“ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਪਿੰਡ ਦੀ ਆਪਣੀ ਖੇਤ ਵਾਲੀ ਕੋਠੀ ਵਿੱਚ ਆਏ ਹੋਏ ਸਨ ...”
(23 ਫਰਵਰੀ 2022)
ਇਸ ਸਮੇਂ ਮਹਿਮਾਨ: 33.
ਭਾਰਤੀ ਸਮਾਜ ਵਿੱਚ ਹਜ਼ਾਰਾਂ ਸਾਲਾਂ ਤੋਂ ਤੁਰੀਆਂ ਆਈਆਂ ਬਦੀਆਂ ਵਿੱਚੋਂ ਇੱਕ ਵੱਡੀ ਬਦੀ ਜਾਤਪਾਤ ਹੈ। ਇਹਨੇ ਮਨੁੱਖੀ ਸਮਾਜ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ। ਕਿਸੇ ਨੂੰ ਉੱਚਾ ਐਲਾਨ ਦਿੱਤਾ ਗਿਆ, ਕਿਸੇ ਨੂੰ ਨੀਵਾਂ। ਸਮੇਂ-ਸਮੇਂ ਸਮਾਜ-ਸੁਧਾਰਕ ਇਸ ਭੈੜ ਨੂੰ ਖ਼ਤਮ ਕਰਨ ਵਾਸਤੇ ਜਤਨ ਕਰਦੇ ਰਹੇ। ਸਿੱਖ ਗੁਰੂ ਸਾਹਿਬਾਨ ਨੇ ਕਿਸੇ ਵੀ ਵਿਤਕਰੇ ਤੋਂ ਬਿਨਾਂ ਮਨੁੱਖ ਨੂੰ ਮਨੁੱਖ ਸਮਝਣ ਦਾ ਪਰਚਾਰ ਕਰ ਕੇ ਪੰਜਾਬ ਵਿੱਚ ਇਸ ਮਾਨਵ-ਵਿਰੋਧੀ ਰੀਤ ਨੂੰ ਵੱਡੀ ਸੱਟ ਮਾਰੀ। ਤਾਂ ਵੀ ਇਹ ਰੀਤ ਵਾਰ-ਵਾਰ ਸਿਰ ਚੁੱਕਦੀ ਰਹੀ ਹੈ।
ਆਜ਼ਾਦ ਭਾਰਤ ਵਿੱਚ ਜਾਤਪਾਤ-ਵਿਰੋਧੀ ਕਾਨੂੰਨ ਬਣ ਜਾਣ ਦੇ ਬਾਵਜੂਦ ਇਸ ਨੂੰ ਅਜੇ ਵੀ ਖ਼ਤਮ ਨਹੀਂ ਕੀਤਾ ਜਾ ਸਕਿਆ। ਸਾਡੇ ਬਚਪਨ ਸਮੇਂ ਤਾਂ ਜਾਤਪਾਤ ਸਮਾਜ ਦਾ ਇੱਕ ਪ੍ਰਵਾਨਿਤ ਸੱਚ ਸੀ। ਕਥਿਤ ਉੱਚੀਆਂ ਜਾਤਾਂ ਵੱਲੋਂ ਹੀ ਨਹੀਂ, ਸਮਾਜ ਦੇ ਪੀੜੇ-ਨਿਰਾਦਰੇ ਹਿੱਸਿਆਂ ਵੱਲੋਂ ਆਪ ਵੀ ਇਹਨੂੰ ਸਮਾਜਕ ਜੀਵਨ ਦਾ ਇੱਕ ਸਾਧਾਰਨ ਵਰਤਾਰਾ ਸਮਝਿਆ ਜਾਂਦਾ ਸੀ। ਅਸਲ ਵਿੱਚ ਜਾਤਪਾਤ ਭਾਰਤੀ ਸਮਾਜ ਦੀ ਪ੍ਰਫੁੱਲਤਾ ਵਿੱਚ ਬਾਧਕ ਬਣਿਆ ਹੋਇਆ ਡੂੰਘੀਆਂ ਜੜ੍ਹਾਂ ਵਾਲ਼ਾ ਖੱਬਲ ਹੈ, ਜਿਸ ਨੂੰ ਉੱਤੋਂ-ਉੱਤੋਂ ਜਿੰਨੇ ਵਾਰ ਮਰਜ਼ੀ ਵੱਢ ਦਿਉ, ਧਰਤੀ ਵਿੱਚੋਂ ਫੇਰ ਨਿੱਕਲ ਆਵੇਗਾ। ਜਿੰਨਾ ਚਿਰ ਇਹਦੀਆਂ ਜੜ੍ਹਾਂ ਨਹੀਂ ਪੁੱਟੀਆਂ ਜਾਂਦੀਆਂ, ਇਹਦਾ ਖ਼ਾਤਮਾ ਸੰਭਵ ਨਹੀਂ।
ਅੱਜ ਤੋਂ ਕੋਈ ਇੱਕ ਸਦੀ ਪਹਿਲਾਂ ਦੇ ਗੂੜ੍ਹੇ ਜਾਤਪਾਤੀ ਮਾਹੌਲ ਵਿੱਚ ਸਾਡੇ ਪਿੰਡ ਵਿੱਚ ਇੱਕ ਘਟਨਾ ਅਜਿਹੀ ਵਾਪਰੀ ਜੋ ਵੱਡਿਆਂ ਤੋਂ ਸੁਣ ਕੇ ਮੈਂਨੂੰ ਛੋਟੀ ਉਮਰੇ ਵੀ ਅਲੋਕਾਰ ਤਾਂ ਲੱਗੀ ਪਰ ਜਿਸਦਾ ਅਸਲ ਮਹੱਤਵ ਅੱਗੇ ਚੱਲ ਕੇ ਸਮਾਜਕ-ਰਾਜਨੀਤਕ ਸੋਝੀ ਆਈ ਤੋਂ ਸਮਝ ਆਇਆ। ਇਹ ਘਟਨਾ ਇਸ ਕਰਕੇ ਹੋਰ ਵੀ ਵੱਡੀ ਹੈ ਕਿ ਇਸਦਾ ਕਰਤਾ ਕੋਈ ਸਮਾਜ-ਸੁਧਾਰਕ, ਸੰਤ-ਮਹਾਤਮਾ ਜਾਂ ਰਾਜਨੀਤਕ ਆਗੂ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਨਹੀਂ ਸੀ ਸਗੋਂ ਇਹ ਸਾਡੇ-ਤੁਹਾਡੇ ਵਰਗੇ ਇੱਕ ਸਾਧਾਰਨ ਵਿਅਕਤੀ ਦਾ ਸਹਿਜ ਕਾਰਨਾਮਾ ਸੀ। ਇਸ ਘਟਨਾ ਦਾ ਇੱਕ ਮਹੱਤਵ ਇਹ ਵੀ ਹੈ ਕਿ ਇਸ ਤੋਂ ਜਾਤਪਾਤ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰਾਂ ਦਾ ਵੀ ਪਤਾ ਲਗਦਾ ਹੈ। ਇੱਥੇ ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਭਾਵੇਂ ਮਸ਼ਹੂਰ ਨਾਭਾ ਦੇ ਨਾਂ ਨਾਲ ਹੋਏ, ਪੁਰਖਿਆਂ ਤੋਂ ਮੂਲ ਵਾਸੀ ਉਹ ਸਾਡੇ ਪਿੰਡ ਪਿੱਥੋ ਦੇ ਸਨ।
ਸਾਡੇ ਪਿੰਡ ਇੰਦਰ ਸਿੰਘ ਢਿੱਲੋਂ ਨਾਂ ਦੇ ਇੱਕ ਸੱਜਣ ਸਨ। ਉਹ ਭਾਈ ਕਾਨ੍ਹ ਸਿੰਘ ਦੇ ਵਡੇਰੇ ਪਰਿਵਾਰ ਵਿੱਚੋਂ, ਭਾਵ ਸਕਿਆਂ ਵਿੱਚੋਂ ਹੀ ਸਨ। ਉਹ ਉਮਰ ਵਿੱਚ ਕਾਨ੍ਹ ਸਿੰਘ ਨਾਲੋਂ ਕਾਫ਼ੀ ਛੋਟੇ ਵੀ ਸਨ ਅਤੇ ਉਹਨਾਂ ਨੇ ਆਯੂ ਵੀ ਲੰਮੀ ਭੋਗੀ। ਭਾਈ ਸਾਹਿਬ ਤਾਂ 1938 ਵਿੱਚ ਪੂਰੇ ਹੋ ਗਏ ਸਨ, ਉਹ 35-40 ਸਾਲ ਮਗਰੋਂ ਜਾ ਕੇ ਪੂਰੇ ਹੋਏ। ਸਾਡੇ ਪਰਿਵਾਰ ਨਾਲ ਉਹਨਾਂ ਦਾ ਨੇੜਲਾ ਵਾਸਤਾ ਰਿਹਾ ਅਤੇ ਇੱਕ ਵਾਰ ਉਹ ਮੇਰੇ ਕੋਲ ਦਿੱਲੀ ਵੀ ਆਏ। ਮੈਂ ਉਹਨਾਂ ਨੂੰ ਤਾਇਆ ਜੀ ਕਿਹਾ ਕਰਦਾ ਸੀ। ਇਸ ਲੰਮੇ ਵਾਹ ਵਿੱਚੋਂ ਹੀ ਮੇਰੀ ਕਹਾਣੀ ‘ਕਸਤੂਰੀ ਵਾਲਾ ਮਿਰਗ’ ਦਾ ਜਨਮ ਹੋਇਆ। ਇਹ ਮੇਰੀਆਂ ਉਹਨਾਂ ਇੱਕਾ-ਦੁੱਕਾ ਕਹਾਣੀਆਂ ਵਿੱਚੋਂ ਹੈ ਜਿਨ੍ਹਾਂ ਵਿੱਚ ਮੈਂਨੂੰ ਕਲਪਨਾ ਦਾ ਰਲ਼ਾ ਪਾਉਣਾ ਹੀ ਨਹੀਂ ਪਿਆ, ਭਾਵ ਜੀਵਨ ਵਿੱਚੋਂ ਉਹ ਮੈਂਨੂੰ ਪੱਕੀਆਂ-ਪਕਾਈਆਂ ਮਿਲ ਗਈਆਂ ਅਤੇ ਮੈਂ ਕਾਗ਼ਜ਼ ਉੱਤੇ ਉਤਾਰ ਦਿੱਤੀਆਂ।
ਇਸ ਕਹਾਣੀ ਦੇ ਸਰਦਾਰ ਉੱਤਮ ਸਿੰਘ ਸੰਧੂ ਅਸਲੀ ਜੀਵਨ ਵਿੱਚ ਤਾਇਆ ਇੰਦਰ ਸਿੰਘ ਢਿੱਲੋਂ ਹੀ ਸਨ। ਉਹ ਉਰਦੂ ਦੇ ਬੋਲਬਾਲੇ ਦੇ ਵੇਲੇ ਦੀਆਂ ਪੰਜ-ਚਾਰ ਜਮਾਤਾਂ ਪੜ੍ਹੇ ਹੋਏ ਸਨ। ਉਹਨਾਂ ਦਾ ਬਾਣਾ ਕਾਫ਼ੀ ਨਵੇਕਲਾ ਸੀ। ਉਹ ਕਫ਼ਾਂ ਵਾਲੇ ਬੰਦ ਗਲ਼ੇ ਦੇ ਕੁਛ-ਕੁਛ ਲੰਮੇ ਕਮੀਜ਼ ਨਾਲ ਸਫ਼ੈਦ ਪੋਠੋਹਾਰੀ ਸਲਵਾਰ ਪਹਿਨਦੇ, ਜਿਸਦਾ ਸਾਡੇ ਇਲਾਕੇ ਵਿੱਚ ਬਿਲਕੁਲ ਰਿਵਾਜ ਨਹੀਂ ਸੀ। ਹੱਥ ਵਿੱਚ ਉਹ ਖ਼ੂਬਸੂਰਤ ਖੂੰਡੀ ਰੱਖਦੇ ਜੋ ਉਹਨਾਂ ਦੀ ਲੋੜ ਨਾਲੋਂ ਬਹੁਤੀ ਆਦਤ ਜਾਂ ਸ਼ੁਕੀਨੀ ਜਾਂ ਸਤਿਕਾਰਤ ਬਜ਼ੁਰਗੀ ਦਾ ਚਿੰਨ੍ਹ ਸੀ।
ਪਿੰਡ ਵਾਲੀ ਜ਼ਮੀਨ ਤੋਂ ਇਲਾਵਾ ਸੰਤਾਲੀ ਤੋਂ ਪਹਿਲਾਂ ਬਹਾਵਲਪੁਰ ਵਿੱਚ ਵੀ ਉਹਨਾਂ ਦੇ ਮੁਰੱਬੇ ਸਨ। ਉੱਥੇ ਉਹਨਾਂ ਦੇ ਮੁਰੱਬਿਆਂ ਦੇ ਗੁਆਂਢੀ ਚੰਗੇ ਵੱਡੇ ਮੁਸਲਮਾਨ ਜ਼ਿਮੀਦਾਰ ਸਨ ਜਿਨ੍ਹਾਂ ਨਾਲ ਉਹਨਾਂ ਦਾ ਵਧੀਆ ਸਨੇਹ ਤੇ ਵਰਤ-ਵਰਤਾਵਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਹਨਾਂ ਦੀ ਸੂਖ਼ਮ ਜਿਹੀ ਉਰਦੂਨੁਮਾ ਬੋਲ-ਬਾਣੀ ਅਤੇ ਉਦਾਰ ਵਰਤੋਂ-ਵਿਹਾਰ ਵਿੱਚ ਇੱਕ ਖਾਸ ਸਲੀਕਾ ਅਤੇ ਸੁਚੱਜ ਸੀ।
ਉਹਨਾਂ ਦੇ ਨਾਂ ਨਾਲ ਇੱਕ ਗੱਲ ਅਜਿਹੀ ਜੁੜੀ ਹੋਈ ਸੀ ਜੋ ਪਿੰਡਵਾਸੀਆਂ ਦੀ ਨਜ਼ਰ ਵਿੱਚ ਉਹਨਾਂ ਨੂੰ ਸਾਧਾਰਨ ਮਨੁੱਖ ਦੀ ਥਾਂ ਅਜੀਬ ਪ੍ਰਾਣੀ ਬਣਾਉਂਦੀ ਸੀ। ਲੋਕ ਹੈਰਾਨ ਹੋ ਕੇ ਤੇ ਲਗਭਗ ਨੱਕ ਚਾੜ੍ਹ ਕੇ ਦੱਸਦੇ ਸਨ ਕਿ ਇੰਦਰ ਸਿੰਘ ਨੇ “ਰਵਿਦਾਸੀਆਂ ਦੇ ਘਰੋਂ ਦੁੱਧ ਪੀਤਾ ਹੋਇਆ ਹੈ!”
ਮਗਰੋਂ ਮੇਰੀ ਕਹਾਣੀ ਵਿੱਚ ਹੋਏ ਜ਼ਿਕਰ ਵਾਂਗ ਜਦੋਂ ਤਾਇਆ ਜੀ ਇੰਦਰ ਸਿੰਘ ਮੇਰੇ ਕੋਲ ਦਿੱਲੀ ਠਹਿਰੇ, ਮੈਂ ਉਹਨਾਂ ਨੂੰ ਜਾਤਪਾਤ ਦੀ ਕਥਿਤ ਭਿੱਟ ਤੋੜਨ ਦੀ ਹਿੰਮਤ ਕਰਨ ਬਾਰੇ ਪੁੱਛ ਹੀ ਲਿਆ, “ਤਾਇਆ ਜੀ, ਲੋਕ ਆਖਦੇ ਹਨ ਕਿ ਤੁਸੀਂ ਵਿਹੜੇ ਵਾਲਿਆਂ ਦਾ ਭਿੱਟਿਆ ਹੋਇਆ ਦੁੱਧ ਪੀਤਾ ਸੀ?”
ਉਹ ਨਿਝੱਕ ਬੋਲੇ, “ਹਾਂ ਬੇਟਾ, ਮੈਂ ਰਵਿਦਾਸੀਏ ਸੀਰੀ ਦੇ ਘਰ ਜਾ ਕੇ ਦੁੱਧ ਪੀਤਾ ਸੀ!” ਤੇ ਉਹਨਾਂ ਨੇ ਉਹ ਘਟਨਾ ਪੂਰੇ ਵਿਸਤਾਰ ਵਿੱਚ ਸੁਣਾ ਦਿੱਤੀ।
ਸਾਡੀ ਨਾਭਾ ਰਿਆਸਤ ਵਿੱਚ ਮਜ਼੍ਹਬੀਆਂ ਅਤੇ ਰਵਿਦਾਸੀਆਂ ਦੇ ‘ਵਿਹੜੇ’ ਭਾਵ ਉਹਨਾਂ ਦੇ ਘਰਾਂ ਦੇ ਸਮੂਹ ਫਿਰਨੀ ਤੋਂ ਬਾਹਰ ਹੁੰਦੇ ਸਨ। ਉਹਨਾਂ ਨੂੰ ਜ਼ਮੀਨ ਖ਼ਰੀਦ ਕੇ ਵੀ ਫਿਰਨੀ ਦੇ ਅੰਦਰ ਪਿੰਡ ਵਿੱਚ ਵਸਣ ਦੀ ਆਗਿਆ ਨਹੀਂ ਸੀ ਹੁੰਦੀ। ਜੇ ਕਿਸੇ ਜੱਟ-ਜ਼ਿਮੀਦਰ ਨੇ ਜਾਂ ਪਿੰਡ ਵਾਲੇ ਹੋਰ ਕਿਸੇ ਨੇ ਕਿਸੇ ਮਜ਼੍ਹਬੀ-ਰਵਿਦਾਸੀਏ ਨੂੰ ਬੁਲਾਉਣਾ ਹੁੰਦਾ, ਉਹ ‘ਵਿਹੜੇ’ ਦੇ ਅੰਦਰ ਉਹਦੇ ਘਰ ਨਹੀਂ ਸੀ ਜਾਂਦਾ। ਉਹ ‘ਵਿਹੜੇ’ ਦੇ ਬਾਹਰ ਖਲੋ ਜਾਂਦਾ ਅਤੇ ਕਿਸੇ ਅੰਦਰ ਜਾਣ ਵਾਲੇ ਨੂੰ ਆਖਦਾ, “ਓ ਬਈ ਫਲਾਣਿਆ, ਅਮਕੇ ਨੂੰ ਭੇਜੀਂ। ਕਹੀਂ, ਮੈਂ ਇੱਥੇ ਬਾਹਰ ਖੜ੍ਹਾ ਉਹਦੀ ਉਡੀਕ ਕਰ ਰਿਹਾ ਹਾਂ।” ਜਾਤਪਾਤੀ ਭਿੱਟ ਤੋਂ ਇਲਾਵਾ ਮਜ਼੍ਹਬੀਆਂ-ਰਵਿਦਾਸੀਆਂ ਦੇ ਵਿਹੜਿਆਂ ਦੀ ਸਫ਼ਾਈ ਦੀ ਘਾਟ ਵੀ ਇੱਕ ਕਾਰਨ ਸੀ।
ਇੱਕ ਦਿਨ ਤਾਇਆ ਇੰਦਰ ਸਿੰਘ ਦਾ ਰਵਿਦਾਸੀਆ ਸੀਰੀ ਪਹਿਲਾਂ ਦੱਸੇ ਬਿਨਾਂ ਕੰਮ ਉੱਤੇ ਨਾ ਆਇਆ। ਉਹ ਵਿਹੜੇ ਵੱਲ ਗਏ ਅਤੇ ਰੀਤ ਅਨੁਸਾਰ ਬਾਹਰ ਖਲੋ ਕੇ ਕਿਸੇ ਅੰਦਰ ਜਾਣ ਵਾਲੇ ਦੇ ਆਉਣ ਦੀ ਉਡੀਕ ਕੀਤੇ ਬਿਨਾਂ ਪੁੱਛਦੇ-ਪੁਛਾਉਂਦੇ ਆਪ ਹੀ ਸੀਰੀ ਦੇ ਘਰ ਜਾ ਪਹੁੰਚੇ। ਸੀਰੀ ਕਿਸੇ ਕੰਮ ਕਾਰਨ ਕੁਛ ਸਮੇਂ ਲਈ ਕਿਤੇ ਨੇੜੇ-ਤੇੜੇ ਹੀ ਗਿਆ ਹੋਇਆ ਸੀ। ਬਿਚਾਰੀ ਸੀਰਨ ਦਾ, ਅਚਾਨਕ ਆ ਬਣੀ ਇਸ ਅਜੀਬ ਹਾਲਤ ਕਾਰਨ, ਘਬਰਾਉਣਾ ਅਤੇ ਹੜਬੜਾਉਣਾ ਸੁਭਾਵਿਕ ਸੀ। ਉਹਨੇ ਹੱਥਾਂ ਵਿੱਚ ਚੁੰਨੀ ਦਾ ਲੜ ਫੜ ਕੇ ਤਾਇਆ ਜੀ ਦੇ ਪੈਰਾਂ ਨੂੰ ਭਿੱਟ ਤੋਂ ਬਚਾਉਂਦਿਆਂ ਉਹਨਾਂ ਤੋਂ ਦੋ ਕੁ ਗਿੱਠਾਂ ਦੂਰ ਧਰਤੀ ਛੂਹ ਕੇ ਪੈਰੀਂ-ਪੈਣਾ ਕੀਤਾ। ਫੇਰ ਕਦੇ ਉਹ ਪੀੜ੍ਹੀ ਨੂੰ ਹੱਥ ਪਾ ਲਵੇ, ਕਦੇ ਛੱਡ ਦੇਵੇ। ਕਦੇ ਮੰਜੇ ਵੱਲ ਅਹੁਲੇ, ਫੇਰ ਝਿਜਕ ਜਾਵੇ। ਉਹਨੂੰ ਸਮਝ ਨਹੀਂ ਸੀ ਆ ਰਹੀ, ਉਹ ਸਰਦਾਰ ਨੂੰ ਬੈਠਣ ਲਈ ਕਹੇ ਜਾਂ ਨਾ ਕਹੇ! ਜੇ ਬਿਠਾਵੇ ਤਾਂ ਕਿੱਥੇ ਬਿਠਾਵੇ! ਇੰਨੇ ਚਿਰ ਨੂੰ ਕੰਧ ਨਾਲ ਖੜ੍ਹਾ ਮੰਜਾ ਸਿੱਧਾ ਕਰ ਕੇ ਤਾਇਆ ਜੀ ਆਪੇ ਹੀ ਬਿਰਾਜਮਾਨ ਹੋ ਗਏ।
ਉਹ ਬੋਲੀ, “ਬਾਬਾ ਜੀ, ਤੁਸੀਂ ਬੈਠੋ, ਮੈਂ ਜੱਟਾਂ ਦੇ ਕਿਸੇ ਘਰ ਆਖ ਕੇ ਦੇਖਦੀ ਆਂ, ਜੇ ਉਹਨਾਂ ਦਾ ਕੋਈ ਮੁੰਡਾ ਦੁੱਧ ਲਿਆਉਣਾ ਮੰਨ ਜਾਵੇ।”
ਇੱਕ ਪਾਸੇ ਸਰਕੜਿਆਂ ਦੇ ਛਤੜੇ ਹੇਠ ਵੱਛੇ ਵਾਲੀ ਇੱਕ ਗਾਂ ਖਲੋਤੀ ਹੋਈ ਸੀ। ਉਹ ਹੱਸ ਕੇ ਬੋਲੇ, “ਇਹ ਦਰਸ਼ਨ ਦੇਣ ਨੂੰ ਰੱਖੀ ਐ ਕਿ ਚਾਰ ਧਾਰਾਂ ਦੁੱਧ ਵੀ ਦਿੰਦੀ ਐ?”
ਉਹਨੇ ਦੱਸਿਆ, “ਬਾਬਾ ਜੀ, ਇਹ ਤਾਂ ਦੁੱਧ ਦਿੰਦੀ ਐ। ਪਰ …”
ਤਾਇਆ ਜੀ ਉਹਦੀ ਗੱਲ ਕੱਟ ਕੇ ਕਹਿੰਦੇ, “ਫੇਰ ਦੁੱਧ ਕਿਸੇ ਜੱਟ ਦੇ ਘਰੋਂ ਕਿਉਂ ਚੁਕਵਾ ਕੇ ਲਿਆਉਣਾ ਹੈ! ਪਰ-ਪੁਰ ਛੱਡ। ਪਾ ਦੇ ਇਹਦਾ ਦੁੱਧ ਕਿਸੇ ਭਾਂਡੇ ਵਿੱਚ!”
ਉਹਨੇ ਸੰਗਦੀ-ਝਿਜਕਦੀ ਨੇ ਗਰਮ ਕਰ ਕੇ ਦੁੱਧ ਛੰਨੇ ਵਿੱਚ ਪਾ ਦਿੱਤਾ। ਤਾਇਆ ਇੰਦਰ ਸਿੰਘ ਨੇ ਦੁੱਧ ਛਕ ਕੇ ਤੁਰਨ ਵਾਸਤੇ ਖੜ੍ਹੇ ਹੁੰਦਿਆਂ ਉਹਨੂੰ ਅਸੀਸਾਂ ਦਿੱਤੀਆਂ ਅਤੇ ਬੋਲੇ, “ਜਦੋਂ ਤੇਰਾ ਚੌਧਰੀ ਆਵੇ, ਕਹੀਂ, ਇੱਧਰੋਂ ਛੇਤੀ ਵਿਹਲਾ ਹੋ ਕੇ ਕੰਮ ਉੱਤੇ ਆ ਜਾਵੇ।”
ਸੀਰਨ ਦੰਗ ਰਹਿ ਗਈ! ਉਹਨਾਂ ਵੇਲਿਆਂ ਵਿੱਚ ਜੱਟਾਂ ਤੇ ਮਜ਼੍ਹਬੀਆਂ-ਰਵਿਦਾਸੀਆਂ ਦੇ ਰਿਸ਼ਤਿਆਂ ਵਿਚਕਾਰ ਭਿੱਟ ਦੀ ਡੂੰਘੀ ਤੇ ਚੌੜੀ ਖਾਈ ਸੀ। ਇਹ ਖਾਈ ਜੱਟ ਤੇ ਸੀਰੀ ਦੇ ਚੌਵੀ ਘੰਟੇ ਦੇ ਸਾਲਾਂ-ਬੱਧੀ ਚਲਦੇ ਵਾਹ ਨਾਲ ਵੀ ਸੂਤ-ਭਰ ਘੱਟ ਡੂੰਘੀ ਜਾਂ ਘੱਟ ਭੀੜੀ ਨਹੀਂ ਸੀ ਹੁੰਦੀ। ਸੀਰੀ ਨੇ ਜੱਟ ਦੇ ਘਰ ਕਿਸੇ ਆਲ਼ੇ ਵਿੱਚ ਪਿੱਤਲ ਦੀ ਇੱਕ ਬਾਟੀ ਮੂਧੀ ਮਾਰੀ ਹੋਈ ਹੁੰਦੀ ਸੀ। ਭਿੱਟ ਤੋਂ ਡਰਦਿਆਂ ਰੋਟੀ ਵੇਲੇ ਤੱਤੀ ਦਾਲ ਵੀ ਉਹਦੀ ਬਾਟੀ ਵਿੱਚ ਉੱਚਿਉਂ ਧਾਰ ਬੰਨ੍ਹ ਕੇ ਪਾਈ ਜਾਂਦੀ ਸੀ ਜਿਸਦੇ ਛਿੱਟੇ ਉਹਦੇ ਪੈਰਾਂ ਉੱਤੇ ਪੈ ਜਾਂਦੇ ਸਨ ਤੇ ਰੋਟੀ ਵੀ ਅੱਗੇ ਨੂੰ ਪਸਾਰੇ ਹੋਏ ਉਹਦੇ ਹੱਥਾਂ ਵਿੱਚ ਇਉਂ ਹੀ ਉੱਚਿਉਂ ਸੁੱਟੀ ਜਾਂਦੀ ਸੀ। ਰੋਟੀ ਖਾ ਕੇ ਉਹ ਦਾਲ਼ ਵਾਲੀ ਉਸੇ ਬਾਟੀ ਵਿੱਚ ਲੱਸੀ-ਪਾਣੀ ਪੁਆ ਕੇ ਪੀ ਲੈਂਦਾ ਤੇ ਉਹਨੂੰ ਰੇਤੇ ਨਾਲ ਮਾਂਜ ਕੇ ਆਲ਼ੇ ਵਿੱਚ ਮੂਧੀ ਮਾਰ ਦਿੰਦਾ। ਚਾਹ ਵੀ ਉਹਨੂੰ ਉਸੇ ਬਾਟੀ ਵਿੱਚ ਉਸੇ ਦੂਰੀ ਤੋਂ ਦਿੱਤੀ ਜਾਂਦੀ। ਜੇ ਕਿਸੇ ਕਾਰਨ ਸੀਰੀ ਦਾ ਹੱਥ ਜੱਟਾਂ ਦੇ ਕਿਸੇ ਭਾਂਡੇ ਨੂੰ ਲੱਗ ਜਾਂਦਾ, ਪਹਿਲਾਂ ਉਹ ਭਾਂਡਾ ਚੁੱਲ੍ਹੇ ਦੀ ਲਟਲਟ ਬਲ਼ਦੀ ਅੱਗ ਵਿੱਚ ਸੁੱਟ ਕੇ ਸੁੱਚਾ, ਭਾਵ ਅਣਭਿੱਟਿਆ ਕੀਤਾ ਜਾਂਦਾ ਸੀ ਤੇ ਉਸ ਪਿੱਛੋਂ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ।
ਇਸ ਸਮਾਜਕ ਮਾਹੌਲ ਵਿੱਚ ਤਾਇਆ ਇੰਦਰ ਸਿੰਘ ਰਵਿਦਾਸੀਏ ਸੀਰੀ ਦੇ ਘਰ ਜਾ ਕੇ ਉਹਨਾਂ ਦੀ ਗਊ ਦਾ ਦੁੱਧ, ਉਹਨਾਂ ਦੇ ਹੀ ਭਾਂਡੇ ਵਿੱਚ ਬਿਨਾਂ ਕਿਸੇ ਝਿਜਕ ਤੋਂ ਪੀ ਆਇਆ ਸੀ! ਇਹ ਅਲੋਕਾਰ ਘਟਨਾ ਸੀਰਨ ਦੇ ਪਚਣ ਵਾਲੀ ਕਿੱਥੇ ਸੀ! ਉਹਨੇ ਝੱਟ ਆਂਢਣਾਂ-ਗੁਆਂਢਣਾਂ ਨੂੰ ਜਾ ਸੁਣਾਈ ਜੋ ਸਰਦਾਰ ਘਰ ਆਇਆ ਦੇਖ ਕੇ ਹੈਰਾਨ ਹੋਈਆਂ ਪਹਿਲਾਂ ਹੀ ਬਿੜਕਾਂ ਲੈਂਦੀਆਂ ਫਿਰਦੀਆਂ ਸਨ। ਅੱਗੇ ਦੀ ਅੱਗੇ ਹੁੰਦੀ ਗੱਲ ਘੜੀਆਂ-ਪਲਾਂ ਵਿੱਚ ਪੂਰੇ ਪਿੰਡ ਵਿੱਚ ਅੱਗ ਦੇ ਭਬੂਕੇ ਵਾਂਗ ਫੈਲ ਗਈ।
ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਪਿੰਡ ਦੀ ਆਪਣੀ ਖੇਤ ਵਾਲੀ ਕੋਠੀ ਵਿੱਚ ਆਏ ਹੋਏ ਸਨ। ਪਿੰਡ ਦੇ ਪੈਂਚ-ਖੜਪੈਂਚ ਇਕੱਠੇ ਹੋ ਕੇ ਉਹਨਾਂ ਕੋਲ ਜਾ ਪਹੁੰਚੇ। ਭਾਈ ਸਾਹਿਬ ਨੇ ਕੁਰਸੀਆਂ-ਮੰਜੇ ਰਖਵਾ ਦਿੱਤੇ ਅਤੇ ਸਮਝਿਆ, ਉਹ ਪਿੰਡ ਦੇ ਕਿਸੇ ਸਾਂਝੇ ਕੰਮ ਵਾਸਤੇ ਸਲਾਹ ਲੈਣ ਆਏ ਹਨ। ਪਰ ਉਹਨਾਂ ਨੇ ਆਪਣੀ ਪਰੇਸ਼ਾਨੀ ਦੱਸੀ, “ਭਾਈ ਸਾਹਿਬ, ਇੰਦਰ ਸਿੰਘ ਨੇ ਭਾਰੀ ਅਨਰਥ ਕਰ ਦਿੱਤਾ ਹੈ!” ਤੇ ਉਹਨਾਂ ਨੇ ਸਾਰਾ ਕਿੱਸਾ ਕਹਿ ਸੁਣਾਇਆ।
ਭਾਈ ਸਾਹਿਬ ਕੁਛ ਪਲ ਚੁੱਪ ਰਹੇ, ਫੇਰ ਨਾਪੇ-ਤੋਲੇ ਸ਼ਬਦਾਂ ਵਿੱਚ ਅਤੇ ਆਪਣੇ ਵਿਸ਼ੇਸ਼ ਭਾਸ਼ਾਈ ਅੰਦਾਜ਼ ਵਿੱਚ ਬੋਲੇ, “ਇੰਦਰ ਸਿੰਘ ਦੀ ਅਣਗਹਿਲੀ ਹੈ, ਆਪ ਲੋਕਾਂ ਦੀ ਅਗਿਆਨਤਾ ਹੈ!”
ਲੋਕ ਹੈਰਾਨ-ਪਰੇਸ਼ਾਨ ਜਿਹੇ ਹੋ ਕੇ ਬੋਲੇ, “ਭਾਈ ਸਾਹਿਬ, ਤੁਹਾਡੀ ਗੱਲ ਸਾਨੂੰ ਸਮਝ ਨਹੀਂ ਆਈ!”
ਉਹ ਕਹਿਣ ਲੱਗੇ, “ਤੁਹਾਡੇ ਦੱਸਣ ਤੋਂ ਲਗਦਾ ਹੈ, ਇੰਦਰ ਸਿੰਘ ਨੇ ਸਫ਼ਾਈ ਦਾ ਖ਼ਿਆਲ ਨਹੀਂ ਰੱਖਿਆ, ਬਹੁਤ ਵੱਡੀ ਅਣਗਹਿਲੀ ਦਿਖਾਈ। ਤੁਹਾਨੂੰ ਰਵਿਦਾਸੀਆਂ ਦੇ ਘਰੋਂ ਉਹਦੇ ਦੁੱਧ ਪੀਣ ਦਾ ਇਤਰਾਜ਼ ਹੈ। ਇਹ ਅਗਿਆਨਤਾ ਹੈ। ਉਹੋ ਇਸਤਰੀ ਲਿਆਉ, ਉਹੋ ਗਊ ਲਿਆਉ, ਉਹੋ ਬਰਤਨ ਲਿਆਉ; ਮੈਂ ਇਸਤਰੀ ਦੇ ਹੱਥ, ਬਰਤਨ ਤੇ ਗਊ ਦੇ ਥਨ ਚੰਗੀ ਤਰ੍ਹਾਂ ਸਾਫ਼ ਕਰਵਾ ਲਵਾਂਗਾ ਤੇ ਤੁਹਾਡੇ ਸਾਹਮਣੇ ਉਸ ਦੇ ਹੱਥੋਂ ਉਸ ਦੀ ਗਊ ਦਾ ਦੁੱਧ ਉਸੇ ਦੇ ਬਰਤਨ ਵਿੱਚ ਪੀ ਲਵਾਂਗਾ! “ਉਹਨਾਂ ਨੇ ਸਾਰੇ ਮਾਮਲੇ ਦਾ ਸਾਰ ਸਮਝਾਇਆ, “ਭਿੱਟ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਅਸਲ ਚੀਜ਼ ਸਫ਼ਾਈ ਹੈ। ਮਨੁੱਖ ਤਾਂ ਰੱਬ ਨੇ ਸਭ ਇੱਕੋ ਬਣਾਏ ਹਨ, ਕੀ ਜੱਟ, ਕੀ ਮਜ਼੍ਹਬੀ-ਰਵਿਦਾਸੀਏ ਤੇ ਕੀ ਕੋਈ ਹੋਰ!”
ਲੋਕ ਇਸ ਮਾਮਲੇ ਬਾਰੇ ਸਪਸ਼ਟ ਹੋ ਕੇ ਆਉਣ ਦੀ ਥਾਂ ਭਾਈ ਕਾਨ੍ਹ ਸਿੰਘ ਕੋਲ਼ੋਂ ਦੁਬਿਧਾ ਜਿਹੀ ਵਿੱਚ ਮੁੜ ਆਏ।
ਤਾਇਆ ਇੰਦਰ ਸਿੰਘ ਦੇ ਇਸ ਕਾਰਨਾਮੇ ਨੇ ਪਿੰਡ ਵਿੱਚੋਂ ਜਾਤਪਾਤ ਭਾਵੇਂ ਖ਼ਤਮ ਨਾ ਕੀਤੀ ਹੋਵੇ, ਘਟਾਈ ਵੀ ਨਾ ਹੋਵੇ, ਪਰ ਇੱਕ ਵਾਰ ਲੋਕਾਂ ਨੂੰ ਇਹ ਜ਼ਰੂਰ ਦਿਖਾ ਦਿੱਤਾ ਕਿ ਉੱਚਾ-ਨੀਵਾਂ ਕੋਈ ਨਹੀਂ ਹੁੰਦਾ, ਭਿੱਟ-ਸੁੱਚ ਵੀ ਕੋਈ ਨਹੀਂ ਹੁੰਦੀ, ਮਨੁੱਖ ਸਭ ਮਨੁੱਖ ਹੀ ਹੁੰਦੇ ਹਨ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3383)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)