“ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ ...”
(ਫਰਵਰੀ 9, 2016)
ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਪਟਿਆਲੇ ਵਾਲੇ ਮੁੰਬਈ ਗਏ। ਉਸ ਸਮੇਂ ਰਾਜਿੰਦਰ ਸਿੰਘ ਬੇਦੀ ਦੀ ਬੀਮਾਰੀ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ। ਕੁਦਰਤੀ ਸੀ ਕਿ ਪ੍ਰੋਫ਼ੈਸਰ ਸਾਹਿਬ ਉਹਨਾਂ ਦਾ ਪਤਾ ਲੈਣ ਵੀ ਜਾਂਦੇ। ਉਸ ਮੁਲਾਕਾਤ ਸਮੇਂ ਉਹਨਾਂ ਨੇ ਬੇਦੀ ਨੂੰ ਪੰਜਾਬੀ ਵਿਚ ਨਾ ਲਿਖ ਕੇ ਉਰਦੂ ਵਿਚ ਲਿਖਣ ਬਾਰੇ ਪੰਜਾਬ ਦੇ ਲੋਕਾਂ ਦਾ ਗਿਲਾ ਪੁੱਜਦਾ ਕੀਤਾ। ਉਹ ਬੇਹੱਦ ਬੀਮਾਰ, ਨਿਰਬਲ ਅਤੇ ਸਰੀਰਕ ਪੱਖੋਂ ਮਜਬੂਰ ਹੋ ਚੁੱਕੇ ਸਨ। ਇਸ ਦੇ ਬਾਵਜੂਦ ਉਹਨਾਂ ਨੇ ਬੜੇ ਕਰਾਰ ਨਾਲ ਮੋੜ ਕੀਤਾ, “ਪੰਜਾਬੀ ਲੋਕ ਇਸ ਗੱਲ ਦਾ ਫ਼ਖ਼ਰ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਦੇ ਇਕ ਪੁੱਤਰ ਨੇ ਉਰਦੂ ਦੀ ਸਰਜ਼ਮੀਨ ਉੱਤੇ ਕਿੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ?”
ਉਸ ਮੁਲਾਕਾਤ ਵਿਚ ਬੇਦੀ ਜੀ ਨੇ ਆਪਣਾ ਇਹ ਸਾਹਿਤਕ ਦਰਦ ਵੀ ਪਰਗਟ ਕੀਤਾ ਕਿ ਉਹਨਾਂ ਦੀਆਂ ਕਹਾਣੀਆਂ ਦੀ ਕੋਈ ਪੁਸਤਕ ਪੰਜਾਬੀ ਵਿਚ ਨਹੀਂ ਛਪੀ। ਉਹਨਾਂ ਨੇ ਉਮਰ ਅਤੇ ਸਿਹਤ ਦੇ ਉਸ ਪੜਾਅ ਉੱਤੇ ਵੀ ਅਜਿਹੀ ਪੁਸਤਕ ਛਪਣ ਸੰਬੰਧੀ ਆਪਣੀ ਰੀਝ ਸਾਂਝੀ ਕੀਤੀ। ਪ੍ਰੋਫ਼ੈਸਰ ਸਾਹਿਬ ਨੇ ਉਹਨਾਂ ਦੀ ਇਹ ਇੱਛਾ ਤੇ ਰੀਝ ਪੂਰੀ ਕਰਨ ਦਾ ਇਕਰਾਰ ਕੀਤਾ ਅਤੇ ਮੁੰਬਈ ਤੋਂ ਪਰਤ ਕੇ ਇਹ ਇਕਰਾਰ ਨਿਭਾ ਵੀ ਦਿੱਤਾ। ਉਹਨਾਂ ਨੇ 37 ਕਹਾਣੀਆਂ ਨੂੰ ਪੰਜਾਬੀ ਦਾ ਜਾਮਾ ਪੁਆਇਆ ਅਤੇ ਕਹਾਣੀ ਤੇ ਕਹਾਣੀ-ਕਲਾ ਸੰਬੰਧੀ ਉਹਨਾਂ ਦੀਆਂ ਦੋ ਮਹੱਤਵਪੂਰਨ ਲਿਖਤਾਂ ਵੀ ਪੰਜਾਬੀ ਵਿਚ ਅਨੁਵਾਦੀਆਂ।
ਪੰਜਾਬੀ ਵਿਚ ਕੋਈ ਕਹਾਣੀ-ਸੰਗ੍ਰਹਿ ਨਾ ਛਪੇ ਹੋਣ ਦਾ ਬੇਦੀ ਜੀ ਦਾ ਦਰਦ ਮੈਨੂੰ ਬੜਾ ਅਜੀਬ ਲੱਗਿਆ। ਇਹ ਤੱਥ ਇਕਦਮ ਮੇਰੇ ਚੇਤੇ ਵਿਚ ਉੱਭਰ ਆਇਆ ਕਿ 1950ਵਿਆਂ ਦੇ ਸ਼ੁਰੂ ਵਿਚ ਡੀ ਐੱਮ ਕਾਲਜ ਮੋਗਾ ਵਿਚ ਪੜ੍ਹਦਿਆਂ ਲਾਇਬਰੇਰੀ ਵਿੱਚੋਂ ਮੈਂ ਉਹਨਾਂ ਦੀ ਕਹਾਣੀਆਂ ਦੀ ਪੰਜਾਬੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਕਢਵਾਈ ਸੀ। ਕੀ ਉਮਰ ਨਾਲ ਉਹਨਾਂ ਨੂੰ ਇਹਦਾ ਚੇਤਾ ਭੁੱਲ ਗਿਆ ਸੀ? ਜਾਂ ਕੀ ਉਹ ਪੁਸਤਕ ਕਿਸੇ ਨੇ ਉਹਨਾਂ ਨੂੰ ਪੁੱਛੇ-ਦੱਸੇ ਬਿਨਾਂ ਹੀ ਪੰਜਾਬੀ ਵਿਚ ਅਨੁਵਾਦ ਕਰ ਕੇ ਛਾਪ ਲਈ ਸੀ? ਮੈਂ ਆਪਣੇ ਮੋਗੇ ਵਾਲੇ ਮਿੱਤਰ ਕੇ ਐਲ ਗਰਗ ਨੂੰ, ਸਬੱਬ ਨਾਲ ਡੀ ਐੱਮ ਕਾਲਜ ਜਿਸ ਦੇ ਗੁਆਂਢ ਵਿਚ ਹੈ, ਕਿਹਾ ਕਿ ਉਹ ਲਾਇਬਰੇਰੀ ਵਿਚ ਜਾ ਕੇ ਉਸ ਪੁਸਤਕ ਦਾ, ਖਾਸ ਕਰਕੇ ਉਹਦੇ ਅਨੁਵਾਦਕ ਤੇ ਪ੍ਰਕਾਸ਼ਕ ਦਾ ਪਤਾ ਕਰੇ। ਪੁਸਤਕ ਦਾ ਨਾਂ ਤਾਂ ਰਜਿਸਟਰ ਵਿਚ ਮੌਜੂਦ ਸੀ ਜਿੱਥੋਂ ਛਪਣ-ਸਾਲ 1946 ਦੀ ਅਤੇ ਲਾਹੌਰ ਦੇ ਇਕ ਪੰਜਾਬੀ ਪ੍ਰਕਾਸ਼ਕ ਦੀ ਜਾਣਕਾਰੀ ਮਿਲ ਗਈ। ਅਨੁਵਾਦਕ ਦਾ ਨਾਂ ਉੱਥੇ ਦਿੱਤਾ ਹੋਇਆ ਨਹੀਂ ਸੀ। ਪੁਸਤਕ ਮਿਲ ਨਾ ਸਕੀ। ਗਰਗ ਦਾ ਕਹਿਣਾ ਸੀ ਕਿ ਏਨੀ ਪੁਰਾਣੀ ਹੋਣ ਕਰਕੇ ਪਤਾ ਨਹੀਂ ਗੁਆਚ ਗਈ ਹੋਵੇ ਜਾਂ ਦੁਬਾਰਾ ਜਿਲਦ ਲੋੜਦੀਆਂ ਪੁਸਤਕਾਂ ਵਿਚ ਕਿਤੇ ਵੱਖ ਰੱਖੀ ਪਈ ਹੋਵੇ।
ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ। ਲਗਦਾ ਹੈ, ਤੂੰ ਲਿਖਣ ਤੋਂ ਪਹਿਲਾਂ ਵੀ ਸੋਚਦਾ ਹੈਂ, ਲਿਖਦਿਆਂ ਵੀ ਸੋਚਦਾ ਰਹਿੰਦਾ ਹੈਂ ਅਤੇ ਲਿਖਣ ਤੋਂ ਮਗਰੋਂ ਵੀ ਸੋਚੀ ਜਾਂਦਾ ਹੈਂ।” ਭਾਵੇਂ ਮੰਟੋ ਨੇ ਇਹ ਗੱਲ ਆਪਣੇ ਜਾਣੇ ਆਪਣੇ ਮਿੱਤਰ ਨੂੰ ਟਿੱਚਰ ਕਰਨ ਲਈ ਲਿਖੀ ਸੀ, ਪਰ ਇਹ ਹੈ ਸੱਚੀ। ਬੇਦੀ ਸੋਚ-ਸਮਝ ਕੇ ਲਿਖਣ ਵਾਲੇ ਲੇਖਕ ਸਨ ਅਤੇ ਇਸੇ ਕਰਕੇ ਉਨ੍ਹਾਂ ਦੀ ਕਹਾਣੀ ਪੜ੍ਹਨ ਲਈ ਕਈ ਵਾਰ ਹੀ ਨਹੀਂ, ਅਕਸਰ ਹੀ ਦਿਮਾਗ ਉੱਤੇ ਜ਼ੋਰ ਪਾਉਣਾ ਪੈਂਦਾ ਹੈ। ਕਦੀ-ਕਦੀ ਤਾਂ ਉਹਨਾਂ ਦੀ ਕਹਾਣੀ ਇਉਂ ਲਗਦੀ ਹੈ ਜਿਵੇਂ ਵੱਖਰੇ-ਵੱਖਰੇ ਮਣਕੇ ਹੋਣ ਜਿਨ੍ਹਾਂ ਦਾ ਇਕ ਦੂਜੇ ਨਾਲ ਕੋਈ ਸੰਬੰਧ ਨਾ ਹੋਵੇ। ਪਰ ਮਣਕਿਆਂ ਵਿਚਕਾਰ ਵਿਰਲ ਕਰ ਕੇ ਧਿਆਨ ਨਾਲ ਦੇਖਿਆਂ ਪਤਾ ਲਗਦਾ ਹੈ ਕਿ ਉਹਨਾਂ ਵਿੱਚੋਂ ਇੱਕੋ ਸਾਂਝਾ ਧਾਗਾ ਲੰਘਦਾ ਹੈ, ਕਹਾਣੀ ਦੇ ਕੇਂਦਰੀ ਭਾਵ ਦਾ ਧਾਗਾ ਜੋ ਕਈ ਵਾਰ ਤਾਂ ਬਹੁਤ ਹੀ ਮਹੀਨ ਹੁੰਦਾ ਹੈ। ਤੇ ਇਸ ਮਹੀਨ ਧਾਗੇ ਨੂੰ ਲੱਭਣ-ਪਛਾਣਨ ਲਈ ਪਾਠਕ ਦਾ ਇਕ ਸਾਹਿਤਕ ਪੱਧਰ ਹੋਣਾ ਜ਼ਰੂਰੀ ਹੈ।
ਮੇਰਾ ਇਕਬਾਲੀਆ ਬਿਆਨ ਸੁਣੋ। ਕਾਲਜ ਵਿਦਿਆਰਥੀ ਹੁੰਦਿਆਂ ਜਦੋਂ ਮੈਂ ਉਹਨਾਂ ਦੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਵਿੱਚੋਂ ਪਹਿਲਾਂ ਇਸੇ ਨਾਂ ਦੀ ਕਹਾਣੀ ਪੜ੍ਹੀ ਤਾਂ ਉਹ ਐਵੇਂ ਬੇਸੁਆਦੀ ਜਿਹੀ ਲੱਗੀ ਅਤੇ ਬਾਕੀ ਕਹਾਣੀਆਂ ਧਿਆਨ ਨਾਲ ਪੜ੍ਹਨ ਦਾ ਕਸ਼ਟ ਕੀਤੇ ਬਿਨਾਂ ਫਰੋਲਾ-ਫਰਾਲੀ ਜਿਹੀ ਕਰ ਕੇ ਮੈਂ ਉਹ ਕਿਤਾਬ ਮੋੜ ਆਇਆ ਅਤੇ ਕੰਵਲ ਦਾ ਨਵਾਂ-ਨਵਾਂ ਛਪਿਆ ਨਾਵਲ ‘ਪੂਰਨਮਾਸੀ’ ਲੈ ਆਇਆ। ਉਹ ਤਾਂ ਖ਼ੈਰ ਓਦੋਂ ਵੀ ਸਮਝ ਆਉਣਾ ਹੀ ਸੀ। ਮਗਰੋਂ ਜਾ ਕੇ, ਜਦੋਂ ਸਾਹਿਤ ਦੀ ਕੁਝ ਸਮਝ ਆਉਣ ਲੱਗੀ, ਬੇਦੀ ਜੀ ਦੀ ਇਹ ਕਹਾਣੀ ਮੈਨੂੰ ਉਹਨਾਂ ਦੀਆਂ ਸਭ ਤੋਂ ਚੰਗੀਆਂ ਕਹਾਣੀਆਂ ਵਿੱਚੋਂ ਇਕ ਲੱਗਣ ਲੱਗੀ।
ਉਹ ਆਪ ਵੀ ਪਾਠਕਾਂ ਦੀ ਸਮਝਦਾਰੀ ਨੂੰ ਖ਼ੂਬ ਸਮਝਦੇ ਸਨ। ਉਹਨਾਂ ਦੀ ਮੱਤ ਸੀ ਕਿ ਬਹੁਤੇ ਪਾਠਕ ਤਾਂ ਕੁਝ ਪੜ੍ਹਦੇ ਹੀ ਨਹੀਂ ਅਤੇ ਜੇ ਪੜ੍ਹ ਵੀ ਲੈਣ, ਸਮਝਦੇ ਨਹੀਂ। ਉਹ ਦੱਸਦੇ ਸਨ ਕਿ ਇਕ ਵਾਰ ਉਹ ਫ਼ਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਵਿਖੇ ਇਕ ਪਰੀਖਿਅਕ ਵਜੋਂ ਗਏ। ਜਦੋਂ ਉਹਨਾਂ ਨੇ ਇਕ ਉਮੀਦਵਾਰ ਤੋਂ ਉਹਦੇ ਮਨਪਸੰਦ ਲੇਖਕਾਂ ਦੇ ਨਾਂ ਪੁੱਛੇ, ਉਹਨੇ ਪਟਾਕ ਉੱਤਰ ਦਿੱਤਾ, “ਮੈਨੂੰ ਤਾਂ ਦੋ ਹੀ ਲੇਖਕ ਪਸੰਦ ਨੇ, ਸਰ, ਗੁਲਸ਼ਨ ਨੰਦਾ ਤੇ ਸ਼ੈਕਸਪੀਅਰ।”
ਬੇਦੀ ਨੇ ਮੰਟੋ ਦੀ ਚਿੱਠੀ ਦਾ ਉੱਤਰ ਤਾਂ ਉਹੋ ਜਿਹੀ ਟਿੱਚਰ ਨਾਲ ਹੀ ਦੇ ਦਿੱਤਾ, “ਮੰਟੋ, ਤੇਰੀ ਇਕ ਗੱਲ ਕਮਾਲ ਦੀ ਹੈ। ਉਹ ਇਹ ਕਿ ਤੂੰ ਨਾ ਲਿਖਣ ਤੋਂ ਪਹਿਲਾਂ ਸੋਚਦਾ ਹੈਂ, ਨਾ ਲਿਖਣ ਵੇਲੇ ਸੋਚਦਾ ਹੈਂ ਅਤੇ ਨਾ ਲਿਖਣ ਤੋਂ ਮਗਰੋਂ ਹੀ ਸੋਚਣ ਦੀ ਖੇਚਲ ਕਰਦਾ ਹੈਂ।” ਪਰ ਆਪਣੀਆਂ ਕਹਾਣੀਆਂ ਦੇ ਪੱਖ ਵਿਚ ਕੁਝ ਵੀ ਲਿਖਣਾ ਉਹਨਾਂ ਨੇ ਬੇਲੋੜਾ ਸਮਝਿਆ, ਭਾਵੇਂ ਕਿ ਉਹਨਾਂ ਨੂੰ ਆਪਣੀ ਕਹਾਣੀ-ਕਲਾ ਉੱਤੇ ਬਹੁਤ ਮਾਣ ਸੀ।
ਇੱਥੇ ਇਹ ਜਾਣਨਾ ਵੀ ਦਿਲਚਸਪ ਰਹੇਗਾ ਕਿ ਉਹ ਆਲੋਚਕਾਂ ਨੂੰ ਕੀ ਸਮਝਦੇ ਸਨ। ਉਹਨਾਂ ਦੀ ਕਹਾਣੀ ‘ਮਿਥੁਨ’ ਛਪੀ ਤਾਂ ਉਹਨਾਂ ਦੀ “ਸੁਲਝੀ ਹੋਈ ਕਲਮ ਤੋਂ ਅਜਿਹੀ ਨੰਗੀ ਕਹਾਣੀ” ਲਿਖੇ ਜਾਣ ਕਾਰਨ ਰੌਲਾ ਪੈ ਗਿਆ। ਸਬੱਬ ਇਹ ਬਣਿਆ ਕਿ ਇਕੱਲੀ ਕਹਾਣੀ ‘ਆਪਣੇ ਦੁੱਖ ਮੈਨੂੰ ਦੇ ਦਿਉ’ ਸਦਕਾ ਉਹਨਾਂ ਨੂੰ ਉਰਦੂ ਅਦਬ ਦਾ ਸਭ ਤੋਂ ਵੱਡਾ ਫ਼ਨਕਾਰ ਮੰਨਣ ਵਾਲੇ ਡਾਕਟਰ ਮੁਹੰਮਦ ਹਸਨ ਹੀ ‘ਮਿਥੁਨ’ ਉੱਤੇ ਹਮਲੇ ਦੇ ਸਿਪਾਹਸਾਲਾਰਾਂ ਵਿੱਚੋਂ ਇਕ ਸਨ। ਪਹਿਲਾਂ ਕਹਾਣੀ ‘ਮਿਥੁਨ’ ਨੂੰ ਸੰਖੇਪ ਵਿਚ ਦੇਖ ਲਈਏ, ਬੇਦੀ ਸਾਹਿਬ ਦੀ ਆਲੋਚਕਾਂ ਬਾਰੇ ਟਿੱਪਣੀ ਤਦ ਹੀ ਠੀਕ ਰੂਪ ਵਿਚ ਸਮਝ ਆਵੇਗੀ।
ਇਕ ਸਵਰਗੀ ਧਾਰਮਿਕ ਬੁੱਤਕਾਰ ਪਿਉ ਅਤੇ ਬੀਮਾਰ ਮਾਂ ਦੀ ਸਾਊ, ਘਰੇਲੂ, ਕੰਵਾਰੀ ਮੁਟਿਆਰ ਧੀ ਕੀਰਤੀ ਚੌਲ-ਦਾਲ ਚਲਾਉਣ ਲਈ ਧਾਰਮਿਕ ਬੁੱਤ ਬਣਾ ਕੇ ਕਬਾੜੀਏ ਮਗਨ ਟਕਲੇ ਕੋਲ ਵੇਚਦੀ ਰਹਿੰਦੀ ਹੈ। ਉਸ ਉੱਤੇ ਮਗਨ ਟਕਲੇ ਦੀ ਅੱਖ ਹੋਣਾ ਤਾਂ ਚਲੋ ਸੁਭਾਵਿਕ ਹੀ ਹੈ, ਸਾਹਮਣੀ ਦੁਕਾਨ ਵਾਲਾ ਈਵਜ਼ ਬੈਟਰੀ ਦਾ ਏਜੰਟ ਸਰਾਜ ਵੀ ਉਹਨੂੰ ਆਨੀਂ-ਬਹਾਨੀਂ ਬੁਲਾਉਂਦਾ ਅਤੇ ਛੇੜਦਾ ਰਹਿੰਦਾ ਹੈ। ਮਗਨ ਘੱਟ ਤੋਂ ਘੱਟ ਪੈਸੇ ਦੇਣ ਲਈ ਹਰ ਕਿਰਤ ਉੱਤੇ ਨੱਕ ਚਾੜ੍ਹਦਾ ਹੈ ਅਤੇ ਮਗਰੋਂ ਉਸੇ ਬੁੱਤ ਦੇ ਕਈ ਗੁਣਾਂ ਪੈਸੇ ਵੱਟਦਾ ਹੈ। ਕੀਰਤੀ ਦੀ ਮਾਂ ਦੀ ਬੀਮਾਰੀ ਦਾ ਲਾਭ ਉਠਾ ਕੇ ਮਗਨ ਉਹਨੂੰ ਮਿਥੁਨ ਦਾ ਬੁੱਤ ਬਣਾ ਕੇ ਲਿਆਉਣ ਲਈ ਆਖਦਾ ਹੈ। ਕੀਰਤੀ ਨਾਂਹ ਕਰ ਦਿੰਦੀ ਹੈ। ਫੇਰ ਉਸ ਵਲੋਂ ਵਿਸ਼ੇ ਦੀ ਅਗਿਆਨਤਾ ਪਰਗਟ ਕੀਤੇ ਜਾਣ ਉੱਤੇ ਮਗਨ ਉਹਨੂੰ ਖਜੁਰਾਹੋ ਦੇਖ ਆਉਣ ਦੀ ਸਲਾਹ ਦਿੰਦਾ ਹੈ। ਤੇ ਘਰ ਚਲਾਉਣ ਦੇ ਸਭੇ ਰਾਹ ਬੰਦ ਹੋ ਜਾਣ ਮਗਰੋਂ ਜਦੋਂ ਕੀਰਤੀ ਮਿਥੁਨ ਬਣਾ ਕੇ ਲੈ ਜਾਂਦੀ ਹੈ ਤਾਂ ਭਾਰੀ ਮੁਨਾਫ਼ੇ ਦੀ ਆਸ ਨਾਲ ਬਾਗੋ-ਬਾਗ ਹੋਇਆ ਮਗਨ ਹੈਰਾਨ ਰਹਿ ਜਾਂਦਾ ਹੈ ਕਿ ਉਸ ਬੁੱਤ ਵਿਚਲੀ ਔਰਤ ਆਪ ਕੀਰਤੀ ਹੈ ਜਿਸਦੀਆਂ ਅੱਖਾਂ ਵਿਚ ਹੰਝੂ ਹਨ। ਤੇ ਮਰਦ? ਉਹ ਵੀ ਮਗਨ ਨੂੰ ਕਿਤੇ ਦੇਖਿਆ ਲਗਦਾ ਹੈ। ਫੇਰ ਉਹ ਅਚਾਨਕ ਅੱਭੜਵਾਹਿਆ ਪੁੱਛਦਾ ਹੈ, “ਤੂੰ ... ਤੂੰ ... ਸਰਾਜ ਨਾਲ ਬਾਹਰ ਗਈ ਸੀ?” ਕੀਰਤੀ ਪੂਰੇ ਜ਼ੋਰ ਨਾਲ ਉਹਦੇ ਮੂੰਹ ਉੱਤੇ ਥੱਪੜ ਮਾਰ ਕੇ ਅਤੇ ਨੋਟ ਚੁੱਕ ਕੇ ਹੱਟੀ ਵਿੱਚੋਂ ਬਾਹਰ ਆ ਜਾਂਦੀ ਹੈ।
ਰਤਨ ਸਿੰਘ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਬੇਦੀ ਜੀ ਤੋਂ ਉਹਨਾਂ ਦੀ ਇਸ ਕਹਾਣੀ ਦੀ ਹੋ ਰਹੀ ਆਲੋਚਨਾ ਬਾਰੇ ਪੁੱਛਿਆ, ਉਹ ਬੋਲੇ, “ਮੈਂ ਆਲੋਚਕਾਂ ਦੀ ਪਰਵਾਹ ਨਹੀਂ ਕਰਦਾ। ... ਮੇਰੇ ਆਲੋਚਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਕ ਔਰਤ ਦੇ ਅੰਗ ਉਸਦੀ ਗਿੱਲੀ ਸਾੜ੍ਹੀ ਵਿੱਚੋਂ ਨਗਨਤਾ ਦੀ ਹੱਦ ਤੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਹ ਇਹ ਨਹੀਂ ਦੇਖਦੇ ਕਿ ਇਕ ਬਾਣੀਆ ਇਕ ਕਲਾਕਾਰ ਨੂੰ ਆਪਣੇ ਚਾਰ ਪੈਸਿਆਂ ਦੀ ਖ਼ਾਤਰ ਕਿਸ ਤਰ੍ਹਾਂ ਆਪਣਾ ਹੀ ਮਾਡਲ ਬਣਨ ਲਈ ਮਜਬੂਰ ਕਰ ਰਿਹਾ ਹੈ। ਉਹ ਮਜਬੂਰ ਕਰ ਰਿਹਾ ਹੈ ਕਿ ਜੇ ਉਹ ਦੁਨੀਆ ਵਿਚ ਜੀਉਣਾ ਚਾਹੁੰਦੀ ਹੈ ਤਾਂ ਉਹਨੂੰ ਨੰਗੀ ਹੋ ਕੇ ਦੁਨੀਆ ਸਾਹਮਣੇ ਆਉਣਾ ਪਵੇਗਾ। ਕਿਸੇ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫਾਇਦਾ ਉਠਾਉਣਾ ਮੇਰੀ ਸੋਚ ਅਨੁਸਾਰ ਜ਼ਿਆਦਾ ਖਤਰਨਾਕ ਕਿਸਮ ਦਾ ਨੰਗਾਪਨ ਹੈ ਜੋ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਸਾਡੇ ਆਲੋਚਕਾਂ ਨੂੰ ਇਹ ਨੰਗਾਪਨ ਦਿਖਾਈ ਕਿਉਂ ਨਹੀਂ ਦਿੰਦਾ? ... ਮੈਂ ਤਾਂ ਅਜਿਹੀਆਂ ਕਹਾਣੀਆਂ ਜ਼ਰੂਰ ਲਿਖਾਂਗਾ, ਆਲੋਚਕ ਭਾਵੇਂ ਜੋ ਵੀ ਕਹਿੰਦੇ ਰਹਿਣ। ਇਕ ਚੇਤੰਨ ਕਲਾਕਾਰ ਹੋ ਕੇ ਵੀ ਜੇ ਮੈਂ ਅਜਿਹਾ ਨਾ ਕੀਤਾ ਤਾਂ ਮੇਰੀ ਕਲਾ ਮੁਕੰਮਲ ਨਹੀਂ ਸਮਝੀ ਜਾਵੇਗੀ।”
ਬੇਦੀ ਦੱਸਦੇ ਹਨ ਕਿ ਜਦੋਂ ਵਿਸ਼ਾ ਦਿਮਾਗ ਵਿਚ ਹੋਵੇ, ਗੱਲ ਨਵੀਂ ਤੇ ਵੱਖਰੀ ਹੋਵੇ ਅਤੇ ਉਹਨੂੰ ਪੇਸ਼ ਕਰਨ ਦੇ ਢੰਗ ਦੇ ਠੀਕ ਤੇ ਢੁੱਕਵਾਂ ਹੋਣ ਦੀ ਉਹਨਾਂ ਦਾ ਅੰਦਰਲਾ ਹਾਮੀ ਭਰਦਾ ਹੋਵੇ ਤਾਂ ਉਹਨਾਂ ਦੇ ਅੰਦਰੋਂ ਆਵਾਜ਼ ਉੱਠਦੀ ਹੈ, “ਸਾਵਧਾਨ! ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ, ਜਨਾਬ ਰਾਜਿੰਦਰ ਸਿੰਘ ਬੇਦੀ ਰੰਗਭੂਮੀ ਵਿਚ ਪਧਾਰ ਰਹੇ ਹਨ।” ਲੇਖਕ ਦੇ ਇਸ ਸਵੈਮਾਣ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਸੰਪਾਦਕ ਕਹਾਣੀ ਮੋੜ ਦੇਵੇ, ਇਹਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਮੇਰੀ ਕਹਾਣੀ ਸੰਪਾਦਕ ਦੇ ਯੋਗ ਨਹੀਂ ਸੀ ਸਗੋਂ ਇਹ ਲੈਣਾ ਚਾਹੀਦਾ ਹੈ ਕਿ ਸੰਪਾਦਕ ਮੇਰੀ ਕਹਾਣੀ ਦੇ ਯੋਗ ਨਹੀਂ ਸੀ।
ਇਸੇ ਸਿਲਸਿਲੇ ਵਿਚ ਉਹ ਇਕ ਅਜਿਹੀ ਗੱਲ ਕਰਦੇ ਹਨ ਜਿਸ ਬਾਰੇ ਉਹਨਾਂ ਨੂੰ ਆਪ ਨੂੰ ਪਤਾ ਹੈ ਕਿ ਉਸ ਨੂੰ “ਸੁਣ ਕੇ ਤੁਹਾਡੇ ਸਾਰਿਆਂ ਦੇ ਕੰਨ ਖੜ੍ਹੇ ਹੋ ਜਾਣਗੇ।” ਉਹ ਉਰਦੂ ਵਰਗੀ ਸਾਹਿਤਕ, ਸੂਖਮ, ਲਚਕਦਾਰ, ਬਾਅਦਬ ਅਤੇ ਛਿੱਲੀ-ਤਰਾਸ਼ੀ ਜ਼ਬਾਨ ਬਾਰੇ ਆਖਦੇ ਹਨ ਕਿ ਇਹ ਅਜੇ ਏਨੀ ਉੱਨਤ ਨਹੀਂ ਹੋਈ ਕਿ ਕਹਾਣੀ ਦੀ ਕੋਮਲ ਕਲਾ ਨੂੰ ਵਾਜਬ ਢੰਗ ਨਾਲ ਸਮਝ ਸਕੇ ਜਾਂ ਕਬੂਲ ਕਰ ਸਕੇ। ਇਹ ਸੀ ਕਹਾਣੀ ਦੀ ਉਚਾਈ, ਗਹਿਰਾਈ, ਸੂਖਮਤਾ, ਸੁਬਕਤਾ ਤੇ ਤਰਲਤਾ ਬਾਰੇ ਉਹਨਾਂ ਦਾ ਯਕੀਨ ਅਤੇ ਆਪਣੀ ਕਹਾਣੀ-ਕਲਾ ਬਾਰੇ ਉਹਨਾਂ ਦਾ ਭਰੋਸਾ!
*****
(180)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)