GurbachanBhullar7ਫ਼ਿਲਮਾਂ ਵਿਚ ਅਜਿਹੀਆਂ ਸੂਖਮਤਾਵਾਂ ਇਹਨਾਂ ਨੂੰ ਇਕ ਵੱਡਾ ਫ਼ਿਲਮਸਾਜ਼ ਅਤੇ ਫ਼ਿਲਮੀ ਲੇਖਕ ਤਾਂ ਬਣਾਉਂਦੀਆਂ ਸਨਪਰ ...
(ਮਈ 21, 2016)


ਰਾਜਿੰਦਰ ਸਿੰਘ ਬੇਦੀ ਦੇ ਕਦਰਦਾਨ ਵੱਖ ਵੱਖ ਖੇਤਰਾਂ ਦੇ ਅਨੇਕ ਲੋਕ ਸਨ
ਪਰ ਉਹਨਾਂ ਦੇ ਇਕ ਖਾਸ ਕਦਰਦਾਨ ਰੂਹਾਨੀ ਮਿਸ਼ਨ ਵਾਲੇ ਸੰਤ ਕਿਰਪਾਲ ਸਿੰਘ ਜੀ ਸਨ। ਲੱਖਾਂ ਲੋਕ ਜਿਨ੍ਹਾਂ ਨੂੰ ਪੂਜਦੇ ਸਨ, ਉਹ ਬੇਦੀ ਨੂੰ ਅਦੁੱਤੀ ਪੁਰਸ਼ ਮੰਨਦੇ ਸਨ। ਪ੍ਰੋ. ਪ੍ਰੀਤਮ ਸਿੰਘ ਪੁਸਤਕ ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂਦੇ ਅੱਗੇ ਦਿੱਤੇ ਆਪਣੇ ਲੇਖ ਮੈਂ ਬੇਦੀ ਦਾ ਅਨੁਵਾਦਕ ਕਿਵੇਂ ਬਣਿਆਵਿਚ ਉਸ ਘੜੀ ਦਾ ਜ਼ਿਕਰ ਕਰਦੇ ਹਨ ਜਦੋਂ ਉਹ ਅਧਰੰਗ ਦੇ ਰੋਗੀ ਬੇਦੀ ਨੂੰ ਮਿਲਣ ਗਏ। ਉਹ ਉਹਨਾਂ ਦੇ ਕਥਨ ਮੈਨੂੰ ਕਿਸੇ ਗੁਰੂ, ਉਸਤਾਦ, ਕਿਸੇ ਦੀਖਿਆ ਦੀ ਭਾਲ ਨਹੀਂ ਕਿਉਂਕਿ ਹਰ ਬੰਦਾ ਆਪਣਾ ਗੁਰੂ ਆਪ ਹੀ ਹੋ ਸਕਦਾ ਹੈ ਅਤੇ ਆਪ ਹੀ ਚੇਲਾ ਵੀ, ਬਾਕੀ ਸਭ ਦੁਕਾਨਦਾਰੀ ਹੈਦਾ ਹਵਾਲਾ ਦੇ ਕੇ ਮੇਜ਼ ਉੱਤੇ ਅਤੇ ਕੰਧ ਉੱਤੇ ਸਜਾਈਆਂ ਸੰਤ ਕਿਰਪਾਲ ਸਿੰਘ ਦੀਆਂ ਤਸਵੀਰਾਂ ਦਾ ਜ਼ਿਕਰ ਕਰਦੇ ਹਨ ਅਤੇ ਸਿੱਟਾ ਕੱਢਦੇ ਹਨ, “ਸਰੀਰਵਾਦ, ਭੋਗਵਾਦ, ਬਿਲਾਸਵਾਦ, ਪਦਾਰਥਵਾਦ, ਸਭ ਪਿੱਛੇ ਰਹਿ ਗਏ ਸਨ। ਇਹਨਾਂ ਵਿੱਚੋਂ ਕੋਈ ਭਵਿੱਖ ਦਾ ਸਾਥ ਨਹੀਂ ਸੀ ਦੇ ਰਿਹਾ।  ਹੁਣ ਆਸ ਦੀ ਤੰਦ ਇੱਕੋ ਸੀ ਆਤਮਾ, ਸ਼ਾਇਦ? ਪਰਮ-ਆਤਮਾ, ਸ਼ਾਇਦ? ਤੇ ਸੰਤ ਕਿਰਪਾਲ ਸਿੰਘ ਹੁਰੀਂ ਮੱਲਾਹ ਸਨ, ਜੋ ਭਵਸਾਗਰ ਤੋਂ ਪਾਰ ਉਤਾਰਨ ਦਾ ਧਰਵਾਸ ਦੇ ਰਹੇ ਸਨ।ਮੇਰਾ ਖ਼ਿਆਲ ਹੈ, ਪ੍ਰੋ. ਪ੍ਰੀਤਮ ਸਿੰਘ ਇੱਥੇ ਅਣਚਾਹਿਆਂ ਹੀ ਬੇਦੀ ਨੂੰ ਗ਼ਲਤ ਰੰਗ ਵਿਚ ਪੇਸ਼ ਕਰ ਗਏ। ਮੇਰਾ ਲੱਖਣ ਹੈ ਕਿ ਜੇ ਉਹ ਬੇਦੀ ਸਾਹਿਬ ਤੋਂ ਪੁੱਛ ਲੈਂਦੇ ਅਤੇ ਉਹ ਦੱਸ ਸਕਦੇ ਹੁੰਦੇ ਤੇ ਦੱਸਣਾ ਚਾਹੁੰਦੇ ਹੁੰਦੇ, ਅਸਲ ਗੱਲ ਪ੍ਰੋ. ਸਾਹਿਬ ਸਾਹਮਣੇ ਉਜਾਗਰ ਹੋ ਜਾਂਦੀ।

ਇਹ ਸੱਚ ਹੈ ਕਿ ਬੇਦੀ ਜੀ ਦਾ ਸਾਰਾ ਪਰਿਵਾਰ ਸੰਤ ਕਿਰਪਾਲ ਸਿੰਘ ਜੀ ਦਾ ਸ਼ਰਧਾਲੂ ਸੀ, ਪਰ ਇਹ ਸੱਚ ਨਹੀਂ ਕਿ ਬੇਦੀ ਜੀ ਨੇ ਬਿਮਾਰੀ ਦੀ ਹਾਲਤ ਵਿਚ ਆਪਣੇ ਅੰਤ ਨੂੰ ਚਿਤਵਦੇ ਹੋਏ ਭਵਸਾਗਰ ਤੋਂ ਪਾਰ ਉਤਾਰਨ ਦੀ ਆਸ ਉਹਨਾਂ ਉੱਤੇ ਲਾਈ ਹੋਈ ਸੀ। ਇਹ ਗੱਲ ਸ਼ਾਇਦ ਬਹੁਤੇ ਲੋਕਾਂ ਨੂੰ ਅਜੀਬ ਲੱਗੇ ਪਰ ਸੰਤ ਜੀ ਦੀ ਨਜ਼ਰ ਵਿਚ ਬੇਦੀ ਇਕ ਅਸਾਧਾਰਨ ਮਨੁੱਖ ਸਨ ਅਤੇ ਉਹਨਾਂ ਨੂੰ ਸ਼ਰਾਬ, ਸਿਗਰਟ,ਮਾਸ ਤੇ ਪਾਨ ਸਮੇਤ ਪਰਵਾਨ ਸਨ। ਦੱਸਦੇ ਹਨ ਕਿ ਬੇਦੀ ਜਦੋਂ ਸੰਤ ਜੀ ਨੂੰ ਉਹਨਾਂ ਦੇ ਕਮਰੇ ਵਿਚ ਮਿਲਣ ਜਾਂਦੇ ਤਾਂ ਵੱਡੇ-ਵੱਡਿਆਂ ਦੇ ਆਉਣ ਸਮੇਂ ਬਿਰਾਜਮਾਨ ਰਹਿਣ ਵਾਲੇ ਸੰਤ ਜੀ ਇਹਨਾਂ ਨੂੰ ਖੜ੍ਹੇ ਹੋ ਕੇ ਜੀ-ਆਇਆਂ ਆਖਦੇ ਅਤੇ ਉਚੇਚੇ ਆਦਰ ਨਾਲ ਕੋਲ ਬਿਠਾਉਂਦੇ। ਇਕ ਵਾਰ ਉਹਦੀ ਬੇਵਸਾਹੀ ਅਤੇ ਕਲਾਹ-ਕਲੇਸ਼ ਬਾਰੇ ਜਾਣ ਕੇ ਸੰਤ ਜੀ ਨੇ ਬੇਦੀ ਦੀ ਪਤਨੀ ਨੂੰ ਕਿਹਾ, “ਇਹਨਾਂ ਦੀਆਂ ਅੱਖਾਂ ਵਿਚ ਦੇਖ ... ਕੁਝ ਦਿਸਿਆ?” ਉਹਨੇ ਸਿਰ ਮਾਰ ਦਿੱਤਾ। ਸੰਤ ਜੀ ਬੋਲੇ, “ਗਹੁ ਨਾਲ, ਨਜ਼ਰ ਟਿਕਾ ਕੇ ਦੇਖ ... ਕੁਝ ਦਿਸਿਆ?” ਉਹਨੇ ਫੇਰ ਸਿਰ ਮਾਰ ਦਿੱਤਾ। ਸੰਤ ਕਿਰਪਾਲ ਸਿੰਘ ਪਰੇਸ਼ਾਨ ਹੋ ਕੇ ਬੋਲੇ, “ਕਿੰਨੀ ਨਿਭਾਗੀ ਹੈਂ ਤੂੰ ਜਿਸ ਨੂੰ ਇਸ ਗਿਆਨੀ ਪੁਰਸ਼ ਦੀਆਂ ਅੱਖਾਂ ਦਾ ਅਲੌਕਿਕ ਤੇਜ਼ ਤੇ ਅਦੁਤੀ ਜਲੌ ਨਹੀਂ ਦਿਸਦਾ।ਸੰਤ ਕਿਰਪਾਲ ਸਿੰਘ ਦੀਆਂ ਤਸਵੀਰਾਂ ਸੰਤ-ਸ਼ਰਧਾਲੂ ਵਾਲੇ ਰਿਸ਼ਤੇ ਦੀ ਥਾਂ ਨਿਸਚੇ ਹੀ ਸ਼ਬਦਾਂ ਅਤੇ ਨਾਂਵਾਂ ਦੀ ਪਕੜ ਵਿਚ ਨਾ ਆਉਣ ਵਾਲੇ ਇਸ ਰਿਸ਼ਤੇ ਦੀਆਂ ਪ੍ਰਤੀਕ ਸਨ। ਬੇਦੀ ਤਾਂ ਸਾਰੀ ਉਮਰ ਭਵਸਾਗਰ ਵਿਚ ਹੀ ਡੁੱਬਦੇ-ਤਰਦੇ ਰਹੇ ਸਨ, ਆਖ਼ਰੀ ਸਮੇਂ ਉਹਨਾਂ ਨੇ ਭਵਸਾਗਰ ਦਾ ਭੈ ਕੀ ਮੰਨਣਾ ਸੀ!

ਹਰ ਕਲਾਕਾਰ ਸਾਹਮਣੇ ਅਜਿਹੀਆਂ ਨਿਰਣੇ ਦੀਆਂ ਘੜੀਆਂ ਆਉਂਦੀਆਂ ਹਨ ਜਦੋਂ ਉਹਨੂੰ ਇਸ ਦੁਬਿਧਾ ਵਿਚ ਪੈਣਾ ਪੈਂਦਾ ਹੈ ਕਿ ਉਹ ਲੋਕਾਂ ਦੀ ਬੁੱਧੀ ਦੇ ਹਾਣ ਦੀ ਬਣਾਉਣ ਲਈ ਆਪਣੀ ਕਲਾ ਨੂੰ ਹੇਠਾਂ ਡੇਗੇ ਜਾਂ ਫੇਰ ਆਸ ਦੇ ਉਲਟ ਲੋਕਾਂ ਤੋਂ ਇਹ ਆਸ ਕਰੇ ਕਿ ਉਹ ਉੱਚੇ ਉੱਠ ਕੇ ਉਹਦੀ ਕਲਾ ਦੇ ਹਾਣ ਦੇ ਬਣਨਗੇ। ਇਕ ਵਾਰ ਬੇਦੀ ਜੀ ਨੇ ਕਲਾ ਬਾਰੇ ਸਮਝੌਤਾ ਕਰਨ ਦੀ ਗਲਤੀ ਕੀਤੀ ਅਤੇ ਬਹੁਤ ਪਛਤਾਏ। ਉਹਨਾਂ ਨੇ ਗਰਮ ਕੋਟਫ਼ਿਲਮ ਦੇ ਨਿਰਮਾਣ ਵਿਚ ਜੁੜੇ ਆਪਣੇ ਸਾਥੀਆਂ ਦੀ, ਨਫ਼ਾ ਤਾਂ ਕਿਤੇ ਰਿਹਾ, ਘੱਟੋ-ਘੱਟ ਖਰਚਾ ਕੱਢਣ ਦੀ ਮਜਬੂਰੀ ਦੀ ਦਲੀਲ ਦੇ ਪ੍ਰਭਾਵ ਹੇਠ ਆ ਕੇ ਅੰਤ ਵੱਲ ਕੁਝ ਤਬਦੀਲੀਆਂ ਕਰ ਦਿੱਤੀਆਂ। ਕਾਫੀ ਸਮੇਂ ਮਗਰੋਂ, ਜਦੋਂ ਫ਼ਿਲਮ ਸਿਨਮਾ-ਘਰਾਂ ਵਿੱਚੋਂ ਉੱਤਰ ਚੁੱਕੀ ਸੀ, ਉਹਨਾਂ ਦੀ ਮਿੱਤਰ ਇਕ ਬਦੇਸੀ ਫ਼ਿਲਮ-ਆਲੋਚਕ ਭਾਰਤ ਆਈ ਅਤੇ ਉਹਨੇ ਗਰਮ ਕੋਟਦੇਖਣ ਦੀ ਇੱਛਾ ਪ੍ਰਗਟ ਕੀਤੀ। ਸੁਭਾਗ ਨਾਲ ਫ਼ਿਲਮ ਬੰਬਈ ਦੇ ਇਕ ਸਿਨਮੇ ਵਿਚ ਵਾਧੂ ਜਿਹੇ, ਸਵੇਰ ਦੇ ਨੌਂ ਵਜੇ ਵਾਲੇ ਸ਼ੋਅ ਵਿਚ ਚੱਲ ਰਹੀ ਸੀ। ਫ਼ਿਲਮ-ਆਲੋਚਕ ਬੜੇ ਗਹੁ ਨਾਲ ਫ਼ਿਲਮ ਦੇਖਦੀ ਰਹੀ ਅਤੇ ਬੇਦੀ ਸਾਹਿਬ ਬੜੇ ਗਹੁ ਨਾਲ ਉਹਦੇ ਚਿਹਰੇ ਦੇ ਪ੍ਰਤੀਕਰਮ ਦੇਖਦੇ ਰਹੇ। ਜਿੱਥੇ ਉਹਨਾਂ ਨੇ ਆਪਣੀ ਕਲਾ ਬਾਰੇ ਸਮਝੌਤਾ ਸ਼ੁਰੂ ਕੀਤਾ, ਉਸ ਇਸਤਰੀ ਨੇ ਆਪਣਾ ਸਿਰ ਖੁਰਕਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਮੂਲ ਕਹਾਣੀ ਦੇ ਅਸਲ ਸਾਹਿਤਕ ਅੰਤ ਤੋਂ ਵੱਖਰਾ ਸਮਝੌਤਾਬਾਜ਼ ਫ਼ਿਲਮੀ ਅੰਤ ਆਇਆ, ਉਹ ਆਲੋਚਕ ਆਪਣੇ ਜੁੰਡੇ ਪੁੱਟਣ ਲੱਗ ਪਈ ਅਤੇ ਬੋਲੀ, “ਬੇਦੀ, ਇਹ ਅੰਤ ਤੂੰ ਕੀਤਾ ਹੈ?” ਇਹਨਾਂ ਨੇ ਸ਼ੁਕਰ ਕੀਤਾ ਕਿ ਉਹਨੇ ਆਪਣੇ ਜੁੰਡੇ ਹੀ ਪੁੱਟੇ ਸਨ, ਇਹਨਾਂ ਦੇ ਨਹੀਂ, ਅਤੇ ਹੱਥ ਬੰਨ੍ਹ ਕੇ ਬੋਲੇ, “ਨਹੀਂ, ਮਾਦਾਮ, ਇਹ ਅੰਤ ਮੈਂ ਨਹੀਂ ਕੀਤਾ!

ਕਲਾ ਬਾਰੇ ਸਮਝੌਤਾ ਨਾ ਕਰਨ ਦੀ ਸਹੁੰ ਇਹਨਾਂ ਨੂੰ ਬਹੁਤ ਮਹਿੰਗੀ ਪਈ। ਇਹ ਉਹਨਾਂ ਮੂਰਖ ਲੋਕਾਂ ਦਾ ਕੀ ਕਰ ਸਕਦੇ ਸਨ ਜਿਨ੍ਹਾਂ ਨਾਲ ਦੁਨੀਆ ਭਰੀ ਪਈ ਹੈ। ਖ਼ੂਬਸੂਰਤ ਮਨੋਵਿਗਿਆਨਕ ਫ਼ਿਲਮ ਦਸਤਕਬਣੀ ਤਾਂ ਇਕ ਸੱਜਣ ਨੇ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ, “ਬੇਦੀ ਸਾਹਿਬ ਦਸ ਤੱਕ ਹੀ ਕਿਉਂ, ਬਾਰਾਂ ਤੱਕ ਜਾਂ ਚੌਦਾਂ ਤੱਕ ਕਿਉਂ ਨਹੀਂ?” ਇਹਨਾਂ ਦੀ ਦਾਦ ਦੇਣੀ ਬਣਦੀ ਹੈ ਕਿ ਇਹਨਾਂ ਨੇ ਇਹ ਸਵਾਲ ਸੁਣ ਕੇ ਵੀ ਉਪਰੋਕਤ ਕਲਾ-ਆਲੋਚਕ ਵਾਂਗ ਆਪਣੇ ਤੇ ਜਾਂ ਉਹਦੇ ਜੁੰਡੇ ਨਹੀਂ ਪੁੱਟੇ। ਸ਼ਾਇਦ ਇਸ ਲਈ ਕਿ ਉਹ ਜਾਣਦੇ ਸਨ ਕਿ ਮੂਰਖਾਂ ਨਾਲ ਲੁੱਝਣਾ ਨਹੀਂ ਚਾਹੀਦਾ ਕਿਉਂਕਿ ਉਹ ਅਕਲ ਦੀ ਘਾਟ ਦੇ ਪੱਖੋਂ ਪਾਗਲਾਂ ਤੋਂ ਵੀ ਅੱਗੇ ਲੰਘੇ ਹੋਏ ਹੁੰਦੇ ਹਨ।

ਆਪਣੀ ਇਸ ਧਾਰਨਾ ਦੀ ਪੁਸ਼ਟੀ ਲਈ ਉਹ ਇਕ ਲਤੀਫ਼ਾ ਸੁਣਾਇਆ ਕਰਦੇ ਸਨ। ਇਕ ਪਾਗਲਖਾਨੇ ਕੋਲੋਂ ਦੀ ਲੰਘਦੀ ਸੜਕ ਉੱਤੇ ਅਚਾਨਕ ਇਕ ਕਾਰ ਦੇ ਇਕ ਪਹੀਏ ਦੇ ਚਾਰੇ ਪੇਚ ਖੁੱਲ੍ਹ ਕੇ ਡਿੱਗ ਪਏ। ਡਰਾਈਵਰ ਨੇ ਕਿਵੇਂ ਨਾ ਕਿਵੇਂ ਦੁਰਘਟਨਾ ਹੋਣੋ ਤਾਂ ਬਚਾ ਲਈ ਪਰ ਪੱਤਾ-ਪੱਤਾ ਛਾਣ ਮਾਰਨ ਦੇ ਬਾਵਜੂਦ ਉਹਨੂੰ ਇਕ ਵੀ ਪੇਚ ਨਾ ਮਿਲਿਆ। ਜਦੋਂ ਉਹ ਮੱਥਾ ਫੜ ਕੇ ਭੁੰਜੇ ਹੀ ਬੈਠ ਗਿਆ ਤਾਂ ਪਾਗਲਖਾਨੇ ਦੀ ਖਿੜਕੀ ਦੇ ਸਰੀਆਂ ਪਿੱਛੇ ਮੌਜ ਨਾਲ ਬੈਠਾ ਇਹ ਸਭ ਕੁਝ ਦੇਖ ਰਿਹਾ ਇਕ ਪਾਗਲ ਬੋਲਿਆ, “ਛੱਡ ਪਰ੍ਹੇ ਉਹ ਚਾਰੇ ਪੇਚ, ਬਾਕੀ ਤਿੰਨਾਂ ਪਹੀਆਂ ਦਾ ਇਕ-ਇਕ ਪੇਚ ਉਤਾਰ ਲੈ, ਚਾਰੇ ਪਹੀਏ ਤਿੰਨ-ਤਿੰਨ ਪੇਚਾਂ ਨਾਲ ਪੂਰਾ ਕੰਮ ਦੇ ਦੇਣਗੇ।ਜਦੋਂ ਡਰਾਈਵਰ ਨੇ ਖੁਸ਼ੀ ਨਾਲ ਛਾਲ ਮਾਰ ਕੇ ਉਸ ਵੱਲ ਬੇਹੱਦ ਹੈਰਾਨੀ ਨਾਲ ਦੇਖਿਆ ਤਾਂ ਉਹ ਬੜੇ ਠਰ੍ਹੰਮੇ ਨਾਲ ਮੁਸਕਰਾਇਆ, “ਮੈਂ ਪਾਗਲ ਜ਼ਰੂਰ ਹਾਂ, ਤੇਰੇ ਵਾਂਗ ਮੂਰਖ ਨਹੀਂ।

ਜਿੱਥੇ ਉਪਰੋਕਤ ਪੜ੍ਹਿਆ-ਲਿਖਿਆ ਸੱਜਣ ਦਸਤਕਦੇ ਅਰਥ ਨਹੀਂ ਸਮਝ ਸਕਿਆ, ਉੱਥੇ ਆਮ ਫ਼ਿਲਮੀ ਦਰਸ਼ਕ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਸੀ ਕਿ ਉਹ ਫ਼ਿਲਮ ਦੀ ਅਤਿਅੰਤ ਸੂਖਮ ਕੇਂਦਰੀ ਗੱਲ ਨੂੰ ਪਛਾਣ ਲਵੇਗਾ। ਉਸੇ ਮਕਾਨ ਵਿਚ ਪਹਿਲਾਂ ਕਿਰਾਏਦਾਰ ਰਹਿ ਕੇ ਗਈ ਪੇਸ਼ਾਵਰ ਗਾਉਣ ਵਾਲੀ ਦੇ ਪੁਰਾਣੇ ਗਾਹਕ ਜਦੋਂ ਬੂਹੇ ਉੱਤੇ ਦਸਤਕ ਦਿੰਦੇ ਹਨ ਤਾਂ ਘੱਟ ਕਿਰਾਏ ਦੀ ਮਜਬੂਰੀ ਕਾਰਨ ਆਈ ਨਵੀਂ, ਘਰੇਲੂ ਕਿਸਮ ਦੀ ਕਿਰਾਏਦਾਰ ਲੰਮੇ ਸਮੇਂ ਤੱਕ ਉਹਨਾਂ ਨੂੰ ਮੋੜਦੀ ਰਹਿੰਦੀ ਹੈ। ਪਰ ਉਹਨੂੰ ਪਤਾ ਹੀ ਨਹੀਂ ਲਗਦਾ ਕਿ ਗੀਤ-ਸੰਗੀਤ ਦੇ ਇਕ ਪ੍ਰੇਮੀ ਵਲੋਂ ਬੂਹੇ ਉੱਤੇ ਦਿੱਤੀ ਦਸਤਕ ਕਦੋਂ ਦਿਲ ਦੀ ਦਸਤਕ ਬਣ ਜਾਂਦੀ ਹੈ ਅਤੇ ਉਹ ਉਹਨੂੰ ਆਦਰ ਨਾਲ ਬਿਠਾ ਕੇ ਆਪਣੀ ਆਵਾਜ਼ ਸੁਰ ਕਰਨ ਲਗਦੀ ਹੈ।

ਬੇਦੀ ਭਲੀਭਾਂਤ ਜਾਣਦੇ ਸਨ ਕਿ ਜਿਨ੍ਹਾਂ ਮੂਰਖਾਂ ਨਾਲ ਇਹ ਸੰਸਾਰ ਭਰਿਆ ਪਿਆ ਹੈ, ਉਹਨਾਂ ਦੀਆਂ ਧੱਕੇਸ਼ਾਹੀਆਂ ਅਤੇ ਨਾਇਨਸਾਫ਼ੀਆਂ ਕਾਰਨ ਸਿਆਣਿਆਂ ਨੂੰ ਪਾਗਲ ਬਣਨਾ ਪੈਂਦਾ ਹੈ। ਅਜਿਹੇ ਲੋਕਾਂ ਦਾ ਦਰਦ ਇਹਨਾਂ ਵਰਗਾ ਦਰਦ-ਵਿੰਨ੍ਹਿਆ ਕੋਮਲਭਾਵੀ ਵਿਅਕਤੀ ਹੀ ਸਮਝ ਸਕਦਾ ਅਤੇ ਉਜਾਗਰ ਕਰ ਸਕਦਾ ਸੀ। ਇਸੇ ਕਰਕੇ ਇਹਨਾਂ ਨੇ ਫ਼ਿਲਮ ਫ਼ਾਗੁਨਵਿਚ ਇਕ ਪੂਰੇ ਦੇ ਪੂਰੇ ਪਾਗਲਖਾਨੇ ਦੇ ਪਾਗਲ ਆਪਣੇ ਪਾਤਰ ਬਣਾ ਲਏ। ਜਿਹੜਾ ਦਰਸ਼ਕ-ਸਮੂਹ ਬੇਦੀ ਵਰਗੇ ਹੀ ਇਕ ਹੋਰ ਕੋਮਲਭਾਵੀ ਫ਼ਿਲਮਸਾਜ਼ ਰਾਜ ਕਪੂਰ ਦੀ ਫ਼ਿਲਮ ਮੇਰਾ ਨਾਮ ਜੋਕਰਦੇ ਜੋਕਰ ਦੀ ਅਥਾਹ ਪੀੜ ਨੂੰ ਪ੍ਰਗਟਾਉਣ ਲਈ ਧਾਰਾਂ ਬਣਾ ਕੇ ਵਗਾਏ ਗਏ ਅੱਥਰੂਆਂ ਨੂੰ ਦੇਖ ਕੇ ਮੂਰਖਾਂ ਵਾਂਗ ਹੱਸਦਾ ਹੈ, ਉਹਨੇ ਫ਼ਾਗੁਨਦੇ ਪਾਗਲਾਂ ਦੀ ਅੰਦਰਲੀ ਪੀੜ ਨੂੰ ਪਛਾਣਨ ਦੀ ਥਾਂ ਉਹਨਾਂ ਦੀਆਂ ਬਾਹਰਲੀਆਂ ਹਰਕਤਾਂ ਦੇਖ ਕੇ ਮੂਰਖਾਂ ਵਾਂਗ ਉਹਨਾਂ ਨੂੰ ਟਿੱਚਰਾਂ ਕੀਤੀਆਂ। ਤੇ ਉਹਨਾਂ ਦੇ ਸਫਲਸੰਬੰਧੀਆਂ-ਮਿੱਤਰਾਂ ਦਾ ਇਹ ਕਹਿਣਾ ਬਿਲਕੁਲ ਸੁਭਾਵਿਕ ਸੀ ਕਿ ਇਹਨਾਂ ਪਾਗਲ ਪਾਤਰਾਂ ਦੇ ਦ੍ਰਿਸ਼ਾਂ ਉੱਤੇ ਜੋ ਲੱਖਾਂ ਰੁਪਏ ਖਰਚੇ ਹਨ, ਉਹਨਾਂ ਨਾਲ ਗਿੱਲੀ ਸਾੜ੍ਹੀ ਵਾਲਾ ਕੋਈ ਲਟਕ-ਮਟਕ ਨਾਚ ਫ਼ਿਲਮਾਉਂਦੇ ਤਾਂ ਫ਼ਿਲਮ ਵਣਜੀ ਪੱਖੋਂ ਫ਼ਿਹਲ ਨਾ ਹੁੰਦੀ।

ਫ਼ਿਲਮਾਂ ਵਿਚ ਅਜਿਹੀਆਂ ਸੂਖਮਤਾਵਾਂ ਇਹਨਾਂ ਨੂੰ ਇਕ ਵੱਡਾ ਫ਼ਿਲਮਸਾਜ਼ ਅਤੇ ਫ਼ਿਲਮੀ ਲੇਖਕ ਤਾਂ ਬਣਾਉਂਦੀਆਂ ਸਨ, ਪਰ ਵਣਜੀ ਅਸਫਲਤਾਵਾਂ ਮਾਇਕ ਮੁਸ਼ਕਲਾਂ ਵਿਚ ਬੁਰੀ ਤਰ੍ਹਾਂ ਉਲਝਾ ਦਿੰਦੀਆਂ ਸਨ। ਪ੍ਰਮੁੱਖ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਨਾਲ ਵੱਡੇ ਬਜਟ ਦੀ ਫ਼ਿਲਮ ਹੋਣ ਕਰਕੇ ਫ਼ਾਗੁਨਨੇ ਤਾਂ ਉਹਨਾਂ ਨੂੰ ਬੱਸ ਤੋੜ-ਭੰਨ ਹੀ ਦਿੱਤਾ। ਵੈਸੇ ਫ਼ਾਗੁਨਦੀ ਵਣਜੀ ਅਸਫਲਤਾ ਦਾ ਇਕ ਲਾਭ ਵੀ ਹੋਇਆ। ਬੇਦੀ ਜੀ ਦੀ ਅੰਤਲੀ ਨਾਮੁਰਾਦ ਅਤੇ ਜਾਨਲੇਵਾ ਬੀਮਾਰੀ ਇਸ ਫ਼ਿਲਮ ਦੀ ਲਾਈ ਹੋਈ ਮਾਇਕ ਸੱਟ ਦੇ ਸਿਰ ਪੈ ਗਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸੱਟ ਬੜੀ ਸਖ਼ਤ ਸੀ ਪਰ, ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਜਦੋਂ ਬੇਦੀ ਜੀ ਨੂੰ ਅਧਰੰਗ ਦਾ ਇਹ ਦੌਰਾ ਪਿਆ, ਪਿਆਰ ਦਾ ਦਾਅਵਾ ਕਰ ਕੇ ਉਹਨਾਂ ਦੇ ਜੀਵਨ ਵਿਚ ਪ੍ਰਵੇਸ਼ ਕਰਨ ਵਾਲੀ ਕੁੜੀ ਉਹਨਾਂ ਨੂੰ ਤੱਤੀਆਂ-ਠੰਢੀਆਂ ਸੁਣਾ ਰਹੀ ਸੀ। ਇਹ ਸੱਚ ਅਤੇ ਭੇਤ ਤਾਂ ਰੱਬ ਹੀ ਜਾਣਦਾ ਹੈ ਕਿ ਉਹਨਾਂ ਦੀ ਬੀਮਾਰੀ ਦਾ ਕਾਰਨ ਫ਼ਿਲਮ ਦੀ ਅਸਫਲਤਾ ਸੀ ਜਾਂ ਕੁੜੀ ਦੀ ਤਕਰਾਰ, ਜਾਂ ਫੇਰ ਦੋਵੇਂ ਗੱਲਾਂ ਕਿਸ ਅਨੁਪਾਤ ਵਿਚ ਕਾਰਨ ਬਣੀਆਂ।

*****

(293)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author