GurbachanBhullar7ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, “ਵੇ ਭਾਈ ਕਾਲ਼ਿਆਮੇਰਾ ਭੋਲ਼ਾ ਭਰਾ ਤਾਂ ਜਿਹੋ ਜਿਹਾ ...
(20 ਮਾਰਚ 2022)
ਮਹਿਮਾਨ: 102.

 

ਗੱਲ ਸੌ ਸਾਲ ਤੋਂ ਵੱਧ ਪੁਰਾਣੀ ਹੈ ਉਦੋਂ ਧੀਆਂ ਦਾ ਮਾਪਿਆਂ ਦੀ ਜਾਂ ਨੂੰਹਾਂ ਦਾ ਸਹੁਰਿਆਂ ਦੀ ਜ਼ਮੀਨ-ਜਾਇਦਾਦ ਵਿੱਚੋਂ ਹਿੱਸੇਦਾਰ ਹੋਣਾ ਸਮਾਜਕ ਸੋਚ ਦਾ ਹਿੱਸਾ ਨਹੀਂ ਸੀਅਜੇ ਨਾ ਇਹਦੀ ਕੋਈ ਕਲਪਨਾ ਹੀ ਕਰਦਾ ਸੀ ਤੇ ਨਾ ਹੀ ਮੰਗਇਸਤਰੀ ਦੇ ਹੱਕਾਂ ਦੀ ਗੱਲ ਕੋਈ ਸੋਚਦਾ ਵੀ ਨਹੀਂ ਸੀਮੁੰਡੇ ਵਾਲੇ ਵੀ ਅਜੇ ਦਾਜ ਦੀ ਅਤੇ ਵਿਆਹ ਵੇਲੇ ਦੀਆਂ ਸੁਖ-ਸਹੂਲਤਾਂ ਦੀ ਲੰਮੀ ਸੂਚੀ ਕੁੜੀ ਵਾਲਿਆਂ ਅੱਗੇ ਪੇਸ਼ ਕਰਨ ਨਹੀਂ ਸਨ ਲੱਗੇਜੋ ਜ਼ੇਵਰ ਤੇ ਲੀੜਾ-ਕੱਪੜਾ ਆਦਿ, ਜਿਸ ਨੂੰ ਆਮ ਬੋਲੀ ਵਿੱਚ ਟੂਮ-ਟਾਕੀ ਕਿਹਾ ਜਾਂਦਾ ਸੀ, ਧੀ-ਵਾਲੇ ਆਪੇ ਹੀ ਦੇ ਦਿੰਦੇ ਸਨ, ਉਹੋ ਮੁੰਡੇ ਵਾਲਿਆਂ ਨੂੰ ਪਰਵਾਨ ਹੁੰਦਾ ਸੀ ਇਸਦਾ ਫ਼ੈਸਲਾ ਧੀ ਵਾਲਿਆਂ ਦੀ ਸਮਾਜਕ ਹੈਸੀਅਤ, ਮਾਇਕ ਸਮਰੱਥਾ ਤੇ ਪਰਿਵਾਰਕ ਇੱਛਾ ਕਰਦੀਵਿਚੋਲਾ ਜ਼ਰੂਰ ਅੰਦਰੇ-ਅੰਦਰ ਇਹ ਖ਼ਿਆਲ ਰੱਖਦਾ ਕਿ ਦੇਣ-ਲੈਣ ਧੀ ਵਾਲਿਆਂ ਦੀ ਪੁੱਜਤ ਵਿੱਚ ਵੀ ਹੋਵੇ ਤੇ ਪੁੱਤ ਵਾਲਿਆਂ ਦੀ ਅਣਕਹੀ ਝਾਕ ਤੇ ਇੱਛਾ ਵੀ ਪੂਰੀ ਕਰ ਦੇਵੇਇਸੇ ਕਰਕੇ ਕਹਾਵਤ ਸੀ, “ਜੀਹਨੇ ਧੀ ਦੇ ਦਿੱਤੀ, ਭਾਈ, ਉਹਨੇ ਪਿੱਛੇ ਕੀ ਰੱਖ ਲਿਆ? ਸਮਝੋ, ਸਭੋ ਕੁਛ ਹੀ ਦੇ ਦਿੱਤਾ!”

ਉਸ ਜ਼ਮਾਨੇ ਵਿੱਚ ਮੇਰਾ ਨਾਨਾ ਪੂਰਾ ਹੋਣ ਵੇਲੇ ਪੁੱਤਾਂ ਨੂੰ, ਮੇਰੇ ਮਾਮਿਆਂ ਨੂੰ, ਆਖ ਗਿਆ, “ਬਾਕੀ ਸਭ ਕੁਛ ਥੋਡਾ, ਟਾਹਲੀ ਵਾਲਾ ਖੇਤ ਮੈਂ ਧਨਕੁਰ ਨੂੰ ਦੇ ਚੱਲਿਆਂ!” ਧਨ ਕੌਰ ਮੇਰੀ ਮਾਂ ਦਾ ਨਾਂ ਸੀਮੈਂ ਅੱਜ ਵੀ ਹੈਰਾਨ ਹੁੰਦਾ ਹਾਂ ਕਿ ਉਸ ਮਾਹੌਲ ਤੇ ਉਸ ਜ਼ਮਾਨੇ ਵਿੱਚ ਨਾਨੇ ਦੇ ਮਨ ਵਿੱਚ ਇਹ ਉੱਚਾ-ਸੁੱਚਾ ਵਿਚਾਰ ਕਿਵੇਂ ਆਇਆ ਹੋਵੇਗਾ! ਮੈਂ ਦੇਖਿਆ ਤਾਂ ਨਹੀਂ ਪਰ ਉਹ ਕੋਈ ਅੱਗੇਵਧੂ ਸਮਾਜਕ ਸਮਝ ਵਾਲਾ ਪੜ੍ਹਿਆ-ਲਿਖਿਆ ਬੰਦਾ ਯਕੀਨਨ ਹੀ ਨਹੀਂ ਸੀਉਹਨੇ ਕਿੱਥੋਂ ਪੜ੍ਹਨਾ ਸੀ, ਮੇਰੇ ਮਾਮੇ ਵੀ ਸੁਧੇ ਅਣਪੜ੍ਹ ਸਨਕਾਲ਼ਾ ਅੱਖਰ ਮ੍ਹੈਂਸ ਬਰਾਬਰ! ਕਿਸੇ ਨੇ ਡੇਰੇ ਜਾਂ ਗੁਰਦੁਆਰੇ ਜਾ ਕੇ ਰੇਤੇ ਉੱਤੇ ਊੜਾ-ਐੜਾ ਪਾਉਣਾ ਸਿੱਖਣ ਦੀ ਲੋੜ ਵੀ ਨਹੀਂ ਸੀ ਸਮਝੀ

ਉਦੋਂ ਪਿੰਡਾਂ ਦੇ ਪਿੰਡ ਹੀ ਅਣਪੜ੍ਹਾਂ ਦੇ ਹੁੰਦੇ ਸਨਕੋਈ ਕੋਈ ਬੰਦਾ ਡੇਰਿਉਂ-ਗੁਰਦੁਆਰਿਉਂ ਪੰਜ-ਗ੍ਰੰਥੀ, ਦਸ-ਗ੍ਰੰਥੀ ਦਾ ਪਾਠ ਸਿੱਖਦਾਜੋ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰ ਲੈਂਦਾ, ਉਹ ਤਾਂ ਪਿੰਡ ਦਾ ਵਿਦਵਾਨ ਹੁੰਦਾਲੋਕ ਉਹਨੂੰ ਅਕਸਰ ਗਿਆਨੀ ਜਾਂ ਗਿਆਨੀ-ਜੀ ਆਖ ਕੇ ਬੁਲਾਉਂਦੇਕੋਈ ਵਿਰਲਾ-ਟਾਂਵਾਂ, ਖਾਸ ਕਰ ਕੇ ਕਿਸੇ ਫ਼ੌਜੀ ਜਾਂ ਹੋਰ ਮੁਲਾਜ਼ਮ ਦਾ ਮੁੰਡਾ ਦੂਰ-ਨੇੜੇ ਦੇ ਸਕੂਲ ਦਾ ਮੂੰਹ ਦੇਖਦਾਕੁੜੀਆਂ ਨੂੰ ਪੜ੍ਹਾਉਣਾ ਤਾਂ ਪਾਪ ਕਮਾਉਣ ਤੁੱਲ ਸਮਝਿਆ ਹੀ ਜਾਂਦਾ ਸੀ, ਮੁੰਡਿਆਂ ਬਾਰੇ ਵੀ ਪੜ੍ਹਾਈ-ਵਿਰੋਧੀ ਕਹਾਵਤ ਸੀ, “ਜੱਟ ਦਾ ਪੁੱਤ ਪੜ੍ਹ ਗਿਆ, ਬਲਦ ਕੋਠੇ ਚੜ੍ਹ ਗਿਆ! ਇੱਕ ਬਰਾਬਰ!” (ਜੇ ਕਿਸੇ ਘਰ ਪੌੜੀਆਂ ਬਣੀਆਂ ਹੁੰਦੀਆਂ ਤੇ ਕਿਸੇ ਕਾਰਨ ਡਰਿਆ ਬਲਦ ਪੌੜੀਆਂ ਰਾਹੀਂ ਭੱਜ ਕੇ ਛੱਤ ਉੱਤੇ ਜਾ ਚੜ੍ਹਦਾ ਤਾਂ ਉਹ ਵੱਡੀ ਮੁਸੀਬਤ ਖੜ੍ਹੀ ਕਰ ਦਿੰਦਾ ਕਿਉਂਕਿ ਉਹਨੂੰ ਇੰਨੀ ਸਮਝ ਹੋਣ ਦਾ ਤਾਂ ਸਵਾਲ ਹੀ ਨਹੀਂ ਸੀ ਕਿ ਜਿਨ੍ਹੀਂ ਪੌੜੀਏਂ ਉਹ ਚੜ੍ਹਿਆ ਸੀ, ਉਹਨੀਂ ਪੌੜੀਏਂ ਉੱਤਰ ਵੀ ਆਵੇਜਿਉਂ-ਜਿਉਂ ਲੋਕ ਉਹਨੂੰ ਉਤਾਰਨ ਦਾ ਹੀਲਾ ਕਰਦੇ, ਉਹ ਹੋਰ-ਹੋਰ ਡਰਦਾਆਖ਼ਰ ਨੂੰ ਬਹੁਤੀ ਵਾਰ ਉਹ ਘਬਰਾ ਕੇ ਛੱਤ ਤੋਂ ਛਾਲ਼ ਮਾਰ ਦਿੰਦਾ ਤੇ ਲੱਤਾਂ ਤੁੜਵਾ ਲੈਂਦਾ!) ਲੋਕਾਂ ਦਾ ਯਕੀਨ ਸੀ, ਜੱਟ ਦਾ ਪੁੱਤ ਵੀ ਪੜ੍ਹ ਕੇ ਘਰ ਵਾਸਤੇ ਕੋਈ ਮੁਸੀਬਤ ਹੀ ਖੜ੍ਹੀ ਕਰੇਗਾਗੱਲ ਕੀ, ਪੜ੍ਹਨਾ ਉਦੋਂ ਪੇਂਡੂਆਂ ਦੇ ਜੀਵਨ-ਉਦੇਸ਼ਾਂ ਵਿੱਚ ਸ਼ਾਮਲ ਨਹੀਂ ਸੀਪਾੜ੍ਹਿਆਂ ਨੂੰ ਆਮ ਲੋਕ ਲੁੱਚੇ ਤਾਂ ਸਮਝਦੇ-ਆਖਦੇ ਹੀ ਸਨ

ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨਾ ਵੀ ਆਮ ਵਰਤਾਰਾ ਸੀਦਾਈ ਤੋਂ ਇਲਾਵਾ ਹਰ ਪਿੰਡ ਵਿੱਚ ਕਿਸੇ ਨਾ ਕਿਸੇ ਚਾਚੀ-ਤਾਈ ਨੇ ਅਨੁਭਵ ਦੇ ਆਧਾਰ ਉੱਤੇ ਇਸ ਕੰਮ ਦੀ ਮੁਹਾਰਿਤ ਹਾਸਲ ਕੀਤੀ ਹੋਈ ਹੁੰਦੀਕੁੜੀ ਜੰਮੀ ਦਾ ਸੁਨੇਹਾ ਮਿਲੇ ਤੋਂ ਉਹ ਝੱਟ ਹਾਜ਼ਰ ਆ ਹੁੰਦੀ ਜਿਵੇਂ ਕੋਈ ਜ਼ਰੂਰੀ ਜ਼ਿੰਮੇਵਾਰੀ ਨਿਭਾਉਣ ਆਈ ਹੋਵੇ! ਉਹ ਮਾਂ ਦੇ ਦੁੱਧ ਵਾਸਤੇ ਬੁੱਲ੍ਹ ਹਿਲਾਉਂਦੀ ਨਵ-ਜਨਮੀ ਬਾਲੜੀ ਨੂੰ ਬੜੀ ਸਹਿਜਤਾ ਨਾਲ ਗੋਦ ਵਿੱਚ ਪਾ ਕੇ ਉਹਦੇ ਮੂੰਹ ਨੂੰ ਅੱਕ ਦੇ ਦੁੱਧ ਵਿੱਚ ਜਾਂ ਅਫ਼ੀਮ ਦੇ ਘੋਲ਼ ਵਿੱਚ ਭਿੱਜਿਆ ਰੂੰ ਦਾ ਫੰਭਾ ਲਾ ਦਿੰਦੀਨਾਲ ਹੀ ਉਹ ਬੜੇ ਪਿਆਰ ਨਾਲ ਗਾਉਂਦੀ, “ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ, ਵੀਰ ਨੂੰ ਘੱਤੀਂ!” ਰੂੰ ਦਾ ਜ਼ਹਿਰੀਲਾ ਫੰਭਾ ਚਪੋਲ ਕੇ ਤੇ ਇਹ ਯਮਦੂਤੀ ‘ਲੋਰੀ’ ਸੁਣ ਕੇ ਬਾਲੜੀ ਇਸ ਜੱਗ ਵਿੱਚ ਅੱਖਾਂ ਖੋਲ੍ਹਣ ਤੋਂ ਪਹਿਲਾਂ ਹੀ ਜਿੱਧਰੋਂ ਆਈ ਹੁੰਦੀ, ਪੁੱਠੇ-ਪੈਰੀਂ ਉੱਧਰੇ ਹੀ ਮੁੜ ਜਾਂਦੀ ਸੀਜਦੋਂ ਵੱਡਾ ਹੋ ਕੇ ਮੈਂਨੂੰ ਇਹਨਾਂ ਸਭ ਗੱਲਾਂ ਦੀ ਸਮਝ ਆਈ, ਮੇਰਾ ਸਿਰ ਨਾਨੇ ਦੀ ਯਾਦ ਅੱਗੇ ਝੁਕਣਾ ਸੁਭਾਵਿਕ ਸੀ

ਮੇਰੇ ਨਾਨਕੇ ਰੋਮਾਣਾ ਅਜੀਤ ਸਿੰਘ ਸਨਪੰਦਰਾਂ ਕੋਹ ਵਾਟ ਅਸੀਂ ਆਮ ਕਰ ਕੇ ਪੈਦਲ ਹੀ ਜਾਂਦੇਪਰ ਨਾਨਕਿਆਂ ਦੇ ਚਾਅ ਵਿੱਚ ਥਕੇਵਾਂ ਸਾਡੇ ਨੇੜੇ ਵੀ ਨਾ ਢੁਕਦਾ! ਮਾਮੇ ਮੇਰੇ ਤਿੰਨ ਸਨਉਹਨਾਂ ਦੀ ਇੱਕ ਗੱਲ ਬੜੀ ਦਿਲਚਸਪ ਸੀਉਹ ਜਿਸ ਜਿਸ ਮਹੀਨੇ ਜੰਮਦੇ ਗਏ, ਨਾਨੇ-ਨਾਨੀ ਨੇ ਉਹੋ ਉਹਨਾਂ ਦਾ ਨਾਂ ਰੱਖ ਦਿੱਤਾਚੇਤ ਵੱਡਾ ਸੀ, ਸਾਉਣ ਵਿਚਕਾਰਲਾ ਤੇ ਮੱਘਰ ਛੋਟਾਨਾਮਕਰਨ ਦੀ ਇਸ ਵਿਧੀ ਤੋਂ ਮੇਰੀ ਮਾਂ ਪਤਾ ਨਹੀਂ ਕਿਵੇਂ ਬਾਹਰ ਰਹਿ ਗਈ! ਸਾਉਣ ਮਾਮਾ ਮੇਰੀ ਸੁਰਤ ਤੋਂ ਪਹਿਲਾਂ ਗੁਜ਼ਰ ਗਿਆਚੇਤ ਮਾਮੇ ਨੇ ਇੱਥੋਂ ਕੁਛ ਜ਼ਮੀਨ ਵੇਚ ਕੇ ਰਾਜਸਥਾਨ ਵਿੱਚ ਖੁੱਲ੍ਹੀ ਸਸਤੀ ਜ਼ਮੀਨ ਜਾ ਖਰੀਦੀਉਹ ਬਹੁਤਾ ਉੱਥੇ ਹੀ ਰਹਿੰਦਾਬੱਸ ਮਾਮਾ ਮੱਘਰ ਹੀ ਸਾਡੇ ਸਮੁੱਚੇ ਨਾਨਕੇ ਸੀ

ਮੇਰੀ ਮਾਂ ਦੱਸਦੀ ਹੁੰਦੀ, ਉਹ ਜਦੋਂ ਪਹਿਲਾਂ-ਪਹਿਲ ਆਉਂਦਾ, ਸਵੇਰ ਦੀ ਰੋਟੀ ਘਰੋਂ ਖਾ ਕੇ ਆਉਂਦਾ ਤੇ ਸ਼ਾਮ ਦੀ ਰੋਟੀ ਨਾਲ ਲੈ ਕੇ ਆਉਂਦਾਅਗਲੇ ਦਿਨ ਦੇ ਰੋਟੀ ਵੇਲੇ ਤੋਂ ਪਹਿਲਾਂ ਹੀ ਉਹ ਸਵੇਰੇ-ਸਵੇਰੇ ਲੱਸੀ ਦੇ ਦੋ ਛੰਨੇ ਪੀ ਕੇ ਵਾਪਸ ਪਿੰਡ ਨੂੰ ਚੱਲ ਪੈਂਦਾਘਰ ਦੀ ਲੱਸੀ ਹੋਣ ਦੇ ਬਾਵਜੂਦ ਮਾਂ ਨੂੰ ਮਾਮੇ ਲਈ ਲੱਸੀ ਗੁਆਂਢੀਆਂ ਦਿਉਂ ਲਿਆਉਣੀ ਪੈਂਦੀਲੱਸੀ ਤਾਂ ਉਹਨੇ ਸਾਡੇ ਘਰ ਦੀ ਕਿੱਥੋਂ ਪੀਣੀ ਸੀ, ਉਹਦੇ ਪੀਣ ਵਾਸਤੇ ਪਾਣੀ ਵੀ ਮਾਂ ਗੁਆਂਢੀਆਂ ਦੇ ਘਰੋਂ ਲਿਆਉਂਦੀ

ਕੁਛ ਚਿਰ ਇਹ ਰੀਤ ਇਉਂ ਨਿਭਦੀ ਰਹੀਫੇਰ ਇੱਕ ਦਿਨ ਮੇਰੀ ਮਾਂ ਨੇ ਕਿਹਾ, “ਵੇ ਵੀਰ ਮੱਘਰਾ, ਛੱਡ ਇਹ ਝੇੜਾ, ਤੂੰ ਮੇਰੇ ਘਰੋਂ ਸੱਜਰੀ ਰੋਟੀ ਖਾਇਆ ਕਰ ’ਤੇ ਜਾਣ ਲੱਗਿਆ ਸਾਰੇ ਰੋਟੀ-ਟੁੱਕ ਤੇ ਦੁੱਧ-ਲੱਸੀ ਦਾ ਹਿਸਾਬ ਲਾ ਕੇ ਮੈਂਨੂੰ ਪੈਸੇ ਦੇ ਜਾਇਆ ਕਰ!” ਉਹ ਹੱਸੀ, “ਵਿਚੇ ਪਾਣੀ ਦੇ ਪੈਸੇ ਜੋੜ ਲਿਆ ਕਰ

ਮਾਂ ਦੀ ਅੱਧੀ ਗੰਭੀਰਤਾ ਨਾਲ ਤੇ ਅੱਧੀ ਹਾਸੇ ਵਿੱਚ ਕਹੀ ਗੱਲ ਮਾਮੇ ਦੇ ਦਿਲ ਨੂੰ ਜਚ ਗਈ ਤੇ ਉਹ ਬਾਗੋ-ਬਾਗ ਹੋ ਕੇ ਬੋਲਿਆ, “ਕਾਕੀ, ਇਹ ਤੂੰ ਬਹੁਤ ਵਧੀਆ ਸੋਚਿਆਲੈ, ਇਹ ਗੱਲ ਮੇਰੀ ਅਕਲ ਵਿੱਚ ਕਿਉਂ ਨਹੀਂ ਆਈ!” ਮਾਮਾ ਮੇਰੀ ਮਾਂ ਨੂੰ ਕਾਕੀ ਹੀ ਆਖਦਾ ਸੀ

ਜਦੋਂ ਅਸੀਂ ਵੱਡੇ ਹੋਏ, ਜਾਣ ਵੇਲੇ ਉਹਨੂੰ ਖਾਧੇ-ਪੀਤੇ ਦੇ ਪੈਸੇ ਦਿੰਦਾ ਦੇਖ ਕੇ ਟੋਕਦੇ, “ਮਾਮਾ ਜੀ, ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ, ਥੋਡੀ ਭੈਣ ਦਾ ਘਰ ਹੈ, ਛੱਡੋ ਹੁਣ ਇਹ ਗੱਲਾਂ

ਉਹ ਝਿੜਕਦਾ, “ਆਬਦੀਆਂ ਅਕਲਾਂ ਆਬਦੇ ਕੋਲ਼ ਰੱਖੋਚਾਰ ਅੱਖਰ ਪੜ੍ਹ ਕੇ ਤੁਸੀਂ ਮੈਥੋਂ ਸਿਆਣੇ ਨਹੀਂ ਹੋ ਗਏ! ਜਾਣਦਾਂ ਮੈਂ ਥੋਡੇ ਜਮਾਨੇ ਨੂੰ! ਸਾਡੇ ਜ਼ਮਾਨੇ ਨਾਲੋਂ ਮਾੜਾ ਈ ਐ ਇਹ ਥੋਡਾ ਜਮਾਨਾ!”

ਅਸੀਂ ਕੱਚੇ ਜਿਹੇ ਹੋ ਕੇ ਚੁੱਪ ਕਰ ਜਾਂਦੇ

ਉਦੋਂ ਖੇਤੀ ਆਮ ਕਰ ਕੇ ਇੱਕ-ਫ਼ਸਲੀ ਹੀ ਹੁੰਦੀ ਸੀਮਾਮਾ ਸਾਡੀ ਜ਼ਮੀਨ ਵਿੱਚ ਕਣਕ ਬੀਜਦਾਉਸ ਜ਼ਮੀਨ ਵਿੱਚ ਇੱਕ ਬੇਰੀ ਸੀ, ਪੁਰਾਣੀ, ਬਹੁਤ ਵੱਡੀਉਹ ਸੀ ਤਾਂ ਦੇਸੀ ਹੀ, ਪਿਉਂਦੀ ਨਹੀਂ, ਪਰ ਉਹਨੂੰ ਬੇਰ ਬੜੇ ਮਿੱਠੇ ਤੇ ਵੱਡੇ ਗੁੱਦੇ-ਦਾਰ ਲਗਦੇਮਾਮਾ ਉਹਨੂੰ ਸਿਉ ਬੇਰੀ ਆਖਦਾਬੇਰ ਕਣਕ ਤੋਂ ਥੋੜ੍ਹਾ ਪਹਿਲਾਂ ਪੱਕ ਜਾਂਦੇਮਾਮਾ ਸੀਰੀ ਨੂੰ ਜਿੰਨੀ ਹਦਾਇਤ ਡੰਗਰ-ਪਸ਼ੂ ਤੋਂ ਕਣਕ ਦੀ ਰਾਖੀ ਦੀ ਦਿੰਦਾ, ਉੰਨੀ ਹੀ ਮੁੰਡਿਆਂ-ਖੁੰਡਿਆਂ ਤੋਂ ਬੇਰਾਂ ਦੀ ਰਾਖੀ ਦੀ ਦਿੰਦਾਬੇਰ ਪੱਕਿਆਂ ਤੋਂ ਉਹ ਢਾਂਗੇ ਨਾਲ ਇੱਕ-ਇੱਕ ਡਾਹਣੀ ਹਲੂਣਦਾ ਤੇ ਘਰ ਲਿਆ ਕੇ ਸੁੱਕਣੇ ਪਾ ਦਿੰਦਾਸੁੱਕ ਕੇ ਉਹ ਬੇਰ ਛੁਹਾਰਿਆਂ ਵਰਗੇ ਹੋ ਜਾਂਦੇਮਾਮਾ ਬੋਤੇ ਉੱਤੇ ਆਉਂਦਾ ਤੇ ਸੁੱਕੇ ਬੇਰਾਂ ਦੀ ਬੋਰੀ ਲਿਆ ਰੱਖਦਾ ਇੰਨੇ ਬੇਰ ਕੌਣ ਖਾਵੇ! ਸਾਡੇ ਕਈ ਸਕੇ ਤੇ ਹੋਰ ਗੁਆਂਢੀ ਘਰਾਂ ਦੇ ਕੰਮ ਆਉਂਦੇ

ਕਣਕ ਨਿੱਕਲਦੀ ਤਾਂ ਮਾਮੇ ਦੇ ਗੱਡੇ ਸਾਡੇ ਬਾਰ ਅੱਗੇ ਆ ਖਲੋਂਦੇਉਹ ਸਾਡੀ ਮਾਂ ਦੇ ਖੇਤ ਦੀ ਫ਼ਸਲ ਵਿੱਚੋਂ ਵਾਹੀਵਾਨ ਵਜੋਂ ਆਪਣਾ ਕੋਈ ਹਿੱਸਾ ਵੀ ਨਹੀਂ ਸੀ ਰੱਖਦਾਕਣਕ ਦੀਆਂ ਬੋਰੀਆਂ, ਤੂੜੀ ਅਤੇ ਉਹਦੇ ਉੱਤੇ ਰੱਖੀ ਹੋਈ ਘੁੰਡੀਆਂ ਦੀ ਪੰਡ। (ਕਣਕ ਦੀ ਗਹਾਈ ਵੇਲੇ ਬਲਦਾਂ ਦੇ ਪੈਰਾਂ ਨਾਲ ਦਾਣੇ ਤਾਂ ਬੱਲੀਆਂ ਵਿੱਚੋਂ ਨਿਕਲਦੇ ਹੀ, ਨਾੜ ਵੀ ਟੁੱਟ ਕੇ ਤੂੜੀ ਬਣ ਜਾਂਦਾਨਾੜ ਦੇ ਗੰਢਾਂ ਵਾਲ਼ੇ ਹਿੱਸੇ, ਜੋ ਪਸ਼ੂਆਂ ਨੂੰ ਚਾਰਨ ਦੇ ਕੰਮ ਨਹੀਂ ਸਨ ਆਉਂਦੇ, ਤੂੜੀ ਨਾਲੋਂ ਭਾਰੀ ਹੋਣ ਕਰਕੇ ਛਜਲ਼ੀ ਲਾਉਣ ਵੇਲੇ ਹਵਾ ਨਾਲ ਵੱਖ ਹੋ ਜਾਂਦੇਇਹਨਾਂ ਨੂੰ ਘੁੰਡੀਆਂ ਕਿਹਾ ਜਾਂਦਾ ਸੀ ਤੇ ਇਹ ਤੰਦੂਰ ਵਿੱਚ ਬਾਲਣ ਦੇ ਕੰਮ ਹੀ ਆਉਂਦੀਆਂ ਸਨ।)

ਕਾਲੇ ਖਾਂ ਘੁਮਿਆਰ ਮਾਮੇ ਦਾ ਪੂਰਾ ਇਤਬਾਰੀ ਬੰਦਾ ਸੀਘਰ ਵਿੱਚ ਜੋ ਮਰਜ਼ੀ ਚੱਕੇ, ਜੋ ਮਰਜ਼ੀ ਰੱਖੇਮਾਮਾ ਫਸਲਾਂ ਦੀਆਂ ਗਿਣਤੀਆਂ-ਮਿਣਤੀਆਂ ਤੋਂ ਵੀ ਮੁਕਤ ਸੀਇਹੋ ਜਿਹੇ ਸਭ ਝੰਜਟ ਉਹਨੇ ਕਾਲ਼ੇ ਦੇ ਗਲ਼ ਪਾਏ ਹੋਏ ਸਨਮਾਮੇ ਨਾਲ ਕਾਲ਼ਾ ਵੀ ਆਉਂਦਾ

ਇੱਕ ਵਾਰੀਂ ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, “ਵੇ ਭਾਈ ਕਾਲ਼ਿਆ, ਮੇਰਾ ਭੋਲ਼ਾ ਭਰਾ ਤਾਂ ਜਿਹੋ ਜਿਹਾ ਹੈ ਸੋ ਹੈ, ਤੂੰ ਹੀ ਇਹਨੂੰ ਸਮਝਾਇਆ ਕਰ ਭਲਾ ਇਹ ਘੁੰਡੀਆਂ ਦਾ ਗੱਠੜ ਕਿਉਂ ਐਵੇਂ ਵਾਧੂ ਚੱਕਦੇ ਫਿਰਦੇ ਹੋਂਮੇਰੇ ਇਹ ਕਿਸ ਕੰਮ? ਤੰਦੂਰ ਮੈਂ ਬਾਲਣਾ ਨਹੀਂ, ਹੋਰ ਇਹ ਮੇਰੇ ਕਿਸੇ ਕੰਮ ਆਉਂਦੀਆਂ ਨਹੀਂ

ਕਾਲ਼ਾ ਹੱਸਿਆ, “ਭੂਆ, ਚੰਗਾ ਫਸਾਉਣ ਲੱਗੀ ਹੈਂ ਤੂੰ ਮੈਂਨੂੰ! ਚਾਚੇ ਨੂੰ ਮੈਂ ਕਹਾਂ, ਭੂਆ ਦੀ ਕਣਕ ਦੀਆਂ ਘੁੰਡੀਆਂ ਇੱਥੇ ਹੀ ਪਈਆਂ ਰਹਿਣ ਦੇ ਤੇ ਫੇਰ ਕਈ ਦਿਨ ਉਹਦੇ ਸਲੋਕ ਸੁਣਦਾ ਰਹਾਂ!”

ਇਹ ਗੱਲ ਇੱਧਰ ਨੂੰ ਆਉਂਦੇ ਮਾਮੇ ਨੂੰ ਵੀ ਸੁਣ ਗਈਉਹ ਬੋਲਿਆ, “ਕੌਣ ਕਿਸ ਨੂੰ ਸਲੋਕ ਸੁਣਾਉਂਦਾ ਐ ਬਈ ਕਾਲ਼ੇ ਖਾਂ?”

ਕਾਲ਼ਾ ਕਹਿੰਦਾ, “ਚਾਚਾ, ਸਲੋਕ ਮੈਂਨੂੰ ਤੂੰ ਸੁਣਾਏਂਗਾ, ਹੋਰ ਕੌਣ ਸੁਣਾਊ! … ਭੂਆ ਕਹਿੰਦੀ ਹੈ, ਆਬਦੇ ਚਾਚੇ ਨੂੰ ਆਖ, ਘੁੰਡੀਆਂ ਨਾ ਲਿਆਇਆ ਕਰੇ, ਮੇਰੇ ਕਿਸੇ ਕੰਮ ਨਹੀਂ

ਮਾਮੇ ਨੇ ਸਲਾਹ ਦਿੱਤੀ, “ਕਾਕੀ, ਜੇ ਤੰਦੂਰ ਨਹੀਂ ਬਾਲਣਾ, ਰੂੜੀ ਉੱਤੇ ਸਿੱਟ ਦਿਆ ਕਰ, ਵਧੀਆ ਰੇਹ ਬਣੂ!”

ਕਾਲ਼ੇ ਨੇ ਮੇਰੀ ਮਾਂ ਦੀ ਓਟ ਤਕ ਕੇ ਭੇਤ ਖੋਲ੍ਹਿਆ, “ਚਾਚੇ ਨੇ ਘੁੰਡੀਆਂ ਕਿੱਥੋਂ ਪਿੱਛੇ ਛੱਡ ਕੇ ਆਉਣੀਆਂ ਨੇ, ਭੂਆ, ਆਪਣੇ ਢੇਰ ਤੋਂ ਤੇਰੀ ਤੂੜੀ ਵਿੱਚ ਪੰਡ ਤੂੜੀ ਦੀ ਤੇ ਦਾਣਿਆਂ ਵਿੱਚ ਦੋ ਪਰਾਂਤਾਂ ਦਾਣਿਆਂ ਦੀਆਂ ਵਾਧੂ ਪਾ ਦਿੰਦਾ ਐ

ਮੇਰੀ ਮਾਂ ਹੈਰਾਨ ਹੋਈ, “ਭਾਈ ਮੱਘਰਾ, ਇਹ ਕਿਉਂ?”

ਮਾਮੇ ਨੇ ਭੇਤ ਸਮਝਾਇਆ, “ਹਵਾ-ਹਨੇਰੀ ਨਾਲ ਤੇਰੇ ਖੇਤ ਦੀਆਂ ਬੱਲੀਆਂ ਮੇਰੇ ਖੇਤ ਵਿੱਚ ਤੇ ਤੇਰੇ ਪਿੜ ਦੇ ਦਾਣੇ ਮੇਰੇ ਪਿੜ ਵਿੱਚ ਰਲ਼ ਜਾਣ ਤਾਂ ਤੇਰੇ ਖੇਤ ਦਾ ਅੰਨ ਖਾ ਕੇ ਮੈਂ ਨਰਕਾਂ ਨੂੰ ਜਾਵਾਂ?

ਹੁਣ ਉਹ ਅਵਸਥਾ ਬਣ ਗਈ ਸੀ ਜਿੱਥੇ ਪਹੁੰਚ ਕੇ ਸਭ ਸ਼ਬਦ ਖ਼ਤਮ ਹੋ ਜਾਂਦੇ ਹਨਮੇਰੀ ਮਾਂ ਵੀ ਮੋਹ-ਮਮਤਾ ਨਾਲ ਛਲਕਦੀਆਂ ਅੱਖਾਂ ਪੂੰਝ ਕੇ ਚੁੱਪ ਕਰ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3442)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author