“ਉੱਚੇ ਪਰਬਤ ਚੜ੍ਹ ਬੈਠੇ ਜੋ ... ਲਾਹ ਕੇ ਵਲੀ ਕੰਧਾਰੀ ਹੂੰਝੇ ... ਲੋਕਾਂ ਦਾ ਜੋ ਰੱਤ ਚੂਸਦੇ ... ਭਾਗੋ ਮਾਇਆਧਾਰੀ ਹੂੰਝੇ ...”
(5 ਅਪਰੈਲ 2022)
(ਭਦੌੜ ਤੋਂ ਤਦਕਾਲੀ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37, 550 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਉਣ ਵਾਲਾ ਆਮ ਆਦਮੀ ਪਾਰਟੀ ਦਾ ਜੇਤੂ ਲਾਭ ਸਿੰਘ ਉਗੋਕੇ ਦਿਹਾੜੀਦਾਰ ਪਿਤਾ ਅਤੇ 22 ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਸਫ਼ਾਈ-ਸੇਵਿਕਾ ਵਜੋਂ ਕੰਮ ਕਰ ਰਹੀ ਮਾਤਾ ਦਾ ਪੁੱਤਰ ਹੈ। ਆਪ ਉਹ ਪਿੰਡ ਵਿੱਚ ਹੀ ਮੋਬਾਇਲ ਫੋਨ ਮੁਰੰਮਤ ਕਰਨ ਦਾ ਕੰਮ ਕਰਦਾ ਸੀ। ਪੁੱਤਰ ਦੀ ਜਿੱਤ ਮਗਰੋਂ ਸਕੂਲ ਪਹੁੰਚਦਿਆਂ ਮਾਤਾ ਬਲਦੇਵ ਕੌਰ ਨੇ ਝਾੜੂ ਦੀ ਉਸਤਤ ਕਰਦਿਆਂ ਕਿਹਾ ਕਿ ਉਹ ਆਪਣਾ ਕੰਮ ਨਹੀਂ ਛੱਡੇਗੀ। ਮੇਰੀ ਇਹ ਕਵਿਤਾ ਉਸੇ ਨੂੰ ਸਮਰਪਿਤ ਹੈ।)
ਮਾਂ ਨੀ ਮਾਂ!
ਤੇਰੇ ਅੱਗੇ ਸੀਸ ਨਿਵਾਵਾਂ
ਮੱਥਾ ਟੇਕਾਂ, ਉਸਤਤ ਗਾਵਾਂ
ਉੱਚੇ ਹੋਣ ਦਾ ਕਰਨ ਦਿਖਾਵਾ
ਤੂੰ ਉਹਨਾਂ ਤੋਂ ਕਿੰਨੀ ਉੱਚੀ
ਮੁਸ਼ਕਿਆ ਸਾਰਾ ਤਾਣਾ-ਬਾਣਾ
ਸੋਚ ਹੈ ਤੇਰੀ ਕਿੰਨੀ ਸੁੱਚੀ/
ਤੇਰੀ ਥਾਂ ਕੋਈ ਹੋਰ ਜੇ ਹੁੰਦੀ
ਦੇਖ ਕੇ ਪੁੱਤਰ ਕੁਰਸੀ ਬੈਠਾ
ਝਾੜੂ ਸੁੱਟਦੀ, ਨੱਕ ਚੜ੍ਹਾਉਂਦੀ
ਹੱਥ ਝਾੜ ਕੇ ਆਖ ਸੁਣਾਉਂਦੀ
“ਸ਼ੁਕਰ ਹੈ ਇਹਤੋਂ ਪਿੱਛਾ ਛੁੱਟਿਆ!”
ਤੂੰ ਪਰ ਕਦਰ ਕਿਰਤ ਦੀ ਜਾਣੀ
ਤੂੰ ਉਹ ਸਿੱਖਿਆ ਚੇਤੇ ਰੱਖੀ
ਮਿੱਟੀ ਦੇ ਸੰਗ ਮਿੱਟੀ ਹੋ ਕੇ
ਗੋਡੀ ਕਰ ਕੇ ਤੇ ਹਲ਼ ਵਾਹ ਕੇ
ਬਾਬੇ ਨਾਨਕ ਜੋ ਸਮਝਾਈ
ਭਗਤੀ ਜੇ ਕੋਈ ਸਭ ਤੋਂ ਸੱਚੀ
ਉਹ ਹੈ ਹੱਥੀਂ ਕਿਰਤ ਕਮਾਈ/
ਤੇਰਾ ਝਾੜੂ ਨਿੱਤ ਸਵੇਰੇ
ਵਿੱਦਿਆ ਦੇ ਘਰ ਕੂੜਾ ਹੂੰਝੇ
ਕੰਮ ਮੁਕਾ ਕੇ ਨਾਲ ਤਸੱਲੀ
ਬਹਿ ਸੁਸਤਾਵੇ ਆਪਣੇ ਖੂੰਜੇ।
ਇੱਕ ਦਿਨ ਗੱਲ ਅਨੋਖੀ ਹੋਈ
ਦਿਸਿਆ ਕੰਧੋਂ ਪਾਰ ਦਾ ਕੂੜਾ
ਲੈ ਅੰਗੜਾਈ ਝਾੜੂ ਤੁਰਿਆ
ਜਿੱਧਰ ਦੇਖੇ ਕੂੜਾ ਹੀ ਕੂੜਾ
ਸੱਜੇ ਕੂੜਾ, ਖੱਬੇ ਕੂੜਾ
ਪਿੱਛੇ ਕੂੜਾ, ਅੱਗੇ ਕੂੜਾ
ਇੱਕ ਝਾੜੂ ਤੋਂ ਹੋ ਗਏ ਦੋ
ਦੋ ਤੋਂ ਚਾਰ ਤੇ ਚਾਰੋਂ ਅੱਠ …
ਆਖ਼ਰ ਨੂੰ ਪੰਜਾਬ ਵਿੱਚ ਸਾਰੇ
ਦਿਸਣ ਲੱਗਿਆ ਅਜਬ ਨਜ਼ਾਰਾ
ਜਿੱਥੇ ਕੂੜਾ-ਕਚਰਾ ਖਿੰਡਿਆ
ਤੇਰਾ ਝਾੜੂ ਹੂੰਝਾ ਫੇਰੇ।
ਤਵਾਰੀਖ਼ ਦੀ ਢੇਰੀ ਉੱਤੇ
ਹੋਏ-ਬੀਤੇ ਸੁੱਟਣ ਖ਼ਾਤਰ
ਬੜੇ ਬੜੇ ਬਲਕਾਰੀ ਹੂੰਝੇ।
ਉੱਚੇ ਪਰਬਤ ਚੜ੍ਹ ਬੈਠੇ ਜੋ
ਲਾਹ ਕੇ ਵਲੀ ਕੰਧਾਰੀ ਹੂੰਝੇ।
ਲੋਕਾਂ ਦਾ ਜੋ ਰੱਤ ਚੂਸਦੇ
ਭਾਗੋ ਮਾਇਆਧਾਰੀ ਹੂੰਝੇ।
ਫੜ ਕੇ ਬੰਦੇ ਚਾਰ ਉਠਾਉਂਦੇ
ਸੱਤਾ ਦਾ ਮੋਹ ਤਿਆਗ ਨਾ ਹੋਵੇ
ਝੰਡੀਦਾਰ ਖਿਡਾਰੀ ਹੂੰਝੇ।
ਵਿਰਸੇ ਦੇ ਵਿੱਚ ਆਈ ਕੁਰਸੀ
ਸੇਵਾ-ਸੇਵਾ ਕਹਿ ਕੇ ਕਰਦੇ
ਗੱਲਾਂ ਦੀ ਸਰਦਾਰੀ ਹੂੰਝੇ।
ਸਾਲਾ ਹੂੰਝਿਆ, ਜੀਜਾ ਹੂੰਝਿਆ
ਪਿਓ ਦਾ ਨਾਲ ਭਤੀਜਾ ਹੂੰਝਿਆ
ਜ਼ੋਰ ਸੀ ਰਿਸ਼ਤੇਦਾਰੀ, ਹੂੰਝੇ।
ਦਸ ਪੀੜ੍ਹੀਉਂ ਚੌਰ ਸੀ ਝੁਲਦੇ
ਹੱਕ ਰਾਜ ਦਾ ਜੱਦੀ-ਪੁਸ਼ਤੀ
ਕੱਟਿਆਂ ਦੇ ਵਿਉਪਾਰੀ ਹੂੰਝੇ।
ਕੋਈ ਸੰਤ ਤੇ ਕੋਈ ਬੀਬੀ
ਸਿੱਖੀ ਦੇ ਜੋ ਨਾਲ-ਨਾਲ ਸੀ
ਕਰਦੇ ਡੇਰੇਦਾਰੀ, ਹੂੰਝੇ।
ਭਾਂਡੇ ਖਾਲੀ ਖੜਕਣ ਵਾਲੇ
ਮੈਂ-ਮੈਂ ਤੇ ਬੱਸ ਮੈਂ ਹਾਂ ਇਕੋ
ਸਵੈ-ਥਾਪੇ ਧੁਜਧਾਰੀ ਹੂੰਝੇ।
ਜੂਠੀ ਥਾਲੀ ਖਾਵਣ ਵਾਲੇ
ਬਖ਼ਸ਼ੀ ਮੌਜ ਮਨਾਵਣ ਵਾਲੇ
ਚਾਪਲੂਸ ਦਰਬਾਰੀ ਹੂੰਝੇ।
ਮਾਂ ਨੀ ਮਾਂ
ਤੇਰਾ ਝਾੜੂ ਟੂਣੇਹਾਰਾ
ਇਹ ਹੈ ਅੱਲਾਦੀਨ ਦਾ ਦੀਵਾ
ਉਹ ਕੌਤਕ ਇਸ ਕਰ ਦਿਖਲਾਏ
ਜੋ ਨਾ ਕਿਸੇ ਨੇ ਸੁਪਨੇ ਸੋਚੇ
ਇਹਦੀ ਤਾਂ ਮੁੱਠ ਸੋਨੇ ਮੜ੍ਹੀਏ
ਇਹਦੀਆਂ ਤੀਲਾਂ ਝੋਲ ਚੜ੍ਹਾਈਏ
ਉੱਚੇ ਆਸਣ ਇਸ ਸਜਾਈਏ।
ਮਾਂ ਨੀ ਮਾਂ
ਹੁਣ ਪੰਜਾਬ ਅਸੀਸਾਂ ਲੋੜੇ
ਨਾਲ ਅਸੀਸਾਂ ਝੋਲ਼ੀ ਭਰ ਦੇ
ਪੰਜਾਬ ਨੂੰ ਇਹਦੀ ਸ਼ਾਨ ਮਿਲੇ!
ਪੰਜਾਬੀ ਨੂੰ ਰੱਜ ਮਾਣ ਮਿਲੇ!
ਰੋਲ਼ੀ ਗਈ ਪੰਜਾਬੀਅਤ ਨੂੰ
ਇਹਦੀ ਖਰੀ ਪਛਾਣ ਮਿਲੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3482)
(ਸਰੋਕਾਰ ਨਾਲ ਸੰਪਰਕ ਲਈ: