“ਦੇਸ ਦੀ ਵੰਡ ਵੇਲੇ ਜਦੋਂ ਪੰਜਾਬੀ ਆਪਣੇ ਹੀ ਕਹਿਰ ਦੇ ਸ਼ਿਕਾਰ ਹੋਏ, ਵਲੀ ਦੀ ਇਹੋ ਜੀਵਨ-ਦਾਤੀ ਸਿਫ਼ਤ ...”
(26 ਫਰਵਰੀ 2022)
ਇਸ ਸਮੇਂ ਮਹਿਮਾਨ: 51.
ਮੇਰੇ ਬਚਪਨ ਵੇਲੇ ਪਿੰਡਾਂ ਵਿੱਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿੱਚ ਪੇਂਡੂ ਘਰਾਂ ਵਿੱਚ ਤੰਦਰੁਸਤੀ ਦਾ ਮੁੱਖ ਆਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ, ਜੋ ਹੁਣ ਕੀ ਪੇਂਡੂ ਤੇ ਕੀ ਸ਼ਹਿਰੀ, ਹਰ ਬੰਦੇ ਦੀਆਂ ਲਹੂ-ਨਾੜੀਆਂ ਵਿੱਚ ਵੜੀ ਬੈਠੀ ਦੱਸੀ ਜਾਂਦੀ ਹੈ, ਸ਼ਹਿਰਾਂ ਵਿੱਚ ਤਾਂ ਭਾਵੇਂ ਮਾੜਾ-ਮੋਟਾ ਪ੍ਰਵੇਸ਼ ਕਰ ਚੁੱਕੀ ਹੋਵੇ, ਪਿੰਡਾਂ ਦੇ ਲੋਕਾਂ ਦੀ ਸਖ਼ਤ ਸਰੀਰਕ ਮਿਹਨਤ-ਮੁਸ਼ੱਕਤ ਤੇ ਸਰਗਰਮ ਰਹਿਤਲ ਤੋਂ ਡਰਦੀ ਫਿਰਨੀ ਦੇ ਅੰਦਰ ਨਹੀਂ ਸੀ ਆਉਂਦੀ। ਜਿਸ ਉਮਰ ਵਿੱਚ ਬੰਦੇ ਨੂੰ ਹੁਣ ਡਾਕਟਰ ਅਣਚੋਪੜੀ ਰੋਟੀ ਖਾਣ ਲਾ ਦਿੰਦੇ ਹਨ, ਉਸ ਉਮਰ ਨੂੰ ਪਹੁੰਚਿਆ ਹਰ ਪੇਂਡੂ ਬਜ਼ੁਰਗ ਆਪਣੇ ਪਰਿਵਾਰ ਨੂੰ ਆਖਦਾ, “ਬਈ ਸਿਆਲ ਆ ਗਿਆ। ਮੈਂਨੂੰ ਤਾਂ ਵੇਲੇ-ਸਿਰ ਪੰਸੇਰੀ ਘਿਓ ਵਿੱਚ ਅਲਸੀ, ਮੇਥੇ, ਜਮਾਇਣ ਤੇ ਹੋਰ ਸਭ ਸਮਗਰੀ ਪਾ ਕੇ ਪਿੰਨੀਆਂ ਬਣਾ ਦਿਓ।” ਉਹ ਗਰਮ-ਗਰਮ ਅਣਘਾਲੇ ਦੁੱਧ ਨਾਲ ਪਿੰਨੀ ਛਕਦਾ ਤਾਂ ‘ਬਲੌਕੇਜ’ ਹੋਣ ਦੀ ਥਾਂ ਨਾੜਾਂ ਵਿੱਚ ਲਹੂ ਖੇਤ ਵਾਲੇ ਹਲਟ ਦੇ ਪਾਣੀ ਵਾਂਗ ਬੇਰੋਕ ਵਗ ਤੁਰਦਾ!
ਘਰ-ਘਰ ਮੱਝਾਂ-ਗਊਆਂ ਹੁੰਦੀਆਂ ਸਨ। ਆਮ ਕਰ ਕੇ ਵੱਗ ਮੱਝਾਂ ਦੇ ਨਹੀਂ, ਗਊਆਂ ਦੇ ਹੀ ਛਿੜਦੇ। ਸ਼ਾਇਦ ਇਹਦਾ ਕਾਰਨ ਤੁਰਨ-ਫਿਰਨ ਦੇ ਪੱਖੋਂ ਗਊਆਂ ਦੇ ਮੁਕਾਬਲੇ ਮੱਝਾਂ ਦਾ ਬਹੁਤ ਸੁਸਤ ਚਾਲ ਵਾਲੀਆਂ ਹੋਣਾ ਸੀ। ਗਊਆਂ ਇੰਨੀਆਂ ਚੁਸਤ ਹੁੰਦੀਆਂ ਕਿ ਉਹਨਾਂ ਦੀ ਭੱਜ-ਭਜਾਈ ਨੂੰ ਤਾਂ ਲਲਕਾਰੇ ਮਾਰ ਕੇ ਤੇ ਡਾਂਗ ਦਿਖਾ ਕੇ ਮੱਠੀ ਕਰਨਾ ਪੈਂਦਾ।
ਪਿੰਡ ਦੇ ਬਾਹਰ ਕੋਈ ਖੁੱਲ੍ਹੀ ਥਾਂ ਗਊਆਂ ਇਕੱਠੀਆਂ ਕਰਨ ਲਈ ਮਿਥ ਲਈ ਜਾਂਦੀ। ਸਵੇਰੇ-ਸਵੇਰੇ ਲੋਕ ਆਪਣੀਆਂ ਗਊਆਂ ਉੱਥੇ ਛੱਡ ਆਉਂਦੇ। ਰੋਜ਼ ਦੀ ਆਦਤ ਪਈ ਹੋਣ ਕਰਕੇ ਉਹ ਬਿਨਾਂ ਕਿਸੇ ਸੰਗਲ-ਰੱਸੇ ਤੋਂ ਆਰਾਮ ਨਾਲ ਖਲੋਤੀਆਂ ਰਹਿੰਦੀਆਂ। ਕੋਈ ਨਾ ਕੋਈ ਬੰਦਾ ਪੁੰਨ ਦਾ ਕੰਮ ਸਮਝ ਕੇ ਪਹਾੜੀ ਲੂਣ, ਜਿਸ ਨੂੰ ਉਹਦੀਆਂ ਸਭ ਖਾਣਾਂ ਪਾਕਿਸਤਾਨ ਦੇ ਇਲਾਕੇ ਵਿੱਚ ਹੋਣ ਕਾਰਨ ਹੁਣ ਪਾਕਿਸਤਾਨੀ ਲੂਣ ਕਿਹਾ ਜਾਂਦਾ ਹੈ, ਦਾ ਵੱਡਾ ਸਾਰਾ ਡਲਾ ਉੱਥੇ ਇੱਕ ਪਾਸੇ ਕਿਸੇ ਪਿੱਪਲ-ਬੋਹੜ ਦੀ ਜੜ੍ਹ ਕੋਲ ਰੱਖ ਦਿੰਦਾ। ਇਸ ਲੂਣ ਦੇ ਬਾਰਾਂ-ਪੰਦਰਾਂ ਸੇਰ ਦੇ ਡਲੇ ਮਿਲਣੇ ਆਮ ਗੱਲ ਸੀ। ਕੋਈ ਗਊ ਆਉਂਦੀ ਤੇ ਡਲੇ ਉੱਤੇ ਲੰਮੀ ਜੀਭ ਮਾਰ ਕੇ ਵਾਪਸ ਜਾ ਖਲੋਂਦੀ। ਕਹਿੰਦੇ ਸਨ, ਇਉਂ ਲੂਣ ਚੱਟਣ ਨਾਲ ਉਹਨਾਂ ਦਾ ਹਾਜ਼ਮਾ ਠੀਕ ਰਹਿੰਦਾ ਹੈ।
ਜਦੋਂ ਵਾਗੀ ਨੂੰ ਲਗਦਾ, ਗਊਆਂ ਲਗਭਗ ਸਭ ਆ ਗਈਆਂ ਹਨ, ਉਹ ਉਹਨਾਂ ਨੂੰ ਤੋਰ ਲੈਂਦਾ। ਹੁਣ ਵਾਂਗ ਚੱਪਾ ਚੱਪਾ ਭੋਏਂ ਉਦੋਂ ਵਾਹੀ ਹੇਠ ਨਹੀਂ ਸੀ ਆਈ। ਹਰੇਕ ਪਿੰਡ ਵਿੱਚ ਭੋਏਂ ਦੇ ਨਿੱਜੀ ਜਾਂ ਸਾਂਝੇ ਅਨੇਕ ਟੋਟੇ ਕੁਦਰਤ ਦੀ ਕਿਰਪਾ ਨਾਲ ਹਰੇ-ਕਚੂਰ ਘਾਹ-ਬੂਟ ਦੇ ਭਰੇ ਹੋਏ ਹੁੰਦੇ। ਇਹਦੇ ਨਾਲ ਹੀ ਤੁਰਨ-ਫਿਰਨ ਤੇ ਮੂੰਹ ਮਾਰਨ ਵਾਸਤੇ ਅਗਲੀ ਫ਼ਸਲ ਬੀਜਣ ਖ਼ਾਤਰ ਖਾਲੀ ਛੱਡੇ ਹੋਏ ਖੇਤ ਹੁੰਦੇ। ਵਾਗੀ ਅਜਿਹੇ ਥਾਂਈਂ ਉਹਨਾਂ ਨੂੰ ਰੋਕਦਾ-ਚਾਰਦਾ ਪਿਛਲੇ ਪਹਿਰ ਤਕ ਲਈ ਫਿਰਦਾ।
ਮੁੜਨ ਦਾ ਵੇਲਾ ਹੋਇਆ ਦੇਖ ਉਹ ਉਹਨਾਂ ਨੂੰ ਪਿੰਡ ਦੇ ਰਾਹ ਪਾ ਲੈਂਦਾ ਤੇ ਘਰੋ-ਘਰ ਪਹੁੰਚਦੀਆਂ ਕਰ ਦਿੰਦਾ। ਸਗੋਂ ਵਾਗੀ ਨੇ ਉਹਨਾਂ ਨੂੰ ਘਰ ਕੀ ਪੁੱਜਦਿਆਂ ਕਰਨਾ ਸੀ, ਪਿੰਡ ਦੇ ਨੇੜੇ ਆ ਕੇ ਉਹ ਦਿਨ-ਭਰ ਦੀ ਆਗਿਆਪਾਲਤਾ ਛੱਡ ਕੇ ਵਾਗੀ ਤੋਂ ਬਾਗ਼ੀ ਹੋ ਜਾਂਦੀਆਂ ਅਤੇ ਉਹਦੀ ਡਾਂਗ ਤੇ ਲਲਕਾਰ ਭੁੱਲ ਕੇ ਆਪੇ ਹੀ ਘਰਾਂ ਵੱਲ ਭੱਜ ਲੈਂਦੀਆਂ। ਖਾਸ ਕਰ ਕੇ ਥੱਕਣ ਦੇ ਡਰੋਂ ਜਾਂ ਗਊ ਨਾਲ ਬਾਹਰ ਜਾ ਕੇ ਦੁੱਧ ਚੁੰਘ ਜਾਣ ਦੇ ਡਰੋਂ ਘਰ ਰੱਖੇ ਵੱਛੇ-ਵੱਛੀ ਵਾਲੀ ਗਾਂ ਦਾ ਭੱਜਣਾ ਤਾਂ ਮਸ਼ਹੂਰ ਸੀ। ਜੇ ਕੋਈ ਬੰਦਾ ਕਾਹਲੀ-ਕਾਹਲੀ ਘਰ ਨੂੰ ਜਾ ਰਿਹਾ ਹੁੰਦਾ, ਕੋਈ ਨਾ ਕੋਈ ਟਿੱਚਰ ਕਰਦਾ, “ਕੀ ਗੱਲ? ਖ਼ੈਰ ਹੈ, ਵੱਛਰੂ ਵਾਲੀ ਗਾਂ ਵਾਂਗ ਘਰ ਨੂੰ ਭੱਜਿਆ ਜਾਂਦਾ ਹੈ?”
ਪਿੰਡਾਂ ਵਿੱਚ ਘੜੀਆਂ-ਘੰਟੇ ਆਮ ਨਹੀਂ ਸਨ ਹੁੰਦੇ। ਆਮ ਕੀ, ਸਮਝੋ ਹੁੰਦੇ ਹੀ ਨਹੀਂ ਸਨ। ਘੜੀ ਜਾਂ ਤਾਂ ਪੈਨਸ਼ਨੀਏ ਫੌਜੀਆਂ ਕੋਲ ਹੁੰਦੀ ਜਾਂ ਫੇਰ ਮੀਰਾਬ ਕੋਲ ਜੋ ਪਿੰਡ ਦਾ ਹੀ ਕੋਈ ਬੰਦਾ ਹੁੰਦਾ ਅਤੇ ਘੱਟ-ਵੱਧ ਜ਼ਮੀਨ ਦੇ ਹਿਸਾਬ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੰਡ ਕਰਦਾ। ਮੀਰਾਬ ਅਸਲ ਵਿੱਚ ਮੀਰ-ਆਬ ਦਾ ਸਰਲ ਬਣਾਇਆ ਰੂਪ ਸੀ, ਭਾਵ ਪਾਣੀ ਦਾ ਅਧਿਕਾਰੀ। ਆਮ ਲੋਕ ਸਮਾਂ ਕਿਸੇ-ਨਾ-ਕਿਸੇ ਘਟਨਾ ਨਾਲ ਜੋੜ ਕੇ ਹੀ ਦੱਸਦੇ। ਜਿਸ ਵੇਲੇ ਵੱਗ ਪਿੰਡ ਮੁੜਦਾ, ਉਹਨੂੰ ਵੱਗਾਂ-ਵੇਲਾ ਆਖਦੇ। ਕੋਈ ਕੁੱਕੜ ਦੀ ਪਹਿਲੀ ਬਾਂਗ, ਦੂਜੀ ਬਾਂਗ ਦਾ ਵੇਲਾ ਹੁੰਦਾ। ਕੋਈ ਚਿੜੀਆਂ ਦੇ ਚੂਕਣ ਦਾ ਵੇਲਾ ਹੁੰਦਾ ਜਿਸਦਾ ਜ਼ਿਕਰ ਆਪਣੇ ਵਾਰਿਸ ਸ਼ਾਹ ਨੇ ਕੀਤਾ ਹੈ, “ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ।” ਇਉਂ ਹੀ ਤੌੜੀਆਂ ਵੇਲਾ, ਭੱਠੀਆਂ ਵੇਲਾ, ਦੀਵੇ-ਬੱਤੀ ਦਾ ਵੇਲਾ ਤੇ ਹੋਰ ਵੇਲੇ ਹੁੰਦੇ।
ਸਮਾਜਕ-ਸੱਭਿਆਚਾਰਕ ਪੱਖੋਂ ਚੇਤੇ ਰੱਖਣ ਵਾਲੀ ਇੱਕ ਅਹਿਮ ਤੇ ਦਿਲਚਸਪ ਗੱਲ ਇਹ ਹੈ ਕਿ ਵਾਗੀ ਆਮ ਕਰ ਕੇ ਮੁਸਲਮਾਨ ਭਰਾ ਹੀ ਹੁੰਦੇ ਅਤੇ ਉਹ ਵੱਗ ਦੀਆਂ ਗਊਆਂ ਨੂੰ ਬੜੇ ਪਿਆਰ ਨਾਲ ਰੋਹੀਆਂ-ਬੰਨਿਆਂ ਵਿੱਚ ਫੇਰ-ਚਾਰ ਕੇ ਲਿਆਉਂਦੇ। ਭਾਵੇਂ ਇੰਨੇ ਡੰਗਰਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਤੇ ਕਿਸਾਨਾਂ ਦੀਆਂ ਪੈਲ਼ੀਆਂ ਵਿੱਚ ਵੜਨੋਂ ਰੋਕਣ ਵਾਸਤੇ ਉਹਨਾਂ ਕੋਲ ਲੰਮੀ ਡਾਂਗ ਹੁੰਦੀ, ਉਹ ਵਾਹ ਲਗਦੀ ਗਊਆਂ ਉੱਤੇ ਇਹਦੀ ਵਰਤੋਂ ਨਹੀਂ ਸਨ ਕਰਦੇ। ਪਸ਼ੂ ਵੀ ਉਹਨਾਂ ਦੀ ਲਲਕਾਰ ਤੇ ਝਾੜ-ਝੰਬ ਨੂੰ ਹੀ ਸਮਝ ਜਾਂਦੇ ਸਨ।
ਸਾਡੇ ਪਿੰਡ ਨਿੱਕਾ ਵਾਗੀ ਵੱਗ ਛੇੜਦਾ ਹੁੰਦਾ ਸੀ। ਧਰਮ ਦੇ ਪੱਖੋਂ ਉਹ ਮੁਸਲਮਾਨ ਸੀ। ਉਹਦਾ ਘਰ ਥੋੜ੍ਹਾ ਜਿਹਾ ਹਟਵਾਂ ਸਾਡੇ ਘਰ ਦੇ ਲਗਭਗ ਸਾਹਮਣੇ ਹੀ ਸੀ। ਉਹਦੀ ਮਾਂ, ਹਾਤੋ ਅੰਮਾ, ਬਹੁਤ ਸਿਆਣੀ ਤੇ ਅਨੁਭਵੀ ਦਾਈ ਸੀ। ਮੈਂ ਤੇ ਮੇਰੇ ਹਾਣੀ ਅਤੇ ਸਾਥੋਂ ਪਹਿਲੇ ਤੇ ਪਿਛਲੇ ਅਨੇਕ ਕੁੜੀਆਂ-ਮੁੰਡੇ ਉਹਦੀ ਦਾਈਗੀਰੀ ਨੇ ਹੀ ਇਸ ਸੰਸਾਰ ਵਿੱਚ ਲਿਆਂਦੇ ਸਨ।
ਹਰੇਕ ਵਾਗੀ ਨੂੰ ਗਊ ਸੁਆਉਣ ਦਾ ਤਜਰਬਾ ਹੋ ਜਾਣਾ ਕੁਦਰਤੀ ਸੀ। ਦਰਜਨਾਂ ਗਊਆਂ ਵਿੱਚੋਂ ਕਦੀ ਨਾ ਕਦੀ ਵੱਗ ਵਿੱਚ ਗਈ ਕਿਸੇ ਗਊ ਦੇ ਵੱਛਰੂ ਪੈਦਾ ਹੋ ਹੀ ਜਾਂਦਾ। ਇਹ ਕਾਰਜ ਵਾਗੀ ਹੀ ਨਿਭਾਉਂਦੇ। ਜਦੋਂ ਵੱਗ ਪਿੰਡ ਮੁੜਦਾ, ਨਵਾਂ ਜਨਮਿਆ ਵੱਛੀ-ਵੱਛਾ ਬੜੇ ਲਾਡ ਨਾਲ ਵਾਗੀ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੁੰਦਾ ਤੇ ਗਾਂ ਉਹਦੀਆਂ ਅੱਡੀਆਂ ਮਿੱਧਦੀ ਮਗਰ-ਮਗਰ ਤੁਰੀ ਆਉਂਦੀ। ਘਰ-ਵਾਲੇ ਖ਼ੁਸ਼ ਹੋ ਕੇ ਆਪਣੀ ਇੱਛਾ ਅਨੁਸਾਰ ਉਹਨੂੰ ਗੁੜ, ਆਟਾ, ਖੱਦਰ-ਖੇਸ ਤੇ ਰੁਪਇਆ-ਧੇਲੀ ਦੇ ਦਿੰਦੇ।
ਕਈ ਵਾਰ ਪੈਦਾ ਹੋਣ ਵਾਲ਼ਾ ਵੱਛਰੂ ਆਪਣੇ ਹੀ ਨਾੜੂਏ ਵਿੱਚ ਉਲਝਿਆ ਹੋਇਆ ਹੁੰਦਾ। ਬਹੁਤੇ ਵਾਗੀ ਪੁਸ਼ਤ-ਦਰ-ਪੁਸ਼ਤ ਦੀ ਸਿਖਲਾਈ ਅਤੇ ਅਭਿਆਸ ਸਦਕਾ ਅਜਿਹੀ ਹਾਲਤ ਨਾਲ ਸਿੱਝਣ ਦੇ ਸਮਰੱਥ ਵੀ ਹੋ ਜਾਂਦੇ। ਉਹ ਗਊ ਦੇ ਸਰੀਰ ਦੇ ਅੰਦਰ ਹੱਥ ਪਾ ਕੇ ਸਹਿਜੇ-ਸਹਿਜੇ ਵੱਛਰੂ ਦੁਆਲਿਉਂ ਨਾੜੂਆ ਲਾਹੁੰਦੇ ਤੇ ਗਾਂ-ਵੱਛਰੂ, ਦੋਵਾਂ ਦੀ ਜਾਨ ਬਚਾ ਲੈਂਦੇ।
ਘਰੇ ਬੈਠੇ ਗੱਲਾਂ ਕਰਦਿਆਂ ਇੱਕ ਦਿਨ ਨਿੱਕੇ ਵਾਗੀ ਤੋਂ ਤੁਰੀ ਗੱਲ ਇੱਕ ਅਜਿਹੇ ਵਾਗੀ ਤਕ ਪੁੱਜ ਗਈ ਜਿਸ ਬਾਰੇ ਜਾਣ ਕੇ ਮੈਂ ਜਿੰਨਾ ਹੈਰਾਨ ਉਦੋਂ ਹੋਇਆ ਸੀ, ਉੰਨਾ ਹੀ ਅੱਜ ਵੀ ਹਾਂ। ਤੇ ਉਸ ਸਾਹਮਣੇ ਜਿੰਨਾ ਸਿਰ ਉਦੋਂ ਝੁਕਿਆ ਸੀ, ਅੱਜ ਵੀ ਉੰਨਾ ਹੀ ਝੁਕਦਾ ਹੈ। ਇਹ ਪਿੰਡ ਬੀਲ੍ਹਾ ਦਾ ਵਾਗੀ ਵਲੀ ਖਾਂ ਸੀ। ਨਹਿਰ ਸਰਹੰਦ ਦੇ ਕਿਨਾਰੇ ਸ਼ਹਿਣੇ ਤੋਂ ਉਤਾਂਹ ਦੇ ਇਸ ਪਿੰਡ ਵਿੱਚ ਮੇਰਾ ਵੱਡਾ ਭਾਈ ਵਿਆਹਿਆ ਹੋਇਆ ਸੀ ਅਤੇ ਵਲੀ ਖਾਂ ਦੀ ਇਹ ਅਨੋਖੀ ਕਹਾਣੀ ਮੇਰੀ ਭਾਬੀ ਨੇ ਸੁਣਾਈ ਸੀ।
ਵਾਗੀ ਹੋਣ ਕਰਕੇ ਉਹਨੂੰ ਵੱਛੀਆਂ-ਵੱਛੇ ਇਸ ਦੁਨੀਆ ਵਿੱਚ ਲਿਆਉਣ ਦਾ ਲੰਮਾ ਪੁਸ਼ਤੈਨੀ ਅਨੁਭਵ ਸੀ। ਸੁਭਾਵਿਕ ਸੀ ਕਿ ਇਸ ਵਿੱਚ ਜਨਮ ਸਮੇਂ ਨਾੜੂਏ ਵਿੱਚ ਉਲਝੇ ਵੱਛੀਆਂ-ਵੱਛੇ ਵੀ ਸ਼ਾਮਲ ਸਨ। ਮਨੁੱਖ ਅਤੇ ਪਸ਼ੂਆਂ ਦੀ ਸਰੀਰਕ ਬਣਤਰ ਤਾਂ ਆਖ਼ਰ ਇੱਕੋ ਹੀ ਹੈ। ਜਿਹੋ ਜਿਹੇ ਉਲਝੇਵੇਂ ਦੀ ਗੱਲ ਅਸੀਂ ਗਊਆਂ ਦੀ ਕੀਤੀ ਹੈ, ਕੁਦਰਤੀ ਹੈ, ਇਹੋ ਜਿਹੇ ਉਲਝੇਵੇਂ ਜ਼ੱਚਗੀ ਵੇਲੇ ਕੁਛ ਇਸਤਰੀਆਂ ਨੂੰ ਵੀ ਪੈ ਜਾਂਦੇ ਹਨ। ਹੁਣ ਅਜਿਹੀਆਂ ਮੁਸ਼ਕਿਲਾਂ ਵੇਲੇ ਸਹਾਈ ਹੋਣ ਲਈ ਉੱਚੀ ਤੋਂ ਉੱਚੀ ਸਿਖਲਾਈ ਅਤੇ ਜੋਗਤਾ ਵਾਲੀਆਂ ਗਾਇਨਾਕਾਲੋਜਿਸਟ ਡਾਕਟਰ ਹਨ। ਨੇੜੇ-ਨੇੜੇ ਸਰਕਾਰੀ ਜਾਂ ਨਿੱਜੀ ਹਸਪਤਾਲ ਹਨ। ਪਿੰਡਾਂ ਨੂੰ ਉਹਨਾਂ ਨਾਲ ਜੋੜਨ ਵਾਸਤੇ ਸੜਕਾਂ ਹਨ ਅਤੇ ਮਰੀਜ਼ ਨੂੰ ਲੈ ਕੇ ਜਾਣ ਲਈ ਕਾਰਾਂ ਤੇ ਐਂਬੂਲੈਂਸਾਂ ਹਨ। ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਿਆ ਹਾਂ, ਦੂਰ-ਦੂਰ ਤਕ ਗਾਇਨਾਕਾਲੋਜਿਸਟ ਤਾਂ ਕੀ, ਸਾਧਾਰਨ ਡਾਕਟਰ ਵੀ ਨਹੀਂ ਸਨ ਹੁੰਦੇ। ਨਾ ਸੜਕਾਂ ਸਨ ਤੇ ਨਾ ਗੱਡੀਆਂ। ਲਗਭਗ ਹਰੇਕ ਪਿੰਡ ਵਿੱਚ ਜਾਂ ਗੁਆਂਢੀ ਪਿੰਡ ਵਿੱਚ ਕੋਈ ਨਾ ਕੋਈ ਵੈਦ-ਹਕੀਮ ਹੁੰਦਾ ਸੀ। ਲੋਕਾਂ ਵਾਸਤੇ ਉਹੋ ਹੀ ਧਨੰਤਰ ਵੈਦ ਹੁੰਦਾ! ਮੈਂਨੂੰ ਵਿਗੜੀ ਹੋਈ ਬੀਮਾਰੀ ਵਾਲੇ ਸਭ ਪੇਂਡੂ ਮਰੀਜ਼ ਬਲ਼ਦ ਜੁੜੇ ਗੱਡਿਆਂ ਵਿੱਚ ਮੰਜਾ ਰੱਖ ਕੇ ਸ਼ਹਿਰ ਲਿਜਾਏ ਜਾਂਦੇ ਹੀ ਚੇਤੇ ਹਨ। ਪਿੰਡ ਬੀਲ੍ਹੇ ਤੋਂ ਵੀ ਸ਼ਹਿਰ ਬਹੁਤ ਦੂਰ-ਦੂਰ ਸਨ।
ਇੱਕ ਵਾਰ ਭਾਣਾ ਕੀ ਵਰਤਿਆ, ਵਲੀ ਖਾਂ ਦੇ ਆਪਣਿਆਂ ਵਿੱਚ ਜ਼ਹਿਮਤ ਡਿੱਗੀ ਇੱਕ ਇਸਤਰੀ ਉਲਝ ਗਈ। ਨੇੜੇ ਪਹੁੰਚ ਵਿੱਚ ਨਾ ਕੋਈ ਸ਼ਹਿਰ, ਨਾ ਹਸਪਤਾਲ ਤੇ ਨਾ ਡਾਕਟਰ। ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲਕ ਸਕਦੇ ਸਨ। ਬੇਵਸੀ ਤੇ ਬੇਚੈਨੀ ਵਿੱਚ ਹੱਥ ਮਲ਼ਦੇ ਘਰ-ਵਾਲਿਆਂ ਨੇ ਕਿਹਾ, “ਵਲੀ, ਤੈਨੂੰ ਗਊਆਂ ਦਾ ਪਤਾ ਹੈ। ਤੂੰ ਹੀ ਦੇਖ ਭਾਈ, ਕਰ ਕੋਈ ਹੀਲਾ। ਕੀ ਪਤਾ ਅੱਲਾ ਨੇ ਇਹਨਾਂ ਦੋਵਾਂ ਦੀ ਜ਼ਿੰਦਗੀ ਤੇਰੇ ਹੱਥੋਂ ਹੀ ਬਚਣੀ ਲਿਖੀ ਹੋਈ ਹੋਵੇ!”
ਪਹਿਲਾਂ ਵਲੀ ਦਾ ਝਿਜਕਣਾ ਸੁਭਾਵਿਕ ਸੀ। ਫੇਰ ਉਹਨੇ ਜੱਚਾ ਦਾ ਕਸ਼ਟ ਦੇਖ ਕੇ ਮਨ ਪੱਕਾ ਕੀਤਾ ਅਤੇ ਅੱਲਾ ਦੀ ਮਿਹਰ ਨਾਲ ਉਹਦੇ ਸਦਕਾ ਮਾਂ ਨੇ ਜਾਨਲੇਵਾ ਸੰਕਟ ਵਿੱਚੋਂ ਨਿੱਕਲ ਕੇ ਸੁਖ ਦਾ ਸਾਹ ਲਿਆ ਅਤੇ ਬੱਚੇ ਨੇ ਓਪਰੀ ਦੁਨੀਆ ਵਿੱਚ ਆ ਕੇ ਪਹਿਲੀ ਚੀਕ ਮਾਰੀ!
ਸਭ ਨੇ ਖ਼ੁਸ਼ ਹੋ ਕੇ ਕਿਹਾ, “ਵਾਹ ਬਈ ਵਲੀ, ਵਾਹ! ਤੇਰੀਆਂ ਉਂਗਲਾਂ ਵਿੱਚ ਤਾਂ ਅੱਲਾ ਨੇ ਜ਼ਿੰਦਗੀ ਦੇਣ ਵਾਲੀ ਬਰਕਤ ਬਖ਼ਸ਼ੀ ਹੈ!”
ਗੱਲ ਹੀ ਫੈਲਣ ਵਾਲੀ ਸੀ, ਦੂਰ-ਨੇੜੇ ਫੈਲ ਗਈ।
ਜਦੋਂ ਕੋਈ ਬਹੂ-ਬੇਟੀ ਉਲਝ ਜਾਂਦੀ, ਬੇਵੱਸ ਘਰ-ਵਾਲੇ ਬੇਨਤੀ ਕਰਦੇ, “ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! ਬਣ ਜੀਵਨ-ਦਾਤਾ!”
ਅਜਿਹੇ ਵੇਲੇ ਜਣੇਪੇ ਵਾਲ਼ੇ ਘਰ ਪਹੁੰਚ ਕੇ ਉਹ ਅੱਖਾਂ ਉੱਤੇ ਪੱਟੀ ਬੰਨ੍ਹਾਉਂਦਾ ਤੇ ਆਖਦਾ, “ਮੈਨੂੰ ਮੰਜੇ ਕੋਲ ਲੈ ਚੱਲੋ। ” ਫੇਰ ਉਹ ਜ਼ੱਚਾ ਨੂੰ ਆਖਦਾ, “ਧੀਏ, ਮੈਂ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ ਜੋ ਅੱਜ ਆਪਣੀ ਹੀ ਬੇਟੀ ਦੇ ਸਰੀਰ ਨੂੰ ਛੂਹਣਾ ਪੈ ਰਿਹਾ ਹੈ। ਤੇ ਤੂੰ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ ਜੋ ਤੈਨੂੰ ਆਪਣੇ ਅੱਬਾ ਸਮਾਨ ਵਲੀ ਤੋਂ ਸਰੀਰ ਨੂੰ ਹੱਥ ਲੁਆਉਣਾ ਪੈ ਰਿਹਾ ਹੈ। ਰੱਬ ਆਪਣੇ ਦੋਵਾਂ ਦੇ ਗੁਨਾਹ ਬਖਸ਼ੇ!”
ਉਹ ਮਾਹਿਰ ਗਾਇਨਾਕਾਲੋਜਿਸਟ ਵਾਂਗ ਮਾਂ ਦੇ ਸਰੀਰ ਵਿੱਚ ਉਂਗਲਾਂ ਪਾ ਕੇ ਬੱਚੇ ਦੁਆਲਿਉਂ ਹੌਲ਼ੀ ਹੌਲ਼ੀ ਨਾੜੂਆ ਉਤਾਰਦਾ ਤੇ ਉਹਨੂੰ ਇਸ ਸੰਸਾਰ ਵਿੱਚ ਲੈ ਆਉਂਦਾ। ਬੱਚੇ ਨੂੰ ਦਾਈ ਦੇ ਹੱਥ ਸੌਂਪ ਕੇ ਉਹ ਉੱਥੇ ਹੀ ਗੋਡਣੀਏਂ ਹੁੰਦਾ, ਦੋਵੇਂ ਹੱਥ ਦੁਆ ਵਿੱਚ ਉੱਚੇ ਚੁੱਕਦਾ ਅਤੇ ਆਖਦਾ, “ਇਸ ਨਿੱਕੀ ਜਿਹੀ ਜਾਨ ਨੂੰ ਦੁਨੀਆ ਵਿੱਚ ਸਹੀ-ਸਲਾਮਤ ਲਿਆਉਣ ਦਾ ਸਬਾਬ ਦੇਖਦਿਆਂ ਇਹਦੀ ਮਾਂ ਦੇ ਅੰਗਾਂ ਨੂੰ ਹੱਥ ਲਾਉਣ ਦਾ ਮੇਰਾ ਗੁਨਾਹ ਮਾਫ਼ ਕਰੀਂ, ਮੇਰੇ ਅੱਲਾ!”
ਇਉਂ ਕਿੰਨੀਆਂ ਹੀ ਇਸਤਰੀਆਂ ਦੀਆਂ ਜਾਨਾਂ ਉਸਨੇ ਬਚਾਈਆਂ ਅਤੇ ਕਿੰਨੀਆਂ ਹੀ ਨਵੀਆਂ ਜਾਨਾਂ ਉਸ ਸਦਕਾ ਇਸ ਦੁਨੀਆ ਵਿੱਚ ਆ ਸਕੀਆਂ! ਦੇਸ ਦੀ ਵੰਡ ਵੇਲੇ ਜਦੋਂ ਪੰਜਾਬੀ ਆਪਣੇ ਹੀ ਕਹਿਰ ਦੇ ਸ਼ਿਕਾਰ ਹੋਏ, ਵਲੀ ਦੀ ਇਹੋ ਜੀਵਨ-ਦਾਤੀ ਸਿਫ਼ਤ ਉਹਦੀ ਤੇ ਉਹਦੇ ਪਰਿਵਾਰ ਦੀ ਢਾਲ ਬਣੀ। ਪਤਾ ਲੱਗਿਆ ਹੈ, ਉਹ ਸੰਤਾਲੀ ਦੇ ਘੱਲੂਘਾਰੇ ਤੋਂ ਪੰਦਰਾਂ-ਵੀਹ ਸਾਲ ਮਗਰੋਂ ਤਕ ਜਿਊਂਦਾ ਰਿਹਾ। ਉਹਦਾ ਪਰਿਵਾਰ ਅੱਜ ਵੀ ਪਿੰਡ ਬੀਲ੍ਹੇ ਹੀ ਰਹਿੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3390)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)