GurbachanBhullar7“ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ...
(ਦਸੰਬਰ 18, 2015)

 

ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ ਐਸ ਐਸ ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ ਯੁੱਧ ਛੇੜ ਦਿੱਤਾ ਹੈ। ਰਾਜਨੀਤਕ ਵਿਚਾਰਧਾਰਾਵਾਂ ਦੇ ਫ਼ਰਕ ਨੂੰ ਦੁਸ਼ਮਣੀ ਦਾ ਰੂਪ ਦਿੰਦਿਆਂ ਭਾਰਤ ਨੂੰ ਆਪਣੇ ਵਿਰੋਧੀਆਂ ਤੋਂ ਮੁਕਤ ਕਰਨ ਦਾ ਬਿਗਲ ਬਜਾ ਦਿੱਤਾ ਗਿਆ। ਛੇਤੀ ਹੀ ਇਸ ਯੁੱਧ ਦੇ ਕਲਾਵੇ ਵਿਚ ਇਕ ਇਕ ਕਰ ਕੇ ਧਰਮ, ਜਾਤਪਾਤ, ਇਲਾਕਾਵਾਦ, ਆਦਿ ਸਭ ਕੁਝ ਸ਼ਾਮਲ ਹੁੰਦਾ ਗਿਆ। ਆਖ਼ਰ ਇਹ ਨਫ਼ਰਤੀ ਅੱਗ ਸਾਹਿਤ ਅਤੇ ਸਭਿਆਚਾਰ ਦੇ ਵਿਹੜੇ ਵੀ ਪਹੁੰਚ ਗਈ। ਦੇਸ ਵਿਚ ਲਗਾਤਾਰ ਸੰਘਣੇ ਹੁੰਦੇ ਜਾਂਦੇ ਅਸਹਿਣਸ਼ੀਲਤਾ ਦੇ ਮਾਹੌਲ ਵਿਚ ਬੁੱਧੀਮਾਨਾਂ ਅਤੇ ਲੇਖਕਾਂ ਨੂੰ ਦਿੱਤੀਆਂ ਜਾਂਦੀਆਂ ਧਮਕੀਆਂ ਬੇਕਿਰਕ ਕਤਲ ਬਣਨ ਲੱਗ ਪਈਆਂ।


ਕਲਬੁਰਗੀ ਨੂੰ ਜਿਸ ਢੰਗ ਨਾਲ ਕਤਲ ਕੀਤਾ ਗਿਆ, ਉਹ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਸਵੈਥਾਪੇ ਰਖਵਾਲਿਆਂ ਦੇ ਨੀਵੇਂ ਮਿਆਰ ਤੋਂ ਵੀ ਨੀਵਾਂ ਤੇ ਅਣਮਨੁੱਖੀ ਸੀ। ਦੋ ਨੌਜਵਾਨ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਘੰਟੀ ਵਜਾਉਂਦੇ ਹਨ ਅਤੇ ਕੁੰਡੀ ਖੋਲ੍ਹਣ ਆਈ ਲੇਖਕ ਦੀ ਬਜ਼ੁਰਗ ਜੀਵਨ-ਸਾਥਣ ਨੂੰ ਵਿਦਿਆਰਥੀਆਂ ਵਜੋਂ ਪੇਸ਼ ਆ ਕੇ ਪ੍ਰੋਫ਼ੈਸਰ ਸਾਹਿਬ ਨੂੰ ਮਿਲਣ ਦੀ ਇੱਛਾ ਦੱਸਦੇ ਹਨ। ਉਹਨਾਂ ਨੂੰ ਬਿਠਾ ਕੇ ਤੇ ਪਤੀ ਨੂੰ ਆਵਾਜ਼ ਦੇ ਕੇ ਉਹ ਮਮਤਾ ਦੀ ਮੂਰਤ ਉਹਨਾਂ ਵਾਸਤੇ ਚਾਹ-ਪਾਣੀ ਲੈਣ ਚਲੀ ਜਾਂਦੀ ਹੈ। ਉਹਨੇ ਅਜੇ ਦੇਗਚੀ ਵੀ ਗੈਸ ਉੱਤੇ ਰੱਖੀ ਨਹੀਂ ਹੁੰਦੀ ਕਿ ਕਾਤਲ ਸਮਾਜ ਲਈ ਫ਼ਿਕਰਮੰਦ ਕਲਬੁਰਗੀ ਨੂੰ ਉਹਦੇ ਅੰਧਵਿਸ਼ਵਾਸ-ਵਿਰੋਧ ਦੀ ਸਜ਼ਾ ਵਜੋਂ ਗੋਲ਼ੀਆਂ ਮਾਰ ਕੇ ਭੱਜ ਚੁੱਕੇ ਹੁੰਦੇ ਹਨ। ਅਜੇ ਕਲਬੁਰਗੀ ਦੀ ਚਿਤਾ ਵੀ ਮੱਚੀ ਨਹੀਂ ਹੁੰਦੀ ਕਿ ਤਰਕਸ਼ੀਲ ਲੇਖਕ ਭਗਵਾਨ ਨੂੰ ਫੋਨ ਆਉਣ ਲਗਦੇ ਹਨ, “ਆਪਣਾ ਨਾਂ ਭਗਵਾਨ ਦੀ ਥਾਂ ਸ਼ੈਤਾਨ ਰੱਖ ਲੈ ਤੇ ਤਿਆਰ ਹੋ ਜਾ, ਹੁਣ ਤੇਰੀ ਵਾਰੀ ਹੈ।


ਤਮਿਲ ਲੇਖਕ ਪ੍ਰੋਫ਼ੈਸਰ ਪੇਰੂਮਲ ਮੁਰੂਗਨ ਨੂੰ ਉਹਦੇ ਨਾਵਲ ਇਕ ਟੋਟਾ ਨਾਰੀਕਾਰਨ ਲਗਾਤਾਰ ਧਮਕੀਆਂ ਤੇ ਵਿਖਾਵਿਆਂ ਨਾਲ ਇਸ ਹੱਦ ਤੱਕ ਜਿੱਚ ਤੇ ਠਿੱਠ ਕੀਤਾ ਗਿਆ ਕਿ ਉਹਨੇ ਲੇਖਕ ਵਜੋਂ ਆਪਣੀ ਮੌਤ ਦਾ ਐਲਾਨ ਕਰ ਦਿੱਤਾ। ਉਹਨੇ ਕਿਹਾ ਕਿ ਉਹ ਹੁਣ ਤੋਂ ਕਲਮ ਸੰਤੋਖ ਕੇ ਇਕ ਸਾਧਾਰਨ ਅਲੇਖਕ ਵਿਅਕਤੀ ਵਜੋਂ ਜ਼ਿੰਦਗੀ ਬਤੀਤ ਕਰੇਗਾ। ਇਸ ਤੋਂ ਵੀ ਵਚਿੱਤਰ ਮਾਮਲਾ ਬਹੁਭਾਸ਼ਾਈ ਗਿਆਨਵਾਨ ਐਮ ਐਮ ਬਸ਼ੀਰ ਦਾ ਹੈ। ਬਹੁਤ ਵੱਡੀ ਗਿਣਤੀ ਵਿਚ ਛਪਦੇ ਅਖ਼ਬਾਰ ਮਾਤਰਭੂਮੀਨੇ ਦੱਖਣ ਵਿਚ ਮਨਾਏ ਜਾਂਦੇ ਰਾਮ-ਮਹੀਨੇ ਦੇ ਸੰਬੰਧ ਵਿਚ ਉਹਨੂੰ ਇਕ ਲੇਖ-ਲੜੀ ਲਿਖਣ ਲਈ ਕਿਹਾ। ਉਹਨੇ ਬਾਲਮੀਕੀ ਰਾਮਾਇਣ ਉੱਤੇ ਆਧਾਰਿਤ ਛੇ ਲੇਖ ਲਿਖਣੇ ਪਰਵਾਨ ਕਰ ਲਏ। ਪਹਿਲੇ ਲੇਖ ਤੋਂ ਹੀ ਲੇਖਕ ਤੇ ਅਖ਼ਬਾਰ, ਦੋਵਾਂ ਨੂੰ ਧਮਕੀਆਂ ਮਿਲਣ ਲੱਗੀਆਂ। ਧਮਕੀਆਂ ਵਿਚਕਾਰ ਹੀ ਕੁਝ ਲੇਖ ਛਾਪ ਦਿੱਤੇ ਗਏ ਤਾਂ ਦੋਵਾਂ ਉੱਤੇ ਸਿੱਧੇ ਹਮਲੇ ਦਾ ਐਲਾਨ ਕਰ ਦਿੱਤਾ ਗਿਆ। ਲੇਖ-ਲੜੀ ਵਿਚਾਲੇ ਟੁੱਟ ਗਈ। ਇਸ ਘਟਨਾ ਦਾ ਦੇਖਣ ਤੇ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਬਸ਼ੀਰ ਸਾਹਿਬ ਉੱਤੇ ਇਹ ਇਲਜ਼ਾਮ ਨਹੀਂ ਲਾਇਆ ਗਿਆ ਕਿ ਤੂੰ ਬਾਲਮੀਕ ਦੇ ਅਰਥਾਂ ਦੇ ਅਨਰਥ ਕਰ ਰਿਹਾ ਹੈਂ ਤੇ ਤੇਰੀ ਵਿਆਖਿਆ ਗ਼ਲਤ ਹੈ, ਕਿਹਾ ਇਹ ਗਿਆ ਕਿ ਤੇਰਾ ਮੁਸਲਮਾਨ ਦਾ ਸਾਡੇ ਰਾਮ ਨਾਲ ਕੀ ਸੰਬੰਧ!


ਇਕ ਇਕ ਕਰ ਕੇ ਲੜੀਵਾਰ ਵਾਪਰੀਆਂ ਇਹਨਾਂ ਮਨਹੂਸ ਘਟਨਾਵਾਂ ਤੋਂ ਦੁਖੀ ਤੇ ਪਰੇਸ਼ਾਨ ਭਾਰਤ ਭਰ ਦੇ ਲੇਖਕਾਂ ਨੂੰ ਆਸ ਸੀ ਕਿ ਇਸ ਸਭ ਕੁਝ ਨੂੰ ਦੇਖਦਿਆਂ ਸਾਹਿਤ ਅਕਾਦਮੀ ਇਕ ਸਭਾ ਬੁਲਾ ਕੇ ਮਰਨ ਵਾਲਿਆਂ ਦੇ ਸੋਗ ਦਾ ਤੇ ਧਮਕਾਏ ਜਾਣ ਵਾਲਿਆਂ ਨਾਲ ਇਕਮੁੱਠਤਾ ਦਾ ਮਤਾ ਵੀ ਪਾਸ ਕਰੇਗੀ ਅਤੇ ਲੇਖਕਾਂ ਦਾ ਰੰਜ ਸਰਕਾਰ ਤੱਕ ਪਹੁੰਚਦਾ ਵੀ ਕਰੇਗੀ। ਪਰ ਅਕਾਦਮੀ ਨੇ ਇਸ ਸੰਬੰਧ ਵਿਚ ਮੋਦੀਵਾਦੀ ਚੁੱਪ ਵੱਟ ਰੱਖੀ। ਇਸ ਚੁੱਪ ਤੋਂ ਹੈਰਾਨ-ਪਰੇਸ਼ਾਨ ਲੇਖਕਾਂ ਨੇ ਇਕ ਇਕ ਕਰ ਕੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ ਨੂੰ ਮੋੜਨੇ ਸ਼ੁਰੂ ਕਰ ਦਿੱਤੇ।

ਸਰਕਾਰ ਦਾ ਜੇ ਇਸ ਮਾਮਲੇ ਵਿਚ ਦਖ਼ਲ ਦੇਣਾ ਬਣਦਾ ਸੀ, ਉਹ ਵਿਚਾਰ-ਚਰਚਾ ਦੇ ਰੂਪ ਵਿਚ ਸੀ। ਸਾਹਿਤ ਅਕਾਦਮੀ ਨੂੰ ਕਿਹਾ ਜਾਂਦਾ ਕਿ ਸਰਕਾਰ ਸਾਹਿਤਕਾਰਾਂ, ਜੋ ਸਮਾਜ ਦਾ ਸਭ ਤੋਂ ਜਾਗਰਿਤ ਤਬਕਾ ਹਨ, ਦੀ ਪਰੇਸ਼ਾਨੀ ਨਾਲ ਪਰੇਸ਼ਾਨ ਹੈ, ਇਸ ਕਰਕੇ ਉਹਨਾਂ ਦੇ ਕੁਝ ਨੁਮਾਇੰਦਿਆਂ ਨਾਲ ਚਾਏ ਪੇ ਚਰਚਾਕਰਨਾ ਚਾਹੁੰਦੀ ਹੈ। ਇਹਦੀ ਥਾਂ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਜੀ ਨੇ, ਜੋ ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੰਸਕ੍ਰਿਤੀ ਦੇ ਸਾਕਾਰ ਰੂਪ, ਰਖਵਾਲੇ ਤੇ ਰਥਵਾਨ ਹਨ, ਲੇਖਕਾਂ ਦੀ ਪਰੇਸ਼ਾਨੀ ਦਾ ਸਰਕਾਰ ਵਲੋਂ ਇਹ ਸਰਲ-ਸਾਧਾਰਨ ਹੱਲ ਪੇਸ਼ ਕਰ ਦਿੱਤਾ ਕਿ ਜੇ ਲੇਖਕ ਘੁਟਣ ਮਹਿਸੂਸ ਕਰਦੇ ਹਨ ਤਾਂ ਉਹ ਲਿਖਣਾ ਬੰਦ ਕਰ ਦੇਣ! ਇਸ ਪਿੱਛੋਂ ਸਾਹਿਤ ਤੇ ਸਭਿਆਚਾਰ ਨਾਲ ਕੋਈ ਸਿੱਧਾ ਸੰਬੰਧ ਨਾ ਹੋਣ ਦੇ ਬਾਵਜੂਦ ਇਕ ਇਕ ਕਰ ਕੇ ਮੰਤਰੀ ਦੁਰਵਚਨੀ ਬਿਆਨ ਦੇਣ ਲੱਗੇ। ਇਹਨਾਂ ਵਿੱਚੋਂ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸਭ ਤੋਂ ਵੱਧ ਮਿਹਨਤ ਤੇ ਲਗਨ ਨਾਲ ਇਕ ਬਲਾਗੀ ਲੇਖ ਲਿਖਿਆ ਜਿਸ ਵਿਚ ਆਪਣੀ ਕਾਨੂੰਨਦਾਨੀ ਤੀਖਣ ਬੁੱਧੀ ਦਾ ਪੂਰਾ ਜਲੌਅ ਦਿਖਾਉਂਦਿਆਂ ਉਹਨੇ ਲੇਖਕਾਂ ਨੂੰ ਚੁਣ ਚੁਣ ਕੇ ਮਿਹਣੇ ਮਾਰੇ, ਦੋਸ਼ ਦੱਸੇ ਤੇ ਨਿਰਾਦਰੀ ਭਰੇ ਬੋਲ-ਕੁਬੋਲ ਲਿਖੇ।

ਪੁਰਸਕਾਰ-ਪਰਤਾਊ ਲੇਖਕਾਂ ਨੂੰ ਛੁਟਿਆਉਣ ਲਈ ਜੇਤਲੀ ਜੀ ਨੇ ਇਕ ਮਿਹਣਾ ਇਹ ਮਾਰਿਆ ਤੇ ਦੋਸ਼ ਇਹ ਲਾਇਆ ਕਿ ਉਹਨਾਂ ਦਾ ਪ੍ਰੇਰਨਾ-ਸਰੋਤ ਨਹਿਰੂ-ਨਜ਼ਰੀਆ ਹੈ। ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਸਾਹਿਤ ਬਾਰੇ ਨਹਿਰੂ ਦਾ ਨਜ਼ਰੀਆ ਦੇਖ ਲਿਆ ਜਾਵੇ। ਜ਼ਾਹਿਰ ਹੈ, ਅਜਿਹੇ ਲੇਖ ਵਿਚ ਡੂੰਘੀ ਤੇ ਸਰਬੰਗੀ ਨਿਰਖ-ਪਰਖ ਸੰਭਵ ਨਹੀਂ। ਇੱਥੇ ਸਾਹਿਤ ਨਾਲ ਨਹਿਰੂ ਦੇ ਵਾਹ ਦੀਆਂ ਕੁਝ ਸਾਧਾਰਨ ਮਿਸਾਲਾਂ ਵਧੀਕ ਠੀਕ ਰਹਿਣਗੀਆਂ।

ਨਹਿਰੂ ਦੀ ਕੀਰਤੀ ਨੂੰ ਧੁੰਦਲੀ ਕਰਨ ਵਾਸਤੇ ਨਿੰਦਕ ਪਰਿਵਚਨਾਂ ਤੋਂ ਲੈ ਕੇ ਨਹਿਰੂ ਮਿਊਜ਼ੀਅਮ ਦਾ ਸਰੂਪ ਬੇਪਛਾਣ ਕਰਨ ਤੱਕ ਪੁੱਜੀ ਭਾਜਪਾਈ ਮੁਹਿੰਮ ਕੋਈ ਵੀ ਮੋਰਚਾ ਖੋਲ੍ਹਦੀ ਰਹੇ, ਨਹਿਰੂ ਦੀ ਰਾਜਨੀਤੀ ਨਾਲ ਵਿਰੋਧ ਰੱਖਦਿਆਂ ਵੀ ਕੋਈ ਹੋਸ਼ਮੰਦ ਵਿਅਕਤੀ ਉਹਦੇ ਸਾਹਿਤਕ-ਸਭਿਆਚਾਰਕ ਮਹਾਂਮਾਨਵੀ ਕੱਦ ਤੋਂ ਇਨਕਾਰ ਨਹੀਂ ਕਰ ਸਕਦਾ। ਇਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੀ ਸੀ ਜਿਸ ਨੇ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਸਾਹਿਤ, ਸੰਗੀਤ-ਨਾਟ ਤੇ ਲਲਿਤ ਕਲਾ, ਤਿੰਨਾਂ ਖ਼ੁਦ ਮੁਖ਼ਤਿਆਰ ਅਕਾਦਮੀਆਂ ਦੀ ਕਲਪਨਾ ਤੇ ਸਥਾਪਨਾ ਕੀਤੀ। ਜਦੋਂ ਉਹਨੂੰ ਹੀ, ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਨਹੀਂ ਸਗੋਂ ਪ੍ਰਤਿਭਾਸ਼ਾਲੀ ਲੇਖਕ ਹੋਣ ਸਦਕਾ, ਸਾਹਿਤ ਅਕਾਦਮੀ ਦਾ ਪ੍ਰਧਾਨ ਚੁਣ ਲਿਆ ਗਿਆ ਤਾਂ ਸਾਹਿਤ ਨੂੰ ਸਰਕਾਰੀ ਦਖ਼ਲ ਤੋਂ ਮੁਕਤ ਰੱਖਣ ਦੀ ਲਾਜ਼ਮੀਅਤ ਉੱਤੇ ਜ਼ੋਰ ਦਿੰਦਿਆਂ ਉਹਨੇ 1955 ਵਿਚ ਹੀ ਸਪਸ਼ਟ ਕਰ ਦਿੱਤਾ ਸੀ, “ਸਾਹਿਤ ਅਕਾਦਮੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਬਿਲਕੁਲ ਸਾਫ਼ ਸਾਫ਼ ਦੱਸਣਾ ਚਾਹੁੰਦਾ ਹਾਂ ਮੈਂ ਨਹੀਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੇਰੇ ਕੰਮਕਾਜ ਵਿਚ ਕੋਈ ਦਖ਼ਲ ਦੇਵੇ!

ਨਹਿਰੂ ਦੀ ਸਾਹਿਤਕ-ਸਭਿਆਚਾਰਕ ਸੂਝ ਤੇ ਕਲਮੀ ਸਮਰੱਥਾ ਦੇ ਦਰਸ਼ਨ ਕਰਨ ਲਈ ਡਿਸਕਵਰੀ ਆਫ਼ ਇੰਡੀਆਦਾ ਪਾਠ ਹੀ ਕਾਫ਼ੀ ਹੈ। ਅਹਿਮਦਨਗਰ ਦੇ ਕਿਲੇ ਵਿਚ 1942-46 ਦੀ ਕੈਦ ਸਮੇਂ ਲਿਖੀ ਗਈ ਇਸ ਵਡ-ਆਕਾਰੀ ਪੁਸਤਕ ਨੇ ਛਪਦਿਆਂ ਹੀ ਕਲਾਸਿਕ ਦੀ ਹੈਸੀਅਤ ਅਤੇ ਦੁਨੀਆ ਭਰ ਦੇ ਗਿਆਨਵਾਨਾਂ ਵਿਚ ਭਾਰਤੀ ਵਿਰਸੇ ਦੀ ਇਕ ਅਹਿਮ ਦਸਤਾਵੇਜ਼ ਵਜੋਂ ਮਾਣਤਾ ਹਾਸਲ ਕਰ ਲਈ। ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਅੰਗਰੇਜ਼ ਰਾਜ ਤੱਕ ਦੇ ਸਮੇਂ ਉੱਤੇ ਝਾਤ ਪਾਉਂਦਿਆਂ ਭਾਰਤ ਦੇ ਅਮੀਰ ਇਤਿਹਾਸ, ਸਭਿਆਚਾਰ ਤੇ ਫ਼ਲਸਫ਼ੇ ਨੂੰ ਜਿਸ ਕਮਾਲ ਨਾਲ ਉਜਾਗਰ ਕੀਤਾ ਗਿਆ ਹੈ, ਉਹ ਆਪਣੀ ਮਿਸਾਲ ਆਪ ਹੈ। 1946 ਵਿਚ ਪਹਿਲੀ ਵਾਰ ਛਪੀ ਇਸ ਪੁਸਤਕ ਦੀ ਦੇਸ-ਕਾਲ ਦੀਆਂ ਹੱਦਾਂ ਪਾਰ ਕਰਨ ਵਾਲੀ ਸਮਰੱਥਾ ਦਾ ਹੀ ਸਬੂਤ ਹੈ ਕਿ ਇਹ ਅੱਜ ਵੀ ਓਨੀ ਹੀ ਸੱਜਰੀ ਹੈ।

ਸਾਹਿਤ ਵੱਲ ਨਹਿਰੂ-ਨਜ਼ਰੀਏ ਦਾ ਦੂਜਾ ਪੱਖ ਦੂਜਿਆਂ ਦੇ ਰਚੇ ਸਾਹਿਤ ਨੂੰ ਮਾਣਨਾ ਤੇ ਸਮਝਣਾ ਭਾਵ ਰਸੀਆ ਪਾਠਕ ਹੋਣਾ ਹੈ। ਇਕ ਵਾਰ ਉਹ ਪ੍ਰਧਾਨ ਮੰਤਰੀ ਵਜੋਂ ਇੰਗਲੈਂਡ ਵਿਚ ਸੀ। ਖ਼ੁਸ਼ਵੰਤ ਸਿੰਘ ਉੱਥੇ ਭਾਰਤੀ ਦੂਤਾਵਾਸ ਵਿਚ ਕੰਮ ਕਰਦਾ ਸੀ। ਕੁਝ ਵਿਹਲ ਮਿਲੀ ਤਾਂ ਨਹਿਰੂ ਨੇ ਕਿਹਾ, ਚੱਲੋ, ਕਿਸੇ ਕਿਤਾਬਾਂ ਦੀ ਦੁਕਾਨ ਉੱਤੇ ਲੈ ਕੇ ਚੱਲੋ। ਉੱਥੋਂ ਉਹਨੇ ਨਵੀਆਂ ਕਿਤਾਬਾਂ ਦਾ ਗੱਠੜ ਖ਼ਰੀਦ ਲਿਆਂਦਾ। ਕੁਝ ਸਮਾਂ ਪਹਿਲਾਂ ਇਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਮੁੰਬਈ ਦੇ ਇਕ ਬੁੱਕ-ਸਟੋਰ ਦੇ ਬਜ਼ੁਰਗ ਮਾਲਕ ਨੇ ਆਪਣੇ ਜਵਾਨੀ ਦੇ ਦਿਨਾਂ ਦੀ ਇਕ ਯਾਦ ਸਾਂਝੀ ਕੀਤੀ। ਇਕ ਦਿਨ ਇਕ ਕਾਰ ਦੁਕਾਨ ਦੇ ਅੱਗੇ ਆ ਕੇ ਰੁਕੀ ਤੇ ਉਸ ਵਿੱਚੋਂ ਇਕ ਆਦਮੀ ਉੱਤਰ ਕੇ ਦੁਕਾਨ ਵੱਲ ਤੁਰ ਪਿਆ। ਦੇਖਿਆ ਤਾਂ ਉਹ ਪ੍ਰਧਾਨ ਮੰਤਰੀ ਨਹਿਰੂ ਸੀ। ਉਹਨਾਂ ਭਲੇ ਵੇਲਿਆਂ ਵਿਚ ਨੇਤਾਵਾਂ ਦੇ ਚਾਰ-ਚੁਫ਼ੇਰੇ ਦਰਜਨਾਂ ਸਿਆਹਪੋਸ਼ ਤੋਪਚੀ ਨਹੀਂ ਸਨ ਹੁੰਦੇ ਤੇ ਨਾ ਹੀ ਲਾਲਬੱਤੀਆ ਕਾਰ ਪਾਂ-ਪਾਂ ਕਰਦੀ ਆਉਂਦੀ ਸੀ। ਉਹ ਆਮ ਗਾਹਕ ਵਾਂਗ ਸਹਿਜ ਨਾਲ ਦੁਕਾਨ ਦੇ ਅੰਦਰ ਆਇਆ ਤੇ ਬੋਲਿਆ, ਆਪਣੀਆਂ ਨਵੀਆਂ ਛਾਪੀਆਂ ਪੁਸਤਕਾਂ ਤਾਂ ਦਿਖਾਓ।

ਸਾਹਿਤ ਵੱਲ ਨਹਿਰੂ-ਨਜ਼ਰੀਏ ਦਾ ਇਕ ਹੋਰ ਪੱਖ ਲੇਖਕਾਂ ਦਾ ਸਤਿਕਾਰ ਹੈ। ਦੱਸਦੇ ਹਨ, ਸਾਹਿਤ ਅਕਾਦਮੀ ਦੇ ਰਿਕਾਰਡ ਵਿਚ ਅਨੇਕ ਅਜਿਹੇ ਪੱਤਰ ਜਾਂ ਉਹਨਾਂ ਦੇ ਉਤਾਰੇ ਪਏ ਹਨ ਜਿਨ੍ਹਾਂ ਵਿਚ ਨਹਿਰੂ ਨੇ ਵੱਖ ਵੱਖ ਕੁਰਸੀਧਾਰੀਆਂ ਨੂੰ ਲੇਖਕਾਂ ਦੇ ਮਾਣ-ਆਦਰ ਉੱਤੇ ਜ਼ੋਰ ਦਿੱਤਾ ਹੋਇਆ ਹੈ। ਆਪਣੇ ਸਮੇਂ ਦੇ ਅਨੇਕ ਲੇਖਕਾਂ ਨਾਲ ਉਹਦੇ ਨਿੱਜੀ ਦੋਸਤਾਨਾ ਸੰਬੰਧ ਸਨ। ਉਹ ਨਹਿਰੂ ਦੇ ਨਿਵਾਸ ਵਿਚ ਉਸੇ ਤਰ੍ਹਾਂ ਆਉਂਦੇ-ਜਾਂਦੇ ਸਨ ਜਿਵੇਂ ਕੋਈ ਦੋਸਤ ਦੇ ਘਰ ਆਉਂਦਾ-ਜਾਂਦਾ ਹੈ। ਨਹਿਰੂ ਦੇ ਅਨੇਕ ਕਿੱਸੇ ਸੁਣਨ ਨੂੰ ਮਿਲਦੇ ਹਨ ਜਦੋਂ ਉਹ ਪ੍ਰਧਾਨ ਮੰਤਰੀ ਵਜੋਂ ਕਿਸੇ ਨਗਰ ਗਿਆ ਅਤੇ ਉੱਥੇ ਰਹਿੰਦੇ ਕਿਸੇ ਲੇਖਕ ਨੂੰ ਬੁਲਾ ਕੇ ਮਿਲਣ ਦੀ ਥਾਂ ਆਪ ਉਹਦੇ ਘਰ ਜਾ ਪਹੁੰਚਿਆ।

ਇਕ ਘਟਨਾ ਚੇਤੇ ਵਿਚ ਉੱਭਰਦੀ ਹੈ। ਇਲਾਹਾਵਾਦ ਦੇ ਇਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਹਿਰੂ ਅਤੇ ਮਹਾਂਕਵੀ ਸੂਰਯਕਾਂਤ ਤ੍ਰਿਪਾਠੀ ਨਿਰਾਲਾ ਮੰਚ ਉੱਤੇ ਬਿਰਾਜਮਾਨ ਸਨ। ਜਦੋਂ ਨਹਿਰੂ ਬੋਲਣ ਲੱਗਿਆ, ਉਹਨੇ ਕਿਹਾ, ਮੈਂ ਪਹਿਲਾਂ ਤੁਹਾਨੂੰ ਇਕ ਚੀਨੀ ਕਥਾ ਸੁਣਾਉਣੀ ਚਾਹਾਂਗਾ। ਕਥਾ ਇਹ ਸੀ ਕਿ ਇਕ ਚੀਨੀ ਸਮਰਾਟ ਦੇ ਦੋ ਪੁੱਤਰ ਸਨ, ਇਕ ਸਾਧਾਰਨ ਬੁੱਧੀ ਵਾਲਾ ਤੇ ਦੂਜਾ ਗਿਆਨੀ ਪੁਰਖ। ਜਦੋਂ ਬਜ਼ੁਰਗ ਹੋਇਆ ਸਮਰਾਟ ਦੋਵਾਂ ਪੁੱਤਰਾਂ ਨੂੰ ਕੋਲ ਬਿਠਾ ਕੇ ਆਪਣੀ ਵਿਰਾਸਤ ਵੰਡਣ ਲੱਗਿਆ, ਉਹਨੇ ਸਾਧਾਰਨ-ਬੁੱਧ ਨੂੰ ਕਿਹਾ, “ਤੂੰ ਰਾਜਭਾਗ ਚਲਾਉਣ ਦੇ ਜੋਗ ਹੈਂ, ਤੈਨੂੰ ਮੈਂ ਆਪਣੀ ਗੱਦੀ ਦਿੰਦਾ ਹਾਂ।ਫੇਰ ਉਹਨੇ ਗਿਆਨਵਾਨ ਪੁੱਤਰ ਨੂੰ ਕਿਹਾ, “ਤੂੰ ਮਨੁੱਖਜਾਤੀ ਤੇ ਸਮਾਜ ਦੇ ਭਲੇ ਲਈ ਵੱਡੇ ਕਾਰਜ ਕਰਨੇ ਹਨ, ਮੈਂ ਤੈਨੂੰ ਕਵੀ ਹੋਣ ਦਾ ਵਰ ਤੇ ਅਸ਼ੀਰਵਾਦ ਦਿੰਦਾ ਹਾਂ!ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ਆਪਣੇ ਆਪ ਨੂੰ ਸਾਧਾਰਨ-ਬੁੱਧ ਤੇ ਕਵੀ ਨੂੰ ਸ੍ਰੇਸ਼ਟ-ਬੁੱਧ ਕੋਈ ਨਹਿਰੂ ਹੀ ਆਖ ਸਕਦਾ ਸੀ!

ਆਪਣੇ ਸਮਾਜ, ਇਤਿਹਾਸ, ਸਭਿਆਚਾਰ ਦੀ ਭਰਪੂਰ ਜਾਣਕਾਰੀ, ਸਮਰੱਥ ਕਲਮ, ਦੂਜਿਆਂ ਦੇ ਰਚੇ ਸਾਹਿਤ ਨਾਲ ਲਗਾਤਾਰ ਪਾਠਕੀ ਸੰਪਰਕ ਅਤੇ ਕੁਰਸੀ ਨਾਲੋਂ ਕਲਮ ਨੂੰ ਉੱਚਾ ਦਰਜਾ ਦਿੰਦਿਆਂ ਕਲਮਾਂ ਵਾਲਿਆਂ ਦਾ ਆਦਰ-ਮਾਣ, ਇਹ ਹੈ ਸਾਹਿਤ ਵੱਲ ਨਹਿਰੂ-ਨਜ਼ਰੀਆ। ਜੇ ਇਹ ਨਜ਼ਰੀਆ ਮਿਹਣੇ ਅਤੇ ਦੋਸ਼ ਦਾ ਅਧਿਕਾਰੀ ਹੈ ਤਾਂ ਸਾਨੂੰ ਮਿਹਣਾ ਵੀ ਪਰਵਾਨ ਹੈ ਤੇ ਦੋਸ਼ ਦਾ ਵੀ ਇਕਬਾਲ ਹੈ!

*****

(129)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author