GurbachanSBhullar7ਇੱਕ ਦਿਨ ਇੱਕ ਓਪਰਾ ਆਦਮੀ ਸੰਕਟ-ਹਰਤਾ ਬਣ ਕੇ ਆਇਆ ਇੱਕ ਮੁੰਡੇ ਨੂੰ ਨਕਲੀ ਪਤੀ ਬਣਾ ਕੇ ...
(11 ਜੁਲਾਈ 2023)

 

ਪੰਜਾਬ ਵਿੱਚੋਂ ਨੌਜਵਾਨ ਪੀੜ੍ਹੀ ਦੇ ਪਰਵਾਸ ਦੀਆਂ ਖ਼ਬਰਾਂ ਕਈ ਪੱਖਾਂ ਤੋਂ ਬੜੀਆਂ ਬੇਚੈਨ ਕਰਨ ਵਾਲੀਆਂ ਹਨਜੇ ਇਹ ਕਹਿ ਲਿਆ ਜਾਵੇ ਕਿ ਨੇੜ-ਭਵਿੱਖ ਦਾ ਪੰਜਾਬ ਬਜ਼ੁਰਗਾਂ ਅਤੇ ਦੇਸ ਅੰਦਰਲੇ ਆਵਾਸੀਆਂ ਦਾ ਪੰਜਾਬ ਹੋਵੇਗਾ, ਇਹ ਝੂਠ ਨਹੀਂਇਹ ਖ਼ਬਰਾਂ ਪੜ੍ਹ ਕੇ ਮੇਰੇ ਧਿਆਨ ਵਿੱਚ ਪੰਜਾਬ ਦੇ ਭਵਿੱਖ ਦੀ ਤਸਵੀਰ ਵਜੋਂ ਦੱਖਣੀ ਦਿੱਲੀ ਆ ਜਾਂਦੀ ਹੈ ਜਿੱਥੇ ਸੇਵਾ-ਮੁਕਤ ਸਿਖਰੀ ਅਧਿਕਾਰੀ, ਦੂਜੀ-ਤੀਜੀ ਪਰਤ ਦੇ ਧਨਾਡ, ਵੱਡੇ ਸਿਆਸੀ ਨੇਤਾ, ਆਦਿ ਰਹਿੰਦੇ ਹਨ ਜਿਨ੍ਹਾਂ ਲਈ ਔਲਾਦ ਨੂੰ ਬਾਹਰ ਭੇਜਣਾ ਕੋਈ ਮੁਸ਼ਕਿਲ ਨਹੀਂਨਤੀਜੇ ਵਜੋਂ ਉੱਥੇ ਵੱਡੀ ਗਿਣਤੀ ਵਿੱਚ ਬਜ਼ੁਰਗ ਜੋੜੀਆਂ ਰਹਿੰਦੀਆਂ ਹਨ ਜਾਂ ਕਿਸੇ ਇੱਕ ਸਾਥੀ ਦੇ ਚਲੇ ਜਾਣ ਮਗਰੋਂ ਬਜ਼ੁਰਗ ਇਸਤਰੀ ਜਾਂ ਪੁਰਸ਼ ਇਕੱਲ ਵਿੱਚ ਹੀ ਦਿਨ-ਕਟੀ ਕਰ ਰਹੇ ਹਨਇਹ ਅਜਿਹੇ ਸਰਾਪੇ ਹੋਏ ਲੋਕ ਹਨ ਜੋ ਪੂਰੀ ਤਰ੍ਹਾਂ ਨੌਕਰਾਂ ਦੇ ਸਹਾਰੇ ਹਨਉਹ ਪਰਦੇਸ ਵਸਦੀ ਔਲਾਦ ਦੇ ਜ਼ੋਰ ਦਿੱਤਿਆਂ ਵੀ ਜਨਮਭੂਮੀ ਵਾਲਾ ਮਾਹੌਲ ਛੱਡਣ ਲਈ ਤਿਆਰ ਨਹੀਂ ਹੁੰਦੇਦੂਜੇ ਪਾਸਿਉਂ ਪਰਦੇਸ ਵਿੱਚ ਜਾਨ ਮਾਰ ਕੇ ਖੜ੍ਹੇ ਕੀਤੇ ਕੰਮ-ਧੰਦੇ ਔਲਾਦ ਨੂੰ ਕੁਛ ਦਿਨ ਵੀ ਇੱਥੇ ਠਹਿਰਨ ਦੀ ਖੁੱਲ੍ਹ ਨਹੀਂ ਦਿੰਦੇ

ਬਹੁਤੇ ਬਜ਼ੁਰਗ ਇੱਕ ਵਾਰ ਆ ਕੇ ਝਾੜੂ-ਪੋਚਾ ਕਰ ਜਾਣ ਵਾਲੀ ਸਫ਼ਾਈ-ਸੇਵਕਾ ਅਤੇ ਦੋ ਵੇਲੇ ਆ ਕੇ ਖਾਣਾ ਬਣਾ ਜਾਣ ਵਾਲੀ ਰਸੋਈ-ਸੇਵਿਕਾ ਦੀ ਮਦਦ ਨਾਲ ਸਮਾਂ ਲੰਘਾਉਂਦੇ ਹਨਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਅਨੁਸਾਰ ਕਿਸੇ ਇਕੱਲੇ ਬਜ਼ੁਰਗ ਦਾ ਭੌਰ ਰਾਤ ਨੂੰ ਉਡਾਰੀ ਮਾਰ ਜਾਂਦਾ ਹੈਪਤਾ ਉਦੋਂ ਲਗਦਾ ਹੈ ਜਦੋਂ ਅਗਲੇ ਦਿਨ ਸੇਵਿਕਾ ਦੇ ਘੰਟੀ ਵਜਾਇਆਂ ਬੂਹਾ ਨਹੀਂ ਖੁੱਲ੍ਹਦਾ ਤੇ ਉਹ ਇਹ ਇਤਲਾਹ ਗੁਆਂਢੀਆਂ ਨੂੰ ਦਿੰਦੀ ਹੈਗੁਆਂਢੀਆਂ ਦੀ ਬੁਲਾਈ ਪੁਲਿਸ ਜਿੰਦਾ ਖੋਲ੍ਹਦੀ-ਤੋੜਦੀ ਹੈ ਤੇ ਉਹਦੇ ਕਰੀਬੀਆਂ ਨੂੰ ਫੋਨ ਕਰਨ ਲਗਦੀ ਹੈਕਈ ਬਜ਼ੁਰਗ ਚੌਵੀ ਘੰਟੇ ਦੇ ਨੌਕਰ ਰੱਖਦੇ ਹਨਅਜਿਹੇ ਨੌਕਰਾਂ ਤੋਂ ਮਾਲਕਾਂ ਦੇ ਮਾਲ-ਮੱਤੇ ਤੇ ਟੂਮ-ਛੱਲੇ ਦਾ ਕੁਛ ਵੀ ਗੁੱਝਾ ਨਹੀਂ ਰਹਿੰਦਾਇਸ ਸੂਰਤ ਵਿੱਚ ਮਾਲਕ ਨੂੰ ਮਾਰ ਕੇ ਤੇ ਸਭ ਕੁਛ ਸਮੇਟ ਕੇ ਨੌਕਰ ਦੇ ਭੱਜਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ

ਪਿਛਲੇ ਦਿਨੀਂ ਚੈਨਲਾਂ ਦੇ ਖਿਲਾਰੇ ਤੋਂ ਪਹਿਲਾਂ ਦੇ ਦੂਰਦਰਸ਼ਨ ਦੀ ਅੰਗਰੇਜ਼ੀ ਸਮਾਚਾਰ-ਵਾਚਕ ਗੀਤਾਂਜਲੀ ਅਈਅਰ ਦਾ ਆਯੂ ਦੇ ਅੱਠਵੇਂ ਦਹਾਕੇ ਵਿੱਚ ਦਿਹਾਂਤ ਹੋਇਆਆਪਣੇ ਸਮੇਂ ਉਹ ਟੀਵੀ ਦੇ ਪਰਦੇ ਉੱਤੇ ਸੁਚੱਜ-ਸਲੀਕੇ ਲਈ ਮਸ਼ਹੂਰ ਸੀਉਹਦਾ ਬੇਟਾ ਤੇ ਬੇਟੀ ਅਮਰੀਕਾ ਹਨਉਹ ਪਾਰਕਿਨਸਨ ਦੀ ਰੋਗੀ ਸੀਸਵੇਰ ਦੀ ਸੈਰ ਤੋਂ ਪਰਤ ਕੇ ਘਰ ਆਈ ਤਾਂ ਬੇਹੋਸ਼ ਹੋ ਕੇ ਡਿਗ ਪਈ ਇੱਕ ਦੋਸਤ ਦੇ ਹਸਪਤਾਲ ਲੈ ਕੇ ਜਾਣ ਸਮੇਂ ਉਹ ਚਲਾਣਾ ਕਰ ਗਈ

ਅਜਿਹੇ ਮੌਕੇ ਮੈਨੂੰ ਇੱਕ ਬੜੀ ਬੇਕਿਰਕ ਘਟਨਾ ਚੇਤੇ ਆ ਜਾਂਦੀ ਹੈਦਿੱਲੀ ਦਾ ਇੱਕ ਪੰਜਾਬੀ ਪੱਤਰਕਾਰ ਤੇ ਸਿਆਸਤਦਾਨ ਵਾਹਵਾ ਜਾਣਿਆ ਜਾਂਦਾ ਹਫ਼ਤਾਵਾਰ ਅਖ਼ਬਾਰ ਕੱਢਦਾ ਸੀਉਹਦੇ ਇੱਕੋ-ਇੱਕ ਬੇਟੇ ਨੇ ਬਦੇਸੀ ਨਾਗਰਿਕ ਬਣ ਕੇ ਆਪਣਾ ਕਾਰੋਬਾਰ ਕੀਤਾ ਹੋਇਆ ਸੀਬਦਕਿਸਮਤੀ ਨੂੰ ਪੱਤਰਕਾਰ ਨੂੰ ਲਹੂ ਦਾ ਕੈਂਸਰ ਹੋ ਗਿਆਲੰਮੇ ਇਲਾਜ ਮਗਰੋਂ ਆਖ਼ਰ ਡਾਕਟਰਾਂ ਨੇ ਬੇਹੋਸ਼ੀ ਵਿੱਚ ਜਾ ਚੁੱਕੇ ਮਰੀਜ਼ ਦੀ ਪਤਨੀ ਨੂੰ ਘਰ ਲਿਜਾ ਕੇ ‘ਰੱਬ ਦਾ ਨਾਂ ਲੈਣ’ ਦੀ ਸਲਾਹ ਦੇ ਦਿੱਤੀ ਅਤੇ ਉਹਦੇ ਪੁੱਛਿਆਂ ਸਮੇਂ ਦਾ ਅੰਦਾਜ਼ਾ ਵੀ ਇੱਕ ਹਫ਼ਤੇ ਦਾ ਦੱਸ ਦਿੱਤਾਅੱਗੇ ਦੀ ਕਹਾਣੀ ਉਹਦੀ ਪਤਨੀ ਨੇ ਪੱਤਰਕਾਰ ਦੇ ਇੱਕ ਮਿੱਤਰ ਨੂੰ, ਜਿਸਦਾ ਉਹਨਾਂ ਦੇ ਘਰ ਬਹੁਤ ਆਉਣਾ-ਜਾਣਾ ਸੀ, ਰੋ-ਰੋ ਕੇ ਸੁਣਾਈ ਜਿੱਥੋਂ ਇਹਨੇ ਅੱਗੇ ਤਾਂ ਫ਼ੈਲਣਾ ਹੀ ਸੀਬੇਟਾ ਡਾਕਟਰਾਂ ਦੇ ਦਿੱਤੇ ਹੋਏ ਹਫ਼ਤੇ ਦੇ ਚਾਰ-ਪੰਜ ਦਿਨ ਲੰਘਾ ਕੇ ਆਇਆਪਰਲੋਕ ਦੀ ਉਡਾਣ ਕੋਈ ਹਵਾਈ ਜਹਾਜ਼ ਦੀ ਉਡਾਣ ਤਾਂ ਹੈ ਨਹੀਂ ਸੀ ਜਿਸਦੀ ਤਾਰੀਖ਼ ਪੱਕੀ ਹੋਵੇਹਫ਼ਤੇ ਤੋਂ ਮਗਰੋਂ ਦਿਨ ਇੱਕ-ਇੱਕ ਕਰ ਕੇ ਬੀਤਣ ਲੱਗੇ ਇੱਕ ਪਾਸੇ ਬੇਹੋਸ਼ੀ ਵਿੱਚ ਉਹਦੇ ਸਾਹ ਵਗਦੇ ਰਹੇ ਤੇ ਦੂਜੇ ਪਾਸੇ ਉਸੇ ਹਿਸਾਬ ਬੇਟੇ ਦੀ ਯਮਦੂਤ ਦੀ ਨਿਹਫਲ ਉਡੀਕ ਦੀ ਬੇਚੈਨੀ ਤੇ ਪਰੇਸ਼ਾਨੀ ਵਧਦੀ ਗਈਆਖ਼ਰ ਸਪੂਤ ਕਹਿੰਦਾ, “ਮੰਮੀ, ਤੂੰ ਤਾਂ ਉਸ ਦਿਨ ਇੱਕ ਹਫ਼ਤਾ ਕਹਿੰਦੀ ਸੀ, ਹੁਣ ਤਾਂ ਇੱਕ ਹਫ਼ਤਾ ਹੋਰ ਲੰਘ ਚੱਲਿਆਡੈਡੀ ਤਾਂ ਮਰਦੇ ਹੀ ਨਹੀਂ ਉੱਧਰ ਮੇਰਾ ਮੁਸ਼ਕਿਲ ਨਾਲ ਖੜ੍ਹਾ ਕੀਤਾ ਕਾਰੋਬਾਰ ਬਰਬਾਦ ਹੋ ਜਾਣਾ ਹੈ… ਮੈਂ ਹੁਣ ਜਾਂਦਾ ਹਾਂਮੈਥੋਂ ਸਸਕਾਰ ਵਾਲੇ ਦਿਨ ਆ ਕੇ ਭੋਗ ਤਕ ਨਹੀਂ ਰਿਹਾ ਜਾਣਾ, ਮੈਂ ਹੁਣ ਭੋਗ ਵਾਲੇ ਦਿਨ ਹੀ ਆਵਾਂਗਾ।”

ਮੇਰੇ ਕਈ ਮਿਹਰਬਾਨ ਪਾਠਕ ਮੇਰਾ ਲਿਖਿਆ ਕੁਛ ਪੜ੍ਹ ਕੇ ਫੋਨ ਕਰਦੇ ਰਹਿੰਦੇ ਹਨਅਨੇਕ ਲੋਕ ਸੇਵਾ-ਮੁਕਤ ਜਾਂ ਸੇਵਾ-ਮੁਕਤੀ ਦੇ ਨੇੜੇ ਪੁੱਜੇ ਹੋਏ ਅਧਿਆਪਕ, ਪ੍ਰੋਫੈਸਰ, ਪਟਵਾਰੀਆਂ ਤੋਂ ਲੈ ਕੇ ਬਿਜਲੀ ਮਹਿਕਮੇ ਤਕ ਦੇ ਮੁਲਾਜ਼ਮ ਹੁੰਦੇ ਹਨਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਹੁੰਦਾਗੱਲੀਂ ਪਏ ਅਜਿਹੇ ਸੱਜਣ ਨੂੰ ਖ਼ੈਰ-ਸੁੱਖ ਪੁੱਛ ਕੇ ਮੈਂ ਬੱਚਿਆਂ ਬਾਰੇ ਪੁੱਛਦਾ ਹਾਂ ਤਾਂ ਵੱਡੀ ਬਹੁਗਿਣਤੀ ਦਾ ਜਵਾਬ ਨਾਂਵਾਂ-ਥਾਂਵਾਂ ਦੇ ਥੋੜ੍ਹੇ-ਬਹੁਤੇ ਫ਼ਰਕ ਨਾਲ ਲਗਭਗ ਇਹੋ ਹੁੰਦਾ ਹੈ, “ਜੀ ਮੇਰੇ ਦੋ ਬੱਚੇ ਹਨ, ਬੇਟੀ ਕਨੇਡਾ ਹੈ ਤੇ ਬੇਟਾ ਆਸਟਰੇਲੀਆ।”

ਸਾਥੋਂ ਪਹਿਲੀ ਪੀੜ੍ਹੀ ਤਕ ਦੇ ਲੋਕ ਜਦੋਂ ਪਰਦੇਸ ਜਾਂਦੇ ਸਨ, ਉਹ ਕੰਮ ਕਰ ਕੇ ਚਾਰ ਪੈਸੇ ਕਮਾਉਣ ਲਈ ਜਾਂਦੇ ਸਨ ਤੇ ਆਖ਼ਰ ਘਰ ਪਰਤ ਆਉਂਦੇ ਸਨਬਹੁਤਿਆਂ ਦੀ ਦੌੜ ਮਲਾਇਆ-ਸਿੰਗਾਪੁਰ ਤਕ ਹੁੰਦੀ ਸੀਪੰਜਾਬੀ ਲੋਕ ਇੰਗਲੈਂਡ, ਅਮਰੀਕਾ, ਕੈਨੇਡਾ ਜਾਂਦੇ ਤਾਂ ਸਨ, ਪਰ ਉੱਧਰ ਜਾਣਾ ਇੰਨਾ ਸੌਖਾ ਨਹੀਂ ਸੀਹੁਣ ਪੜ੍ਹਾਈ ਵਰਗੇ ਕਈ ਰਾਹ ਖੁੱਲ੍ਹ ਗਏ ਹਨਪੜ੍ਹਾਈ ਬਹਾਨਾ ਹੁੰਦਾ ਹੈ, ਅਸਲ ਨਿਸ਼ਾਨਾ ਉੱਥੇ ਵਸਣਾ ਹੁੰਦਾ ਹੈਪੈਰ-ਧਰਾਵਾ ਹੋਵੇ ਸਹੀ, ਪੰਜਾਬੀ ਬੈਠਣ-ਪੈਣ ਦੀ ਥਾਂ ਆਪੇ ਬਣਾ ਲੈਂਦੇ ਹਨ

ਪੰਜਾਬੀਆਂ ਦੀ ਪਰਵਾਸ ਦੀ ਤੜਫ਼ ਤੇ ਬਿਹਬਲਤਾ ਦੇ ਕਾਰਨ ਤਾਂ ਵੱਖਰੀ ਵਿਚਾਰ ਲੋੜਦੇ ਹਨ, ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਜੇ ਕੋਈ ਅਣਜਾਣਿਆ ਛੋਟਾ-ਮੋਟਾ ਦੇਸ ਵੀ ਇਹ ਕਹਿ ਦੇਵੇ ਕਿ ਕਿਸੇ ਵੀਜ਼ੇ-ਵੂਜ਼ੇ ਦੀ ਲੋੜ ਨਹੀਂ, ਆਓ ਜਿਸ ਪੰਜਾਬੀ ਨੇ ਆਉਣਾ ਹੈ, ਅਗਲੇ ਦਿਨ ਪੰਜਾਬੀ ਸ਼ੇਰ ਹਵਾਈ ਜਹਾਜ਼ਾਂ ਦੇ ਖੰਭਾਂ ਉੱਤੇ ਬੈਠੇ ਦਿਸਣਗੇਪੰਜਾਬੀ ਪਰਵਾਸ ਦੀ ਇੱਕ ਧਿਆਨਜੋਗ ਗੱਲ ਇਹ ਹੈ ਕਿ ਇਹਨਾਂ ਦੀ ਮੁੱਖ ਰੀਝ ਪੰਜਾਬ ਛੱਡਣ ਦੀ ਹੈ, ਇਸ ਗੱਲ ਦਾ ਓਨਾ ਮਹੱਤਵ ਨਹੀਂ ਕਿ ਪਹੁੰਚਣਾ ਕਿੱਥੇ ਹੈਜੇ ਕੋਈ ਏਜੰਟ ਰੁਆਂਡਾ-ਰੁਆਂਡੀ ਜਾਂ ਬੁਰਕੀਨਾ ਫ਼ਾਸੋ ਭੇਜਣ ਵਾਲਾ ਮਿਲ ਜਾਵੇ, ਇਹ ਉੱਥੇ ਪਹੁੰਚ ਜਾਣਗੇਆਖਦੇ ਹਨ, ਕਿਸੇ ਹੋਰ ਦੇਸ ਵਿੱਚ ਪਹੁੰਚੀਏ ਸਹੀ, ਉੱਥੋਂ ਅੱਗੇ ਦੀ ਅੱਗੇ ਕਿਸੇ ਠੀਕ ਥਾਂ ਪਹੁੰਚ ਜਾਵਾਂਗੇ

ਪੰਜਾਬੀਆਂ ਨੂੰ ਜੁਗਤੀ-ਜੁਗਾੜੀ ਹੋਣ ਦਾ ਮਾਣ ਹੈਇਹਨਾਂ ਤੋਂ ਅਣਹੋਣੀ ਨੂੰ ਹੋਣੀ ਬਣਾ ਲੈਣ ਦੀ ਉਮੀਦ ਕੀਤੀ ਜਾ ਸਕਦੀ ਹੈਭੈਣ-ਭਾਈ ਦੇ ਪਤੀ-ਪਤਨੀ ਬਣ ਕੇ ਜਾਣ ਜਿਹੀਆਂ ਗੱਲਾਂ ਤਾਂ ਹੁਣ ਪੁਰਾਣੀਆਂ ਹੋ ਗਈਆਂ ਹਨ ਇੱਕ ਦਿਨ ਫੋਨ ’ਤੇ ਗੱਲਾਂ ਕਰਦਿਆਂ ਮੈਂ ਇੱਕ ਅਣਜਾਣੇ ਸੱਜਣ ਨੂੰ ਇਸ ਪਾਸੇ ਤੋਰ ਲਿਆਉਹਨੇ ਆਪਣੇ ਗੁਆਂਢ ਦਾ ਕਿੱਸਾ ਸੁਣਾਇਆਕੁੜੀ ਨੂੰ ਆਸਟਰੇਲੀਆ ਪੜ੍ਹਨ ਦਾ ਵੀਜ਼ਾ ਮਿਲ ਗਿਆ ਤੇ ਟੱਬਰ ਪੈਸਿਆਂ ਦੇ ਪ੍ਰਬੰਧ ਵਿੱਚ ਜੁਟ ਗਿਆ ਇੱਕ ਦਿਨ ਇੱਕ ਓਪਰਾ ਆਦਮੀ ਸੰਕਟ-ਹਰਤਾ ਬਣ ਕੇ ਆਇਆ ਇੱਕ ਮੁੰਡੇ ਨੂੰ ਨਕਲੀ ਪਤੀ ਬਣਾ ਕੇ ਨਾਲ ਲਿਜਾਣਾ ਸੀ ਜਿਸ ਬਦਲੇ ਉਹਨਾਂ ਨੇ ਖਾਸੀ ਨਕਦ ਮਾਇਆ ਵੀ ਦੇਣੀ ਸੀ ਤੇ ਸਾਰਾ ਖਰਚ ਵੀ ਕਰਨਾ ਸੀਸਬੱਬ ਨਾਲ ਦੋਵਾਂ ਦੇ ਰਿਸ਼ਤੇਦਾਰ ਪਹਿਲਾਂ ਤੋਂ ਉੱਥੇ ਰਹਿੰਦੇ ਸਨਮੁੰਡੇ ਤੇ ਕੁੜੀ ਨੇ ਹਵਾਈ ਅੱਡੇ ਤੋਂ ਲੈਣ ਆਏ ਹੋਏ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਤੁਰ ਜਾਣਾ ਸੀਮੈਂ ਉਸ ਬੰਦੇ ਨੂੰ ਕੁੜੀ ਦੇ ਪਰਦੇਸ ਜਾਣ ਬਾਰੇ ਓਪਰੇ ਵਿਚੋਲੇ ਦੀ ਜਾਣਕਾਰੀ ਦਾ ਵਸੀਲਾ ਪੁੱਛਿਆਉਹਨੇ ਦੱਸਿਆ ਕਿ ਉਹ ਲੋਕ ਵੀਜ਼ੇ ਦੇ ਦਫਤਰੋਂ ਪਤਾ ਕਰ ਲੈਂਦੇ ਹਨ ਤੇ ਉਹਨਾਂ ਨੇ ਪੰਜਾਬ ਵਿੱਚ ਆਪਣਾ ਪੂਰਾ ਤਾਣਾ-ਬਾਣਾ ਬਣਾਇਆ ਹੋਇਆ ਹੈ ਮੈਨੂੰ ਹੈਰਾਨੀ ਹੋਈ ਕਿ ਮਸਲਾ ਕੋਈ ਵੀ ਹੋਵੇ, ਜੁਗਤੀ ਪੰਜਾਬੀ ਬੇਈਮਾਨੀ ਦੇ ਸਹਾਰੇ ਸਭ ਅੜਿੱਕੇ ਦੂਰ ਕਰਨ ਲਈ ਪਹਿਲਾਂ ਹੀ ਤਿਆਰ ਹੁੰਦੇ ਹਨ

ਜਿਹੜੇ ਲੋਕ ਵਿਦਿਆਰਥੀ ਵਜੋਂ ਜਾਂ ਉੱਧਰ ਪੱਕੇ ਨਾਗਰਿਕ ਬਣ ਚੁੱਕੇ ਕਿਸੇ ਨਾਲ ਰਿਸ਼ਤੇ ਦੇ ਆਧਾਰ ਉੱਤੇ ਜਾਂ ਹੋਰ ਕਿਸੇ ਕਾਨੂੰਨੀ ਰਾਹ ਸਦਕਾ ਪਰਦੇਸ ਜਾਂਦੇ ਹਨ, ਉਹਨਾਂ ਲਈ ਤਾਂ ਹੁਣ ਮਾਇਕ ਤੋਂ ਬਿਨਾਂ ਕੋਈ ਮੁਸ਼ਕਿਲ ਨਹੀਂ ਆਉਂਦੀਹੈਰਾਨੀ ਉਹਨਾਂ ਬਾਰੇ ਹੁੰਦੀ ਹੈ ਜੋ ਠੱਗ ਏਜੰਟਾਂ ਦੀ ਮਦਦ ਲੈ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚਣਾ ਚਾਹੁੰਦੇ ਹਨਉਹਨਾਂ ਨੇ ਅਜਿਹੀ ਸੂਰਤ ਵਿੱਚ ਆਪਣੇ ਵਰਗਿਆਂ ਦੀਆਂ ਸੁੰਨੇ, ਸੰਘਣੇ, ਬਿਨ-ਰਾਹੇ ਜੰਗਲ ਪਾਰ ਕਰਨ ਲਈ ਭਟਕਦਿਆਂ ਭੁੱਖ-ਤੇਹ ਨਾਲ ਹੋਈਆਂ ਭਿਆਨਕ ਮੌਤਾਂ ਦੀਆਂ ਖ਼ਬਰਾਂ ਪੜ੍ਹੀਆਂ ਹੁੰਦੀਆਂ ਹਨ ਇਸਦੇ ਬਾਵਜੂਦ ਉਹ ਉਹੋ ਰਾਹ ਫੜਨ ਦੀ ਦਲੇਰੀ ਦਿਖਾਉਂਦੇ ਹਨਦਿਲਚਸਪ ਤੱਥ ਇਹ ਹੈ ਕਿ ਗ਼ੈਰ-ਕਾਨੂੰਨੀ ਪਰਵਾਸ ਦੀ ਕਹਾਣੀ ਵੀ ਕਾਨੂੰਨੀ ਪਰਵਾਸ ਜਿੰਨੀ ਹੀ ਪੁਰਾਣੀ ਹੈ ਅਤੇ ਖ਼ਤਰੇ ਵੀ ਉਸੇ ਤਰ੍ਹਾਂ ਹਨ

2006 ਵਿੱਚ ਆਪਣੀ ਅਮਰੀਕਾ ਦੀ ਫੇਰੀ ਸਮੇਂ ਮੈਂ ਮੁਢਲੇ ਪੰਜਾਬੀ ਪਰਵਾਸੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉੱਥੋਂ ਦੀ ਖੋਜ ਦੇ ਉੱਚੇ ਤੇ ਸਿਦਕੀ-ਸਿਰੜੀ ਮਿਆਰਾਂ ਅਨੁਸਾਰ ਜਿਨ੍ਹਾਂ ਕੁਛ ਖੋਜਕਾਰਾਂ ਦਾ ਮੈਨੂੰ ਪਤਾ ਲੱਗਿਆ, ਉਹਨਾਂ ਵਿੱਚੋਂ ਇੱਕ ਸਟਾਕਟਨ ਦੀ ਯੂਨੀਵਰਸਿਟੀ ਆਫ ਦਿ ਪੈਸੇਫ਼ਿਕ ਦਾ ਪ੍ਰੋਫੈਸਰ ਬਰੂਸ ਲਾ ਬਰੈਕ ਸੀਉਹਦਾ ਇੱਕ ਅਹਿਮ ਕੰਮ ਉਹਨਾਂ ਪੰਜਾਬੀ ਬਜ਼ੁਰਗਾਂ ਨਾਲ ਗੱਲਾਂਬਾਤਾਂ ਕਰਨਾ ਸੀ ਜਿਹੜੇ ਵੀਹਵੀਂ ਸਦੀ ਦੇ ਮੁਢਲੇ ਸਾਲਾਂ ਵਿੱਚ ਜਵਾਨੀ-ਪਹਿਰੇ ਪੁੱਠੇ-ਸਿੱਧੇ ਰਾਹੋਂ ਅਮਰੀਕਾ ਪਹੁੰਚੇ ਸਨਉਹ ਲਗਭਗ ਸਾਰੇ ਹੀ ਸਿੱਖ ਸਨ ਕਿਉਂਕਿ ਸਿੱਖ ਧਰਮ ਵਿੱਚ ਹਿੰਦੂ ਧਰਮ ਵਾਂਗ ਸਮੁੰਦਰੋਂ ਪਾਰ ਜਾਣ ਤੋਂ ਰੋਕਣ ਵਾਲੀ ਕੋਈ ਵਰਜਨਾ ਨਹੀਂ ਸੀ ਇੱਕ ਬਜ਼ੁਰਗ ਨੇ ਉਹਨੂੰ ਦੱਸਿਆ, “ਮੈਂ ਹਜ਼ਾਰਾਂ ਮੀਲ ਦੂਰ ਆਇਆਪਾਨਾਮਾ ਤੋਂ ਅਮਰੀਕਾ ਤਕ ਮੈਂ ਪੈਦਲ ਤੁਰਿਆ।” ਉਹਨੇ ਇਹ ਵੀ ਦੱਸਿਆ ਕਿ ਉਹਦਾ ਇਰਾਦਾ ਕਮਾਈ ਕਰ ਕੇ ਘਰ ਮੁੜਨ ਦਾ ਸੀ ਪਰ ਉਹ ਇੱਥੋਂ ਜੋਗਾ ਹੀ ਰਹਿ ਗਿਆ

ਸਿੱਧਾ ਅਮਰੀਕਾ ਜਾਂ ਉਹਦੇ ਨੇੜਲੇ ਕਿਸੇ ਦੇਸ ਨਾ ਉੱਤਰਨ ਦਾ ਕਾਰਨ ਤਾਂ ਕਾਨੂੰਨੀ ਰੋਕਾਂ ਹੀ ਹੋਣਗੀਆਂਹੈਰਾਨੀ ਉਹਦੇ ਸਿਰੜ ਅਤੇ ਜਨੂੰਨ ਦੀ ਹੁੰਦੀ ਹੈ ਜਿਸਦਾ ਅਹਿਸਾਸ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਵਿਚਕਾਰਲੇ ਸੈਂਟਰਲ ਅਮਰੀਕਾ ਦਾ ਨਕਸ਼ਾ ਦੇਖਿਆਂ ਹੁੰਦਾ ਹੈਸਮੁੰਦਰੀ ਜਹਾਜ਼ ਤੋਂ ਪਾਨਾਮਾ ਦੀ ਬੰਦਰਗਾਹ ਉੱਤੇ ਉੱਤਰ ਕੇ ਅਮਰੀਕਾ ਪੈਦਲ ਪਹੁੰਚਣ ਲਈ ਕੀਤੀ ਉਹਦੀ ਹਿੰਮਤ ਦੰਗ ਕਰ ਦਿੰਦੀ ਹੈ! ਪਾਨਾਮਾ ਤੋਂ ਅੱਗੇ ਉਹਨੇ ਚਾਰ ਦੇਸ, ਕੋਸਟਾਰੀਕਾ, ਨਿਕਾਰਾਗੂਆ, ਹੋਂਡੂਰਸ ਤੇ ਗੁਆਟੇਮਾਲਾ ਪਾਰ ਕਰ ਕੇ ਇਹਨਾਂ ਮਿਲਵੇਂ ਚਾਰਾਂ ਤੋਂ ਕਈ ਗੁਣਾ ਵੱਡਾ ਮੈਕਸੀਕੋ ਲੰਘਿਆ ਹੋਵੇਗਾ ਤਾਂ ਕਿਤੇ ਜਾ ਕੇ ਅਮਰੀਕਾ ਦੀ ਹੱਦ ਆਈ ਹੋਵੇਗੀ! ਇਹ ਰਾਹ ਕੋਈ ਚਾਰ ਹਜ਼ਾਰ ਮੀਲ ਬਣਦਾ ਹੈਜੇ ਉਸ ਅਣਥੱਕ ਰਾਹੀ ਨੇ ਹਰ ਰੋਜ਼ ਪੱਚੀ ਮੀਲ ਤੁਰਨ ਦੀ ਅਣਹੋਣੀ ਵੀ ਕਰ ਦਿਖਾਈ ਹੋਵੇ, ਉਹ ਲਗਾਤਾਰ ਇੱਕ ਸੌ ਸੱਠ ਦਿਨ ਤੁਰਦਾ ਹੀ ਰਿਹਾ ਹੋਵੇਗਾਬੋਲੀ ਤੇ ਮਾਇਆ ਦੀਆਂ ਸਮੱਸਿਆਵਾਂ ਵੱਖਰੀਆਂਜੇ ਉਹ ਚਾਰ ਅੱਖਰ ਅੰਗਰੇਜ਼ੀ ਦੇ ਜਾਣਦਾ ਵੀ ਹੋਇਆ, ਸਪੇਨ ਦੇ ਗ਼ੁਲਾਮ ਉਹਨਾਂ ਦੇਸਾਂ ਵਿੱਚ ਉਹ ਵੀ ਕੰਮ ਨਹੀਂ ਆਏ ਹੋਣੇਪੰਜ-ਛੇ ਮਹੀਨਿਆਂ ਲਈ ਰੋਟੀ-ਟੁੱਕ ਖਰੀਦਣ ਦਾ ਸਾਧਨ ਉਸ ਕੋਲ ਹੋਣ ਦੀ ਕੋਈ ਸੰਭਾਵਨਾ ਨਹੀਂਹਿੰਦੁਸਤਾਨੀ ਰੁਪਏ ਉਹਨਾਂ ਦੇਸਾਂ ਵਿੱਚ ਚਲਦੇ ਵੀ ਨਹੀਂ ਹੋਣੇਇਸ ਹਾਲਤ ਵਿੱਚ ਉਹ ਮੰਗ-ਪਿੰਨ ਕੇ ਢਿੱਡ ਭਰਦਾ ਹੋਵੇਗਾ ਤੇ ਬਹੁਤ ਵਾਰ ਭੁੱਖਾ ਵੀ ਰਹਿੰਦਾ ਹੋਵੇਗਾਹੁਣ ਵੀ ਇਹਨਾਂ ਦੇਸਾਂ ਦੇ ਹੀ ਸੁੰਨੇ ਜੰਗਲ ਪਾਰ ਕਰਦੇ ਪੰਜਾਬੀ ਮੁੰਡਿਆਂ ਦੇ ਭੁੱਖੇ-ਤਿਹਾਏ ਮਰਨ ਦੀਆਂ ਖ਼ਬਰਾਂ ਆਉਂਦੀਆਂ ਹਨਪੁਰਾਣੇ ਵੇਲਿਆਂ ਵਿੱਚ ਭੁੱਖ-ਤੇਹ ਤੋਂ ਇਲਾਵਾ ਸੱਪ-ਸਰਾਲਾਂ ਤੇ ਰਿੱਛਾਂ, ਆਦਿ ਜੰਗਲੀ ਜੀਵਾਂ ਦਾ ਡਰ ਹੁੰਦਾ ਸੀ, ਹੁਣ ਇਹਨਾਂ ਖ਼ਤਰਿਆਂ ਵਿੱਚ ਹਥਿਆਰਬੰਦ ਲੁਟੇਰਿਆਂ ਦਾ ਵਾਧਾ ਹੋ ਗਿਆ ਹੈ

ਇਹ ਹਾਲਤ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ ਜੋ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੀ ਜੰਮਣ-ਭੋਏਂ ਤੋਂ ਬਾਹਰ ਧਕਦੇ ਹਨ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4081)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author