GurbachanBhullar7ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ ...
(ਮਈ 12, 2016)

 

(ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਲੇਖਕਾਂ, ਬੁੱਧੀਮਾਨਾਂ ਤੇ ਸਾਹਿਤ-ਪ੍ਰੇਮੀਆਂ ਵਲੋਂ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਗੁਰਬਚਨ ਸਿੰਘ ਭੁੱਲਰ ਨੂੰ ਦੇਸ ਦੀ ਵਰਤਮਾਨ ਹਾਲਤ ਬਾਰੇ ਬੋਲਣ ਲਈ ਉਚੇਚਾ ਸੱਦਾ ਦਿੱਤਾ। ਅਸੀਂ ਕਲਾ ਭਵਨ, ਚੰਡੀਗੜ੍ਹ ਵਿਖੇ ਹੋਏ ਭਰਵੇਂ ਇਕੱਠ ਵਿਚ ਦਿੱਤੇ ਗਏ ਉਸ ਭਾਸ਼ਨ ਦਾ ਲਿਖਤੀ ਰੂਪ ਇੱਥੇ ਪੇਸ਼ ਕਰ ਰਹੇ ਹਾਂ। --- ਸੰਪਾਦਕ)

GurbachanBhullarA1ਮੈਨੂੰ ਵਰਤਮਾਨ ਹਾਲਾਤ ਵਿਚ ਲੇਖਕ ਦੀ ਭੂਮਿਕਾਬਾਰੇ ਬੋਲਣ ਲਈ ਕਿਹਾ ਗਿਆ ਹੈ। ਠੀਕ ਹੀ ਇਹ ਮੁੱਦਾ ਅੱਜ ਪਹਿਲਾਂ ਨਾਲੋਂ ਵੱਧ ਸ਼ਿੱਦਤ ਨਾਲ ਵਿਚਾਰਿਆ ਜਾਣਾ ਲੋੜਦਾ ਹੈ। ਇਹ ਕਹਿਣਾ ਵਾਜਬ ਹੈ ਕਿ ਕੁਝ ਸਮਾਂ ਪਹਿਲਾਂ ਕਾਲ਼ੀ ਹਨੇਰੀ ਵਾਂਗ ਉੱਠੀ ਅਸਹਿਣਸ਼ੀਲਤਾ ਅਤੇ ਉਸ ਦੇ ਨਤੀਜੇ ਵਜੋਂ ਸਾਹਿਤ ਦੇ ਖੇਤਰ ਵਿਚ ਜਾਗੀ ਤੇ ਤੇਜ਼ੀ ਨਾਲ ਕਲਾ ਤੇ ਵਿੱਦਵਤਾ ਦੇ ਹੋਰ ਖੇਤਰਾਂ ਤੱਕ ਫ਼ੈਲੀ ਪੁਰਸਕਾਰ-ਵਾਪਸੀ ਦੀ ਲਹਿਰ ਅੱਜ ਵਾਲ਼ੇ ਵਿਸ਼ੇ ਦੀ ਹੀ ਇਕ ਸਾਕਾਰਤਾ ਸੀ।

ਭਾਰਤ ਦੀ ਵਰਤਮਾਨ ਹਾਲਤ, ਬਿਨਾਂ-ਸ਼ੱਕ, ਇਕ ਖਾਸ, ਅਣਕਿਆਸੇ ਦੌਰ ਵਿਚ ਦਾਖ਼ਲ ਹੋ ਚੁੱਕੀ ਹੈ। ਦੇਸ ਦੇ ਆਰਥਕ ਖੇਤਰ ਵਿਚ ਤਾਂ ਖ਼ਲਕਤ, ਸਦਾ ਤੋਂ ਹੀ ਤੇ ਸਾਰੀ ਦੁਨੀਆ ਵਾਂਗ ਹੀ, ਮੋਹਨ ਸਿੰਘ ਦੇ ਆਖਣ ਵਾਂਗ ਲੋਕਾਂ ਅਤੇ ਜੋਕਾਂ ਦੇ ਦੋ ਧੜਿਆਂ ਵਿਚ ਵੰਡੀ ਰਹੀ ਹੈ। ਇਸ ਦੌਰ ਦੀ ਖ਼ਾਸੀਅਤ ਸਮਾਜਕ ਅਤੇ ਰਾਜਨੀਤਕ ਖੇਤਰ ਵਿਚ ਕੁਦਰਤੀ ਵਿਰੋਧਾਂ ਨੂੰ ਗ਼ੈਰ-ਕੁਦਰਤੀ ਨਫ਼ਰਤ ਅਤੇ ਦੁਸ਼ਮਣੀ ਵਿਚ ਪਲਟ ਕੇ ਖ਼ਲਕਤ ਨੂੰ ਦੋ ਦੁਸ਼ਮਣ ਧੜਿਆਂ ਵਿਚ ਵੰਡਣ ਦਾ ਜਤਨ ਹੈ। ਦੇਖਣ ਵਾਲ਼ੀ ਗੱਲ ਇਹ ਹੈ ਕਿ ਇਹ ਜਤਨ ਕਿਸੇ ਹਾਸ਼ੀਏ-ਵਿਚਰਵੇਂ ਖ਼ਰੂਦੀ ਟੋਲੇ ਜਾਂ ਰਾਜਨੀਤਕ ਸੱਤਾ ਦੀ ਸ਼ਕਤੀ ਤੋਂ ਵਿਰਵੇ ਕਿਸੇ ਧੜੇ ਵੱਲੋਂ ਨਹੀਂ ਸਗੋਂ ਖ਼ੁਦ ਸੱਤਾ ਦੀ ਸੁਆਮੀ ਧਿਰ ਵੱਲੋਂ ਕੀਤੇ ਜਾ ਰਹੇ ਹਨ। ਇੱਥੇ ਇਹ ਤੱਥ ਚੇਤੇ ਰੱਖਣਾ ਜ਼ਰੂਰੀ ਹੈ ਕਿ ਹੁਣ ਸੱਤਾਧਾਰੀ ਧਿਰ ਅਥਾਹ ਰਵਾਇਤੀ ਸ਼ਕਤੀਆਂ ਨਾਲ ਹੀ ਨਹੀਂ ਸਗੋਂ ਕਲਪਨਾ ਤੋਂ ਬਾਹਰੀਆਂ ਵਿਗਿਆਨਕ, ਤਕਨਾਲੋਜੀਕਲ ਤੇ ਖਾਸ ਕਰਕੇ ਭਾਂਤ ਭਾਂਤ ਦੀਆਂ ਸੂਚਨਾ ਮਾਧਿਅਮੀ ਸ਼ਕਤੀਆਂ ਨਾਲ ਵੀ ਲੈਸ ਹੈ ਜੋ ਸਮਾਜਕ, ਆਰਥਕ ਅਤੇ ਰਾਜਨੀਤਕ ਪੇਚੀਦਗੀਆਂ ਦੀ ਸਾਧਾਰਨ ਸਮਝ ਤੋਂ ਵੀ ਹੀਣੇ ਵਿਸ਼ਾਲ ਜਨਸਮੂਹ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹਨ।

ਪਹਿਲਾਂ ਉਹ ਮੁੱਦੇ ਵਿਚਾਰਨੇ ਠੀਕ ਰਹਿਣਗੇ ਜੋ ਪਿਛਲੇ ਕੁਝ ਸਮੇਂ ਤੋਂ ਨਵੇਂ ਉੱਭਰੇ ਹਨ ਜਾਂ ਪਹਿਲਾਂ ਮੌਜੂਦ ਤਾਂ ਸਨ ਪਰ ਹੁਣ ਵੱਧ ਤਿੱਖੇ ਹੋ ਗਏ ਹਨ।

ਅਸਹਿਣਸ਼ੀਲ ਤੇ ਨਾਇਕ-ਚੋਰ ਸੱਤਾ

ਇਹਨਾਂ ਵਿਚ ਪਹਿਲਾ ਸਥਾਨ, ਬਿਨਾਂ-ਸ਼ੱਕ, ਅਸਹਿਣਸ਼ੀਲਤਾ ਨੂੰ ਜਾਂਦਾ ਹੈ। ਇਸ ਤੱਥ ਤੋਂ ਇਨਕਾਰ ਕਰਨਾ ਮੁਸ਼ਕਿਲ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੇਸ ਵਿਚ ਮਾਹੌਲ ਪਹਿਲਾਂ ਨਾਲੋਂ ਬਹੁਤ ਗੰਧਲਾ ਹੋਇਆ ਹੈ। ਸੁਰੱਖਿਆ ਦੀ ਆਸ ਘਟੀ ਹੈ। ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਅਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਅਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਬੇਚੈਨੀ ਤੇ ਫ਼ਿਕਰਮੰਦੀ ਵਧੀ ਹੈ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਅਤੇ ਕਰੂਪ ਕੀਤਾ ਜਾ ਰਿਹਾ ਹੈ। ਕੁਝ ਹੀ ਸਮੇਂ ਦੇ ਵਿਚ ਵਿਚ ਨਰੇਂਦਰ ਦਾਭੋਲਕਰ ਅਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ, ਭਗਵਾਨ ਅਤੇ ਬਸ਼ੀਰ ਵਰਗੇ ਹੋਰਾਂ ਨੂੰ ਕਤਲ ਦੀਆਂ ਧਮਕੀਆਂ, ਗ਼ੁਲਾਮ ਅਲੀ ਵਰਗਿਆਂ ਨੂੰ ਗਾਉਣ ਤੋਂ ਵਰਜਣਾ, ਵਾਜਪਈ ਅਤੇ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੀਂਦਰ ਕੁਲਕਰਨੀ ਨਾਲ ਸ਼ੁਰੂ ਹੋਇਆ ਮੂੰਹ ਕਾਲੇ ਕਰਨ ਦਾ ਸਿਲਸਿਲਾ ਅਸਹਿਣਸ਼ੀਲਤਾ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਹੀ ਤਾਂ ਹਨ। ਪਹਿਣਨ, ਖਾਣ, ਖੇਡਣ, ਦੋਸਤ ਚੁਣਨ ਅਤੇ ਪਿਆਰ ਕਰਨ ਨੂੰ ਲੈ ਕੇ ਧੌਂਸੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।

ਇਸ ਸਭ ਕੁਝ ਦੇ ਬਾਵਜੂਦ ਅਸਹਿਣਸ਼ੀਲਤਾ ਤੋਂ ਸਿਰਫ਼ ਇਨਕਾਰ ਹੀ ਨਹੀਂ ਕੀਤਾ ਜਾ ਰਿਹਾ, ਅਜਿਹਾ ਕਹਿਣ ਵਾਲਿਆਂ ਨੂੰ ਦੇਸਧਰੋਹੀ ਕਿਹਾ ਜਾ ਰਿਹਾ ਹੈ। ਨੁਕਤਾਚੀਨੀ ਸੱਤਾ ਦੀ ਕੀਤੀ ਜਾਂਦੀ ਹੈ, ਦੋਸ਼ ਇਹ ਲਾਇਆ ਜਾਂਦਾ ਹੈ ਕਿ ਇਹ ਲੋਕ ਭਾਰਤ ਵਰਗੇ ਮਹਾਨ ਦੇਸ ਨੂੰ ਅਸਹਿਣਸ਼ੀਲ ਕਹਿ ਰਹੇ ਹਨ। ਦੇਸ ਕਦੀ ਅਸਹਿਣਸ਼ੀਲ ਨਹੀਂ ਹੁੰਦੇ, ਅਸਹਿਣਸ਼ੀਲ ਕੁਝ ਲੋਕ ਹੁੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਕੋਈ ਨਵਾਂ ਵਰਤਾਰਾ ਨਹੀਂ ਅਤੇ ਉਹ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਪੁਰਸਕਾਰ ਵਾਪਸ ਕਰਨ ਵਾਲੇ ਲੇਖਕਾਂ ਨੂੰ ਵੀ ਇਹੋ ਮਿਹਣਾ ਮਾਰਿਆ ਜਾਂਦਾ ਹੈ ਕਿ ਤੁਸੀਂ ਇਹ ਪੁਰਸਕਾਰ ਅਮਕੇ ਵੇਲੇ ਕਿਉਂ ਨਾ ਮੋੜੇ, ਹੁਣ ਅਜਿਹਾ ਕੀ ਹੋ ਗਿਆ ਜੋ ਪਹਿਲਾਂ ਨਹੀਂ ਸੀ ਹੁੰਦਾ।

ਇਹ ਠੀਕ ਹੈ ਕਿ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਪਰ ਪਹਿਲਾਂ ਦੀਆਂ ਸਭ ਸਰਕਾਰਾਂ ਅਤੇ ਵਰਤਮਾਨ ਸਰਕਾਰ ਵਿਚ ਇਕ ਬੁਨਿਆਦੀ ਫ਼ਰਕ ਸਮਝਣਾ ਜ਼ਰੂਰੀ ਹੈ। ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਣਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਅਤੇ ਭਾਈਵਾਲ ਨਹੀਂ ਸਨ ਬਣਦੀਆਂ। ਮਨੁੱਖੀ ਘਾਤ ਵਿਚ ਪਹਿਲਾਂ ਦੀ ਕਿਸੇ ਸਰਕਾਰ ਦੀ ਸਿੱਧੀ ਭਾਈਵਾਲੀ ਦੀ ਇੱਕੋ ਸਪਸ਼ਟ ਮਿਸਾਲ 1984 ਦਾ ਸਿੱਖ ਕਤਲਾਮ ਹੈ ਜਿਸ ਵਿਚ ਉਸ ਸਮੇਂ ਦੀ ਸੱਤਾਧਾਰੀ ਪਾਰਟੀ, ਕਾਂਗਰਸ ਦੀ ਅਗਵਾਈ ਅਤੇ ਸ਼ਮੂਲੀਅਤ ਜੱਗ-ਜ਼ਾਹਿਰ ਹੈ। ਪਰ ਹੁਣ ਛੋਟੀਆਂ-ਵੱਡੀਆਂ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਹਨ, ਉਹ ਹਾਕਮ ਧਿਰ ਦੀਆਂ ਵੱਖ ਵੱਖ ਨਾਂਵਾਂ ਵਾਲੀਆਂ ਅਨਗਿਣਤ ਜਥੇਬੰਦੀਆਂ ਵੱਲੋਂ ਹੀ ਹਿੱਕ ਥਾਪੜ ਕੇ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਚੁੱਪ ਰਹਿੰਦੀ ਹੈ।

ਪਹਿਲਾਂ ਲਕੀਰ ਦੇ ਦੂਜੇ ਪਾਸੇ ਖਲੋਤੇ ਲੋਕਾਂ ਨੂੰ ਵਿਰੋਧੀ ਕਿਹਾ ਜਾਂਦਾ ਸੀ, ਹੁਣ ਉਹ ਨਫ਼ਰਤਜੋਗ ਦੁਸ਼ਮਣ ਹੋ ਗਏ ਹਨ। ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿਚ ਮਤਭੇਦਾਂ ਨੂੰ ਮਨਭੇਦ ਬਣਾਉਣ ਦਾ ਯੁੱਧ ਛੇੜ ਦਿੱਤਾ ਗਿਆ ਹੈ। ਰਾਜਨੀਤਕ ਵਿਚਾਰਧਾਰਾਵਾਂ ਦੇ ਫ਼ਰਕ ਨੂੰ ਦੁਸ਼ਮਣੀ ਦਾ ਰੂਪ ਦਿੰਦਿਆਂ ਵਿਰੋਧੀਆਂ ਨੂੰ ਹਰਾਉਣ ਦਾ ਨਹੀਂ, ਸਗੋਂ ਭਾਰਤ ਨੂੰ ਉਹਨਾਂ ਤੋਂ ਮੁਕਤ ਕਰਨ ਦਾ ਬਿਗਲ ਵਜਾ ਦਿੱਤਾ ਗਿਆ ਹੈ। ਇਸ ਧਰਮਯੁੱਧ ਦੇ ਕਲਾਵੇ ਵਿਚ ਇਕ ਇਕ ਕਰ ਕੇ ਧਰਮ, ਜਾਤਪਾਤ, ਇਲਾਕਾਵਾਦ, ਆਦਿ ਸਭ ਕੁਝ ਸ਼ਾਮਲ ਹੁੰਦਾ ਗਿਆ ਹੈ। ਆਖ਼ਰ ਇਹ ਨਫ਼ਰਤੀ ਅੱਗ ਸਾਹਿਤ ਅਤੇ ਸਭਿਆਚਾਰ ਦੇ ਵਿਹੜੇ ਪਹੁੰਚ ਗਈ। ਸਿਤਮ ਇਹ ਕਿ ਇਹ ਸਭ ਕੁਝ ਦੇਸਭਗਤੀ ਅਤੇ ਪੁਰਾਤਨ ਭਾਰਤੀ ਸਭਿਆਚਾਰ ਦੀ ਰਾਖੀ ਦੇ ਨਾਂ ਹੇਠ ਕੀਤਾ ਜਾ ਰਿਹਾ ਹੈ।

ਕਲਬੁਰਗੀ ਨੂੰ ਜਿਸ ਢੰਗ ਨਾਲ ਕਤਲ ਕੀਤਾ ਗਿਆ, ਉਹ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਸਵੈਥਾਪੇ ਰਖਵਾਲਿਆਂ ਦੇ ਨੀਵੇਂ ਮਿਆਰ ਅਤੇ ਅਣਮਨੁੱਖੀ ਖਾਸੇ ਦੀਆਂ ਅਨੇਕ ਮਿਸਾਲਾਂ ਵਿੱਚੋਂ ਇਕ ਹੈ। ਦੋ ਨੌਜਵਾਨ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਘੰਟੀ ਵਜਾਉਂਦੇ ਹਨ ਅਤੇ ਕੁੰਡੀ ਖੋਲ੍ਹਣ ਆਈ ਲੇਖਕ ਦੀ ਬਜ਼ੁਰਗ ਜੀਵਨ-ਸਾਥਣ ਨੂੰ ਵਿਦਿਆਰਥੀਆਂ ਵਜੋਂ ਪੇਸ਼ ਆ ਕੇ ਪ੍ਰੋਫ਼ੈਸਰ ਸਾਹਿਬ ਨੂੰ ਮਿਲਣ ਦੀ ਇੱਛਾ ਦੱਸਦੇ ਹਨ। ਉਹਨਾਂ ਨੂੰ ਬਿਠਾ ਕੇ ਅਤੇ ਪਤੀ ਨੂੰ ਆਵਾਜ਼ ਦੇ ਕੇ ਉਹ ਮਮਤਾ ਦੀ ਮੂਰਤ ਉਹਨਾਂ ਵਾਸਤੇ ਚਾਹ-ਪਾਣੀ ਲੈਣ ਚਲੀ ਜਾਂਦੀ ਹੈ। ਉਹਨੇ ਅਜੇ ਦੇਗਚੀ ਵੀ ਗੈਸ ਉੱਤੇ ਰੱਖੀ ਨਹੀਂ ਹੁੰਦੀ ਕਿ ਕਾਤਲ ਇਸ ਦੌਰਾਨ ਕਲਬੁਰਗੀ ਨੂੰ ਉਹਦੇ ਅੰਧਵਿਸ਼ਵਾਸ-ਵਿਰੋਧ ਦੀ ਸਜ਼ਾ ਵਜੋਂ ਗੋਲ਼ੀਆਂ ਮਾਰ ਕੇ ਭੱਜ ਚੁੱਕੇ ਹੁੰਦੇ ਹਨ। ਅਜੇ ਕਲਬੁਰਗੀ ਦੀ ਚਿਤਾ ਵੀ ਮੱਚੀ ਨਹੀਂ ਹੁੰਦੀ ਕਿ ਤਰਕਸ਼ੀਲ ਲੇਖਕ ਭਗਵਾਨ ਨੂੰ ਫੋਨ ਆਉਣ ਲਗਦੇ ਹਨ,ਆਪਣਾ ਨਾਂ ਭਗਵਾਨ ਦੀ ਥਾਂ ਸ਼ੈਤਾਨ ਰੱਖ ਲੈ ਤੇ ਤਿਆਰ ਹੋ ਜਾ, ਹੁਣ ਤੇਰੀ ਵਾਰੀ ਹੈ।"

ਤਮਿਲ ਲੇਖਕ ਪ੍ਰੋਫ਼ੈਸਰ ਪਿਰੂਮਲ ਮੁਰੂਗਨ ਨੂੰ ਉਹਦੇ ਨਾਵਲ ਮਾਧੁਰਬਾਗਨਕਾਰਨ ਲਗਾਤਾਰ ਧਮਕੀਆਂ, ਵਿਖਾਵਿਆਂ, ਹੁੱਲੜ੍ਹੀ ਜਲੂਸਾਂ ਅਤੇ ਹੜਤਾਲਾਂ ਨਾਲ ਇਸ ਹੱਦ ਤੱਕ ਜਿੱਚ ਅਤੇ ਠਿੱਠ ਕੀਤਾ ਗਿਆ ਕਿ ਉਹਨੇ ਲੇਖਕ ਵਜੋਂ ਆਪਣੀ ਮੌਤ ਦਾ ਐਲਾਨ ਕਰ ਦਿੱਤਾ। ਉਹਨੇ ਕਿਹਾ,ਲੇਖਕ ਪਿਰੂਮਲ ਮੁਰੂਗਨ ਮਰ ਗਿਆ ਹੈ। ਉਹ ਕੋਈ ਭਗਵਾਨ ਨਹੀਂ। ਇਸ ਲਈ ਉਹ ਦੁਬਾਰਾ ਅਵਤਾਰ ਨਹੀਂ ਧਾਰੇਗਾ। ਇਸ ਪਿੱਛੋਂ ਸਿਰਫ਼ ਨਿਮਾਣਾ ਅਧਿਆਪਕ ਪੀ. ਮੁਰੂਗਨ ਹੀ ਜੀਵਤ ਰਹੇਗਾ।" ਪ੍ਰਕਾਸ਼ਕ ਨੂੰ ਮਜਬੂਰ ਕੀਤਾ ਗਿਆ ਕਿ ਉਹ ਨਾਵਲ ਦੀਆਂ ਬਚੀਆਂ ਹੋਈਆਂ ਕਾਪੀਆਂ, ਸਭ ਵਿਕਰੇਤਾਵਾਂ ਤੋਂ ਵਾਪਸ ਮੰਗਵਾਈਆਂ ਜਾਣ ਵਾਲੀਆਂ ਕਾਪੀਆਂ ਸਮੇਤ, ਨਸ਼ਟ ਕਰ ਦੇਵੇ। ਹੁਣ ਇਸ ਖ਼ੂਬਸੂਰਤ ਨਾਵਲ ਦਾ ਅੰਗਰੇਜ਼ੀ ਰੂਪ ਵਨ ਪਾਰਟ ਵੁਮਨਇਹਨਾਂ ਬੁਰਛਿਆਂ ਦੇ ਸੋਟਿਆਂ ਅਤੇ ਪਸਤੌਲਾਂ ਤੋਂ ਨਾਬਰ ਆਨਲਾਈਨ ਵਿਕਰੇਤਾਵਾਂ ਕੋਲੋਂ ਸੌਖਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ। ਇਹਦੇ ਨਾਂ ਨੂੰ ਪੰਜਾਬੀ ਵਿਚ ਇਕ ਟੋਟਾ ਨਾਰੀ` ਕਿਹਾ ਜਾ ਸਕਦਾ ਹੈ। ਕੀ ਪਤਾ ਕੋਈ ਸਾਹਿਤ-ਪ੍ਰੇਮੀ ਤੇ ਪੰਜਾਬੀ-ਪਿਆਰਾ ਛੇਤੀ ਹੀ ਇਹਦਾ ਪੰਜਾਬੀ ਅਨੁਵਾਦ ਪੇਸ਼ ਕਰਨ ਦੀ ਹਿੰਮਤ ਕਰ ਦਿਖਾਵੇ! ਦੇਖਣ ਵਾਲੀ ਗੱਲ ਇਹ ਹੈ ਕਿ ਇਹ ਨਾਵਲ ਤਾਮਿਲ ਵਿਚ 2010 ਦਾ ਛਪਿਆ ਹੋਇਆ ਸੀ ਅਤੇ ਇਸ ਬਾਰੇ ਕਦੀ ਕੋਈ ਇਤਰਾਜ਼ ਸਾਹਮਣੇ ਨਹੀਂ ਸੀ ਆਇਆ। ਸ਼ਬਦ ਦੀ ਸਮਝ ਤੋਂ ਕੋਰੇ ਸਾਹਿਤ-ਵਿਰੋਧੀ ਹੁੱਲੜ੍ਹਬਾਜ਼ ਟੋਲਿਆਂ ਨੂੰ ਹੁਣ ਯਕੀਨਨ ਇਹ ਮਹਿਸੂਸ ਹੋਇਆ ਹੋਵੇਗਾ ਕਿ ਉਹਨਾਂ ਦੀਆਂ ਉਪੱਦਰੀ ਕਰਤੂਤਾਂ ਲਈ ਸਾਜ਼ਗਾਰ ਰਾਜਨੀਤਕ ਮੌਸਮ ਆ ਗਿਆ ਹੈ।

ਇਸ ਤੋਂ ਵੀ ਵਚਿੱਤਰ ਮਾਮਲਾ ਬਹੁਭਾਸ਼ਾਈ ਗਿਆਨਵਾਨ ਐਮ ਐਮ ਬਸ਼ੀਰ ਦਾ ਹੈ। ਬਹੁਤ ਵੱਡੀ ਗਿਣਤੀ ਵਿਚ ਛਪਦੇ ਅਖ਼ਬਾਰ ਮਾਤਰਭੂਮੀ` ਨੇ ਦੱਖਣ ਵਿਚ ਮਨਾਏ ਜਾਂਦੇ ਰਾਮ-ਮਹੀਨੇ ਦੇ ਸੰਬੰਧ ਵਿਚ ਉਹਨੂੰ ਇਕ ਲੇਖ-ਲੜੀ ਲਿਖਣ ਲਈ ਕਿਹਾ। ਉਹਨੇ ਬਾਲਮੀਕੀ ਰਾਮਾਇਣ ਉੱਤੇ ਆਧਾਰਿਤ ਛੇ ਲੇਖ ਲਿਖਣੇ ਪਰਵਾਨ ਕਰ ਲਏ। ਪਹਿਲੇ ਲੇਖ ਤੋਂ ਹੀ ਲੇਖਕ ਅਤੇ ਅਖ਼ਬਾਰ, ਦੋਵਾਂ ਨੂੰ ਧਮਕੀਆਂ ਮਿਲਣ ਲੱਗੀਆਂ। ਧਮਕੀਆਂ ਵਿਚਕਾਰ ਹੀ ਕੁਝ ਲੇਖ ਛਾਪ ਦਿੱਤੇ ਗਏ ਤਾਂ ਦੋਵਾਂ ਉੱਤੇ ਸਿੱਧੇ ਹਮਲੇ ਦਾ ਐਲਾਨ ਕਰ ਦਿੱਤਾ ਗਿਆ। ਲੇਖ-ਲੜੀ ਵਿਚਾਲੇ ਟੁੱਟ ਗਈ। ਇਸ ਘਟਨਾ ਦਾ ਦੇਖਣ ਅਤੇ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਬਸ਼ੀਰ ਸਾਹਿਬ ਉੱਤੇ ਇਹ ਇਲਜ਼ਾਮ ਨਹੀਂ ਲਾਇਆ ਗਿਆ ਕਿ ਤੂੰ ਬਾਲਮੀਕ ਦੇ ਅਰਥਾਂ ਦੇ ਅਨਰਥ ਕਰ ਰਿਹਾ ਹੈਂ ਤੇ ਤੇਰੀ ਵਿਆਖਿਆ ਗ਼ਲਤ ਹੈ, ਕਿਹਾ ਇਹ ਗਿਆ ਕਿ ਤੇਰਾ ਮੁਸਲਮਾਨ ਦਾ ਸਾਡੇ ਰਾਮ ਨਾਲ ਕੀ ਸੰਬੰਧ!

ਦੂਜਾ ਮੁੱਦਾ ਨਾਗਪੁਰੀ ਵਿਚਾਰਧਾਰਾ ਦਾ ਆਜ਼ਾਦੀ ਲਈ ਸੰਗਰਾਮ ਨਾਲ ਅਤੇ ਮਗਰੋਂ ਦੀਆਂ ਲੋਕ-ਲਹਿਰਾਂ ਨਾਲ ਕੋਈ ਨਾਤਾ ਨਾ ਹੋਣਾ ਹੈ। ਇਸੇ ਕਰਕੇ ਉਹਨਾਂ ਨੂੰ ਲੋਕ-ਸਤਿਕਾਰੇ ਨਾਂ ਖੋਹਣੇ ਪੈ ਰਹੇ ਹਨ। ਪਟੇਲ ਅਤੇ ਗਾਂਧੀ ਦੇ ਨਾਲ ਹੀ ਹੁਣ ਉਹ ਭਗਤ ਸਿੰਘ, ਸੁਭਾਸ਼ ਬੋਸ ਤੇ ਅੰਬੇਦਕਰ ਨੂੰ ਵੀ ਜੱਫਾ ਮਾਰਨ ਲੱਗੇ ਹੋਏ ਹਨ। ਇੱਥੇ ਪਹੁੰਚ ਕੇ ਉਹਨਾਂ ਨੂੰ ਸਿਰੇ ਮੇਲਣ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਉਹ ਇਨਕਲਾਬੀਆਂ ਦੇ ਨਾਂ ਵਰਤਣਾ ਚਾਹੁੰਦੇ ਹਨ ਪਰ ਉਹਨਾਂ ਦੀ ਵਿਚਾਰਧਾਰਾ ਮੇਸਣਾ ਚਾਹੁੰਦੇ ਹਨ। ਇਸੇ ਕਰਕੇ ਇਕ ਪਾਸੇ ਉਹ ਅੰਬੇਦਕਰ ਦੇ ਨਾਂ ਦੀ ਮਾਲ਼ਾ ਜਪ ਰਹੇ ਹਨ, ਦੂਜੇ ਪਾਸੇ ਅੰਬੇਦਕਰੀ ਸੋਚ ਵਾਲ਼ੇ ਵਿਦਿਆਰਥੀਆਂ ਨੂੰ ਦੇਸਧਰੋਹੀ ਆਖ ਕੇ ਖ਼ੁਦਕੁਸ਼ੀ ਲਈ ਮਜਬੂਰ ਕਰ ਰਹੇ ਹਨ ਜਾਂ ਜਿਹਲਾਂ ਵਿਚ ਸੁੱਟ ਰਹੇ ਹਨ। ਯੂਨੀਵਰਸਿਟੀਆਂ ਕੋਝੀ ਰਾਜਨੀਤੀ ਦੇ ਅਖਾੜੇ ਬਣਾ ਦਿੱਤੀਆਂ ਗਈਆਂ ਹਨ। ਜੇ ਇਹਨਾਂ ਦੀ ਵਿਚਾਰਧਾਰਕ ਅਨਪੜ੍ਹਤਾ ਦਾ ਸਾਹਮਣਾ ਭਗਤ ਸਿੰਘ ਅਤੇ ਅੰਬੇਦਕਰ ਦੇ ਸੰਪਰਦਾਇਕਤਾ-ਵਿਰੋਧੀ ਅਤੇ ਮੰਨੂਵਾਦ-ਵਿਰੋਧੀ ਵਿਚਾਰਾਂ ਨਾਲ ਕਰਵਾ ਦਿੱਤਾ ਜਾਵੇ, ਇਹ ਲੋਕ ਯਕੀਨਨ ਉਹਨਾਂ ਦੀਆਂ ਤਸਵੀਰਾਂ ਉੱਤੇ ਫੁੱਲ ਚਾੜ੍ਹਨ ਦੀ ਥਾਂ ਉਹਨਾਂ ਦੀਆਂ ਅਰਥੀਆਂ ਫੂਕਣ ਲੱਗ ਜਾਣ!

ਹੁਣ ਅੰਬੇਦਕਰ ਦਾ ਨਾਂ ਜਪਣ ਵਾਲੇ ਇਹਨਾਂ ਲੋਕਾਂ ਦਾ ਚਿਹਰਾ ਤਾਂ ਬਹੁਤ ਪਹਿਲਾਂ ਨੰਗਾ ਹੋ ਗਿਆ ਸੀ। ਆਰ.ਐੱਸ.ਐੱਸ. ਨੇ ਸੰਵਿਧਾਨ ਵੱਲ ਆਪਣਾ ਨਜ਼ਰੀਆ ਅੰਬੇਦਕਰ ਵੱਲੋਂ ਖਰੜੇ ਦਾ ਅੰਤਿਮ ਰੂਪ ਪੇਸ਼ ਕੀਤੇ ਜਾਣ ਤੋਂ ਚਾਰ ਦਿਨ ਮਗਰੋਂ, 30 ਨਵੰਬਰ 1949 ਨੂੰ ਆਪਣੇ ਪੱਤਰ ਆਰਗੇਨਾਈਜ਼ਰਵਿਚ ਸਾਫ਼ ਕਰ ਦਿੱਤਾ ਸੀ। ਉਹਨੇ ਕਿਹਾ ਸੀ ਕਿ “ਭਾਰਤ ਦੇ ਨਵੇਂ ਸੰਵਿਧਾਨ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਦਾ ਕੁਝ ਵੀ ਭਾਰਤੀ ਨਹੀਂ।ਮੰਨੂੰ ਦੇ ਨੇਮ-ਕਾਨੂੰਨ ਦੁਨੀਆ-ਭਰ ਦੀ ਪ੍ਰਸ਼ੰਸਾ ਜਗਾਉਂਦੇ ਹਨ ਅਤੇ ਆਪਮੁਹਾਰੀ ਆਗਿਆਕਾਰਤਾ ਤੇ ਅਨੁਸਾਰਤਾ ਖੱਟਦੇ ਹਨ। ਪਰ ਸਾਡੇ ਸੰਵਿਧਾਨਕ ਗਿਆਨਵਾਨਾਂ ਵਾਸਤੇ ਇਸ ਗੱਲ ਦਾ ਕੋਈ ਮਹੱਤਵ ਨਹੀਂ।”

ਆਜ਼ਾਦੀ ਸੰਗਰਾਮ ਨਾਲ ਜੁੜਿਆ ਹੋਇਆ ਇੱਕੋ-ਇੱਕ ਨਾਂ, ਜਿਸ ਉੱਤੇ ਇਹਨਾਂ ਨੂੰ ਮਾਣ ਹੈ, ਸਾਵਰਕਰ ਹੈ। ਬਿਨਾਂ-ਸ਼ੱਕ ਆਜ਼ਾਦੀ ਸੰਗਰਾਮ ਵਿਚ ਉਹਦੀ ਕਈ ਸਾਲਾਂ ਦੀ ਭਾਈਵਾਲੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਸੀਖਾਂ ਪਿੱਛੇ ਹੋਏ ਉਹਦੇ ਪਸਤ ਹੌਸਲੇ ਤੋਂ ਵੀ ਇਨਕਾਰ ਅਸੰਭਵ ਹੈ। ਉਹਦੀ ਅੰਗਰੇਜ਼ ਸਰਕਾਰ ਨੂੰ ਮਾਂ ਨਾਲ ਤੁਲਨਾ ਦੇ ਕੇ ਪੁੱਤਰ ਨੂੰ ਮਾਫ਼ ਕਰਨ ਦੀਆਂ ਲਿਲ੍ਹਕੜੀਆਂ ਨਾਲ ਭਰੀ ਹੋਈ ਚਿੱਠੀ ਇਤਿਹਾਸ ਦਾ ਅੰਗ ਹੈ। ਉਸ ਵਿਚ ਉਹ ਇਹ ਇਕਰਾਰ ਵੀ ਕਰਦਾ ਹੈ ਕਿ ਅੱਗੇ ਤੋਂ ਉਹ ਆਪਣੇ ਆਪ ਨੂੰ ਸਿਰਫ਼ ਤੇ ਸਿਰਫ਼ ਹਿੰਦੂ ਧਰਮ ਦੇ ਲੇਖੇ ਲਾ ਦੇਵੇਗਾ ਤੇ ਰਾਜਨੀਤੀ ਵੱਲ ਮੂੰਹ ਤੱਕ ਨਹੀਂ ਕਰੇਗਾ!

ਇਹੋ ਮਜਬੂਰੀ ਸਾਹਿਤ-ਸਭਿਆਚਾਰ ਦੇ ਖੇਤਰ ਵਿਚ ਹੈ ਜਿੱਥੇ ਲੇਖਕਾਂ ਦੇ ਟਾਕਰੇ ਲਈ ਇਹਨਾਂ ਨੂੰ ਪਾਰਟੀ ਦੇ ਬੰਦੇ ਉਤਾਰਨੇ ਪੈਂਦੇ ਹਨ। ਅਸਹਿਣਸ਼ੀਲਤਾ ਵਿਰੁੱਧ ਆਵਾਜ਼ਾਂ ਦੇ ਜਵਾਬ ਵਿਚ ਦਿੱਲੀ ਦੇ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਲੂਸ ਕੱਢਣ ਲਈ ਆਰ.ਐੱਸ.ਐੱਸ ਦੀ ਸੰਸਕਾਰ ਭਾਰਤੀ` ਨਾਂ ਦੀ ਅਖੌਤੀ ਸਭਿਆਚਾਰਕ ਸੰਸਥਾ ਨੂੰ ਆਖ਼ਰ ਭਾਜਪਾ ਸਾਂਸਦ ਕਿਰਨ ਖੇਰ ਦਾ ਐਕਟਰ ਪਤੀ ਅਨੂਪਮ ਖੇਰ ਸ਼ਿੰਗਾਰਨਾ ਪਿਆ ਅਤੇ ਉਹਦੇ ਪਿੱਛੇ ਵਿਦਿਆਰਥੀ ਪ੍ਰੀਸ਼ਦ, ਬਜਰੰਗ ਦਲ ਤੇ ਆਪਣੇ ਅਨੇਕ ਸੰਗਠਨਾਂ ਦੀ ਭੀੜ ਤੋਰਨੀ ਪਈ।

ਸਰਕਾਰ ਅਤੇ ਉਹਦੇ ਭਗਤ ਅੱਜ ਤੱਕ ਇਕ ਵੀ ਮਿਸਾਲ ਪੇਸ਼ ਨਹੀਂ ਕਰ ਸਕਦੇ ਜਦੋਂ ਕਿਸੇ ਵੀ ਪੁਰਸਕਾਰ-ਵਾਪਸੀਏ ਲੇਖਕ ਨੇ, ਜਿਨ੍ਹਾਂ ਨੂੰ ਉਹ ਦੇਸ ਵਿਚ ਅਸਹਿਣਸ਼ੀਲਤਾ ਦਾ ਝੂਠਾ ਰੌਲ਼ਾ ਪਾਉਣ ਵਾਲੇ ਬੌਧਿਕ ਅਸਹਿਣਸ਼ੀਲ ਕਹਿੰਦੇ ਹਨ, ਕਿਸੇ ਚਿੱਠੀ, ਬਿਆਨ, ਅਖ਼ਬਾਰੀ ਲੇਖ ਜਾਂ ਟੀਵੀ ਬਹਿਸ ਵਿਚ ਅਸਹਿਣਸ਼ੀਲਤਾ ਦਾ ਮੁਜ਼ਾਹਰਾ ਕਰਦਿਆਂ ਇਕ ਵਾਰ ਵੀ ਕਿਸੇ ਨੂੰ ਕੋਈ ਮੰਦੀ ਗੱਲ ਕਹੀ ਹੋਵੇ। ਇਹਦੇ ਉਲਟ ਅਨੂਪਮ ਖੇਰ ਦੇ ਜਲੂਸ ਵਿਚ ਸਹਿਣਸ਼ੀਲਤਾਦੇ ਜੋ ਜੋ ਨਜ਼ਾਰੇ ਦੇਖਣ ਨੂੰ ਮਿਲੇ, ਉਹਨਾਂ ਤੋਂ ਮਗਰੋਂ ਇੱਕੋ ਰਾਹ ਰਹਿ ਜਾਂਦਾ ਹੈ ਕਿ ਸਹਿਣਸ਼ੀਲਤਾ ਅਤੇ ਅਸਹਿਣਸ਼ੀਲਤਾ, ਦੋਵਾਂ ਸ਼ਬਦਾਂ ਦੇ ਅਰਥ ਇਕ ਦੂਜੇ ਨਾਲ ਵਟਾ ਦਿੱਤੇ ਜਾਣ!

ਪੁਰਸਕਾਰ-ਵਾਪਸੀਏ ਲੇਖਕਾਂ ਨੂੰ ਦੇਸਧਰੋਹੀਕਿਹਾ ਗਿਆ” ਜੋ ਵਾਹਗਾ ਸਰਹੱਦ ਤੋਂ ਪਾਰ ਵਗਾਹ ਮਾਰਨੇ ਚਾਹੀਦੇ ਹਨ।" ਇਕ ਗੂੰਜਵਾਂ ਨਾਅਰਾ ਸੀ,ਢੌਂਗੀ ਸਾਹਿੱਤਿਅਕਾਰੋਂ ਕੋ, ਜੂਤੇ ਮਾਰੋ ਸਾਲੋਂ ਕੋ!” ਗਾਇਕ ਅਭੀਜੀਤ ਨੇ ਕਿਹਾ,ਇਸ ਦੇਸ ਨੇ ਇਹਨਾਂ ਲੇਖਕਾਂ ਨੂੰ ਰੋਟੀ-ਪਾਣੀ ਦਿੱਤਾ, ਇਨਾਮ ਦਿੱਤੇ, ਪਰ ਇਹ ਤਾਂ ਵੀ ਦੇਸ ਨੂੰ ਬਦਨਾਮ ਕਰ ਰਹੇ ਹਨ। ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ!”

 ‘ਸਹਿਣਸ਼ੀਲਤਾਦੀ ਸਭ ਤੋਂ ਉੱਤਮ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਖ਼ਬਾਰੀ ਅਤੇ ਟੀਵੀ ਪੱਤਰਕਾਰਾਂ ਨੂੰ ਇਹ ਆਖ ਕੇ ਕਿ ਉਹ ਪੁਰਸਕਾਰ-ਵਾਪਸੀਏ ਸਾਹਿਤਕਾਰਾਂ ਦਾ ਪਰਚਾਰ ਕਰ ਰਹੇ ਹਨ, ਨਾਅਰੇ ਲਾਏ ਜਾਣ ਲੱਗੇ,ਪਰੈਸਟੀਚਿਊਟੋ, ਜਹੰਨਮ ਵਿਚ ਜਾਓ!” (ਸ਼ਬਦ ਪਰੈਸਟੀਚਿਊਟ ਸਾਬਕਾ ਸੈਨਾ-ਮੁਖੀ ਅਤੇ ਹੁਣ ਮੋਦੀ ਦੇ ਮੰਤਰੀ ਵੀ.ਕੇ.ਸਿੰਘ ਨੇ ਪਰੌਸਟੀਚਿਊਟ, ਭਾਵ ਵੇਸਵਾ ਵਿਚ ਪਰੈੱਸ ਮਿਲਾ ਕੇ ਸਿਰਜਣ ਦੀ ਅਦੁਭੁਤ ਪ੍ਰਤਿਭਾ ਦਿਖਾਈ ਹੈ।) ਮਾਰਚੀਆਂ ਦੀ ਸਹਿਣਸ਼ੀਲਤ’ ਇੰਨੀ ਵਧ ਗਈ ਕਿ ਉਹਨਾਂ ਨੇ ਐਨ ਡੀ ਟੀ ਵੀ ਦੀ ਪੱਤਰਕਾਰ ਲੜਕੀ ਭੈਰਵੀ ਸਿੰਘ ਨੂੰ ਘੇਰ ਕੇ ਪਹਿਲਾਂ ਗਾਲ਼ਾਂ ਦਿੱਤੀਆਂ ਤੇ ਫੇਰ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਕੀਤੀ। ਦੇਸਭਗਤਾਂ’ਤੋਂ ਕਿਵੇਂ ਨਾ ਕਿਵੇਂ ਬਚੀ ਕੁੜੀ ਨੇ ਮਾਰਚ ਦੇ ਜਰਨੈਲ ਅਨੂਪਮ ਖੇਰ ਨੂੰ ਟਵੀਟ ਭੇਜੇ,ਪਹਿਲਾਂ ਮੈਨੂੰ ਵੈਸ਼ਿਆ ਕਿਹਾ ਗਿਆ ਤੇ ਹੋਰ ਗਾਲ਼ਾਂ ਦਿੱਤੀਆਂ ਗਈਆਂ, ਫੇਰ ਉੱਥੋਂ ਭੱਜ ਕੇ ਨਿਕਲਦੀ ਦਾ ਮੇਰਾ ਪਿੱਛਾ ਕੀਤਾ ਗਿਆ, ਸਿਰਫ਼ ਮੇਰੇ ਇਹ ਕਹਿਣ ਕਰਕੇ ਕਿ ਭਾਰਤ ਦਾ ਰਚਨਾਤਮਿਕ ਵਰਗ ਇਸ ਮੁੱਦੇ ਨੂੰ ਲੈ ਕੇ ਵੰਡਿਆ ਹੋਇਆ ਹੈ। ਹੁਣ ਮੈਨੂੰ ਟਵਿਟਰ ਰਾਹੀਂ ਵੀ ਭੈਭੀਤ ਕੀਤਾ ਜਾ ਰਿਹਾ ਹੈ। ਸਿਰਫ਼ ਇਸ ਕਾਰਨ ਕਿ ਮੈਂ ਆਪਣੀ ਗੱਲ ਕਹਿ ਦਿੱਤੀ!ਗੱਲ ਇਸ ਲੜਕੀ ਤੱਕ ਹੀ ਸੀਮਤ ਨਹੀਂ, ਜੋ ਕੋਈ ਵੀ ਕਿਤੇ ਵੀ ਹੱਕ-ਸੱਚ ਦੀ ਆਵਾਜ਼ ਉਠਾਉਂਦਾ ਹੈ, ਸੋਸ਼ਲ ਮੀਡੀਆ ਵਿਚ ਉਹਦੀ ਮਾਂ-ਭੈਣ ਇਕ ਕਰ ਦਿੱਤੀ ਜਾਂਦੀ ਹੈ ਤੇ ਉਹਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਲਗਦੀਆਂ ਹਨ।

ਸੰਵਾਦ ਦਾ ਟੁੱਟਣਾ ਅਤੇ ਪਿਛਲਖੁਰੀ ਵਿੱਦਿਆ

ਤੀਜਾ ਮੁੱਦਾ ਸੰਵਾਦ ਦਾ ਪੂਰੀ ਤਰ੍ਹਾਂ ਟੁੱਟ ਜਾਣਾ ਹੈ। ਪਹਿਲਾਂ ਸੰਵਾਦ ਕਦੀ ਖ਼ਤਮ ਨਹੀਂ ਸੀ ਹੋਇਆ, ਨਾ ਸਮਾਜ ਵਿਚ ਅਤੇ ਨਾ ਰਾਜਨੀਤੀ ਵਿਚ। ਇੱਥੇ ਮੈਨੂੰ ਭਾਜਪਾ ਦੀ ਪਹਿਲੀ ਸਰਕਾਰ, ਵਾਜਪਾਈ ਸਰਕਾਰ ਵੇਲ਼ੇ ਦੀ ਇਕ ਘਟਨਾ ਚੇਤੇ ਆਉਂਦੀ ਹੈ। ਜਦੋਂ ਪਾਰਲੀਮੈਂਟ ਹਾਊਸ ਉੱਤੇ ਅੱਤਵਾਦੀ ਹਮਲਾ ਹੋਇਆ, ਵਾਜਪਾਈ ਜੀ ਉੱਥੇ ਸਨ ਜਦੋਂ ਕਿ ਸੋਨੀਆ ਗਾਂਧੀ ਘਰ ਗਈ ਹੋਈ ਸੀ। ਜਿਉਂ ਹੀ ਹਮਲੇ ਦਾ ਪਤਾ ਲੱਗਿਆ, ਉਹਨਾਂ ਦੀ ਸੁੱਖਸਾਂਦ ਪੁੱਛਣ ਲਈ ਵਾਜਪਈ ਜੀ ਨੂੰ ਪਹਿਲਾ ਫੋਨ ਸੋਨੀਆ ਦਾ ਆਇਆ। ਹੁਣ ਹਾਲਤ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਕਿਸੇ ਇਕ ਵੀ ਵਿਰੋਧੀ ਨੇਤਾ ਨਾਲ ਦੁਆ-ਸਲਾਮ ਵਾਲ਼ੇ ਸੰਬੰਧ ਨਹੀਂ ਕਿ ਕਿਸੇ ਕਿਆਮਤ ਵਿਚ ਵੀ ਫੋਨ ਉਹਨਾਂ ਵਿਚਕਾਰ ਸੰਪਰਕ ਦਾ ਵਸੀਲਾ ਬਣ ਸਕੇ।

ਸੰਵਾਦ ਦੀ ਥਾਂ ਮੋਦੀ ਜੀ ਪ੍ਰਵਚਨ ਵਿਚ ਯਕੀਨ ਰੱਖਦੇ ਹਨ। ਪ੍ਰਵਚਨ ਦੀ ਪ੍ਰੰਪਰਾ ਹਜ਼ਾਰਾਂ ਸਾਲ ਪੁਰਾਣੀ ਉਸ ਸੰਸਕ੍ਰਿਤੀ ਦੀ ਦੇਣ ਹੈ ਜਿਸ ਨੂੰ ਸੁਰਜੀਤ ਕਰਨਾ ਨਾਗਪੁਰੀ ਆਦੇਸ਼ ਅਨੁਸਾਰ ਵਰਤਮਾਨ ਸਰਕਾਰ ਦਾ ਇਕ ਮੁੱਖ ਟੀਚਾ ਹੈ। ਪ੍ਰਵਚਨ ਦੇ ਨੇਮ ਅਨੁਸਾਰ ਕਿਸੇ ਜਨਸਮੂਹ ਵਿਚ ਕੋਈ ਇੱਕੋ ਹੁੰਦਾ ਹੈ ਜੋ ਸਰਬਗਿਆਤਾ ਹੁੰਦਾ ਹੈ ਅਤੇ ਬਾਕੀ ਸਭ ਨੇ, ਕਿਸੇ ਵੀ ਸੋਝੀ ਅਤੇ ਸੇਧ ਤੋਂ ਵਿਰਵੇ ਹੋਣ ਕਰਕੇ, ਹਰ ਗੱਲ ਉਸੇ ਤੋਂ ਸਿੱਖਣੀ ਹੁੰਦੀ ਹੈ। ਇਸੇ ਫ਼ਰਕ ਸਦਕਾ ਪ੍ਰਵਚਨ-ਕਰਤਾ ਉੱਚੇ ਥੜ੍ਹੇ ਉੱਤੇ ਬਿਰਾਜਮਾਨ ਹੁੰਦਾ ਹੈ ਤੇ ਮੂਕ ਸਰੋਤੇ ਹੱਥ ਜੋੜ ਕੇ ਉਹਦੇ ਚਰਨਾਂ ਤੋਂ ਵੀ ਨੀਵੇਂ ਭੁੰਜੇ ਬੈਠਦੇ ਹਨ। ਪ੍ਰਵਚਨ ਸੱਤ-ਬਚਨੀ ਹੋਣ ਕਰਕੇ ਸਰੋਤੇ ਦੇ ਮਨ ਨੂੰ ਕਿਸੇ ਸ਼ੰਕੇ, ਕਿਸੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਦਿੰਦਾ ਜਿਸ ਕਰਕੇ ਵਿਚਾਰ-ਪਰਵਾਹ ਇਕ-ਮਾਰਗੀ ਹੁੰਦਾ ਹੈ। ਸਰੋਤਿਆਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਜੋ ਗਿਆਨੀ ਪ੍ਰਵਚਨੀਆ ਸੁਣ-ਜਾਣ ਸਕੇ। ਨਿਸ਼ਰਧਕ ਸ਼ੰਕੇਬਾਜ਼ ਉਹਦੇ ਸਰਾਪ ਅਤੇ ਕਹਿਰ ਦਾ ਭਾਗੀ ਬਣਦਾ ਹੈ। ਪ੍ਰਵਚਨੀ ਵਰਤਾਰੇ ਨੇ ਮੋਦੀ ਜੀ ਦਾ ਮਨ ਇੰਨਾ ਮੋਹ ਲਿਆ ਹੈ ਕਿ ਉਹ ਹਰ ਪ੍ਰਧਾਨ ਮੰਤਰੀ ਦੇ ਲੋਕ-ਸੰਪਰਕ ਦਾ ਇਕ ਜ਼ਰੂਰੀ ਪੱਖ ਰਹੀ ਸਵਾਲੀ-ਜਵਾਬੀ ਪ੍ਰੈੱਸ ਕਾਨਫ਼ਰੰਸ ਕਰਨੋਂ ਵੀ ਸੰਕੋਚ ਕਰਦੇ ਹਨ।

ਜਦੋਂ ਇੱਕੋ ਮੁੱਦੇ ਨੂੰ ਲੈ ਕੇ ਵੱਖ ਵੱਖ ਵਿਚਾਰਾਂ ਦੇ ਧਾਰਨੀ ਦੋ ਪ੍ਰਵਚਨੀਆਂ ਦਾ ਸਾਹਮਣਾ ਹੁੰਦਾ ਹੈ, ਵਾਦ-ਵਿਵਾਦ ਦਾ ਮੁੱਢ ਬੱਝਦਾ ਹੈ। ਇਸ ਵਿਚ ਵੀ ਇਕ ਦੂਜੇ ਦਾ ਮੱਤ ਜਾਣਨ ਦੀ, ਉਹਨੂੰ ਪਰਖਣ ਦੀ ਅਤੇ ਸੱਚ ਹੋਣ ਦੀ ਸੂਰਤ ਵਿਚ ਬੇਝਿਜਕ ਅਪਣਾਉਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਬੌਧਿਕ ਸਾਨ੍ਹਾਂ ਦਾ ਭੇੜ ਹੁੰਦਾ ਹੈ ਜਿਸ ਵਿਚ ਆਪਣੇ ਮੱਤ ਦੀ ਸ੍ਰੇਸ਼ਟਤਾ ਦਾ ਯਕੀਨ ਮੁੱਢਲੀ ਸ਼ਰਤ ਹੁੰਦਾ ਹੈ ਅਤੇ ਆਪਣੀ ਇਹ ਸ੍ਰੇਸ਼ਟਤਾ ਸਿੱਧ ਕਰ ਕੇ ਦੂਜੇ ਦੇ ਮੱਤ ਨੂੰ ਛੁਟਿਆਉਣਾ-ਹਰਾਉਣਾ ਮੁੱਖ ਉਦੇਸ਼ ਬਣ ਜਾਂਦਾ ਹੈ।

ਹੁਣ ਸੰਵਾਦ ਟੁੱਟ ਕੇ ਪਿਛਲਖੁਰੀ ਤੁਰੀ ਗੱਲ ਜੇ ਵਾਦ-ਵਿਵਾਦ ਉੱਤੇ ਜਾ ਰੁਕਦੀ ਤਾਂ ਵੀ ਕੁਝ ਨਾ ਕੁਝ ਬਚਿਆ ਰਹਿ ਜਾਂਦਾ ਪਰ ਉਹ ਵਾਦ-ਵਿਵਾਦ ਨੂੰ ਵੀ ਪਿੱਛੇ ਛਡਦੀ ਪ੍ਰਵਚਨ ਤੱਕ ਜਾ ਤਿਲ੍ਹਕੀ! ਜੇ ਅੱਜ ਵੱਖ ਵੱਖ ਤਬਕਿਆਂ ਵਿਚਕਾਰ ਟਕਰਾਉ ਹੈ, ਧਰਮਾਂ ਵਿਚਕਾਰ ਹਿੰਸਾ ਹੈ, ਰਾਜਨੀਤਕ ਪਾਰਟੀਆਂ ਨੇ ਇਕ ਦੂਜੀ ਵਿਰੁੱਧ ਛੁਰੀਆਂ ਤਿੱਖੀਆਂ ਕੀਤੀਆਂ ਹੋਈਆਂ ਹਨ ਅਤੇ ਅਜੋਕੀ ਹਾਕਮ ਧਿਰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲੇ ਲੇਖਕਾਂ, ਬੁੱਧੀਮਾਨਾਂ, ਕਲਾਕਾਰਾਂ, ਸਮਾਜ-ਸ਼ਾਸਤਰੀਆਂ ਅਤੇ ਵਿਗਿਆਨੀਆਂ ਨੂੰ ਦੇਸ-ਧਰੋਹੀ ਦੁਸ਼ਮਣ ਆਖ ਰਹੀ ਹੈ, ਇਸ ਦਾ ਕਾਰਨ ਸੰਵਾਦ ਦੀ ਸੰਭਾਵਨਾ ਦਾ ਅੰਤ ਹੈ।

ਵਿਚਾਰ ਅਤੇ ਗਿਆਨ ਦੇ ਖੇਤਰ ਵਿਚ ਸੰਵਾਦ ਨੂੰ ਉੱਤਮ ਹੋਣ ਦਾ ਮਾਣ ਹਾਸਲ ਹੈ। ਹਉਂਮੁਖੀ ਪ੍ਰਵਚਨ ਅਤੇ ਭੇੜਮੁਖੀ ਵਾਦ-ਵਿਵਾਦ ਦੇ ਉਲਟ ਸੰਵਾਦ ਦੀ ਬੁਨਿਆਦ ਮਾਨਵੀ ਸਹਿਣਸ਼ੀਲਤਾ ਹੈ। ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਇਸੇ ਕਰਕੇ ਮਾਨਵਮੁਖੀ ਭਗਤੀ ਲਹਿਰ ਨੇ ਆਦਿਕਾਲ ਤੋਂ ਤੁਰੀਆਂ ਆਈਆਂ ਪ੍ਰਵਚਨੀ ਅਤੇ ਵਾਦ-ਵਿਵਾਦੀ ਪ੍ਰੰਪਰਾਵਾਂ ਦੀ ਥਾਂ ਸੰਵਾਦ ਜਾਂ ਗੋਸ਼ਟ ਨੂੰ ਪ੍ਰਮੁੱਖਤਾ ਦਿੱਤੀ। ਭਗਤ ਕਬੀਰ ਆਖਦੇ ਹਨ,ਸੰਤੁ ਮਿਲੈ ਕਿਛੁ ਸੁਨੀਐ ਕਹੀਐ!” ਬਾਬਾ ਨਾਨਕ ਕਹਿੰਦੇ ਹਨ,ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ!” ਸੰਵਾਦੀ ਵਿਚਾਰ-ਵਟਾਂਦਰੇ ਦਾ ਇਕ ਪੱਖ ਤਾਂ ਉਚੇਚਾ ਧਿਆਨ ਲੋੜਦਾ ਹੈ। ਉਹ ਹੈ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦੇਣਾ। ਭਗਤ ਜੀ ਤੇ ਬਾਬਾ ਜੀ, ਦੋਵੇਂ ਸੁਣਨ ਨੂੰ ਪਹਿਲ ਦਿੰਦੇ ਹਨ ਤੇ ਕਹਿਣ ਨੂੰ ਦੂਜੀ ਥਾਂ ਉੱਤੇ ਰੱਖਦੇ ਹਨ।

ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ। ਹਿੰਸਾ ਦੋ ਕਿਸਮਾਂ ਦੀ ਹੁੰਦੀ ਹੈ, ਸ਼ਬਦੀ ਅਤੇ ਸਰੀਰਕ। ਭਾਰਤ ਦੇ ਵਿਹੜੇ ਹੁਣ ਦੋਵਾਂ ਕਿਸਮਾਂ ਦੀ ਹਿੰਸਾ ਤਾਂਡਵ ਨੱਚ ਰਹੀ ਹੈ। ਸ਼ਬਦੀ ਹਿੰਸਾ ਦੇਸ ਦਾ ਮਾਣ ਸਮਝੇ ਜਾਣ ਦੇ ਹੱਕਦਾਰ ਲੇਖਕਾਂ, ਬੁੱਧੀਮਾਨਾਂ ਤੇ ਕਲਾਕਾਰਾਂ ਨੂੰ ਗਾਲ਼ੀ-ਗਲੋਚ ਤੇ ਧਮਕੀਆਂ ਦਾ ਰੂਪ ਧਾਰ ਰਹੀ ਹੈ ਅਤੇ ਸਰੀਰਕ ਹਿੰਸਾ ਉਹਨਾਂ ਦੇ ਮੂੰਹ ਕਾਲ਼ੇ ਕਰਨ ਤੋਂ ਲੈ ਕੇ ਧੌਣਾਂ ਉੱਤੇ ਛੁਰੀਆਂ ਫੇਰ ਰਹੀ ਹੈ!

ਚੌਥਾ ਮੁੱਦਾ ਵਿੱਦਿਆ ਵਿਚ ਲਿਆਂਦੇ ਜਾ ਰਹੇ ਪਿਛਲਖੁਰੀ ਸਾਰ-ਤੱਤ ਦਾ ਹੈ। ਕਿਸੇ ਵੀ ਦੇਸ, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ ਸਬੂਤਾਂ ਉੱਤੇ ਉਸਰਦਾ ਹੈ। ਉਹਦੇ ਮੂਲ ਸੋਮੇ ਪੁਰਾਤਨ ਥੇਹ, ਉਹਨਾਂ ਵਿੱਚੋਂ ਮਿਲੀਆਂ ਵਸਤਾਂ, ਸਰਕਾਰੀ ਰਿਕਾਰਡ, ਨਿੱਜੀ ਡਾਇਰੀਆਂ, ਸਫ਼ਰਨਾਮੇ, ਜੀਵਨੀਆਂ, ਚਿੱਤਰ, ਆਦਿ ਹੁੰਦੇ ਹਨ। ਕਿਸੇ ਸਬੂਤ ਤੋਂ ਵਿਰਵੀਆਂ ਗੱਲਾਂ ਇਤਿਹਾਸ ਦਾ ਅੰਗ ਨਹੀਂ ਮੰਨੀਆਂ ਜਾਂਦੀਆਂ। ਮਿਥਿਹਾਸ ਡੂੰਘੇ ਅਤੀਤ ਦੀ ਰਚਨਾ ਹੈ ਜਿਸ ਦੀ ਬੁਨਿਆਦ ਕਲਪਨਾ ਹੈ। ਇਹ ਕਲਪਨਾ ਉਸ ਸਮੇਂ ਦੇ ਸਮਾਜ ਦੀਆਂ ਅਜਿਹੀਆਂ ਇਛਾਵਾਂ ਅਤੇ ਰੀਝਾਂ ਦਾ ਜਵਾਬ ਸੀ ਜਿਨ੍ਹਾਂ ਦੀ ਪਰਾਪਤੀ ਅਸਲ ਜੀਵਨ ਵਿਚ ਅਸੰਭਵ ਸੀ। ਜਾਂ ਫੇਰ ਪੁਰਾਤਨ ਮਨੁੱਖ ਜਿਨ੍ਹਾਂ ਚੀਜ਼ਾਂ ਜਾਂ ਘਟਨਾਵਾਂ ਦੇ ਨਿਕਾਸ-ਵਿਕਾਸ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਸੀ, ਉਹਨਾਂ ਦੀ ਵਿਆਖਿਆ ਕਲਪਿਤ ਕਥਾਵਾਂ ਰਾਹੀਂ ਕਰਨ ਦਾ ਜਤਨ ਕਰਦਾ ਸੀ ਜਿਨ੍ਹਾਂ ਨੂੰ ਮਿੱਥਾਂ ਕਿਹਾ ਜਾਣ ਲੱਗਿਆ। ਮਿਥਿਹਾਸ ਵਿਚ ਅਜਿਹੀਆਂ ਸਾਖੀਆਂ ਦੀ ਕੋਈ ਘਾਟ ਨਹੀਂ ਜਦੋਂ ਦੈਵੀ ਸ਼ਕਤੀ ਦਾ ਵਰੋਸਾਇਆ ਕੋਈ ਮਨੁੱਖ ਪਰਬਤ ਨੂੰ ਮੂਧਾ ਕਰ ਦਿੰਦਾ ਹੈ ਜਾਂ ਪਾਣੀ ਪੀ ਕੇ ਸਮੁੰਦਰ ਖਾਲੀ ਕਰ ਦਿੰਦਾ ਹੈ। ਅਸਲ ਜ਼ਿੰਦਗੀ ਵਿਚ ਅਜਿਹਾ ਕੁਝ ਕਦੀ ਨਹੀਂ ਵਾਪਰਦਾ। ਇਤਿਹਾਸ ਅਤੇ ਮਿਥਿਹਾਸ ਵਿਚਕਾਰ ਇੰਨੇ ਵੱਡੇ ਫ਼ਰਕ ਦੇ ਹੁੰਦਿਆਂ ਕਿਸੇ ਸਾਧਾਰਨ ਸਮਝ ਦੇ ਮਾਲਕ ਵਿਅਕਤੀ ਲਈ ਵੀ ਉਹਨਾਂ ਨੂੰ ਇਕ ਦੂਜੇ ਤੋਂ ਨਿਖੇੜ ਕੇ ਦੇਖਣਾ ਕੋਈ ਮੁਸ਼ਕਿਲ ਕੰਮ ਨਹੀਂ।

ਵਰਤਮਾਨ ਸੱਤਾ ਦੀ ਲੀਲ੍ਹਾ ਨਿਆਰੀ ਹੈ। ਉਹ ਸਮੁੱਚੇ ਗਿਆਨ-ਵਿਗਿਆਨ, ਜਿਸ ਵਿਚ ਭਾਸ਼ਾ, ਸਾਹਿਤ, ਕਲਾ ਤੇ ਸਭਿਆਚਾਰ, ਆਦਿ ਵੀ ਆ ਜਾਂਦੇ ਹਨ, ਨੂੰ ਕਲਾਵੇ ਵਿਚ ਲੈਣ ਵਾਲੇ ਇਤਿਹਾਸ ਦੀ ਅਸਲਵਾਦੀ ਰੀਤ ਦੀ ਥਾਂ ਮਿਥਿਹਾਸ ਦੀ ਕਲਪਨਾਵਾਦੀ ਪਿਰਤ ਦੀ ਵਿਸ਼ਵਾਸੀ ਹੈ। ਉਹਦਾ ਮੱਤ ਹੈ ਕਿ ਸਭ ਗਿਆਨ-ਵਿਗਿਆਨ ਸਮੇਤ ਇਤਿਹਾਸ ਦਾ ਸੋਮਾ ਮਿਥਿਹਾਸ ਹੈ, ਭਾਵ ਇਤਿਹਾਸ ਦੇ ਤੱਥ ਮਿਥਿਹਾਸ ਦੀ ਕਲਪਨਾ ਵਿੱਚੋਂ ਲੱਭਦੇ ਹਨ। ਸੱਤਾ-ਪੱਖੀ ਵਿਦਵਾਨਾਂ` ਦਾ ਕਹਿਣਾ ਹੈ ਕਿ ਥੇਹਾਂ, ਲਿਖਤਾਂ, ਚਿੱਤਰਾਂ, ਆਦਿ ਵਿੱਚੋਂ ਇਤਿਹਾਸ ਲੱਭਣਾ ਪੱਛਮੀ ਤਰੀਕਾ ਹੈ ਜਿਸ ਨੂੰ ਅਪਣਾਉਣਾ ਭਾਰਤੀ ਸੰਸਕ੍ਰਿਤੀ ਤੇ ਗਿਆਨ-ਪ੍ਰੰਪਰਾ ਨਾਲ ਮੇਲ ਨਹੀਂ ਖਾਂਦਾ। ਉਹਨਾਂ ਅਨੁਸਾਰ ਭਾਰਤੀ ਇਤਿਹਾਸ ਦੇ ਸੋਮੇ ਵੇਦ-ਸ਼ਾਸਤਰ ਅਤੇ ਪੁਰਾਤਨ ਗ੍ਰੰਥ ਹਨ। ਜੇ ਇਹ ਮੱਤ ਪਹਿਲਾਂ ਵਾਂਗ ਧਰਮ-ਸਥਾਨਾਂ ਤੇ ਗੁਰੂਕੁਲਾਂ ਤੱਕ ਸੀਮਤ ਰਹਿੰਦਾ, ਵਿਗਿਆਨਕ ਇਤਿਹਾਸਕਾਰੀ ਵਾਸਤੇ ਕੋਈ ਸਮੱਸਿਆ ਨਹੀਂ ਸੀ, ਪਰ ਹੁਣ ਇਹ ਮੱਤ ਸਰਕਾਰੀ ਵਿਦਿਅਕ ਨੀਤੀ ਬਣ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਸਕੂਲੀ-ਕਾਲਜੀ ਵਿੱਦਿਆ ਨੂੰ ਇਸੇ ਸੰਚੇ ਵਿਚ ਢਾਲਣਾ ਆਪਣਾ ਐਲਾਨੀਆ ਉਦੇਸ਼ ਬਣਾਇਆ ਹੋਇਆ ਹੈ ਅਤੇ ਭਾਜਪਾ ਦੇ ਰਾਜ ਵਾਲੇ ਸੂਬੇ ਇਹ ਤਬਦੀਲੀ ਦ੍ਰਿੜ੍ਹਤਾ ਨਾਲ ਲਿਆ ਰਹੇ ਹਨ। ਕੇਂਦਰੀ ਵਿਸ਼ਵਾਸ ਇਹ ਹੈ ਕਿ “ਆਧੁਨਿਕ ਵਿਗਿਆਨ ਤੇ ਤਕਨਾਲੋਜੀ ਦੀਆਂ ਕਮਾਲ ਦੀਆਂ ਪਰਾਪਤੀਆਂ ਸਭ ਦੀਆਂ ਸਭ ਪ੍ਰਾਚੀਨ ਭਾਰਤ ਦੀਆਂ ਕਾਢਾਂ ਹਨ।”

ਇਸ ਵਿੱਦਿਅਕ ਨੀਤੀ ਦੀ ਇਕ ਉਜਾਗਰ ਮਿਸਾਲ 125 ਪੰਨੇ ਦੀ ਪੁਸਤਕ ਤੇਜਮਈ ਭਾਰਤ` ਹੈ। ਇਹ ਗੁਜਰਾਤ ਰਾਜ ਸਕੂਲ ਟੈਕਸਟਬੁੱਕ ਬੋਰਡਨੇ ਕੁਝ ਸਾਲ ਪਹਿਲਾਂ ਉਸ ਸਮੇਂ ਛਾਪੀ ਸੀ ਜਦੋਂ ਮੋਦੀ ਜੀ ਅਜੇ ਗੁਜਰਾਤ ਦੇ ਮੁੱਖ ਮੰਤਰੀ ਸਨ। ਗੁਜਰਾਤ ਦੇ ਸਿੱਖਿਆ ਮੰਤਰੀ ਦੇ ਹੁਕਮ ਨਾਲ ਇਹ ਪੁਸਤਕ ਸੂਬੇ ਦੇ ਸਾਰੇ 42,000 ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਵਿਚ ਲਾਜ਼ਮੀ ਸਪਲੀਮੈਂਟਰੀ ਰੀਡਰ ਬਣੀ ਹੋਈ ਹੈ। ਵਿਸ਼ੇ-ਵਸਤੂ ਦੇ ਪੱਖੋਂ ਇਸ ਪੁਸਤਕ ਨਾਲ ਮੇਲ ਖਾਂਦੀਆਂ ਅੱਠ ਹੋਰ ਪੁਸਤਕਾਂ ਵੀ ਗੁਜਰਾਤ ਦੇ ਸਕੂਲਾਂ ਵਿਚ ਸਪਲੀਮੈਂਟ ਰੀਡਰਾਂ ਵਜੋਂ ਲਾਈਆਂ ਗਈਆਂ ਹਨ। ਉਹ ਸਾਰੀਆਂ ਦੀਨਾ ਨਾਥ ਬੱਤਰਾ ਨਾਂ ਦੇ ਕਥਿਤ ਸਿੱਖਿਆ-ਸ਼ਾਸਤਰੀ ਦੀਆਂ ਲਿਖੀਆਂ ਹੋਈਆਂ ਹਨ। ਹਰ ਪੁਸਤਕ ਦੇ ਅੱਗੇ ਤਦਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ੰਸਾਮਈ ਸੰਦੇਸ਼ ਹੈ। ਬੱਤਰਾ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਲਈ ਬਣਾਈ ਗਈ ਆਰ.ਐੱਸ.ਐੱਸ. ਦੀ ਸੰਸਥਾ ਵਿੱਦਿਆ ਭਾਰਤੀ` ਦਾ ਸਰਗਰਮ ਸਵੈਮਸੇਵਕ ਹੈ ਅਤੇ ਹੁਣ ਭਾਜਪਾ ਸਰਕਾਰ ਦੀ ਵਿੱਦਿਅਕ ਨੀਤੀ ਦਾ ਮੁੱਖ ਸੇਧਕਾਰ ਹੈ। ਇਹ ਉਹੋ ਮਹਾਂਪੁਰਸ਼ ਹੈ ਜਿਸ ਦੇ ਮੁਕੱਦਮੇ ਤੋਂ ਯਰਕ ਕੇ ਪ੍ਰਕਾਸ਼ਕ ਪੈਂਗੂਅਨ ਇੰਡੀਆ’ਨੇ ਮੰਨੀ-ਪ੍ਰਮੰਨੀ ਅਮਰੀਕੀ ਵਿਦਵਾਨ ਅਤੇ ਇਤਿਹਾਸਕਾਰ ਵੈਂਡੀ ਡੌਨੀਗਰ ਦੀ ਛਪ ਕੇ ਤਿਆਰ ਹੋ ਚੁੱਕੀ ਪੁਸਤਕ ਦਿ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀਨਸ਼ਟ ਕਰ ਦਿੱਤੀ ਸੀ।

ਇਹਨਾਂ ਪੁਸਤਕਾਂ ਦਾ ਦੱਸਿਆ ਗਿਆ ਉਦੇਸ਼ ਮਿਥਿਹਾਸ ਵਿੱਚੋਂ ਇਤਿਹਾਸ ਉਸਾਰਨ ਦੀ ਪੁੱਠੀ ਧਾਰਨਾ ਨੂੰ ਸਪਸ਼ਟ ਕਰ ਦਿੰਦਾ ਹੈ। ਲੇਖਕ ਅਤੇ ਪ੍ਰਕਾਸ਼ਕ ਅਨੁਸਾਰ ਇਹਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ “ਇਤਿਹਾਸ, ਵਿਗਿਆਨ, ਭੂਗੋਲ, ਧਰਮ ਅਤੇ ਗਿਆਨ ਦੇ ਹੋਰ ਮੂਲ ਖੇਤਰਾਂ ਬਾਰੇ ਅਸਲ ਤੱਥਾਂ ਤੋਂ ਜਾਣੂ ਕਰਵਾਉਣਾ” ਹੈ। ਭਾਵ ਇਹਨਾਂ ਪੁਸਤਕਾਂ ਵਿਚ ਲਿਖੀਆਂ ਗਈਆਂ ਮਿਥਿਹਾਸਕ ਕਲਪਿਤ ਗੱਲਾਂ ਅਸਲ ਤੱਥਹਨ। ਜਿਹੜੀ ਮਿਥਿਹਾਸਕ ਗੱਲ ਅਜੋਕੇ ਵਿਗਿਆਨਕ ਅਤੇ ਤਰਕਮੁਖੀ ਜੁੱਗ ਦੇ ਕਿਸੇ ਗਿਆਨ-ਖੇਤਰ ਨਾਲ ਜੋੜੀ ਜਾ ਸਕਦੀ ਹੈ, ਉਹ ਉਸਦੇ ਪ੍ਰਮਾਣਿਕ ਅਤੇ ਵਿਗਿਆਨਕ ਇਤਿਹਾਸ ਵਜੋਂ ਪੇਸ਼ ਕੀਤੀ ਗਈ ਹੈ। ਮਿਸਾਲ ਵਜੋਂ, ਇਹਨਾਂ ਪੁਸਤਕਾਂ ਦੇ ਭੂਗੋਲ ਅਨੁਸਾਰ ਪਾਕਿਸਤਾਨ ਅਤੇ ਬੰਗਲਾਦੇਸ਼ ਤਾਂ ਹੋਣੇ ਹੀ ਸਨ, ਅਫ਼ਗਾਨਿਸਤਾਨ, ਤਿੱਬਤ, ਨਿਪਾਲ, ਭੂਟਾਨ, ਸ਼੍ਰੀਲੰਕਾ ਅਤੇ ਮਿਆਂਮਾਰ ਕਿਸੇ ਸਮੇਂ ਅਖੰਡ ਭਾਰਤਦੇ ਹਿੱਸੇ ਰਹੇ ਹਨ ਜਿਸ ਕਰਕੇ ਉਹ ਹੁਣ ਵੀ ਭਾਰਤ ਦੇ ਅੰਗ ਹੋਣੇ ਚਾਹੀਦੇ ਹਨ। ਇਸ ਗਹਿਰੇ ਗਿਆਨ-ਸਾਗਰ ਵਿੱਚੋਂ ਨਿਕਲੇ ਦੋ-ਚਾਰ ਹੋਰ ਮੋਤੀਆਂ ਦੇ ਦਰਸ਼ਨ ਕਰਨੇ ਵੀ ਠੀਕ ਰਹਿਣਗੇ।

ਤੇਜਮਈ ਭਾਰਤਦੇ ਪੰਨਾ 60 ਉੱਤੇ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤ ਦੇ ਤਕਨਾਲੋਜੀਕਲ ਵਿਕਾਸ ਬਾਰੇ ਇਉਂ ਦੱਸਿਆ ਗਿਆ ਹੈ, “ਜਿਸ ਨੂੰ ਅਸੀਂ ਅੱਜ ਮੋਟਰਕਾਰ ਕਹਿੰਦੇ ਹਾਂ, ਉਹ ਵੇਦ-ਕਾਲ ਵਿਚ ਮੌਜੂਦ ਸੀ। ਇਹਨੂੰ ਅਨ-ਅਸ਼ਵ ਰਥ ਕਿਹਾ ਜਾਂਦਾ ਸੀ। ਆਮ ਕਰਕੇ ਰਥ ਨੂੰ ਅਸ਼ਵ ਅਰਥਾਤ ਘੋੜੇ ਖਿੱਚਦੇ ਹਨ ਪਰ ਅਨ-ਅਸ਼ਵ ਰਥ ਦਾ ਮਤਲਬ ਉਹ ਰਥ ਹੈ ਜੋ ਘੋੜਿਆਂ ਤੋਂ ਬਿਨਾਂ ਚੱਲੇ, ਭਾਵ ਮਸ਼ੀਨੀ ਰਥ। ਇਉਂ ਅੱਜ ਜੋ ਮੋਟਰਕਾਰ ਹੈ, ਇਹਦਾ ਵੇਰਵਾ ਰਿਗਵੇਦ ਵਿਚ ਮੌਜੂਦ ਹੈ।” ਪੁਸਤਕ ਦੇ ਵਿਦਵਾਨ ਰਚਨਾਕਾਰ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਅਨ-ਅਸ਼ਵ ਦਾ ਮਤਲਬ ਕਿਸ ਕੋਸ਼-ਵਿਧੀ ਨਾਲ ਮਸ਼ੀਨੀ ਹੋਇਆ। ਇਸ ਦਾ ਮਤਲਬ ਉਹ ਰਥ ਕਿਉਂ ਨਹੀਂ ਹੋਵੇਗਾ ਜਿਸ ਨੂੰ ਘੋੜੇ ਦੀ ਥਾਂ ਕੋਈ ਹੋਰ ਪਸੂ, ਜਿਵੇਂ ਝੋਟਾ ਜਾਂ ਬਲਦ ਖਿੱਚ ਰਿਹਾ ਹੋਵੇ?

ਪੰਨਾ 64 ਤੋਂ ਪੁਰਾਤਨ ਭਾਰਤ ਦੇ ਤਕਨਾਲੋਜੀਕਲ ਵਿਕਾਸ ਦੀ ਇਕ ਹੋਰ ਤਸਵੀਰ ਦੇਖੋ, “ਸਾਨੂੰ ਦੱਸਿਆ ਜਾਂਦਾ ਹੈ ਕਿ ਟੈਲੀਵਿਯਨ ਦੀ ਕਾਢ 1926 ਵਿਚ ਸਕਾਟਲੈਂਡ ਦੇ ਇਕ ਪਾਦਰੀ ਜਾਨ ਲੌਗੀ ਬੇਅਰਡ ਨੇ ਕੱਢੀ ਸੀ। ਪਰ ਅਸੀਂ ਤੁਹਾਨੂੰ ਬਹੁਤ ਪੁਰਾਤਨ ਦੂਰਦਰਸ਼ਨ ਦੀ ਵਾਰਤਾ ਦੱਸਦੇ ਹਾਂ। ਭਾਰਤੀ ਰਿਸ਼ੀ ਆਪਣੀ ਯੋਗ ਵਿੱਦਿਆ ਨਾਲ ਦਿਵਯ-ਦ੍ਰਿਸ਼ਟੀ ਪਰਾਪਤ ਕਰ ਲੈਂਦੇ ਸਨ। ਕੋਈ ਸ਼ੱਕ ਨਹੀਂ ਕਿ ਟੈਲੀਵਿਯਨ ਦੀ ਕਾਢ ਦਾ ਮੁੱਢ ਉੱਥੋਂ ਹੀ ਬੱਝਿਆ। ਹਸਤਨਾਪੁਰ ਦੇ ਇਕ ਮਹਿਲ ਵਿਚ ਬੈਠਾ ਸੰਜਯ ਆਪਣੀ ਦਿਵਯ-ਸ਼ਕਤੀ ਵਰਤ ਕੇ ਨੇਤਰਹੀਣ ਧ੍ਰਿਤਰਾਸ਼ਟਰ ਨੂੰ ਮਹਾਂਭਾਰਤ ਦੀ ਲੜਾਈ ਦਾ ਲਾਈਵ ਟੈਲੀਕਾਸਟ ਦੱਸਦਾ ਰਿਹਾ ਸੀ।”

ਪੰਨਾ 92-93 ਉੱਤੇ ਅਮਰੀਕਾ ਦੇ ਸਟੈੱਮ ਸੈੱਲ ਦਾ ਕਾਢਕਾਰ ਹੋਣ ਦੇ ਦਾਅਵੇ ਦਾ ਖੰਡਣ ਇਸ ਕਥਾ ਨਾਲ ਕੀਤਾ ਗਿਆ ਹੈ, “ਕੁੰਤੀ ਦੇ ਸੂਰਜ ਵਰਗਾ ਤੇਜੱਸਵੀ ਪੁੱਤਰ ਪੈਦਾ ਹੋਇਆ। ਜਦੋਂ ਗਾਂਧਾਰੀ ਨੂੰ, ਜੋ ਪਹਿਲਾਂ ਦੋ ਸਾਲ ਗਰਭ ਧਾਰਨ ਨਹੀਂ ਸੀ ਕਰ ਸਕੀ, ਇਸ ਗੱਲ ਦਾ ਪਤਾ ਲੱਗਿਆ, ਉਹਦਾ ਗਰਭਪਾਤ ਹੋ ਗਿਆ। ਉਹਦੀ ਕੁੱਖ ਵਿੱਚੋਂ ਮਾਸ ਦਾ ਇਕ ਬਹੁਤ ਵੱਡਾ ਲੋਥੜਾ ਬਾਹਰ ਆਇਆ। ਰਿਸ਼ੀ ਦਵੈਪਿਅਨ ਨੂੰ ਬੁਲਾਇਆ ਗਿਆ। ਉਹਨੇ ਮਾਸ ਦਾ ਇਹ ਸਖ਼ਤ ਲੋਥੜਾ ਦੇਖਿਆ-ਘੋਖਿਆ ਅਤੇ ਵਿਸ਼ੇਸ਼ ਰਸਾਇਣਾਂ ਦੇ ਭਰੇ ਹੋਏ ਇਕ ਠੰਢੇ ਕੁੰਡ ਵਿਚ ਸਾਂਭ ਦਿੱਤਾ। ਕੁਝ ਸਮੇਂ ਪਿੱਛੋਂ ਉਹਨੇ ਉਸ ਲੋਥੜੇ ਦੇ ਸੌ ਟੁਕੜੇ ਕੀਤੇ ਅਤੇ ਦੋ ਸਾਲਾਂ ਲਈ ਘਿਓ ਦੇ ਭਰੇ ਸੌ ਭਾਂਡਿਆਂ ਵਿਚ ਪਾ ਰੱਖੇ। ਦੋ ਸਾਲ ਮਗਰੋਂ ਮਾਸ ਦੇ ਉਹਨਾਂ ਟੁਕੜਿਆਂ ਤੋਂ ਸੌ ਕੌਰਵ ਪੈਦਾ ਹੋਏ। ਇਉਂ ਸਟੈੱਮ ਸੈੱਲ ਦੀ ਕਾਢ ਭਾਰਤ ਵਿਚ ਹਜ਼ਾਰਾਂ ਸਾਲ ਪਹਿਲਾਂ ਕੱਢੀ ਜਾ ਚੁੱਕੀ ਸੀ।”

ਵਿਗਿਆਨਕ ਸੁਭਾਅ

ਇਹ ਸਭ ਕੁਝ ਪੜ੍ਹਦਿਆਂ-ਸੁਣਦਿਆਂ ਜਵਾਹਰਲਾਲ ਨਹਿਰੂ ਦਾ 1946 ਦਾ ਵਡਮੁੱਲਾ ਕਥਨ ਵਿਗਿਆਨਕ ਸੁਭਾਅ’ (ਸਾਇੰਟੇਫਿਕ ਟੈਂਪਰ) ਚੇਤੇ ਆਉਂਦਾ ਹੈ। ਪੁਸਤਕ ਭਾਰਤ ਦੀ ਖੋਜਵਿਚ ਉਹ ਲਿਖਦੇ ਹਨ, “ਲੋੜ ਹੈ ਵਿਗਿਆਨਕ ਪਹੁੰਚ ਦੀ, ਸਾਹਸੀ ਪਰ ਤਾਂ ਵੀ ਆਲੋਚਨਾਤਮਕ ਵਿਗਿਆਨਕ ਸੁਭਾਅ ਦੀ, ਸੱਚ ਅਤੇ ਨਵੇਂ ਗਿਆਨ ਦੀ ਤਲਾਸ਼ ਦੀ, ਪਰਖੇ ਅਤੇ ਅਜ਼ਮਾਏ ਬਿਨਾਂ ਕੋਈ ਵੀ ਗੱਲ ਪਰਵਾਨ ਕਰਨ ਤੋਂ ਇਨਕਾਰ ਦੀ, ਨਵੇਂ ਸਬੂਤਾਂ ਦੇ ਸਾਹਮਣੇ ਪਹਿਲਾਂ ਤੋਂ ਕੱਢੇ ਹੋਏ ਨਤੀਜੇ ਬਦਲ ਸਕਣ ਦੀ ਸਮਰੱਥਾ ਦੀ, ਪਹਿਲਾਂ ਤੋਂ ਮਨ ਵਿਚ ਵਸੇ ਸਿਧਾਂਤ ਉੱਤੇ ਨਹੀਂ ਸਗੋਂ ਪਰਤੱਖ ਤੱਥ ਉੱਤੇ ਟੇਕ ਦੀ, ਮਨ ਦੇ ਮਜ਼ਬੂਤ ਬੰਧੇਜ ਦੀ! ਇਹ ਸਭ ਗੱਲਾਂ ਸਿਰਫ਼ ਵਿਗਿਆਨ ਦੀ ਵਰਤੋਂ ਲਈ ਹੀ ਨਹੀਂ ਸਗੋਂ ਖ਼ੁਦ ਜੀਵਨ ਲਈ ਅਤੇ ਇਸ ਦੀਆਂ ਅਨੇਕ ਸਮੱਸਿਆਵਾਂ ਦੇ ਹੱਲ ਲਈ ਲਾਜ਼ਮੀ ਹਨ।” ਮਗਰੋਂ ਇਹ ਸੋਚ ਭਾਰਤ ਦੇ ਸੰਵਿਧਾਨ ਵਿਚ ਸਾਕਾਰ ਹੋਈ ਜਿਸ ਦੀ ਧਾਰਾ 5ਏ (ਐੱਚ) ਕਹਿੰਦੀ ਹੈ ਕਿ ਨਾਗਰਿਕਾਂ ਦਾ ਇਹ ਇਕ ਬੁਨਿਆਦੀ ਫ਼ਰਜ਼ ਹੈ, ਉਹ ਵਿਗਿਆਨਕ ਸੁਭਾਅ, ਮਾਨਵਵਾਦ ਅਤੇ ਜਗਿਆਸਾ ਦੀ ਤੇ ਸੁਧਾਰ ਦੀ ਭਾਵਨਾ ਵਿਕਸਿਤ ਕਰਨ।

ਹਰ ਹੋਸ਼ਮੰਦ ਭਾਰਤੀ ਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅਸੀਂ ਵਿਗਿਆਨਕ ਸੁਭਾਅ’ ਦੇ ਕੌਮੀ ਉਦੇਸ਼ ਤੋਂ ਚੱਲ ਕੇ ਕਿੱਥੇ ਪਹੁੰਚ ਗਏ ਹਾਂ। ਸੋਚਣ ਵਾਲ਼ੀ ਗੱਲ ਹੈ ਕਿ ਦੁਨੀਆ ਦੇ ਆਧੁਨਿਕ ਵਿਗਿਆਨਕ ਸਿੱਖਿਆ ਵਾਲੇ ਬੱਚਿਆਂ ਦੇ ਮੁਕਾਬਲੇ ਇਸ ਅਨ-ਅਸ਼ਵੀ, ਧ੍ਰਿਤਰਾਸ਼ਟਰੀ ਤੇ ਕੌਰਵੀ ਵਿਗਿਆਨਕ-ਤਕਨਾਲੋਜੀਕਲਗਿਆਨ ਨਾਲ ਲੈਸ ਸਾਡੇ ਬੱਚੇ ਕਿੱਥੇ ਖਲੋਣਗੇ! ਇਹ ਤੱਥ ਇਸ ਚਿੰਤਾ ਵਿਚ ਹੋਰ ਵਾਧਾ ਕਰਦਾ ਹੈ ਕਿ ਇਸ ਸੋਚ ਅਤੇ ਵਿਦਿਅਕ ਨੀਤੀ ਉੱਤੇ ਖ਼ੁਦ ਪ੍ਰਧਾਨ ਮੰਤਰੀ ਦੀ ਪਰਵਾਨਗੀ ਦੀ ਮੋਹਰ-ਛਾਪ ਲੱਗੀ ਹੋਈ ਹੈ। ਕੁਝ ਸਮਾਂ ਪਹਿਲਾਂ ਮੁੰਬਈ ਦੇ ਇਕ ਪ੍ਰਸਿੱਧ ਆਧੁਨਿਕ ਹਸਪਤਾਲ ਵਿਚ ਹੋਈ ਪ੍ਰਮੁੱਖ ਡਾਕਟਰਾਂ ਅਤੇ ਸਰਜਨਾਂ ਦੀ ਇਕ ਕਾਨਫ਼ਰੰਸ ਵਿਚ ਮੋਦੀ ਜੀ ਨੇ ਆਪਣਾ ਸੰਵਿਧਾਨਕ ਵਿਗਿਆਨਕ ਸੁਭਾਅਇਹਨਾਂ ਸ਼ਬਦਾਂ ਵਿਚ ਪਰਗਟ ਕੀਤਾ, “ਕਿਸੇ ਸਮੇਂ ਜੋ ਪਰਾਪਤੀਆਂ ਸਾਡੇ ਦੇਸ ਨੇ ਡਾਕਟਰੀ ਵਿਗਿਆਨ ਵਿਚ ਕਰ ਲਈਆਂ ਸਨ, ਸਾਨੂੰ ਉਹਨਾਂ ਦਾ ਮਾਣ ਹੋਣਾ ਚਾਹੀਦਾ ਹੈ। ਮਹਾਂਭਾਰਤ ਵਿਚ ਅਸੀਂ ਕਰਣ ਦਾ ਜ਼ਿਕਰ ਪੜ੍ਹਦੇ ਹਾਂ। ਜੇ ਅਸੀਂ ਕੁਝ ਵਧੇਰੇ ਡੂੰਘਾ ਸੋਚੀਏ, ਪਤਾ ਲਗਦਾ ਹੈ ਕਿ ਮਹਾਂਭਾਰਤ ਦੱਸਦੀ ਹੈ, ਕਰਣ ਆਪਣੀ ਮਾਂ ਦੀ ਕੁੱਖ ਵਿੱਚੋਂ ਪੈਦਾ ਨਹੀਂ ਸੀ ਹੋਇਆ। ਇਸ ਦਾ ਮਤਲਬ ਹੈ ਕਿ ਉਸ ਸਮੇਂ ਜੈਨੈਟਿਕ ਵਿਗਿਆਨ ਮੌਜੂਦ ਸੀ ਜਿਸ ਕਰਕੇ ਕਰਣ ਆਪਣੀ ਮਾਂ ਦੀ ਕੁੱਖ ਤੋਂ ਬਿਨਾਂ ਪੈਦਾ ਹੋ ਸਕਿਆ। ਅਸੀਂ ਗਣੇਸ਼ ਦੀ ਪੂਜਾ ਕਰਦੇ ਹਾਂ। ਉਸ ਸਮੇਂ ਕੋਈ ਪਲਾਸਟਿਕ ਸਰਜਨ ਜ਼ਰੂਰ ਹੋਵੇਗਾ ਜਿਸ ਨੇ ਹਾਥੀ ਦਾ ਸਿਰ ਮਨੁੱਖ ਦੇ ਧੜ ਉੱਤੇ ਲਾ ਦਿੱਤਾ ਅਤੇ ਉੱਥੋਂ ਪਲਾਸਟਿਕ ਸਰਜਰੀ ਦਾ ਮੁੱਢ ਬੱਝਿਆ। ਅਨੇਕ ਖੇਤਰ ਹਨ ਜਿਨ੍ਹਾਂ ਵਿਚ ਸਾਡੇ ਪੁਰਖਿਆਂ ਨੇ ਵੱਡੀਆਂ ਪਤਾਪਤੀਆਂ ਕੀਤੀਆਂ। ਕਈਆਂ ਨੂੰ ਤਾਂ ਸਾਰੀ ਦੁਨੀਆ ਪਰਵਾਨ ਕਰਦੀ ਹੈ। ਮੇਰੇ ਕਹਿਣ ਦਾ ਮਤਲਬ ਹੈ, ਅਸੀਂ ਇਕ ਅਜਿਹਾ ਦੇਸ ਹਾਂ ਜੋ ਇੰਨਾ ਸਮਰੱਥਾਵਾਨ ਹੁੰਦਾ ਸੀ। ਇਹ ਸਮਰੱਥਾਵਾਂ ਨਵੇਂ ਸਿਰਿਉਂ ਹਾਸਲ ਕਰਨ ਦੀ ਲੋੜ ਹੈ!”

ਇਹ ਸੀ ਉਹ ਮਾਹੌਲ ਜਿਸ ਵਿਰੁੱਧ ਲੇਖਕ ਭਾਈਚਾਰੇ ਵਿਚ, ਜੋ ਸਮਾਜ ਦਾ ਸਭ ਤੋਂ ਜਾਗ੍ਰਿਤ ਤੇ ਜਜ਼ਬਾਤੀ ਅੰਗ ਹੁੰਦਾ ਹੈ, ਰੋਸ ਪੈਦਾ ਹੋਣਾ ਕੁਦਰਤੀ ਸੀ। ਇਹ ਗੱਲ ਵਧੇਰੇ ਹੀ ਵਧੇਰੇ ਸਪਸ਼ਟ ਹੁੰਦੀ ਜਾ ਰਹੀ ਸੀ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚਾਂ ਵਿਚ ਪਾਉਣ ਵਾਲੀ ਸੀ। ਹਰ ਘਟਨਾ ਨਾਲ ਮਨਾਂ ਅੰਦਰ ਵਧ ਰਹੇ ਰੋਸ ਨੂੰ ਨਿਕਾਸ ਵਾਸਤੇ ਕਿਸੇ ਰਾਹ ਦੀ ਤਲਾਸ਼ ਸੀ। ਹਰ ਸੰਵੇਦਨਸ਼ੀਲ ਲੇਖਕ ਨੂੰ ਇਹ ਸਵਾਲ ਬੇਚੈਨ ਕਰ ਰਿਹਾ ਸੀ ਕਿ ਉਹ ਆਪਣੇ ਰੋਸ ਨੂੰ ਨਿਕਾਸ ਦੇਵੇ ਤਾਂ ਕਿਸ ਵਿਧ ਦੇਵੇ!

ਇਸ ਮੌਕੇ ਹਿੰਦੀ ਕਥਾਕਾਰ ਉਦੈ ਪ੍ਰਕਾਸ਼ ਨੂੰ ਮਹਿਸੂਸ ਹੋਇਆ ਕਿ ਲੰਮੀ ਕਲਮੀ ਕਮਾਈ ਦੀ ਕਦਰ ਵਜੋਂ ਹਾਸਲ ਹੋਇਆ ਮਾਣਜੋਗ ਪੁਰਸਕਾਰ ਵਾਪਸ ਕਰਨਾ ਰੋਸ ਦੇ ਪ੍ਰਗਟਾਵੇ ਦਾ ਇਕ ਰੂਪ ਹੋ ਸਕਦਾ ਹੈ। ਸਾਹਿਤ ਅਕਾਦਮੀ ਤੋਂ ਮਿਲਿਆ ਪੁਰਸਕਾਰ ਉਸੇ ਨੂੰ ਵਾਪਸ ਕਰਨਾ ਵਾਜਬ ਸੀ। ਉਸ ਪਿੱਛੋਂ ਇਕ ਇਕ ਕਰ ਕੇ ਕੁਝ ਹੋਰ ਸਾਹਿਤਕਾਰਾਂ ਨੇ, ਖਾਸ ਕਰਕੇ ਨੈਣਤਾਰਾ ਸਹਿਗਲ, ਅਸ਼ੋਕ ਵਾਜਪਈ ਤੇ ਕ੍ਰਿਸ਼ਣਾ ਸੋਬਤੀ ਜਿਹੀਆਂ ਬਹੁ-ਸਤਿਕਾਰੀਆਂ ਬਜ਼ੁਰਗ ਕਲਮਾਂ ਨੇ ਪੁਰਸਕਾਰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਸਭਨਾਂ ਦੀ ਮਿਸਾਲ ਨੇ ਮੇਰੇ ਰੋਸ ਨੂੰ ਵੀ ਰਾਹ ਦਿਖਾ ਦਿੱਤਾ ਤੇ ਪੰਜਾਬੀ ਵਿੱਚੋਂ ਪਹਿਲ ਕਰਦਿਆਂ ਮੈਂ ਵੀ ਆਪਣਾ ਪੁਰਸਕਾਰ, ਮਾਇਆ ਸਮੇਤ, ਅਕਾਦਮੀ ਨੂੰ ਵਾਪਸ ਕਰ ਦਿੱਤਾ। ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਲਗਾਤਾਰ ਵਧਦੇ ਪੁਰਸਕਾਰ-ਵਾਪਸੀ ਕਾਫ਼ਲੇ ਦੇ ਰੋਸ ਨਾਲ ਛੇਤੀ ਹੀ ਫ਼ਿਲਮਾਂ ਵਾਲੇ, ਇਤਿਹਾਸਕਾਰ, ਵਿਗਿਆਨੀ, ਅਰਥ-ਸ਼ਾਸਤਰੀ, ਸਮਾਜ-ਸ਼ਾਸਤਰੀ, ਕਾਰੋਬਾਰੀ, ਆਦਿ ਭਾਂਤ ਭਾਂਤ ਦੇ ਲੋਕ ਵੀ ਸਹਿਮਤੀ ਪ੍ਰਗਟਾਉਣ ਲੱਗੇ। ਗੱਲ ਦੇਸ ਤੱਕ ਹੀ ਨਾ ਰਹੀ, ਇਸ ਲਹਿਰ ਨੂੰ ਭਰਪੂਰ ਕੌਮਾਂਤਰੀ ਸਮਰਥਨ ਵੀ ਮਿਲਿਆ।

ਵਾਜਬ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ, ਨਹੀਂ ਤਾਂ ਸਭਿਆਚਾਰ ਮੰਤਰੀ ਸਾਹਿਤ ਅਕਾਦਮੀ ਨੂੰ ਲੇਖਕਾਂ ਦਾ ਇਕ ਪ੍ਰਤੀਨਿਧ-ਮੰਡਲ ਬੁਲਾਉਣ ਲਈ ਆਖਦਾ ਜੋ ਸਰਕਾਰ ਨੂੰ ਆਪਣੇ ਰੋਸ ਦਾ ਆਧਾਰ ਦੱਸ ਕੇ ਕਿਸੇ ਹੱਲ ਬਾਰੇ ਚਰਚਾ ਕਰਦਾ। ਪਰ ਸਰਕਾਰ ਦੀ ਨਜ਼ਰ ਵਿਚ ਤਾਂ ਸਾਹਿਤਕਾਰ ਕਿਸੇ ਮਾਣਜੋਗ ਸਮਾਜਕ ਹੈਸੀਅਤ ਤੇ ਮਹੱਤਵ ਤੋਂ ਸੱਖਣੇ ਅਤੇ ਵਿਰੋਧੀ ਧਿਰ ਦੇ ਉਕਸਾਏ ਸਾਜ਼ਿਸ਼ੀਏ ਹਨ। ਇਸ ਕਰਕੇ ਸਭਿਆਚਾਰ ਮੰਤਰੀ ਨੇ ਅਸਹਿਣਸ਼ੀਲਤਾ ਦੇ ਸਾਰੇ ਮੁੱਦੇ ਤੇ ਮਸਲੇ ਦਾ ਸਹਿਣਸ਼ੀਲਸਰਕਾਰੀ ਹੱਲ ਦੱਸ ਦਿੱਤਾ ਕਿ ਲੇਖਕ ਜੇ ਮਾਹੌਲ ਦੀ ਘੁਟਣ ਮਹਿਸੂਸ ਕਰਦੇ ਹਨ ਤਾਂ ਲਿਖਣਾ ਬੰਦ ਕਰ ਦੇਣ! ਇਸ ਪਿੱਛੋਂ ਇਕ ਇਕ ਕਰ ਕੇ ਕਈ ਮੰਤਰੀ ਅਤੇ ਰਾਜਨੀਤਕ ਆਗੂ ਬੋਲਣ ਲੱਗੇ। ਭਵਿੱਖ ਦੇ ਅਜਿਹੇ ਟੁੱਟਵੇਂ ਤੇ ਬੇਸੇਧੇ ਬਿਆਨਾਂ ਵਿਚ ਇਕਸੁਰਤਾ ਲਿਆਉਣ ਲਈ ਤੇ ਸਨਮਾਨ-ਵਾਪਸੀਏ ਲੇਖਕਾਂ ਨੂੰ ਦੇਣ ਵਾਲੀਆਂ ਗਾਲ਼ਾਂ ਸੁਝਾਉਣ ਲਈ ਸਾਰੀ ਕੈਬਨਿਟ ਵਿੱਚੋਂ ਲਿਖਣ-ਪੜ੍ਹਨ ਨਾਲ ਮਾੜਾ-ਮੋਟਾ ਵਾਹ ਰੱਖਣ ਵਾਲੇ ਇੱਕੋ-ਇੱਕ ਮੰਤਰੀ ਅਰੁਣ ਜੇਤਲੀ ਨੇ ਇਕ ਲੇਖ ਲਿਖ ਦਿੱਤਾ।

ਇਸ ਲੇਖ ਵਿਚ ਉਹਨੇ ਦਾਅਵਾ ਕੀਤਾ ਕਿ ਕਿਸੇ ਐਵੇਂ ਵਾਪਰੀ ਇਕਾ-ਦੁੱਕਾ ਘਟਨਾ ਨੂੰ ਛੱਡ ਕੇ ਸ਼ਾਂਤਮਈ ਸਹਿਹੋਂਦ ਵਾਲੀ ਉਦਾਰ ਜਮਹੂਰੀਅਤ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਭਾਰਤ ਦੇਸ ਵਿਚ ਪੂਰੀ ਸੁਹਿਰਦਤਾ, ਸਦਭਾਵਨਾ ਅਤੇ ਇਕਸੁਰਤਾ ਦਾ ਮਾਹੌਲ ਹੈ ਅਤੇ ਸਹਿਣਸ਼ੀਲਤਾ ਦਾ ਬੋਲਬਾਲਾ ਹੈ। ਸਾਹਿਤਕਾਰਾਂ ਅਤੇ ਹੋਰਾਂ ਦੇ ਰੋਸ ਨੂੰ ਉਹਨੇ “ਬੌਧਿਕ ਅਸਹਿਣਸ਼ੀਲਤਾ” ਅਤੇ “ਮਨਘੜਤ ਬਗ਼ਾਵਤ” ਦਾ ਨਾਂ ਦਿੱਤਾ ਅਤੇ ਕਿਹਾ ਕਿ ਇਸ ਸਭ ਦੇਸ-ਵਿਰੋਧੀ ਰੌਲ਼ਾ ਬਹੁਤ ਹੀ ਤੇਜ਼ੀ ਨਾਲ ਭਾਰਤ ਨੂੰ ਕਿੱਥੋਂ ਕਿੱਥੇ ਲੈ ਗਈ ਮੋਦੀ ਸਰਕਾਰ ਨੂੰ ਕੌਮਾਂਤਰੀ ਪਿੜ ਵਿਚ ਬਦਨਾਮ ਕਰਨ ਤੇ ਦੇਸ ਨੂੰ ਪਿੱਛੇ ਖਿੱਚਣ ਲਈ ਪਾਇਆ ਜਾ ਰਿਹਾ ਹੈ। ਜੇਤਲੀ ਤੋਂ ਸਰਕਾਰੀ ਸੇਧ ਮਿਲਣ ਦੀ ਦੇਰ ਸੀ, ਟੀਵੀ ਚੈਨਲਾਂ ਉੱਤੇ ਆਰ.ਐੱਸ.ਐੱਸ. ਅਤੇ ਭਾਜਪਾ ਦੇ ਬੁਲਾਰਿਆਂ ਨੇ ਲੇਖਕਾਂ ਨੂੰ ਸੋਨੀਆ ਦੇ ਦਰਬਾਰੀ ਅਤੇ ਕਾਂਗਰਸ ਦੀ ਹਾਰ ਕਾਰਨ ਸਰਕਾਰੀ ਟੁਕੜਿਆਂ ਤੋਂ ਵਾਂਝੇ ਰਹਿ ਕੇ ਛਿੱਥੇ ਪਏ ਹੋਏ ਵਿਕਾਊ ਟੁੱਕੜਬੋਚ ਕਹਿਣਾ ਸ਼ੁਰੂ ਕਰ ਦਿੱਤਾ। ਅਜੇ ਤੱਕ ਚੁੱਪ ਰਹੇ ਮੰਤਰੀ ਵੀ ਬਿਆਨ ਦਾਗਣ ਲੱਗੇ। ਪੁਰਸਕਾਰ-ਵਾਪਸੀ ਨੂੰ ਕੌਮਾਂਤਰੀ ਸਾਜ਼ਿਸ਼ ਅਤੇ ਦੇਸਧਰੋਹ ਕਰਾਰ ਦੇ ਦਿੱਤਾ ਗਿਆ।

ਪੰਜਾਬੀਆਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਪੁਰਸਕਾਰ ਵਾਪਸ ਕਰਨ ਵਾਲੇ 35 ਸਾਹਿਤਕਾਰਾਂ ਵਿੱਚੋਂ 11 ਅਤੇ ਪਦਮ ਸਨਮਾਨ ਵਾਪਸ ਕਰਨ ਵਾਲੇ 3 ਸਾਹਿਤਕਾਰਾਂ ਵਿੱਚੋਂ 1, ਭਾਵ ਕੁੱਲ ਭਾਰਤ ਦਾ ਤੀਜਾ ਹਿੱਸਾ ਪੰਜਾਬੀ ਸਨ।

ਇਸ ਮੌਕੇ ਲੇਖਕਾਂ ਨੂੰ ਦਿਲੋਂ ਸਤਿਕਾਰਨ ਵਾਲੇ ਰਾਜਨੀਤਕ ਆਗੂਆਂ ਦੀਆਂ ਕਈ ਮਿਸਾਲਾਂ ਚੇਤੇ ਆ ਰਹੀਆਂ ਹਨ। ਮੈਂ ਸਿਰਫ਼ ਇਕ ਦੇਸੀ ਤੇ ਇਕ ਬਾਹਰਲੀ ਮਿਸਾਲ ਦੇਵਾਂਗਾ। ਇਲਾਹਾਵਾਦ ਦੇ ਇਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਹਿਰੂ ਅਤੇ ਮਹਾਂਕਵੀ ਸੂਰਯਕਾਂਤ ਤ੍ਰਿਪਾਠੀ ਨਿਰਾਲਾ ਮੰਚ ਉੱਤੇ ਬਿਰਾਜਮਾਨ ਸਨ। ਜਦੋਂ ਨਹਿਰੂ ਬੋਲਣ ਲੱਗਿਆ, ਉਹਨੇ ਕਿਹਾ, ਮੈਂ ਪਹਿਲਾਂ ਤੁਹਾਨੂੰ ਇਕ ਚੀਨੀ ਕਥਾ ਸੁਣਾਉਣੀ ਚਾਹਾਂਗਾ। ਕਥਾ ਇਹ ਸੀ ਕਿ ਇਕ ਚੀਨੀ ਸਮਰਾਟ ਦੇ ਦੋ ਪੁੱਤਰ ਸਨ, ਇਕ ਸਾਧਾਰਨ ਬੁੱਧੀ ਵਾਲਾ ਤੇ ਦੂਜਾ ਗਿਆਨੀ ਪੁਰਖ। ਜਦੋਂ ਬਜ਼ੁਰਗ ਹੋਇਆ ਸਮਰਾਟ ਦੋਵਾਂ ਪੁੱਤਰਾਂ ਨੂੰ ਕੋਲ ਬਿਠਾ ਕੇ ਆਪਣੀ ਵਿਰਾਸਤ ਵੰਡਣ ਲੱਗਿਆ, ਉਹਨੇ ਸਾਧਾਰਨ-ਬੁੱਧ ਨੂੰ ਕਿਹਾ, “ਤੂੰ ਰਾਜਭਾਗ ਚਲਾਉਣ ਦੇ ਜੋਗ ਹੈਂ, ਤੈਨੂੰ ਮੈਂ ਆਪਣੀ ਗੱਦੀ ਦਿੰਦਾ ਹਾਂ।” ਫੇਰ ਉਹਨੇ ਗਿਆਨਵਾਨ ਪੁੱਤਰ ਨੂੰ ਕਿਹਾ, “ਤੂੰ ਮਨੁੱਖਜਾਤੀ ਅਤੇ ਸਮਾਜ ਦੇ ਭਲੇ ਲਈ ਵੱਡੇ ਕਾਰਜ ਕਰਨੇ ਹਨ, ਮੈਂ ਤੈਨੂੰ ਕਵੀ ਹੋਣ ਦਾ ਵਰ ਅਤੇ ਅਸ਼ੀਰਵਾਦ ਦਿੰਦਾ ਹਾਂ!” ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ਆਪਣੇ ਆਪ ਨੂੰ ਸਾਧਾਰਨ-ਬੁੱਧ ਤੇ ਕਵੀ ਨੂੰ ਸ੍ਰੇਸ਼ਟ-ਬੁੱਧ ਕੋਈ ਨਹਿਰੂ ਹੀ ਆਖ ਸਕਦਾ ਸੀ!

ਫ਼ਰਾਂਸ ਦੇ ਪਿਛਲੀ ਸਦੀ ਦੇ ਸਰਕਾਰ-ਵਿਰੋਧੀ ਜਨਤਕ ਅੰਦੋਲਨ ਸਮੇਂ ਲੇਖਕ ਯਾਂ ਪਾਲ ਸਾਰਤਰ, ਜਿਸ ਨੇ ਕੁਝ ਸਮਾਂ ਪਹਿਲਾਂ ਨੋਬਲ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਸੁੱਟ ਦਿੱਤਾ ਗਿਆ। ਇਸ ਗੱਲ ਦਾ ਪਤਾ ਲਗਦਿਆਂ ਹੀ ਪ੍ਰਧਾਨ ਡੀਗਾਲ ਨੇ ਉਹਨੂੰ ਆਜ਼ਾਦ ਕਰ ਦਿੱਤਾ। ਹੈਰਾਨ ਹੋਏ ਕੁਝ ਅਧਿਕਾਰੀਆ ਨੇ ਇਸ ਫ਼ੈਸਲੇ ਦਾ ਕਾਰਨ ਪੁੱਛਿਆ ਤਾਂ ਉਹਦਾ ਜਵਾਬ ਸੀ, “ਕਦੀ ਵਾਲਟੇਅਰ ਨੂੰ ਵੀ ਕੋਈ ਕੈਦ ਕਰਦਾ ਹੈ?” ਵਾਲਟੇਅਰ 18ਵੀਂ ਸਦੀ ਦੇ ਫ਼ਰਾਂਸ ਦਾ ਮਹਾਨ ਲੇਖਕ ਹੋਇਆ ਹੈ। ਪ੍ਰਧਾਨ ਡੀਗਾਲ ਦਾ ਇਹ ਜਵਾਬ ਇਉਂ ਸੀ ਜਿਵੇਂ ਕੋਈ ਪੰਜਾਬ ਵਿਚ ਕਹੇ, ਕਦੀ ਫ਼ਰੀਦ ਨੂੰ ਜਾਂ ਵਾਰਿਸ ਸ਼ਾਹ ਨੂੰ ਵੀ ਕੋਈ ਕੈਦ ਕਰਦਾ ਹੈ? ਪਰ ਅਜਿਹਾ ਜਵਾਬ ਦੇਣ ਲਈ ਸਰਕਾਰ ਨੂੰ ਸਾਹਿਤ ਤੇ ਕਲਾ ਦੀ ਸਮਝ ਤੇ ਕਦਰ ਹੋਣੀ ਜ਼ਰੂਰੀ ਹੈ ਜੋ ਭਾਰਤ ਦੀ ਵਰਤਮਾਨ ਸੂਰਤ ਵਿਚ ਹੈ ਨਹੀਂ।

ਪੰਜਾਬੀ ਸਾਹਿਤ ਸਾਡੇ ਆਦਿਕਵੀ ਬਾਬਾ ਫ਼ਰੀਦ ਤੋਂ ਲੈ ਕੇ ਨਿਰੰਤਰ ਲੋਕ-ਪੱਖੀ ਰਿਹਾ ਹੈ। ਵਰਤਮਾਨ ਹਾਲਤ ਮੰਗ ਕਰਦੀ ਹੈ ਕਿ ਅਸੀਂ ਹੋਰ ਬਹੁਤੀ ਦ੍ਰਿੜ੍ਹਤਾ ਨਾਲ ਆਪਣੀ ਇਸ ਪ੍ਰੰਪਰਾ ਦੇ ਲੜ ਲੱਗੀਏ। ਸਾਹਿਤਕ ਰਚਨਾ ਦੇ ਨਾਲ ਨਾਲ ਜਿਹੜੇ ਕਲਮਕਾਰ ਵਰਤਮਾਨ ਹਾਲਾਤ ਬਾਰੇ ਆਪਣੇ ਵਿਚਾਰ ਕਿਸੇ ਵੀ ਸਾਧਨ ਰਾਹੀਂ ਲੋਕਾਂ ਨਾਲ ਸਾਂਝੇ ਕਰ ਸਕਣ, ਉਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਹਨ।

ਮੈਂ ਇਹ ਵੀ ਸਪਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਆਸਵੰਦ ਤੇ ਵਿਸ਼ਵਾਸੀ ਰਹਿਣਾ ਚਾਹੀਦਾ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਸਾਡੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿੱਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬੱਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸ਼ਾਹੀ ਪਾਂਧੀ ਬਣ ਸਕਾਂਗੇ!

ਸਾਹਿਤ ਨਾਲ ਜੁੜਨ ਦੇ ਸਮੇਂ ਤੋਂ ਹੀ ਮੈਂ ਕਲਮ ਦਾ ਤਲਵਾਰ ਤੋਂ ਸ਼ਕਤੀਸ਼ਾਲੀ ਹੋਣਾ ਸੁਣਦਾ ਆਇਆ ਸੀ। ਪਰ ਸੱਚੀ ਗੱਲ ਹੈ, ਮੈਂ ਇਸ ਕਥਨ ਨੂੰ ਉਤਸ਼ਾਹੀ ਕਲਮਕਾਰਾਂ ਦੀ ਸਵੈਪ੍ਰਸ਼ੰਸਾ ਹੀ ਸਮਝਦਾ ਸੀ। ਕਿੱਥੇ ਤਲਵਾਰ ਤੇ ਕਿੱਥੇ ਬਿਚਾਰੀ ਕਲਮ! ਪਰ ਇਸ ਕਥਨ ਦਾ ਸੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਸਾਡੇ ਕੁਝ ਕੁ ਕਲਮਕਾਰਾਂ ਦੇ ਪੁਰਸਕਾਰ ਮੋੜਨ ਨਾਲ ਦਿੱਲੀ ਦੇ ਤਖ਼ਤ ਦੇ ਪਾਵੇ ਹਿੱਲ ਗਏ ਤੇ ਪੂਰੀ ਦੀ ਪੂਰੀ ਸਰਕਾਰ ਨਿਰਾਦਰੀਆਂ, ਗਾਲ਼ਾਂ ਤੇ ਤੁਹਮਤਾਂ ਨਾਲ ਸ਼ਸਤਰਬੱਧ ਹੋ ਕੇ ਸਾਡੇ ਮੁਕਾਬਲੇ ਲਈ ਨਿੱਕਲ ਆਈ।

ਆਪਣੀ ਗੱਲ ਦਾ ਅੰਤ ਮੈਂ ਇਕ ਅਜਿਹੀ ਕਵਿਤਾ ਨਾਲ ਕਰਨਾ ਚਾਹੁੰਦਾ ਹਾਂ ਜੋ ਪੰਜਾਬ ਦੇ ਜੰਮਪਲ ਇਕ ਕਵੀ ਨੇ ਇਸ ਕਲਪਨਾ ਨਾਲ ਲਿਖੀ ਹੈ ਕਿ ਜੇ ਸ੍ਰਿਸ਼ਟੀ ਦਾ ਅੰਤ ਹੋ ਜਾਵੇ, ਸਾਹਿਤ ਦੀ ਸ਼ਕਤੀ ਉਸ ਹਾਲਤ ਵਿਚ ਕੀ ਭੂਮਿਕਾ ਨਿਭਾ ਸਕਦੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਕੁਦਰਤ ਨੇ ਸਾਨੂੰ ਸ਼ਬਦ ਦਾ ਜੋ ਲਾਸਾਨੀ ਵਰ ਦਿੱਤਾ ਹੈ, ਉਹ ਕਿਹੋ ਜਿਹੇ ਨੂਰੀ ਜਲੌ ਪੈਦਾ ਕਰਨ ਦੇ ਸਮਰੱਥ ਹੈ। ਬਹੁਤ ਹੀ ਸੂਖ਼ਮ ਕਵੀ ਗੁਲਜ਼ਾਰ ਦੀ ਇਸ ਉਰਦੂ ਕਵਿਤਾ ਨੂੰ ਮੈਂ ਪੰਜਾਬੀ ਰੂਪ ਇਉਂ ਦਿੱਤਾ ਹੈ:

ਕਈ ਕਰੋੜਾਂ ਵਰ੍ਹੇ ਬੀਤਿਆਂ
ਜਦ ਸੂਰਜ ਦੀ ਅਗਨ ਬੁਝੇਗੀ
ਚਾਰ-ਚੁਫੇਰੇ ਰਾਖ ਖਿੰਡੇਗੀ
ਜਦ ਕੋਈ ਚੰਦ ਨਾ ਚੜ੍ਹੇ-ਲਹੇਗਾ
ਨਾ ਦੁਨੀਆ ਨੇ ਘੁੰਮਦੀ ਹੋਣਾ
ਤਦ ਠੰਢਾ ਬੁਝਿਆ ਕੋਇਲਾ ਬਣ ਕੇ
ਇਹ ਧਰਤੀ ਫਿਰਦੀ ਹੋਵੇਗੀ
ਉੱਖੜੀ ਉੱਖੜੀ
, ਭਟਕੀ ਭਟਕੀ
ਨ੍ਹੇਰੇ-ਭਿੱਜੇ ਮੱਧਮ ਖਾਕੀ ਚਾਨਣ ਦੇ ਵਿਚ

... ਮੈਂ ਸੋਚ ਰਿਹਾ ਹਾਂ
ਅਚਨਚੇਤੀ ਉਸ ਵੇਲ਼ੇ ਜੇ
ਕਾਗ਼ਜ਼ ਉੱਤੇ ਉੱਕਰੀ ਹੋਈ
ਉਡਦੀ ਉਡਦੀ ਕੋਈ ਕਵਿਤਾ
ਸੂਰਜ ਨੂੰ ਕਿੱਧਰੋਂ ਜਾ ਛੋਹੇ
ਸੂਰਜ ਲਟ-ਲਟ ਮੱਚਣ ਲੱਗੇ!

         *****

(284)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author