GurbachanBhullar7ਉਹਨਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ...

(ਜਨਵਰੀ 28, 2016)

 

ਪਿਛਲਾ ਸਾਲ (2015) ਸਾਡੇ ਵੱਡੇ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ ਦੇ ਜਨਮ ਦੀ ਸਦੀ ਦਾ ਸਾਲ ਸੀਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿਚ ਹਰ ਰੋਜ਼ ਏਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਬੇਦੀ ਸਾਹਿਬ ਦਾ ਕਹਿਣਾ ਸੀ ਕਿ ਮੈਂ ਸਿਰਫ਼ ਮਹਾਂਕਵੀ ਟੈਗੋਰ ਦੇ ਇਸ ਕਥਨ ਦਾ ਇਕ ਸਬੂਤ ਬਣਨ ਵਾਸਤੇ 1 ਸਤੰਬਰ 1915 ਨੂੰ ਇਸ ਸੰਸਾਰ ਦੇ ਲਾਹੌਰ ਨਾਂ ਦੇ ਸ਼ਹਿਰ ਵਿਚ ਪਧਾਰਿਆ। ਪਧਾਰਨ ਲਈ ਉਹਨਾਂ ਨੇ ਅੰਮ੍ਰਿਤ ਵੇਲੇ ਦੀ, ਸਵੇਰ ਦੇ ਤਿੰਨ ਵੱਜ ਕੇ ਸੰਤਾਲ਼ੀ ਮਿੰਟ ਦੀ ਚੋਣ ਕੀਤੀ।

ਬੇਦੀ ਉਰਦੂ ਅਦਬ ਦੀ ਉਸ ਤਿਕੋਣ ਦੀ ਇਕ ਮਜ਼ਬੂਤ ਬਾਹੀ ਸਨ ਜਿਸਦੇ ਵਿਹੜੇ ਵਿਚ ਅਫ਼ਸਾਨੇ ਨੇ ਬੇਮਿਸਾਲ ਸਿਖਰਾਂ ਛੋਹੀਆਂ। ਇਸ ਤਿਕੋਣ ਦੀਆਂ ਦੂਜੀਆਂ ਦੋ ਬਾਹੀਆਂ ਸਆਦਤ ਹਸਨ ਮੰਟੋ ਅਤੇ ਕ੍ਰਿਸ਼ਨ ਚੰਦਰ ਸਨ। ਦਿਲਚਸਪ ਗੱਲ ਦੇਖੋ ਕਿ ਉਰਦੂ ਕਹਾਣੀ ਨੂੰ ਨਵੀਆਂ ਬੁਲੰਦੀਆਂ ਅਤੇ ਨਵੇਂ ਦਿਸਹੱਦੇ ਦੇਣ ਵਾਲੇ ਇਹ ਤਿੰਨੇ ਕਲਮਕਾਰ ਪੰਜਾਬੀ ਸਨ।

ਜਦੋਂ ਪੰਜਾਬੀ ਕਹਾਣੀਕਾਰਾਂ ਦੀ ਸਾਡੀ ਪੀੜ੍ਹੀ ਨੇ ਸਾਹਿਤ ਦੀ ਦੁਨੀਆ ਵਿਚ ਪੈਰ ਰੱਖਿਆ, ਇਹ ਤਿੰਨੇ ਕਹਾਣੀਕਾਰ ਪਹਿਲੀ ਕਤਾਰ ਵਿਚ ਕੇਂਦਰੀ ਸਥਾਨ ਦੇ ਨਿਰਵਿਵਾਦ ਸੁਆਮੀ ਬਣ ਚੁੱਕੇ ਸਨ। ਤੇ ਸਾਡੀ ਇਹ ਪੀੜ੍ਹੀ ਇਕ ਤਰ੍ਹਾਂ ਨਾਲ ਆਖ਼ਰੀ ਪੀੜ੍ਹੀ ਸੀ ਜਿਸ ਨੂੰ ਉਰਦੂ ਦੀ ਜਾਣਕਾਰੀ ਸੀ। ਆਜ਼ਾਦੀ ਤੋਂ ਛੇਤੀ ਹੀ ਮਗਰੋਂ ਉਰਦੂ ਦੇ ਖ਼ਾਤਮੇ ਦਾ ਪੱਕਾ ਬਾਨ੍ਹਣੂ ਬੰਨ੍ਹ ਕੇ ਇਸਦੇ ਮਹੱਤਵ ਅਤੇ ਸਥਾਨ ਨੂੰ ਲਗਾਤਾਰ ਖੋਰਾ ਲਾਇਆ ਜਾਣ ਲੱਗਿਆ ਅਤੇ ਉਰਦੂ ਦੀ ਜਾਣਕਾਰੀ ਵਿੱਦਿਅਕ ਪਾਠਕ੍ਰਮ ਵਿੱਚੋਂ ਅਲੋਪ ਹੋ ਗਈ। ਸਿੱਖਿਆ ਦੇ ਮਾਧਿਅਮ ਤੋਂ ਡਿੱਗ ਕੇ ਇਹ ਇਕ ਛੁੱਟੜ ਜ਼ਬਾਨ ਬਣ ਗਈ ਅਤੇ ਇਕ ਸਕੂਲੀ ਵਿਸ਼ਾ ਵੀ ਨਾ ਰਹਿ ਗਈ। ਨਤੀਜੇ ਵਜੋਂ ਉਰਦੂ ਸਾਹਿਤ ਨੂੰ, ਜਿਸਦੀ ਝੋਲੀ ਪੰਜਾਬ ਦੇ ਜੰਮਪਲ ਲੇਖਕਾਂ ਨੇ ਰਚਨਾਵਾਂ ਦੇ ਅਮੋਲ ਹੀਰੇ ਪਾਏ, ਸਿੱਧੇ ਪੜ੍ਹ ਸਕਣ ਵਾਲੇ ਪੰਜਾਬੀ ਹੌਲੀ-ਹੌਲੀ ਖ਼ਤਮ ਹੁੰਦੇ ਗਏ। ਇਹ ਸਾਡੀ ਪੀੜ੍ਹੀ ਦਾ ਸੁਭਾਗ ਹੀ ਸਮਝੋ ਕਿ ਅਸੀਂ ਇਹਨਾਂ ਲੇਖਕਾਂ ਦੀਆਂ ਲਿਖਤਾਂ ਨੂੰ ਉਹਨਾਂ ਦੇ ਮੂਲ ਰੂਪ ਵਿਚ ਪੜ੍ਹ ਸਕਦੇ ਸੀ।

ਕਹਾਣੀ-ਕਲਾ ਦੀਆਂ ਬਰੀਕੀਆਂ ਦੀ ਪਛਾਣ ਲਈ ਆਪਣੇ ਤੋਂ ਪੂਰਵਲੇ ਪੰਜਾਬੀ ਕਹਾਣੀਕਾਰਾਂ ਨੂੰ ਪੜ੍ਹਨ ਮਗਰੋਂ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਅਸੀਂ ਬੇਦੀ, ਮੰਟੋ ਅਤੇ ਕ੍ਰਿਸ਼ਨ ਚੰਦਰ ਨੂੰ ਜ਼ਰੂਰ ਪੜ੍ਹੀਏ ਅਤੇ ਉਹਨਾਂ ਨੂੰ ਪੜ੍ਹੀਏ ਵੀ ਮੂਲ ਰੂਪ ਉਰਦੂ ਵਿਚ ਤਾਂ ਜੋ ਉਹਨਾਂ ਦੀਆਂ ਰਚਨਾਵਾਂ ਦੀ ਪੂਰੀ ਕਲਾਤਮਿਕਤਾ ਅਤੇ ਭਾਸ਼ਾਈ ਹੁਨਰਮੰਦੀ ਮਾਣੀ ਅਤੇ ਸਮਝੀ ਜਾ ਸਕੇ। ਇਹਨਾਂ ਨੂੰ ਪੜ੍ਹਨਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਸੀ ਕਿਉਂਕਿ ਇਹਨਾਂ ਤਿੰਨਾਂ ਦਾ ਆਪਣਾ ਵੱਖਰਾ-ਵੱਖਰਾ ਰੰਗ ਸੀ ਅਤੇ ਇਹ ਤਿੰਨੇ ਆਪਣੀ-ਆਪਣੀ ਥਾਂ ਸੰਪੂਰਨ ਹੁੰਦਿਆਂ ਵੀ ਮਿਲ ਕੇ ਇਕ ਵਡੇਰੀ ਸੰਪੂਰਨਤਾ ਸਿਰਜਦੇ ਸਨ।

ਸਾਧਾਰਨ ਗੱਲ ਨੂੰ ਅਸਾਧਾਰਨ ਅਰਥ ਦੇਣਾ, ਛੋਟੀ ਚੀਜ਼ ਨੂੰ ਵਡਦਰਸ਼ੀ ਸ਼ੀਸ਼ੇ ਰਾਹੀਂ ਉਜਾਗਰ ਕਰਨਾ, ਹਉਮੈ ਦੀ ਹਵਾ ਨਾਲ ਫੁੱਲੇ ਗੁਬਾਰਿਆਂ ਵਿਚ ਸੂਈ ਚੋਭ ਕੇ ਉਹਨਾਂ ਨੂੰ ਅਸਲ ਆਕਾਰ ਵਿਚ ਲਿਆਉਣਾ, ਹਰ ਰੋਜ਼ ਦੇਖੀ ਜਾਣ ਵਾਲੀ ਚੀਜ਼ ਦੇ ਅਣਦਿੱਸੇ ਰਹਿ ਗਏ ਪੱਖ ਦਿਖਾਉਣਾ ਅਤੇ ਭਾਸ਼ਾ ਦੀ ਜਾਦੂਗਰੀ ਨਾਲ ਛੰਨੇ ਨੂੰ ਕਬੂਤਰ ਵਿਚ ਤੇ ਕਬੂਤਰ ਨੂੰ ਫੁੱਲਾਂ ਵਿਚ ਬਦਲ ਦੇਣਾ, ਇਹ ਰਾਜਿੰਦਰ ਸਿੰਘ ਬੇਦੀ ਹਨ।

ਜਦੋਂ ਪਾਠਕ ਉਹਨਾਂ ਦੀਆਂ ਕਹਾਣੀਆਂ ਵਿੱਚੋਂ ਆਪਣੀ-ਆਪਣੀ ਪਸੰਦ ਦੱਸਦੇ ਹਨ, ਅਨੇਕ ਨਾਂ ਸਾਹਮਣੇ ਆ ਜਾਂਦੇ ਹਨ। ਸਫਲ ਕਹਾਣੀਕਾਰ ਦੀ ਇਹੋ ਨਿਸ਼ਾਨੀ ਹੁੰਦੀ ਹੈ। ਰਹਿਮਾਨ ਦੀ ਜੁੱਤੀ, ਲਾਜਵੰਤੀ, ਆਪਣੇ ਦੁੱਖ ਮੈਨੂੰ ਦੇ ਦਿਉ, ਕੁੱਖ-ਜਲੀ, ਬੱਬਲ, ਨਾਈ ਅਲਾਹਾਬਾਦ ਦੇ, ਹੱਡੀਆਂ ਤੇ ਫੁੱਲ, ਘਰ ਵਿਚ ਬਾਜ਼ਾਰ ਵਿਚ, ਗਰਮ ਕੋਟ, ਮਿਥੁਨ, ਨੜੋਆ ਕਿੱਥੇ ਹੈ, ਆਦਿ। ਡਾਕਟਰ ਮੁਹੰਮਦ ਹਸਨ ਦਾ ਕਹਿਣਾ ਹੈ ਕਿ ਜੇ ਬੇਦੀ ਨੇ ਕੇਵਲ ਇੱਕੋ ਕਹਾਣੀ ਆਪਣੇ ਦੁੱਖ ਮੈਨੂੰ ਦੇ ਦਿਉ` ਹੀ ਲਿਖੀ ਹੁੰਦੀ, ਉਸੇ ਸਦਕਾ ਹੀ ਉਹਨਾਂ ਨੂੰ ਉਰਦੂ ਅਦਬ ਦਾ ਸਭ ਤੋਂ ਵੱਡਾ ਫ਼ਨਕਾਰ ਪਰਵਾਨ ਕਰ ਲਿਆ ਜਾਂਦਾ।

ਇਸ ਕਹਾਣੀ ਦੀ ਨਾਇਕਾ ਇੰਦੂ ਵਿਆਹ ਵਾਲੀ ਰਾਤ ਆਪਣੇ ਪਤੀ ਮਦਨ ਨੂੰ ਆਖਦੀ ਹੈ, “ਆਪਣੇ ਸਾਰੇ ਦੁੱਖ ਮੈਨੂੰ ਦੇ ਦਿਉਅਤੇ ਇਹਤੋਂ ਵੀ ਅੱਗੇ ਵਧ ਕੇ ਇਹ ਇੱਛਾ ਕਰਦੀ ਹੈ ਕਿ ਮਦਨ ਉਹਨੂੰ ਕਹੇ, “ਆਪਣੇ ਸਾਰੇ ਸੁਖ ਮੈਨੂੰ ਦੇ ਦੇ।ਤੇ ਇੰਦੂ ਇਹ ਗੱਲ ਐਵੇਂ ਸੁਹਾਗਰਾਤ ਦੀ ਨਿੱਘੀ-ਨਿੱਘੀ ਭਾਵੁਕਤਾ ਵਿਚ ਨਹੀਂ ਕਹਿੰਦੀ ਸਗੋਂ ਅੱਗੇ ਚੱਲ ਕੇ ਰੋਜ਼ਾਨਾ ਜੀਵਨ ਦੇ ਅਮਲ ਵਿਚ ਇਸ ਨੂੰ ਸੱਚੀ ਕਰ ਕੇ ਦਿਖਾਉਂਦੀ ਹੈ। ਬੇਦੀ ਦੀਆਂ ਕਹਾਣੀਆਂ ਪੜ੍ਹ ਕੇ ਲਗਦਾ ਹੈ ਜਿਵੇਂ ਉਹ ਸਭ ਦੁਖੀਆਂ ਨੂੰ ਕਹਿ ਰਹੇ ਹੋਣ, “ਆਪਣੇ ਸਾਰੇ ਦੁੱਖ ਮੈਨੂੰ ਦੇ ਦਿਉ।ਤੇ ਉਹਨਾਂ ਦੁਖੀਆਂ ਵਲੋਂ ਮੰਗੇ ਜਾਣ ਤੋਂ ਬਿਨਾਂ ਹੀ ਇਹ ਵੀ ਕਹਿ ਰਹੇ ਹੋਣ, “ਮੇਰੇ ਸਾਰੇ ਸੁਖ ਤੁਸੀਂ ਲੈ ਲਵੋ।

ਤਿਕੋਣ ਦੀ ਦੂਜੀ ਬਾਹੀ, ਮੰਟੋ। ਸਮਾਜ, ਆਰਥਿਕਤਾ, ਰਾਜਨੀਤੀ, ਧਰਮ ਆਦਿ ਦੇ ਫੋਕੇ ਆਡੰਬਰਾਂ ਉੱਤੇ ਆਮ-ਫ਼ਹਿਮ ਤੇਜ਼ਧਾਰ ਵਿਅੰਗ-ਵਾਰ ਕਿਵੇਂ ਕਰਨਾ ਹੈ, ਉਹ ਇਸ ਜੁਗਤ ਦੇ ਉਸਤਾਦ ਸਨ। ਉਹਨਾਂ ਦੀ ਮੂੰਹ-ਜ਼ੋਰ ਕਲਮ ਕਿਸੇ ਸਥਿਤੀ ਵਿੱਚੋਂ ਦੀ ਇਉਂ ਲੰਘਦੀ ਸੀ ਜਿਵੇਂ ਤਿੱਖੀ ਕਟਾਰ ਕੇਲੇ ਦੇ ਬੂਟੇ ਵਿੱਚੋਂ ਲੰਘ ਜਾਵੇ ਅਤੇ ਉਹ ਦੋ ਪਲ ਤਾਂ ਇਉਂ ਖੜ੍ਹੇ ਦਾ ਖੜ੍ਹਾ ਰਹਿਣ ਦਾ ਭੁਲੇਖਾ ਪਾਲਦਾ ਤੇ ਪਾਉਂਦਾ ਰਹੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਫੇਰ ਮੂਧੇ-ਮੂੰਹ ਚੁਫਾਲ ਡਿਗ ਪਵੇ। ਉਹਨਾਂ ਦੀ ਕਹਾਣੀ ਦੀ ਪੀਰੀ ਨੇ ਅਨੇਕ ਕਹਾਣੀਆਂ ਵਿਚ ਕਮਾਲ ਨੂੰ ਛੋਹਿਆ ਅਤੇ ਉਹ ਬਹੁਤ ਚਰਚਿਤ ਹੋਈਆਂ, ਪਰ ਜੇ ਉਹ ਇਕਲੀ ਟੋਭਾ ਟੇਕ ਸਿੰਘਲਿਖ ਕੇ ਹੀ ਬੱਸ ਕਰ ਜਾਂਦੇ, ਤਦ ਵੀ ਉਹਨਾਂ ਦਾ ਨਾਂ ਅਮਰ ਹੋ ਜਾਣਾ ਸੀ।

ਤੇ ਤਿਕੋਣ ਦੀ ਤੀਜੀ ਬਾਹੀ, ਕ੍ਰਿਸ਼ਨ ਚੰਦਰ। ਕਹਾਣੀ-ਰਸ ਦੀ ਕੁੰਡੀ ਨਾਲ ਕੁੰਡੀ ਮੇਲਦੇ ਜਾਣਾ, ਬੇਪਰਦ ਕੀਤੇ ਜਾਣ ਦੇ ਹੱਕਦਾਰ ਪਾਤਰਾਂ ਦੇ ਪਰਦੇ ਉਤਾਰਦੇ ਜਾਣਾ ਅਤੇ ਭਾਸ਼ਾ ਅਤੇ ਸ਼ੈਲੀ ਦੀ ਅਜਿਹੀ ਮੁਹਾਰਿਤ ਦਿਖਾਉਣਾ ਕਿ ਬੇਰੋਕ ਵਗਦੀ ਨਿਰਮਲ ਨਦੀ ਦਾ ਚੇਤਾ ਆ ਜਾਵੇ, ਇਹ ਕ੍ਰਿਸ਼ਨ ਚੰਦਰ ਸਨ। ਉਹਨਾਂ ਨੇ ਨਿੱਕੀਆਂ ਕਹਾਣੀਆਂ ਵੀ ਲਿਖੀਆਂ, ਲੰਮੀਆਂ ਕਹਾਣੀਆਂ ਵੀ ਲਿਖੀਆਂ, ਨਾਵਲਿਟ ਵੀ ਲਿਖੇ ਅਤੇ ਨਾਵਲ ਵੀ ਲਿਖੇ, ਜਿਨ੍ਹਾਂ ਸਭਨਾਂ ਨੂੰ ਬਹੁਤ ਮਕਬੂਲੀਅਤ ਮਿਲੀ। ਪਾਠਕਾਂ ਦਾ ਘੇਰਾ ਵੀ ਉਹਨਾਂ ਦਾ ਵਿਸ਼ਾਲ ਸੀ। ਪਰ ਜੇ ਉਹ ਇਕੱਲੀ ਇਕ ਗਧੇ ਦੀ ਆਤਮਕਥਾਲਿਖ ਕੇ ਹੀ ਬੱਸ ਕਰ ਜਾਂਦੇ, ਤਦ ਵੀ ਉਹਨਾਂ ਦਾ ਨਾਂ ਏਨੇ ਹੀ ਅਦਬ ਨਾਲ ਲਿਆ ਜਾਂਦਾ।

ਇਉਂ ਇਹਨਾਂ ਤਿੰਨਾਂ ਨੂੰ ਪੜ੍ਹ ਕੇ ਉੱਭਰਦੇ ਕਹਾਣੀਕਾਰ ਨੂੰ ਕਹਾਣੀ ਲਿਖਣ ਦੇ ਅਜਿਹੇ ਗੁਰ ਮਿਲਦੇ ਸਨ ਜੋ ਇਕ ਦੂਜੇ ਦੇ ਪੂਰਕ ਬਣ ਕੇ ਕਹਾਣੀ-ਕਲਾ ਦੀ ਸੰਪੂਰਨ ਥਾਹ ਪੁਆ ਦਿੰਦੇ ਸਨ।

ਚਲੋ, ਬੇਦੀ ਜੀ ਬਾਰੇ ਉਪਰੋਕਤ ਕਥਨ ਨੂੰ ਸਪਸ਼ਟ ਕਰਨ ਲਈ ਉਹਨਾਂ ਦੀ ਕੋਈ ਵੀ ਕਹਾਣੀ ਲੈ ਲੈਂਦੇ ਹਾਂ। ਵਾਕ` ਲੈਣ ਵਾਲਿਆਂ ਵਾਂਗ ਪੁਸਤਕ ਖੋਲ੍ਹਿਆਂ ਕਹਾਣੀ ਨੜੋਆ ਕਿੱਥੇ ਹੈ ਨਿਕਲ ਆਈ ਹੈ। ਗੱਲ ਨੂੰ ਵਿਅਕਤਿਕ ਝੰਜਟਾਂ ਅਤੇ ਪਰੇਸ਼ਾਨੀਆਂ ਤੋਂ ਸ਼ੁਰੂ ਕਰ ਕੇ ਉਹ ਸੜਕ ਅਤੇ ਬਾਜ਼ਾਰ ਵਿੱਚੋਂ ਦੀ ਲੰਘਾਉਂਦੇ ਹੋਏ ਦਫ਼ਤਰ ਲੈ ਜਾਂਦੇ ਹਨ ਅਤੇ ਦਫ਼ਤਰੋਂ ਘਰ ਵੱਲ ਮੋੜ ਲੈਂਦੇ ਹਨ। ਪਰ ਇਸ ਅਮਲ ਵਿਚ ਛੋਟੀਆਂ-ਛੋਟੀਆਂ ਘਟਨਾਵਾਂ ਜੁੜ ਕੇ ਇਕ ਮਹਾਂ-ਘਟਨਾ, ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਜੁੜ ਕੇ ਇਕ ਮਹਾਂ-ਪਰੇਸ਼ਾਨੀ ਅਤੇ ਛੋਟੀਆਂ-ਛੋਟੀਆਂ ਮੁਕਾਣਾਂ ਜੁੜ ਕੇ ਇਕ ਮਹਾਂਮੁਕਾਣ ਬਣ ਜਾਂਦੀਆਂ ਹਨ। ਜ਼ੁਲਮ ਇਹ ਕਿ ਇਸ ਮਹਾਂ-ਮੁਕਾਣ ਨੂੰ ਆਪਣੀ ਮੁਰਦਨੀ ਦਾ ਕਾਰਨ ਸਮਝਣ ਅਤੇ ਦਿਖਾਉਣ ਲਈ ਕੋਈ ਅਰਥੀ ਤੱਕ ਨਸੀਬ ਨਹੀਂ ਹੁੰਦੀ। ਸੜਕਾਂ ਉੱਤੇ ਜਾ ਰਹੇ ਦਫ਼ਤਰੋਂ ਮੁੜੇ ਬਾਬੂਆਂ ਅਤੇ ਫੈਕਟਰੀਉਂ ਮੁੜੇ ਮਜ਼ਦੂਰਾਂ ਨੂੰ ਅਰਥੀਉਂ ਵਿਰਵੀ ਮਾਤਮੀ ਭੀੜ ਆਖ ਕੇ ਆਮ ਆਦਮੀ ਦੀ ਦੁਰਦਸ਼ਾ ਨੂੰ ਇਉਂ ਬੇਦੀ ਹੀ ਪੇਸ਼ ਕਰ ਸਕਦੇ ਹਨ। ਆਮ ਆਦਮੀ, ਜਿਸ ਦੀ ਥਾਂ ਫੁੱਟਪਾਥ ਉੱਤੇ ਹੈ ਅਤੇ ਜੇ ਉਹ ਸੜਕ ਉੱਤੇ ਆਉਣ ਦੀ ਗਲਤੀ ਕਰਦਾ ਹੈ ਤਾਂ ਕੋਈ ਕਾਰ ਉਹਨੂੰ ਪਟਕਾ ਕੇ ਉਹਦੀ ਅਸਲ ਥਾਂ, ਭਾਵ ਫੁੱਟਪਾਥ ਉੱਤੇ ਵਗਾਹ ਮਾਰਦੀ ਹੈ। ਇਹ ਉਹਨਾਂ ਦੀ ਕਹਾਣੀ-ਕਲਾ ਦੀ ਕਰਾਮਾਤ ਹੈ ਕਿ ਇਕ ਸੜਕ ਦੇ ਨੀਰਸ, ਨਿਰਜਿੰਦ ਅਤੇ ਨਿਰ-ਉਤਸਾਹ ਦ੍ਰਿਸ਼ ਦੇ ਸਹਾਰੇ, ਇਕ ਵੀ ਸ਼ਬਦ ਅਜਿਹਾ ਵਰਤੇ ਬਿਨਾਂ ਅਤੇ ਇਕ ਵੀ ਸੰਕੇਤ ਅਜਿਹਾ ਕੀਤੇ ਬਿਨਾਂ, ਪਾਠਕ ਲਈ ਅਜਿਹਾ ਪ੍ਰਭਾਵ ਸਿਰਜ ਦਿੰਦੇ ਹਨ ਜਿਵੇਂ ਸਾਰਾ ਭਾਰਤ ਆਪਣੇ ਆਦਰਸ਼ਾਂ, ਉਦੇਸ਼ਾਂ ਅਤੇ ਦਾਅਵਿਆਂ-ਦਾਈਆਂ ਦੀ ਅਦਿੱਸ ਅਰਥੀ ਪਿੱਛੇ ਮਾਤਮੀ ਜਲੂਸ ਬਣਿਆ ਜਾ ਰਿਹਾ ਹੋਵੇ।

ਤੇ ਇਸੇ ਕਹਾਣੀ ਵਿਚ ਭਾਸ਼ਾ ਦੀ ਜਾਦੂਗਰੀ ਅਤੇ ਸੰਖੇਪਤਾ ਦੇਖੋ। ਸੈਟਲਮੈਂਟ ਆਫ਼ਿਸ ਵਿਚ ਮਦਰਾਸੀ, ਬੰਗਾਲੀ, ਮਰਾਠੇ ਆਦਿ ਬਾਬੂਆਂ ਦੇ ਉਲਾਰ ਵਿਹਾਰ ਦੇ ਹਵਾਲੇ ਨਾਲ ਉਹ ਕੇਵਲ ਨੌਂ ਸ਼ਬਦਾਂ ਵਿਚ ਭਾਰਤ ਦੀ ਸਾਰੀ ਅੰਦਰੂਨੀ ਸਮੱਸਿਆ ਦਾ ਕਾਰਨੀ ਨਿਤਾਰਾ ਕਰ ਦਿੰਦੇ ਹਨ: ਹਰ ਕੌਮੀਅਤ ਕੌਮ ਬਣਨ ਦੀ ਵੇਦਨਾ ਹੰਢਾ ਰਹੀ ਸੀ।ਜਦੋਂ ਉਹ ਇਉਂ ਲਗਦੈ ਜਿਵੇਂ ਬਾਜ਼ਾਰ ਪਿਕਾਸੋ ਦਾ ਬਣਾਇਆ ਹੋਇਆ ਹੋਵੇ, ਆਰਟ ਨਾ ਹੁੰਦਿਆਂ ਵੀ ਕਿੰਨਾ ਵਡਾ ਆਰਟ ਹੈ ਇਸ ਵਿਚਲਿਖਦੇ ਹਨ, ਤਾਂ ਪਿਕਾਸੋ ਦੀ ਕਲਾ ਦੇ ਹਵਾਲੇ ਨਾਲ ਬਾਜ਼ਾਰ ਦੀ ਬੇਢਬੀ ਨੁਹਾਰ ਨੂੰ ਤਾਂ ਪਰਗਟ ਕਰਦੇ ਹੀ ਹਨ, ਬੇਢਬੇ ਬਾਜ਼ਾਰ ਦੇ ਹਵਾਲੇ ਨਾਲ ਪਿਕਾਸੋ ਦੀ ਅਮੂਰਤ ਕਲਾ ਉੱਤੇ ਵੀ ਵਿਅੰਗ ਕਰਦੇ ਹਨ, ਜਿਸ ਉੱਤੇ ਖੁਦ ਪਿਕਾਸੋ ਨੇ ਵੀ ਵਿਅੰਗ ਕੀਤਾ ਸੀ। ਤੇ ਇਸੇ ਕਹਾਣੀ ਵਿਚ ਇਕ ਆਦਮੀ ਪੁੱਛਦਾ ਹੈ, “ਤੁਸੀਂ ਸ਼ਾਦੀ-ਸ਼ੁਦਾ ਹੋ”, ਤਾਂ ਦੂਜਾ ਉੱਤਰ ਦਿੰਦਾ ਹੈ, “ਜੀ ਨਹੀਂ, ਮੈਂ ਤਾਂ ਸਿਰਫ਼ ਸ਼ੁਦਾ ਹਾਂ।ਇੱਥੇ ਇਹ ਸਪੱਸ਼ਟ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਲਗਦੀ ਕਿ ਸ਼ਾਦੀ-ਸ਼ੁਦਾ ਦਾ ਭਾਵ ਉਹ ਵਿਅਕਤੀ ਹੁੰਦਾ ਹੈ ਜਿਸਦਾ ਵਿਆਹ ਹੋ ਚੁਕਿਆ ਹੋਵੇ ਅਤੇ ਸ਼ੁਦਾ ਦਾ ਭਾਵ ਉਹ ਵਿਅਕਤੀ ਹੋਇਆ ਜੋ ਹੋ-ਬੀਤ ਚੁੱਕਿਆ ਹੋਵੇ।

ਉਹਨਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ਉਹਨਾਂ ਦਾ ਆਲੋਚਕੀ ਵਾਦਾਂ ਤੋਂ ਮੁਕਤ ਹੋਣਾ ਹੈ। ਆਲੋਚਕ ਸਮੇਂ-ਸਮੇਂ ਆਪਣੀ ਸੌਖ-ਸਹੂਲਤ ਅਨੁਸਾਰ ਜਾਂ ਪੱਛਮ ਤੋਂ ਪ੍ਰਾਪਤ ਹੋਈਆਂ ਆਲੋਚਨਾ ਪੁਸਤਕਾਂ ਸਦਕਾ ਆਪਣਾ ਕਪਾਟ ਖੁੱਲ੍ਹਿਆ ਅਤੇ ਲਲਾਟ ਜਾਗਿਆ ਸਮਝ ਕੇ ਸਾਹਿਤ ਵਿੱਚੋਂ ਕਦੀ ਕਿਸੇ ਵਾਦ ਨੂੰ ਵੇਲਾ ਵਿਹਾ ਚੁੱਕਿਆ ਆਖ ਕੇ ਮਰਿਆ ਐਲਾਨ ਦਿੰਦੇ ਹਨ ਅਤੇ ਕਦੀ ਕਿਸੇ ਹੋਰ ਵਾਦ ਨੂੰ ਸਾਹਿਤਕ ਦੁਮੇਲ ਉੱਤੇ ਸੂਰਜ ਵਾਂਗ ਉਦੈ ਹੋਇਆ ਆਖ ਕੇ ਉਹਦਾ ਉਸਤਤ-ਗਾਨ ਕਰਨ ਲਗਦੇ ਹਨ। ਪਰ ਬੇਦੀ ਅਜਿਹੀ ਆਲੋਚਨਾ ਤੋਂ ਉੱਚੇ ਹਨ। ਉਹਨਾਂ ਦੀਆਂ ਕਹਾਣੀਆਂ ਵਿਚ ਕੇਵਲ ਕਹਾਣੀ-ਵਾਦ ਹੈ ਜਿਸ ਨੇ ਸੱਚ ਵਾਂਗ ਕਦੀ ਪੁਰਾਣਾ ਨਹੀਂ ਥੀਣਾ। ਜਦੋਂ ਤੱਕ ਕਹਾਣੀ ਰਹੇਗੀ, ਤਕ ਤੱਕ ਉਸ ਵਿਚ ਕਹਾਣੀ-ਵਾਦ ਰਹੇਗਾ ਅਤੇ ਜਦੋਂ ਤੱਕ ਕਹਾਣੀ ਵਿਚ ਕਹਾਣੀ-ਵਾਦ ਰਹੇਗਾ, ਤਦ ਤੱਕ ਬੇਦੀ ਦਾ ਨਾਂ ਰਹੇਗਾ।

*****

(169)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author