GurbachanBhullar7“ਕਵਿਤਾ: ਬੂਹਾ ਬੰਦ ਨਾ ਰੱਖਿਆ ਕਰ! --- ਗੁਰਬਚਨ ਸਿੰਘ ਭੁੱਲਰ”

(24 ਅਕਤੂਬਰ 2016)


(ਇਹ ਨਿਬੰਧ ਅਤੇ ਕਵਿਤਾ ਸਾਡੇ ਪਾਸ ਵੱਖ-ਵੱਖ ਸਮੇਂ ਪਹੁੰਚੇ ਹਨ ਪਰ ਛਾਪ ਅਸੀਂ ਦੋਵਾਂ ਨੂੰ ਇੱਕੋ ਸਮੇਂ ਰਹੇ ਹਾਂ। ਆਪਣੀ ਇਸ ਮਜਬੂਰੀ ਲਈ ਅਸੀਂ ਲੇਖਕ ਪਾਸੋਂ ਖ਼ਿਮਾ ਚਾਹੁੰਦੇ ਹਾਂ --- ਸੰਪਾਦਕ)

**


(
ਪਿਛਲੇ ਦਿਨੀਂ ਮੈਂ ਇਹ ਕਵਿਤਾ ਕਿਸੇ ਹੋਰ ਸਬੱਬ ਸਦਕਾ ਲਿਖੀ ਸੀ। ਕੁਦਰਤੀ ਮੌਕਾਮੇਲ ਸਮਝੋ, ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਉ ਹੀ ਨਾ ਵਧਿਆ, ਗੱਲ ਸਰਹੱਦ ਸੀਲ ਕਰ ਕੇ ਬੂਹੇ ਬੰਦ ਕਰਨ ਤੱਕ ਪਹੁੰਚ ਗਈ। ਇਸ ਸੂਰਤ ਵਿਚ ਹੁਣ ਮੇਰੀ ਇਹ ਕਵਿਤਾ ਠਰ੍ਹੰਮੇ ਅਤੇ ਸਹਿਜ ਬੁੱਧੀ ਦੀ ਕਾਮਨਾ ਨਾਲ ਦੋਵਾਂ, ਗੁਆਂਢੀ ਬਣੇ ਜੌੜੇ ਭਰਾ, ਦੇਸਾਂ ਨੂੰ ਭੇਟ ਹੈ।)

        ਕਵਿਤਾ

ਬੂਹਾ ਬੰਦ ਨਾ ਰੱਖਿਆ ਕਰ!

ਅੱਜ ਵੀ ਬੂਹਾ ਬੰਦ ਹੈ ਤੇਰਾ
ਬੂਹਾ ਅਕਸਰ ਬੰਦ ਰਹਿੰਦਾ ਹੈ
ਬੂਹਾ ਬੰਦ ਨਾ ਰੱਖਿਆ ਕਰ!
ਬੰਦ ਬੂਹਾ ਵੀ ਕਾਹਦਾ ਬੂਹਾ
ਬੰਦ ਬੂਹਾ ਤਾਂ ਕੰਧ ਬਣ ਜਾਵੇ
ਖੁੱਲ੍ਹਾ ਬੂਹਾ ਸਾਂਝ ਬਣਾਵੇ
ਬੰਦ ਬੂਹਾ ਤਾਂ ਵੰਡੀਆਂ ਪਾਵੇ
ਬੂਹਾ ਬੰਦ ਨਾ ਰੱਖਿਆ ਕਰ!

ਬੰਦ ਬੂਹਾ ਤਾਂ ਕੰਧ ਬਰਾਬਰ
ਕੰਧੋਂ ਓਹਲੇ ਵਸਣ ਬਿਗਾਨੇ
ਏਧਰਲਿਆਂ ਲਈ ਓਧਰ ਸੱਖਣ
ਓਧਰਲਿਆਂ ਲਈ ਏਧਰ ਸੱਖਣ
ਕੰਧ ਤਾਂ ਇੱਟਾਂ, ਪੱਥਰ, ਗਾਰਾ
ਕੰਧ ਵਿੱਚੋਂ ਕੁਝ ਪਾਰ ਨਾ ਲੰਘੇ
ਨਾ ਖ਼ੁਸ਼ਬੋ ਤੇ ਨਾ ਲੋਅ, ਨਾ ਸੋਅ
ਕੰਧੋਂ ਪਾਰ ਅਣਹੋਂਦ ਪਸਰਦੀ
ਬੂਹੇ ਨੂੰ ਕਿਉਂ ਕੰਧ ਬਣਾਉਣਾ
ਬੂਹਾ ਬੰਦ ਨਾ ਰੱਖਿਆ ਕਰ!

ਖੁੱਲ੍ਹਾ ਬੂਹਾ ਸਾਂਝ ਬਣਾਵੇ
ਖੁੱਲ੍ਹਾ ਬੂਹਾ ਸਾਂਝ ਵਧਾਵੇ
ਖੁੱਲ੍ਹੇ ਬੂਹਿਉਂ ਲੋਅ ਆਉਂਦੀ ਹੈ
ਬੁੱਲੇ ਬਣ ਖ਼ੁਸ਼ਬੋ ਆਉਂਦੀ ਹੈ
ਪੌਣ ਜੋ ਤੈਨੂੰ ਛੋਹ ਆਉਂਦੀ ਹੈ
ਹੋਂਦ ਤੇਰੀ ਦੀ ਸੋਅ ਆਉਂਦੀ ਹੈ
ਖੁੱਲ੍ਹਾ ਬੂਹਾ ਆਸ ਜਗਾਵੇ
ਖੁੱਲ੍ਹੇ ਬੂਹੇ ਵਸਣ ਪਿਆਰੇ
ਖੁੱਲ੍ਹਾ ਬੂਹਾ ਮੇਲ ਕਰਾਵੇ
ਬੰਦ ਬੂਹਾ ਵੀ ਕਾਹਦਾ ਬੂਹਾ
ਬੰਦ ਬੂਹਾ ਤਾਂ ਕੰਧ ਬਣ ਜਾਵੇ
ਬੂਹਾ ਬੰਦ ਨਾ ਰੱਖਿਆ ਕਰ!

ਛੱਡ ਸੰਕੋਚਾਂ ਖੋਲ੍ਹ ਦੇ ਬੂਹਾ
ਹਯਾਤੀ ਕਾਹਤੋਂ ਬੂਹਾ ਭੇੜੇ
ਖੋਲ੍ਹ ਦੇ ਬੂਹਾ ਦਰ ਦਰਵਾਜ਼ੇ
ਖੋਲ੍ਹ ਦੇ ਭੇੜੇ ਦਿਲ ਦਰਵਾਜ਼ੇ
ਸਾਜਨ ਪ੍ਰੇਮ ਦੋਤਾਰਾ ਬਾਜੇ!”
ਲੋਅ ਆਵਣ ਦੇ ਬਣ ਕੇ ਰਿਸ਼ਮਾਂ
ਖ਼ੁਸ਼ਬੋ ਆਵੇ ਬਣ ਬਣ ਬੁੱਲੇ
ਪੌਣ ਆਉਣ ਦੇ ਛੋਹ ਦੀ ਭਿੱਜੀ
ਸੋਅ ਆਵਣ ਦੇ ਬਣ ਸੰਦੇਸ਼ਾ
ਬੂਹਾ ਬੰਦ ਨਾ ਰੱਖਿਆ ਕਰ!
ਬੰਦ ਬੂਹਾ ਵੀ ਕਾਹਦਾ ਬੂਹਾ
ਬੰਦ ਬੂਹਾ ਤਾਂ ਕੰਧ ਬਣ ਜਾਵੇ
ਬੂਹਾ ਬੰਦ ਨਾ ਰੱਖਿਆ ਕਰ!

           **

ਭਾਈ ਕਾਨ੍ਹ ਸਿੰਘ ਦੇ ‘ਮਹਾਨ ਕੋਸ਼’ ਦਾ ਦਿਲਚਸਪ ਇਤਿਹਾਸ


(ਲੰਮੇ ਸਮੇਂ ਤੱਕ ਕਾਪੀਰਾਈਟ-ਮਾਲਕ ਰਹੇ ਭਾਸ਼ਾ ਵਿਭਾਗ ਕੋਲ ਦੋ ਸਾਲ ਤੋਂ ਵੱਧ ਸਮੇਂ ਤੋਂ ਮੁੱਕੇ ਹੋਏ ਭਾਈ ਕਾਨ੍ਹ ਸਿੰਘ ਦੇ ‘ਮਹਾਨ ਕੋਸ਼’ ਦਾ ਨਵਾਂ ਸੰਸਕਰਣ ਛਾਪਣ ਲਈ ਪੈਸੇ ਨਹੀਂ। ਡਾਇਰੈਕਟਰ ਬੀਬੀ ਗੁਰਸ਼ਰਨ ਕੌਰ ਦਾ ਕਹਿਣਾ ਹੈ ਕਿ ਅਸੀਂ ਪ੍ਰੈੱਸ-ਕਾਪੀ ਤਿਆਰ ਕਰ ਰੱਖੀ ਹੈ, ਜਿਸ ਦਿਨ ਪੰਜਾਬ ਸਰਕਾਰ ਨੇ ਮਾਇਆ ਦਿੱਤੀ, ਅਸੀਂ ਕੋਸ਼ ਛਪਣਾ ਦੇ ਦੇਵਾਂਗੇ। ਇਸ ਪ੍ਰਸੰਗ ਵਿਚ ਇਹ ਲੇਖ ‘ਮਹਾਨ ਕੋਸ਼’ ਦੀ ਰਚਨਾ ਅਤੇ ਪਹਿਲੀ ਛਪਾਈ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਉੱਤੇ ਭਰਪੂਰ ਚਾਨਣ ਪਾਉਂਦਾ ਹੈ।)

ਭਾਈ ਕਾਨ੍ਹ ਸਿੰਘ ਦਾ ‘ਮਹਾਨ ਕੋਸ਼’ ਪੰਜਾਬੀ ਵਿਦਵਤਾ ਦੇ ਖੇਤਰ ਦੀ ਇਕ ਬੇਮਿਸਾਲ ਰਚਨਾ ਹੈ। ਸਿੱਖ ਧਰਮ ਲਈ ਇਸ ਦੀ ਖਾਸ ਅਹਿਮੀਅਤ ਹੈ ਕਿਉਂਕਿ ਇਹ ਟਕਸਾਲੀ ਸਿੱਖ ਗ੍ਰੰਥਾਂ ਵਿਚ ਸ਼ਾਮਲ ਸਾਧਾਰਨ ਪਾਠਕ ਦੀ ਸਮਝ ਤੋਂ ਬਾਹਰੇ ਸ਼ਬਦਾਂ ਦੇ ਵਿਆਖਿਆਈ ਅਰਥਾਂ ਦਾ ਭੰਡਾਰ ਹੈ। ਕੋਸ਼ਕਾਰ ਅਤੇ ਉਸ ਦੀ ਰਚਨਾ ਨਾਲ ਮੇਰਾ ਵਾਹ ਕੋਸ਼ ਨੂੰ ਸਮਝ ਸਕਣ ਦੀ ਉਮਰ ਤੋਂ ਬਹੁਤ ਪਹਿਲਾਂ ਦਾ ਹੈ। ਉਹਨਾਂ ਦੇ ਵਡੇਰੇ ਸਾਡੇ ਪਿੰਡ ਪਿੱਥੋ (ਜ਼ਿਲ੍ਹਾ ਬਠਿੰਡਾ) ਦੇ ਵਾਸੀ ਸਨ ਜੋ ਰਾਮਪੁਰਾ ਫੂਲ ਤੋਂ ਤਿੰਨ ਕੋਹ ਚੜ੍ਹਦੇ ਵੱਲ ਹੈ। ਦਾਦਿਉਂ-ਪੜਦਾਦਿਉਂ ਉਹਨਾਂ ਦੇ ਭਰਾਵਾਂ ਦੀਆਂ ਔਲਾਦਾਂ ਅੱਜ ਵੀ ਪਿੰਡ ਵਿਚ ਸਾਧਾਰਨ ਕਿਸਾਨੀ ਜੀਵਨ ਬਤੀਤ ਕਰ ਰਹੀਆਂ ਹਨ। ਸਾਡੇ ਘਰ ਵਿਚ ਉਹਨਾਂ ਦਾ ਨਾਂ ਬੜੇ ਆਦਰ ਨਾਲ ਲਿਆ ਜਾਂਦਾ ਸੀ ਅਤੇ ਉਹਨਾਂ ਦੀ ਵਿਦਵਤਾ ਤੋਂ ਪ੍ਰਭਾਵਿਤ ਸਾਡੇ ਬਜ਼ੁਰਗ ਉਹਨਾਂ ਨੂੰ ‘ਭਾਈ ਸਾਹਿਬ’ ਜਾਂ ‘ਭਾਈ ਸਾਹਿਬ ਭਾਈ ਕਾਨ੍ਹ ਸਿੰਘ’ ਆਖਦੇ ਸਨ। ਬਹੁਭਾਸ਼ਾਈ ਗਿਆਨ ਦੇ ਸੁਆਮੀ ਭਾਈ ਕਾਨ੍ਹ ਸਿੰਘ (1861-1938) ਨੇ ਕੋਈ ਡੇਢ ਦਰਜਨ ਪ੍ਰਕਾਸ਼ਿਤ-ਅਪ੍ਰਕਾਸ਼ਿਤ ਪੁਸਤਕਾਂ ਦੀ ਰਚਨਾ ਕੀਤੀ। ਭਾਵੇਂ ਉਹਨਾਂ ਦਾ ਮੁੱਖ ਖੇਤਰ ਸਿੱਖ ਧਰਮ ਅਤੇ ਗੁਰਬਾਣੀ ਰਿਹਾ, ਉਹਨਾਂ ਨੇ ਦੇਸ-ਪਰਦੇਸ ਦੀਆਂ ਯਾਤਰਾਵਾਂ ਦਾ ਹਾਲ ਵੀ ਲਿਖਿਆ ਅਤੇ ਪੰਜਾਬੀ ਅਤੇ ਹਿੰਦੀ ਵਿਚ ਕਵਿਤਾ ਵੀ ਰਚੀ। ਉਹਨਾਂ ਦੀ ਸਮੁੱਚੀ ਬਹੁਭਾਂਤੀ ਰਚਨਾ ਵਿੱਚੋਂ ‘ਗੁਰਸ਼ਬਦ ਰਤਨਾਕਰ ਮਹਾਨ ਕੋਸ’ ਨੂੰ, ਜਿਸਨੂੰ ਆਮ ਕਰਕੇ ‘ਮਹਾਨ ਕੋਸ਼’ ਕਿਹਾ ਜਾਂਦਾ ਹੈ, ਬਿਨਾਂ-ਸ਼ੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ। ਗੁਰਮੁਖੀ ਅੱਖਰਾਂ ਵਿਚਲੇ ਇਹਦੇ ਨਾਂ ਹੇਠ ਅੰਗਰੇਜ਼ੀ ਵਿਚ ‘ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ’ ਛਪਿਆ ਹੋਇਆ ਹੈ।

ਮੇਰੇ ਬਚਪਨ ਵਿਚ ਸਾਡੇ ਘਰ ਪੜ੍ਹਿਆ ਜਾਂਦਾ ‘ਮਹਾਨ ਕੋਸ਼’ ਚਾਰ ਵੱਡ-ਆਕਾਰੀ ਸੈਂਚੀਆਂ ਵਿਚ ਸੀ। ਇਹਨਾਂ ਸੈਂਚੀਆਂ ਦੇ ਕੁੱਲ ਪੰਨੇ 3,338 ਸਨ। ਹਰ ਸੈਂਚੀ ਇੰਨੀ ਭਾਰੀ ਹੁੰਦੀ ਸੀ ਕਿ ਉਹਨੂੰ ਆਮ ਪੁਸਤਕ ਵਾਂਗ ਹੱਥਾਂ ਵਿਚ ਚੁੱਕ ਕੇ ਪੜ੍ਹਨਾ ਅਸੰਭਵ ਸੀ। ਇਸ ਲਈ ਇਹਨੂੰ ਧਰਮ-ਪੋਥੀਆਂ ਵਾਂਗ ਰੇਹਲ ਉੱਤੇ ਰੱਖ ਕੇ ਪੜ੍ਹਿਆ ਜਾਂਦਾ ਸੀ। ਇਹਦਾ ਸਤਿਕਾਰ ਵੀ ਧਾਰਮਿਕ ਪੋਥੀਆਂ ਵਾਂਗ ਹੀ ਕੀਤਾ ਜਾਂਦਾ ਸੀ ਅਤੇ ਚਾਰੇ ਸੈਂਚੀਆਂ ਰੁਮਾਲਿਆਂ ਵਿਚ ਲਪੇਟ ਕੇ ਰੱਖੀਆਂ ਜਾਂਦੀਆਂ ਸਨ। ਆਮ ਕਰਕੇ ਇਹਨੂੰ ਅਰਥਾਂ ਦੀ ਅਸਪਸ਼ਟਤਾ ਜਾਂ ਦੁਬਿਧਾ ਵਾਲੇ ਕਿਸੇ ਸ਼ਬਦ ਦਾ ਸਹੀ ਭਾਵ ਸਮਝਣ ਲਈ ਵਰਤਿਆ ਜਾਂਦਾ। ਬਚਪਨ ਵਿਚ ਮੇਰੀ ਇਹ ਹੈਰਾਨੀ ਸੁਭਾਵਿਕ ਸੀ ਕਿ ਇਕ ਆਦਮੀ ਨੇ ਇਕੱਲਿਆਂ ਇੰਨੀ ਵੱਡੀ ਪੁਸਤਕ ਕਿਵੇਂ ਲਿਖ ਲਈ। ਪਰ ਅੱਜ ਵੀ ਇਸ ਦੇ ਆਕਾਰ-ਪ੍ਰਕਾਰ ਬਾਰੇ ਸੋਚਿਆਂ ਮੇਰੀ ਇਹ ਹੈਰਾਨੀ ਘਟੀ ਨਹੀਂ ਕਿ ਵਿਦਵਾਨਾਂ ਨੂੰ ਅਜਿਹੇ ਕਾਰਜ ਵਾਸਤੇ ਹੁਣ ਹਾਸਲ ਬੇਅੰਤ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਿਰਵੇ ਉਸ ਜ਼ਮਾਨੇ ਵਿਚ ਉਹਨਾਂ ਨੇ ਇਹ ਕ੍ਰਿਸ਼ਮਾ ਕਿਵੇਂ ਕਰ ਦਿਖਾਇਆ! ਲੋਕਧਾਰਾ ਦੇ ਬਹੁਜਿਲਦੀ ਕੋਸ਼ਕਾਰ ਵਣਜਾਰਾ ਬੇਦੀ ਦੀ ਦੂਜੀ ਮਿਸਾਲ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਾਲਣਾ ਦੀ ਕੋਈ ਤੀਜੀ ਮਿਸਾਲ ਨਹੀਂ ਮਿਲਦੀ।

ਮੇਰੇ ਬਾਪੂ ਜੀ ਦੱਸਦੇ ਸਨ, ਮੁੱਢਲੇ ਆਧਾਰੀ ਕਾਰਜ ਅਤੇ ਮਗਰੋਂ ਛਪਾਈ ਨੂੰ ਛੱਡ ਕੇ ਕੇਵਲ ਇਸਨੂੰ ਲਿਖਣ ਵਿਚ ਭਾਈ ਸਾਹਿਬ ਦੇ ਪੰਦਰਾਂ ਸਾਲ ਖਰਚ ਹੋਏ। ਉਹ ਇਹ ਵੀ ਦੱਸਦੇ ਕਿ ਇਸਨੂੰ ਛਾਪਣ ਦਾ ਖਰਚ ਇੰਨਾ ਹੋਣਾ ਸੀ ਕਿ ਖੁੱਲ੍ਹੇ ਵਸੀਲਿਆਂ ਦੇ ਬਾਵਜੂਦ ਉਹ ਭਾਈ ਸਾਹਿਬ ਦੇ ਵੱਸ ਵਿਚ ਨਹੀਂ ਸੀ ਜਿਸ ਕਰਕੇ ਇਹ ਜ਼ਿੰਮਾ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਨੇ ਲਿਆ। ਕੋਸ਼ ਬਾਰੇ ਇਹ ਅਤੇ ਅਜਿਹੀ ਹੋਰ ਜਾਣਕਾਰੀ ਉਹਨਾਂ ਨੂੰ ਖ਼ੁਦ ਭਾਈ ਸਾਹਿਬ ਤੋਂ ਮਿਲੀ ਸੀ। ਉਸ ਸਮੇਂ ਦੇ ਸਾਡੇ ਪਿੰਡ ਵਿਚ ਗੁਰਬਾਣੀ ਅਤੇ ਧਾਰਮਿਕ ਸਾਹਿਤ ਦੇ ਪਾਠੀ ਤਾਂ ਦੋ-ਚਾਰ ਹੋਰ ਵੀ ਸਨ ਪਰ ਇਸ ਦੇ ਨਾਲ ਹੀ ਸਾਹਿਤਕ ਪਾਠਕ ਬਣਨ ਵਾਲ਼ੇ ਇਕੱਲੇ ਬਾਪੂ ਜੀ ਹੀ ਸਨ। ਉਹ ਭਾਈ ਕਾਨ੍ਹ ਸਿੰਘ ਦੀਆਂ ਲਿਖਤਾਂ ਦੇ ਨਾਲ ਨਾਲ ਮੋਹਨ ਸਿੰਘ ਵੈਦ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਆਦਿ ਦੇ ਰਸੀਏ ਪਾਠਕ ਸਨ। ਇਸੇ ਕਰਕੇ ਜਦੋਂ ਕਦੀ ਭਾਈ ਸਾਹਿਬ ਪਿੰਡ ਆਉਂਦੇ, ਉਹਨਾਂ ਦੋਵਾਂ ਦੀ ਸਾਹਿਤਕ ਮੁਲਾਕਾਤ ਜ਼ਰੂਰ ਹੁੰਦੀ।

ਮਹਾਨ ਕੋਸ਼ ਵਿਚ 64,263ਸ਼ਬਦਾਂ ਦੇ ਅਰਥ ਅਤੇ ਉਹਨਾਂ ਦੀ ਵਿਆਖਿਆ ਦਰਜ ਹੈ। ਬਹੁਤੇ ਲੋਕਾਂ ਦਾ ਇਹ ਵਿਚਾਰ ਗ਼ਲਤ ਹੈ ਕਿ ਇਸ ਵਿਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ। ਅਸਲ ਵਿਚ ਇਹ ਇਸ ਤੋਂ ਬਹੁਤ ਵੱਧ ਕੁਝ ਹੈ। ਭਾਈ ਸਾਹਿਬ ਲਿਖਦੇ ਹਨ ਕਿ ਪੰਡਿਤ ਤਾਰਾ ਸਿੰਘ ਦਾ ‘ਗੁਰੂ ਗਿਰਾਰਥ ਕੋਸ਼’ ਅਤੇ ਭਾਈ ਹਜ਼ਾਰਾ ਸਿੰਘ ਦਾ ‘ਸ੍ਰੀ ਗੁਰੂ ਗ੍ਰੰਥ ਕੋਸ਼’ ਪੜ੍ਹ ਕੇ ਉਹਨਾਂ ਨੇ ਸੋਚਿਆ, ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਵਿਚ ਨਹੀਂ ਆਏ, ਉਹ ਵੀ ਲੈ ਕੇ ਇਕ ਉੱਤਮ ਕੋਸ਼ ਲਿਖਿਆ ਜਾਵੇ। ਪੰਜ ਸਾਲ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਪਾਠ ਦੇ ਸ਼ਬਦੀ ਹਵਾਲੇ ਲੈਂਦਿਆਂ ਲੱਗ ਗਏ। ਹਵਾਲਿਆਂ ਨੂੰ ਤਰਤੀਬ ਦੇਣ ਦੇ ਸੰਬੰਧ ਵਿਚ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਦੇਖਦਿਆਂ ਉਹਨਾਂ ਨੂੰ ਖਿਆਲ ਆਇਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ ਸਗੋਂ ਸਿੱਖ ਸਾਹਿਤ ਦਾ ਕੋਸ਼ ਹੋਵੇ। ਇਸ ਆਸ਼ੇ ਨਾਲ ਉਹਨਾਂ ਨੇ ਦਸਮ ਗ੍ਰੰਥ, ਭਾਈ ਗੁਰਦਾਸ ਦੀ ਬਾਣੀ, ਭਾਈ ਨੰਦ ਲਾਲ ਦੀ ਰਚਨਾ, ਭਾਈ ਮਨੀ ਸਿੰਘ ਦੀਆਂ ਸਾਖੀਆਂ, ਭਾਈ ਬਾਲੇ ਵਾਲੀ ਜਨਮਸਾਖੀ, ਰਹਿਤਨਾਮੇ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਆਦਿ ਗ੍ਰੰਥ ਘੋਖ ਕੇ ਹਵਾਲੇ ਇਕੱਠੇ ਕੀਤੇ। ਅਰਥ ਅਤੇ ਵਿਆਖਿਆ ਨੂੰ ਵੱਧ ਤੋਂ ਵੱਧ ਸੰਪੂਰਨਤਾ ਦੇਣ ਦੇ ਮਨੋਰਥ ਨਾਲ ਉਹਨਾਂ ਨੇ ਹਉਮੈ ਤੋਂ ਮੁਕਤ ਰਹਿੰਦਿਆਂ ਸ਼ਬਦਾਂ ਨਾਲ ਸੰਬੰਧਿਤ ਖੇਤਰਾਂ ਦੇ ਸਿਆਣਿਆਂ ਨਾਲ ਸੰਪਰਕ ਅਤੇ ਵਿਚਾਰ-ਵਟਾਂਦਰਾ ਕਰਨ ਵਿਚ ਕੋਈ ਝਿਜਕ ਨਹੀਂ ਸੀ ਦਿਖਾਈ। ਮੇਰਾ ਇਹ ਸੋਚਣਾ ਵੀ ਨਿਰਾਧਾਰ ਨਹੀਂ ਕਿ ਗੁਰਮਤ ਦੀ ਵਿਆਖਿਆ ਦਾ ਉਹਨਾਂ ਦਾ ਆਪਣਾ ਪਹਿਲਾਂ ਦਾ ਕਾਰਜ ਵੀ ਜ਼ਰੂਰ ਕੋਸ਼-ਰਚਨਾ ਦੇ ਵਿਚਾਰ ਦਾ ਬੀ ਅਤੇ ਆਧਾਰ ਬਣਿਆ ਹੋਵੇਗਾ। ਉਹਨਾਂ ਦੀਆਂ ਪਹਿਲਾਂ ਲਿਖੀਆਂ ਤਿੰਨ ਪੁਸਤਕਾਂ, ‘ਗੁਰਮਤ ਪ੍ਰਭਾਕਰ’ (1889), ‘ਗੁਰਮਤ ਸੁਧਾਕਰ’ (1899) ਅਤੇ ਉਸ ਸਮੇਂ ਕੁਝ ਕਾਰਨਾਂ ਕਰਕੇ ਅਣਛਪੀ ਰਹੀ ‘ਗੁਰ ਗਿਰਾ ਕਸੌਟੀ’, ਗੁਰਮਤ ਸਾਹਿਤ ਦੀ ਵਿਆਖਿਆ ਨਾਲ ਹੀ ਸੰਬੰਧਿਤ ਸਨ। ਸ਼ਬਦਾਂ ਨੂੰ ਤਰਤੀਬ ਦਿੰਦਿਆਂ ਉਹਨਾਂ ਨੇ ਅਜੋਕੇ ਸ਼ਬਦਕੋਸ਼ਾਂ ਵਾਂਗ ਅੱਖਰਮਾਲਾ ਨੂੰ ਅਤੇ ਅੱਗੋਂ ਹਰ ਅੱਖਰ ਦੇ ਸੰਬੰਧ ਵਿਚ ਲਗਾਂ-ਮਾਤਰਾਂ ਨੂੰ ਆਧਾਰ ਬਣਾਇਆ ਹੈ। ਭਾਈ ਸਾਹਿਬ ਦੀ ਲਿਖਤ ਦੀ ਇਕ ਦਿਲਚਸਪ ਗੱਲ ਵਾਕ ਦੇ ਅੰਤ ਉੱਤੇ ਆਮ ਪੰਜਾਬੀ ਲਿਖਾਈ ਵਾਲੀ ਡੰਡੀ ਦੀ ਥਾਂ ਅੰਗਰੇਜ਼ੀ ਵਾਂਗ ਫੁਲਸਟਾਪੀ ਬਿੰਦੀ ਪਾਉਣਾ ਹੈ। ਕੋਸ਼ ਵਿਚ ਅਤੇ ਉੱਥੇ ਦਿੱਤੇ ਗਏ ਸ਼ਮਸ਼ੇਰ ਸਿੰਘ ਅਸ਼ੋਕ ਦੇ ਨਾਂ ਉਹਨਾਂ ਦੀ ਹੱਥ-ਲਿਖਤ ਚਿੱਠੀ ਦੇ ਫ਼ੋਟੋ-ਉਤਾਰੇ ਵਿਚ ਡੰਡੀਆਂ ਦੀ ਥਾਂ ਫੁਲਸਟਾਪੀ ਬਿੰਦੀਆਂ ਹੀ ਹਨ।

ਜਦੋਂ ਸਾਹਿਤ ਦੀ ਕੁਝ ਸੋਝੀ ਆਈ ਤੋਂ ਮੈਂ ‘ਮਹਾਨ ਕੋਸ਼’ ਬਾਰੇ ਜਾਨਣਾ ਚਾਹਿਆ, ਜਿੰਨੀ ਹੈਰਾਨ ਕਰਨ ਵਾਲੀ ਇਸਨੂੰ ਲਿਖੇ ਜਾਣ ਵਿਚ ਲੱਗੀ ਮਿਹਨਤ ਦੀ ਵਾਰਤਾ ਸੀ, ਓਨੀ ਹੀ ਮੁਸ਼ਕਲਾਂ-ਭਰੀ ਇਹਦੇ ਛਪਣ ਦੀ ਕਹਾਣੀ ਸੀ। ਭਾਈ ਸਾਹਿਬ ਕਈ ਸਾਲ ਆਪਣਾ ਇਹ ਕੰਮ ਰਿਆਸਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਕਰਦੇ ਰਹੇ ਅਤੇ ਕਈ ਸਾਲ ਉਹਨਾਂ ਨੇ ਨਿਰੋਲ ਇਸੇ ਕੰਮ ਦੇ ਲੇਖੇ ਲਾਏ। ਉਹਨਾਂ ਦੇ ਆਪਣੇ ਦੱਸਣ ਅਨੁਸਾਰ ਕੁੱਲ ਮਿਲਾ ਕੇ ਇਸ ਕਾਰਜ ਦੇ ਲੇਖੇ ਉਹਨਾਂ ਦੇ 28 ਸਾਲ ਲੱਗ ਗਏ। 1911 ਵਿਚ ਉਹਨਾਂ ਦੇ ਕਦਰਦਾਨ ਨਾਭਾਪਤੀ ਮਹਾਰਾਜਾ ਹੀਰਾ ਸਿੰਘ ਗੁਜ਼ਰ ਗਏ। 1912 ਵਿਚ ਆਜ਼ਾਦ-ਖਿਆਲ ਟਿੱਕਾ ਰਿਪੁਦਮਨ ਸਿੰਘ ਨੇ ਇੰਗਲੈਂਡ ਤੋਂ ਆ ਕੇ ਗੱਦੀ ਸੰਭਾਲੀ ਤਾਂ ਉਹਨੇ ਰਿਆਸਤ ਦੇ ਪ੍ਰਬੰਧਕ ਢਾਂਚੇ ਅਤੇ ਨੀਤੀਆਂ ਵਿਚ ਕਈ ਤਬਦੀਲੀਆਂ ਕੀਤੀਆਂ। ਭਾਈ ਸਾਹਿਬ ਦੇ ਆਪਣੇ ਕਹਿਣ ਅਨੁਸਾਰ “ਕਈ ਕਾਰਨਾਂ ਕਰਕੇ” ਉਹ ਨਾਭੇ ਦੀ ਨੌਕਰੀ ਤੋਂ ਵੱਖ ਹੋ ਗਏ, ਭਾਵੇਂ ਕਿ ਉਹ ਬਾਲ ਰਿਪੁਦਮਨ ਸਿੰਘ ਦੇ ਸਿੱਖਿਆਦਾਤਾ ਰਹੇ ਸਨ। ਇਸ ਵਿਹਲ ਨੂੰ ਗ਼ਨੀਮਤ ਸਮਝਦਿਆਂ ਉਹ ਕਸ਼ਮੀਰ ਚਲੇ ਗਏ ਅਤੇ “20 ਮਈ 1912 ਨੂੰ ਅਰਦਾਸਾ ਸੋਧ ਕੇ” ਰਚਨਾ-ਕਾਰਜ ਆਰੰਭ ਕਰ ਦਿੱਤਾ। 1915 ਵਿਚ ਉਹਨਾਂ ਨੇ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੀ ਨੌਕਰੀ ਦੀ ਪੇਸ਼ਕਸ਼ ਪਰਵਾਨ ਤਾਂ ਕਰ ਲਈ ਪਰ 1917 ਵਿਚ ਬੁਲਾਵਾ ਆਉਣ ਸਦਕਾ ਫੇਰ ਨਾਭੇ ਚਲੇ ਗਏ। 1923 ਵਿਚ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹੇ ਜਾਣ ਮਗਰੋਂ ਉਹ ਰਿਆਸਤੀ ਨੌਕਰੀ ਤੋਂ ਵੱਖ ਹੋ ਕੇ ਇਕ ਵਾਰ ਫੇਰ ਨਿਰੋਲ ਕੋਸ਼-ਰਚਨਾ ਨੂੰ ਸਮਰਪਿਤ ਹੋ ਗਏ। ਕੋਸ਼ ਦੇ ਖਰੜੇ ਦਾ ਅੰਤਲਾ ਸ਼ਬਦ ਉਹਨਾਂ ਨੇ 6 ਫ਼ਰਵਰੀ 1926ਨੂੰ ਲਿਖਿਆ।

ਸਿੱਖ ਵਿਦਵਾਨਾਂ ਨੇ ਇਸ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕੋਸ਼ ਦੇ ਅੰਗਰੇਜ਼ੀ ਵਿਚ ਲਿਖੇ ਮੁੱਖਬੰਦ ਵਿਚਲੇ ਤੇਜਾ ਸਿੰਘ ਦੇ ਇਹ ਸ਼ਬਦ ਅਜਿਹੀ ਰਚਨਾ ਕਰਨ ਸੰਬੰਧੀ ਭਾਈ ਕਾਨ੍ਹ ਸਿੰਘ ਦੀ ਜੋਗਤਾ ਅਤੇ ਸਮਰੱਥਾ ਨੂੰ ਪ੍ਰਤੀਨਿਧ ਰੂਪ ਵਿਚ ਭਲੀਭਾਂਤ ਉਜਾਗਰ ਕਰਦੇ ਹਨ: “ਸਿੱਖ ਧਰਮ-ਗ੍ਰੰਥਾਂ ਅਤੇ ਇਤਿਹਾਸ ਬਾਰੇ ਉਹਨਾਂ ਦਾ ਗਿਆਨ ਅਤਿਅੰਤ ਡੂੰਘਾ ਅਤੇ ਲਾਸਾਨੀ ਹੈ। ਸਿੱਖ ਵਿੱਦਵਤਾ ਦੀ ਪੁਰਾਣੀ ਧਾਰਾ, ਜਿਸ ਵਿਚ ਗਿਆਨ ਦੀ ਗਹਿਰਾਈ ਅਤੇ ਵਿਸਤਾਰ ਦੀ ਵਡਿਆਈ ਉੱਤੇ ਜ਼ੋਰ ਵਧੇਰੇ ਦਿੱਤਾ ਜਾਂਦਾ ਸੀ, ਵਿਚ ਸਿੱਖਿਅਤ ਹੋਣ ਤੋਂ ਇਲਾਵਾ ਉਹਨਾਂ ਨੇ ਵਿਚਾਰਾਂ ਦੀ ਅਨੇਕਤਾ ਅਤੇ ਵਿਸ਼ਾਲਤਾ, ਜੋ ਪੱਛਮੀ ਵਿੱਦਵਤਾ ਦਾ ਵਿਸ਼ੇਸ਼ ਲੱਛਣ ਹਨ, ਵੀ ਧਾਰਨ ਕੀਤੀਆਂ ਹੋਈਆਂ ਹਨ।” ਓਰੀਐਂਟਲ ਕਾਲਜ ਲਾਹੌਰ ਦੇ ਪ੍ਰਿੰਸੀਪਲ, ਏ.ਸੀ. ਵੂਲਨਰ ਨੇ ਕੋਸ਼ ਨੂੰ ‘ਸਿੱਖ ਧਰਮ ਦਾ ਐਨਸਾਈਕਲੋਪੀਡੀਆ’ ਅਤੇ ‘ਸਿੱਖ ਸਾਹਿਤ ਦੀ ਡਿਕਸ਼ਨਰੀ’ ਕਿਹਾ। ਉਹਨੇ ਇਹ ਵੀ ਕਿਹਾ ਕਿ “ਭਾਵੇਂ ਇਹ ਇਸ ਦਾ ਮੁੱਖ ਉਦੇਸ਼ ਨਹੀਂ, ਤਾਂ ਵੀ ਇਹ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਇਕ ਸ਼ਬਦਕੋਸ਼ ਵਜੋਂ ਵੀ ਬਹੁਤ ਮੁੱਲਵਾਨ ਰਹੇਗਾ।”

ਭੂਮਿਕਾ’ ਵਿਚ ਲਿਖੀ ਭਾਈ ਸਾਹਿਬ ਦੀ ਇਹ ਗੱਲ ਅੱਜ ਦੇ ਲੇਖਕਾਂ ਵੱਲੋਂ ਪਾਠਕਾਂ ਦੀ ਘਾਟ, ਬੇਰੁਖ਼ੀ ਅਤੇ ਅਗਿਆਨਤਾ ਸੰਬੰਧੀ ਅਕਸਰ ਕੀਤੇ ਜਾਂਦੇ ਗਿਲੇ-ਸ਼ਿਕਵੇ ਨਾਲ ਹੂਬਹੂ ਮੇਲ ਖਾਂਦੀ ਹੈ: “ਇਸ ਗ੍ਰੰਥ ਦੇ ਪੂਰਨ ਕਰਨ ਅਤੇ ਪ੍ਰਕਾਸ਼ਣ ਵਿੱਚ ਜੋ ਨਿਰਾਸਤਾ, ਔਖ ਅਤੇ ਵਿਘਨ ਹੋਏ ਹਨ, ਉਨ੍ਹਾਂ ਦਾ ਇੱਥੇ ਵਿਸਤਾਰ ਨਾਲ ਲਿਖਣਾ ਲੇਖਕਾਂ ਦੇ ਉਤਸਾਹ ਘਟਾਉਣ ਦਾ ਕਾਰਨ ਹੈ, ਪਰ ਸੰਖੇਪ ਨਾਲ ਇਤਨਾ ਪ੍ਰਗਟ ਕਰ ਦੇਣਾ ਭੀ ਜਰੂਰੀ ਹੈ ਕਿ ਅਜੇ ਅਸਾਡੀ ਕੌਮ ਦੇ ਸੱਜਨਾਂ ਨੂੰ ਅਜਿਹੇ ਕੰਮਾਂ ਨਾਲ ਬਹੁਤ ਹੀ ਘੱਟ ਪਿਆਰ ਹੈ, ਅਰ ਕਿਤਨਿਆਂ ਨੂੰ ਇਹ ਪਤਾ ਭੀ ਨਹੀਂ ਕਿ ਇਸ ਪ੍ਰਕਾਰ ਦੇ ਗ੍ਰੰਥ ਕਿਵੇਂ ਲਿਖੇ ਜਾਂਦੇ ਹਨ ਅਰ ਇਨ੍ਹਾਂ ਤੋਂ ਕੀ ਲਾਭ ਹੁੰਦਾ ਹੈ.”

ਉਹਨਾਂ ਦੀ ਇਸ ਨਿਰਾਸ਼ਾ ਦਾ ਕਾਰਨ ਵੀ ਜਾਣ ਲਵੋ। ਮਹਾਰਾਜਾ ਫ਼ਰੀਦਕੋਟ, ਬਰਜਿੰਦਰ ਸਿੰਘ ਨੇ ਕੋਸ਼ ਛਪਵਾਉਣ ਦਾ ਵਚਨ ਦਿੱਤਾ ਹੋਇਆ ਸੀ ਪਰ ਬਦਕਿਸਮਤੀ ਨੂੰ ਉਹ ਗੁਜ਼ਰ ਚੁੱਕਿਆ ਸੀ। ਮਹਾਰਾਜਾ ਨਾਭਾ, ਰਿਪੁਦਮਨ ਸਿੰਘ, ਜਿਸਨੇ ਡੇਢ ਸਾਲ ਲਈ ਭਾਈ ਸਾਹਿਬ ਦੇ ਸਾਰੇ ਅਮਲੇ ਦਾ ਖਰਚ ਦਿੱਤਾ ਸੀ ਅਤੇ ਛਪਾਈ ਲਈ ਨਿੱਗਰ ਸਹਾਇਤਾ ਦਾ ਇਕਰਾਰ ਕੀਤਾ ਸੀ, ਨੂੰ ਗੱਦੀ ਛੱਡਣੀ ਪੈ ਗਈ ਸੀ। ਜਦੋਂ ਭਾਈ ਸਾਹਿਬ ਨੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਸ ਇਕਰਾਰ ਸੰਬੰਧੀ ਰਿਆਸਤ ਦੇ ਨਵੇਂ ਪ੍ਰਬੰਧਕ ਨਾਲ ਗੱਲ ਕੀਤੀ, ਉਹਨੇ ਖ਼ਜ਼ਾਨਾ ਖਾਲੀ ਦੱਸ ਕੇ ਕਿਸੇ ਮਦਦ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਸ਼ੁਭਚਿੰਤਕਾਂ ਨਾਲ ਵਿਚਾਰ-ਚਰਚਾ ਦੇ ਸਿੱਟੇ ਵਜੋਂ ਸਲਾਹ ਬਣੀ ਕਿ ਕੋਸ਼ ਦੀ ਸੱਤਰ ਰੁਪਏ ਅੰਦਾਜ਼ਨ ਕੀਮਤ ਦਾ ਅੱਧ ਪੇਸ਼ਗੀ ਲੈ ਕੇ ਪੰਜ ਸੌ ਗਾਹਕ ਬਣਾਏ ਜਾਣ ਅਤੇ ਛਪਾਈ ਸ਼ੁਰੂ ਕਰ ਦਿੱਤੀ ਜਾਵੇ। ਇਸ ਮਨੋਰਥ ਨਾਲ ਕੋਸ਼ ਦੇ ਨਮੂਨੇ ਦਾ ਇਕ ਪੱਤਰਾ ਛਪਵਾ ਕੇ ਇਕ ਹਜ਼ਾਰ ਸਿੱਖ ਵਿਦਵਾਨਾਂ ਅਤੇ ਮੋਹਰੀਆਂ ਨੂੰ ਪੇਸ਼ਗੀ ਗਾਹਕ ਬਨਣ ਦੀ ਬੇਨਤੀ ਨਾਲ ਭੇਜਿਆ ਗਿਆ। ਇਸ ਦੇ ਨਾਲ ਹੀ ਇਹ ਬੇਨਤੀ ਅਖ਼ਬਾਰਾਂ ਵਿਚ ਵੀ ਛਪਵਾਈ ਗਈ। ਇਹਨਾਂ ਠੋਸ ਜਤਨਾਂ ਦੇ ਬਾਵਜੂਦ ਨੌਂ ਮਹੀਨਿਆਂ ਵਿਚ ਕੁੱਲ ਦੋ ਸੌ ਗਾਹਕ ਹੀ ਬਣੇ। ਇਹਨਾਂ ਵਿੱਚੋਂ ਵੀ ਸੱਤਰ ਕੋਸ਼ਾਂ ਦੀ ਪੇਸ਼ਗੀ ਇਕੱਲੇ ਸਰਦਾਰ ਬਹਾਦਰ ਧਰਮ ਸਿੰਘ ਨੇ ਭੇਜੀ ਸੀ ਜੋ ਦਿੱਲੀ ਦਾ ਇਕ ਪ੍ਰਸਿੱਧ ਠੇਕੇਦਾਰ ਸੀ। ਇਉਂ ਸਿਰਫ਼ 131 ਬੰਦਿਆਂ ਨੇ ਪੇਸ਼ਗੀ ਗਾਹਕ ਬਨਣ ਦੀ ਕਿਰਪਾ ਕੀਤੀ!

ਗਾਹਕਾਂ ਦੇ ਪੱਖੋਂ ਨਿਰਾਸ ਹੋ ਕੇ ਭਾਈ ਸਾਹਿਬ ਨੇ ਆਖ਼ਰ ਸਿੱਖ ਰਾਜਿਆਂ ਨੂੰ ਹੀ ਫੇਰ ਇਕ ਬੇਨਤੀ-ਪੱਤਰ ਭੇਜਿਆ ਕਿ ਉਹ ਤਿੰਨ ਸੌ ਕੋਸ਼ ਪੇਸ਼ਗੀ ਖਰੀਦਣ। ਇਹ ਪੱਤਰ ਪੜ੍ਹ ਕੇ ਮਹਾਰਾਜਾ ਪਟਿਆਲਾ, ਭੂਪਿੰਦਰ ਸਿੰਘ ਮਦਦਗਾਰ ਬਣ ਕੇ ਨਿੱਤਰਿਆ। ਉਹਨੇ ਇਕ ਅਕਤੂਬਰ 1927 ਨੂੰ ਭਾਈ ਸਾਹਿਬ ਨੂੰ ਆਪਣੇ ਪਰਬਤੀ ਟਿਕਾਣੇ ਚਾਇਲ ਬੁਲਾਇਆ ਅਤੇ ਦੱਸਿਆ ਕਿ ਛਪਾਈ ਦਾ ਸਾਰਾ ਖ਼ਰਚ ਉਹ ਦੇਵੇਗਾ। ਉਹਨੇ ਇਹ ਵੀ ਕਿਹਾ ਕਿ ਲੋਕਾਂ ਦੀ ਪੇਸ਼ਗੀ ਮੋੜ ਦਿੱਤੀ ਜਾਵੇ। ਇਸ ਕਰਕੇ ਪੇਸ਼ਗੀ ਸਭ ਨੂੰ ਮੋੜ ਦਿੱਤੀ ਗਈ। ਇਕ ਵਿਚਾਰ ਇਹ ਵੀ ਹੈ ਕਿ ਮਹਾਰਾਜਾ ਭੂਪਿੰਦਰ ਸਿੰਘ ਦੇ ਸਖ਼ੀ-ਦਾਤੇ ਵਾਲ਼ੇ ਇਸ ਕਦਮ ਪਿੱਛੇ ਕੋਸ਼ ਦੇ ਪ੍ਰਕਾਸ਼ਨ ਦੇ ਪਰਤੱਖ ਉਦੇਸ਼ ਨਾਲੋਂ ਵਧੀਕ ਨਾਭਾ ਰਾਜ ਨੂੰ ਨੀਵਾਂ ਦਿਖਾਉਣ ਦਾ ਅਪਰਤੱਖ ਉਦੇਸ਼ ਕੰਮ ਕਰ ਰਿਹਾ ਸੀ ਕਿਉਂਕਿ ਦੋਵਾਂ ਸਿੱਖ ਰਿਆਸਤਾਂ ਦੀ ਤਿੱਖੀ ਸ਼ਰੀਕੇਬਾਜ਼ੀ ਜੱਗ-ਜ਼ਾਹਿਰ ਸੀ। ਖ਼ੈਰ, ਉਦੇਸ਼ ਕੁਝ ਵੀ ਹੋਵੇ, ਇਸ ਤੱਥ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਕੋਸ਼ ਮਹਾਰਾਜਾ ਪਟਿਆਲਾ, ਭੂਪਿੰਦਰ ਸਿੰਘ ਦੀ ਮਿਹਰਬਾਨੀ ਨਾਲ ਹੀ ਛਪਿਆ।

ਭਾਈ ਸਾਹਿਬ ਨੇ ਪੰਜਾਬੀ ਸਾਹਿਤ ਦੇ ਉਸ ਸਮੇਂ ਦੇ ਪ੍ਰਸਿੱਧ ਛਾਪਕ, ਸੁਦਰਸ਼ਨ ਪ੍ਰੈੱਸ ਅੰਮ੍ਰਿਤਸਰ ਦੇ ਮਾਲਕ, ਮੁਹਰੈਲ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਕੋਲ ਪੁੱਜ ਕੇ ਕੋਸ਼ ਲਈ ਨਵਾਂ ਵਧੀਆ ਟਾਈਪ ਢਾਲਣ ਦੀ ਬੇਨਤੀ ਕੀਤੀ। ਉਹਨਾਂ ਦੇ ਆਪਣੇ ਸ਼ਬਦਾਂ ਵਿਚ, ਚਾਤ੍ਰਿਕ ਜੀ ਨੇ “ਮੇਰੀ ਇੱਛਾ ਅਨੁਸਾਰ ਨਵੇਂ ਟਾਈਪ ਤਿਆਰ ਕਰ ਕੇ ‘ਮਹਾਨ ਕੋਸ਼’ ਨੂੰ ਵਪਾਰੀਆਂ ਵਾਕਰ ਨਹੀਂ ਬਲਕਿ ਪ੍ਰੇਮੀ ਗੁਣੀਆਂ ਦੀ ਤਰ੍ਹਾਂ ਵੱਡੀ ਮਿਹਨਤ ਨਾਲ ਉੱਤਮ ਛਾਪਿਆ ਹੈ.” ਹਿੰਦੀ-ਸੰਸਕ੍ਰਿਤ, ਫ਼ਾਰਸੀ-ਅਰਬੀ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿਚ ਛਾਪਣ ਦੇ ਨਾਲ ਨਾਲ ਉਹਨਾਂ ਦੀਆਂ ਮੂਲ ਭਾਸ਼ਾਵਾਂ ਅਤੇ ਲਿਪੀਆਂ ਵਿਚ ਵੀ ਛਾਪਿਆ ਗਿਆ। ਛਾਪੇ ਦੇ ਉਸ ਜ਼ਮਾਨੇ ਦੇ ਪੱਧਰ ਦੇ ਸਹਾਰੇ ਇਹ ਕੰਮ ਚਾਤ੍ਰਿਕ ਜੀ ਲਈ ਕਿੰਨਾ ਔਖਾ ਸਗੋਂ ਮੁਸੀਬਤੀ ਰਿਹਾ ਹੋਵੇਗਾ, ਇਹ ਛਪਾਈ ਦੇ ਇਤਿਹਾਸ ਦਾ ਜਾਣਕਾਰ ਵਿਅਕਤੀ ਹੀ ਜਾਣ-ਸਮਝ ਸਕਦਾ ਹੈ। ਛਪਾਈ 26 ਅਕਤੂਬਰ 1927 ਨੂੰ ਆਰੰਭ ਹੋ ਕੇ ਲਗਭਗ ਢਾਈ ਸਾਲਾਂ ਮਗਰੋਂ ਵਿਸਾਖੀ ਵਾਲੇ ਦਿਨ 13 ਅਪਰੈਲ 1930 ਨੂੰ ਸਮਾਪਤ ਹੋਈ। ਕੁਝ ਖਰਚੇ ਅੰਦਾਜ਼ਿਉਂ ਵੱਧ ਨਿੱਕਲਣ ਕਾਰਨ ਲਾਗਤ ਆਸ ਤੋਂ ਵਧੀਕ, 51,000 ਰੁਪਏ ਹੋ ਗਈ। ਇਹਦੇ ਨਾਲ ਹੀ ਸੋਚ ਸੋਚ ਕੇ ਇਹ ਫ਼ੈਸਲਾ ਵੀ ਕਰਨਾ ਪਿਆ ਕਿ ਛਾਪ ਕੇ ਢੇਰ ਲਾ ਰੱਖਣ ਦੀ ਥਾਂ ਛਪਣ-ਗਿਣਤੀ ਇਕ ਹਜ਼ਾਰ ਤੋਂ ਘਟਾ ਕੇ ਪੰਜ ਸੌ ਹੀ ਰੱਖੀ ਜਾਵੇ। ਇਸੇ ਹਿਸਾਬ ਪਟਿਆਲਾ ਦਰਬਾਰ ਨੇ ਕੋਸ਼ ਦਾ ਮੁੱਲ, ਕਿਸੇ ਨਫ਼ੇ ਤੋਂ ਬਿਨਾਂ, ਭਿਜਵਾਈ ਦਾ ਥੋੜ੍ਹਾ ਜਿਹਾ ਖਰਚ ਪਾ ਕੇ, 110 ਰੁਪਏ ਰੱਖਿਆ। ਭਾਈ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਇਸ ਲੇਖੇ ਵਿਚ ਲੇਖਕ ਦੀ ਮਿਹਨਤ ਸ਼ਾਮਲ ਨਹੀਂ।

ਅਗਸਤ 1948 ਵਿਚ ਪੰਜਾਬ ਦੀਆਂ ਰਿਆਸਤਾਂ ਖ਼ਤਮ ਕਰ ਕੇ ਉਹਨਾਂ ਦੇ ਮਿਲਵੇਂ ਇਲਾਕੇ ਦਾ ਨਵਾਂ ਰਾਜ, ਪੈਪਸੂ ਸਿਰਜਿਆ ਗਿਆ ਜਿਸ ਨੇ ‘ਮਹਿਕਮਾ ਪੰਜਾਬੀ’ ਕਾਇਮ ਕੀਤਾ। ਇਕ ਹਜ਼ਾਰ ਦੀ ਥਾਂ ਪੰਜ ਸੌ ਕੋਸ਼ ਛਾਪਣ ਦਾ 1930 ਵਾਲ਼ਾ ਫ਼ੈਸਲਾ ਸਹੀ ਸਿੱਧ ਹੋਇਆ ਸੀ। ਅਠਾਰਾਂ ਸਾਲਾਂ ਮਗਰੋਂ ਵੀ ਇਕ ਸੌ ਦੇ ਕਰੀਬ ਕੋਸ਼ ਬਚੇ ਪਏ ਸਨ। ਇਹ ਕੋਸ਼ ਪਟਿਆਲਾ ਦਰਬਾਰ ਨੇ ਪੈਪਸੂ ਦੇ ‘ਮਹਿਕਮਾ ਪੰਜਾਬੀ’ ਨੂੰ ਸੌਂਪ ਦਿੱਤੇ ਜੋ ਤੁਰਤ ਵਿਕ ਗਏ। ਅੱਗੇ ਚੱਲ ਕੇ ‘ਮਹਿਕਮਾ ਪੰਜਾਬੀ’ ਤੋਂ ਬਣੇ ‘ਭਾਸ਼ਾ ਵਿਭਾਗ, ਪੰਜਾਬ’ ਦੇ ਡਾਇਰੈਕਟਰ, ਗਿਆਨੀ ਲਾਲ ਸਿੰਘ ਦੀ ਅਗਵਾਈ ਵਿਚ ਇਸਦਾ ਨਵਾਂ ਸੰਸਕਰਣ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਉਂਤ ਦੀ ਸੂਚਨਾ ਅਖ਼ਬਾਰਾਂ ਵਿਚ ਛਪਵਾ ਕੇ ਸਲਾਹਾਂ ਮੰਗੀਆਂ ਗਈਆਂ ਅਤੇ ਅੰਤ ਨੂੰ ਵਿਦਵਾਨਾਂ ਦੀ ਇਕ ਬੈਠਕ ਬੁਲਾਈ ਗਈ। ਕੁਝ ਵਿਦਵਾਨਾਂ ਨੇ ਕੋਸ਼ ਦੀ ਸੋਧ-ਸੁਧਾਈ ਦਾ ਸੁਝਾਅ ਦਿੱਤਾ ਜੋ ਖ਼ੁਸ਼ਕਿਸਮਤੀ ਨੂੰ ਇਸ ਸਹੀ ਦਲੀਲ ਨਾਲ ਰੱਦ ਹੋ ਗਿਆ ਕਿ ਰਚਨਾ ਲੇਖਕ ਵਾਲੇ ਰੂਪ ਵਿਚ ਹੀ ਰੱਖੀ ਜਾਣੀ ਚਾਹੀਦੀ ਹੈ, ਨਹੀਂ ਤਾਂ ਸੋਧਾਂ ਦਾ ਕੋਈ ਅੰਤ ਹੀ ਨਹੀਂ ਹੋਵੇਗਾ! ਹਾਂ, ਜੋ ਵਾਧੇ 1930-1938 ਦੇ ਸਮੇਂ ਵਿਚ ਭਾਈ ਸਾਹਿਬ ਨੇ ਆਪ ਕੀਤੇ ਸਨ, ਉਹਨਾਂ ਵਾਧਿਆਂ ਵਾਲੀਆਂ ਸੈਂਚੀਆਂ ਉਹਨਾਂ ਦੇ ਸਪੁੱਤਰ, ਭਗਵੰਤ ਸਿੰਘ ਹਰੀ ਜੀ ਤੋਂ ਲੈ ਕੇ ਉਹ ਵਾਧੇ ਅੰਤਕੇ ਦੇ ਰੂਪ ਵਿਚ ਜੋੜ ਦਿੱਤੇ ਜਾਣੇ ਚਾਹੀਦੇ ਹਨ। ਹਰੀ ਜੀ ਨੇ ਨਾ ਕੇਵਲ ਵਾਧਿਆਂ ਵਾਲੀਆਂ ਸੈਂਚੀਆਂ ਹੀ ਖ਼ੁਸ਼ੀ ਖ਼ੁਸ਼ੀ ਦੇ ਦਿੱਤੀਆਂ ਸਗੋਂ ਇਸ ਸੰਸਕਰਣ ਲਈ ਆਗਿਆ ਵੀ ਦਿੱਤੀ ਅਤੇ ਛਪਾਈ ਦੀ ਨਿਗਰਾਨੀ ਵਿਚ ਵੀ ਪੂਰੀ ਮਦਦ ਕੀਤੀ। ਸਿੱਟੇ ਵਜੋਂ 1960 ਵਿਚ ਪ੍ਰਕਾਸ਼ਿਤ ਹੋਏ ਇਸ ਸੰਸਕਰਣ ਵਿਚ ਇਹਨਾਂ ਵਾਧਿਆਂ ਦੇ 99 ਪੰਨੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਨਵੇਂ ਵਾਧੇ’ ਸਿਰਲੇਖ ਹੇਠ ਅੰਤ ਵਿਚ ਜੋੜ ਦਿੱਤੇ ਗਏ।

ਇਸ ਸੰਸਕਰਣ ਦਾ ਆਕਾਰ ਪਹਿਲੇ, 1930 ਦੇ ਪਟਿਆਲਾ ਦਰਬਾਰੀ ਸੰਸਕਰਣ ਵਾਲਾ, ਭਾਵ ਪੌਣੇ ਤੇਰਾਂ ਇੰਚ ਅਤੇ ਸਾਢੇ ਨੌਂ ਇੰਚ ਹੀ ਰੱਖਿਆ ਗਿਆ। ਦੋ ਹਜ਼ਾਰ ਦੀ ਗਿਣਤੀ ਵਿਚ ਛਾਪੇ ਗਏ ਕੋਸ਼ ਦਾ ਮੁੱਲ ਕੇਵਲ 42 ਰੁਪਏ ਸੀ। ਇਸ ਸੰਸਕਰਣ ਦੀ ਛਪਾਈ ਲਈ ਚਾਰ ਸੈਂਚੀਆਂ ਵਾਲੇ ਮੂਲ ਸੰਸਕਰਣ ਦੇ ਦੋ ਪੰਨੇ ਪਹਿਲੇ ਕਾਲਮ ਵਿਚ ਅਤੇ ਦੋ ਪੰਨੇ ਦੂਜੇ ਕਾਲਮ ਵਿਚ ਹੇਠ-ਉੱਤੇ ਚੇਪ ਕੇ ਇਕ ਪੰਨਾ ਬਣਾਇਆ ਗਿਆ। ਚਾਰ ਪੰਨੇ ਚੇਪ ਕੇ ਬਣਾਏ ਗਏ ਵੱਡੇ ਆਕਾਰ ਦੇ ਇਸ ਦੋ-ਕਾਲਮੀ ਪੰਨੇ ਨੂੰ ਇਕ ਮੂਲ ਪੰਨੇ ਦੇ ਆਕਾਰ ਤੱਕ ਘਟਾਉਣਾ ਆਮ ਛਾਪਾਖਾਨਿਆਂ ਦੇ ਵੱਸ ਦੀ ਗੱਲ ਨਹੀਂ ਸੀ। ਇਸ ਕੰਮ ਵਾਸਤੇ ਗਵਰਨਮੈਂਟ ਸਰਵੇ ਆਫ਼ ਇੰਡੀਆ ਪ੍ਰੈੱਸ, ਡੇਹਰਾਦੂਨ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ। ਪ੍ਰੈੱਸ ਨੇ ਲਗਭਗ ਇਕ ਹਜ਼ਾਰ ਵਡ-ਆਕਾਰੀ ਪੰਨਿਆਂ ਨੂੰ ਫ਼ੋਟੋ-ਵਿਧੀ ਰਾਹੀਂ ਲੋੜੀਂਦੇ ਛੋਟੇ ਆਕਾਰ ਵਿਚ ਲਿਆਉਣ ਮਗਰੋਂ ਤੇਰ੍ਹਾਂ ਮਹੀਨਿਆਂ ਦੇ ਸਮੇਂ ਵਿਚ ਪੂਰਾ ਕੋਸ਼ ਛਾਪ ਦਿੱਤਾ। ਸਬੱਬ ਨਾਲ ਧਨੀ ਰਾਮ ਚਾਤ੍ਰਿਕ ਵਾਲ਼ੇ ਪਹਿਲੇ ਸੰਸਕਰਣ ਦੇ ਅੱਖਰ ਉਸ ਸਮੇਂ ਦੇ ਛਾਪੇ ਅਨੁਸਾਰ ਕਾਫ਼ੀ ਵੱਡੇ ਸਨ। ਇਸ ਕਾਰਨ ਆਕਾਰ ਮੂਲ ਨਾਲੋਂ ਚੌਥਾ ਹਿੱਸਾ ਕਰ ਕੇ ਛਾਪੇ ਗਏ ਇਸ ਭਾਸ਼ਾ ਵਿਭਾਗੀ ਸੰਸਕਰਣ ਦੇ ਅੱਖਰ ਅਜੋਕੇ ਸਾਧਾਰਨ ਪੁਸਤਕੀ ਅੱਖਰਾਂ ਤੋਂ ਕੁਝ ਛੋਟੇ ਤਾਂ ਹੋਏ ਪਰ ਇੰਨੇ ਛੋਟੇ ਨਹੀਂ ਕਿ ਪੜ੍ਹਨ ਵਿਚ ਔਖ ਹੋਵੇ। ਚਾਰ ਜਿਲਦਾਂ ਦੀ ਥਾਂ ਇਕ ਜਿਲਦ ਵਿਚ ਆ ਜਾਣ ਨਾਲ ਕੋਸ਼ ਯਕੀਨਨ ਹੀ ਵਧੇਰੇ ਵਰਤੋਂਜੋਗ ਹੋ ਗਿਆ, ਭਾਵੇਂ ਕਿ ਇਸਦਾ ਭਾਰ ਅਜੇ ਵੀ ਪੰਜ ਕਿਲੋ ਸੱਤ ਸੌ ਗਰਾਮ ਸੀ!

ਇਕ ਤੱਥ ਅਸਲੋਂ ਹੀ ਹੈਰਾਨ ਕਰਨ ਵਾਲਾ ਹੈ ਅਤੇ ਪਾਠਕਾਂ ਦੀ ਘਾਟ ਦੇ ਸ਼ਿਕਾਇਤੀ ਸਮਕਾਲੀ ਲੇਖਕਾਂ ਦੀਆਂ ਅੱਖਾਂ ਖੋਲ੍ਹਣ ਵਾਲਾ ਵੀ ਹੈ। ਸੋਚਦਾ ਹਾਂ, ਜੇ ਅੱਜ ਭਾਈ ਕਾਨ੍ਹ ਸਿੰਘ ਹੁੰਦੇ, ਇਹ ਜਾਣ ਕੇ ਕਿੰਨੇ ਗਦਗਦ ਹੁੰਦੇ! ਉਹਨਾਂ ਦੇ 1938 ਵਿਚ ਹੋਏ ਚਲਾਣੇ ਤੋਂ ਪੰਜਾਹ ਸਾਲ ਮਗਰੋਂ 1988 ਵਿਚ ਮਹਾਨ ਕੋਸ਼ ਦੇ ਕਾਪੀਰਾਈਟ ਦੀ ਸਮਾਂ-ਸੀਮਾ ਸਮਾਪਤ ਹੋਣ ਵਾਲ਼ੀ ਸੀ। ਭਾਪਾ ਪ੍ਰੀਤਮ ਸਿੰਘ ਨਵਯੁਗ ਆਯੂ ਸਦਕਾ ਉਸ ਸਮੇਂ ਤੱਕ ਪ੍ਰਕਾਸ਼ਨ ਦਾ ਕੰਮ ਲਗਭਗ ਸਮੇਟ ਹੀ ਰਹੇ ਸਨ। ਉਹਨਾਂ ਨੇ ਨੈਸ਼ਨਲ ਬੁੱਕ ਸ਼ਾਪ, ਦਿੱਲੀ ਦੇ ਮਾਲਕ ਰਾਜਿੰਦਰ ਸਿੰਘ ਨੂੰ ਬੁਲਾ ਕੇ ਇਹਦੇ ਪ੍ਰਕਾਸ਼ਨ ਲਈ ਪ੍ਰੇਰਿਆ। ਵਿਕਣ ਦੀ ਬੇਯਕੀਨੀ ਕਾਰਨ ਉਸਨੂੰ ਇੰਨੀ ਪੂੰਜੀ ਲਾਉਣ ਤੋਂ ਝਿਜਕ ਸੀ ਜਿਸ ਕਾਰਨ ਉਹ ਦੁਚਿੱਤੀ ਵਿਚ ਪੈ ਗਿਆ। ਉਹਨੀਂ ਦਿਨੀਂ ਹੀ ਉਹਨੂੰ ਕਾਰੋਬਾਰ ਦੇ ਸਿਲਸਿਲੇ ਵਿਚ ਪੰਜਾਬ ਜਾਣਾ ਪਿਆ। ਲੁਧਿਆਣੇ ਉਹਨੇ ਲਾਹੌਰ ਬੁੱਕ ਸ਼ਾਪ ਦੇ ਮਾਲਕ ਜੀਵਨ ਸਿੰਘ ਨਾਲ ਕਾਰੋਬਾਰੀ ਗੱਲਾਂ ਕਰਦਿਆਂ ਇਹ ਸੁਝਾਅ ਵੀ ਦੇ ਦਿੱਤਾ ਕਿ ਭਾਈ ਕਾਨ੍ਹ ਸਿੰਘ ਦੇ ‘ਮਹਾਨ ਕੋਸ਼’ ਦੇ ਕਾਪੀਰਾਈਟ ਦਾ ਸਮਾਂ ਖ਼ਤਮ ਹੋ ਗਿਆ ਹੈ ਤੇ ਉਹ ਇਸ ਨੂੰ ਪ੍ਰਕਾਸ਼ਿਤ ਕਰਨ। ਜੀਵਨ ਸਿੰਘ ਨੇ ਹੱਥ ਖੜ੍ਹੇ ਕਰ ਦਿੱਤੇ, “ਇਸ ਕੰਮ ਵਾਸਤੇ ਦੋ ਲੱਖ, ਪੌਣੇ ਦੋ ਲੱਖ ਰੁਪਏ ਲੋੜੀਂਦੇ ਨੇ, ਇੰਨੇ ਪੈਸੇ ਕੌਣ ਲਾਵੇ ਜਦੋਂ ਕਿ ਵਿਕਰੀ ਦਾ ਵੀ ਕੋਈ ਭਰੋਸਾ ਨਾ ਹੋਵੇ!” ਅਗਲੇ ਦਿਨ ਉਹ ਕਾਰੋਬਾਰੀ ਸਿਲਸਿਲੇ ਵਿਚ ਹੀ ਨਿਊ ਬੁੱਕ ਕੰਪਨੀ, ਜਲੰਧਰ ਦੇ ਮਾਲਕ ਮਹਿਤਾਬ ਸਿੰਘ, ਜੋ ਜੀਵਨ ਸਿੰਘ ਦਾ ਹੀ ਛੋਟਾ ਭਰਾ ਸੀ, ਨੂੰ ਮਿਲਿਆ ਤਾਂ ਉਸ ਨੂੰ ਵੀ ਉਹਨੇ ਇਹੋ ਸਲਾਹ ਦਿੱਤੀ। ਉਹਦਾ ਜਵਾਬ ਵੀ ਹੂਬਹੂ ਜੀਵਨ ਸਿੰਘ ਵਾਲ਼ਾ ਹੀ ਸੀ।

ਵਾਪਸ ਦਿੱਲੀ ਆ ਕੇ ਉਹਨੇ ਭਾਪਾ ਜੀ ਨਾਲ ਆਪਣੀ ਦੁਬਿਧਾ ਬਾਰੇ ਅਤੇ ਜੀਵਨ ਸਿੰਘ ਤੇ ਮਹਿਤਾਬ ਸਿੰਘ ਵਲੋਂ ਕੀਤੀ ਗਈ ਇਸ ਦੁਬਿਧਾ ਦੀ ਪੁਸ਼ਟੀ ਬਾਰੇ ਗੱਲ ਕੀਤੀ। ਪਰ ਪੁਸਤਕ-ਮੰਡੀ ਦੇ ਮਾਹਿਰ ਭਾਪਾ ਜੀ ਨੂੰ ਆਪਣੇ ਸੁਝਾਅ ਦੇ ਸਹੀ ਹੋਣ ਦਾ ਪੂਰਾ ਵਿਸ਼ਵਾਸ ਸੀ। ਉਹ ਬੋਲੇ, “ਮੇਰੇ ਉੱਤੇ ਭਰੋਸਾ ਰੱਖ, ਇਸ ਕੰਮ ਨਾਲ ਤੈਨੂੰ ਨੁਕਸਾਨ ਤਾਂ ਕੀ ਹੋਣਾ ਹੈ, ਤੇਰੀ ਉਮਰ ਭਰ ਦੀ ਆਮਦਨ ਬੱਝ ਜਾਣੀ ਹੈ।” ਰਾਜਿੰਦਰ ਸਿੰਘ ਨੇ ਉਹਨਾਂ ਦੀ ਗੱਲ ਦਾ ਵਿਸ਼ਵਾਸ ਕਰ ਕੇ ਦੋ ਸਾਲਾਂ ਦੀ ਮਿਹਨਤ ਨਾਲ 1990 ਵਿਚ 1,100 ਦੀ ਗਿਣਤੀ ਦਾ ਪਹਿਲਾ ਸੰਸਕਰਣ 160 ਰੁਪਏ ਮੁੱਲ ਰੱਖ ਕੇ ਪ੍ਰਕਾਸ਼ਿਤ ਕਰ ਦਿੱਤਾ ਜਿਸਨੂੰ ਭਾਪਾ ਜੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਕਰਤਾਰ ਸਿੰਘ ਦੁੱਗਲ ਨੇ ਜਾਰੀ ਕੀਤਾ। ਇਹ ਸੰਸਕਰਣ ਕੁਝ ਮਹੀਨਿਆਂ ਵਿਚ ਹੀ ਪੂਰਾ ਵਿਕ ਗਿਆ। ਉਸ ਪਿੱਛੋਂ ਨੈਸ਼ਨਲ ਬੁੱਕ ਸ਼ਾਪ ਵਾਲ਼ੇ ਨਾਗਾ ਪਾਏ ਬਿਨਾਂ ਔਸਤਨ ਹਰ ਸਵਾ ਸਾਲ ਮਗਰੋਂ 1,100 ਦਾ ਸੰਸਕਰਣ ਛਾਪ ਰਹੇ ਹਨ ਅਤੇ 25 ਸਾਲਾਂ ਵਿਚ 19 ਸੰਸਕਰਣ ਛਾਪ ਚੁੱਕੇ ਹਨ। ਸੱਜਰੇ, 2015 ਵਿਚ ਛਪੇ ਸੰਸਕਰਣ ਦਾ ਮੁੱਲ 550 ਰੁਪਏ ਹੈ।

ਇਹਦੇ ਮੁਕਾਬਲੇ 1960 ਵਾਲ਼ੇ ਪਹਿਲੇ ਸੰਸਕਰਣ ਤੋਂ ਮਗਰੋਂ ਦੇ 56 ਸਾਲਾਂ ਵਿਚ ਭਾਸ਼ਾ ਵਿਭਾਗ ਸਿਰਫ਼ ਛੇ ਹੋਰ ਸੰਸਕਰਣ ਛਾਪ ਸਕਿਆ ਹੈ। ਉਹਨਾਂ ਸੰਸਕਰਣਾਂ ਦੀ ਗਿਣਤੀ ਵੀ ਸ਼ਾਇਦ ਇਸ 1,100 ਦੀ ਥਾਂ 500 ਹੀ ਹੁੰਦੀ ਹੋਵੇ। ਇੱਧਰ ਨਵਾਂ ਸੰਸਕਰਣ ਛਾਪਣ ਲਈ ਭਾਸ਼ਾ ਵਿਭਾਗ ਦਾ ਖ਼ਜ਼ਾਨਾ ਮਸਤਾਨਾ ਹੋਇਆ ਪਿਆ ਹੈ, ਉੱਧਰ ਨੈਸ਼ਨਲ ਬੁੱਕ ਸ਼ਾਪ, ਦਿੱਲੀ ਵਾਲ਼ੇ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਪਾ ਜੀ ਮੈਨੂੰ ਪਰੇਰ ਕੇ ਮਹਾਨ ਕੋਸ਼ ਛਾਪਣਾ ਹੀ ਸ਼ੁਰੂ ਨਹੀਂ ਕਰਵਾ ਗਏ ਸਗੋਂ ਇਉਂ ਮੇਰੀ ਪੱਕੀ ਪੈਨਸ਼ਨ ਲੁਆ ਗਏ ਹਨ। ਉਹਦਾ ਇਹ ਕਹਿਣਾ ਠੀਕ ਹੀ ਹੈ ਕਿਉਂਕਿ ਮੇਰਾ ਖਿਆਲ ਨਹੀਂ, ਪੰਜਾਬੀ ਦੀ ਕੋਈ ਸਾਹਿਤਕ ਪੁਸਤਕ ਵੀ ਔਸਤਨ ਹਰ ਮਹੀਨੇ ਸੱਤਰ ਦੀ ਗਿਣਤੀ ਵਿਚ ਇੰਨੇ ਸਾਲਾਂ ਤੋਂ ਇੰਨੀ ਲਗਾਤਾਰਤਾ ਨਾਲ ਵਿਕ ਰਹੀ ਹੋਵੇ। ਇਕ ਹੋਰ ਪ੍ਰਕਾਸ਼ਕ ਨੇ ਵੀ ਕਈ ਸਾਲ ਪਹਿਲਾਂ ਇਹਨੂੰ ਦੋ ਜਿਲਦਾਂ ਵਿਚ ਛਾਪਿਆ ਸੀ ਪਰ ਸ਼ਾਇਦ ਮੁੱਲ ਬਹੁਤਾ, 1,100 ਰੱਖਿਆ ਹੋਣ ਕਰਕੇ, ਦੱਸਦੇ ਹਨ, ਉਹਦੀ ਵਿੱਕਰੀ ਢਿੱਲੀ-ਮੱਠੀ ਹੀ ਰਹੀ ਸੀ।

ਅੰਤ ਵਿਚ ਮਹਾਨ ਕੋਸ਼ ਬਾਰੇ ਇਕ ਸੱਚਾ ਟੋਟਕਾ ਜੋ ਪੁਸਤਕ-ਪ੍ਰਕਾਸ਼ਨ ਦੇ ਮਿਆਰ ਵੱਲ ਸਰਕਾਰੀ ਸੰਸਥਾਵਾਂ, ਖਾਸ ਕਰਕੇ ਭਾਸ਼ਾ ਵਿਭਾਗ ਦੀ ਅਤੇ ਨਿੱਜੀ ਪ੍ਰਕਾਸ਼ਕਾਂ ਦੀ ਪਹੁੰਚ ਵਿਚਲੇ ਫ਼ਰਕ ਨੂੰ ਉਜਾਗਰ ਕਰਦਾ ਹੈ।. ਪੰਜਾਬੋਂ ਆਏ ਭਾਸ਼ਾ ਵਿਭਾਗ ਦੇ ਇਕ ਸੇਵਾ-ਮੁਕਤ ਡਾਇਰੈਕਟਰ ਨੇ ਕੋਸ਼ ਮੰਗਿਆ ਤਾਂ ਨੈਸ਼ਨਲ ਬੁੱਕ ਸ਼ਾਪ, ਦਿੱਲੀ ਦੇ ਮਾਲਕ ਰਾਜਿੰਦਰ ਸਿੰਘ ਨੇ ਹੈਰਾਨ ਹੋ ਕੇ ਕਿਹਾ, ਤੁਸੀਂ ਤਾਂ ਮਹਾਨ ਕੋਸ਼ ਦੇ ਘਰ, ਭਾਸ਼ਾ ਵਿਭਾਗ, ਦੇ ਮਾਲਕ ਰਹੇ ਹੋ, ਫੇਰ ਕੋਸ਼ ਸਾਥੋਂ ਕਿਉਂ? ਉੱਤਰ ਮਿਲਿਆ, ਸਾਡੇ ਕੋਸ਼ ਦੀ ਜਿਲਦ ਤੇ ਦਿੱਖ ਸੁਹਣੀ ਨਹੀਂ ਹੁੰਦੀ ਤੇ ਮੈਂ ਇਹ ਕੋਸ਼ ਕਿਸੇ ਮਿੱਤਰ ਨੂੰ ਨਿਸ਼ਾਨੀ ਵਜੋਂ ਦੇਣਾ ਹੈ!

*****

(473)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author