿਆ ਹੀ ਸੀ, ਚੌਕ ਵਿਚ ਖਲੋ ਕੇ ਆਪ ਹੀ ਆਪਣਾ ਭਾਂਡਾ ਕਿਉਂ ਭੰਨਿਆ! ਉਹਨੇ ਤਾਂ ਗੱਲ ਜ਼ਬਾਨੀ-ਕਲਾਮੀ ਤੱਕ ਹੀ ਨਾ ਰਹਿਣ ਦਿੱਤੀ ਸਗੋਂ ਇਨਾਮਾਂ ਦੇ ਇਤਿਹਾਸ ਦੇ ਪੰਨੇ ਉੱਤੇ ਇਕ ਕਵਿਤਾ ਦੇ ਰੂਪ ਵਿਚ ਵੀ ਉੱਕਰ ਦਿੱਤੀਰਚਨਾ ਦੇ ਮੁਕਾਬਲੇ ਇਨਾਮ ਦੀ ਤੁੱਛਤਾ ਦਾ ਜ਼ਿਕਰ ਕਰਦੀਆਂ ਕੁਝ ਸਤਰਾਂ ਇਉਂ ਹਨ:

ਫੇਰ ਇਕ ਦਿਨ ਗੀਤ ਉਸਦਾ,

ਰਾਜ ਦਰਬਾਰੇ ਗਿਆ
ਉਸ ਮੁਲਕ ਦੇ ਬਾਦਸ਼ਾਹ ਨੇ
,
ਉਸ ਨੂੰ ਵਾਹ ਵਾਹ ਕਿਹਾ
ਸਾਰਿਆਂ ਗੀਤਾਂ ਦਾ ਰਲ਼ ਕੇ
,
ਪੰਜ ਮੋਹਰਾਂ ਮੁੱਲ ਪਿਆ!

ਦੂਜਾ ਇਨਾਮ, ਜੋ ਤਿੱਖੀ ਨੁਕਤਾਚੀਨੀ ਦਾ ਵਿਸ਼ਾ ਬਣਿਆ, ਨਰਿੰਦਰਪਾਲ ਸਿੰਘ ਦਾ ਸੀਇਹ ਉਹਨੂੰ 1976 ਵਿਚ ਨਾਵਲ ਬਾਮੁਲਾਹਜ਼ਾ ਹੋਸ਼ਿਆਰਲਈ ਮਿਲਿਆ ਸੀਭਵਿੱਖੀ ਮਸ਼ੀਨੀ ਸਭਿਅਤਾ ਦੇ ਅਸੰਤੁਸ਼ਟ ਮਨੁੱਖ ਦੇ ਜੀਵਨ-ਚਿਤਰਨ ਦੇ ਬਹਾਨੇ ਇਹ ਨਾਵਲ ਚਸਕਾ ਲੈ ਲੈ ਕੀਤੇ ਗਏ ਕਾਮ ਦੇ ਜ਼ਿਕਰ ਨਾਲ਼ ਭਰਿਆ ਪਿਆ ਹੈ ਅਤੇ ਅਨੇਕ ਵਾਰ ਅਸ਼ਲੀਲਤਾ ਦੀਆਂ ਬਹੁਤ ਡੂੰਘੀਆਂ ਨਿਵਾਣਾਂ ਵਿਚ ਤਿਲ੍ਹਕ ਜਾਂਦਾ ਹੈਅਨੇਕ ਥਾਂ ਬਿਰਤਾਂਤ ਵਿੱਚੋਂ ਗਲਪੀ ਰੰਗਤ ਲੱਭਿਆਂ ਨਹੀਂ ਲਭਦੀਕਲਾ-ਹੀਣ ਗ਼ੈਰ-ਗਲਪੀ ਗ਼ਲਤ ਭਾਸ਼ਾ, ਲੁੱਚੇ ਸ਼ਬਦਾਂ ਦੇ ਸਹਿਣਜੋਗ ਬਦਲ ਲੱਭਣ ਦੀ ਅਸਮਰੱਥਾ ਜਾਂ ਜਾਣ-ਬੁੱਝ ਕੇ ਅਣਦੇਖੀ, ਕੱਸਵੀਂ ਕਥਾ ਦੀ ਥਾਂ ਖਿੱਲਰੇ ਹੋਏ ਬੇਮੇਲ ਟੋਟੇ ਅਤੇ ਰਚਨਾ ਵਿਚ ਬਿਲਕੁਲ ਹੀ ਸਮਾ ਨਾ ਸਕਣ ਵਾਲ਼ੇ ਲੰਮੇ ਲੰਮੇ ਵਾਧੂ ਪ੍ਰਵਚਨ!

ਅਖ਼ਬਾਰਾਂ-ਰਸਾਲਿਆਂ ਵਿਚ ਜਿੰਨੀ ਤਿੱਖੀ ਨਿੰਦਿਆ ਇਸ ਨਾਵਲ ਦੀ ਹੋਈ, ਪੰਜਾਬੀ ਵਿਚ ਉਸ ਤੋਂ ਪਹਿਲਾਂ ਕਿਸੇ ਇਨਾਮੀ ਪੁਸਤਕ ਦੀ ਨਹੀਂ ਸੀ ਹੋਈਹੋਰ ਤਾਂ ਹੋਰ, ਇਹ ਮੁੱਦਾ ਪਾਰਲੀਮੈਂਟ ਵਿਚ ਵੀ ਉੱਠਿਆ ਕਿ ਇੰਨੇ ਅਸ਼ਲੀਲ ਨਾਵਲ ਨੂੰ ਸਾਹਿਤ ਅਕਾਦਮੀ ਨੇ ਇਨਾਮ ਕਿਵੇਂ ਤੇ ਕਿਉਂ ਦੇ ਦਿੱਤਾ! ਪਰ ਲੇਖਕ ਨਰਿੰਦਰਪਾਲ ਸਿੰਘ ਦੀ ਅਜੀਬ ਮਾਨਸਿਕਤਾ ਦੇਖੋ, ਉਹ ਇਸ ਸਾਰੇ ਨਿੰਦਕੀ ਝੱਖੜ ਨੂੰ ਚਰਚਾਦਾ ਨਾਂ ਦੇ ਕੇ ਨਾ ਸਿਰਫ਼ ਬਾਗੋ-ਬਾਗ ਸੀ ਸਗੋਂ ਉਹਨੇ ਇਹ ਸਭ ਨਿੰਦਿਆ-ਪੁਰਾਣ ਬੜੇ ਮਾਣ ਨਾਲ਼ ਸੰਗ੍ਰਹਿਤ ਵੀ ਕੀਤਾਉਹ ਪਾਰਲੀਮੈਂਟ ਵਿਚ ਹੋਈ ਨਿੰਦਿਆ ਬਾਰੇ ਆਖਦਾ ਸੀ, ਮੇਰਾ ਨਾਵਲ ਭਾਰਤੀ ਭਾਸ਼ਾਵਾਂ ਦਾ ਇੱਕੋ-ਇੱਕ ਨਾਵਲ ਹੈ ਜਿਸ ਉੱਤੇ ਪਾਰਲੀਮੈਂਟ ਵਿਚ ਚਰਚਾ ਹੋਈ ਹੈ

ਤੀਜਾ ਇਨਾਮ, ਜਿਸ ਨੇ ਝੱਖੜ ਹੀ ਝੁਲਾ ਦਿੱਤਾ, 1991 ਵਿਚ ਹਰਿੰਦਰ ਸਿੰਘ ਮਹਿਬੂਬ ਨੂੰ ਉਹਦੀ ਵਡ-ਆਕਾਰੀ ਕਾਵਿ-ਪੁਸਤਕ ਝਨਾਂ ਦੀ ਰਾਤਲਈ ਦਿੱਤਾ ਗਿਆ ਸੀਸਾਹਿਤ ਅਕਾਦਮੀ ਵਿਚ ਇਹ ਅੰਮ੍ਰਿਤਾ ਪ੍ਰੀਤਮ ਦਾ ਜ਼ਮਾਨਾ ਸੀਪੰਜਾਬੀ ਸਾਹਿਤ ਦੇ ਹਰ ਵਾਰ ਦੇ ਰਿਵਾਜ ਅਨੁਸਾਰ ਇਨਾਮੀ ਲੇਖਕ ਦੇ ਐਲਾਨ ਤੋਂ ਮਗਰੋਂ ਪੁਣ-ਛਾਣ ਤੇ ਚਬਾ-ਚਬੀ ਸ਼ੁਰੂ ਹੋ ਗਈ ਜੋ ਇਸ ਵਾਰ ਕੁਝ ਵਧੇਰੇ ਹੀ ਤਿੱਖੀ ਤੇ ਸ਼ੋਰੀਲੀ ਸੀਕਾਰਨ ਇਹ ਸੀ ਕਿ ਕਾਂਗਰਸ ਦਾ ਰਾਜ ਸੀ ਤੇ ਇਸ ਪੁਸਤਕ ਵਿਚ ਇੰਦਰਾ ਗਾਂਧੀ ਨੂੰ ਸਪਨੀ, ਕੁਪੱਤੀ ਨਾਰ, ਚੁੜੇਲ ਤੇ ਡੈਣ ਤੱਕ ਆਖਿਆ ਗਿਆ ਸੀਜਦੋਂ ਅੰਮ੍ਰਿਤਾ ਨੂੰ ਅਜਿਹੇ ਕਥਨਾਂ ਵਾਲ਼ੀ ਪੁਸਤਕ ਚੁਣੇ ਜਾਣ ਬਾਰੇ ਪੁੱਛਿਆ ਗਿਆ, ਉਹਦਾ ਕਹਿਣਾ ਸੀ ਕਿ “ਕਿਸੇ ਵੀ ਭਾਸ਼ਾ ਦੇ ਕਨਵੀਨਰ ਤੋਂ ਨਾ ਇਹ ਆਸ ਹੋ ਸਕਦੀ ਹੈ ਤੇ ਨਾ ਹੀ ਉਹਦੇ ਲਈ ਇਹ ਸੰਭਵ ਹੋ ਸਕਦਾ ਹੈ ਕਿ ਉਹ ਇਨਾਮ ਲਈ ਆਈਆਂ ਸਾਰੀਆਂ ਪੁਸਤਕਾਂ ਆਪ ਪੜ੍ਹ ਕੇ ਉਹਨਾਂ ਬਾਰੇ ਰਾਇ ਬਣਾ ਸਕੇ।” ਜੇ ਇੰਨਾ ਸਮਾਂ ਬੀਤਿਆ ਹੋਣ ਕਰਕੇ ਮੇਰਾ ਚੇਤਾ ਮੱਧਮ ਨਹੀਂ ਪੈ ਰਿਹਾ, ਮੇਰਾ ਖ਼ਿਆਲ ਹੈ, ਅੰਮ੍ਰਿਤਾ ਨੇ ਇਸ ਰਾਮ-ਰੌਲ਼ੇ ਵਿਚ ਸਾਹਿਤ ਅਕਾਦਮੀ ਦੀ ਪਦਵੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀਆਖ਼ਰ ਭੇਤ ਇਹ ਖੁੱਲ੍ਹਿਆ ਕਿ ਖਾੜਕੂਆਂ ਨੇ ਅੰਮ੍ਰਿਤਾ ਪ੍ਰੀਤਮ ਨੂੰ ਧਮਕੀਆਂ-ਭਰੇ ਫ਼ੋਨ ਕੀਤੇ ਸਨ - ਇਨਾਮ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ਨੂੰ ਹੀ ਦੇਣਾ ਹੋਵੇਗਾ, ਨਹੀਂ ਤਾਂ ਤੇਰੀ ਖ਼ੈਰ ਨਹੀਂ! ਕੁਦਰਤੀ ਸੀ ਕਿ ਇਹ ਗਰਮਾ-ਗਰਮੀ ਰਾਜਨੀਤਕ ਰੰਗ ਧਾਰ ਲੈਂਦੀਰਾਜਨੀਤਕ ਰੰਗ ਦਾ ਇਕ ਕੌੜਾ ਫਲ ਸਾਹਿਤ ਅਕਾਦਮੀ ਦੀ ਝੋਲ਼ੀ ਵੀ ਆ ਪਿਆ

ਹੋਇਆ ਇਹ ਕਿ ਯੂਥ ਕਾਂਗਰਸ ਦੇ ਕੁਛ ਛੋਕਰੇ ਸਾਹਿਤ ਅਕਾਦਮੀ ਪਹੁੰਚੇ ਤੇ ਕਿਹਾ ਕਿ ਉਹ ਸਕੱਤਰ ਨੂੰ ਮੰਗ-ਪੱਤਰ ਦੇਣ ਆਏ ਹਨਰਿਸੈਪਸ਼ਨ ਵਾਲ਼ਿਆਂ ਨੇ ਉਤੇਜਿਤ ਭੀੜ ਨੂੰ ਗੇਟ ਦੇ ਬਾਹਰ ਰੋਕ ਲਿਆ ਤੇ ਸਕੱਤਰ ਨੂੰ ਸੁਨੇਹਾ ਭੇਜ ਦਿੱਤਾਜਿਵੇਂ ਅਜਿਹੇ ਮੌਕਿਆਂ ਉੱਤੇ ਆਮ ਕਰਕੇ ਹੁੰਦਾ ਹੈ, ਸਕੱਤਰ ਨੇ ਸਹਿਜ-ਭਾਅ ਇਕ ਸਹਾਇਕ ਨੂੰ ਕਹਿ ਦਿੱਤਾ ਕਿ ਉਹ ਜਾ ਕੇ ਮੰਗ-ਪੱਤਰ ਫੜ ਲਿਆਵੇਇਕ ਯੂਥ ਕਾਂਗਰਸੀ ਨੇ ਹੱਥਾਂ ਨੂੰ ਕਾਲਖ਼ ਲਾਈ ਹੋਈ ਸੀ ਜੋ ਉਹਨੇ ਮੰਗ-ਪੱਤਰ ਲੈਣ ਲੱਗੇ ਸਹਾਇਕ ਸਕੱਤਰ ਦੇ ਮੂੰਹ ਉੱਤੇ ਮਲ਼ ਦਿੱਤੀਇਸ ਨਾਲ਼ ਸਾਹਿਤ ਅਕਾਦਮੀ ਦੇ ਅੰਦਰ ਵੀ ਤੇ ਬਾਹਰ ਵੀ ਭੂਚਾਲ ਆ ਗਿਆਮਾੜੀ ਗੱਲ ਇਹ ਹੋਈ ਕਿ ਇਕ ਅਜਿਹੇ ਵਿਅਕਤੀ ਦਾ ਮੂੰਹ ਕਾਲ਼ਾ ਕਰ ਦਿੱਤਾ ਗਿਆ ਜਿਸ ਦਾ ਇਸ ਸਾਰੇ ਮਾਮਲੇ ਨਾਲ਼ ਕੋਈ ਲੈਣਾ-ਦੇਣਾ ਹੀ ਨਹੀਂ ਸੀਚੰਗੀ ਗੱਲ ਇਹ ਹੋਈ ਕਿ ਇਸ ਘਟਨਾ ਨੇ ਸਾਹਿਤ ਅਕਾਦਮੀ ਨੂੰ ਇਨਾਮ ਦਾ ਫ਼ੈਸਲਾ ਕਰਨ ਦੀ ਕਾਰਜਵਿਧੀ ਬਾਰੇ ਚਿੰਤਨ-ਮੰਥਨ ਕਰਨ ਲਈ ਮਜਬੂਰ ਕਰ ਦਿੱਤਾਆਖ਼ਰ ਦੋ ਅਹਿਮ ਫ਼ੈਸਲੇ ਲਏ ਗਏ

ਇਕ ਤਾਂ ਇਹ ਜ਼ਰੂਰੀ ਸਮਝਿਆ ਗਿਆ ਕਿ ਇਨਾਮ ਦਾ ਫ਼ੈਸਲਾ ਕਰਨ ਵਾਲ਼ੀ ਮੀਟਿੰਗ ਤੋਂ ਪਹਿਲਾਂ ਤਿੰਨਾਂ ਨਿਰਣੇਕਾਰਾਂ ਦੇ ਨਾਂ ਕਿਸੇ ਨੂੰ ਪਤਾ ਨਹੀਂ ਹੋਣੇ ਚਾਹੀਦੇਅੱਗੇ ਤੋਂ ਉਹ ਤਿੰਨੇ ਅਕਾਦਮੀ ਦੀ ਸੰਬੰਧਿਤ ਭਾਸ਼ਾ ਦੀ ਕਮੇਟੀ ਵਿੱਚੋਂ ਹੋਣ ਦੀ ਥਾਂ ਬਾਹਰੋਂ ਹੋਣੇ ਸਨਬਹੁਤ ਮਗਰੋਂ ਜਦੋਂ ਦੋ ਵਾਰ, ਪਤਾ ਨਹੀਂ ਕਿਵੇਂ, ਮੇਰਾ ਨਾਂ ਤਿੰਨਾਂ ਨਿਰਣੇਕਾਰਾਂ ਵਿਚ ਆਇਆ, ਮੈਨੂੰ ਬਾਕੀ ਦੋਵਾਂ ਦਾ ਪਤਾ ਕਮਰੇ ਵਿਚ ਜਾ ਕੇ ਹੀ ਲਗਦਾ ਰਿਹਾਦੂਜਾ ਫ਼ੈਸਲਾ, ਜੋ ਪਹਿਲੇ ਨੇ ਹੀ ਜ਼ਰੂਰੀ ਬਣਾ ਦਿੱਤਾ ਸੀ, ਕਨਵੀਨਰ ਨੂੰ ਇਨਾਮ ਦੇ ਫ਼ੈਸਲੇ ਦੇ ਪੱਖੋਂ ਬੇਤਾਕਤਾ ਕਰ ਦਿੱਤਾ ਗਿਆ ਤੇ ਉਹਦੀ ਵੋਟ ਤੱਕ ਨਾ ਰਹੀਉਹਦਾ ਕੰਮ ਤਿੰਨਾਂ ਨਿਰਣੇਕਾਰਾਂ ਅੱਗੇ ਇਨਾਮ ਨਾਲ ਸੰਬੰਧਿਤ ਕਾਗ਼ਜ਼-ਪੱਤਰ ਰੱਖ ਕੇ ਚੁੱਪ ਹੋ ਜਾਣ ਅਤੇ ਅੰਤ ਵਿਚ ਉਹਨਾਂ ਤੋਂ ਫ਼ੈਸਲੇ ਦੇ ਦਸਖ਼ਤਾਂ ਵਾਲੇ ਕਾਗ਼ਜ਼ ਲੈ ਲੈਣ ਤੱਕ ਸੀਮਤ ਹੋ ਗਿਆਅਕਾਦਮੀ ਦੇ ਨੇਮਾਂ ਅਨੁਸਾਰ “ਕਨਵੀਨਰ ਦਾ ਕੰਮ ਜਿਉਰੀ ਤੇ ਅਕਾਦਮੀ ਵਿਚਕਾਰ ਕੜੀ ਬਣਨਾ ਹੋਵੇਗਾਉਹ ਯਕੀਨੀ ਬਣਾਵੇਗਾ ਕਿ ਜਿਉਰੀ ਦੀ ਮੀਟਿੰਗ ਸਹੀ ਤੇ ਤਸੱਲੀਬਖ਼ਸ਼ ਢੰਗ ਨਾਲ ਹੋਵੇ ਅਤੇ ਜਿਉਰੀ ਦੀ ਰਿਪੋਰਟ ਉੱਤੇ ਆਪਣੀ ਸਹੀ ਪਾਵੇਗਾ।”

ਇਹਨਾਂ ਬਹੁਚਰਚਿਤ ਇਨਾਮਾਂ ਤੋਂ ਇਲਾਵਾ ਉਪਰੋਕਤ ਕਾਲ-ਖੰਡ ਦੇ ਕੁਝ ਹੋਰ ਇਨਾਮਾਂ ਬਾਰੇ ਵੀ ਚਰਚਾ ਤਾਂ ਛਿੜੀ ਪਰ ਉਹ ਪੰਜਾਬੀ ਸਾਹਿਤਕ ਖੇਤਰ ਵਿਚ ਨਿੰਦਿਆ, ਗਿਲਾਨੀ, ਚਬਾਚਬੀ ਜਾਂ ਹੈਰਾਨੀ ਤੱਕ ਸੀਮਤ ਰਹੀਕਈ ਇਨਾਮਾਂ ਬਾਰੇ ਤਾਂ ਪੰਜਾਬੀ ਸਾਹਿਤ ਦੇ ਸਿਆਣੇ ਤੇ ਗੰਭੀਰ ਪਾਠਕ ਵੀ ਇਹ ਸਵਾਲ ਕਰਦੇ ਸੁਣੇ ਜਾਂਦੇ ਹਨ,ਇਹ ਕੌਣ ਹੋਇਆ ਜੀ? ਕਵਿਤਾ ਲਿਖਦਾ ਹੈ ਕਿ ਕਹਾਣੀ? ਕੀ ਨਾਂ ਹਨ ਇਹਦੀਆਂ ਕਿਤਾਬਾਂ ਦੇ?”

*****

(1420)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author