GurbachanBhullar7ਭਲੇ ਜ਼ਮਾਨੇ ਸਨ ਜਦੋਂ ਅਜੇ ਮਾੜੇ ਬੰਦਿਆਂ ਵਿੱਚ ਵੀ ਇਨਸਾਨੀਅਤ ਬਾਕੀ ਸੀ। ਹੁਣ ਦੀ ਬੁੱਧੀ ਅਨੁਸਾਰ ...
(19 ਅਪਰੈਲ 2022)
ਮਹਿਮਾਨ 327.

 

ਸਾਡੇ ਘਰੋਂ ਸਭ ਤੋਂ ਨੇੜੇ ਰਾਜਾ ਰਾਮ ਦੀ ਹੱਟੀ ਪੈਂਦੀ ਸੀਇਹ ਮੇਰੇ ਬਚਪਨ ਦੇ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਸ਼ਹਿਰੀ ਦੁਕਾਨਾਂ ਦਾ ਪੇਂਡੂ ਘਰਾਂ ਨਾਲ ਸਿੱਧਾ ਸੰਪਰਕ ਨਹੀਂ ਸੀ ਬਣਿਆਪੇਂਡੂ ਲੋਕ ਕਿਸੇ ਵਿਆਹ-ਸਾਹੇ ਦੀ ਖਰੀਦ ਕਰਨ ਸਮੇਂ ਜਾਂ ਥੋਕ ਵਿੱਚ ਕੁਛ ਖਰੀਦਣ ਦੀ ਲੋੜ ਪਈ ਤੋਂ ਜਾਂ ਫੇਰ ਪਿੰਡ ਦੀਆਂ ਦੁਕਾਨਾਂ ਵਿੱਚੋਂ ਕੋਈ ਚੀਜ਼ ਨਾ ਮਿਲਣ ਕਰਕੇ ਹੀ ਸ਼ਹਿਰ ਵੱਲ ਮੂੰਹ ਕਰਦੇ ਸਨਅਜਿਹੇ ਮੌਕੇ ਸਾਡੇ ਪਿੰਡ ਦੇ ਲੋਕ ਫੂਲ ਮੰਡੀ ਦਾ ਰੁਖ਼ ਕਰਦੇਸ਼ਹਿਰਾਂ ਨੂੰ ਓਦੋਂ ਮੰਡੀ ਹੀ ਕਿਹਾ ਜਾਂਦਾ ਸੀਉਹਨਾਂ ਦੀਆਂ ਰੋਜ਼-ਰੋਜ਼ ਦੀਆਂ ਸਾਧਾਰਨ ਲੋੜਾਂ ਪਿੰਡ ਦੀਆਂ ਦੁਕਾਨਾਂ ਪੂਰੀਆਂ ਕਰ ਦਿੰਦੀਆਂ ਸਨਅਜਿਹੀ ਦੁਕਾਨ ਨੂੰ ਹਟ ਜਾਂ ਹੱਟੀ ਕਿਹਾ ਜਾਂਦਾ ਸੀ

ਭਾਸ਼ਾਈ ਉਚਾਰਨ ਅਨੁਸਾਰ ਥੋੜ੍ਹੇ ਬਦਲੇ ਹੋਏ ਰੂਪ ਵਿੱਚ ਸ਼ਬਦ ਹਟ ਦੂਰ-ਦੂਰ ਤਕ ਵਰਤਿਆ ਜਾਂਦਾ ਹੈਦਿੱਲੀ ਵਿੱਚ, ਖਾਸ ਕਰ ਕੇ ਪ੍ਰੰਪਰਈ ਕਲਾਵਾਂ ਦੇ ਵਾਧੇ ਵਾਸਤੇ, ਸਰਕਾਰ ਨੇ ਕਈ ਥਾਂਈਂ ’ਦਿੱਲੀ ਹਾਟ’ ਖੋਲ੍ਹੀਆਂ ਹੋਈਆਂ ਹਨਬੰਗਾਲ ਦਾ ਜ਼ਿਕਰ ਚੱਲਿਆਂ ਹਾਟ ਅਕਸਰ ਹੀ ਸੁਣਨ ਵਿੱਚ ਆਉਂਦਾ ਹੈਦੁਕਾਨ ਜਾਂ ਮੰਡੀ ਨਾਲ ਲੁੱਟ ਦਾ ਭਾਵ ਜੁੜਿਆ ਹੋਇਆ ਹੈ, ਹਟ ਲੈਣ-ਦੇਣ ਦਾ, ਆਦਾਨ-ਪ੍ਰਦਾਨ ਦਾ ਸੱਭਿਆਚਾਰਕ ਸੰਕਲਪ ਸੀਇਸੇ ਕਰਕੇ ਭਾਈ ਵੀਰ ਸਿੰਘ ਨੇ ਦੁਕਾਨ ਜਾਂ ਮੰਡੀ ਨਹੀਂ, ਮਹਿਕ ਦੀ ਹਟ ਲਾਈ ਸੀ

ਸਾਡੇ ਪਿੰਡ ਵਿੱਚ ਰਾਜਾ ਰਾਮ ਦੀ ਵੀ ਹਟ ਹੀ ਸੀਹੁਣ ਜਦੋਂ ਮੈਂ ਉਸ ਸਮੇਂ ਰਾਜਾ ਰਾਮ ਦੀ ਹਟ ਤੋਂ ਅਤੇ ਕਿਸੇ ਸ਼ਹਿਰੀ ਦੁਕਾਨ ਤੋਂ ਕੀਤੀ ਖਰੀਦ ਯਾਦ ਕਰਦਾ ਹਾਂ, ਇੱਕ ਦਿਲਚਸਪ ਫ਼ਰਕ ਮਨ ਵਿੱਚ ਉੱਭਰਦਾ ਹੈ, ਰੂੰਗੇ ਦਾ ਫ਼ਰਕ, ਜਿਸ ਨੂੰ ਕਈ ਲੋਕ ਝੂੰਗਾ ਵੀ ਆਖਦੇ ਹਨ ਹਟ ਤੋਂ ਕੁਛ ਖਰੀਦਿਆਂ, ਮੰਗੇ ਤੋਂ ਬਿਨਾਂ, ਘੱਟ-ਵੱਧ ਖ਼ਰੀਦ ਅਨੁਸਾਰ ਹੀ ਖਾਣ ਵਾਲੀ ਕੋਈ ਚੀਜ਼ ਥੋੜ੍ਹੀ ਜਾਂ ਬਹੁਤੀ, ਸਸਤੀ ਜਾਂ ਮਹਿੰਗੀ ਮੁਫ਼ਤ ਮਿਲਦੀ ਸੀ, ਛੋਟੀਆਂ-ਛੋਟੀਆਂ ਮਿੱਠੀਆਂ ਗੋਲ਼ੀਆਂ, ਰਿਉੜੀਆਂ, ਪਤਾਸੇ, ਚੂਰਨ ਦੀਆਂ ਕਰਾਰੀਆਂ ਗੋਲੀਆਂ, ਅੰਬਾਂ ਦੀ ਰੁੱਤ ਵਿੱਚ ਛੋਟਾ ਜਿਹਾ ਚੂਸਣ ਵਾਲ਼ਾ ਅੰਬ ਵੀਇਸੇ ਨੂੰ ਰੂੰਗਾ ਕਿਹਾ ਜਾਂਦਾ ਸੀਜੇ ਕੋਈ ਕੰਜੂਸ ਬਾਣੀਆ ਰੂੰਗਾ ਹੱਥ ਘੁੱਟ ਕੇ ਦਿੰਦਾ, ਬੱਚੇ ਉਹਦੀ ਦੁਕਾਨ ਵਿੱਚ ਘੱਟ ਜਾਂਦੇਰਾਜਾ ਰਾਮ ਦਾ ਹੱਥ ਖੁੱਲ੍ਹਾ ਸੀ

ਮਗਰੋਂ ਜਦੋਂ ਉਮਰ ਸਾਡੀ ਮਾਸੂਮੀਅਤ ਖੋਹ ਲੈਂਦੀ ਹੈ, ਇਹ ਪਤਾ ਲੱਗ ਜਾਂਦਾ ਹੈ ਕਿ ਇਸ ’ਮੁਫ਼ਤ’ ਰੂੰਗੇ ਦਾ ਪੜਤਾ ਹਰੇਕ ਬਾਣੀਏ ਨੇ ਪਹਿਲਾਂ ਹੀ ਰੱਖ ਲਿਆ ਹੁੰਦਾ ਸੀਉਸ ਉਮਰੇ ਪਰ ਸਾਡੇ ਲਈ ਮੁਫ਼ਤ ਮਿਲਿਆ ਰੂੰਗਾ ਵੱਡੀ ਪ੍ਰਾਪਤੀ ਹੁੰਦਾ ਸੀਜੇ ਕੋਈ ਮੁੰਡਾ ਰੂੰਗਾ ਥੋੜ੍ਹਾ ਦੇਖ ਕੇ ਗਿਲਾ ਕਰਦਾ, “ਬੱਸ ਐਨਾ ਹੀ?” ਤਾਂ ਵੀ ਬਾਣੀਆ ਉਹਨੂੰ “ਚੱਲ ਭੱਜ ਇੱਥੋਂ” ਨਹੀਂ ਸੀ ਆਖਦਾ ਸਗੋਂ ਥੋੜ੍ਹਾ ਜਿਹਾ ਹੋਰ ਦੇ ਕੇ ਵਰਚਾ ਦਿੰਦਾਅਸਲ ਵਿੱਚ ਇਹ ਰੂੰਗਾ ਹੀ ਹੁੰਦਾ ਸੀ ਜੋ ਸਾਨੂੰ ਨਿਆਣਿਆਂ ਨੂੰ ਰਾਜਾ ਰਾਮ ਵਰਗਿਆਂ ਦੀਆਂ ਹੱਟਾਂ ਵੱਲ ਖਿੱਚਣ ਵਾਸਤੇ ਚੁੰਬਕ ਦਾ ਕੰਮ ਕਰਦਾ

ਇਸੇ ਕਾਰਨ ਜਦੋਂ ਖੇਡ ਵਿੱਚ ਮਗਨ ਕਿਸੇ ਮੁੰਡੇ ਨੂੰ ਮਾਂ ਆਖਦੀ, “ਵੇ ਮੁੰਡਿਆ, ਘਰੇ ਆ, ਕੰਮ ਐ।” ਉਹ ਨਾਬਰ ਹੋ ਜਾਂਦਾ, “ਮਾਂ ਤੂੰ ਆਪੇ ਕਰ ਲੈ ਆਬਦਾ ਕੰਮ-ਕੁੰਮ, ਮੈਂ ਨਹੀਂ ਆੜੀਆਂ ਤੋਂ ਗਾਲ੍ਹਾਂ ਲੈਂਦਾ ਖੇਡ ਵਿਚਾਲੇ ਛੱਡ ਕੇ!” ਪਰ ਜੇ ਮਾਂ ਆਖਦੀ, “ਵੇ ਮੁੰਡਿਆ, ਜਾਹ ਮੈਨੂੰ ਰਾਜੇ ਦੀ ਹਟ ਤੋਂ ਸੌਦਾ ਲਿਆ ਦੇ।” ਉਹ ਖਿੱਦੋ, ਖੂੰਡੀ, ਗੁੱਲੀ ਜਾਂ ਡੰਡਾ, ਜੋ ਕੁਛ ਵੀ ਹੱਥ ਵਿੱਚ ਹੁੰਦਾ, ਨਾਲ ਦੇ ਖੇਡਣ ਵਾਲਿਆਂ ਦੀ ਕੋਈ ਪਰਵਾਹ ਕੀਤੇ ਬਿਨਾਂ, ਉੱਥੇ ਹੀ ਸੁੱਟ ਕੇ “ਮੈਂ ਹੁਣੇ ਆਇਆ ਯਾਰ” ਆਖਦਾ ਅਤੇ ਮਾਂ ਮਗਰ ਤੁਰ ਪੈਂਦਾਉਹ ਝੋਲ਼ੀ ਵਿੱਚ ਦਾਣੇ ਪੁਆਉਂਦਾ ਅਤੇ ਹਟ ਨੂੰ ਭੱਜ ਲੈਂਦਾਦੋਵਾਂ ਵਾਰ ਦੇ ਰਵਈਏ ਵਿਚਲੇ ਫ਼ਰਕ ਦਾ ਕਾਰਨ ਰੂੰਗਾ ਹੀ ਹੁੰਦਾ ਸੀ

ਨਵੀਆਂ ਪੀੜ੍ਹੀਆਂ ਨੂੰ ਇਹ ਗੱਲ ਦੱਸਣੀ ਵੀ ਠੀਕ ਹੋਵੇਗੀ ਕਿ ਸਾਡੀ ਪੇਂਡੂ ਪੀੜ੍ਹੀ ਨਕਦ ਪੈਸਿਆਂ ਦੀ ਥਾਂ ਕੁੜਤੇ ਦੀ ਝੋਲ਼ੀ ਵਿੱਚ ਦਾਣੇ ਲੈ ਕੇ ਦੁਕਾਨ ਤੋਂ ਕੁਛ ਲੈਣ ਕਿਉਂ ਜਾਂਦੀ ਸੀਪੈਸਾ, ਜੋ ਦਰਮਿਆਨੀ ਜਮਾਤ ਦੀ ਹੇਠਲੀ ਪਰਤ ਕਹਾਉਂਦੇ ਬੰਦਿਆਂ ਵੱਲੋਂ ਵੀ ਅੱਜ ਬੇਕਿਰਕੀ ਨਾਲ ਪਾਣੀ ਵਾਂਗ ਵਹਾਇਆ-ਰੋੜ੍ਹਿਆ ਜਾਂਦਾ ਹੈ, ਓਦੋਂ ਇਸ ਪਰਤ ਨੂੰ ਵੀ ਬੜੀ ਮੁਸ਼ਕਲ ਨਾਲ ਹੱਥ ਆਉਂਦਾ ਸੀਹੁਣ ਤਾਂ ਸਕੂਲੀ ਵਿਦਿਆਰਥੀ ਘਰੋਂ ਮਿਲੇ ਹੋਏ ਜੇਬਖਰਚ ਵਜੋਂ ਸੌ-ਸੌ ਦੇ ਨੋਟ ਅਤੇ ਮੋਬਾਇਲ ਚਾਰਜ ਕਰਵਾਉਣ ਲਈ ਪੰਜ-ਪੰਜ ਸੌ ਦੇ ਨੋਟ ਚੁੱਕੀ ਫਿਰਦੇ ਹਨ, ਉਸ ਸਮੇਂ ਅਜਿਹੇ ਲੋਕ ਵੀ ਹੁੰਦੇ ਸਨ ਜਿਨ੍ਹਾਂ ਨੇ ਸੌ ਦਾ ਨੋਟ ਹੋਰਾਂ ਦੇ ਹੱਥਾਂ ਵਿੱਚ ਹੀ ਦੇਖਿਆ ਹੁੰਦਾ ਸੀ ਅਤੇ ਉਹਨਾਂ ਨੂੰ ਆਪਣੀ ਜੇਬ ਵਿੱਚ ਪਾਉਣਾ ਕਦੀ ਨਸੀਬ ਨਹੀਂ ਸੀ ਹੋਇਆ ਹੁੰਦਾਗ਼ਰੀਬਾਂ ਬਿਚਾਰਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ ਜਿਨ੍ਹਾਂ ਦੇ ਹੱਥ-ਪੱਲੇ ਨਾ ਓਦੋਂ ਕੁਛ ਸੀ, ਨਾ ਅੱਜ ਹੈ ਤੇ ਨਾ, ਸ਼ਾਇਦ, ਦਿਸਣਜੋਗ ਭਵਿੱਖ ਵਿੱਚ ਹੀ ਹੋਵੇਗਾ! ਪਰ ਹੁਣ ਇੱਕ ਰੁਪਏ ਦੀ ਇੱਜ਼ਤ ਇੰਨੀ ਕੁ ਰਹਿ ਗਈ ਹੈ ਕਿ ਅੱਜ ਅਣਖੀਲੇ ਮੰਗਤੇ ਵੀ ਇੱਕ ਰੁਪਏ ਦੀ ਭੀਖ ਲੈਣ ਤੋਂ ਇਨਕਾਰੀ ਹਨ

ਮੈਨੂੰ ਇੱਕ ਅਜੀਬ ਘਟਨਾ ਯਾਦ ਆਉਂਦੀ ਹੈਸਵਰਗਵਾਸੀ ਪੀ. ਏ. ਸੰਗਮਾ, ਜੋ ਮਗਰੋਂ ਲੋਕਸਭਾ ਦੇ ਸਪੀਕਰ ਬਣੇ, ਅਜੇ ਭਾਰਤ ਸਰਕਾਰ ਵਿੱਚ ਕਿਰਤ ਮੰਤਰੀ ਸਨਆਦਿਵਾਸੀਆਂ ਵਾਲੇ ਭੋਲ਼ੇ ਤੇ ਸਾਦੇ ਸੁਭਾਅ ਕਾਰਨ ਉਹ ਖੇਤਾਂ ਵਿੱਚ ਬਟੇਰੇ ਭਾਲਦੇ ਫਿਰਦੇ ਸ਼ਿਕਾਰੀਆਂ ਵਾਂਗ ਇੱਧਰ-ਉੱਧਰ ਬੰਦੂਕਾਂ ਸਿੰਨ੍ਹਦੇ ਕਾਲੇ ਪਟਕਿਆਂ ਵਾਲੇ ਅੰਗ-ਰੱਖਿਅਕ ਲੈ ਕੇ ਪਾਂ-ਪਾਂ ਦੇ ਕੰਨ-ਪਾੜਵੇਂ ਰੌਲ਼ੇ ਨਾਲ ਬਾਹਰ ਨਹੀਂ ਸਨ ਨਿੱਕਲਦੇ, ਸਾਧਾਰਨ ਬੰਦੇ ਵਾਂਗ ਤੁਰ ਪੈਂਦੇ ਇੱਕ ਦਿਨ ਦਿੱਲੀ ਵਿੱਚ ਉਹਨਾਂ ਦੀ ਕਾਰ ਲਾਲਬੱਤੀ ਕਾਰਨ ਰੁਕੀ ਤਾਂ ਖੁੱਲ੍ਹੀ ਖਿੜਕੀ ਵਿੱਚੋਂ ਇੱਕ ਮੰਗਤੇ ਨੇ ਹੱਥ ਵਧਾ ਦਿੱਤਾਸੰਗਮਾ ਜੀ ਬਟੂਏ ਵਿੱਚੋਂ ਇੱਕ ਰੁਪਏ ਦਾ ਨੋਟ ਕੱਢ ਕੇ ਉਹਦੀ ਹਥੇਲ਼ੀ ਉੱਤੇ ਧਰਨ ਲੱਗੇ ਤਾਂ ਮੰਗਤੇ ਨੇ ਝੱਟ ਹੱਥ ਪਿੱਛੇ ਖਿੱਚ ਲਿਆ ਅਤੇ ਆਪਣੇ ਠੂਠੇ ਵਿੱਚੋਂ ਦੋ ਦਾ ਨੋਟ ਚੁੱਕ ਕੇ ਉਹਨਾਂ ਵੱਲ ਵਧਾ ਦਿੱਤਾ

ਮੰਗਤੇ ਦੇ ਪੜ੍ਹਾਏ ਗੂੜ੍ਹ ਆਰਥਿਕਤਾ ਦੇ ਇਸ ਸਬਕ ਨਾਲ ਸੰਗਮਾ ਦੰਗ ਰਹਿ ਗਏ! ਅਗਲੇ ਦਿਨ ਉਹਨਾਂ ਨੇ ਇਹ ਘਟਨਾ ਲੋਕਸਭਾ ਵਿੱਚ ਸੁਣਾ ਕੇ ਕਿਹਾ, ਜਿਹੜੀ ਗੱਲ ਮੈਨੂੰ ਆਰਥਿਕਤਾ ਦੇ ਅੰਕੜੇ ਅਤੇ ਮਾਹਿਰ ਨਹੀਂ ਸਨ ਸਮਝਾ ਸਕੇ, ਉਹ ਇਸ ਘਟਨਾ ਨੇ ਸਮਝਾ ਦਿੱਤੀ ਹੈ ਕਿ ਬਿਚਾਰੇ ਰੁਪਏ ਨੂੰ ਤਾਂ ਹੁਣ ਪੁੱਛਦਾ ਹੀ ਕੋਈ ਨਹੀਂ! ਉਹਨਾਂ ਨੇ ਇਹ ਵਾਅਦਾ ਵੀ ਕੀਤਾ ਕਿ ਅਗਲੀ ਵਾਰ ਜਦੋਂ ਉਹ ਕਿਰਤ ਮੰਤਰੀ ਹੋਣ ਦੇ ਨਾਤੇ ਉਜਰਤਾਂ ਸੰਬੰਧੀ ਕਿਸੇ ਬੈਠਕ ਦੀ ਪ੍ਰਧਾਨਗੀ ਕਰਨਗੇ, ਉਹ ਜ਼ਰੂਰ ਕਿਰਤੀਆਂ ਦੀ ਉਜਰਤ ਵਧਾਉਣ ਦੇ ਹੱਕ ਵਿੱਚ ਭੁਗਤਣਗੇ ਜਿੱਥੇ ਅੱਜ ਮੰਗਤੇ ਰੁਪਏ ਦਾ ਨੋਟ ਲੈਣੋਂ ਇਨਕਾਰੀ ਹਨ, ਅਸੀਂ ਕੋਈ ਮੇਲਾ ਦੇਖਣ ਜਾਣ ਸਮੇਂ ਅੱਜ ਦੇ ਛੇ ਪੈਸਿਆਂ ਜਿੰਨਾ ਆਨਾ ਲੈ ਕੇ ਬਾਗੋਬਾਗ ਹੋ ਜਾਂਦੇ ਸੀ ਕਿਉਂਕਿ ਓਦੋਂ ਖਾਣ ਵਾਲੀ ਚੀਜ਼ ਆਨੇ ਦੇ ਚੌਥੇ ਹਿੱਸੇ, ਭਾਵ ਇੱਕ ਪੈਸੇ ਦੀ ਵੀ ਚੰਗੀ-ਖਾਸੀ ਮਿਲ ਜਾਂਦੀ ਸੀ

ਰਾਜਾ ਰਾਮ ਨੇਤਰਹੀਣ ਸੀਸੂਖ਼ਮ ਜਿਹੇ ਸਰੀਰ ਵਾਲ਼ਾ ਪਰ ਚੁਸਤ-ਫੁਰਤਉਹਦੇ ਚਿਹਰੇ ਉੱਤੇ ਮਾਤਾ ਦੇ ਮੱਧਮ-ਮੱਧਮ ਦਾਗ਼ ਸਨ ਜਿਸ ਨੇ ਉਹਦੀਆਂ ਅੱਖਾਂ ਨਸ਼ਟ ਕਰ ਕੇ ਬਿਲਕੁਲ ਜੋਤਹੀਣ ਬਣਾ ਦਿੱਤੀਆਂ ਸਨਉਹਦਾ ਵੇਸ ਸਿੱਖਾਂ ਵਾਲਾ ਸੀਸੂਖ਼ਮ ਜਿਹੀ ਅਣਛੋਹੀ ਸੱਸੀ ਦਾੜ੍ਹੀ, ਜੂੜੇ ਵਿੱਚ ਸਾਂਭੇ ਹੋਏ ਕੇਸਾਂ ਉੱਤੇ ਛੋਟੀ ਜਿਹੀ ਕੇਸਕੀ ਲਪੇਟੀ ਹੋਈ, ਸਿੱਖਾਂ ਵਾਲਾ ਕਛਹਿਰਾਓਦੋਂ ਨੇਤਰਹੀਣ ਬੱਚਿਆਂ ਨੂੰ, ਹੋਰ ਕੋਈ ਵੀ ਸਾਧਨ ਜਾਂ ਰਾਹ ਨਾ ਹੋਣ ਕਰਕੇ, ਗੁਰਦੁਆਰੇ ਭੇਜ ਦਿੱਤਾ ਜਾਂਦਾ ਸੀ, ਜਿੱਥੇ ਭਾਈ ਜੀ ਬਾਲਕ ਨੂੰ ਉਹਦੀ ਪ੍ਰਤਿਭਾ ਅਤੇ ਰੁਚੀ ਅਨੁਸਾਰ ਕੀਰਤਨ ਦੀ, ਨਹੀਂ ਤਾਂ ਫੇਰ ਢੋਲਕੀ ਜਾਂ ਬਾਜਾ ਬਜਾਉਣ ਦੀ ਸਿੱਖਿਆ ਦੇ ਦਿੰਦਾ ਸੀਇਸੇ ਕਰਕੇ ਕੀਰਤਨੀ ਮੰਡਲੀਆਂ ਵਿੱਚ ਅਕਸਰ ਹੀ ਸੂਰਮੇ ਦਿਸਦੇ ਸਨ ਅਤੇ ਅੱਜ ਵੀ ਦਿਸਦੇ ਹਨ

ਉਸ ਜ਼ਮਾਨੇ ਵਿੱਚ ਦੌਧਰ ਪਿੰਡ ਦਾ ਗੁਰਦੁਆਰਾ ਇਸ ਨੇਕ ਕਾਰਜ ਲਈ ਸਾਡੇ ਇਲਾਕੇ ਵਿੱਚ ਮਸ਼ਹੂਰ ਸੀਕੱਚੀ ਉਮਰੇ ਇੰਨੀ ਸਮਝ ਨਹੀਂ ਸੀ ਕਿ ਮੈਂ ਰਾਜਾ ਰਾਮ ਤੋਂ ਇਹ ਸਭ ਪੁੱਛ ਲੈਂਦਾਇਹ ਗੱਲ ਤਾਂ ਪੱਕੀ ਹੈ ਕਿ ਉਹ ਜ਼ਰੂਰ ਕਿਸੇ ਗੁਰਦੁਆਰੇ ਭੇਜਿਆ ਗਿਆ ਹੋਵੇਗਾਕੀਰਤਨ ਜਾਂ ਢੋਲਕੀ-ਬਾਜੇ ਦੀ ਸਿੱਖਿਆ ਉਹਨੇ ਲਈ ਕਿ ਨਹੀਂ, ਕੋਈ ਪਤਾ ਨਹੀਂ, ਪਰ ਕਿਸੇ ਕਾਰਨ ਉਹ ਕੀਰਤਨੀਆ ਜਾਂ ਸਾਜੀ ਬਣਿਆ ਨਹੀਂ ਸੀਹਾਂ, ਉਹਦਾ ਵੇਸ ਜ਼ਰੂਰ ਉਹਦੇ ਇਸ ਸਿੱਖਿਆ ਵਿੱਚੋਂ ਲੰਘੇ ਹੋਣ ਦੀ ਸ਼ਾਹਦੀ ਭਰਦਾ ਸੀਤੇ ਇਹ ਵੇਸ ਉਹਨੇ ਸਾਰੀ ਉਮਰ ਨਿਭਾਇਆ

ਮਨੁੱਖੀ ਇਤਿਹਾਸ ਵਿੱਚ ਅਨੇਕ ਨੇਤਰਹੀਣ (ਜਾਂ ਹੋਰ ਅੰਗਹੀਣ) ਹੋਏ ਹਨ ਜਿਨ੍ਹਾਂ ਨੇ ਅੰਗਾਂ ਵਾਲਿਆਂ ਨਾਲੋਂ ਵੱਡੇ ਕਾਰਨਾਮੇ ਕੀਤੇ ਹਨਅੱਜ ਵੀ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂਰਾਜਾ ਰਾਮ ਦਾ ਇੱਕ ਭਰਾ ਹੋਰ ਸੀ, ਉਸ ਤੋਂ ਵੱਡਾ ਰੰਗੀ ਰਾਮਉਹ ਬਾਲ-ਬੱਚੇ ਵਾਲ਼ਾ ਸੀ ਅਤੇ ਪੂਰਾ ਧੋਤੀ-ਬੰਨ੍ਹ ਨੱਤੀਆਂ ਵਾਲਾ ਬਾਣੀਆ ਸੀਰਾਜਾ ਰਾਮ ਦਾ, ਸਰੀਰਕ ਬੱਜ ਕਾਰਨ, ਅਣਵਿਆਹਿਆ ਰਹਿ ਜਾਣਾ ਕੁਦਰਤੀ ਸੀਮੰਡੀਉਂ ਸੌਦਾ-ਸੂਤ ਲਿਆਉਣ ਦਾ ਕੰਮ ਅਤੇ ਘਰ-ਕਬੀਲਦਾਰੀ ਦਾ ਹਰ ਰੁਝੇਵਾਂ ਰੰਗੀ ਰਾਮ ਦੇ ਜ਼ਿੰਮੇ ਸੀਵਿਹਲੇ ਵੇਲੇ ਉਹ ਹਟ ਵਿੱਚ ਆ ਤਾਂ ਬੈਠਦਾ ਪਰ ਇੱਕ ਗੋਡੇ ਉੱਤੇ ਦੂਜੀ ਲੱਤ ਰੱਖ ਕੇ ਮੌਜ ਨਾਲ ਗੱਦੀ ਉੱਤੇ ਅੱਧ-ਲਿਟਿਆ ਜਿਹਾ ਪਿਆ ਰਹਿੰਦਾ ਹਟ ਵਿੱਚ ਉਹਦੇ ਹੁੰਦਿਆਂ ਵੀ ਗਾਹਕਾਂ ਨੂੰ ਰਾਜਾ ਰਾਮ ਹੀ ਭੁਗਤਾਉਂਦਾ ਸੀਜੇ ਕੋਈ ਗਾਹਕ ਆਖ ਦਿੰਦਾ, “ਰੰਗੀ ਰਾਮਾ, ਜਦੋਂ ਤੂੰ ਹਾਜ਼ਰ ਹੈਂ, ਰਾਜਾ ਰਾਮ ਨੂੰ ਬੈਠਣ ਦੇਤੂੰ ਜੋਖ ਸੌਦਾ!” ਉਹ ਕੱਚਾ ਜਿਹਾ ਹੋ ਕੇ ਆਖਦਾ, “ਓ ਭਾਈ, ਰਾਜਾ ਰਾਮ ਦੀਆਂ ਰਾਜਾ ਰਾਮ ਹੀ ਜਾਣੇ! ਮੈਨੂੰ ਨਹੀਂ ਕੋਈ ਸਮਝ ਇਹਦੀਆਂ ਰੱਖੀਆਂ ਚੀਜ਼ਾਂ ਦੀ!”

ਭਲੇ ਜ਼ਮਾਨੇ ਸਨ ਜਦੋਂ ਅਜੇ ਮਾੜੇ ਬੰਦਿਆਂ ਵਿੱਚ ਵੀ ਇਨਸਾਨੀਅਤ ਬਾਕੀ ਸੀਹੁਣ ਦੀ ਬੁੱਧੀ ਅਨੁਸਾਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਜਿਹੀ ਨੌਬਤ ਕਦੀ ਨਹੀਂ ਆਈ ਹੋਵੇਗੀ ਜਦੋਂ ਕਿਸੇ ਗਾਹਕ ਨੇ ਰਾਜਾ ਰਾਮ ਨੂੰ ਗੱਲੀਂ ਲਾ ਕੇ ਹਟ ਤੋਂ ਕੋਈ ਚੀਜ਼ ਚੁੱਪ-ਚੁਪੀਤੇ ਜੇਬ ਵਿੱਚ ਪਾ ਲਈ ਹੋਵੇਕਿਸੇ ਨਿੱਘਰੇ ਹੋਏ ਬੰਦੇ ਨੇ ਵੀ ਕਦੀ ਇੰਨਾ ਨਿੱਘਰਨਾ ਠੀਕ ਨਹੀਂ ਸਮਝਿਆ ਹੋਵੇਗਾ!

ਜਦੋਂ ਕੋਈ ਗਾਹਕ ਰਾਜਾ ਰਾਮ ਦੀ ਤੱਕੜੀ ਵਿੱਚ ਦਾਣੇ ਪਾਉਂਦਾ, ਉਹ ਟੋਹ ਕੇ ਭਾਰ ਦਾ ਅੰਦਾਜ਼ਾ ਲਾਉਂਦਾ ਅਤੇ ਦੂਜੇ ਪੱਲੜੇ ਵਿੱਚ ਵੱਟੇ ਰੱਖਦਾਤੱਕੜੀ ਦਾ ਬੋਦਾ ਉਹ ਗੂਠੇ ਦੇ ਨਾਲ ਵਾਲੀ ਉਂਗਲ ਤੇ ਬੋਲ਼ੀ ਉਂਗਲ ਵਿੱਚ ਫੜਦਾ ਅਤੇ ਗੂਠੇ ਤੇ ਚੀਚੀ ਨਾਲ ਤੱਕੜੀ ਦੀ ਡੰਡੀ ਦੇ ਦੋਵੇਂ ਪਾਸੇ ਮਹਿਸੂਸਦਾ ਰਹਿੰਦਾਜਦੋਂ ਡੰਡੀ ਬਰਾਬਰ ਹੋ ਜਾਂਦੀ, ਉਹ ਗਾਹਕ ਦੀ ਤਸੱਲੀ ਲਈ ਗੂਠਾ ਤੇ ਚੀਚੀ ਹਟਾ ਕੇ ਤੱਕੜੀ ਦੀ ਡੰਡੀ ਦਿਖਾ ਦਿੰਦਾਉਹ ਗਾਹਕ ਨੂੰ ਦਾਣਿਆਂ ਦਾ ਭਾਅ ਦੱਸ ਕੇ ਪੈਸੇ ਦੱਸਦਾ ਅਤੇ ਉਹਨੂੰ ਪੁੱਛਦਾ ਕਿ ਉਹਨੇ ਕੀ-ਕੀ ਲੈਣਾ ਹੈਉਹਨੇ ਚੀਜ਼ਾਂ ਵਾਲੇ ਡੱਬੇ ਤੇ ਪੀਪੀਆਂ-ਪੀਪੇ ਆਪਣੇ ਹਿਸਾਬ ਨਾਲ ਹੀ ਰੱਖੇ ਹੋਏ ਸਨ ਅਤੇ ਉਹਨਾਂ ਸਭਨਾਂ ਦਾ ਉਹਨੂੰ ਚੇਤਾ ਸੀਉਹ ਜਿੱਥੋਂ ਕੁਛ ਚੁੱਕਦਾ, ਉੱਥੇ ਹੀ ਟਿਕਾ ਦਿੰਦਾਇਉਂ ਉਹ ਹਰ ਸੌਦਾ ਵੀ ਦਾਣਿਆਂ ਵਾਂਗ ਹੀ ਪੂਰਾ-ਪੂਰਾ ਜੋਖ ਦਿੰਦਾਰਾਜਾ ਰਾਮ ਦੀ ਯਾਦ-ਸ਼ਕਤੀ ਤਾਂ ਆਪਾਂ ਠੀਕ ਡੱਬੇ ਵਿੱਚੋਂ ਠੀਕ ਸੌਦਾ ਜੋਖਣ ਤੋਂ ਦੇਖ ਹੀ ਲਈ ਹੈ, ਅੱਖਾਂ ਵਾਲਿਆਂ ਤੋਂ ਵੱਡੀ ਉਹਦੀ ਸਮਰੱਥਾ ਦੀ ਜਿਹੜੀ ਕਥਾ ਤੁਹਾਨੂੰ ਹੁਣ ਸੁਣਾਉਣ ਲੱਗਿਆ ਹਾਂ, ਉਹ ਚੇਤੇ ਕਰ ਕੇ ਹਾਸਾ ਤਾਂ ਆਉਂਦਾ ਹੀ ਹੈ, ਉਹਦੇ ਭਰਾ, ਬਿਚਾਰੇ ਰੰਗੀ ਰਾਮ ਉੱਤੇ ਤਰਸ ਵੀ ਆਉਂਦਾ ਹੈ

ਓਦੋਂ ਸਾਡੇ ਇਲਾਕੇ ਵਿੱਚ ਕੱਕੇ ਰੇਤੇ ਦੇ ਟਿੱਬੇ ਹੁੰਦੇ ਜਿਨ੍ਹਾਂ ਉੱਤੇ ਕਿਸਾਨ ਦੀ ਮਾਲਕੀ ਤਾਂ ਹੁੰਦੀ ਪਰ ਪੈਦਾ ਉੱਕਾ ਹੀ ਕੁਛ ਨਹੀਂ ਸੀ ਹੁੰਦਾਟਿੱਬਿਆਂ ਦੀ ਭਰਮਾਰ ਕਾਰਨ ਤੇਜ਼ ਹਵਾ ਅਕਸਰ ਰੇਤਲੀ ਹਨੇਰੀ ਦਾ ਰੂਪ ਲੈ ਲੈਂਦੀਸਾਡੇ ਇਲਾਕੇ ਦੇ ਪਿੰਡ ਕਲਿਆਣਾਂ ਦੇ ਟਿੱਬੇ ਮਸ਼ਹੂਰ ਸਨਲੋਕ ਰੌਲ਼ਾ ਪਾਉਂਦੇ, “ਆ ਗਈ ਬਈ ਨ੍ਹੇਰੀ ਕਲਿਆਣਾਂ ਦੇ ਟਿੱਬਿਆਂ ਤੋਂ, ਚੀਜ਼-ਵਸਤ ਸਾਂਭੋ ਫਟਾਫਟ!” ਜਦੋਂ ਹਨੇਰੀ ਰੁਕਦੀ, ਉਹ ਵਿਹੜਿਆਂ ਵਿੱਚ ਕਲਿਆਣਾਂ ਦੇ ਟਿੱਬਿਆਂ ਤੋਂ ਲਿਆਂਦਾ ਹੋਇਆ ਕੱਕਾ ਰੇਤਾ ਵਿਛਾ ਚੁੱਕੀ ਹੁੰਦੀਸੁਆਣੀਆਂ ਇੱਕ ਦੂਜੀ ਨੂੰ ਆਖਦੀਆਂ, “ਨੀ ਭੈਣੇ, ਅੱਜ ਤਾਂ ਜਾਏ-ਖਾਣੀ ਨ੍ਹੇਰੀ ਨੇ ਦੋ ਬੱਠਲ ਰੇਤਾ ਵਿਹੜੇ ਵਿੱਚ ਲਿਆ ਸਿੱਟਿਆ!”

ਕਈ ਵਾਰ ਹਨੇਰੀ ਗਰਮੀਆਂ ਦੀ ਅੱਧੀ ਰਾਤ ਛੱਤਾਂ ਉੱਤੇ ਘੂਕ ਸੁੱਤੇ ਪਏ ਲੋਕਾਂ ਨੂੰ ਅਚਾਨਕ ਆ ਦੱਬਦੀਸਭ ਹੜਬੜਾ ਕੇ ਜਾਗਦੇ ਅਤੇ ਭਾਜੜਾਂ ਪੈ ਜਾਂਦੀਆਂਜੁਆਕ ਚੀਕ-ਚਿਹਾੜਾ ਪਾ ਦਿੰਦੇਜ਼ਨਾਨੀਆਂ ਉਡਦੇ ਜਾਂਦੇ ਲੀੜੇ-ਲੱਤੇ ਸਾਂਭਦੀਆਂਪੌੜੀਆਂ ਕਿਹੜਾ ਚੌੜੀਆਂ ਸੀਮਿੰਟੀ ਹੁੰਦੀਆਂ ਸਨਛੱਤ ਉੱਤੇ ਚੜ੍ਹਨ-ਉੱਤਰਨ ਲਈ ਕੰਧ ਨਾਲ ਬਾਂਸ ਦੀ ਪੌੜੀ ਲੱਗੀ ਹੋਈ ਹੁੰਦੀ ਸੀਬੰਦੇ ਦੇ ਭਾਰ ਨਾਲ ਉਹ ਲਚਕਣ ਲਗਦੀਇਉਂ ਲਚਕਦੀ-ਡੋਲਦੀ ਪੌੜੀ ਰਾਹੀਂ ਚੜ੍ਹਨਾ-ਉੱਤਰਨਾ ਵੱਖਰੀ ਮੁਸੀਬਤ ਹੁੰਦਾ

ਇੱਕ ਵਾਰ ਅਜਿਹੀ ਹੀ ਹਫੜਾ-ਦਫ਼ੜੀ ਵਿੱਚ ਗੁਆਂਢੀਆਂ ਨੇ ਹਨੇਰੀ ਦੇ ਖੜ੍ਹਕੇ-ਦੜਕੇ ਤੇ ਜੁਆਕਾਂ ਦੇ ਰੌਲ਼ੇ-ਰੱਪੇ ਦੇ ਬਾਵਜੂਦ ਰੰਗੀ ਰਾਮ ਦੀ ਤਰਲੇ-ਭਰੀ ਅੱਧ-ਰੋਣੀ ਆਵਾਜ਼ ਸੁਣੀ, “ਰਾਜਾ ਰਾਮਾ, ਤੂੰ ਮਗਰੋਂ ਉੱਤਰੀਂ, ਪਹਿਲਾਂ ਸਾਨੂੰ ਸਾਰਿਆਂ ਨੂੰ ਬਾਂਹੋਂ ਫੜ-ਫੜ ਪੌੜੀ ਉਤਾਰ!” ਹਨੇਰੀ ਦੀ ਮੁਸੀਬਤ ਵਿੱਚ ਵੀ ਗੁਆਂਢੀਆਂ ਦਾ ਹਾਸਾ ਨਿੱਕਲ ਗਿਆਮਗਰੋਂ ਲੋਕ ਛੇੜਦੇ, “ਰੰਗੀ ਰਾਮਾ, ਤੈਨੂੰ ਅੱਖਾਂ ਵਾਲੇ ਨੂੰ ਸੂਰਮਾ ਰਾਜਾ ਰਾਮ ਪੌੜੀ ਉਤਾਰਨਾ ਚਾਹੀਦਾ ਸੀ, ਤੂੰ ਉਲਟਾ ਉਹਦਾ ਆਸਰਾ ਭਾਲਦਾ ਸੀ!” ਉਹ ਕੱਚਾ ਜਿਹਾ ਹੋ ਕੇ ਆਖਦਾ, “ਓ ਭਾਈ, ਸਾਡੇ ਬਿਚਾਰੇ ਰਾਜਾ ਰਾਮ ਦੀ ਤਾਂ ਸਦਾ ਹੀ ਨ੍ਹੇਰੀ ਐਅਚਾਨਕ ਨ੍ਹੇਰੀ ਨੇ ਇਉਂ ਆ ਦੱਬੇ, ਸਾਨੂੰ ਤਾਂ ਪਤਾ ਹੀ ਕੁਛ ਨਾ ਲੱਗੇ, ਚੜ੍ਹਦਾ-ਛਿਪਦਾ ਪਾਸਾ ਕਿੱਧਰ ਐ ਤੇ ਪੌੜੀ ਕਿਸ ਪਾਸੇ ਐਸੱਚੀ ਗੱਲ ਐ, ਸਾਨੂੰ ਤਾਂ ਸਾਡੇ ਰਾਜਾ ਰਾਮ ਨੇ ਹੀ ਪਾਰ ਲਾਇਆ!”

ਰਾਜਾ ਰਾਮ ਦਾ ਵੇਸ ਤਾਂ ਜ਼ਰੂਰ ਸਿੱਖਾਂ ਵਾਲ਼ਾ ਸੀ ਪਰ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆਉਹਦਾ ਨਾਂ ਇਹੋ ਸੂਹ ਦਿੰਦਾ ਸੀਜੇ ਉਹ ਅੰਮ੍ਰਿਤਧਾਰੀ ਹੁੰਦਾ, ਉਹ ਰਾਜਾ ਰਾਮ ਦੀ ਥਾਂ ਰਾਜਾ ਸਿੰਘ, ਰਾਮ ਸਿੰਘ ਜਾਂ ਰਾਜਾ ਰਾਮ ਸਿੰਘ ਜਾਂ ਕੋਈ ਹੋਰ ਸਿੰਘ ਹੁੰਦਾਪਰ ਸੁਭਾਅ ਦੇ ਪੱਖੋਂ ਉਹ ਗੁਰਬਾਣੀ ਵਿੱਚ ਦੱਸੇ ਹੋਏ ਗੁਰਮੁਖ ਬੰਦੇ ਦਾ ਸਰੂਪ ਸੀਉਹ ਸ਼ਾਂਤ ਤੇ ਮਿੱਠ-ਬੋਲੜਾ ਸੀ ਅਤੇ ਬੁੱਢੇ ਤੋਂ ਲੈ ਕੇ ਬਾਲ ਤਕ ਇੱਕੋ ਜਿੰਨੀ ਨਿਮਰਤਾ ਤੇ ਅਪਣੱਤ ਨਾਲ ਪੇਸ਼ ਆਉਂਦਾਮੈਂ ਕਦੀ ਇੱਕ ਵਾਰ ਵੀ ਉਹਨੂੰ ਕਿਸੇ ਨਾਲ, ਗੁੱਸੇ ਹੋਣਾ ਤੇ ਝਗੜਨਾ ਤਾਂ ਇੱਕ ਪਾਸੇ, ਉੱਚੀ ਬੋਲਦਾ ਵੀ ਨਹੀਂ ਸੀ ਦੇਖਿਆ-ਸੁਣਿਆਉਹ ਮੇਰੇ ਚੇਤੇ ਵਿੱਚ ਵਸੇ ਹੋਏ ਉਹਨਾਂ ਬੰਦਿਆਂ ਵਿੱਚੋਂ ਹੈ ਜਿਨ੍ਹਾਂ ਦੀ ਜਦੋਂ ਯਾਦ ਆਉਂਦੀ ਹੈ, ਸਾਉਣ ਦੀ ਪਹਿਲੀ ਫ਼ੁਹਾਰ ਵਾਂਗ ਆਉਂਦੀ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3514)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author