GurbachanBhullar7ਉਹ ਆਥਣ ਡੂੰਘੀ ਹੋਈ ਤੋਂ ਵਾਧੂ ਗਊ-ਬਲਦ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹਦੇ ਤੇ ਰਾਹ ਵਿਚ ਪੈਂਦੇ ਪਿੰਡਾਂ ਤੋਂ ਬਚਦੇ-ਬਚਾਉਂਦੇ ...
(ਅਗਸਤ 10, 2016)

 

ਕੁਝ ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿਚ ਹਰ ਕਿਸਾਨ ਘਰ ਵਿਚ ਗਊਆਂ, ਬਲਦਾਂ ਅਤੇ ਮੱਝਾਂ ਦਾ ਹੋਣਾ ਆਮ ਗੱਲ ਸੀ। ਮੱਝ ਦੀ ਕੱਟੀ ਤਾਂ ਭਵਿੱਖ ਦੀ ਮੱਝ ਹੁੰਦੀ ਸੀ ਪਰ ਬਿਚਾਰਾ ਕੱਟਾ ਮੱਝ ਦੇ ਦੁੱਧੋਂ ਭੱਜਣ ਮਗਰੋਂ ਬਿਲਕੁਲ ਫ਼ਾਲਤੂ ਹੋ ਜਾਂਦਾ ਸੀ। ਇਸੇ ਕਰਕੇ ਮਹੀਨੇ, ਦੋ ਮਹੀਨੀਂ ਪਿੰਡ ਦੀਆਂ ਵੀਹੀਆਂ ਵਿੱਚੋਂ ਕਸਾਈਆਂ ਦੀ “ਕੱਟੇ ਵੇਚ ਲਉ, ਕੱਟੇ” ਦੀ ਆਵਾਜ਼ ਸੁਣਦੀ ਰਹਿੰਦੀ ਸੀ। ਇਸ ਦੇ ਉਲਟ ਜਿੱਥੇ ਗਊ ਦੀ ਵੱਛੀ ਭਵਿੱਖੀ ਗਊ ਹੁੰਦੀ ਸੀ, ਵੱਛਾ ਵੀ ਭਵਿੱਖੀ ਬਲਦ ਹੁੰਦਾ ਸੀ, ਜਿਸ ਤੋਂ ਬਿਨਾਂ ਮਸ਼ੀਨਰੀ ਤੋਂ ਪਹਿਲਾਂ ਦੇ ਉਸ ਸਮੇਂ ਵਿਚ ਖੇਤੀ ਅਸੰਭਵ ਸੀ। ਇਸ ਹਾਲਤ ਵਿਚ ਕਿਸਾਨ ਘਰਾਂ ਵਿਚ ਗਊ ਦਾ ਆਦਰ-ਉਕਰ ਮੱਝ ਤੋਂ ਵੱਧ ਹੋਣਾ ਕੁਦਰਤੀ ਸੀ।

ਇਤਿਹਾਸ ਦੇ ਮੁੱਢਲੇ ਲੰਮੇ ਦੌਰ ਵਿਚ ਦੁਨੀਆ ਦੇ ਮਨੁੱਖੀ ਵਸੋਂ ਵਾਲ਼ੇ ਹੋਰ ਹਰ ਇਲਾਕੇ ਵਾਂਗ ਭਾਰਤ ਦੇ ਮਨੁੱਖੀ ਇੱਜੜ ਪੇਟ ਭਰਨ ਲਈ ਪਸੂ-ਜਾਨਵਰ ਜਾਂ ਬਨਸਪਤੀ ਤੋਂ ਮਿਲਦੀਆਂ ਚੀਜ਼ਾਂ ਖਾਂਦੇ ਸਨ। ਬਹੁਤ ਮਗਰੋਂ, ਵੇਦਕਾਲ ਵਿਚ ਜਦੋਂ ਉੱਤਰ-ਪੱਛਮੀ ਭਾਰਤੀ ਮਨੁੱਖ ਨੂੰ ਸ਼ਬਦ ਤੇ ਸਭਿਆਚਾਰ ਦੀ ਸੋਝੀ ਆ ਚੁੱਕੀ ਸੀ, ਲਿਖਤਾਂ ਵਿਚ ਭੋਜਨ ਦੀ ਇਸੇ ਰੀਤ ਦਾ, ਸਗੋਂ ਪ੍ਰਾਹੁਣਚਾਰੀ ਲਈ ਅਤੇ ਉਤਸਵਾਂ ਤੇ ਖ਼ੁਸ਼ੀ ਦੇ ਮੌਕਿਆਂ ਸਮੇਂ ਭੋਜਨ ਵਿਚ ਗਊ ਨੂੰ ਉਚੇਚ ਦਿੱਤੇ ਜਾਣ ਦਾ ਜ਼ਿਕਰ ਆਮ ਮਿਲਦਾ ਹੈ। ਇਕ ਪੜਾਅ ਉੱਤੇ ਮਨੁੱਖ ਨੂੰ ਲੱਖਾਂ ਸਾਲਾਂ ਤੋਂ ਆਪੇ ਉਪਜਦੀ-ਬਿਨਸਦੀ ਬਨਸਪਤੀ ਦੇ ਇਕ ਬਿਰਛ-ਬੂਟੇ ਦੇ ਬੀਆਂ ਤੋਂ ਅਨੇਕ ਬਿਰਛ-ਬੂਟੇ ਪੈਦਾ ਹੋਣ ਦੇ ਵਰਤਾਰੇ ਦੀ ਸਮਝ ਆਈ ਤਾਂ ਉਹਨੇ ਹੱਥਾਂ ਨਾਲ ਬੀ ਖਿਲਾਰਨ ਅਤੇ ਇਕ ਬੀ ਤੋਂ ਅਨੇਕ ਬੀ, ਇਕ ਦਾਣੇ ਤੋਂ ਅਨੇਕ ਦਾਣੇ ਪੈਦਾ ਕਰਨ ਦਾ ਭੇਤ ਪਾ ਲਿਆ। ਇਹ ਇਤਿਹਾਸ ਦਾ ਇਕ ਬਹੁਤ ਵੱਡਾ ਇਨਕਲਾਬ ਸੀ। ਇਤਿਹਾਸ ਦੀ ਇਕ ਹੋਰ ਵੱਡੀ ਘਟਨਾ ਮਨੁੱਖ ਨੂੰ ਕੁਝ ਜੰਗਲੀ ਪਸੂ ਸਿਧਾ-ਸਿਖਾ ਕੇ ਪਾਲਤੂ ਬਣਾਉਣ ਦੀ ਜਾਚ ਦਾ ਆਉਣਾ ਸੀ। ਇੱਥੋਂ ਹੀ ਖੇਤੀ ਬਾਕਾਇਦਾ ਧੰਦਾ ਬਣਨ ਲੱਗੀ ਅਤੇ ਗਊ, ਉਹਦੇ ਦੁੱਧ ਅਤੇ ਉਹਦੇ ਜਾਏ ਬਲਦ ਨੂੰ ਮਾਨਤਾ ਮਿਲਣ ਲੱਗੀ। ਇਹਨਾਂ ਸਿਫ਼ਤਾਂ ਸਦਕਾ ਗੋਕੀ ਨਸਲ ਨੂੰ ਖਾਣ ਦੀ ਥਾਂ ਸੰਭਾਲਣ ਦਾ ਵਿਚਾਰ ਅਤੇ ਦੌਰ ਸ਼ੁਰੂ ਹੋਇਆ। ਗਊ ਪਰਿਵਾਰ ਦੀ ਇਹ ਲਾਭਦਾਇਕਤਾ ਸਹਿਜੇ ਸਹਿਜੇ ਉਸ ਦੀ ਸਾਂਭ-ਸੰਭਾਲ ਤੋਂ ਅੱਗੇ ਵਧ ਕੇ ਉਸ ਨਾਲ ਪਵਿੱਤਰਤਾ ਜੋੜੇ ਜਾਣ ਤੱਕ ਪੁੱਜ ਗਈ।

ਇਕ ਆਮ ਕਿਸਾਨ ਘਰ ਵਿਚ ਜਨਮਿਆ ਹੋਣ ਸਦਕਾ ਗਊ ਨੂੰ ਦੂਜੇ ਪਸੂਆਂ ਦੇ ਮੁਕਾਬਲੇ ਪਵਿੱਤਰ ਸਮਝੇ ਜਾਣ ਅਤੇ ਅਗੇਤ ਦਿੱਤੇ ਜਾਣ ਦਾ ਵਰਤਾਰਾ ਮੈਂ ਅੱਖੀਂ ਦੇਖਿਆ ਹੋਇਆ ਹੈ। ਪਰ ਇਹਦਾ ਰੂਪ ਸਹਿਜ ਹੁੰਦਾ ਸੀ, ਹਿੰਸਕ ਅਤੇ ਹੁੱਲੜਬਾਜ਼ ਨਹੀਂ। ਮਾਂਵਾਂ ਆਟੇ ਦਾ ਪੇੜਾ ਜਾਂ ਬਚੀ ਹੋਈ ਰੋਟੀ ਫੜਾ ਕੇ ਆਖਦੀਆਂ,ਜਾ ਪੁੱਤ, ਐਹ ਗਊ ਨੂੰ ਦੇ ਆ।” ਅਸੀਂ ਮਾਂ ਦੀ ਆਗਿਆ ਪਾਲਦੇ ਤਾਂ ਨਾਲ ਦੀ ਖੁਰਲੀ ਉੱਤੇ ਬੱਝੀ ਹੋਈ ਮੱਝ ਜਿਵੇਂ ਸਧਰਾਈਆਂ ਨਜ਼ਰਾਂ ਨਾਲ ਆਖਦੀ ਹੋਵੇ,ਵੇ ਮੈਂ ਵੀ ਤੇਰੀ ਤਾਈ ਹਾਂ ਛੋਟਿਆ, ਕਦੇ ਐਧਰ ਵੀ ਦੇਖ ਲਿਆ ਕਰ!” ਫੇਰ ਉਹ ਸ਼ਰੀਕਣੀ ਗਊ ਨੂੰ ਪੇੜਾ-ਰੋਟੀ ਡਕਾਰ ਕੇ ਸੁਆਦ ਨਾਲ ਬੁੱਲ੍ਹਾਂ ਉੱਤੇ ਜੀਭ ਫੇਰਦੀ ਦੇਖ ਹਉਕਾ ਲੈ ਕੇ ਆਪਣੇ ਹਰੇ-ਸੁੱਕੇ ਪੱਠਿਆਂ ਵਿਚ ਅਨਮੰਨਿਆ ਮੂੰਹ ਮਾਰਨ ਲਗਦੀ। ਗਊ ਲਈ ਕਿਸਾਨੀ ਆਦਰ ਦੇ ਦੋ ਹੋਰ ਰੂਪ ਵੀ ਧਿਆਨਜੋਗ ਹਨ। ਦਰਜੀ ਕਿਸੇ ਜੀਅ ਦਾ ਨਵਾਂ ਝੱਗਾ-ਜਾਮਾ ਦੇ ਕੇ ਜਾਂਦਾ ਤਾਂ ਉਹ ਪਹਿਨਣ ਤੋਂ ਪਹਿਲਾਂ ਧੀ-ਧਿਆਣੀ ਜਾਂ ਗਊ ਦੇ ਪੈਰਾਂ ਨੂੰ ਜ਼ਰੂਰ ਛੁਹਾਇਆ ਜਾਂਦਾ ਸੀ। ਦੂਜੀ ਗੱਲ, ਬੈਠਾ ਹੋਇਆ ਹੋਰ ਪਸੂ ਜੇ ਇਸ਼ਾਰੇ-ਹੁੰਕਾਰੇ ਨਾਲ ਖੜ੍ਹਾ ਨਾ ਹੁੰਦਾ, ਉਹਨੂੰ ਝੱਟ ਪੈਰ ਦਾ ਠੇਡਾ ਮਾਰ ਦਿੱਤਾ ਜਾਂਦਾ ਸੀ ਪਰ ਗੋਕੇ ਪਸੂ ਨੂੰ ਪੈਰ ਲਾਉਣਾ ਪਾਪ ਮੰਨਿਆ ਜਾਂਦਾ ਸੀ ਤੇ ਉਹਨੂੰ ਖੜ੍ਹਾ ਕਰਨ ਲਈ ਠੇਡੇ ਦੀ ਥਾਂ ਹੱਥ ਦੇ ਨਰਮ ਨਰਮ ਥਪੋਕੇ ਹੀ ਮਾਰੇ ਜਾਂਦੇ ਸਨ।

ਇਹ ਫ਼ਰਕ ਉਸ ਸਮੇਂ ਹੋਰ ਵੀ ਬਹੁਤਾ ਉੱਘੜ ਕੇ ਸਾਹਮਣੇ ਆਉਂਦਾ ਜਦੋਂ ਘਰ ਦਾ ਕੋਈ ਪਸੂ ਲਾਭਦਾਇਕਤਾ ਦਾ ਪੜਾਅ ਪਾਰ ਕਰ ਜਾਂਦਾ। ਮੱਝ ਕਿਸੇ ਝਿਜਕ ਤੋਂ ਬਿਨਾਂ ਕੱਟਿਆਂ ਵਾਲ਼ੇ ਰਾਹ ਤੋਰ ਦਿੱਤੀ ਜਾਂਦੀ, ਭਾਵ ਕਸਾਈਆਂ ਨੂੰ ਵੇਚ ਦਿੱਤੀ ਜਾਂਦੀ। ਗਊਆਂ ਅਤੇ ਬਲਦਾਂ ਦੇ ਸੰਬੰਧ ਵਿਚ ਤਿੰਨ ਰਾਹ ਫੜੇ ਜਾਂਦੇ। ਜਿਨ੍ਹਾਂ ਘਰਾਂ ਵਿਚ ਪੱਠੇ-ਦੱਥੇ ਦੀ ਕੋਈ ਘਾਟ ਨਹੀਂ ਸੀ ਹੁੰਦੀ ਤੇ ਵਾਧੂ ਗਊ-ਬਲਦ ਬੋਝ ਨਹੀਂ ਸਨ ਲਗਦੇ, ਉਹ ਉਹਨਾਂ ਨੂੰ ਖੁਰਲੀ ਉੱਤੇ ਬੰਨ੍ਹੀਂ ਰੱਖਦੇ। ਦੂਜੇ ਸਿਰੇ ਉੱਤੇ ਅਜਿਹੇ ਘਰ ਹੁੰਦੇ ਜੋ ਬੇਕਾਰ ਹੋਏ ਗੋਕੇ ਨੂੰ ਵੀ ਕੱਟੇ ਤੇ ਮੱਝ ਵਾਲ਼ੇ ਰਾਹ ਹੀ ਤੋਰ ਦਿੰਦੇ। ਤੀਜੇ ਉਹ ਕਿਸਾਨ ਘਰ ਹੁੰਦੇ ਜਿਨ੍ਹਾਂ ਨੂੰ ਆਪਣੇ ਹੱਥੀਂ ਪਾਲ਼ੇ ਹੋਏ ਪਰ ਹੁਣ ਬੇਕਾਰ ਹੋ ਚੁੱਕੇ ਗੋਕੇ ਦੀ ਸਾਂਭ-ਸੰਭਾਲ ਔਖੀ ਤਾਂ ਲਗਦੀ ਪਰ ਉਹਨੂੰ ਕਸਾਈਆਂ ਹੱਥ ਫੜਾਉਣਾ ਵੀ ਚੰਗਾ ਨਾ ਲਗਦਾ। ਉਹ ਆਥਣ ਡੂੰਘੀ ਹੋਈ ਤੋਂ ਵਾਧੂ ਗਊ-ਬਲਦ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹਦੇ ਤੇ ਰਾਹ ਵਿਚ ਪੈਂਦੇ ਪਿੰਡਾਂ ਤੋਂ ਬਚਦੇ-ਬਚਾਉਂਦੇ ਦਸ-ਵੀਹ ਕੋਹ ਦੂਰ ਉਹਦੀ ਪੱਟੀ ਖੋਲ੍ਹ ਆਉਂਦੇ। ਉਹ ਬਿਗਾਨੇ ਪਿੰਡਾਂ ਦੇ ਖੇਤਾਂ ਵਿਚ ਮੂੰਹ ਮਾਰਦੇ ਤੇ ਡਾਂਗਾਂ ਖਾਂਦੇ ਰਹਿੰਦੇ ਅਤੇ ਹੌਲ਼ੀ ਹੌਲ਼ੀ ਕਸਾਈਆਂ ਦੇ ਖਰੀਦੇ ਪਸੂਆਂ ਦੇ ਨਾਲ ਹੀ ਬਿਨ-ਟਿਕਟੀ ਮੁਫ਼ਤ ਯਾਤਰਾ ਉੱਤੇ ਤੁਰਦੇ ਜਾਂਦੇ। ਇਕ ਅਹਿਮ ਨੁਕਤਾ ਇਹ ਹੈ ਕਿ ਪਸੂ ਦੇ ਮਰਨ ਪਿੱਛੋਂ ਗੋਕੇ ਅਤੇ ਮਾਝੇ ਦਾ ਕੋਈ ਫ਼ਰਕ ਦਲਿਤਾਂ ਵਾਸਤੇ ਤਾਂ ਕੀ, ਕਿਸਾਨ ਵਾਸਤੇ ਵੀ ਨਹੀਂ ਸੀ ਰਹਿੰਦਾ। ਕਿਸਾਨ ਆਪਣੇ ਪੁਸ਼ਤੈਨੀ ਵਗ਼ਾਰੀ ਦਲਿਤਾਂ ਨੂੰ ਸੁਨੇਹਾ ਭੇਜਦੇ ਅਤੇ ਉਹ ਮਰੇ ਹੋਏ ਪਸੂ ਨੂੰ ਚੁੱਕ ਕੇ ਹੱਡਾਰੋੜੀ ਜਾ ਪਹੁੰਚਦੇ। ਉਹ ਇਹ ਵੀ ਪੁੱਛਦੇ ਜਾਂਦੇ ਕਿ ਪਸੂ ਮਰਿਆ ਕਿਵੇਂ ਹੈ, ਸਾਧਾਰਨ ਮੌਤ ਜਾਂ ਕਿਸੇ ਬੀਮਾਰੀ ਨਾਲ। ਉਹਨਾਂ ਦਾ ਸੇਵਾਫਲ ਮਰੇ ਪਸੂ ਦੀ ਖੱਲ, ਸਾਧਾਰਨ ਮੌਤ ਮਰੇ ਪਸੂ ਦਾ ਖਾਣ ਲਈ ਲਿਆ ਮਾਸ ਤੇ ਛਿਮਾਹੀ ਫ਼ਸਲ ਵੇਲੇ ਮਿਲਿਆ ਵਗ਼ਾਰ ਦਾ ਕੁਝ ਅਨਾਜ ਹੁੰਦਾ ਸੀ।

ਨੇੜਲੇ ਬੀਤੇ ਦੀਆਂ ਮਸ਼ੀਨੀ ਕਾਢਾਂ ਸਦਕਾ ਕਿਸਾਨੀ ਜੀਵਨ ਵਿਚ ਆਈਆਂ ਤਬਦੀਲੀਆਂ ਅਤੇ 2014 ਵਿਚ ਮੋਦੀ ਜੀ ਦੀ ਭਗਵੀਂ ਸਰਕਾਰ ਬਣਨ ਮਗਰੋਂ ਧਰਮ ਅਤੇ ਸਭਿਆਚਾਰ ਦੇ ਨਾਂ ਹੇਠ ਬਾਕਾਇਦਾ ਸ਼ੁਰੂ ਹੋਈਆਂ ਹਿੰਸਕ-ਗ਼ੈਰਕਾਨੂੰਨੀ ਕਾਰਵਾਈਆਂ ਦੀ ਗੱਲ ਕਰਦਿਆਂ ਗਊ, ਕਿਸਾਨ ਅਤੇ ਦਲਿਤ ਦੇ ਆਪਸੀ ਰਿਸ਼ਤੇ ਦਾ ਇਹ ਪਿਛੋਕੜ ਚੇਤੇ ਰੱਖਣਾ ਲਾਹੇਵੰਦ ਰਹੇਗਾ।

ਕੁਝ ਸਾਲ ਪਹਿਲਾਂ ਪਿੰਡਾਂ ਵਿਚ ਬਲ੍ਹਦਾਂ ਵਾਲ਼ੇ ਕਿਸਾਨ ਘਰਾਂ ਦੀ ਫ਼ੀਸਦੀ “ਸਿਫ਼ਰ ਬਰਾਬਰ” ਜਾਣ ਕੇ ਮੇਰਾ ਹੈਰਾਨ ਹੋਣਾ ਕੁਦਰਤੀ ਸੀ। ਸਰਦੇ-ਪੁਜਦੇ ਘਰਾਂ ਨੇ ਕੰਬਾਈਨਾਂ-ਟਰੈਕਟਰ ਖ਼ਰੀਦੇ ਹੋਏ ਹਨ ਤੇ ਉਹਨਾਂ ਵਿੱਚੋਂ ਹੀ ਕੁਝ ਲੋਕ ਭਾੜਾ ਲੈ ਕੇ ਬਾਕੀਆਂ ਦੀ ਵਾਹੀ-ਖੇਤੀ ਦੇ ਕੰਮ ਵੀ ਕਰ ਦਿੰਦੇ ਹਨ। ਪਰ ਮੈਨੂੰ ਅਸਲ ਹੈਰਾਨੀ ਉਸ ਸਮੇਂ ਹੋਈ ਜਦੋਂ ਕੁਝ ਦਿਨ ਪਹਿਲਾਂ ਮੈਂ ਬਠਿੰਡੇ ਤੋਂ ਦਿੱਲੀ ਨੂੰ ਬਰਾਸਤਾ ਸਿਰਸਾ-ਹਿਸਾਰ ਸਫ਼ਰ ਕੀਤਾ। ਰਾਹ ਦੇ ਹਰ ਪਿੰਡ-ਸ਼ਹਿਰ ਦੇ ਅੱਗੇ-ਪਿੱਛੇ ਤੇ ਅੰਦਰ ਸੜਕ ਦੇ ਦੋਵੇਂ ਪਾਸੀਂ, ਕਿਤੇ ਕਿਤੇ ਤਾਂ ਵਿਚਕਾਰ ਵੀ ਵੱਛਿਆਂ, ਬਲਦਾਂ, ਢੱਟਿਆਂ ਅਤੇ ਫੰਡਰ ਗਊਆਂ ਦੇ ਟੋਲਿਆਂ ਦੇ ਟੋਲੇ ਬੈਠੇ-ਖਲੋਤੇ ਸਨ। ਇਹ ਪੰਜਾਬ ਅਤੇ ਹਰਿਆਣਾ ਦੀਆਂ ਹਿੰਦੂਵਾਦੀ ਭਗਵੀਆਂ ਸਰਕਾਰਾਂ ਦੀ ਗਊ-ਭਗਤੀ ਦਾ ਨਤੀਜਾ ਸੀ। ਨਾਲ ਹੀ ਅਖ਼ਬਾਰ ਅਜਿਹੀਆਂ ਖ਼ਬਰਾਂ ਨਾਲ ਭਰੇ ਜਾਣ ਲੱਗੇ ਕਿ ਕਿਸਾਨਾਂ ਲਈ ਇਹਨਾਂ ਆਵਾਰਾ ਗੋਕਿਆਂ ਤੋਂ ਫ਼ਸਲਾਂ ਦੀ ਰਾਖੀ ਇਕ ਵੱਡੀ ਸਮੱਸਿਆ ਬਣ ਗਈ ਹੈ ਅਤੇ ਮੋਟੀਆਂ ਰਕਮਾਂ ਲੈ ਕੇ ਫ਼ਸਲਾਂ ਦੀ ਰਾਖੀ ਕਰਨ ਵਾਲ਼ੇ ਠੇਕੇਦਾਰ ਵੀ ਪੈਦਾ ਹੋ ਗਏ ਹਨ।

ਵਪਾਰੀਆਂ ਤੋਂ ਗਊ-ਭਗਤਾਂ ਦੇ ਬਚਾਏ ਇਹਨਾਂ ਗੋਕਿਆਂ ਦਾ ਫ਼ਸਲਾਂ ਵਿਚ ਤਾਂ ਚੋਰੀ-ਛਿਪੇ ਦਾ ਦਾਅ ਕਦੀ-ਕਦਾਈਂ ਹੀ ਲਗਦਾ ਹੈ, ਆਮ ਕਰ ਕੇ ਉਹ ਹੋਰ ਗੰਦ-ਪਿੱਲ ਤੋਂ ਇਲਾਵਾ ਖਾਣ ਦੀਆਂ ਚੀਜ਼ਾਂ ਦੀ ਰਹਿੰਦ-ਖੂੰਹਦ ਵਾਲ਼ੇ ਪਲਾਸਟਿਕ ਦੇ ਲਫ਼ਾਫ਼ੇ ਨਿਗਲਦੇ, ਬੀਮਾਰ ਹੁੰਦੇ, ਆਫ਼ਰਦੇ ਤੇ ਮਰਦੇ ਰਹਿੰਦੇ ਹਨ। ਡਾਕਟਰ ਦੱਸਦੇ ਹਨ ਕਿ ਇਸ ਸਭ ਕੁਝ ਦੇ ਨਾਲ ਹੀ ਧਾਤਾਂ ਦੇ ਟੁਕੜੇ ਤੇ ਕਾਤਰਾਂ-ਕਿੱਲ ਵੀ ਉਹਨਾਂ ਦੇ ਅੰਦਰ ਪਹੁੰਚ ਜਾਂਦੇ ਹਨ ਜੋ ਆਂਦਰਾਂ ਨੂੰ ਛਿਲਦੇ-ਚੀਰਦੇ ਰਹਿੰਦੇ ਹਨ। ਇਕ ਡਾਕਟਰ ਟੀਵੀ ਉੱਤੇ ਦੱਸ ਰਿਹਾ ਸੀ ਕਿ ਆਫਰ ਕੇ ਬੇਹਾਲ ਤੜਫ਼ ਰਹੀ ਇਕ ਗਊ ਦਾ ਪੇਟਚਾਕ ਕੀਤਾ ਗਿਆ ਤਾਂ ਸੱਤਰ ਕਿੱਲੋ ਪਲਾਸਟਿਕੀ ਗੰਦ-ਪਿੱਲ ਨਿਕਲਿਆ! ਉਹਦਾ ਕਹਿਣਾ ਸੀ ਕਿ ਗਊਮਾਤਾ ਦੇ ਪੇਟ ਵਿੱਚੋਂ ਦਸ-ਵੀਹ-ਤੀਹ ਕਿਲੋ ਕੂੜਾ-ਕਬਾੜ ਨਿਕਲਣਾ ਤਾਂ ਆਮ ਗੱਲ ਹੈ। ਇਸ ਤੋਂ ਇਲਾਵਾ, ਸੜਕਾਂ ਉੱਤੇ ਵਾਸਾ ਹੋਣ ਕਾਰਨ ਉਹ ਅਕਸਰ ਆਪ ਵੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਅਨੇਕ ਬੰਦਿਆਂ ਨੂੰ ਵੀ ਦੁਰਘਟਨਾਵਾਂ ਦਾ ਸ਼ਿਕਾਰ ਬਣਾਉਂਦੀਆਂ ਹਨ। ਪੰਜਾਬ ਅਤੇ ਹਰਿਆਣਾ ਵਿਚ ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਸੜਕਾਂ ਉੱਤੇ ਡਾਂਗਾਂ-ਛੁਰੇ ਚੁੱਕੀਂ ਫਿਰਦੇ ‘ਗਊ-ਰਖ਼ਸ਼ਕਾਂ’ ਦਾ ਗਊ ਪਰਿਵਾਰ ਦੀ ਇਸ ਦੁਰਦਸ਼ਾ ਨਾਲ ਕੋਈ ਸੰਬੰਧ ਨਹੀਂ। ਉਹਨਾਂ ਦੀ ਇਸ ਤਰਸਜੋਗ ਹਾਲਤ ਨੂੰ ਦੇਖ ਕੇ ਗਊ-ਭਗਤਾਂ ਦੀਆਂ ‘ਧਾਰਮਿਕ ਭਾਵਨਾਵਾਂ’ ਵੀ ‘ਆਹਤ’ ਨਹੀਂ ਹੁੰਦੀਆਂ।

ਗਊਆਂ ਦੀ ਇਸ ਦੁਰਦਸ਼ਾ ਦਾ ਕਾਰਨ ਇਹ ਹੈ ਕਿ ਗਊ-ਭਗਤਾਂ ਦਾ ਅਸਲ ਉਦੇਸ਼ ਉਹਨਾਂ ਦੀ ਰਾਖੀ ਅਤੇ ਪੂਜਾ ਨਹੀਂ। ਇਹ ਉਹਨਾਂ ਲਈ ਇਸ ਵਿਗਿਆਨਕ ਜੁੱਗ ਵਿਚ ਪਸੂ-ਜੀਵਨ ਵਿੱਚੋਂ ਨਿਕਲ ਕੇ ਮਨੁੱਖੀ ਮੁੱਖਧਾਰਾ ਵਿਚ ਸ਼ਾਮਲ ਹੋਣ ਦੇ ਦਲਿਤਾਂ ਦੇ ਜਤਨਾਂ ਬਦਲੇ ਉਹਨਾਂ ਨੂੰ ਸਬਕ ਸਿਖਾਉਣ ਦਾ ਅਤੇ ਪਿੱਛੇ ਵੱਲ ਘੜੀਸ ਕੇ “ਤਾੜਨ ਕੇ ਅਧਿਕਾਰੀ” ਮਨੂਵਾਦੀ ਸ਼ੂਦਰ ਬਣਾਈ ਰੱਖਣ ਦਾ ਇਕ ਬਹਾਨਾ ਹੈ! ਇਸ ਵਰਤਾਰੇ ਵਿਚ ਦਲਿਤਾਂ ਵਿਰੁੱਧ ਹਿੰਸਾ ਵਰਗਾ ਹੀ ਤਿੱਖਾ ਇਕ ਹੋਰ ਪੱਖ ਵੀ ਸ਼ਾਮਲ ਹੈ। ਉਹ ਹੈ “ਬਾਬਰ ਦੀ ਔਲਾਦ” ਨੂੰ ਸਬਕ ਸਿਖਾਉਣ ਦਾ ਅਤੇ ਜਮਹੂਰੀ ਢੰਗ ਨਾਲ ਹੱਥ ਆਈ ਰਾਜਸੱਤਾ ਦੀ ਗ਼ੈਰ-ਜਮਹੂਰੀ ਦੁਰਵਰਤੋਂ ਕਰਦਿਆਂ ਆਪਣੀ ਲੰਮੀਆਂ ਸਦੀਆਂ ਦੀ ਬੁਜ਼ਦਿਲਾਨਾ ਗ਼ੁਲਾਮੀ ਦਾ ਬਦਲਾ ਵਰਤਮਾਨ ਨਿਤਾਣੇ-ਨਿਮਾਣੇ ਮੁਸਲਮਾਨਾਂ ਤੋਂ ਲੈਣ ਦਾ ਇਨਸਾਨ-ਵਿਰੋਧੀ ਅਤੇ ਇਤਿਹਾਸ-ਵਿਰੋਧੀ ਪੱਖ। ਪਰ ਇਹ ਮੁੱਦਾ ਇਸ ਲੇਖ ਦੇ ਕਲਾਵੇ ਤੋਂ ਬਾਹਰਲਾ ਹੋਣ ਕਰਕੇ ਅਸੀਂ ਇੱਥੇ ਇਸ ਦੇ ਵਿਸਤਾਰ ਵਿਚ ਨਹੀਂ ਜਾਵਾਂਗੇ।

ਖ਼ੈਰ, ਹੁਣ ਸਵਾਲ ਹੈ ਕਿ ਦੋ ਕੁ ਸਾਲਾਂ ਤੋਂ ਪੈਦਾ ਹੋਏ ਭਗਵੇਂ ਮਾਹੌਲ ਵਿਚ ਪੰਜਾਬ ਦੇ ਕਿਸਾਨ ਅਤੇ ਦਲਿਤ ਗਊ ਦਾ ਕੀ ਕਰਨ। ਕਿਸਾਨਾਂ ਨੂੰ ਗਊਆਂ ਲਈ ਆਪਣਾ ਰਵਾਇਤੀ ਆਦਰ ਚੇਤੇ ਰੱਖਦਿਆਂ ਫ਼ਸਲਾਂ ਨੂੰ ਉਹਨਾਂ ਤੋਂ ਅਤੇ ਉਹਨਾਂ ਨੂੰ ਨਰਕੀ ਪਲਾਸਟਿਕੀ ਤੇ ਸੜਕੀ ਜੀਵਨ ਤੋਂ ਬਚਾਉਣ ਦਾ ਬੀੜਾ ਚੁੱਕਣਾ ਹੀ ਚਾਹੀਦਾ ਹੈ। ਇੱਕੋ-ਇੱਕ ਸੁਚੱਜਾ ਰਾਹ ਇਹ ਹੈ ਕਿ ਹਰ ਇਲਾਕੇ ਦੇ ਕਿਸਾਨ ਸਭ ਆਵਾਰਾ ਗੋਕੇ ਪਸੂ ਇਕੱਠੇ ਕਰਨ ਅਤੇ ਉਹਨਾਂ ਨੂੰ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਅਤੇ ‘ਪੰਜਾਬ ਗਊ ਸੇਵਾ ਕਮਿਸ਼ਨ’ ਦੇ ਪ੍ਰਧਾਨ ਕੀਮਤੀ ਭਗਤ ਜਿਹੇ ਪ੍ਰਮੁੱਖ ਗਊ-ਭਗਤਾਂ ਤੋਂ ਲੈ ਕੇ ਹੇਠਾਂ ਆਪਣੇ ਪਿੰਡ-ਨਗਰ ਦੇ ਗਊ ਭਗਤਾਂ ਤੱਕ ਦੇ ਘਰਾਂ ਅਤੇ ਖੇਤਾਂ ਵਿਚ, ਉਹਨਾਂ ਦੀ ਸਮਾਜਕ-ਆਰਥਕ ਹੈਸੀਅਤ ਅਨੁਸਾਰ ਗਿਣਤੀ ਵਿਚ, ਪੁੱਜਦੇ ਕਰ ਦੇਣ।. ਇਸੇ ਤਰ੍ਹਾਂ ਦਲਿਤ ਇਹਨਾਂ ਸਭ ਗਊ-ਭਗਤਾਂ ਨੂੰ ਸੋਝੀ ਕਰਾਉਣ ਕਿ ਆਪਣੀ ਜਨਮਦਾਤੀ ਮਾਤਾ ਦੀ ਅੰਤਿਮ ਯਾਤਰਾ ਜੇ ਤੁਸੀਂ ਬੜੇ ਸਤਿਕਾਰ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਕੇ ਪੂਰੀ ਕਰਾਉਂਦੇ ਹੋ ਤਾਂ ਉਸ ਨਾਲੋਂ ਵੀ ਵੱਧ ਪੂਜਣਜੋਗ ਗਊਮਾਤਾ ਦੀ ਅੰਤਿਮ ਯਾਤਰਾ ਵਾਸਤੇ ਸਾਡੇ ਭਿੱਟ-ਭਰੇ ਅਛੂਤ-ਸ਼ੂਦਰ ਮੋਢੇ ਕਿਉਂ ਵਰਤਦੇ ਹੋ? ਮਾਲਕ ਦੀ ਚੁਕਾਈ ਮਰੀ ਹੋਈ ਗਊ ਨਾਲ ਫੜੇ ਗਏ ਦਲਿਤਾਂ ਨੂੰ ਨੰਗੇ ਕਰ ਕੇ ਗਊ-ਭਗਤਾਂ ਵਲੋਂ ਚਾੜ੍ਹੇ ਗਏ ਜੱਲਾਦੀ ਕੁਟਾਪੇ ਮਗਰੋਂ ਗੁਜਰਾਤ ਦੇ ਦਲਿਤਾਂ ਨੇ ਰਾਜਧਾਨੀ ਅਹਿਮਦਾਬਾਦ ਵਿਚ ਮਹਾਂਸੰਮੇਲਨ ਕਰ ਕੇ ਸਹੁੰ ਖਾਧੀ ਹੈ ਕਿ ਹੁਣ ਉਹ ਕਾਲ਼ੇ ਅਤੀਤ ਵਿਚ ਵਡੇਰਿਆਂ ਦਾ ਮਨੂਵਾਦੀ ਮਜਬੂਰੀ ਵਿਚ ਅਪਣਾਇਆ ਪਰਾਏ ਘਰਾਂ ਵਿੱਚੋਂ ਮਰੇ ਹੋਰੇ ਪਸੂ ਚੁੱਕਣ ਦਾ ਧੰਦਾ ਕਿਸੇ ਵੀ ਹਾਲਤ ਵਿਚ ਨਹੀਂ ਕਰਨਗੇ! ਇਉਂ ਉਹਨਾਂ ਨੇ ਪੰਜਾਬ ਸਮੇਤ ਬਾਕੀ ਦੇਸ ਦੇ ਦਲਿਤਾਂ ਨੂੰ ਸਹੀ ਰਾਹ ਦਿਖਾ ਦਿੱਤਾ ਹੈ ਜੋ ਹੁਣ ਉਹਨਾਂ ਸਾਹਮਣੇ ਇਕੋ-ਇਕ ਰਾਹ ਰਹਿ ਗਿਆ ਹੈ।

ਕਿਸਾਨਾਂ ਅਤੇ ਦਲਿਤਾਂ ਦੇ ਇਸ ਇਕ ਇਕ ਸੁਚੱਜੇ ਕਦਮ ਸਦਕਾ ਆਵਾਰਾ ਗੋਕਿਆਂ ਨੂੰ ਗੰਦ-ਖਾਣੇ ਨਰਕੀ ਜੀਵਨ ਤੋਂ ਮੁਕਤੀ ਮਿਲੇਗੀ, ਕਿਸਾਨਾਂ ਦੀਆਂ ਫ਼ਸਲਾਂ ਉਜਾੜੇ ਤੋਂ ਬਚ ਰਹਿਣਗੀਆਂ, ਦਲਿਤ ਅਰਧ-ਮਾਨਵੀ ਨਰਕੀ ਹੋਂਦ ਵਿੱਚੋਂ ਨਿਕਲ ਕੇ ਮਨੁੱਖੀ ਜਾਮੇ ਵਿਚ ਪ੍ਰਵੇਸ਼ ਕਰ ਸਕਣਗੇ। ਗਊ-ਭਗਤਾਂ ਨੂੰ ਆਪਣੀ ਗਊਮਾਤਾ ਦੀ ਸੇਵਾ ਕਰਨ ਦਾ ਤੇ ਅੰਤ ਸਮੇਂ ਉਹਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਆਪ ਨਿਭਾਉਣ ਦਾ ਅਵਸਰ ਪ੍ਰਾਪਤ ਹੋ ਜਾਵੇਗਾ ਅਤੇਸਭ ਤੋਂ ਵੱਡੀ ਤੇ ਅਹਿਮ ਗੱਲ, ਪੰਜਾਬ ਵਿੱਚੋਂ ਧਾਰਮਿਕ, ਜਾਤਪਾਤੀ ਤੇ ਭਾਈਚਾਰਕ ਤਣਾਉ ਅਤੇ ਵੈਰਭਾਵ ਖ਼ਤਮ ਹੋ ਕੇ ਆਪਸੀ ਸਦਭਾਵਨਾ, ਸੁਹਿਰਦਤਾ ਤੇ ਸਨੇਹ ਦਾ ਮਾਹੌਲ ਪੈਦਾ ਹੋ ਜਾਵੇਗਾ!

*****

(384)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author