“ਗੁਲਾਬੂ ਸੇਠ ਨੇ ਵੀ ਆਉਣ-ਜਾਣ ਲਈ ਘੋੜੀ ਰੱਖੀ ਹੋਈ ਸੀ। ਇੱਕ ਦਿਨ ਉਹ ਆਪਣੀ ਘੋੜੀ ਉੱਤੇ ਚੜ੍ਹਿਆ ਮੰਡੀ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 641.
ਅੱਜ ਦਾ ਰਾਮਪੁਰਾ ਫੂਲ ਉਹਨਾਂ ਮੰਡੀਆਂ ਵਿੱਚੋਂ ਹੈ ਜੋ ਰਿਆਸਤੀ ਰਾਜਿਆਂ ਨੇ ਵਪਾਰਕ ਕੇਂਦਰਾਂ ਦੀ ਲੋੜ ਮਹਿਸੂਸ ਕਰਦਿਆਂ ਬਹੁਤ ਪਹਿਲਾਂ ਕਾਇਮ ਕੀਤੀਆਂ ਸਨ। ‘ਅੱਜ ਦਾ’ ਸ਼ਬਦ ਮੈਂ ਇਸ ਵਾਸਤੇ ਵਰਤੇ ਹਨ ਕਿਉਂਕਿ ਮੇਰੇ ਬਚਪਨ ਵਿੱਚ ਸਿਰਫ਼ ਰੇਲਵੇ ਸਟੇਸ਼ਨ ਦਾ ਨਾਂ ਰਾਮਪੁਰਾ ਫੂਲ ਸੀ, ਸਟੇਸ਼ਨ ਦੇ ਦੁਆਲੇ ਦੀ ਆਬਾਦੀ ਦਾ ਨਹੀਂ। ਇਸ ਸ਼ਹਿਰ ਦੇ ਇਤਿਹਾਸ ਤੋਂ ਇਹ ਪਤਾ ਵੀ ਲਗਦਾ ਹੈ ਕਿ ਰਿਆਸਤਾਂ ਦੇ ਇਲਾਕੇ ਕਿਵੇਂ ਇੱਕ ਦੂਜੇ ਵਿੱਚ ਗੁੰਦੇ ਹੋਏ ਹੁੰਦੇ ਸਨ। ਸ਼ਹਿਰ ਦੇ ਵਿਚਕਾਰੋਂ ਰੇਲ ਦੀ ਲੀਹ ਲੰਘਦੀ ਹੈ। ਸ਼ਹਿਰ ਵਿਚਲੀ ਇਹ ਲੀਹ ਨਾਭਾ ਤੇ ਪਟਿਆਲਾ ਰਿਆਸਤਾਂ ਵਿਚਕਾਰ ਸਰਹੱਦ ਦਾ ਕੰਮ ਦਿੰਦੀ ਸੀ। ਲੀਹ ਤੋਂ ਚੜ੍ਹਦੇ ਵੱਲ ਦੇ ਹਿੱਸੇ ਨੂੰ ਲੋਕ ਪਟਿਆਲਾ ਮੰਡੀ ਆਖਦੇ ਸਨ ਕਿਉਂਕਿ ਉਹ ਪਟਿਆਲਾ ਰਿਆਸਤ ਵਿੱਚ ਸੀ ਤੇ ਛਿਪਦੇ ਵੱਲ ਦਾ ਹਿੱਸਾ ਨਾਭਾ ਰਿਆਸਤ ਵਿੱਚ ਹੋਣ ਸਦਕਾ ਨਾਭਾ ਮੰਡੀ ਕਿਹਾ ਜਾਂਦਾ ਸੀ। ਜਦੋਂ ਰਿਆਸਤਾਂ ਖ਼ਤਮ ਹੋ ਗਈਆਂ, ਕੁਦਰਤੀ ਸੀ, ਨਾ ਕੋਈ ਨਾਭਾ ਮੰਡੀ ਰਹੀ ਤੇ ਨਾ ਪਟਿਆਲਾ ਮੰਡੀ। ਪੂਰੇ ਸ਼ਹਿਰ ਦਾ ਨਾਂ ਸਟੇਸ਼ਨ ਦੇ ਨਾਂ ਵਾਂਗ ਸਾਂਝਾ ਰਾਮਪੁਰਾ ਫੂਲ ਕਰ ਦਿੱਤਾ ਗਿਆ। ਰਿਆਸਤੀ ਇਲਾਕਿਆਂ ਦੇ ਐਨ ਵਿਚਕਾਰ ਸਾਡੇ ਪਿੰਡ ਦੀ ਜੂਹ ਦੇ ਨਾਲ ਲਗਦੇ ਦੋ ਕੁ ਪਿੰਡ ਅੰਗਰੇਜ਼ੀ ਰਾਜ ਵਿੱਚ ਸਨ ਤੇ ਉਹਨਾਂ ਦਾ ਜ਼ਿਲ੍ਹਾ ਲੁਧਿਆਣਾ ਸੀ। ਇਸ ਵਰਤਾਰੇ ਦਾ ਕਾਰਨ ਤਾਂ ਕੋਈ ਇਤਿਹਾਸਕਾਰ ਹੀ ਦੱਸ ਸਕਦਾ ਹੈ।
ਖ਼ੈਰ, ਰਾਮਪੁਰਾ ਫੂਲ ਤੋਂ ਮੇਰਾ ਪਿੰਡ ਪਿੱਥੋ ਤਿੰਨ ਕੋਹ ਵਾਟ ਹੈ। ਉੱਥੋਂ ਇੰਨੀ ਹੀ ਵਾਟ ਮੰਡੀ ਕਲਾਂ ਹੈ। ਤੇ ਸਬੱਬ ਨਾਲ ਇਹਨਾਂ ਦੋਵਾਂ ਪਿੰਡਾਂ ਦੀ ਵਾਟ ਵੀ ਇੰਨੀ, ਤਿੰਨ ਕੁ ਕੋਹ ਹੀ ਹੈ। ਇਉਂ ਰਾਮਪੁਰਾ ਫੂਲ, ਪਿੱਥੋ ਤੇ ਮੰਡੀ ਕਲਾਂ ਦੀ ਇੱਕੋ ਜਿੰਨੀਆਂ ਲੰਮੀਆਂ ਬਾਹੀਆਂ ਵਾਲੀ ਤਿਕੋਣ ਬਣ ਜਾਂਦੀ ਹੈ।
ਪਿੰਡਾਂ ਦੇ ਨਾਂ ਟਿੱਕਣ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਇਸ ਬਾਰੇ ਜ਼ਰੂਰ ਖੋਜ ਕਰਨੀ ਚਾਹੀਦੀ ਹੈ। ਉਹਨੂੰ ਪੀ-ਐੱਚ. ਡੀ. ਦੀ ਡਿਗਰੀ ਮਿਲ ਜਾਵੇਗੀ ਅਤੇ ਇਤਿਹਾਸ ਨੂੰ ਇੱਕ ਬਿਲਕੁਲ ਨਵੇਕਲੇ ਵਿਸ਼ੇ ਸੰਬੰਧੀ ਬਹੁਤ ਮਹੱਤਵਪੂਰਨ ਵੇਰਵਾ ਮਿਲ ਜਾਵੇਗਾ। ਰਾਮਪੁਰਾ, ਨਾਨਕਪੁਰਾ, ਹਰਰਾਇਪੁਰ, ਕ੍ਰਿਸ਼ਣ ਨਗਰ, ਗੋਬਿੰਦਪੁਰਾ ਜਿਹੇ ਨਾਂ ਇਤਿਹਾਸ ਅਤੇ ਧਰਮ ਦੀ ਦੇਣ ਹਨ। ਤੂਤਾਂ ਵਾਲਾ, ਅੱਕਾਂ ਵਾਲੀ, ਮੱਝਾਂ ਵਾਲੀ, ਮੋਰਾਂਵਾਲੀ, ਕੁੱਤੀਵਾਲ, ਆਦਿ ਨਾਂਵਾਂ ਦੇ ਆਪਣੇ ਵਿੱਚੋਂ ਹੀ ਉਹਨਾਂ ਦਾ ਪਿਛੋਕੜ ਦਿਸ ਪੈਂਦਾ ਹੈ। ਪਰ, ਸ਼ਾਇਦ, ਸਭ ਤੋਂ ਬਹੁਤੇ ਪਿੰਡਾਂ ਦੇ ਨਾਂ ਉਹਨਾਂ ਦੇ ਮੋਢੀ ਬੰਦਿਆਂ ਦੇ ਨਾਂ ਸਦਕਾ ਟਿੱਕੇ ਹੋਏ ਹਨ। ਗੰਡਾ ਸਿੰਘ ਵਾਲਾ, ਚੜ੍ਹਤ ਸਿੰਘ ਵਾਲਾ, ਆਦਿ ਨਾਂ ਉਹਨਾਂ ਪਿੰਡਾਂ ਦੀ ਮੋਹੜੀ ਗੱਡਣ ਵਾਲੇ ਬੰਦਿਆਂ ਦੇ ਨਾਂ ਸਦਕਾ ਰੱਖੇ ਗਏ। ਫੂਲ ਵੀ, ਜਿਵੇਂ ਸਭ ਜਾਣਦੇ ਹੀ ਹਨ, ਫੂਲਕੀਆਂ ਰਿਆਸਤਾਂ ਦੇ ਵਡੇਰੇ ਬਾਬਾ ਫੂਲ ਦਾ ਨਾਂ ਸੀ। ਪਿੱਥੋ ਵੀ ਸਾਡੇ ਪਿੰਡ ਦੇ ਮੋੜ੍ਹੀ-ਗੱਡ ਬਜ਼ੁਰਗ ਦਾ ਨਾਂ ਹੀ ਦੱਸਦੇ ਹਨ। ਸਦੀਆਂ ਪਹਿਲਾਂ ਦੇ ਉਸ ਜ਼ਮਾਨੇ ਵਿੱਚ ਬੰਦਿਆਂ ਦੇ ਨਾਂ ਅਜਿਹੇ ਹੀ ਹੁੰਦੇ ਸਨ।
ਕੁਛ ਬੰਦੇ ਅਜਿਹੇ ਮਸ਼ਹੂਰ ਹੋ ਜਾਂਦੇ ਜਾਂ, ਕਹਿ ਲਵੋ, ਕਰਮਾਂ ਵਾਲੇ ਹੁੰਦੇ ਕਿ ਪਿੰਡ ਦਾ ਨਾਂ ਸਦੀਆਂ ਤੋਂ ਕੋਈ ਹੋਰ ਹੁੰਦਾ, ਪਰ ਉਸ ਮੂਲ ਨਾਂ ਨਾਲ ਉਹਨਾਂ ਦਾ ਨਾਂ ਵੀ ਜੁੜ ਜਾਂਦਾ। ਕਈ ਮਸ਼ਹੂਰ ਬੰਦਿਆਂ ਦਾ ਨਾਂ ਤਾਂ ਉਹਨਾਂ ਦੇ ਜਿਉਂਦੇ-ਜੀਅ ਹੀ ਉਹਨਾਂ ਦੇ ਪਿੰਡ ਦਾ ਨਾਂ ਬਣ ਜਾਂਦਾ। ਇਸਦੀ ਇੱਕ ਪ੍ਰਸਿੱਧ ਮਿਸਾਲ ਪਿੰਡ ਪੱਤੋ ਹੈ। ਇਸ ਪੁਰਾਣੇ ਨਾਂ ਨਾਲ ਉੱਥੋਂ ਦੀ ਪ੍ਰਸਿੱਧ ਸ਼ਖ਼ਸੀਅਤ ਹੀਰਾ ਸਿੰਘ ਦਾ ਨਾਂ ਉਹਦੇ ਜਿਉਂਦੇ-ਜੀਅ ਹੀ ਜੁੜ ਕੇ ਪਿੰਡ ‘ਪੱਤੋ ਹੀਰਾ ਸਿੰਘ’ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੇ ਗੁਆਂਢੀ ਪਿੰਡ ਮੰਡੀ ਕਲਾਂ ਦਾ ਨਾਂ ਉੱਥੋਂ ਦੇ ਪ੍ਰਸਿੱਧ ਮਹਾਜਨ ਗੁਲਾਬ ਚੰਦ ਸਦਕਾ, ਜਿਸ ਨੂੰ ਲੋਕ ਆਮ ਕਰਕੇ ਗੁਲਾਬੂ ਸੇਠ ਆਖਦੇ ਸਨ, ਉਹਦੇ ਜਿਉਂਦੇ-ਜੀਅ ਹੀ ‘ਗੁਲਾਬੂ ਕੀ ਮੰਡੀ’ ਹੋ ਗਿਆ।
ਸਰਕਾਰੀ ਦਫਤਰਾਂ ਵਿੱਚ ਲੰਮੇ ਸਮੇਂ ਤੋਂ ਉਰਦੂ-ਫ਼ਾਰਸੀ ਦਾ ਬੋਲਬਾਲਾ ਰਿਹਾ ਸੀ। ਇਸ ਕਾਰਨ ਜੇ ਨੇੜੇ-ਨੇੜੇ ਇੱਕ ਨਾਂ ਵਾਲੇ ਦੋ ਪਿੰਡ ਹੁੰਦੇ, ਕਾਗ਼ਜ਼ਾਂ ਵਿੱਚ ਵੱਡੇ ਪਿੰਡ ਨਾਲ ‘ਵੱਡੇ’ ਦੇ ਬਰਾਬਰ ਦਾ ਫ਼ਾਰਸੀ ਸ਼ਬਦ ‘ਕਲਾਂ’ ਅਤੇ ਛੋਟੇ ਪਿੰਡ ਨਾਲ ‘ਛੋਟੇ’ ਦੇ ਬਰਾਬਰ ਦਾ ਫ਼ਾਰਸੀ ਸ਼ਬਦ ‘ਖ਼ੁਰਦ’ ਜੋੜ ਦਿੱਤਾ ਜਾਂਦਾ ਸੀ। ਪਰ ਇਹ ਸ਼ਬਦ ਕਦੀ ਵੀ ਬਹੁਤੇ ਪ੍ਰਚਲਿਤ ਨਾ ਹੋਏ ਤੇ ਲੋਕਾਂ ਦੀ ਜ਼ਬਾਨ ਉੱਤੇ ਨਾ ਚੜ੍ਹੇ। ਲੋਕ ਅਜਿਹੇ ਪਿੰਡਾਂ ਨਾਲ ਛੋਟਾ-ਵੱਡਾ ਹੀ ਲਾਉਂਦੇ। ਮੰਡੀ ਕਲਾਂ ਨੂੰ ਵੀ ਲੋਕ ਵੱਡੀ ਮੰਡੀ ਆਖਦੇ। ਜਿਉਂ ਹੀ ਗੁਲਾਬ ਚੰਦ, ਜੋ ਲੋਕਾਂ ਲਈ ਗੁਲਾਬੂ ਸੀ, ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ ਸਦਕਾ ਦੂਰ-ਦੂਰ ਤਕ ਮਸ਼ਹੂਰ ਹੋਇਆ, ਇਲਾਕੇ ਦੇ ਲੋਕਾਂ ਲਈ ਪਿੰਡ ਦਾ ਨਾਂ ਮੰਡੀ ਕਲਾਂ ਜਾਂ ਵੱਡੀ ਮੰਡੀ ਦੀ ਥਾਂ ਗੁਲਾਬੂ ਕੀ ਮੰਡੀ ਹੋ ਗਆ। ਗੁਲਾਬੂ ਸ਼ਾਇਦ ਮੇਰੇ ਦਾਦੇ ਦੇ ਸਮੇਂ ਜਾਂ ਉਸ ਤੋਂ ਵੀ ਕੁਛ ਪਹਿਲਾਂ ਹੋਇਆ ਹੈ। ਬਚਪਨ ਵਿੱਚ ਮੈਂ ਆਪਣੇ ਬਜ਼ੁਰਗਾਂ ਤੋਂ ਉਹਦੀ ਇੱਕ ਕਹਾਣੀ ਸੁਣੀ ਸੀ। ਉਦੋਂ ਤਾਂ ਉਹ ਸਿਰਫ਼ ਦਿਲਚਸਪ ਹੀ ਲੱਗੀ ਸੀ, ਮਗਰੋਂ ਵੱਡੇ ਹੋ ਕੇ ਉਹਦਾ ਮਾਨਵੀ ਤੇ ਸੱਭਿਆਚਾਰਕ ਅਰਥ ਸਮਝ ਵਿੱਚ ਆਇਆ ਤਾਂ ਸੇਠ ਗੁਲਾਬ ਚੰਦ ਦੀ ਪੰਜਾਬੀਅਤ ਦੇਖ ਕੇ ਮੇਰੇ ਮੂੰਹੋਂ ‘ਵਾਹ’ ਨਿੱਕਲਣਾ ਕੁਦਰਤੀ ਸੀ।
ਜਿਨ੍ਹਾਂ ਪਿੰਡਾਂ ਦਾ ਨਾਂ ਮੰਡੀ ਪਿਆ ਹੋਇਆ ਹੈ, ਸ਼ਾਇਦ ਉੱਥੇ, ਉਦੋਂ ਸ਼ਹਿਰੀ ਬਾਜ਼ਾਰ ਅਜੇ ਜ਼ਿਆਦਾ ਵਿਕਸਤ ਨਾ ਹੋਏ ਹੋਣ ਕਾਰਨ, ਸਥਾਨਕ ਪੈਦਾਵਾਰਾਂ ਤੇ ਹੋਰ ਚੀਜ਼ਾਂ ਦਾ ਵਣਜ ਜਾਂ ਵਟਾਂਦਰਾ ਹੁੰਦਾ ਹੋਵੇਗਾ। ਦੱਸਦੇ ਹਨ, ਗੁਲਾਬੂ ਦਾ ਕਾਰੋਬਾਰ ਖਾਸਾ ਵਧਿਆ ਹੋਇਆ ਸੀ। ਉਹਦੀ ਹੱਟ ਪਿੰਡ ਦੇ ਲੋਕਾਂ ਦੀਆਂ ਲੋੜਾਂ ਤਾਂ ਪੂਰੀਆਂ ਕਰਦੀ ਹੀ, ਨੇੜੇ ਦੇ ਪਿੰਡਾਂ ਦੇ ਆਮ ਲੋਕਾਂ ਤੋਂ ਇਲਾਵਾ ਛੋਟੇ ਦੁਕਾਨਦਾਰ ਵੀ ਉਹਤੋਂ ਮਾਲ ਖਰੀਦਦੇ। ਉਹ ਭਾਅ ਵੀ ਠੀਕ ਲਾਉਂਦਾ ਅਤੇ ਲੈਣ-ਦੇਣ ਦਾ ਵੀ ਖਰਾ ਸੀ। ਔਖ-ਸੌਖ ਵੇਲੇ ਉਹ ਲੋਕਾਂ ਦੇ ਕੰਮ ਆਉਣਾ ਵੀ ਆਪਣਾ ਫ਼ਰਜ਼ ਸਮਝਦਾ ਸੀ ਅਤੇ ਹੁਧਾਰ ਦੇ ਦਿੰਦਾ ਸੀ। ਹੁਧਾਰ ਉੱਤੇ ਸੂਦ ਲਾਉਣ ਦੇ ਸੰਬੰਧ ਵਿੱਚ ਵੀ ਉਹ ਲਹੂ-ਚੂਸ ਨਹੀਂ ਸੀ। ਕੁਲ ਮਿਲਾ ਕੇ ਉਹ ਇੱਜ਼ਤਦਾਰ ਤੇ ਭਲਾ ਆਦਮੀ ਸਮਝਿਆ ਜਾਂਦਾ ਸੀ। ਇਸ ਕਰਕੇ ਉਹਦੀ ਪੜਤ ਆਲ਼ੇ-ਦੁਆਲ਼ੇ ਦੂਰ-ਦੂਰ ਤਕ ਬਣੀ ਹੋਈ ਸੀ।
ਕਈ ਛੋਟੇ ਪਿੰਡ ਤਾਂ ਇੱਕ ਬਜ਼ੁਰਗ ਦੀ ਪੀੜ੍ਹੀ-ਦਰ-ਪੀੜ੍ਹੀ ਵਧੀ-ਫੁੱਲੀ ਔਲਾਦ ਨਾਲ ਹੀ ਵਸੇ ਹੋਏ ਹੁੰਦੇ ਸਨ। ਪਰ ਜੇ ਕਿਸੇ ਪਿੰਡ ਦੀ ਸਮਾਜਕ ਬਣਤਰ ਵੰਨਸੁਵੰਨੀ ਵੀ ਹੁੰਦੀ, ਤਾਂ ਵੀ ਉਹ ਸਭਿਆਚਾਰਕ, ਸੰਸਕਾਰੀ, ਭਾਈਚਾਰਕ ਤੇ ਜਜ਼ਬਾਤੀ ਪੱਖੋਂ ਇਕਸਾਰ ਤੇ ਇਕਰੂਪ ਹੀ ਹੁੰਦਾ। ਇੱਕ ਦੀ ਰਿਸ਼ਤੇਦਾਰੀ ਸਭ ਦੀ ਰਿਸ਼ਤੇਦਾਰੀ ਹੁੰਦੀ। ਖਾਸ ਕਰਕੇ ਧੀ ਨੂੰ ਤਾਂ ਸਾਰੇ ਪਿੰਡ ਦੀ ਧੀ ਹੀ ਸਮਝਿਆ ਜਾਂਦਾ। ਕੁਦਰਤੀ ਸੀ, ਜਦੋਂ ਉਹ ਵਿਆਹੀ ਜਾਂਦੀ, ਉਹਦਾ ਪਤੀ ਸਿਰਫ਼ ਉਸ ਘਰ ਦਾ ਜੁਆਈ ਹੋਣ ਦੀ ਥਾਂ ਪਿੰਡ ਦਾ ਜੁਆਈ ਅਖਵਾਉਂਦਾ। ਤੇ ਜਦੋਂ ਕੁੜੀ ਬਾਲ-ਬੱਚੇ ਵਾਲੀ ਹੋ ਜਾਂਦੀ, ਉਹਦੇ ਧੀਆਂ-ਪੁੱਤ ਪੂਰੇ ਪਿੰਡ ਲਈ ਦੋਹਤੀਆਂ-ਦੋਹਤੇ ਹੁੰਦੇ। ਜੁਆਈ ਲਈ ਸਤਿਕਾਰ ਤੇ ਦੋਹਤੇ-ਦੋਹਤੀ ਲਈ ਪਿਆਰ ਆਪਣੀ ਮਿਸਾਲ ਆਪ ਹੀ ਹੁੰਦਾ ਸੀ। ਉਹਦੇ ਸਹੁਰੇ ਘਰ ਕਿੰਨੀਆਂ ਵੀ ਦੁਧਾਰੂ ਮੱਝਾਂ-ਗਾਈਆਂ ਹੋਣ, ਜੁਆਈ ਲਈ ਆਂਢੀ-ਗੁਆਂਢੀ ਅਣਘਾਲ਼ੇ ਦੁੱਧ ਦੀ ਗੜਵੀ ਜ਼ਰੂਰ ਦੇ ਕੇ ਜਾਂਦੇ। ਦੋਹਤੇ-ਦੋਹਤੀ ਲਈ ਤਾਂ ਕੋਈ ਗੰਨਿਆਂ ਦੀ ਥੱਬੀ ਸੁੱਟ ਜਾਂਦਾ, ਕੋਈ ਮੱਕੀ ਦੀਆਂ ਛੱਲੀਆਂ ਦੀ ਝੋਲੀ ਦੇ ਜਾਂਦਾ।
ਉਦੋਂ ਸੜਕਾਂ ਹੈ ਨਹੀਂ ਸਨ। ਨਾ ਟਾਂਗਾ ਹੁੰਦਾ ਸੀ, ਨਾ ਬੱਸ। ਕੱਚੇ ਰਾਹੀਂ ਲੋਕ ਪੈਦਲ ਜਾਂਦੇ ਜਾਂ ਵਾਹੀ-ਖੇਤੀ ਵਾਲੇ ਬੋਤਿਆਂ ਅਤੇ ਬਲ੍ਹਦ-ਗੱਡਿਆਂ ਉੱਤੇ। ਸਰਦੇ-ਪੁੱਜਦੇ ਬੰਦੇ ਆਉਣ-ਜਾਣ ਵਾਸਤੇ, ਤੇ ਕਿਸੇ ਹੱਦ ਤਕ ਸ਼ਾਨ ਵਾਸਤੇ, ਘੋੜਾ ਜਾਂ ਘੋੜੀ ਰੱਖਦੇ। ਗੁਲਾਬੂ ਸੇਠ ਨੇ ਵੀ ਆਉਣ-ਜਾਣ ਲਈ ਘੋੜੀ ਰੱਖੀ ਹੋਈ ਸੀ। ਇੱਕ ਦਿਨ ਉਹ ਆਪਣੀ ਘੋੜੀ ਉੱਤੇ ਚੜ੍ਹਿਆ ਮੰਡੀ ਫੂਲ ਤੋਂ ਪਿੰਡ ਨੂੰ ਜਾ ਰਿਹਾ ਸੀ। ਕੁਛ ਦੂਰ ਜਾ ਕੇ ਉਹ ਪੈਦਲ ਜਾ ਰਹੇ ਇੱਕ ਨੌਜਵਾਨ ਨਾਲ ਜਾ ਮਿਲਿਆ। ਮੁੰਡੇ ਨੇ ਵਾਹਵਾ ਸ਼ੁਕੀਨੀ ਲਾਈ ਹੋਈ ਸੀ। ਕਿਤੇ ਰਿਸ਼ਤੇਦਾਰੀ ਵਿੱਚ ਚੱਲਿਆ ਲਗਦਾ ਸੀ। ਸ਼ੁਕੀਨੀ ਤਾਂ ਇਹ ਸੋਅ ਵੀ ਦਿੰਦੀ ਸੀ ਕਿ ਸ਼ਾਇਦ ਸਹੁਰੀਂ ਹੀ ਚੱਲਿਆ ਹੋਵੇ। ਮੁੰਡੇ ਦੀ ਟੌਹਰ ਦੇਖ ਕੇ ਗੁਲਾਬੂ ਨੇ ਕੁਛ ਮਖੌਲੀ ਰੰਗ ਵਿੱਚ ਪੁੱਛਿਆ, “ਦੌਲਤਖਾਨਾ ਕਿਹੜਾ ਹੈ ਜਵਾਨ ਦਾ?”
ਮੁੰਡੇ ਨੇ ਆਪਣੇ ਪਿੰਡ ਦਾ ਨਾਂ ਦੱਸ ਦਿੱਤਾ।
ਸੇਠ ਨੇ ਉਹਦੀ ਮੰਜ਼ਿਲ ਪੁੱਛੀ, “ਤਿਆਰੀ ਕਿੱਥੋਂ ਦੀ ਖਿੱਚੀ ਐ?”
ਮੁੰਡਾ ਬੋਲਿਆ, “ਐਹ ਗੁਲਾਬੂ ਕੀ ਮੰਡੀ ਜਾਣਾ ਹੈ।”
ਗੁਲਾਬੂ ਦਾ ਤੀਜਾ ਸਵਾਲ ਸੀ, “ਕੀ ਰਿਸ਼ਤੇਦਾਰੀ ਹੈ ਤੇਰੀ ਬਈ ਜੁਆਨਾ ਗੁਲਾਬੂ ਕੀ ਮੰਡੀ?”
ਉਹਨੇ ਜਵਾਬ ਦਿੱਤਾ, “ਮੈਂ ਜੀ ਗੁਲਾਬੂ ਕੀ ਮੰਡੀ ਦਾ ਜੁਆਈ ਹਾਂ।”
ਮੁੰਡੇ ਦੇ ਮੂੰਹੋਂ ‘ਗੁਲਾਬੂ ਕੀ ਮੰਡੀ ਦਾ ਜੁਆਈ’ ਸੁਣ ਕੇ ਗੁਲਾਬੂ ਦਾ ਮਖੌਲੀ ਰੰਗ ਝੱਟ ਗੰਭੀਰਤਾ ਵਿੱਚ ਬਦਲ ਗਿਆ। ਉਹ ਬੋਲਿਆ, “ਠਹਿਰ ਬਈ ਜੁਆਨਾ।” ਤੇ ਘੋੜੀ ਤੋਂ ਉੱਤਰ ਕੇ ਗੁਲਾਬੂ ਕਹਿੰਦਾ, “ਜੇ ਗੁਲਾਬੂ ਕੀ ਮੰਡੀ ਦਾ ਜੁਆਈ ਹੈਂ, ਫੇਰ ਤੂੰ ਪੈਦਲ ਨਾ ਜਾ, ਐਹ ਘੋੜੀ ਲੈ ਜਾ। ਮੈਂ ਆਪੇ ਪੈਦਲ ਆ ਜਾਊਂ। … ਜਾਣਾ ਕਿਹੜੇ ਘਰ ਐ?”
ਮੁੰਡੇ ਨੇ ਲਗਾਮ ਫੜਨੋਂ ਝਿਜਕਦਿਆਂ ਦੱਸਿਆ, “ਜੀ, ਪਰਤਾਪੇ ਰਵੀਦਾਸੀਏ ਦੇ।”
ਗੁਲਾਬੂ ਨੇ ਲਗਾਮ ਮੁੰਡੇ ਦੇ ਹੱਥ ਵਿੱਚ ਫੜਾਈ, “ਪਰਤਾਪ ਸਿਉਂ ਨੂੰ ਕਹੀਂ, ਘੋੜੀ ਸੇਠਾਂ ਦੇ ਘਰ ਦੇ ਆ।”
ਮੁੰਡਾ ਘੋੜੀ ਨੂੰ ਅੱਡੀ ਲਾ ਕੇ ਅੱਗੇ ਨਿੱਕਲ ਗਿਆ! ਗੁਲਾਬੂ ਸੇਠ ਪਿੱਛੇ-ਪਿੱਛੇ ਪੈਦਲ ਤੁਰ ਪਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3363)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)