GurbachanBhullar7ਨਾਵਲ ਦੀ ਅੰਤਲੀ ਸਤਰ ਲਿਖ ਕੇ ਸਮਾਪਤੀ ਕੀਤੀ ਤਾਂ ਸੰਤੁਸ਼ਟੀ ਦਾ ਲੰਮਾ ਸਾਹ ਆਇਆ ...”
(ਸਤੰਬਰ 22, 2015)

 

18 ਮਾਰਚ 2014 ਦੀ ਗੱਲ ਹੈ। ਮੇਰਾ ਜਨਮ-ਦਿਨ ਸੀ। ਮੈਂ 77 ਸਾਲ ਦਾ ਹੋ ਗਿਆ ਸੀ। ਜਦੋਂ ਆਦਮੀ ਸੱਠ ਕੁ ਸਾਲ ਦਾ ਹੋ ਜਾਂਦਾ ਹੈ, ਉਮਰ ਦੇ ਸਾਲਾਂ ਦੀ ਗਿਣਤੀ ਉਹਨੂੰ ਉਦਾਸ ਕਰਨ, ਕਈ ਸੂਰਤਾਂ ਵਿਚ ਤਾਂ ਡਰਾਉਣ ਲਗਦੀ ਹੈ। ਪਰ ਮੈਂ ਉਤਸਾਹ ਵਿਚ ਸੀ। ਮਨ ਨੇ ਮੇਰੇ ਪਹਿਲੇ ਨਾਵਲ ਦੀ ਪੂਰੀ ਕਥਾ ਦਾ ਤਾਣਾ-ਪੇਟਾ ਵੀ ਬੁਣ ਲਿਆ ਸੀ ਅਤੇ ਉਸ ਵਿਚ ਫੁੱਲ-ਪੱਤੀਆਂ ਦੀ ਤੇ, ਕੁਦਰਤੀ ਹੈ, ਉਹਨਾਂ ਦੇ ਨਾਲ ਹੀ ਕੰਡਿਆਂ ਦੀ ਕਢਾਈ ਵੀ ਕਰ ਲਈ ਸੀ। ਵੱਡੇ-ਛੋਟੇ ਸਭ ਪਾਤਰ ਆਪਣੀਆਂ ਨਵੇਕਲੀਆਂ ਸ਼ਖ਼ਸੀਅਤਾਂ ਨਾਲ ਸਾਕਾਰ ਹੋ ਕੇ ਅਤੇ ਆਪਣੀਆਂ ਭੂਮਿਕਾਵਾਂ ਚੇਤੇ ਕਰ ਕੇ ਮੇਰੇ ਆਲੇ-ਦੁਆਲੇ ਜੁੜੇ ਬੈਠੇ ਸਨ। ਉਹ ਉਤਾਵਲੇ ਸਨ ਕਿ ਮੈਂ ਉਹਨਾਂ ਦੀਆਂ ਆਤਮਮੁਖ ਕਥਾਵਾਂ ਨੂੰ ਇੱਕ ਦੂਜੀ ਨਾਲ ਜੋੜਦਿਆਂ, ਇੱਕੋ ਲੜੀ ਵਿਚ ਗੁੰਦਦਿਆਂ ਇੱਕੋ ਸਾਂਝੀ ਕਥਾ ਬਣਾ ਦੇਵਾਂ। ਕਥਾ-ਮਾਰਗ ਦਾ ਮੈਂ ਚੰਗੀ ਤਰ੍ਹਾਂ ਜਾਇਜ਼ਾ ਲੈ ਲਿਆ ਸੀ। ਪਹਿਲੀ ਪੁਲਾਂਘ ਵਾਲੀ ਥਾਂ ਤਾਂ ਐਹ ਮੇਰੇ ਸਾਹਮਣੇ ਸੀ ਹੀ, ਮੰਜ਼ਿਲ ਭਾਵੇਂ ਕਾਫ਼ੀ ਦੂਰ ਸੀ ਪਰ ਔਹ ਸਪਸ਼ਟ ਦਿਸਦੀ ਸੀ। ਰਾਹ ਦੇ ਪੜਾਅ ਵੀ ਮੈਂ ਮਿਥ ਲਏ ਸਨ। ਕਥਾ ਦੇ ਪੈਰਾਂ ਅੱਗੇ ਕਿਤੇ ਕੋਈ ਅਣਕਿਆਸੀ ਰੋਕ ਆਉਣੀ ਸੀ ਤਾਂ ਉਹਨੇ ਥੋੜ੍ਹਾ ਵਲ਼-ਫੇਰ ਪਾ ਕੇ, ਕੁਝ ਸੱਜੇ-ਖੱਬੇ ਹੋ ਕੇ ਅੱਗੇ ਲੰਘ ਜਾਣਾ ਸੀ।

ਕਹਿੰਦੇ, ਇੱਕ ਸੁਹਾਣੇ ਜਿਹੇ ਪਿਛਲੇ ਪਹਿਰ ਇੱਕ ਦੋਸਤ ਪ੍ਰਸਿੱਧ ਚਿੱਤਰਕਾਰ ਅਲ ਗਰੈਕੋ ਨੂੰ ਮਿਲਣ ਗਿਆ ਤਾਂ ਉਹ ਕਮਰੇ ਦੇ ਸਾਰੇ ਮੋਟੇ ਪਰਦੇ ਤਾਣ ਕੇ ਸਿਰਫ਼ ਇੱਕ ਮੋਮਬੱਤੀ ਦੇ ਚਾਨਣ ਵਿਚ ਵਰਜਿਨ ਮੈਰੀ ਨੂੰ ਚਿੱਤਰ ਰਿਹਾ ਸੀ। ਦੋਸਤ ਹੈਰਾਨ ਹੋਇਆਯਾਰ, ਚਿੱਤਰਕਾਰ ਤਾਂ ਰੰਗਾਂ ਦੀ ਭਾਹ ਪਛਾਨਣ ਲਈ ਸੂਰਜੀ ਰੌਸ਼ਨੀ ਵਿਚ ਕੰਮ ਕਰਦੇ ਨੇ। ਤੂੰ ਪਰਦੇ ਕਿਉਂ ਨਹੀਂ ਹਟਾਉਂਦਾ? ”ਅਲ ਗਰੈਕੋ ਸਹਿਜਤਾ ਨਾਲ ਬੋਲਿਆ,“ ਨਹੀਂ, ਅਜੇ ਨਹੀਂ! ਬਾਹਰਲੇ ਚਾਨਣ ਨਾਲ ਮੇਰੀ ਆਤਮਾ ਵਿਚ ਲਟਲਟ ਬਲ ਰਹੀ ਤੇ ਮੇਰੇ ਆਲੇ-ਦੁਆਲੇ ਦੀ ਹਰੇਕ ਸ਼ੈਅ ਨੂੰ ਨੂਰ ਬਖ਼ਸ਼ ਰਹੀ ਰਚਨਾਤਮਿਕਤਾ ਦੀ ਜਗਮਗ ਲਾਟ ਡੋਲਣ ਲੱਗਣੀ ਹੈ!” ਸ਼ਾਇਦ ਮੇਰੇ ਮਨ-ਮਸਤਕ ਵਿਚ ਵੀ ਮੇਰੇ ਵਿਤ ਅਨੁਸਾਰ ਰਚਨਾਤਮਿਕਤਾ ਦੀ ਲਾਟ ਜਗਮਗ ਜਗਮਗ ਕਰਨ ਲੱਗੀ ਸੀ!

ਸਾਡੀ ਸਾਹਿਤਕ ਪ੍ਰੰਪਰਾ ਆਪਣੇ ਇਸ਼ਟ ਨੂੰ ਧਿਆ ਕੇ ਕਾਨੀ ਦੀ ਨੋਕ ਨੂੰ ਕਾਗ਼ਜ਼ ਉੱਤੇ ਰੱਖਣਾ ਹੈ। ਆਦਿ-ਕਿੱਸਾਕਾਰ ਦਮੋਦਰ ਨੇ ਆਪਣੇ ਹੀਰ ਦੇ ਕਿੱਸੇ ਦਾ ਆਰੰਭ ਇਉਂ ਕੀਤਾ ਹੈ,“ ਅਵਲ ਨਾਮ ਸਾਹਿਬ ਦਾ ਲਈਏ, ਜਿਨ ਇਹ ਜਗਤ ਉਪਾਇਆ।” ਵਾਰਿਸ ਸ਼ਾਹ ਆਪਣੀ 'ਹੀਰ' ਦੀ ਸ਼ੁਰੂਆਤ ਇਉਂ ਕਰਦੇ ਹਨ,“ ਅਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ।” ਤੇ ਸਾਧੂ ਦਯਾ ਸਿੰਘ ਨੇ 'ਫ਼ਨਾਹ ਦਾ ਮਕਾਨ' ਇਉਂ ਸ਼ੁਰੂ ਕੀਤਾ ਹੈ, “ਊੜਾ ਓਅੰਕਾਰ ਹੈ ਪਰਿਪੂਰਨ, ਬਿਆਪ ਰਿਹਾ ਵਿਚ ਰੰਗ ਦੇ ਰੰਗ ਹੋ ਕੇ।” ਕਈ ਸਾਲਾਂ ਤੋਂ ਮੇਰਾ ਸਾਹਿਤਕ ਇਸ਼ਟ ਕੰਪਿਊਟਰ ਦੇਵਤਾ ਹੈ। ਇਹ ਮੈਨੂੰ ਲੇਖਕਾਂ ਨਾਲ ਤਾਂ ਜੋੜਦਾ ਹੀ ਹੈ, ਮੇਰੇ ਵਾਸਤੇ ਪ੍ਰਾਚੀਨ ਤੇ ਕਲਾਸੀਕਲ ਸਾਹਿਤ ਦਾ ਅਤੇ ਦੁਨੀਆ ਭਰ ਦੇ ਸਮਕਾਲੀ ਸਾਹਿਤ ਦਾ ਦੁਆਰ ਵੀ ਚੁਪੱਟ ਖੋਲ੍ਹਦਾ ਹੈ। ਇਹ ਮੇਰੀਆਂ ਸਾਹਿਤਕ ਪੁੱਛਾਂ ਦਾ ਜਵਾਬ ਦਿੰਦਾ ਹੈ ਅਤੇ ਮੇਰੀਆਂ ਲਿਖਤਾਂ ਨੂੰ ਇੱਕ ਅੱਖ-ਪਲਕਾਰੇ ਵਿਚ ਦੁਨੀਆ ਦੇ ਪਰਲੇ-ਪਾਰ ਦੇ ਅਖ਼ਬਾਰਾਂ-ਰਸਾਲਿਆਂ ਤੱਕ ਲੈ ਜਾਂਦਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਮੈਂ ਲੈਪਟਾਪ ਨੂੰ ਮੱਥਾ ਟੇਕਿਆ ਅਤੇ ਭਾਗ ਪਹਿਲਾ ਦਾ ਭ ਪਾਉਣ ਵਾਸਤੇ ਸਹਿਜੇ ਜਿਹੇ ਉਂਗਲ ਦਾ ਪੋਟਾ ਛੁਹਾ ਦਿੱਤਾ!

ਇਹ ਭ ਉਹ ਬੀ ਸੀ ਜਿਸ ਵਿੱਚੋਂ ਨਾਵਲ ਦਾ ਬਿਰਛ-ਬੂਟਾ ਉੱਗਣਾ, ਵਿਗਸਣਾ ਤੇ ਮੌਲਣਾ ਸੀ। ਉਹ ਕਿੰਨਾ ਕੁ ਕੱਦਾਵਰ ਹੋਣਾ ਸੀ ਜਾਂ ਕਿੰਨਾ ਨਿਕੱਦਾ ਰਹਿ ਜਾਣਾ ਸੀ, ਪੜਾਵੀ ਦੌੜ ਵਾਂਗ ਕਿਸ ਘਟਨਾ ਨੇ ਕੇਂਦਰੀ ਕਥਾ ਨੂੰ ਅੱਗੇ ਵਧਾਉਣ ਵਾਸਤੇ ਉਹਦਾ ਲੜ ਕਿਸ ਦੂਜੀ ਘਟਨਾ ਦੇ ਹਵਾਲੇ ਕਰਨਾ ਸੀ, ਕਿਸ ਪਾਤਰ ਦੇ ਨੈਣ-ਨਕਸ਼ ਕਹਾਣੀ ਦੀਆਂ ਲੋੜਾਂ ਨੇ ਛਿੱਲ-ਤਰਾਸ਼ ਕੇ ਮੇਰੇ ਚਿਤਵੇ ਨਾਲੋਂ ਕਿਸੇ ਨਾ ਕਿਸੇ ਹੱਦ ਤੱਕ ਬਦਲ ਦੇਣੇ ਸਨ, ਇਹ ਸਭ ਪੱਖ, ਯਾਨੀ ਨਾਵਲ ਦੇ ਭਾਗ ਇਸ ਭ ਵਿਚ ਹੀ ਛੁਪੇ ਹੋਏ ਸਨ! ਤੇ ਪਹਿਲਾ ਨਾਵਲ ਹੋਣ ਸਦਕਾ ਇਸ ਭ ਦੇ ਵਿਸਤਾਰ-ਪਸਾਰ ਨੇ ਹੀ ਨਾਵਲਕਾਰ ਬਣਨ ਦੇ ਵਿਚਾਰ ਨੂੰ ਜਾਂ ਤਾਂ ਮੇਰਾ ਭਰਮ ਸਿੱਧ ਕਰ ਦੇਣਾ ਸੀ ਤੇ ਜਾਂ ਫੇਰ ਮੇਰਾ ਭਰੋਸਾ ਬਣਾ ਦੇਣਾ ਸੀ!

ਕਹਾਣੀ ਲਿਖਦਿਆਂ ਲੰਮਾ ਸਮਾਂ ਹੋ ਗਿਆ ਸੀ। ਮੇਰੀ ਪਹਿਲੀ ਕਹਾਣੀ 'ਰਾਤਾਂ ਕਾਲੀਆਂ' ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਛਪੀ ਸੀ। ਪਹਿਲੇ ਕਹਾਣੀ-ਸੰਗ੍ਰਹਿ 'ਓਪਰਾ ਮਰਦ' ਨੂੰ ਪ੍ਰਕਾਸ਼ਿਤ ਹੋਇਆਂ ਵੀ ਅੱਧੀ ਸਦੀ ਬੀਤ ਗਈ ਸੀ। ਭਾਵੇਂ ਮੈਂ ਰਚਨਾ ਦਾ ਆਰੰਭ ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਕੀਤਾ ਸੀ ਪਰ ਮੁੱਢਲੀਆਂ ਕਹਾਣੀਆਂ ਨਾਲ ਹੀ ਮੇਰੀ ਪਛਾਣ ਕਹਾਣੀਕਾਰ ਵਜੋਂ ਬਣ ਗਈ। ਇਸ ਮਗਰੋਂ ਦੇ ਸਮੇਂ ਵਿਚ ਕਹਾਣੀਆਂ ਲਿਖਣ, ਅਨੁਵਾਦਣ ਅਤੇ ਸੰਪਾਦਣ ਦੇ ਨਾਲ ਨਾਲ ਕਲਮੀ ਚਿਤਰਾਂ, ਮੁਲਾਕਾਤਾਂ, ਆਲੋਚਨਾ, ਸਾਹਿਤਕ ਲੇਖਾਂ ਤੇ ਟਿੱਪਣੀਆਂ, ਯਾਤਰਾਨਾਮਾ, ਸਾਹਿਤਕ-ਸਭਿਆਚਰਕ ਤੇ ਸਮਾਜਕ ਪੱਤਰਕਾਰੀ, ਬਾਲ-ਸਾਹਿਤ ਦੀ ਰਚਨਾ, ਅਨੁਵਾਦ ਤੇ ਸੰਪਾਦਨ, ਆਦਿ ਨੇ ਵੀ ਮੇਰੇ ਪਾਠਕਾਂ ਦਾ ਧਿਆਨ ਖਿੱਚਿਆ। ਤਾਂ ਵੀ ਪਹਿਲੇ ਸੰਗ੍ਰਹਿ ਨਾਲ ਹੀ ਕਹਾਣੀਕਾਰ ਵਜੋਂ ਬਣੀ ਮੇਰੀ ਪਛਾਣ ਜਿਉਂ-ਦੀ-ਤਿਉਂ ਬਣੀ ਰਹੀ। ਇੱਥੋਂ ਤੱਕ ਕਿ 2005 ਦਾ ਸਾਹਿਤ ਅਕਾਦਮੀ ਪੁਰਸਕਾਰ ਵੀ ਮੈਨੂੰ ਸੰਗ੍ਰਹਿ 'ਅਗਨੀ ਕਲਸ' ਲਈ ਕਹਾਣੀਕਾਰ ਵਜੋਂ ਹੀ ਮਿਲਿਆ।

ਆਮ ਕਰਕੇ ਸਾਰੀਆਂ ਸਾਹਿਤਕ ਵਿਧਾਵਾਂ ਵਿੱਚੋਂ ਕਹਾਣੀ ਅਤੇ ਨਾਵਲ ਨੂੰ ਇੱਕ ਦੂਜੀ ਦੇ ਸਭ ਤੋਂ ਵੱਧ ਨੇੜੇ ਸਮਝਿਆ ਜਾਂਦਾ ਹੈ। ਲੌਰੀ ਮੂਰ ਦਾ ਕਹਿਣਾ ਹੈਕਹਾਣੀ ਇਸ਼ਕ ਹੈ, ਨਾਵਲ ਵਿਆਹ ਹੈ। ਕਹਾਣੀ ਤਸਵੀਰ ਹੈ, ਨਾਵਲ ਫ਼ਿਲਮ ਹੈ।” ਸਮੇਂ ਦੇ ਕਲਾਵੇ, ਕਥਾ ਦੇ ਵਿਸਤਾਰ, ਪਾਤਰਾਂ ਦੀ ਗਿਣਤੀ ਤੇ ਭਾਗੀਦਾਰੀ, ਮੁੱਖ ਘਟਨਾ ਨਾਲ ਕਈ ਛੋਟੀਆਂ-ਵੱਡੀਆਂ ਘਟਨਾਵਾਂ ਦੀ ਬੁਣਤੀ, ਆਦਿ ਜਿਹੇ ਮੂਲ ਫ਼ਰਕਾਂ ਦੇ ਬਾਵਜੂਦ ਕਥਾ ਦਾ ਸਾਂਝਾ ਆਧਾਰ ਇਸ ਵਿਚਾਰ ਲਈ ਜ਼ਿੰਮੇਵਾਰ ਹੈ, ਜੋ ਕਿਸੇ ਹੱਦ ਤੱਕ ਸੱਚ ਵੀ ਹੈ ਪਰ ਵੱਡੀ ਹੱਦ ਤੱਕ ਭਰਮ ਹੈ। ਇਸੇ ਭਰਮ ਕਰਕੇ ਬਹੁਤੇ ਲੇਖਕਾਂ-ਪਾਠਕਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਵਿੱਚੋਂ ਇੱਕ ਵਿਧਾ ਵਿਚ ਲਿਖਣ ਵਾਲੇ ਲੇਖਕ ਵਾਸਤੇ ਦੂਜੀ ਵਿਧਾ ਦੇ ਵਿਹੜੇ ਦਾਖ਼ਲ ਹੋਣਾ ਕੋਈ ਮੁਸ਼ਕਿਲ ਨਹੀਂਸਗੋਂ ਉਹਨਾਂ ਦਾ ਮੱਤ ਹੈ, ਅਜਿਹਾ ਹੋਣਾ ਹੀ ਚਾਹੀਦਾ ਹੈ। ਇਸ ਮੱਤ ਦਾ ਇੱਕ ਦਿਲਚਸਪ ਪੱਖ ਇਹ ਹੈ ਕਿ ਅਜਿਹੇ ਲੋਕ ਮਨ ਹੀ ਮਨ ਨਾਵਲ ਨੂੰ ਵੱਡਾ ਸਾਹਿਤ ਤੇ ਕਹਾਣੀ ਨੂੰ ਛੋਟਾ ਸਾਹਿਤ ਮੰਨਦੇ ਹਨ। ਇਸੇ ਕਾਰਨ ਹਰੇਕ ਕਹਾਣੀਕਾਰ ਨੂੰ ਤਾਂ ਨਾਵਲ ਲਿਖਣ ਦੀ ਸਲਾਹ ਦਿੱਤੀ ਜਾਂਦੀ ਹੈ, ਆਮ ਕਰਕੇ ਨਾਵਲਕਾਰ ਨੂੰ ਕਹਾਣੀ ਲਿਖਣ ਦੀ ਨਹੀਂ। ਨਾਵਲ ਤੇ ਕਹਾਣੀ ਵਿਚ ਆਕਾਰ ਤੋਂ ਇਲਾਵਾ ਸਾਂਝ ਹੀ ਸਾਂਝ ਮੰਨਣ ਵਾਲਿਆਂ ਵਾਸਤੇ ਟੌਬੀਅਸ ਵੁਲਫ਼ ਨੇ ਨਿਬੇੜਾ ਕਰ ਦਿੱਤਾ,“ ਮੇਰਾ ਯਕੀਨ ਹੈ, ਕਹਾਣੀ, ਵਿਧਾ ਵਜੋਂ, ਨਾਵਲ ਤੋਂ ਓਨੀ ਹੀ ਵੱਖਰੀ ਹੈ ਜਿੰਨੀ ਕਵਿਤਾ। ਸਗੋਂ ਮੈਨੂੰ ਤਾਂ ਲਗਦਾ ਹੈ, ਵਧੀਆ ਕਹਾਣੀਆਂ ਰੂਹ ਦੇ ਪੱਖੋਂ ਨਾਵਲ ਨਾਲੋਂ ਸ਼ਾਇਦ ਕਵਿਤਾ ਦੇ ਵਧੀਕ ਨੇੜੇ ਹੁੰਦੀਆਂ ਹਨ।” ਸਟੀਫ਼ਨ ਕਿੰਗ ਦਾ ਕੀਤਾ ਅਨੋਖਾ ਗੁਣਗਾਨ ਤਾਂ ਕਹਾਣੀ ਨੂੰ ਅਸਮਾਨੀਂ ਚਾੜ੍ਹ ਦਿੰਦਾ ਹੈ,“ ਕਹਾਣੀ ਦੀਆਂ ਕਿਆ ਬਾਤਾਂ! ਕਹਾਣੀ ਤਾਂ ਹਨੇਰੇ ਵਿਚ ਅਜਨਬੀ ਦੀ ਚੁੰਮੀ ਵਾਂਗ ਹੁੰਦੀ ਹੈ!”

ਕੁਦਰਤੀ ਸੀ, ਇਹ ਸਲਾਹ ਮੈਨੂੰ ਵੀ ਦਿੱਤੀ ਜਾਂਦੀ। ਕੁਝ ਦੋਸਤ ਆਖਦੇ,“ ਨਾਵਲ ਲਿਖੇ ਬਿਨਾਂ ਗਲਪਕਾਰ ਦੀ ਗਤੀ ਨਹੀਂ। ਕਹਾਣੀਕਾਰ ਕਿੰਨੀਆਂ ਵੀ ਚੰਗੀਆਂ ਕਹਾਣੀਆਂ ਲਿਖ ਲਵੇ ਤੇ ਕਹਾਣੀ-ਲੇਖਕ ਵਜੋਂ ਲੇਖਕਾਂ-ਪਾਠਕਾਂ ਤੋਂ ਕਿੰਨੀ ਵੀ ਪਰਵਾਨਗੀ ਪਰਾਪਤ ਕਰ ਲਵੇ, ਉਹ ਸੰਪੂਰਨਤਾ ਨੂੰ ਨਾਵਲ ਲਿਖ ਕੇ ਹੀ ਪਰਾਪਤ ਕਰਦਾ ਹੈ।” ਮੈਂ ਇਸ ਦਲੀਲ ਨਾਲ ਸਹਿਮਤ ਨਹੀਂ ਸੀ। ਹੁਣ, ਨਾਵਲ ਲਿਖਣ ਮਗਰੋਂ ਵੀ ਨਹੀਂ। ਕਹਾਣੀ ਤੇ ਨਾਵਲ ਵਿੱਚੋਂ ਕਿਸੇ ਇੱਕ ਵਿਧਾ ਦੀ ਪੂਰਨਤਾ ਕਿਸੇ ਦੂਜੀ ਵਿਧਾ ਨੂੰ ਆਪਣੇ ਨਾਲ ਜੋੜਨ ਉੱਤੇ ਨਿਰਭਰ ਨਹੀਂ ਹੋ ਸਕਦੀ। ਸੰਸਾਰ ਸਾਹਿਤ ਵਿਚ ਅਨੇਕ ਲੇਖਕ ਮੇਰੀ ਇਸ ਦਲੀਲ ਦੀ ਪੁਸ਼ਟੀ ਹਨ। ਉਹਨਾਂ ਨੇ ਕਹਾਣੀਆਂ ਲਿਖ ਕੇ ਹੀ ਮਸ਼ਹੂਰੀ ਤੇ ਮਾਨਤਾ ਪਰਾਪਤ ਕੀਤੀ। ਕਹਾਣੀਆਂ ਲਿਖ ਕੇ ਨੋਬਲ ਇਨਾਮ ਹਾਸਲ ਕਰਨ ਵਾਲੇ ਲੇਖਕ ਵੀ ਹੋਏ ਹਨ। ਜੇ ਪੰਜਾਬੀ ਦੀ ਗੱਲ ਕਰੀਏ, ਮੈਥੋਂ ਵਡੇਰੇ ਸੁਜਾਨ ਸਿੰਘ ਤੇ ਕੁਲਵੰਤ ਸਿੰਘ ਵਿਰਕ ਅਤੇ ਮੇਰੇ ਸਮਕਾਲੀ ਮੋਹਨ ਭੰਡਾਰੀ ਤੇ ਵਰਿਆਮ ਸਿੰਘ ਸੰਧੂ ਕੇਵਲ ਕਹਾਣੀਆਂ ਲਿਖ ਕੇ ਸਾਹਿਤ ਅਕਾਦਮੀ ਪੁਰਸਕਾਰ ਪਰਾਪਤ ਕਰ ਲੈਣ ਵਾਲੇ ਲੇਖਕਾਂ ਦੀਆਂ ਮਿਸਾਲਾਂ ਹਨ।

ਨੀਲ ਗਾਇਮਨ ਦਾ ਵਾਹ ਜ਼ਰੂਰ ਕਹਾਣੀ ਨੂੰ ਛੁਟਿਆਉਣ ਵਾਲੇ ਕਿਸੇ ਅਜਿਹੇ ਬੰਦੇ ਨਾਲ ਹੀ ਪਿਆ ਹੋਵੇਗਾ, ਜਦੋਂ ਉਹਨੇ ਕਿਹਾ,“ ਮੇਰਾ ਮੰਨਣਾ ਹੈ, ਕਹਾਣੀ ਉਹ ਕਲਾ-ਰੂਪ ਹੈ ਜਿਸਦਾ ਮੁੱਲ ਬਹੁਤ ਘਟਾ ਕੇ ਪਾਇਆ ਜਾਂਦਾ ਹੈ। ਮੰਨਿਆ, ਨਾਵਲ ਵੱਧ ਆਦਰ ਦਾ ਹੱਕਦਾਰ ਹੈ।” ਟਰੂਮੈਨ ਕਾਪੋਟ ਨੇ ਤਾਂ ਇਥੋਂ ਤੱਕ ਕਿਹਾ ਹੈ, “ਜੇ ਗੰਭੀਰਤਾ ਨਾਲ ਘੋਖਿਆ ਜਾਵੇ, ਕਹਾਣੀ ਮੈਨੂੰ ਵਾਰਤਿਕ ਦੇ ਅਨੇਕ ਰੂਪਾਂ ਵਿੱਚੋਂ ਸਭ ਤੋਂ ਮੁਸ਼ਕਿਲ ਤੇ ਬੰਧੇਜ ਲੋੜਦਾ ਰੂਪ ਲਗਦਾ ਹੈ। ਮੇਰੇ ਪੱਲੇ ਜੋ ਵੀ ਅਧਿਕਾਰ ਤੇ ਤਕਨੀਕ ਹੈ, ਉਹ ਸਭ ਇਸ ਵਿਧਾ ਵਿਚ ਮੇਰੇ ਅਭਿਆਸ ਸਦਕਾ ਹੀ ਹੈ।”

ਸਾਹਿਤ ਅਕਾਦਮੀ ਪੁਰਸਕਾਰਾਂ ਦੇ ਮੁੱਢਲੇ ਦੌਰ ਨੂੰ, ਜਦੋਂ ਫ਼ੈਸਲਾ ਕਰਨ ਵਾਲੇ ਇਹਦੇ ਮਾਣ-ਸਤਿਕਾਰ ਦੀ ਲਾਜ ਪਾਲਦੇ ਸਨ, ਚੇਤੇ ਕਰਨਾ ਠੀਕ ਰਹੇਗਾ। ਗਲਪ ਦਾ ਪਹਿਲਾ ਇਨਾਮ ਪਰਾਪਤ ਕਰਨ ਵਾਲੇ ਨਾਨਕ ਸਿੰਘ ਨਾਵਲਕਾਰ ਸਨ। ਉਹਨਾਂ ਨੂੰ ਇਹ ਇਨਾਮ ਤਿੰਨ ਕਵੀਆਂ, ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਤੋਂ ਮਗਰੋਂ ਚੌਥੀ ਥਾਂ ਮਿਲਿਆ ਸੀ। ਖ਼ੂਬਸੂਰਤ ਕਹਾਣੀਆਂ ਉਹਨਾਂ ਨੇ ਵੀ ਲਿਖੀਆਂ ਪਰ ਉਹ ਉਹਨਾਂ ਦੀ ਵਡ-ਆਕਾਰੀ ਨਾਵਲ-ਰਚਨਾ ਹੇਠ ਦੱਬ ਕੇ ਰਹਿ ਗਈਆਂ। ਉਹ ਲਗਭਗ ਸੰਪੂਰਨ ਰੂਪ ਵਿਚ ਨਾਵਲਕਾਰ ਵਜੋਂ ਹੀ ਜਾਣੇ ਜਾਂਦੇ ਹਨ। ਉਹਨਾਂ ਤੋਂ ਦੋ ਇਨਾਮ ਮਗਰੋਂ ਕਰਤਾਰ ਸਿੰਘ ਦੁੱਗਲ ਨੂੰ ਸਨਮਾਨਿਆ ਗਿਆ। ਉਹਨਾਂ ਦਾ ਜਿੰਨਾ ਨਾਂ ਕਹਾਣੀਕਾਰ ਵਜੋਂ ਹੈ, ਲਗਭਗ ਓਨਾ ਹੀ ਨਾਵਲਕਾਰ ਵਜੋਂ ਹੈ। ਪਰ ਉਹ ਸਨਮਾਨੇ ਕਹਾਣੀਕਾਰ ਵਜੋਂ ਗਏ। ਉਹਨਾਂ ਤੋਂ ਇੱਕ ਇਨਾਮ ਮਗਰੋਂ ਕੁਲਵੰਤ ਸਿੰਘ ਵਿਰਕ ਨੇ ਇਹ ਸਨਮਾਨ ਇਕੱਲੀਆਂ ਕਹਾਣੀਆਂ ਲਿਖ ਕੇ ਹੀ ਹਾਸਲ ਕਰ ਲਿਆ। ਇਸ ਲਈ ਮੈਂ ਕਹਾਣੀਕਾਰ ਦੀ ਅਪੂਰਨਤਾ ਵਾਲੀ ਗੱਲ ਨਾਲ ਸਹਿਮਤ ਨਹੀਂ ਸੀ ਹੋ ਸਕਦਾ।

ਨਾਵਲ ਲਿਖਣ ਦੀ ਸਲਾਹ ਦੇਣ ਵਾਲੇ ਦੋਸਤ ਦਿਲਚਸਪ ਦਲੀਲਾਂ ਦਿੰਦੇ। ਮੇਰਾ ਇੱਕ ਮਿੱਤਰ ਕਹਾਣੀਆਂ ਲਿਖਦਾ ਲਿਖਦਾ ਨਾਵਲ ਲਿਖਣ ਲੱਗ ਗਿਆ। ਉਹਨੇ ਕਹਾਣੀਆਂ ਵਾਂਗ ਹੀ ਵੱਡੀ ਗਿਣਤੀ ਵਿਚ ਨਾਵਲ ਲਿਖੇ। ਉਹ ਆਖਦਾ,“ ਕਹਾਣੀ ਨਾਲੋਂ ਵਡ-ਆਕਾਰੀ ਹੋਣ ਕਰਕੇ ਨਾਵਲ ਪਾਠਕ ਉੱਤੇ ਵੱਧ ਪ੍ਰਭਾਵ ਪਾਉਂਦਾ ਹੈ। ਤੂੰ ਹੁਣ ਨਾਵਲ ਲਿਖ।” ਉਹਦੀ ਇਸ ਸਲਾਹ ਨੂੰ ਮੈਂ ਉਹਦੀ ਸ਼ੁਭ-ਇੱਛਾ ਵਜੋਂ ਲੈਂਦਾ। ਪਰ ਮੇਰਾ ਹੌਸਲਾ ਵਧਾਉਣ ਵਾਸਤੇ ਉਹ ਜਿਹੜੀ ਦਲੀਲ ਦਿੰਦਾ, ਉਹ ਮੈਨੂੰ ਓਦੋਂ ਵੀ ਅਜੀਬ ਤੇ ਹਾਸੋਹੀਣੀ ਲਗਦੀ ਸੀ, ਅੱਜ ਵੀ ਲਗਦੀ ਹੈ। ਉਹ ਆਖਦਾ,“ ਐਵੇਂ ਓਹਲਾ ਹੀ ਹੁੰਦਾ ਹੈ। ਤੂੰ ਝਿਜਕ ਨਾ। ਨਾਵਲ ਤਾਂ ਸਭਾਤ ਵਿਚ ਦੋ ਕੰਧਾਂ ਵਿਚਕਾਰ ਬੰਨ੍ਹੀ ਹੋਈ ਰੱਸੀ ਵਾਂਗ ਹੁੰਦਾ ਹੈ। ਉਸ ਉੱਤੇ ਰਜਾਈਆਂ-ਗਦੈਲੇ ਵੀ ਟੰਗੇ ਹੁੰਦੇ ਨੇ, ਖੇਸ-ਖੇਸੀਆਂ ਵੀ, ਕੁੜਤੇ-ਪਜਾਮੇ ਵੀ ਤੇ ਬਨੈਣਾਂ-ਕੱਛੇ ਵੀ। ਨਾਵਲ ਨੂੰ ਵੀ ਮਨਚਾਹੇ ਆਕਾਰ ਦਾ ਬਣਾਉਣ ਲਈ ਜੋ ਮਰਜ਼ੀ ਲਿਖੀਂ ਜਾਓ। ਨਾਵਲ ਨੂੰ ਕਹਾਣੀ ਵਾਂਗੂੰ ਚੁਸਤ ਤੇ ਪ੍ਰਸੰਗਕ ਰੱਖਣ ਦੀ ਮਜਬੂਰੀ ਨਹੀਂ ਹੁੰਦੀਨਾਵਲ ਦੇ ਭਾਂਡੇ ਵਿਚ ਜੋ ਮਰਜ਼ੀ ਪਾਈ ਜਾਓ!” ਮੈਂ ਹੈਰਾਨ ਹੁੰਦਾ, ਜੋ ਮਰਜ਼ੀ ਲਿਖੀ ਜਾਓ? ਭਾਂਡੇ ਵਿਚ ਜੋ ਮਰਜ਼ੀ ਪਾਈ ਜਾਓ? ਉਹਦੀ ਇਹ ਦਲੀਲ ਮੈਨੂੰ ਉਤਸ਼ਾਹਿਤ ਕਰਨ ਦੀ ਥਾਂ ਬੇਦਿਲ ਕਰ ਦਿੰਦੀ। ਮੈਂ ਸੋਚਦਾ, ਨਾਵਲ ਬਾਰੇ ਇਹ ਕੇਹੀ ਸੋਚ ਹੈ!

ਕੁਝ ਸੱਜਣ ਇਸ ਵਿਚਾਰ ਦੇ ਵੀ ਸਨ ਕਿ ਸਾਧਾਰਨ ਜਿਹੇ ਆਕਾਰ ਦਾ ਨਾਵਲ ਤਾਂ ਕਿਸੇ ਸੰਘਣੀ ਕਹਾਣੀ ਵਿਚ ਪਾਣੀ ਪਾ ਕੇ ਹੀ ਬਣਾਇਆ ਜਾ ਸਕਦਾ ਹੈ! ਮੈਨੂੰ ਇਹ ਸਿੱਖਿਆ ਵੀ ਪੋਂਹਦੀ ਨਾ। ਰਚਨਾਕਾਰ ਵਜੋਂ ਕਹਾਣੀ ਬਾਰੇ ਮੇਰੀ ਸੋਚ ਰਹੀ ਹੈ ਕਿ ਉਸ ਵਿੱਚੋਂ ਨਾ ਕੁਝ ਵੀ ਵਾਧੂ ਸਮਝ ਕੇ ਕੱਟਿਆ ਜਾ ਸਕੇ ਤੇ ਨਾ ਹੀ ਕੋਈ ਵਿਰਲ ਹੋਵੇ ਜਿਸ ਨੂੰ ਭਰਨ ਵਾਸਤੇ ਪਾਠਕ ਨੂੰ ਉਸ ਵਿਚ ਕੁਝ ਪਾਉਣ ਦੀ ਲੋੜ ਮਹਿਸੂਸ ਹੋਵੇ। ਰਚਨਾ ਨੂੰ ਵਾਧੂ ਗੱਲਾਂ ਤੇ ਖੱਪਿਆਂ ਤੋਂ ਮੁਕਤ ਰੱਖਣ ਦਾ ਇਹ ਧਰਮ ਮੈਂ ਨਾਵਲ ਵਿਚ ਵੀ ਨਿਭਾਉਣਾ ਸੀ।

ਕੁਝ ਮਿੱਤਰ ਅਜਿਹੇ ਵੀ ਸਨ ਜਿਨ੍ਹਾਂ ਦੀ ਗੱਲ ਮੇਰਾ ਵਿਸ਼ਵਾਸ ਬੰਨ੍ਹਾਉਂਦੀ। ਉਹ ਆਖਦੇ,“ ਤੇਰੇ ਕੋਲ ਸਮਾਜਕ ਜੀਵਨ ਦੇ ਅਨੇਕ ਕਿੱਸੇ-ਕਹਾਣੀਆਂ ਹਨ ਅਤੇ ਉਹ ਸੁਣਾਉਣ ਵਾਸਤੇ ਜ਼ਬਾਨ ਵੀ ਹੈ, ਤੂੰ ਨਾਵਲ ਲਿਖ।” ਉਹਨਾਂ ਦੀ ਕੀਤੀ ਮੇਰੀ ਇਸ ਵਡਿਆਈ ਵਿਚ ਯਥਾਰਥ ਅਤੇ ਮਿੱਤਰ-ਭਾਵਨਾ ਦੀ ਮਿੱਸ ਭਾਵੇਂ ਕਿਸੇ ਵੀ ਅਨੁਪਾਤ ਵਿਚ ਹੋਵੇ, ਮੈਨੂੰ ਉਤਸ਼ਾਹ ਜ਼ਰੂਰ ਮਿਲਦਾ!

ਮੇਰੇ ਨਾਵਲ ਲਿਖਣ ਜਾਂ ਨਾ ਲਿਖਣ ਦਾ ਕਹਾਣੀਕਾਰ ਦੀ ਪੂਰਨਤਾ-ਅਪੂਰਨਤਾ ਨਾਲ ਜਾਂ ਰੱਸੀ ਉੱਤੇ ਬਨੈਣ-ਕੱਛੇ ਟੰਗਣ ਨਾਲ ਕੋਈ ਸੰਬੰਧ ਨਹੀਂ। ਜੇ ਮੈਨੂੰ ਪੁੱਛਿਆ ਜਾਵੇ, ਹੁਣ ਤੱਕ ਨਾਵਲ ਕਿਉਂ ਨਾ ਲਿਖਿਆ, ਕੁਦਰਤੀ ਹੈ, ਰਚਨਾਕਾਰੀ ਵਿਚ ਅਜਿਹੇ ਸਵਾਲਾਂ ਦੇ ਜਵਾਬ ਦੇਣੇ ਸਰਲ-ਸੌਖੇ ਨਹੀਂ ਹੁੰਦੇ। ਕਿਸੇ ਲੇਖਕ ਨੇ ਕਿਸੇ ਸਮੇਂ ਕੋਈ ਰਚਨਾ ਕਿਉਂ ਨਾ ਕੀਤੀ ਤੇ ਕਿਸੇ ਸਮੇਂ ਕਿਉਂ ਕੀਤੀ, ਇਹਦਾ ਜਵਾਬ ਸ਼ਾਇਦ ਸੰਭਵ ਹੀ ਨਹੀਂ। ਇਸ ਕਰਕੇ ਮੈਂ ਵੱਧ ਤੋਂ ਵੱਧ ਵੀ ਇਹ ਕਹਿ ਸਕਾਂਗਾ, ਕੁਝ ਵਡ-ਆਕਾਰੀ ਨਵੀਂ ਵਿਧਾ ਨੂੰ ਹੱਥ ਪਾਉਣ ਦੀ ਝਿਜਕ ਤੇ ਕੁਝ ਸਮੇਂ ਦੀ ਨਿਰੰਤਰ ਬਣੀ ਰਹੀ ਘਾਟ! ਕਹਾਣੀ ਦੁਨੀਆਦਾਰੀ ਦੇ ਰੁਝੇਵਿਆਂ ਤੋਂ ਕੁਝ ਸਮਾਂ ਖੋਹ ਕੇ ਲਿਖੀ ਜਾ ਸਕਦੀ ਹੈ, ਨਾਵਲ ਵਾਸਤੇ ਸਭ ਕੁਝ ਪਾਸੇ ਕਰ ਕੇ ਉਸੇ ਉੱਤੇ ਇਕਾਗਰ ਹੋਣ ਦੀ ਲੋੜ ਪੈਣੀ ਸੀ। ਇਹ ਨਹੀਂ ਕਿ ਮਨ ਵਿਚ ਨਾਵਲ ਲਿਖਣ ਦੀ ਗੱਲ ਆਉਂਦੀ ਨਹੀਂ ਸੀ ਜਾਂ ਮੇਰੇ ਕੋਲ ਕਥਾ-ਆਧਾਰਾਂ ਦੀ ਘਾਟ ਸੀ। ਔਰਸਨ ਸਕਾਟ ਕਾਰਡ ਨੇ ਕਿਹਾ ਹੈ,“ ਹਰ ਕੋਈ ਹਰ ਰੋਜ਼ ਕਹਾਣੀਆਂ ਬਣਨ ਵਾਲੇ ਹਜ਼ਾਰ ਵਿਚਾਰਾਂ ਕੋਲੋਂ ਲੰਘਦਾ ਹੈ। ਚੰਗੇ ਲੇਖਕ ਉਹ ਹੁੰਦੇ ਹਨ ਜਿਹੜੇ ਉਹਨਾਂ ਵਿੱਚੋਂ ਪੰਜ-ਛੇਆਂ ਨੂੰ ਦੇਖ ਲੈਂਦੇ ਹਨ। ਬਹੁਤਿਆਂ ਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ।” ਇਸ ਤੋਂ ਵਧੀਆ ਗੱਲ ਆਪਣੇ ਅਨੁਭਵੀ ਗਲਪਕਾਰ ਰਾਜਿੰਦਰ ਸਿੰਘ ਬੇਦੀ ਨੇ ਕਹੀ ਹੈ। ਉਹਦਾ ਕਹਿਣਾ ਹੈ, ਲੇਖਕ ਅਜਿਹੇ ਦੌਰ ਵਿਚ ਵੀ ਪਹੁੰਚਦਾ ਹੈ ਕਿ ਉਸ ਨੂੰ ਗਲੀ ਦੇ ਹਰ ਮੋੜ ਉੱਤੇ ਕਹਾਣੀ ਖੜ੍ਹੀ ਮਿਲਦੀ ਹੈ। ਉਹ ਉਸ ਕਹਾਣੀ ਨਾਲ ਅੱਖ ਤੇ ਹੱਥ ਮਿਲਾਉਣ ਦੀ ਜੁਰਅਤ ਕਰਦਾ ਹੈ ਕਿ ਨਹੀਂ, ਇਹ ਉਹ ਜਾਣੇ! ਬੜਾ ਪਹਿਲਾਂ ਤੋਂ ਮੈਂ ਬੇਦੀ ਜੀ ਦੇ ਦੱਸੇ ਦੌਰ ਵਿਚ ਦਾਖ਼ਲ ਹੋ ਚੁੱਕਿਆ ਹਾਂ।

ਬੇਦੀ ਜੀ ਦੇ ਇਸ ਕਥਨ ਦੇ ਨਾਲ ਹੀ ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ। ਪੰਜਾਬ ਅਤੇ ਪੰਜਾਬੀ ਵਿਚ ਨਾਵਲੀ ਪ੍ਰੰਪਰਾ ਬੜੀ ਪੁਰਾਣੀ ਹੈ। ਜਿਸ ਨੂੰ ਅਸੀਂ ਹੁਣ ਨਾਵਲ ਕਹਿੰਦੇ ਹਾਂ, ਉਸ ਕਿਸਮ ਦੀ ਕਥਾਈ ਬਣਤਰ-ਬੁਣਤਰ ਨਾਲ ਕੀਤੀ ਗਈ ਸੰਸਾਰ ਦੀ ਪਹਿਲੀ ਮਹਾਨ ਮਿਥਿਹਾਸਕ ਗਲਪ ਰਚਨਾ 'ਮਹਾਂਭਾਰਤ' ਪੰਜਾਬ ਦੀ ਧਰਤੀ ਉੱਤੇ ਉਸ ਸਮੇਂ ਦੇ ਪੰਜਾਬ ਦੀ ਬੋਲੀ ਵਿਚ ਹੀ ਲਿਖੀ ਗਈ ਸੀ। ਉਸ ਸਮੇਂ ਲੰਮੀਆਂ ਰਚਨਾਵਾਂ ਦੇ ਉਤਾਰੇ ਕਰਨ ਦੀ ਅਸੰਭਵਤਾ ਨੂੰ ਦੇਖਦਿਆਂ ਸ਼ਰੁਤੀ-ਸਿਮ੍ਰਤੀ ਦੀ, ਭਾਵ ਸੁਣ ਕੇ ਕੰਠ ਕਰਨ ਦੀ ਪ੍ਰੰਪਰਾ ਪ੍ਰਚਲਿਤ ਤੇ ਪ੍ਰਫੁੱਲਤ ਸੀ ਜਿਸ ਨੂੰ ਨਿਭਾਉਣਾ ਕਵਿਤਾ ਵਿਚ ਹੀ ਸੰਭਵ ਸੀ। ਇਸ ਕਰਕੇ ਭਾਵੇਂ ਵਿਆਸ ਰਿਸ਼ੀ ਨੇ ਇਹਦਾ ਸੰਪੂਰਨ ਪਾਠ ਇੱਕ ਲੱਖ ਕਾਵਿ-ਸ਼ਲੋਕਾਂ ਵਿਚ ਰਚਿਆ, ਤਾਂ ਵੀ ਕਵਿਤਾ ਦੀ ਪੁਸ਼ਾਕ ਵਿਚ ਪਿੰਡਾ ਕਥਾ ਦਾ ਹੀ ਹੈ।

ਜਦੋਂ ਮੈਂ ਇਹਨੂੰ ਸੀਰੀਅਲ ਦੇ ਰੂਪ ਵਿਚ ਦੇਖਿਆ, ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਰਚਨਾਕਾਰ ਨੇ ਅਣਗਿਣਤ ਪਾਤਰਾਂ ਤੇ ਅਣਗਿਣਤ ਘਟਨਾਵਾਂ ਉੱਤੇ ਆਧਾਰਿਤ ਅਤੇ ਅਨੇਕ ਉਪ-ਕਥਾਵਾਂ ਨੂੰ ਬੁੱਕਲ ਵਿਚ ਲੈਣ ਵਾਲੀ ਕਥਾ ਨੂੰ ਕਿਸ ਕਮਾਲ ਨਿਪੁੰਨਤਾ ਨਾਲ ਸਿਰਜਿਆ ਤੇ ਗੁੰਦਿਆ ਸੀ। ਜੇ ਕਦੇ ਕੋਈ ਗੱਲ ਮੈਨੂੰ ਦਰਸ਼ਕ ਵਜੋਂ ਅਪ੍ਰਸੰਗਕ ਜਾਂ ਵਾਧੂ ਲਗਦੀ, ਉਹਦੀ ਪ੍ਰਸੰਗਕਤਾ ਤੇ ਮਹੱਤਤਾ ਦਾ ਚਾਨਣ ਓਦੋਂ ਹੁੰਦਾ ਜਦੋਂ ਬਹੁਤ ਅੱਗੇ ਜਾ ਕੇ ਕਿਤੇ ਉਹਦਾ ਨਾਤਾ ਜੁੜ ਜਾਂਦਾ। ਮਹਾਂਭਾਰਤ ਦੀ ਇਹ ਗਲਪ-ਜੁਗਤ ਦੇਖ ਕੇ ਮੇਰਾ ਹੈਰਾਨ ਹੋਣਾ ਸੁਭਾਵਿਕ ਸੀ। ਪੰਜਾਬੀ ਦੀ ਨਾਵਲੀ ਵਿਧਾ ਲਈ ਪੰਜ ਹਜ਼ਾਰ ਸਾਲ ਪਹਿਲਾਂ ਅਜਿਹੇ ਨਰੋਏ ਆਧਾਰ ਦੀ ਹੋਂਦ ਦਾ ਮਹੱਤਵ ਸਵੈ-ਸਪਸ਼ਟ ਹੈ, ਪਰ ਜੇ ਅਸੀਂ ਇਸ ਮਹੱਤਵ ਨੂੰ ਪਛਾਣ ਤੇ ਸਮਝ ਲਈਏ।

ਜੇ ਮਹਾਂਭਾਰਤ ਕਾਲ ਤੋਂ ਲੰਮੀ ਛਾਲ ਮਾਰ ਕੇ ਆਧੁਨਿਕ ਕਾਲ ਨਾਲ ਕੰਨੀਆਂ ਮੇਲਦੇ ਮੱਧਕਾਲ ਵਿਚ ਆ ਜਾਈਏ, ਕਿੱਸੇ ਲੰਮੇ ਸਮੇਂ ਤੱਕ ਪੰਜਾਬੀ ਸਾਹਿਤ ਦੇ ਸਰਦਾਰ ਰਹੇ। ਕਿੱਸੇ ਮੋਟੇ ਤੌਰ ਉੱਤੇ ਦੋ ਕੋਟੀਆਂ ਵਿਚ ਵੰਡੇ ਜਾ ਸਕਦੇ ਹਨ। ਇੱਕ ਸਦਾਚਾਰਕ ਸਿੱਖਿਆ ਦੇਣ ਵਾਲੇ, ਜਿਵੇਂ ਸਾਧੂ ਦਯਾ ਸਿੰਘ ਦਾ 'ਜ਼ਿੰਦਗੀ ਬਿਲਾਸ' ਅਤੇ ਦੂਜੇ ਕਥਾ-ਆਧਾਰਿਤ, ਜਿਨ੍ਹਾਂ ਦੀ ਸਿਖਰੀ ਮਿਸਾਲ 'ਹੀਰ' ਹੈ। ਵਾਰਿਸ ਸ਼ਾਹ ਨੇ ਬੈਂਤਾਂ ਵਿਚ 'ਹੀਰ' ਦਾ ਨਾਵਲ ਹੀ ਤਾਂ ਲਿਖਿਆ ਹੈ। ਉਹੋ ਪੀੜ੍ਹੀਆਂ ਤੇ ਉਮਰਾਂ ਨੂੰ ਕਲਾਵੇ ਵਿਚ ਲੈਣ ਵਾਲੀ ਕਥਾ, ਉਸ ਕਥਾ ਦੇ ਕਈ ਵਿੰਗ-ਵਲੇਵੇਂ ਤੇ ਉਤਾਰ-ਚੜ੍ਹਾਅ, ਉਹੋ ਨਾਇਕ-ਨਾਇਕਾ, ਖਲਨਾਇਕ ਤੇ ਅਨੇਕ ਛੋਟੇ-ਵੱਡੇ ਹੋਰ ਪਾਤਰ, ਉਹੋ ਦੁਖ-ਸੁਖ ਤੇ ਉਹੋ ਮੇਲ-ਵਿਛੋੜਾ ਅਤੇ ਉਹੋ ਦਿਲਚਸਪ ਸ਼ੁਰੂਆਤ ਤੇ ਸਮੁੱਚੀ ਕਹਾਣੀ ਨੂੰ ਸਮੇਟਵਾਂ ਅੰਤ! ਇਹਨਾਂ ਗਲਪੀ ਕਿੱਸਿਆਂ ਦਾ ਅਚੇਤ ਪ੍ਰਭਾਵ ਤਾਂ ਓਦੋਂ ਦੀਆਂ ਕਈ ਪੀੜ੍ਹੀਆਂ ਦੇ ਭਵਿੱਖੀ ਲੇਖਕਾਂ ਦੇ ਚਿੱਤ-ਚੇਤੇ ਉੱਤੇ ਉਸ ਸਮੇਂ ਹੀ ਪੈਣ ਲਗਦਾ ਸੀ ਜਦੋਂ ਅਜੇ ਉਹਨਾਂ ਨੂੰ ਸਾਹਿਤ ਦੀ ਕੋਈ ਸੋਝੀ ਨਹੀਂ ਸੀ ਹੁੰਦੀ।

ਇੱਕ ਪੁਲਾਂਘ ਹੋਰ ਪੁੱਟ ਕੇ ਆਧੁਨਿਕ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਇਕੱਲੇ ਨਾਨਕ ਸਿੰਘ ਦਾ ਸੰਸਥਾਈ ਕਾਰਜ ਸਾਡੇ ਨਾਵਲ ਲਈ ਮਜ਼ਬੂਤ ਬੁਨਿਆਦ ਬਣਿਆਮੇਰੀ ਪੀੜ੍ਹੀ ਦੇ ਲੇਖਕਾਂ ਤੇ ਸਾਹਿਤਕ ਪਾਠਕਾਂ ਦਾ ਤਾਂ ਕਹਿਣਾ ਹੀ ਕੀ ਹੋਇਆ, ਸਾਧਾਰਨ ਪਾਠਕਾਂ ਲਈ ਵੀ ਨਾਨਕ ਸਿੰਘ ਅਮਿੱਟ ਪ੍ਰਭਾਵ ਸੀ।

ਇਹ ਸੀ ਉਹ ਮਜ਼ਬੂਤ ਤੇ ਅਡੋਲ ਧਰਾਤਲ ਜੋ ਮੈਨੂੰ ਨਾਵਲ ਦੇ ਵਿਹੜੇ ਵਿਚ ਪੈਰ ਰੱਖਣ ਲੱਗਿਆਂ ਹਾਸਲ ਸੀ।

ਸਾਡੇ ਪੁਰਾਤਨ ਗਿਆਨ ਅਨੁਸਾਰ ਮਨੁੱਖੀ ਜੀਵਨ ਅਰਥ, ਕਾਮ ਅਤੇ ਧਰਮ ਦੁਆਲੇ ਘੁੰਮਦਾ ਹੈ। ਧਰਮ ਮੇਰਾ ਖੇਤਰ ਨਹੀਂ। ਮੇਰੇ ਮਨ ਵਿਚ ਵਿਗਸ ਰਹੇ ਇੱਕ ਨਾਵਲ ਦਾ ਵਿਸ਼ਾ ਅਰਥ ਸੀ। ਵਿਸ਼ਵੀਕਰਨ ਦੇ ਦੌਰ ਵਿਚ ਦੇਸਾਂ ਦੀਆਂ ਆਰਥਕਤਾਵਾਂ ਇੱਕ ਦੂਜੀ ਉੱਤੇ ਨਿਰਭਰ ਤਾਂ ਹੋ ਹੀ ਗਈਆਂ ਹਨ, ਇੱਕ ਦੂਜੀ ਵਿਚ ਰਲ-ਮਿਲ ਵੀ ਗਈਆਂ ਹਨ। ਸਿੱਧੀ ਪੂੰਜੀਵਾਦੀ ਲੁੱਟ ਨਾਲੋਂ ਇਸ ਦੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਲੁੱਟੇ ਜਾਣ ਵਾਲਿਆਂ ਨੂੰ ਬਹੁਤੀਆਂ ਸੂਰਤਾਂ ਵਿਚ ਲੁੱਟਣ ਵਾਲੇ ਦੀ ਪਛਾਣ ਹੀ ਨਹੀਂ ਆਉਂਦੀ। ਸਗੋਂ ਬਹੁਤਿਆਂ ਨੂੰ ਤਾਂ ਇਹ ਪਤਾ ਵੀ ਨਹੀਂ ਲਗਦਾ ਕਿ ਉਹ ਲੁੱਟੇ ਜਾ ਰਹੇ ਹਨ! ਦੂਜਾ ਨਾਵਲ ਇਸਤਰੀ-ਪੁਰਸ਼ ਸੰਬੰਧਾਂ ਨੂੰ ਲੈ ਕੇ ਨੁਹਾਰ ਫੜ ਰਿਹਾ ਸੀ। ਪਰ ਬਹੁਤੇ ਨਾਵਲਾਂ ਵਾਲਾ ਇਸ਼ਕ, ਲਾਲਸਾ, ਵਿਛੋੜਾ, ਮੇਲ, ਨਾਇਕ, ਨਾਇਕਾ, ਖਲਨਾਇਕ ਮੇਰੀ ਸੋਚ ਤੋਂ ਨੀਵੇਂ ਸਨ। ਮੈਂ ਇਸ ਮੁੱਦੇ ਨੂੰ ਇਤਿਹਾਸ ਵਿਚ ਬਹੁਤ ਪਿੱਛੇ ਜਾ ਕੇ ਸਮਝਣਾ, ਮਨੋਵਿਗਿਆਨ ਦੀ ਛਾਣਨੀ ਵਿੱਚੋਂ ਛਾਣਨਾ ਤੇ ਵੱਖਰੇ ਕੋਣ ਤੋਂ ਪੇਸ਼ ਕਰਨਾ ਚਾਹੁੰਦਾ ਸੀ। ਆਖ਼ਰ ਮਨ ਨੇ ਪਹਿਲ ਦੀ ਉਂਗਲ ਇਸੇ ਉੱਤੇ ਰੱਖ ਦਿੱਤੀ।

ਐਂਥਨੀ ਬਰਗੈਸ ਨੇ ਵੀ ਤਾਂ ਕਿਹਾ ਹੈ,“ ਸਾਹਿਤ ਸਾਰੇ ਦਾ ਸਾਰਾ, ਜਾਂ ਲਗਭਗ ਸਾਰਾ ਕਾਮ ਬਾਰੇ ਹੀ ਹੈ।” ਮੈਂ ਐਂਥਨੀ ਨਾਲ ਤਾਂ ਪੂਰਾ ਸਹਿਮਤ ਨਹੀਂ ਤਾਂ ਵੀ ਵਿਸ਼ੇ ਦੀ ਲੋੜ ਅਨੁਸਾਰ ਮੇਰੇ ਨਾਵਲ ਵਿਚ ਇਸਤਰੀ-ਪੁਰਸ਼ ਰਿਸ਼ਤੇ ਦਾ ਸਰੀਰੀ ਪੱਖ ਤਾਂ ਆਉਣਾ ਹੀ ਸੀ। ਪਰ ਮੈਂ ਬਿਲਕੁਲ ਸਪਸ਼ਟ ਸੀ ਕਿ ਮੈਂ ਪੂਰੀ ਜ਼ਿੰਮੇਦਾਰੀ ਨਾਲ ਆਪਣੇ ਦੁਆਲੇ ਸੰਜਮ ਦੀ ਗੂੜ੍ਹੀ ਲਛਮਣ-ਰੇਖਾ ਵਲ਼ ਲੈਣੀ ਸੀ ਅਤੇ ਆਪਣੇ ਸ਼ਬਦਾਂ ਨੂੰ ਕਿਸੇ ਵੀ ਹਾਲਤ ਵਿਚ ਚਸਕੇ ਵੱਲ ਪੁਲਾਂਘ ਨਹੀਂ ਸੀ ਭਰਨ ਦੇਣੀ। ਇਸ ਪ੍ਰਤਿਗਿਆ ਦਾ ਪਰਪੱਕ ਰਹਿਣ ਵਾਸਤੇ ਮੈਂ ਇਹ ਤੱਥ ਹਰ ਵੇਲੇ ਯਾਦ ਰੱਖਣਾ ਸੀ ਕਿ ਮੇਰਾ ਨਾਵਲ ਪਾਠਕਾਂ ਤੋਂ ਵੀ ਪਹਿਲਾਂ ਮੇਰੇ ਬੱਚਿਆਂ ਨੇ ਪੜ੍ਹਨਾ ਸੀ।

ਇਸ ਗੱਲ ਦੀ ਤਾਂ ਮੈਨੂੰ ਕੁਝ ਸੋਝੀ ਹੈ ਸੀ ਕਿ ਕਥਾ ਕੋਈ ਵੀ ਹੋਵੇ, ਮਨੁੱਖਾਂ ਦੀ ਹੈ ਤਾਂ ਅਰਥ ਦੀਆਂ ਛੋਹਾਂ ਤਾਂ ਹੋਣਗੀਆਂ ਹੀ। ਆਰਥਕ ਵਿਸ਼ਵੀਕਰਨ ਦੇ ਦੌਰ ਵਿਚ ਕੌਣ ਹੈ ਜੋ ਇਹਦੇ ਪ੍ਰਭਾਵ ਤੋਂ ਬਚਿਆ ਰਹਿ ਸਕੇ! ਸਮਾਜਵਾਦੀ ਕਹਾਉਣ ਵਾਲੇ ਦੇਸਾਂ ਦੇ ਪੂੰਜੀਵਾਦ ਵੱਲ ਪਲਟੇ ਨਾਲ ਆਰਥਕ ਸਾਮਰਾਜਵਾਦ ਹੜ੍ਹ ਦੇ ਪਾਣੀ ਵਾਂਗ ਸੰਸਾਰ ਦੀਆਂ ਸਭ ਉੱਚੀਆਂ-ਨੀਵੀਆਂ ਥਾਂਵਾਂ ਵਿਚ ਭਰ ਗਿਆ ਹੈ। ਇੱਥੇ ਸਾਹਿਤਕਾਰਾਂ ਦੀਆਂ ਕਲਮਾਂ ਦੀਆਂ ਨੋਕਾਂ ਨੂੰ ਕਾਰੋਬਾਰੀ ਘਰਾਣਿਆਂ ਦੀ ਮਾਇਆ ਸੁੰਨ ਕਰਦੀ ਹੈ ਅਤੇ ਸਭਿਆਚਾਰ ਨੂੰ ਨਫ਼ੇ ਖ਼ਾਤਰ ਬਾਜ਼ਾਰੀ ਮਾਲ ਬਣਾ ਦਿੱਤਾ ਜਾਂਦਾ ਹੈ। ਪ੍ਰੰਪਰਾ ਤੇ ਵਿਰਸੇ ਦੀ ਵਪਾਰਕ ਦੁਰਵਰਤੋਂ ਤੇ ਲੁੱਟ ਦੇ ਮੱਥੇ ਉੱਤੇ ਦੇਸ਼ਭਗਤੀ ਦਾ ਤਿਲਕ ਲਾ ਦਿੱਤਾ ਜਾਂਦਾ ਹੈ। ਇਉਂ ਸਮੇਂ ਸਮੇਂ ਆਰਥਕ ਪਹਿਲੂ ਚਰਚਾ ਵਿਚ ਆ ਹੀ ਜਾਣਾ ਸੀ। ਪਰ ਮੇਰੇ ਇਹ ਕਹਿਣ ਦੇ ਬਾਵਜੂਦ ਕਿ ਧਰਮ ਮੇਰਾ ਖੇਤਰ ਨਹੀਂ, ਜਦੋਂ ਮੈਂ ਨਾਵਲ ਸੰਪੂਰਨ ਕੀਤਾ ਤਾਂ ਦੇਖਿਆ, ਨਾਇਕ ਦੀ, ਭਾਵ ਸਮਾਜ ਦੀ ਓਟ ਲੈ ਕੇ ਧਰਮ ਵੀ ਕਿਤੇ ਕਿਤੇ ਆਪਣੇ ਛਿੱਟੇ ਪਾ ਹੀ ਗਿਆ ਸੀ!

ਇੱਥੇ ਨਾਵਲ ਦੇ ਨਾਂ ਦੀ ਗੱਲ ਵੀ ਕਰ ਲਵਾਂ। ਮੈਂ ਰਚਨਾ ਦੇ ਨਾਂ ਨੂੰ ਬਹੁਤ ਅਹਿਮ ਸਮਝਦਾ ਹਾਂ। ਦੋ-ਚਾਰ ਸ਼ਬਦਾਂ ਦਾ ਹੋਣ ਦੇ ਬਾਵਜੂਦ ਉਹ ਪਾਠਕ ਦਾ ਧਿਆਨ ਖਿੱਚਣ ਦੇ ਸਮਰੱਥ ਹੋਣਾ ਚਾਹੀਦਾ ਹੈ। ਉਹ ਸੱਦਾ ਦੇਵੇ, ਐਹ ਰਚਨਾ ਪੜ੍ਹ ਕੇ ਤਾਂ ਦੇਖ!” ਇਸੇ ਕਰਕੇ ਕਹਾਣੀ ਦਾ ਨਾਂ ਕਈ ਵਾਰ ਕਾਫ਼ੀ ਤੰਗ ਵੀ ਕਰਦਾ ਰਿਹਾ ਹੈ। ਕਦੀ ਤਾਂ ਕੋਈ ਵਧੀਆ ਨਾਂ ਕਹਾਣੀ ਲਿਖਣੀ ਸ਼ੁਰੂ ਕਰਨ ਤੋਂ ਵੀ ਪਹਿਲਾਂ ਸੌਖਾ ਹੀ ਸੁੱਝ ਜਾਂਦਾ ਰਿਹਾ ਹੈ ਤੇ ਕਈ ਵਾਰ ਨਾਮਕਰਨ ਰਚਨਾ ਦੀ ਸਮਾਪਤੀ ਤੱਕ ਪਿੱਛੇ ਪੈਂਦਾ ਰਿਹਾ ਹੈ। ਸੋਚਦਾ, ਕਹਾਣੀ ਪਹਿਲਾਂ ਲਿਖ ਲੈਂਦਾ ਹਾਂ, ਕੋਈ ਢੁੱਕਵਾਂ ਨਾਂ ਮਗਰੋਂ ਉਸੇ ਵਿੱਚੋਂ ਹੀ ਲੱਭ-ਕੱਢ ਲਵਾਂਗਾ। ਪਰ ਇਸ ਨਾਵਲ ਦਾ ਨਾਮਕਰਨ ਮੈਂ ਪਹਿਲਾਂ ਹੀ ਕਰ ਲਿਆ ਸੀ।

ਭਗਤ ਰਵੀਦਾਸ ਜੀ ਦੀ ਬਾਣੀ ਦੀ ਸਤਰ - “ਬਹੁਤ ਜਨਮ ਬਿਛੁਰੇ ਥੇ ਮਾਧੳ, ਇਹੁ ਜਨਮੁ ਤੁਮਹਾਰੇ ਲੇਖੇ” - ਉਹਨਾਂ ਕਾਵਿ-ਸਤਰਾਂ ਵਿੱਚੋਂ ਹੈ, ਜਿਹੜੀਆਂ ਅਕਸਰ ਮੇਰੀ ਜ਼ਬਾਨ ਉੱਤੇ ਆ ਜਾਂਦੀਆਂ ਹਨ ਅਤੇ ਆਪਣੀ ਕਾਵਿਕ ਬੁਲੰਦੀ ਸਦਕਾ, ਭਾਵਨਾਤਮਕ ਤੇ ਭਾਵੁਕ ਗਹਿਰਾਈ ਸਦਕਾ ਮੁਗਧ ਕਰ ਦਿੰਦੀਆਂ ਹਨ। ਕਈ ਵਾਰ ਸੋਚਦਾ ਹਾਂ, ਇਹ ਸਤਰ ਲਿਖਣ ਸਮੇਂ ਭਗਤ ਜੀ ਦੇ ਮਨ ਵਿਚ ਮਾਧੋ ਦਾ ਸਰੂਪ ਕਿਹੋ ਜਿਹਾ ਹੋਵੇਗਾ? ਤੇ ਅਸਚਰਜ ਹੁੰਦਾ ਹੈ, ਉਸ ਪਲ ਉਹਨਾਂ ਨੇ ਆਪਣੀ ਕਈ ਜਨਮਾਂ ਵਿਚ ਫੈਲੀ ਹੋਈ ਸਗਲੀ ਹੋਂਦ ਕਿਵੇਂ ਇੱਕੋ ਸਮਰਪਨ-ਬਿੰਦੂ ਉੱਤੇ ਇਕਾਗਰ ਕਰ ਲਈ ਹੋਵੇਗੀ! ਪਰ ਮਾਧੋ ਦਾ ਸਰੂਪ ਕੁਝ ਵੀ ਹੋਵੇ, ਇਹ ਸਤਰ ਕੋਈ ਉਹ ਹੀ ਲਿਖ ਸਕਦਾ ਹੈ ਜਿਸ ਨੇ ਸਭ ਹੱਦਾਂ-ਬੇਹੱਦਾਂ ਤੋਂ ਪਾਰ ਪ੍ਰੇਮ ਦੀ ਧੁਰ-ਕੀ ਹੱਦ ਨੂੰ ਛੂਹ ਲਿਆ ਹੋਵੇ ਅਤੇ ਆਪਣੇ ਮਾਧੋ ਨੂੰ ਹਾਸਲ ਕਰ ਕੇ ਹੁਣ ਉਸ ਵਿਚ ਲੀਨ ਹੋਣ ਦੀ ਸੁਭਾਗੀ ਘੜੀ ਨੂੰ ਪਾ ਲਿਆ ਹੋਵੇ!

ਭਗਤ ਜੀ ਪਰਗਟੇ ਤਾਂ ਮੈਂ ਬੇਨਤੀ ਕੀਤੀਮਹਾਰਾਜ, ਬੱਸ ਚਾਰ ਸ਼ਬਦਾਂ ਦੀ ਦਾਤ ਬਖ਼ਸ਼ੋ, ਇਹੁ ਜਨਮੁ ਤੁਮਹਾਰੇ ਲੇਖੇ!” ਉਹਨਾਂ ਨੇ ਸੱਜੇ ਹੱਥ ਦੀ ਅਸ਼ੀਰਵਾਦੀ ਮੁਦਰਾ ਨਾਲ ਮੇਰੀ ਬੇਨਤੀ ਤਾਂ ਪਰਵਾਨ ਕਰ ਲਈ ਪਰ ਲੋਪ ਹੋਣ ਤੋਂ ਪਹਿਲਾਂ ਮੁਸਕਰਾ ਕੇ ਉਚਰ ਗਏ,“ ਬੱਚੂ, ਨਾਵਲ ਦਾ ਨਾਂ ਤਾਂ, ਚਲ, ਇਹ ਰੱਖ ਲੈ, ਪਰ ਹੈ ਕੋਈ ਤੇਰਾ ਪਾਤਰ ਜਿਸ ਨੇ ਆਪਣੇ ਮਾਧੋ ਦੇ ਸਨਮੁੱਖ ਹੋ ਕੇ ਜਨਮ ਲੇਖੇ ਲਾਉਣ ਦੀ ਗੱਲ ਕਰਨ ਸਮੇਂ ਪੂਰੇ ਹੰਮੇ ਨਾਲ ਇਹ ਦਾਅਵਾ ਕਰਨ ਦੀ ਸਮਰੱਥਾ ਵੀ ਪਰਾਪਤ ਕਰ ਲਈ ਹੋਵੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ!” ਵੰਗਾਰ ਵੱਡੀ, ਮੈਂ ਛੋਟਾ! ਹੁਣ ਮੈਂ ਨਾਵਲਕਾਰ ਵਜੋਂ ਇਸ ਵੰਗਾਰ ਦੇ ਹਾਣ ਦਾ ਹੋਣ ਲਈ ਵਾਹ ਲਾਉਣੀ ਸੀ ਅਤੇ ਭਗਤ ਜੀ ਦੇ ਇਹਨਾਂ ਵਡ-ਪਸਾਰੀ ਚਾਰ ਸ਼ਬਦਾਂ ਦੀ ਕਰੜੀ ਕਸਵੱਟੀ ਉੱਤੇ ਖਰਾ ਉੱਤਰਨ ਦਾ ਯਤਨ ਕਰਨਾ ਸੀ!

ਨਾਂ ਵਾਂਗ ਨਾਵਲ ਦਾ ਸਮਰਪਨ ਵੀ ਇਹਨੂੰ ਲਿਖੇ ਜਾਣ ਤੋਂ ਪਹਿਲਾਂ ਸੁਤੇ-ਸਿਧ ਹੀ ਤੈਅ ਹੋ ਗਿਆ। ਜਦੋਂ ਮੈਂ ਇਹਦੀ ਕਹਾਣੀ ਬਾਰੇ, ਪਾਤਰਾਂ ਬਾਰੇ ਅਤੇ ਉਹਨਾਂ ਨੂੰ ਭੋਗਣੇ ਪਏ ਦੁਖ-ਸੁਖ ਬਾਰੇ ਸੋਚਦਾ, ਮਨ ਵਿਚ ਆਉਂਦਾ, ਜ਼ਿੰਦਗੀ ਮਿਹਰਬਾਨ ਵੀ ਬੜੀ ਹੈ ਤੇ ਕਹਿਰਵਾਨ ਵੀ ਬੜੀ ਹੈ! ਅਕਸਰ ਮੇਰੀ ਜ਼ਬਾਨ ਸ਼ਕੀਲ ਬਦਾਯੂਨੀ ਤੋਂ ਸ਼ਬਦ ਹੁਧਾਰੇ ਲੈ ਕੇ ਬੋਲ ਪੈਂਦੀ,“ ਨਸੀਬ ਮੇਂ ਜਿਸ ਕੇ ਜੋ ਲਿਖਾ ਥਾ, ਵੁਹ ਤੇਰੀ ਮਹਿਫ਼ਲ ਮੇਂ ਕਾਮ ਆਇਆ / ਕਿਸੀ ਕੇ ਹਿੱਸੇ ਮੇਂ ਪਿਆਸ ਆਈ, ਕਿਸੀ ਕੇ ਹਿੱਸੇ ਮੇਂ ਜਾਮ ਆਇਆ।” ਇਹਦੇ ਨਾਲ ਹੀ ਮੇਰਾ ਇਹ ਇਕਬਾਲ ਕਰਨਾ ਵੀ ਬਣਦਾ ਹੈ ਕਿ ਲੇਖਕ ਵਜੋਂ ਮੇਰਾ ਧਰਮ ਭਾਵੇਂ ਪਿਆਸੇ ਦੀ ਪਿਆਸ ਨੂੰ ਤੇ ਜਾਮ ਵਾਲੇ ਦੀ ਤ੍ਰਿਪਤੀ ਨੂੰ ਆਪਣੇ ਵੱਲੋਂ ਕੋਈ ਵਾਧਾ-ਘਾਟਾ ਕਰੇ ਬਿਨਾਂ ਅੱਖਰਾਂ ਦਾ ਜਾਮਾ ਪੁਆ ਦੇਣਾ ਸੀ ਤਾਂ ਵੀ ਪਿਆਸਾ ਮੈਨੂੰ ਜਾਮ ਵਾਲੇ ਨਾਲੋਂ, ਉੱਨੀ ਦੇ ਮੁਕਾਬਲੇ ਇੱਕੀ ਜਿੰਨਾ ਹੀ ਸਹੀ, ਵੱਧ ਪ੍ਰਭਾਵਿਤ ਕਰਦਾ ਜਿਸਦੀ ਪਿਆਸ ਜਾਮ ਵਾਲੇ ਦੀ ਤ੍ਰਿਪਤੀ ਸਾਹਮਣੇ ਹੀਣੀ ਪੈਣੋਂ ਨਾਬਰ ਸੀ। ਨਤੀਜੇ ਵਜੋਂ ਸਮਰਪਨ ਵਿਚ ਸ਼ਕੀਲ ਸਾਹਿਬ ਦੇ ਇਹਨਾਂ ਸ਼ਬਦਾਂ ਤੋਂ ਅੱਗੇ ਮੈਥੋਂ ਸਹਿਜੇ ਹੀ ਇਹ ਸ਼ਬਦ ਜੋੜੇ ਗਏ: ਮਹਿਫ਼ਲ ਦੇ ਉਸ ਪਿਆਸੇ ਦੇ ਨਾਂ ਜੋ ਜਾਮ ਵਾਲਿਆਂ ਨੂੰ ਦੇਖ ਕੇ ਨਾ ਲਲਚਾਉਂਦਾ-ਡੋਲਦਾ ਹੈ ਤੇ ਨਾ ਹੀਣ ਮਹਿਸੂਸ ਕਰਦਾ ਹੈ ਸਗੋਂ ਸਵੈਮਾਣ ਨੂੰ ਬੁਲੰਦ ਰੱਖਦਾ ਹੈ!

ਮੈਨੂੰ ਸਮਕਾਲੀ ਨਾਵਲ ਇਹ ਗਿਆਨ ਦਿੰਦਾ ਸੀ ਕਿ ਨਾਵਲ ਵਿਚ ਇੱਕ ਨਾਰੀ ਨਾਇਕਾ ਹੁੰਦੀ ਹੈ, ਇੱਕ ਪੁਰਸ਼ ਨਾਇਕ ਹੁੰਦਾ ਹੈ ਅਤੇ ਮੁੱਖ ਤੌਰ ਉੱਤੇ ਉਹਨਾਂ ਦੀ ਹੀ ਕਥਾ ਨੂੰ ਅੱਗੇ ਤੋਰਨ ਵਿਚ ਸਹਾਈ ਰਹਿਣ ਵਾਲੇ ਕਈ ਛੋਟੇ-ਵੱਡੇ ਪਾਤਰ ਹੋਰ ਹੁੰਦੇ ਹਨ। ਪਰ ਮੇਰੇ ਸਾਹਮਣੇ ਸਮੱਸਿਆ ਇਹ ਸੀ ਕਿ ਮੇਰੇ ਨਾਵਲ ਦੀ ਜੋ ਨੁਹਾਰ ਮਨ ਵਿਚ ਬਣ ਰਹੀ ਸੀ, ਉਸ ਵਿਚ ਆਮ ਨਾਵਲਾਂ ਵਾਂਗ ਨਾ ਨਾਇਕਾ ਨਾਰੀ ਸੀ ਤੇ ਨਾ ਨਾਇਕ ਪੁਰਸ਼ ਸੀ। ਇੱਥੇ ਨਾਇਕਾ ਕਿਸੇ ਨਾਰੀ ਦੀ ਥਾਂ ਨਾਰੀ-ਸੋਚ ਹੈ ਜਿਸ ਦੀ ਧੁਰੀ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸ਼ਿਸ਼ ਹੈ; ਨਾਇਕ ਕਿਸੇ ਪੁਰਸ਼ ਦੀ ਥਾਂ ਸਮਾਜ ਹੈ। ਤੇ ਸਮਾਜ ਦੇ ਇੱਕ ਹੱਥ ਵਿਚ ਮਨੁੱਖ ਨੂੰ ਜੰਗਲ ਤੋਂ ਸਭਿਅਕ ਜੀਵਨ ਤੱਕ ਲਿਆਉਣ ਦਾ ਉਪਕਾਰ ਕਰਨ ਵਾਲੀ ਨੇਮਾਂ ਦੀ ਪੱਟ-ਕੂਲ਼ੀ ਡੋਰ ਹੈ ਅਤੇ ਦੂਜੇ ਹੱਥ ਵਿਚ ਸਮਾਜਕ ਨੇਮਾਂ ਦੀਆਂ ਸੀਮਾਵਾਂ ਉਲੰਘਣ ਵਾਲੇ ਅਮੋੜ ਮਨੁੱਖ ਨੂੰ ਕਾਬੂ ਵਿਚ ਰੱਖਣ ਵਾਸਤੇ ਬੰਨ੍ਹਣਾਂ-ਵਰਜਨਾਂ ਦੀ ਮੁੰਜ ਦੀ ਰੱਸੀ ਹੈ।

ਕੁਦਰਤੀ ਹੈ ਕਿ ਨਾਇਕ ਤੇ ਨਾਇਕਾ, ਭਾਵ ਸਮਾਜ ਤੇ ਨਾਰੀ-ਸੋਚ ਦੇ ਅੰਤਰ-ਅਮਲ ਵਿਚ ਸਾਂਝ ਵੀ ਹੈ ਤੇ ਟਕਰਾਓ ਵੀ। ਸਮਾਜ ਬਲਵਾਨ ਵੀ ਹੈ ਤੇ ਚਤੁਰ ਵੀ। ਉਹਨੇ ਆਪਣੇ ਆਪ ਨੂੰ ਪ੍ਰੰਪਰਾਵਾਂ ਤੇ ਰਹੁ-ਰੀਤਾਂ, ਨੇਮਾਂ ਤੇ ਕਾਨੂੰਨਾਂ, ਵਿਆਹ ਤੇ ਪਰਿਵਾਰ ਦੀ ਸੰਸਥਾ ਅਤੇ ਸਦਾਚਾਰ ਤੇ ਦੁਰਾਚਾਰ ਦੇ ਸਿਧਾਂਤ ਜਿਹੇ ਅਸਤਰਾਂ-ਸ਼ਸਤਰਾਂ ਨਾਲ ਲੈਸ ਕੀਤਾ ਹੋਇਆ ਹੈ। ਨਾਰੀ-ਸੋਚ ਬਹੁਤੀਆਂ ਸੂਰਤਾਂ ਵਿਚ ਖੰਭ ਹੁੰਦਿਆਂ ਵੀ ਇਹਨਾਂ ਸਮਾਜਕ ਲਛਮਣਕਾਰਾਂ ਨੂੰ ਖ਼ੁਸ਼ੀ-ਖ਼ੁਸ਼ੀ ਜਾਂ ਥੋੜ੍ਹੇ-ਬਹੁਤੇ ਰੋਸ ਨਾਲ ਹਉਕਾ ਲੈ ਕੇ ਆਪਣੀ ਹੋਣੀ ਵਜੋਂ ਪਰਵਾਨ ਕਰ ਲੈਂਦੀ ਹੈ। ਪਰ ਕੁਝ ਸੂਰਤਾਂ ਵਿਚ ਉਹ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸ਼ਿਸ਼ ਵਿਚ ਸਮਾਜਕ ਲਛਮਣਕਾਰਾਂ ਨੂੰ ਪਰਵਾਨ ਕਰਨ ਤੋਂ ਨਾਬਰ ਵੀ ਹੋ ਜਾਂਦੀ ਹੈ। ਇੱਥੇ ਪਹੁੰਚ ਕੇ ਸਵਾਲ ਪੈਦਾ ਹੋ ਜਾਂਦਾ ਹੈ ਕਿ ਨਾਰੀ ਦੀ ਨਾਬਰੀ ਸਾਹਮਣੇ ਸਮਾਜ ਦੇ ਅਸਤਰ-ਸ਼ਸਤਰ ਕਿੰਨੇ ਕੁ ਕਾਰਗਰ ਜਾਂ ਕਿੰਨੇ ਕੁ ਖੁੰਢੇ ਸਾਬਤ ਹੁੰਦੇ ਹਨ ਅਤੇ ਆਜ਼ਾਦ ਜੀਵਨ ਨੂੰ ਤਾਂਘਦੀ ਨਾਰੀ ਆਪਣੀ ਮੁਕਤ ਸੋਚ ਦੇ ਖੰਭਾਂ ਦੇ ਬਲ ਨਾਲ ਸਮਾਜਕ ਪ੍ਰਬੰਧ ਦੀ ਗੁਰੂਤਾ-ਸ਼ਕਤੀ ਨੂੰ ਚੀਰਨ ਤੋਂ ਅਸਮਰੱਥ ਰਹਿੰਦੀ ਹੈ ਜਾਂ ਸਮਰੱਥ ਹੋ ਕੇ ਮਨਚਾਹੇ ਤੇ ਮਨਚਿਤਵੇ ਅੰਬਰਾਂ ਦੀਆਂ ਉੱਚੀਆਂ ਉਡਾਰੀਆਂ ਭਰਨ ਵਿਚ ਸਫਲ ਹੋ ਜਾਂਦੀ ਹੈ।

ਇਸ ਸਵਾਲ ਵਿੱਚੋਂ ਦੂਜਾ ਸਵਾਲ ਜਨਮ ਲੈਂਦਾ ਹੈ। ਧਰਤੀ ਦੀ ਗੁਰੂਤਾ-ਖਿੱਚ ਨੂੰ ਪਾਰ ਕਰ ਕੇ ਉੱਚੇ ਅੰਬਰੀਂ ਪਹੁੰਚੇ ਪੁਲਾੜ-ਯਾਤਰੀਆਂ ਦੇ ਤਨ-ਮਨ ਉੱਤੇ, ਵਿਗਿਆਨ ਅਨੁਸਾਰ, ਬੜੇ ਦੀਰਘ ਪ੍ਰਭਾਵ ਪੈਂਦੇ ਹਨ। ਕੀ ਉਹਨਾਂ ਵਾਂਗ ਹੀ ਸਮਾਜਕ ਗੁਰੂਤਾ ਨੂੰ ਚੀਰ ਕੇ ਸਵੈ-ਸਿਰਜੇ ਅੰਬਰਾਂ ਵਿਚ ਉੱਡੀ ਨਾਰੀ ਦੇ ਤਨ-ਮਨ ਉੱਤੇ ਵੀ, ਮਨੋਵਿਗਿਆਨ ਅਨੁਸਾਰ, ਕੋਈ ਦੀਰਘ ਪ੍ਰਭਾਵ ਪੈਂਦੇ ਹਨ ਜਾਂ ਨਹੀਂ? ਜੇ ਪੈਂਦੇ ਹਨ ਤਾਂ ਉਹ ਪ੍ਰਭਾਵ ਕਿਹੋ ਜਿਹੇ ਹਨ।

ਅੱਜ ਦੇ ਵਿੱਦਿਅਤ, ਵਿਕਸਿਤ ਤੇ ਵਿਗਿਆਨਕ ਸੋਝੀ ਵਾਲੇ ਸਮਾਜ ਵਿਚ ਆਪਣੀ ਦੇਹ ਉੱਤੇ ਨਾਰੀ ਦੇ ਅਧਿਕਾਰ ਤੋਂ ਇਨਕਾਰ ਮੁਸ਼ਕਿਲ ਅਤੇ ਤਰਕਹੀਣ ਹੈ। ਪਰ ਇਹ ਵੀ ਅਕੱਟ ਸੱਚ ਹੈ ਕਿ ਹਰ ਅਧਿਕਾਰ ਆਪਣੇ ਨਾਲ ਲਾਜ਼ਮ ਫ਼ਰਜ਼ ਤੇ ਜ਼ਿੰਮੇਦਾਰੀ ਲੈ ਕੇ ਆਉਂਦਾ ਹੈ। ਪਰਮਪੂਰਨ ਅਧਿਕਾਰ ਤੇ ਪਰਮਪੂਰਨ ਆਜ਼ਾਦੀ ਜਿਹੇ ਵਿਚਾਰ ਬੇਮਾਅਨੀ ਹਨ। ਸਮਾਜਕ ਨੇਮਾਂ ਨੂੰ ਇੱਕ-ਵਾਢਿਓਂ ਨਕਾਰਨਾ ਸੰਭਵ ਨਹੀਂ। ਸਮਾਜਕ ਨੇਮ ਹੀ ਮਨੁੱਖ ਨੂੰ ਜੰਗਲ ਤੋਂ ਸਭਿਅਤਾ ਤੱਕ ਲੈ ਕੇ ਆਏ ਹਨ। ਲੋੜ ਦੋਵਾਂ ਵਿਚਕਾਰ ਸੰਤੁਲਨ ਦੀ ਹੈ। ਸਮਾਜ ਸਮਕਾਲੀ ਹਾਲਾਤ ਅਨੁਸਾਰ ਆਪਣੀਆਂ ਹੱਦਾਂ ਨੂੰ ਕੂਹਣੀਆਂ ਮਾਰ ਕੇ, ਧੱਕ-ਧਕਾ ਕੇ ਕੁਝ ਮੋਕਲੀਆਂ ਕਰਨ ਦੀ ਸੰਭਾਵਨਾ ਤਾਂ ਦਿੰਦਾ ਹੈ ਪਰ ਉਹਨਾਂ ਵਿਚ ਮਘੋਰਾ ਕਰਨ ਦੀ ਆਗਿਆ ਨਹੀਂ ਦਿੰਦਾ। ਇਉਂ ਅਸਲ ਟਕਰਾਓ ਇਸਤਰੀ ਦੇ ਅਧਿਕਾਰ ਤੇ ਸਮਾਜ ਵਿਚਕਾਰ ਨਹੀਂ, ਇਸਤਰੀ ਦੇ ਅਧਿਕਾਰਾਂ ਦੀ ਪਰਮਪੂਰਨਤਾ ਦੇ ਦਾਅਵਿਆਂ ਅਤੇ ਸਮਾਜਕ ਹੱਦਾਂ ਨੂੰ ਬੇਲਚਕ ਸਮਝਣ ਦੀ ਸੋਚ ਵਿਚਕਾਰ ਹੈ। ਇਹੋ ਮੇਰੇ ਨਾਵਲ ਦਾ ਸਰੋਕਾਰ ਹੈ।

ਸਮਾਜ ਤੇ ਨਾਰੀ-ਸੋਚ ਨਾਂ ਦੇ ਇਹਨਾਂ ਨਿਰਾਕਾਰ ਨਾਇਕ-ਨਾਇਕਾ ਤੋਂ ਇਲਾਵਾ ਜੋ ਪਾਤਰ ਹੋਰ ਹਨ, ਉਹਨਾਂ ਵਿੱਚੋਂ ਕਈ ਤਾਣੇ ਵਾਂਗ ਆਦਿ ਤੋਂ ਅੰਤ ਤੱਕ ਅਤੇ ਕਈ ਉਹਨਾਂ ਦੇ ਨਾਲ ਨਾਲ ਘੱਟ-ਵੱਧ ਦੂਰ ਤੱਕ ਨਿਭਦੇ ਹਨ। ਬਾਕੀ ਪਾਤਰ ਬਾਣੇ ਵਾਂਗ ਸੂਤ, ਦੋ ਸੂਤ ਤੋਂ ਲੈ ਕੇ ਗਿੱਠਾਂ-ਗ਼ਜ਼ਾਂ ਤੱਕ ਬੁਣੇ ਹੋਏ ਹਨ। ਹੋ ਸਕਦਾ ਹੈ, ਨਾਵਲੀ ਗੇਝ ਅਨੁਸਾਰ ਇਸ ਸਾਰੇ ਤਾਣੇ-ਬਾਣੇ ਵਿੱਚੋਂ ਕੁਝ ਪਾਠਕ ਕਿਸੇ ਪਾਤਰ ਨੂੰ ਨਾਇਕ ਜਾਂ ਨਾਇਕਾ ਮਿਥਣਾ ਚਾਹੁਣ; ਇਹ ਉਹਨਾਂ ਦੀ ਇੱਛਾ ਅਤੇ ਸਮਝ ਹੈ।

ਇੱਕ ਗੱਲ ਸਾਫ਼ ਕਰ ਦੇਵਾਂ। ਮੇਰਾ ਨਾਵਲ ਉਹਨਾਂ ਸਾਧਾਰਨ-ਬੁੱਧ ਪਾਠਕਾਂ ਵਾਸਤੇ ਨਹੀਂ ਜੋ ਕਿਸੇ ਪਾਤਰ ਦਾ ਚਿਹਰਾ ਲੈ ਕੇ ਅਸਲੀ ਜ਼ਿੰਦਗੀ ਦੇ ਕਿਸੇ ਚਿਹਰੇ ਨਾਲ ਮੇਲਣ ਵਾਸਤੇ ਗਲ਼ੀਆਂ-ਚੌਕਾਂ ਵਿਚ ਲੋਕਾਂ ਦੇ ਮੂੰਹ ਦੇਖਦੇ-ਘੋਖਦੇ ਹੋਏ ਭਟਕਦੇ ਫਿਰਨਗੇ। ਉਹਨਾਂ ਨੂੰ ਮੈਂ ਬੱਸ ਏਨਾ ਹੀ ਕਹਿਣਾ ਚਾਹੁੰਦਾ ਹਾਂ, ਜੇ ਮੈਂ ਕੋਈ ਹੋਰ ਪਾਤਰ ਵੀ ਅਸਲ ਜ਼ਿੰਦਗੀ ਵਿੱਚੋਂ ਲੈਣਾ ਹੁੰਦਾ, ਮੈਨੂੰ, ਪ੍ਰੋ. ਮੋਹਨ ਸਿੰਘ ਤੇ ਸਾਹਿਰ ਲੁਧਿਆਣਵੀ ਵਾਂਗ, ਉਹਦਾ ਮੂਲ ਨਾਂ ਰੱਖ ਲੈਣ ਵਿਚ ਕੋਈ ਸੰਕੋਚ ਜਾਂ ਮੁਸ਼ਕਿਲ ਨਹੀਂ ਸੀ! ਨਾਵਲਕਾਰੀ ਦੇ ਖੇਤਰ ਵਿਚ ਇਹ ਕੋਈ ਅਲੋਕਾਰ ਗੱਲ ਨਹੀਂ। ਇੱਕ ਮਿਸਾਲ ਵਜੋਂ ਪ੍ਰਮੁੱਖ ਅਮਰੀਕੀ ਲੇਖਕ ਇਰਵਿੰਗ ਸਟੋਨ ਨੇ ਚਿਤਰਕਾਰ ਵਿਨਸੈਂਟ ਵਾਨ ਗੌਗ, ਲੇਖਕ-ਪੱਤਰਕਾਰ ਜੈਕ ਲੰਡਨ, ਚਿੱਤਰਕਾਰ-ਬੁੱਤਕਾਰ ਮਾਈਕਲੇਂਜਲੋ, ਮਨੋਵਿਗਿਆਨੀ ਸਿਗਮੰਡ ਫ਼ਰਾਈਡ, ਮਾਨਵ-ਵਿਕਾਸਵਾਦੀ ਚਾਰਲਸ ਡਾਰਵਿਨ ਜਿਹੇ ਵੱਡੇ ਵਿਅਕਤੀਆਂ ਨੂੰ ਲੈ ਕੇ ਦਰਜਨ ਤੋਂ ਵੱਧ ਬਹੁਤ ਪ੍ਰਸਿੱਧ ਜੀਵਨੀ-ਆਧਾਰਿਤ ਨਾਵਲ ਲਿਖੇ ਹਨ ਜਿਨ੍ਹਾਂ ਵਿੱਚੋਂ ਕਈਆਂ ਵਿਚ ਉਹਨਾਂ ਦੇ ਹੀ ਨਹੀਂ, ਨਾਵਲ ਦੇ ਕਲਾਵੇ ਵਿਚ ਆਏ ਉਹਨਾਂ ਨਾਲ ਸੰਬੰਧਿਤ ਹੋਰ ਵਿਅਕਤੀਆਂ ਦੇ ਨਾਂ ਵੀ ਅਸਲੀ ਦਿੱਤੇ ਗਏ ਹਨ। ਗੁਣਾਂ-ਔਗੁਣਾਂ ਦੇ ਸੁਮੇਲ ਪਾਤਰ ਨੂੰ ਕਿਸੇ ਵਿਅਕਤੀ ਨਾਲ ਮੇਲਣਾ ਵੈਸੇ ਵੀ ਬੜਾ ਤਿਲ੍ਹਕਵਾਂ ਮਾਮਲਾ ਹੁੰਦਾ ਹੈ। ਪਾਤਰ ਦੇ ਗੁਣਾਂ ਨੂੰ 'ਮਿੱਠਾ ਮਿੱਠਾ ਗੜੱਪ' ਕਰਦਿਆਂ ਔਗੁਣਾਂ ਤੋਂ 'ਇਹ ਉਹ ਨਹੀਂ' ਆਖ ਕੇ ਪਾਸਾ ਵੱਟ 'ਕੌੜਾ ਕੌੜਾ ਥੂਹ' ਕਰਨਾ ਪੈਂਦਾ ਹੈ।

ਨਾਰੀ-ਸੋਚ ਮੇਰੇ ਨਾਵਲ ਦੀ ਨਾਇਕਾ ਤਾਂ ਸੀ ਪਰ ਉਹਦਾ ਰੂਪ ਸੂਖ਼ਮ ਤੇ ਅਦਿੱਖ ਸੀ। ਮੇਰੇ ਲਈ ਉਹਦਾ ਇੱਕ ਦਿਸਣਜੋਗ ਰੂਪ ਸਿਰਜਣਾ ਜ਼ਰੂਰੀ ਸੀ। ਇਉਂ ਜਗਦੀਪ ਦਾ ਜਨਮ ਹੋਇਆ। ਪਰ ਨਾਰੀ-ਸੋਚ ਦਾ ਵਸੀਲਾ ਬਣਨ ਵਾਲੀ ਜਗਦੀਪ ਦਾ ਕਲਾ-ਰੂਪ ਕੀ ਹੋਵੇ?

ਪਲੇਠੇ ਮਨ-ਮੰਥਨ ਸਮੇਂ ਮੇਰੀ ਚਾਹ ਜਗਦੀਪ ਨੂੰ ਨ੍ਰਤਕੀ ਬਣਾਉਣ ਦੀ ਸੀ ਕਿਉਂਕਿ ਨ੍ਰਿਤ ਹੀ ਇੱਕੋ-ਇੱਕ ਅਜਿਹੀ ਕਲਾ ਹੈ ਜਿਸ ਵਿਚ ਨਾਰੀ ਦੀ ਸੰਪੂਰਨ ਕਾਇਆ ਕਲਾ-ਸਰੂਪ ਹੋ ਜਾਂਦੀ ਹੈ। ਦਰਸ਼ਨੀ ਕਲਾ ਹੋਣ ਸਦਕਾ ਨ੍ਰਿਤ ਅਛੋਪਲੇ ਜਿਹੇ ਦਰਸ਼ਕ ਦੇ ਨੈਣਾਂ ਦੇ ਦੁਆਰ ਲੰਘ ਕੇ ਦਿਲ ਦੇ ਮੰਚ ਉੱਤੇ ਹੋਣ ਲਗਦਾ ਹੈ। ਤੇ ਜੇ ਨ੍ਰਤਕੀ ਗਾਇਕਾ ਵੀ ਹੋਵੇ, ਉਹਦੇ “ਠਾੜੇ ਰਹੀਓ ਓ ਬਾਂਕੇ ਯਾਰ ਰੇ, ਠਾੜੇ ਰਹੀਓ ...” ਕਹਿਣ ਤੋਂ ਪਹਿਲਾਂ ਹੀ ਕੀਲਿਆ ਹੋਇਆ ਦਰਸ਼ਕ ਠਹਿਰੇ ਦਾ ਠਹਿਰਿਆ ਰਹਿ ਜਾਂਦਾ ਹੈ। ਪਰ ਨ੍ਰਿਤ ਦੀਆਂ ਕਲਾ ਵਜੋਂ ਜਿਨ੍ਹਾਂ ਬਰੀਕੀਆਂ ਦੀ ਸਮਝ ਦੀ ਲੋੜ ਪੈਣੀ ਸੀ, ਮੈਨੂੰ ਉਹਨਾਂ ਦੀ ਜਾਣਕਾਰੀ ਨਹੀਂ ਸੀ।

ਮੇਰੀ ਦੂਜੀ ਚਾਹ ਉਹਨੂੰ ਗਾਇਕਾ ਬਣਾਉਣ ਦੀ ਹੋਈਵੱਡੀ ਸੌਖ ਇਹ ਰਹਿਣੀ ਸੀ ਕਿ 'ਫ਼ਿਲਮੀ' ਸ਼ਬਦ ਸਸਤਾ ਬਣਾ ਦਿੱਤਾ ਗਿਆ ਹੋਣ ਦੇ ਬਾਵਜੂਦ ਕਮਾਲ ਨੂੰ ਪਹੁੰਚੇ ਹੋਏ ਹਜ਼ਾਰਾਂ ਫ਼ਿਲਮੀ ਗੀਤਾਂ ਦਾ ਅਨਮੋਲ ਖ਼ਜ਼ਾਨਾ ਮੇਰੇ ਅੱਗੇ ਖੁੱਲ੍ਹਾ ਪਿਆ ਸੀ, ਜਿਨ੍ਹਾਂ ਵਿਚ ਹਿੰਦੁਸਤਾਨ ਦੇ ਉੱਤਮ ਗੀਤਕਾਰਾਂ ਦੇ ਸ਼ਬਦਾਂ ਨੂੰ ਮਹਾਨ ਸੰਗੀਤਕਾਰਾਂ ਦੀਆਂ ਧੁਨਾਂ ਉੱਤੇ ਲਾਜਵਾਬ ਗਾਇਕਾਂ/ਗਾਇਕਾਵਾਂ ਨੇ ਆਵਾਜ਼ ਦਿੱਤੀ ਹੋਣ ਸਦਕਾ ਸ਼ਬਦ, ਸੰਗੀਤ ਤੇ ਸੁਰ ਦਾ ਬੇਮਿਸਾਲ ਸੰਗਮ ਮਿਲਦਾ ਹੈ। ਇਸ ਅਮੁੱਕ ਖ਼ਜ਼ਾਨੇ ਵਿੱਚੋਂ ਮਨੁੱਖੀ ਜੀਵਨ ਦੇ ਆਰੰਭ ਤੋਂ ਅੰਤ ਤੱਕ ਹਰ ਮੋੜ, ਹਰ ਘਟਨਾ, ਹਰ ਕਰਮ-ਪ੍ਰਤੀਕਰਮ, ਹਰ ਰਉਂ ਤੇ ਹਰ ਜਜ਼ਬੇ ਦੀ ਖ਼ੂਬਸੂਰਤ ਤਰਜਮਾਨੀ ਕਰਦੇ ਹੋਏ ਗੀਤ ਸਹਿਜੇ ਹੀ ਲਏ ਜਾ ਸਕਦੇ ਸਨ। ਪਰ ਇੱਥੇ ਵੀ, ਸ਼ਬਦ ਨਾਲ ਸੰਘਣੀ ਸਾਂਝ ਦੇ ਹੁੰਦਿਆਂ ਵੀ ਸੰਗੀਤ ਤੇ ਸੁਰ ਦੀ ਜਾਣਕਾਰੀ ਦੀ ਮੇਰੀ ਸੀਮਾ ਨੇ ਕਲਮ ਰੋਕ ਦਿੱਤੀ।

ਆਖ਼ਰ ਮਨ ਮੁਸਕਰਾਇਆ,“ ਆਪਣੇ ਪਿੜ, ਸਾਹਿਤ ਵਿਚ ਹੀ ਰਹਿ। ਜੇ ਬਹੁਤਾ ਨਹੀਂ, ਇਹਦਾ ੳ-ਅ ਤਾਂ ਜਾਣਦਾ ਹੈਂ!” ਇਉਂ ਜਗਦੀਪ ਕਵਿੱਤਰੀ ਬਣੀ। ਪਰ ਇਸ ਵਿਚ ਇੱਕ ਵੱਡੀ ਰੁਕਾਵਟ ਆ ਖੜ੍ਹੀ ਹੋਈ। ਉਸ ਨੂੰ ਮੈਂ ਜਿੰਨੀ ਵਧੀਆ ਕਵਿੱਤਰੀ, ਖਾਸ ਕਰਕੇ ਗ਼ਜ਼ਲਕਾਰ ਚਿਤਵਿਆ, ਉਸ ਮਿਆਰ ਦੀ ਰਚਨਾ ਆਪ ਕਰ ਸਕਣ ਦਾ ਮੈਨੂੰ ਕੋਈ ਭਰਮ ਨਹੀਂ ਸੀ। ਇਸ ਕਰਕੇ ਉਹਦੇ ਨਮਿੱਤ ਕੀਤੀਆਂ ਜਾਣ ਵਾਲੀਆਂ ਰਚਨਾਵਾਂ ਕਿਸੇ ਚੰਗੇ ਕਵੀ ਦੀਆਂ ਲੈਣੀਆਂ ਪੈਣੀਆਂ ਸਨ। ਭਾਵੇਂ ਮੈਂ ਇਹ ਨਹੀਂ ਮੰਨਦਾ ਕਿ ਇਸਤਰੀ ਦੇ ਮਨ ਦੀ ਗੱਲ ਇਸਤਰੀ ਹੀ ਚੰਗੀ ਤਰ੍ਹਾਂ ਕਰ ਸਕਦੀ ਹੈ, ਤਾਂ ਵੀ ਮੈਨੂੰ ਲੱਗਿਆ, ਜਗਦੀਪ ਦੇ ਨਾਂ ਕਿਸੇ ਕਵਿੱਤਰੀ ਦੀਆਂ ਰਚਨਾਵਾਂ ਹੀ ਠੀਕ ਰਹਿਣਗੀਆਂ।

ਮੋਹਨ ਸਿੰਘ ਅਤੇ ਸਾਹਿਰ ਅਸਲ ਜੀਵਨ ਵਿੱਚੋਂ ਲਏ ਗਏ ਪਾਤਰ ਹੋਣ ਸਦਕਾ ਮੈਨੂੰ ਉਹਨਾਂ ਦੀਆਂ ਮੂਲ ਰਚਨਾਵਾਂ ਵਰਤ ਲੈਣ ਦੀ ਸਹੂਲਤ ਰਹੀ। ਬੱਸ ਪ੍ਰੋਫ਼ੈਸਰ ਸਾਹਿਬ ਦੇ ਨਾਂ ਇੱਕ ਕਵਿਤਾ ਮਜਬੂਰਨ ਮੈਨੂੰ ਲਿਖਣੀ ਪਈ। ਉਹ ਛੋਟੀਆਂ ਮਿੱਤਰ-ਮਹਿਫ਼ਲਾਂ ਵਿਚ ਮਸਤ ਹੋ ਕੇ ਤੇ ਚੁਟਕੀਆਂ ਵਜਾ ਕੇ ਆਪਮੁਹਾਰੀਆਂ ਤੁਕਾਂ ਸੂਫ਼ੀਆਨਾ ਅੰਦਾਜ਼ ਵਿਚ ਗਾਉਣ ਲਈ ਜਾਣੇ ਜਾਂਦੇ ਸਨ। ਇੱਕ ਥਾਂ ਉਹਨਾਂ ਮੂੰਹੋਂ ਅਜਿਹੀ ਕਵਿਤਾ ਬੁਲਾਉਣੀ ਜ਼ਰੂਰੀ ਹੋ ਗਈ, ਪਰ ਉਹਨਾਂ ਦੀ ਕੋਈ ਅਜਿਹੀ ਕਵਿਤਾ ਲਿਖਤੀ ਰੂਪ ਵਿਚ ਘੱਟੋ-ਘੱਟ ਮੈਨੂੰ ਤਾਂ ਮਿਲੀ ਨਹੀਂ। ਇਹ ਲੋੜ ਪੂਰੀ ਕਰਨ ਲਈ ਉਹਨਾਂ ਨੇ ਮੇਰੇ ਮਨ-ਚਿੱਤ ਵਿਚ ਦਰਸ਼ਨ ਦੇ ਕੇ 'ਹਾਜੀ ਲੋਕ ...' ਵਾਲੀ ਕਵਿਤਾ ਮੇਰੀ ਕਲਮੋਂ ਲਿਖਵਾ ਦਿੱਤੀ। ਇਹਨਾਂ ਦੇ ਉਲਟ ਭਰਪੂਰ ਸਿੰਘ ਸ਼ਾਂਤ ਨਾਂ ਦਾ ਕਵੀ-ਪਾਤਰ ਕਲਪਿਤ ਹੈ। ਉਹਦੀਆਂ ਸਭ ਕਵਿਤਾਵਾਂ ਮੇਰੀਆਂ ਲਿਖੀਆਂ ਹੋਈਆਂ ਹਨ।

ਜਿਨ੍ਹਾਂ ਚੰਗੀਆਂ ਕਵਿੱਤਰੀਆਂ ਤੋਂ ਮੈਂ ਅਪਣੱਤ ਨਾਲ ਰਚਨਾਵਾਂ ਮੰਗ ਸਕਦਾ ਸੀ, ਉਹਨਾਂ ਵਿੱਚੋਂ ਮੇਰੀ ਨਜ਼ਰ ਸੁਖਵਿੰਦਰ ਅੰਮ੍ਰਿਤ ਉੱਤੇ ਇਕਾਗਰ ਹੋ ਗਈ। ਮੇਰੀ ਸਾਥਣ ਗੁਰਚਰਨ ਕਹਿਣ ਲੱਗੀ,“ ਨਾਵਲ ਵਿਚ ਤਾਂ ਕਿੰਨੀਆਂ ਹੀ ਕਵਿਤਾਵਾਂ ਚਾਹੀਦੀਆਂ ਹੋਣਗੀਆਂ, ਜੇ ਕੁੜੀ ਨੇ ਨਾਂਹ ਕਰ ਦਿੱਤੀ? ”ਮੈਂ ਦ੍ਰਿੜ੍ਹਤਾ ਨਾਲ ਕਿਹਾ,“ ਆਗਿਆ ਦੇਵੇ, ਨਾ ਦੇਵੇ, ਕਵਿਤਾਵਾਂ ਤਾਂ ਮੈਂ ਉਹਦੀਆਂ ਹੀ ਲਵਾਂਗਾ। ਬਹੁਤਾ ਹੋਊ ਤਾਂ ਨਾਵਲ ਛਪੇ ਤੋਂ ਮੁਕੱਦਮਾ ਕਰ ਦੇਊ। ਲੁਧਿਆਣੇ ਪੇਸ਼ੀ ਭੁਗਤਣ ਗਏ ਉਹਦੇ ਘਰ ਹੀ ਠਹਿਰਿਆ ਕਰਾਂਗੇ, ਪ੍ਰਸ਼ਾਦ-ਪਾਣੀ ਛਕਿਆ ਕਰਾਂਗੇ ਤੇ ਉਸੇ ਦੀ ਕਾਰ ਵਿਚ ਕਚਹਿਰੀ ਚੱਲਿਆ ਕਰਾਂਗੇ। ਤੀਜੀ ਨਹੀਂ ਤਾਂ ਚੌਥੀ ਪੇਸ਼ੀ ਨੂੰ ਮੁਕੱਦਮਾ ਵਾਪਸ ਲੈ ਲਊ!” ਚੰਗਾ ਇਹ ਹੋਇਆ ਕਿ ਉਹਨੇ ਪਹਿਲੇ ਬੋਲ ਮੈਨੂੰ ਲੋੜ ਤੇ ਮਰਜ਼ੀ ਅਨੁਸਾਰ ਕਵਿਤਾਵਾਂ ਵਰਤਣ ਦੀ ਪੂਰੀ ਖੁੱਲ੍ਹ ਦੇ ਦਿੱਤੀ। ਪਰ ਇੱਕ ਕਸਰ ਫੇਰ ਵੀ ਰਹਿ ਗਈ। ਮੈਨੂੰ ਜਗਦੀਪ ਦੀ ਕੱਚੀ ਕਾਵਿਕ ਉਮਰ ਦੀਆਂ ਕੁਝ ਕਵਿਤਾਵਾਂ ਚਾਹੀਦੀਆਂ ਸਨ, ਜਿਨ੍ਹਾਂ ਦਾ ਮਿਲਣਾ ਸੁਖਵਿੰਦਰ ਜਿਹੀ ਰਸੀ ਹੋਈ ਕਲਮ ਦੇ ਰਚਨਾ-ਸਮੂਹ ਵਿੱਚੋਂ ਸੰਭਵ ਨਹੀਂ ਸੀ। ਇਸ ਲੋੜ ਦੀ ਪੂਰਤੀ ਲਈ ਜਗਦੀਪ ਦੀਆਂ ਵੀ ਕੁਝ ਕਵਿਤਾਵਾਂ ਮੈਨੂੰ ਆਪ ਲਿਖਣੀਆਂ ਪਈਆਂ।

ਕਿਸੇ ਨਾਵਲਕਾਰ ਦਾ ਜੀਵਨ ਦੀ ਫੋਟੋਗ੍ਰਾਫੀ ਤੱਕ ਰਹਿਣਾ ਵੱਡੀ ਕਮਜ਼ੋਰੀ ਹੁੰਦਾ ਹੈ। ਉਹਦੇ ਵਾਸਤੇ ਐਕਸਰੇ ਵਰਗੀ ਨਜ਼ਰ ਨਾਲ ਮਨੁੱਖ ਦੇ ਅੰਦਰ ਝਾਤ ਪਾਉਣਾ ਜ਼ਰੂਰੀ ਹੈ। ਸਮਕਾਲ ਨਾਵਲਕਾਰ ਤੋਂ ਤਨ ਦੇ ਪਾਰ ਜਾ ਕੇ ਮਨ ਦੀ ਵਿਥਿਆ ਦੇ ਵਰਨਣ ਦੀ ਮੰਗ ਕਰਦਾ ਹੈ, ਤਨ ਦੀ ਪਰਕਰਮਾ ਕਰਦੇ ਰਹਿਣ ਦੀ ਨਹੀਂ। ਘਟਨਾਵਾਂ ਦੇ ਦ੍ਰਿਸ਼ ਪੇਸ਼ ਕਰਨ ਦੀ ਸੀਮਾ ਤੋਂ ਅੱਗੇ ਲੰਘ ਕੇ ਉਹਨਾਂ ਦੇ ਕਾਰਨਾਂ ਵਿਚ ਜਾਣ ਸਮੇਂ ਉਹਦੀ ਕਲਮ ਦੇ ਕਦਮ ਰੁਕ ਨਹੀਂ ਜਾਣੇ ਚਾਹੀਦੇ। ਇਸੇ ਕਰਕੇ ਮੈਂ ਪਾਤਰਾਂ ਦੇ ਤਨ ਤੋਂ ਪਾਰ ਲੰਘ ਕੇ ਮਨ ਵਿਚ ਝਾਕਣ ਦਾ ਯਤਨ ਕਰਨਾ ਸੀ।

ਇਸ ਖ਼ਾਤਰ ਮੈਨੂੰ ਜੰਗਲੀ ਮਨੁੱਖ ਤੋਂ ਆਰੰਭ ਕਰ ਕੇ ਮਾਨਵ-ਇਤਿਹਾਸ ਵਿਚ ਤਾਂ ਕੁਝ ਹੱਦ ਤੱਕ ਜਾਣਾ ਹੀ ਪਿਆ, ਭੂਗੋਲਿਕ ਹੱਦਾਂ ਲੰਘ ਕੇ ਹੋਰ ਸਮਾਜਾਂ ਵਿਚਲੇ ਵਰਤਾਰਿਆਂ ਉੱਤੇ ਝਾਤ ਵੀ ਪਾਉਣੀ ਪਈ। ਪਰ ਸਭ ਤੋਂ ਵੱਧ ਸਮਾਂ ਮੈਨੂੰ ਮਨੁੱਖੀ ਮਨ ਦੀ ਥਾਹ ਪਾਉਣ ਲਈ ਮਨੋਵਿਗਿਆਨ ਦੀਆਂ ਲਿਖਤਾਂ ਵਾਚਦਿਆਂ ਲੱਗਿਆ। ਇਸ ਮਗਰੋਂ ਹੀ ਮੇਰੇ ਵਾਸਤੇ ਇਹ ਸੰਭਵ ਹੋ ਸਕਿਆ ਕਿ ਮਨੁੱਖੀ ਮਨਾਂ ਦੀਆਂ ਬਾਉਲੀਆਂ ਵਿਚ ਉੱਤਰ ਸਕਾਂ। ਇੱਕ ਬਾਉਲੀ ਜਗਦੀਪ ਦੇ ਮਨ ਦੀ ਸੀ, ਬਹੁਤ ਡੂੰਘੀ, ਅੱਖਾਂ ਮਲ਼ ਮਲ਼ ਕੁਝ ਦੇਖ ਸਕਣ ਜਿੰਨੀ ਹਨੇਰੀ, ਹਵਾ ਵਿਚ ਹੁੰਮਸ, ਪੌੜੀਆਂ ਦੀਆਂ ਇੱਟਾਂ ਟੁੱਟੀਆਂ ਹੋਈਆਂ ਅਤੇ ਕਦੀ ਕਦੀ ਮੱਥੇ ਨਾਲ ਖਹਿੰਦੀ ਹੋਈ ਕੋਈ ਚਾਮਚੜਿੱਕ ਵੀ ਲੰਘ ਜਾਂਦੀ। ਤੇ ਧੁਰ ਹੇਠਾਂ ਮਿਲੇ ਪਾਣੀ ਉੱਤੇ ਕਾਈ ਜੰਮੀ ਹੋਈ ਸੀ! ਇੱਕ ਬਾਉਲੀ ਗੁਰਮੁਖ ਸਿੰਘ ਦੇ ਮਨ ਦੀ ਸੀ। ਗਹਿਰੀ ਉਹ ਵੀ ਬਹੁਤ ਸੀ, ਸਗੋਂ ਜਗਦੀਪ ਵਾਲੀ ਬਾਉਲੀ ਨਾਲੋਂ ਕਿਤੇ ਵੱਧ ਗਹਿਰੀ। ਕੁਝ ਇੱਟਾਂ ਉਹਦੀਆਂ ਵੀ ਭੁਰੀਆਂ ਹੋਈਆਂ ਸਨ, ਪਰ ਉਸ ਵਿਚ ਹਨੇਰਾ ਤੇ ਹੁੰਮਸ ਨਹੀਂ ਸੀ। ਸ਼ਾਇਦ ਇਸੇ ਕਰਕੇ ਪਾਣੀ ਵੀ ਬੁਸਿਆ ਹੋਇਆ ਨਹੀਂ ਸੀ ਤੇ ਕੋਈ ਚਾਮਚੜਿੱਕ ਵੀ ਉੱਡੀ ਫਿਰਦੀ ਨਹੀਂ ਸੀ ਦਿਸਦੀ। ਪਰ ਇਸ ਬਾਉਲੀ ਦੀ ਕਿਸੇ ਖੋੜ ਵਿਚ ਬੈਠਾ ਇੱਕ ਕਬੂਤਰ ਡੂੰਘੀ ਪੀੜ ਵਾਲੇ ਰੋਗੀ ਵਾਂਗ ਹੂੰਅ ... ਹੂੰਅਅ ... ਹੂੰਅਅਅ ... ਦੀਆਂ ਹੂੰਗਰਾਂ ਮਾਰ ਰਿਹਾ ਸੀ। ਆਮ ਕਰਕੇ ਹੁਲਾਸੀ ਗੁਟਰਗੂੰ ਲਈ ਜਾਣੇ ਜਾਂਦੇ ਕਬੂਤਰ ਦੀਆਂ ਇਹ ਲੰਮੀਆਂ ਸੰਤਾਪੀ ਹੂੰਗਰਾਂ ਮਾਹੌਲ ਨੂੰ ਘੋਰ ਉਦਾਸੀ ਦੇ ਰਹੀਆਂ ਸਨ!

ਇੱਥੇ ਵੀ ਇੱਕ ਮੁਸ਼ਕਿਲ ਆ ਗਈ। ਜੇ ਮੈਂ ਆਪ ਮਨੋਵਿਗਿਆਨੀ ਪੁਰਸ਼ ਪਾਤਰ ਦਾ ਰੂਪ ਧਾਰ ਲੈਂਦਾ, ਜਗਦੀਪ ਦਾ ਉਸ ਅੱਗੇ ਆਪਣਾ ਮਨ ਬੇਸੰਕੋਚ ਹੋ ਕੇ ਖੋਲ੍ਹਣਾ ਸੰਭਵ ਨਹੀਂ ਸੀ ਹੋਣਾ। ਮੈਨੂੰ ਖਾਸ ਕਰਕੇ ਜਗਦੀਪ ਦੇ ਮਨ ਦੀ ਬਾਉਲੀ ਦੀਆਂ ਟੁੱਟੀਆਂ ਇੱਟਾਂ ਵਾਲੀਆਂ ਪੌੜੀਆਂ ਦੇ ਪਾਰ ਬੂਹੇ-ਅੰਦਰ-ਬੂਹੇ ਵਾਲੇ ਹੁਜਰੇ ਵਿਚ ਲੈ ਕੇ ਜਾਣ ਦੇ ਸਮਰੱਥ ਪਥ-ਪ੍ਰਦਰਸ਼ਕ ਦੀ ਲੋੜ ਸੀ। ਇਹ ਉਦੇਸ਼ ਇਸਤਰੀ ਮਨੋਵਿਗਿਆਨੀ ਹੀ ਪੂਰਾ ਕਰ ਸਕਦੀ ਸੀ। ਕਲਮ ਦੀ ਕਰਤਾਰੀ ਸ਼ਕਤੀ ਸਦਕਾ ਪੂਰੀ ਤਰ੍ਹਾਂ ਕਲਪਿਤ ਪਾਤਰ ਵੀਨਾ ਸੱਚਪਾਲ ਦਾ ਆਗਮਨ ਹੋਇਆ ਜਿਸ ਦੀ ਚਾਨਣੀ ਸ਼ਖ਼ਸੀਅਤ ਨੇ ਜਗਦੀਪ ਦੇ ਮਨ ਦੀ ਹਨੇਰੀ ਬਾਉਲੀ ਦਾ ਇੱਕ ਇੱਕ ਕੋਨਾ ਪਾਠਕ ਦੇ ਦੇਖਣ ਵਾਸਤੇ ਚਿੱਟੇ ਦਿਨ ਵਾਂਗ ਉਜਾਗਰ ਕਰ ਦਿੱਤਾ। ਸੋਚਦਾ ਹਾਂ, ਜੇ ਨਿਰਾਕਾਰ ਵੀਨਾ ਮੇਰੇ ਮੰਤਰ ਮਾਰਿਆਂ ਸਾਕਾਰ ਨਾ ਹੁੰਦੀ, ਨਾਵਲ ਦਾ ਕੀ ਬਣਦਾ!

ਜੀਵਨ ਤੇ ਸਾਹਿਤ ਦੀ ਮਿੱਸ ਰਲਣ-ਰਲਾਉਣ ਦਾ ਵਰਤਾਰਾ ਵੀ ਬੜਾ ਦਿਲਚਸਪ ਸੀ। ਕਹਾਣੀ ਵਿਚ, ਥੁੜ-ਮਿਆਦੀ ਹੋਣ ਸਦਕਾ, ਆਮ ਕਰਕੇ ਅਜਿਹੀ ਲੋੜ ਬਹੁਤੀ ਨਹੀਂ ਪੈਂਦੀ, ਪਰ ਇੱਥੇ ਇੱਕ ਇੱਕ ਪਾਤਰ ਦੇ ਸੁਭਾਅ ਤੇ ਕਥਨੀ-ਕਰਨੀ ਨੂੰ ਸਾਕਾਰਨ ਵਾਸਤੇ ਜੀਵਨ ਵਿੱਚੋਂ ਕਈ ਕਈ ਬੰਦਿਆਂ ਤੇ ਘਟਨਾਵਾਂ ਦੀ ਮਿੱਸ ਆਪੇ ਹੀ ਸੁਤੇਸਿਧ ਪੈਂਦੀ ਰਹੀ। ਸਿਰਫ਼ ਇੱਕ ਮਿਸਾਲ ਦਿਆਂਗਾ। ਜਦੋਂ ਮੈਂ ਦਰਵੇਸ਼ ਜੀ ਨੂੰ ਇਸ ਲੋਕ ਤੋਂ ਵਿਦਾਅ ਕਰਨਾ ਸੀ, ਮੈਂ ਸੋਚਾਂ ਵਿਚ ਪੈ ਗਿਆ, ਅਜਿਹੇ ਮਹਾਂਪੁਰਖ ਦਾ ਅੰਤ ਕਿਵੇਂ ਕੀਤਾ ਜਾਵੇ! ਮੈਨੂੰ ਪਿੰਡ ਵਾਲੇ ਤਾਇਆ ਇੰਦਰ ਸਿੰਘ, ਜਿਸ ਨੂੰ ਲੈ ਕੇ ਮੈਂ ਕਹਾਣੀ 'ਕਸਤੂਰੀ ਵਾਲਾ ਮਿਰਗ' ਲਿਖੀ ਸੀ, ਦਾ ਅੰਤ ਚੇਤੇ ਆ ਗਿਆ। ਉਹਨਾਂ ਦਾ ਗੁਰਦੁਆਰੇ ਵਿਚ ਟੇਕਿਆ ਮੱਥਾ ਟੇਕਿਆ ਹੀ ਰਹਿ ਗਿਆ। ਖਾਸਾ ਚਿਰ ਉਡੀਕ ਕੇ ਜਦੋਂ ਸੇਵਾਦਾਰ ਨੇ ਹਿਲਾਏ, ਉਹ ਇੱਕ ਪਾਸੇ ਨੂੰ ਲੁੜ੍ਹਕ ਗਏ। ਦਰਵੇਸ਼ ਜੀ ਦੀ ਧਾਰਮਿਕਤਾ ਵੱਲ ਦੇਖਦਿਆਂ ਇਹ ਅੰਤ ਬੇਹੱਦ ਢੁੱਕਵਾਂ ਰਹਿਣਾ ਸੀ। ਇਉਂ ਕਲਪਿਤ ਦਰਵੇਸ਼ ਜੀ ਦਾ ਅੰਤ ਮੈਂ ਤਾਏ ਇੰਦਰ ਸਿੰਘ ਦੇ ਅਸਲ ਅੰਤ ਵਾਂਗ ਦਿਖਾ ਦਿੱਤਾ।

ਮਨ ਵਿਚਲੀ ਯਾਦਾਂ ਦੀ ਬਾਰਾਂਮਾਸੀ ਖੇਤੀ ਨਾਵਲ ਦੇ ਪਾਤਰਾਂ ਦੇ ਨੈਣ-ਨਕਸ਼ ਤੇ ਸੁਭਾਅ ਨਿਖਾਰਨ ਵਿਚ ਵੀ ਕੰਮ ਆਉਂਦੀ ਹੈ ਅਤੇ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਵੀ। ਗਲਪਕਾਰ ਨੂੰ ਇਹ ਬੜੀ ਵੱਡੀ ਸੌਖ-ਸਹੂਲਤ ਰਹਿੰਦੀ ਹੈ ਕਿ ਕਿਸੇ ਪਾਤਰ ਦੀ ਸਖ਼ਸ਼ੀਅਤ ਨੂੰ ਉਭਾਰਨ-ਨਿਖਾਰਨ ਵਾਸਤੇ ਦੇਖੇ-ਸੁਣੇ ਵਿਅਕਤੀਆਂ ਦੇ ਗੁਣਾਂ-ਔਗੁਣਾਂ ਦੀ ਮਿੱਸ ਪਾ ਲਵੇ। ਇਉਂ ਹੀ ਕਿਸੇ ਘਟਨਾ ਵਿਚ ਹੋਰ ਘਟਨਾ/ ਘਟਨਾਵਾਂ ਦਾ ਰਲ਼ਾ ਪਾ ਕੇ ਉਹਨੂੰ ਮਨ-ਚਾਹਿਆ ਰੂਪ ਦਿੱਤਾ ਜਾ ਸਕਦਾ ਹੈ।

ਜੇ ਕੰਪਿਊਟਰ ਤੋਂ ਇੱਕ ਗੀਤ ਸੁਣਨ ਲੱਗੀਏ, ਉਹਦੇ ਬਰਾਬਰ ਉਹੋ ਜਿਹੇ ਗੀਤਾਂ ਦੀ ਸੂਚੀ ਉੱਭਰ ਆਉਂਦੀ ਹੈ। ਕਈ ਵਾਰ ਅਜਿਹਾ ਹੋਇਆ, ਮੈਂ ਕੋਈ ਘਟਨਾ ਲਿਖਣ ਲਗਦਾ, ਚੇਤੇ ਵਿਚ ਪਈ ਕਿਸੇ ਘਟਨਾ ਜਾਂ ਘਟਨਾਵਾਂ ਨੇ ਅੱਗੇ ਆ ਕੇ ਆਖਣਾ, ਇਹਨੂੰ ਇਉਂ ਲਿਖ, ਇਹ ਅੱਗੇ ਚੱਲ ਕੇ ਅਮਕੇ ਵੇਲੇ ਰੰਗ ਦਿਖਾਵੇਗੀ। ਲੇਖ ਦੇ ਸ਼ੁਰੂ ਵਿਚ ਮੈਂ ਮਹਾਂਭਾਰਤ ਦੇ ਹਵਾਲੇ ਨਾਲ ਇਸ ਜੁਗਤ ਦੀ ਗੱਲ ਕੀਤੀ ਸੀ। ਉਹਦੀ ਇੱਕ ਘਟਨਾ ਤਾਂ ਮੇਰੇ ਚੇਤੇ ਵਿਚ ਧਸੀ ਪਈ ਸੀ। ਅਰਜਨ ਜਦੋਂ ਦੇਵਲੋਕ ਵਿਚ ਆਪਣੇ ਪਿਤਾ ਇੰਦਰ ਨੂੰ ਮਿਲਣ ਜਾਂਦਾ ਹੈ ਤਾਂ ਅਪਸਰਾ ਉਰਵਸ਼ੀ ਮਾਤਲੋਕ ਤੋਂ ਆਏ ਗੱਭਰੂ ਦਾ ਮਰਦਾਵਾਂ ਹੁਸਨ ਦੇਖਦੀ ਹੀ ਰਹਿ ਜਾਂਦੀ ਹੈ। ਰਾਤ ਪੈਂਦੀ ਹੈ ਤਾਂ ਉਹ ਕਾਮ ਦੀ ਕੀਲੀ ਹੋਈ ਉਹਦੇ ਟਿਕਾਣੇ ਜਾ ਪਹੁੰਚਦੀ ਹੈ। ਅਰਜਨ ਸਰੀਰਕ ਮੇਲ ਦੇ ਰਉਂ ਵਿਚ ਨਹੀਂ। ਰਹਿੰਦੀ ਕਸਰ ਉਹਨੇ ਪਿਤਾ ਦੇ ਖਾੜੇ ਦੀ ਸ਼ੋਭਾ ਹੋਣ ਸਦਕਾ ਉਰਵਸ਼ੀ ਨੂੰ ਮਾਤਾ-ਸਮਾਨ ਆਖ ਕੇ ਪੂਰੀ ਕਰ ਦਿੱਤੀ। ਕਾਮ ਦੀ ਡੰਗੀ ਹੋਈ ਉਰਵਸ਼ੀ ਸਰਾਪ ਦਿੰਦੀ ਹੈ,“ ਜਾਹ, ਖੁਸਰਾ ਰਹੇਂਗਾ, ਉਮਰ-ਭਰ! ਬੱਸ ਹੋਰ ਜ਼ਨਾਨੀਆਂ ਨਾਲ ਰਲ ਕੇ ਨੱਚਣ-ਗਾਉਣ ਜੋਗਾ! ਪਰ ਨਾਰੀ-ਦੇਹ ਨੂੰ ਭੋਗਣ-ਮਾਣਨ ਤੋਂ ਅਸਮਰੱਥ!” ਇੰਦਰ ਨੂੰ ਪਤਾ ਲੱਗਿਆ ਤਾਂ ਉਹਨੇ ਉਰਵਸ਼ੀ ਨੂੰ ਉਮਰ ਦੀ ਸਜ਼ਾ ਇੱਕ ਸਾਲ ਤੱਕ ਘਟਾਉਣ ਵਾਸਤੇ ਮਸਾਂ ਮਨਾਇਆ। ਮੈਂ ਉਲਾਂਭਾ ਦਿੱਤਾ,“ ਵਿਆਸ ਜੀ, ਬੁਰਾ-ਭਲਾ ਕਹਾ ਦਿੰਦੇ, ਚਾਰ ਗਾਲ਼ਾਂ ਦੁਆ ਦਿੰਦੇ, ਤੁਸੀਂ ਐਨੇ ਤੇਜੱਸਵੀ ਗੱਭਰੂ ਨੂੰ ਬਿਨਾਂ-ਮਤਲਬ ਖੁਸਰਾ ਕਾਹਦੇ ਲਈ ਬਣਾ ਧਰਿਆ!”

ਵਿਆਸ ਦੀ ਰਚਨਾਕਾਰੀ ਦਾ ਲੋਹਾ ਓਦੋਂ ਮੰਨਣਾ ਪਿਆ ਜਦੋਂ ਜੂਏ ਦੀ ਬਾਜ਼ੀ ਹਾਰੇ ਪਾਂਡਵਾਂ ਨੂੰ ਬਾਰਾਂ ਸਾਲ ਦੇ ਵਣਵਾਸ ਤੋਂ ਮਗਰੋਂ ਇੱਕ ਸਾਲ ਦੇ ਗੁਪਤਵਾਸ ਦੀ ਸਜ਼ਾ ਵੀ ਦੇ ਦਿੱਤੀ ਗਈ, ਜਿਸ ਦੌਰਾਨ ਫੜੇ ਜਾਣ ਨਾਲ ਬਾਰਾਂ ਸਾਲ ਦਾ ਵਣਵਾਸ ਹੋਰ ਭੋਗਣਾ ਪੈਣਾ ਸੀ। ਇਹ ਉਰਵਸ਼ੀ ਦਾ ਸਰਾਪ ਹੀ ਸੀ ਜਿਸ ਸਹਾਰੇ ਅਰਜਨ ਪਛਾਣੇ ਜਾਣ ਦੇ ਭੈ ਤੋਂ ਮੁਕਤ ਰਹਿ ਕੇ ਮੌਜ ਨਾਲ ਸਮਾਂ ਲੰਘਾ ਸਕਿਆ। ਜਦੋਂ ਮੈਂ ਬਾਲੜੀ ਪੁਨੀਤ ਨੂੰ ਮੋਹਨ ਸਿੰਘ ਦੇ ਦਰਦ ਵਾਸਤੇ ਦਵਾਈਆਂ ਦਾ ਡੱਬਾ ਦੇ ਕੇ ਭੇਜਿਆ ਜਾਂ ਗੁਣੀ ਤੋਂ ਸਾਹਿਰ ਨੂੰ 'ਮਿੱਠੀ ਲੈ ਕੇ ਘਰੋਂ ਜਾਣ ਵਾਲਾ ਪਾਪਾ' ਕਹਾਇਆ ਜਾਂ ਜਵਾਨ ਹੋ ਰਹੇ ਗੁਣੀ ਤੋਂ ਟੁੱਟੀ ਹੋਈ ਨੇਮਪਲੇਟ ਦੇ ਕੁਝ ਅੱਖਰ ਸੁਟਵਾ ਦਿੱਤੇ ਤੇ ਕੁਝ ਰੁਮਾਲ ਵਿਚ ਬੰਨ੍ਹਵਾ ਦਿੱਤੇ, ਵਿਆਸ ਜੀ ਬੋਲੇਤੇਰੀਆਂ ਇਹ ਮਾਮੂਲੀ ਜਾਪਦੀਆਂ ਘਟਨਾਵਾਂ, ਅੱਗੇ ਚੱਲ ਕੇ ਦੇਖੀਂ, ਉਰਵਸ਼ੀ ਦੇ ਅਰਜਨ ਨੂੰ ਦਿੱਤੇ ਸਰਾਪ ਵਾਂਗ, ਕਿੰਨੀਆਂ ਕੰਮ ਦੀਆਂ ਸਿੱਧ ਹੋਣਗੀਆਂ!” ਤੇ ਉਹ ਸਿੱਧ ਹੋਈਆਂ ਵੀ।

ਅਨੇਕ ਨਾਟਕਕਾਰਾਂ ਬਾਰੇ ਗੱਲ ਮਸ਼ਹੂਰ ਹੈ ਕਿ ਉਹ ਨਾਟਕ ਨੂੰ ਛਾਪਣ ਤੋਂ ਪਹਿਲਾਂ ਵੱਧ ਤੋਂ ਵੱਧ ਵਾਰ ਮੰਚ ਉੱਤੇ ਪੇਸ਼ ਕਰਦੇ ਸਨ ਅਤੇ ਪਾਤਰਾਂ ਨੂੰ ਖੁੱਲ੍ਹ ਦਿੰਦੇ, ਸਗੋਂ ਪ੍ਰੇਰਦੇ ਸਨ ਕਿ ਉਹ ਕਥਾ ਦੇ ਪ੍ਰਸੰਗ ਨੂੰ ਚੇਤੇ ਰੱਖਦਿਆਂ ਵਾਰਤਾਲਾਪ ਵਿਚ ਆਪਮੁਹਾਰੇ, ਸਹਿਜ-ਸੁਭਾਵਿਕ ਸੁੱਝਣ ਵਾਲੇ ਘਾਟੇ-ਵਾਧੇ ਕਰਦੇ ਰਹਿਣ। ਫੇਰ ਉਹ ਲਿਖਤੀ ਰੂਪ ਵਿਚ ਇਹਨਾਂ ਅਨੁਸਾਰ ਤਬਦੀਲੀਆਂ ਕਰ ਲੈਂਦੇ ਸਨ। ਗੁਰਮੁਖ ਸਿੰਘ ਤੇ ਗੁਣੀ ਨਾਲ ਮੈਨੂੰ ਵੀ ਅਜਿਹਾ ਹੀ ਅਨੁਭਵ ਹੋਇਆ। ਜਿਉਂ ਜਿਉਂ ਨਾਵਲ ਅੱਗੇ ਤੁਰਦਾ ਗਿਆ, ਉਹਨਾਂ ਦੀਆਂ ਸ਼ਖ਼ਸੀਅਤਾਂ ਮੇਰੇ ਸੋਚੇ-ਕਲਪੇ ਨਾਲੋਂ ਕੁਝ ਫ਼ਰਕ ਪਾਉਣ ਲੱਗੀਆਂ ਤੇ ਇਹ ਫ਼ਰਕ ਕਥਾ ਲਈ ਸੁਖਾਵਾਂ ਸੀ। ਮੈਂ ਉਹਨਾਂ ਦਾ ਇਹ ਸਹਿਜ-ਵਿਕਾਸ ਹੋਣ ਦਿੱਤਾ ਜਿਸ ਦੇ ਨਤੀਜੇ ਵਜੋਂ ਮੇਰੇ ਚਿਤਵੇ ਨਾਲੋਂ ਕੁਝ ਵੱਖਰੇ ਰੂਪ ਧਾਰਨ ਵਾਲੇ ਉਹਨਾਂ ਦੇ ਕਿਰਦਾਰਾਂ ਨੇ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਇੱਕ ਅਨੋਖਾ ਅਨੁਭਵ ਉਰਦੂ ਰਸਾਲੇ 'ਚਿਰਾਗ਼' ਦੇ ਸੰਪਾਦਕ ਅਨਵਰ ਮੀਆਂ ਨੂੰ ਲੈ ਕੇ ਹੋਇਆ। ਮੈਂ ਉਹਨੂੰ ਬੜਾ ਮੌਜੀ ਤੇ ਹਸਮੁਖ ਬੰਦਾ ਚਿਤਵਿਆ ਸੀ। ਮੰਤਵ ਸੀ, ਕਥਾ ਵਿਚ ਕੁਝ ਵਿਨੋਦੀ ਰਸ ਭਰਨ ਤੋਂ ਇਲਾਵਾ ਉਹਨੂੰ ਨਵਰੰਗ ਦੀਆਂ ਮੰਗੀਆਂ ਵਾਰ ਵਾਰ ਦੀਆਂ ਰਿਆਇਤਾਂ ਬੇਪਰਵਾਹੀ ਨਾਲ ਮਨਜ਼ੂਰ ਕਰਦੇ ਰਹਿਣ ਵਾਲਾ ਬਣਾਉਣਾ। ਪੰਜਾਬੀ ਪਾਠਕਾਂ ਲਈ ਉਰਦੂ ਸਮਝਣੀ ਬਿਲਕੁਲ ਸੌਖੀ ਹੋਣ ਕਰਕੇ ਮੈਂ ਉਹਨੂੰ ਉਰਦੂ ਬੁਲਾਉਣ ਦਾ ਹੀ ਫ਼ੈਸਲਾ ਕਰ ਲਿਆ। ਉਰਦੂ ਦੇ ਇਸਤੇਮਾਲ ਤੋਂ ਥੋੜ੍ਹਾ ਝਿਜਕਦਿਆਂ ਜਦੋਂ ਮੈਂ ਉਹਤੋਂ ਗੱਲ ਕਰਵਾਉਣ ਲੱਗਿਆ, ਮੈਂ ਦੇਖਿਆ, ਉਹਦੀ ਕੁਰਸੀ ਉੱਤੇ ਦਹਾਕਿਆਂ ਪਹਿਲਾਂ ਦੇਖੇ ਪਾਕਿਸਤਾਨੀ ਉਰਦੂ ਲੜੀਵਾਰ 'ਧੂਪ ਕਿਨਾਰੇ' ਵਾਲਾ ਡਾਕਟਰ ਨਾਇਕਾ ਦੀ ਸਹੇਲੀ ਦਾ ਪਿਤਾ ਬੈਠਾ ਸੀ। ਉਸ ਅਦਾਕਾਰ ਦਾ ਨਾਂ ਤਾਂ ਹੁਣ ਮੇਰੇ ਯਾਦ ਨਹੀਂ ਪਰ ਉਹਦਾ ਹਰ ਵੇਲੇ ਮੁਸਕਰਾਉਂਦਾ ਚਿਹਰਾ ਤੇ ਹਰ ਗੱਲ ਨੂੰ ਸਹਿਜਤਾ ਨਾਲ ਲੈਣ ਵਾਲਾ ਸੁਭਾਅ ਅੱਜ ਵੀ ਚੇਤੇ ਵਿਚ ਸੱਜਰੇ ਹਨ। ਉਹਦਾ ਬੋਲਣ ਦਾ ਅੰਦਾਜ਼ ਹੁਣ ਵੀ ਸੁਣਾਈ ਦੇ ਰਿਹਾ ਹੈ। ਜਦੋਂ ਜਦੋਂ ਨਾਵਲ ਵਿਚ ਅਨਵਰ ਮੀਆਂ ਨੂੰ ਲਿਆਉਣ ਦੀ ਲੋੜ ਪਈ, ਉਹੋ ਹੀ ਉਹਦੀ ਕੁਰਸੀ ਉੱਤੇ ਆ ਬੈਠਦਾ ਰਿਹਾ। ਵਾਰਤਾਲਾਪ ਉਹੋ ਹੀ ਬੋਲਦਾ ਸੀ, ਮੈਂ ਤਾਂ ਬੱਸ ਉਹਨਾਂ ਦਾ ਉਤਾਰਾ ਕਰਦਾ ਸੀ।

ਰਚਨਾ ਕਰਦਿਆਂ ਮੈਨੂੰ ਕੋਈ ਸ਼ਬਦ ਸੋਚਣ-ਲੱਭਣ ਵਾਸਤੇ ਰੁਕਣਾ ਨਹੀਂ ਪਿਆ। ਸਾਗਰ ਦੀਆਂ ਲਹਿਰਾਂ ਵਾਂਗ ਸ਼ਬਦ, ਇੱਕ ਪਿੱਛੇ ਦੂਜਾ, ਨਿਰੰਤਰ ਆਉਂਦੇ ਰਹਿੰਦੇ ਹਨ। ਸਮਰਸੈੱਟ ਮਾਅਮ ਲੇਖਕ ਤੇ ਭਾਸ਼ਾ ਦੇ ਰਿਸ਼ਤੇ ਬਾਰੇ ਇੱਕ ਬੜੀ ਵਧੀਆ ਗੱਲ ਆਖਦਾ ਹੈਜਿਹੜੇ ਸ਼ਬਦ ਮੈਂ ਕਹਾਣੀਆਂ ਵਿਚ ਵਰਤਦਾ ਹਾਂ, ਉਹ ਸਾਰੇ ਦੇ ਸਾਰੇ ਡਿਕਸ਼ਨਰੀਆਂ ਵਿਚ ਪਏ ਹਨ। ਗੱਲ ਤਾਂ ਉਹਨਾਂ ਨੂੰ ਸਹੀ ਫ਼ਿਕਰਿਆਂ ਵਿਚ ਪ੍ਰੋਣ ਦੀ ਹੈ!” ਉਹ ਲੇਖਕ ਨੂੰ ਇਹ ਸਿੱਖਿਆ ਵੀ ਦਿੰਦਾ ਹੈ,“ ਜੇ ਤੁਸੀਂ ਕਹਾਣੀਆਂ ਸੁਣਾ ਸਕਦੇ ਹੋ, ਪਾਤਰ ਸਿਰਜ ਸਕਦੇ ਹੋ, ਘਟਨਾਵਾਂ ਚਿਤਵ ਸਕਦੇ ਹੋ ਅਤੇ ਤੁਹਾਡੇ ਵਿਚ ਸੁਹਿਰਦਤਾ ਤੇ ਜਜ਼ਬਾ ਹੈ, ਇਸ ਗੱਲ ਦੀ ਕੱਖ ਪਰਵਾਹ ਨਾ ਕਰੋ ਕਿ ਤੁਸੀਂ ਕਿਵੇਂ ਲਿਖਦੇ ਹੋ!” ਉਹ ਨਾਵਲ ਲਿਖਣ ਦੇ ਨੇਮ ਦੱਸਣ ਤੇ ਸੁਣਨ ਵਾਲਿਆਂ ਦਾ ਵੀ ਮਖੌਲ ਉਡਾਉਂਦਾ ਹੈ,“ ਨਾਵਲ ਲਿਖਣ ਦੇ ਤਿੰਨ ਨੇਮ ਹਨ ਪਰ ਬਦਕਿਸਮਤੀ ਨੂੰ ਇਹ ਕੋਈ ਨਹੀਂ ਜਾਣਦਾ ਕਿ ਉਹ ਕੀ ਹਨ!” ਸਬੱਬ ਨਾਲ ਕਹਾਣੀ ਲਿਖਣ ਦੇ ਸੰਬੰਧ ਵਿਚ ਨੇਮਾਂ ਦੀਆਂ ਗੱਲਾਂ ਕਰਨ ਵਾਲਿਆਂ ਦਾ ਅਜਿਹਾ ਹੀ ਮਖੌਲ ਕਹਾਣੀ-ਕਲਾ ਦੇ ਇੱਕ ਪਿਤਾਮਾ, ਓ. ਹੈਨਰੀ ਨੇ ਉਡਾਇਆ ਹੈਮੈਂ ਤੁਹਾਨੂੰ ਕਹਾਣੀ ਲਿਖਣ ਦਾ ਪੂਰਾ ਭੇਤ ਦਸਦਾ ਹਾਂ। ਪਹਿਲਾ ਨੇਮ ਤਾਂ ਇਹ ਹੈ ਕਿ ਉਹ ਕਹਾਣੀਆਂ ਲਿਖੋ ਜੋ ਤੁਹਾਨੂੰ ਆਨੰਦ ਦੇਣ। ਦੂਜਾ ਨੇਮ ਹੈ ... ਦੂਜਾ ਨੇਮ ਹੈ ... ਦੂਜਾ ਨੇਮ ਤਾਂ ਕੋਈ ਹੈ ਹੀ ਨਹੀਂ!”

ਕਈ ਵਾਰ ਭਾਸ਼ਾ ਅਜਿਹਾ ਕ੍ਰਿਸ਼ਮਾ ਕਰਦੀ ਹੈ ਕਿ ਮਗਰੋਂ ਸਾਧਾਰਨ ਮਾਨਸਿਕ ਅਵਸਥਾ ਵਿਚ ਆ ਕੇ ਪੜ੍ਹਿਆਂ ਹੈਰਾਨੀ ਹੁੰਦੀ ਹੈ। ਮਿਸਾਲ ਵਜੋਂ ਗੁਰਮੁਖ ਸਿੰਘ ਪੁੱਤਰ ਗੁਣੀ ਨੂੰ ਅਸੀਸ ਦਿੰਦਾ ਹੈ, “ਖ਼ੁਸ਼ ਰਹੋ ਮੇਰੇ ਬੱਚਿਓ! ਮੇਰੇ ਹਿੱਸੇ ਦੇ ਸੁਖ ਵੀ ਤੁਹਾਨੂੰ ਮਿਲਣ!” ਗੁਣੀ ਦੇ ਬੁੱਲ੍ਹਾਂ ਉੱਤੇ ਕੌੜੀ ਮੁਸਕਰਾਹਟ ਫੈਲ ਜਾਂਦੀ ਹੈ, “ਉਹ ਵੀ ਕੋਈ ਹੈਗੇ ਨੇ ਪਾਪਾ? ”ਮੈਂ ਇਹ ਟੋਟਾ ਪੜ੍ਹਿਆ ਤਾਂ ਸੋਚਦਾ ਹੀ ਰਹਿ ਗਿਆ, ਦੋਵਾਂ ਦੇ ਕਲੇਜੇ ਚੀਰ ਜਾਣ ਵਾਲਾ ਏਨਾ ਤਿੱਖਾ ਵਿਅੰਗ! 'ਵਿਅੰਗ' ਦੇ ਅੱਗੇ ਜੋੜਨੀ ਲਾ ਕੇ ਹਮੇਸ਼ਾ 'ਹਾਸ' ਹੀ ਲਿਖਿਆ ਦੇਖਿਆ ਹੈ। ਪਰ ਇਹ ਵਿਅੰਗ ਤਾਂ ਹੈ, ਹਾਸ-ਵਿਅੰਗ ਨਹੀਂ। ਫੇਰ ਇਹ ਕਿਹੋ ਜਿਹਾ ਵਿਅੰਗ ਹੋਇਆ? ਮਨ ਬੋਲਿਆ, ਦਰਦ-ਵਿਅੰਗ! ਭਾਸ਼ਾ ਨੇ ਅਜਿਹੇ ਕਾਰਨਾਮੇ ਵਾਰ ਵਾਰ ਕੀਤੇ।

ਗਰਾਹਮ ਗਰੀਨ ਰਚਨਾ ਦੇ ਵਿਕਾਸ ਦੇ ਨਾਲ ਨਾਲ ਹੁੰਦੇ ਲੇਖਕ ਦੇ ਵਿਕਾਸ ਦੀ ਗੱਲ ਕਰਦਾ ਹੈਨਾਵਲ ਲਿਖਦਿਆਂ ਅੰਤ ਉੱਤੇ ਲੇਖਕ ਉਹ ਨਹੀਂ ਰਹਿੰਦਾ ਜੋ ਸ਼ੁਰੂ ਸਮੇਂ ਹੁੰਦਾ ਹੈ। ਗੱਲ ਏਨੀ ਹੀ ਨਹੀਂ ਹੁੰਦੀ ਕਿ ਉਹਦੇ ਪਾਤਰ ਵਿਕਾਸ ਕਰਦੇ ਹਨ, ਗੱਲ ਇਹ ਵੀ ਹੈ ਕਿ ਉਹਨਾਂ ਦੇ ਨਾਲ ਨਾਲ ਉਹਦਾ ਵੀ ਵਿਕਾਸ ਹੁੰਦਾ ਹੈ।” ਵਿਕਾਸ ਦੀ ਗੱਲ ਤਾਂ ਇੱਕ ਪਾਸੇ ਰਹੀ, ਏਨਾ ਜ਼ਰੂਰ ਹੈ ਕਿ ਸ਼ੁਰੂ ਵਿਚ ਦੱਸਿਆ ਭਾਗ ਪਹਿਲਾ ਦਾ ਭ ਪਾਉਣ ਮਗਰੋਂ ਮੈਂ ਤੇ ਮੇਰਾ ਨਾਵਲ ਬਾਂਹ ਵਿਚ ਬਾਂਹ ਪਾ ਕੇ ਅੱਗੇ ਵਧਦੇ ਗਏ। ਅਨੇਕ ਵਾਰ ਮਿਲ ਕੇ ਹੱਸੇ, ਮਿਲ ਕੇ ਰੋਏ। ਨਾ ਕਦੇ ਦਮ ਲਿਆ ਤੇ ਨਾ ਕਿਤੇ ਪੈਰ ਮਲ਼ਿਆ। ਨਾਲੇ ਮੈਂ ਨਾਵਲ ਹੁਣ ਥੋੜ੍ਹੋ ਲਿਖਣਾ ਸੀ। ਨਾਵਲ ਤਾਂ ਲੰਮਾ ਸਮਾਂ ਲੈ ਕੇ ਮਨ ਦੀ ਤਖ਼ਤੀ ਉੱਤੇ ਲਿਖਿਆ ਜਾ ਚੁੱਕਿਆ ਸੀ, ਹੁਣ ਤਾਂ ਬੱਸ ਉਹਨੂੰ ਕਾਗ਼ਜ਼ ਉੱਤੇ ਉਤਾਰਨਾ ਹੀ ਸੀ। ਭਾਵੇਂ ਘਿਓ ਦੇ ਘੜੇ ਮੁਧਦੇ ਰਹੇ, ਮੈਂ ਲੈਪਟਾਪ ਦੀ ਤਾਬਿਆ ਹੀ ਬੈਠਾ ਰਿਹਾ। ਨਾ ਮੈਨੂੰ ਕੋਈ ਹਿਲਾਉਂਦਾ ਤੇ ਨਾ ਮੈਂ ਹਿੱਲਦਾ। ਦੋ ਕੁ ਵਾਰ ਅਜਿਹਾ ਵੀ ਹੋਇਆ ਕਿ ਸ਼ਾਮ ਨੂੰ ਅਲਪ-ਆਹਾਰ ਕਰ ਕੇ ਲਿਖਣ ਬੈਠਾ ਤੇ ਜਦੋਂ ਨਜ਼ਰ ਚੁੱਕ ਕੇ ਕੰਧ-ਘੜੀ ਵੱਲ ਦੇਖਿਆ, ਸਵੇਰ ਦੇ ਤਿੰਨ ਹੋਏ ਪਏ ਸਨ। ਲਿਖਣ ਬੈਠਦਾ ਤਾਂ ਦਿਲ ਕਰਦਾ, ਇਸ ਘਟਨਾ ਨੂੰ ਐਥੇ ਜਾਂ ਉਸ ਪਾਤਰ ਨੂੰ ਔਥੇ ਤਾਂ ਹੁਣ ਪਹੁੰਚਾ ਹੀ ਦੇਵਾਂ!

ਨਾਵਲ ਦੀ ਅੰਤਲੀ ਸਤਰ ਲਿਖ ਕੇ ਸਮਾਪਤੀ ਕੀਤੀ ਤਾਂ ਸੰਤੁਸ਼ਟੀ ਦਾ ਲੰਮਾ ਸਾਹ ਆਇਆ। ਮੇਰਾ ਨਾਵਲ ਲਿਖਿਆ ਜਾ ਚੁੱਕਿਆ ਸੀ। ਮਨ ਬੋਲਿਆ,“ ਲਿਖਿਆ ਨਹੀਂ, ਸਿਰਜਿਆ ਆਖ। ਲਿਖਣ ਤੇ ਸਿਰਜਣ ਵਿਚ ਫ਼ਰਕ ਹੁੰਦਾ ਹੈ।”

ਸੋਚਿਆ, ਕੰਪਿਊਟਰ ਕੋਲੋਂ ਉੱਠਣ ਤੋਂ ਪਹਿਲਾਂ ਕਿਸੇ ਇੱਕ ਪਾਤਰ ਨੂੰ ਫ਼ਤਿਹ ਬੁਲਾਵਾਂ ਤੇ ਕਿਸੇ ਇੱਕ ਪਾਤਰ ਦਾ ਧੰਨਵਾਦ ਕਰਾਂ। ਫ਼ਤਿਹ ਪਰਵਾਨ ਕਰਨ ਵਾਸਤੇ ਗੁਰਮੁਖ ਸਿੰਘ ਹੱਥ ਜੋੜੀਂ ਖਲੋਤੇ ਸਨ ਅਤੇ ਧੰਨਵਾਦ ਕਬੂਲਣ ਵਾਸਤੇ ਵੀਨਾ ਸੱਚਪਾਲ ਖੜ੍ਹੀ ਮੁਸਕਰਾ ਰਹੀ ਸੀ।

ਮੇਰਾ ਸ਼ੁਰੂ ਤੋਂ ਮੱਤ ਰਿਹਾ ਹੈ ਕਿ ਨਵੀਂ ਰਚਨਾ ਛਪਵਾਉਣ ਤੋਂ ਪਹਿਲਾਂ ਕੁਝ ਨੇੜਲਿਆਂ ਨੂੰ ਪੜ੍ਹਾ ਲੈਣੀ ਚਾਹੀਦੀ ਹੈ। ਇਉਂ ਜਿਹੜੀ ਕੋਈ ਨਘੋਚ ਪਾਠਕ ਨੇ ਛਪੇ ਹੋਏ ਰੂਪ ਵਿਚ ਕੱਢਣੀ ਹੁੰਦੀ ਹੈ, ਉਹ ਪਹਿਲਾਂ ਹੀ ਨਿੱਕਲ ਜਾਂਦੀ ਹੈ। ਗਲਪਕਾਰ ਪਰਗਟ ਸਿੰਘ ਸਿੱਧੂ ਤੇ ਕਵੀ ਗੁਰਚਰਨ ਵਧੀਆ ਲੇਖਕ ਹੋਣ ਦੇ ਨਾਲ ਨਾਲ ਵਧੀਆ ਪਾਠਕ ਵੀ ਹਨ। ਮੈਂ ਗੁਰਦੇਵ ਸਿੰਘ ਰੁਪਾਣਾ ਨੂੰ ਪੁਰਸ਼-ਦ੍ਰਿਸ਼ਟੀ ਤੋਂ ਤੇ ਸੁਰਿੰਦਰ ਅਤੈ ਸਿੰਘ ਨੂੰ ਨਾਰੀ-ਦ੍ਰਿਸ਼ਟੀ ਤੋਂ ਨਾਵਲ ਪੜ੍ਹਨ ਲਈ ਕਿਹਾ। ਜਿੱਥੇ ਕਿਤੇ ਉਰਦੂ ਦੇ ਕਿਸੇ ਲਫ਼ਜ਼ ਦੇ ਮਾਅਨੇ ਜਾਂ ਤਲੱਫ਼ੁਜ਼ ਦੀ ਸਪਸ਼ਟਤਾ ਦੀ ਲੋੜ ਪਈ, ਮਾਲੇਰਕੋਟਲਾ ਤੋਂ ਜਨਾਬ ਰਸ਼ੀਦ ਅੱਬਾਸ ਹਾਜ਼ਰ ਸਨ। ਮੇਰੀ ਸਾਥਣ ਗੁਰਚਰਨ ਤੇ ਬੇਟੇ ਸਨੇਹਪਾਲ ਸਿੰਘ ਭੁੱਲਰ ਨੇ ਤਾਂ ਪੜ੍ਹਿਆ ਹੀ। ਇਹਨਾਂ ਸਭਨਾਂ ਦੇ ਸੁਝਾਵਾਂ ਤੋਂ ਬਿਨਾਂ ਮੇਰਾ ਨਾਵਲ ਉਹ ਨਹੀਂ ਸੀ ਹੋਣਾ, ਜੋ ਹੁਣ ਹੈ।

ਖਰੜਾ ਪ੍ਰਕਾਸ਼ਕ ਕੋਲ ਗਿਆ, ਪਰੂਫ਼ ਆਉਣ-ਜਾਣ ਲੱਗੇ ਅਤੇ ਅੰਤ ਨੂੰ ਮੈਂ 25 ਨਵੰਬਰ 2014 ਨੂੰ 'ਛਾਪ ਲਵੋ' ਲਿਖ ਕੇ ਅੰਤਲੇ ਪਰੂਫ਼ ਭੇਜ ਦਿੱਤੇ। ਛਾਪੇ ਦੀ ਮਸ਼ੀਨ ਵਿੱਚੋਂ ਲੰਘ ਕੇ ਮੇਰਾ ਪਲੇਠਾ ਨਾਵਲ ਪਾਠਕਾਂ ਦੇ ਹੱਥਾਂ ਵਿਚ ਪੁੱਜ ਜਾਣਾ ਸੀ! ਪਰ ਇੱਕ ਸਮੱਸਿਆ ਅਜੇ ਵੀ ਪਿੱਛੇ ਖਲੋਤੀ ਨਜ਼ਰੋਂ ਓਹਲੇ ਰਹਿ ਗਈ ਸੀ, ਪੁਸ਼ਾਕੇ ਦੀ ਸਜਾਵਟ। ਅੱਜ-ਕੱਲ੍ਹ ਆਮ ਕਰਕੇ ਪੁਸਤਕਾਂ ਕੰਪਿਊਟਰ ਵਿੱਚੋਂ ਕੁਝ ਵੀ ਕੱਢ ਕੇ ਸਜਾਈਆਂ ਹੋਈਆਂ ਹੁੰਦੀਆਂ ਹਨ। ਕਈ ਵਾਰ ਤਾਂ ਬਿਨਾਂ ਕਿਸੇ ਅਰਥ ਜਾਂ ਪ੍ਰਸੰਗ ਤੋਂ ਐਵੇਂ ਰੰਗਾਂ ਦਾ ਚਿੱਕੜ ਡੁੱਲ੍ਹਿਆ ਪਿਆ ਹੁੰਦਾ ਹੈ। ਮੇਰੀ ਰੀਝ ਨਾਵਲ ਦੇ ਵਿਸ਼ੇ ਨਾਲ ਮੇਲ ਖਾਂਦਾ ਹੋਇਆ ਕੋਈ ਖ਼ੂਬਸੂਰਤ ਚਿੱਤਰ ਸੀ ਪਰ ਇਹ ਮੇਰੇ ਸੰਪਰਕ-ਘੇਰੇ ਤੋਂ ਬਾਹਰ ਦੀ ਗੱਲ ਸੀ। ਮੇਰੀ ਨਜ਼ਰ ਜਸਬੀਰ ਭੁੱਲਰ ਵੱਲ ਗਈ।

ਬਹੁਤੇ ਲੋਕਾਂ ਨੂੰ ਪਤਾ ਨਹੀਂ, ਉਹ ਜਿੰਨਾ ਵਧੀਆ ਲੇਖਕ ਹੈ, ਓਨਾ ਹੀ ਵਧੀਆ ਚਿੱਤਰਕਾਰ ਵੀ ਹੈ। ਜਿੰਨਾ ਖੁੱਲ੍ਹ ਕੇ ਉਹ ਮੋਹਾਲੀ-ਚੰਡੀਗੜ੍ਹ ਦੇ ਸਾਹਿਤਕਾਰਾਂ ਵਿਚ ਵਿਚਰਦਾ ਹੈ, ਓਨੀ ਹੀ ਚਿੱਤਰਕਾਰਾਂ ਦੀ ਸੰਗਤ ਮਾਣਦਾ ਹੈ। ਉਹਨੇ ਆਪਣਾ ਕੋਈ ਅਜਿਹਾ ਚਿੱਤਰ ਨਾ ਹੋਣ ਕਰਕੇ ਮੇਰੀ ਲੋੜ ਖ਼ੂਬਸੂਰਤ ਤੂਲਿਕਾ ਦੇ ਸੁਆਮੀ, ਚਿੱਤਰਕਾਰ ਸਤਵੰਤ ਸਿੰਘ ਸੁਮੇਲ ਨੂੰ ਦੱਸੀ। ਸੁਮੇਲ ਨੇ “ਮਿੱਤਰਾਂ ਨੇ ਫੁੱਲ ਮੰਗਿਆ, ਸਾਰਾ ਬਾਗ਼ ਹਵਾਲੇ ਕੀਤਾ” ਦੀ ਪੰਜਾਬੀ ਪ੍ਰੰਪਰਾ ਅਨੁਸਾਰ ਗੈਲਰੀ ਦਾ ਬੂਹਾ ਖੋਲ੍ਹ ਦਿੱਤਾ। ਜਸਬੀਰ ਨੇ ਕੁਝ ਚਿਤਰ ਚੁਣ ਕੇ ਕੰਪਿਊਟਰ ਰਾਹੀਂ ਮੈਨੂੰ ਭੇਜ ਦਿੱਤੇ। ਅਸੀਂ ਪਰਿਵਾਰ ਨੇ ਇੱਕ ਚਿੱਤਰ ਦੀ ਚੋਣ ਕੀਤੀ ਅਤੇ ਅੱਖਰਕਾਰੀ ਤੇ ਡੀਜ਼ਾਈਨਕਾਰੀ ਮੈਂ ਜਸਬੀਰ ਉੱਤੇ ਛੱਡ ਦਿੱਤੀਆਂ। ਨਾਵਲ ਦੇ ਨਾਂ ਨੂੰ ਧਿਆਨ ਵਿਚ ਰੱਖਦਿਆਂ ਬਾਣੀ ਦੀ ਹੱਥ-ਲਿਖਤ ਸ਼ੈਲੀ ਵਿਚ ਅੱਖਰਕਾਰੀ ਉਹਦਾ ਕਮਾਲ ਹੈ।

ਨਾਵਲ ਛਪ ਕੇ ਮੇਰੇ ਕੋਲ ਪੁੱਜਿਆ ਤਾਂ ਦਿੱਖ ਤੋਂ ਨਿਹਾਲ ਹੋ ਕੇ ਮੈਂ ਜਸਬੀਰ ਨੂੰ ਕਿਹਾਦਿਲ ਕਰਦਾ ਹੈ, ਮੋਹਾਲੀ ਆ ਕੇ ਸੁਮੇਲ ਨੂੰ ਨਾਵਲ ਆਪ ਭੇਟ ਕਰਾਂ। ਨਾਲੇ ਮੁਲਾਕਾਤ ਹੋ ਜਾਵੇ।” ਉਹਨੇ ਛੋਟੀ ਜਿਹੀ ਸਭਾ ਦਾ ਪ੍ਰਬੰਧ ਕਰ ਲਿਆ। ਲੇਖਕ ਨੇ ਨਾਵਲ ਭੇਟ ਕੀਤਾ ਤਾਂ ਚਿੱਤਰਕਾਰ ਨੇ ਆਪਣੇ ਦਿਲ ਜਿੱਡਾ ਵੱਡਾ ਮੂਲ ਚਿੱਤਰ ਲੇਖਕ ਨੂੰ ਭੇਟ ਕਰ ਦਿੱਤਾ। ਸਮਾਂ ਕਲਾ ਤੇ ਕਲਮ ਦਾ ਖ਼ੂਬਸੂਰਤ ਸੰਗਮ ਬਣ ਗਿਆ!

ਰਚਨਾ ਕਿਵੇਂ ਕੀਤੀ” ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਇਸ ਗੱਲੋਂ ਵੀ ਸਚੇਤ ਹਾਂ ਕਿ ਇਹ ਰਚਨਾ ਮੈਂ “ਕਿਉਂ ਕੀਤੀ।” ਬੰਦਾ ਜਦੋਂ ਕੁਝ ਕਰਦਾ ਹੈ ਜਾਂ ਕਿਧਰੇ ਜਾਂਦਾ ਹੈ, ਜੇ ਉਹ ਮੂਰਖ਼ ਨਾ ਹੋਵੇ, ਉਹਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ ਜਾਂ ਕਿੱਧਰ ਜਾ ਰਿਹਾ ਹੈ। ਸਿਰਫ਼ ਮੂਰਖ਼ ਇਹਨਾਂ ਸਵਾਲਾਂ ਦੇ ਜਵਾਬ ਨਹੀਂ” ਦੇ ਸਕੇਗਾ। ਮੇਰਾ ਨਾਵਲ ਇਸਤਰੀ ਦੇ ਅਧਿਕਾਰਾਂ ਦੇ ਦਾਅਵੇ ਅਤੇ ਸਮਾਜ ਦੀ ਲਛਮਣ-ਰੇਖਾ ਵਿਚਕਾਰ ਤਣਾ-ਤਣੀ, ਜੋ ਸਮਕਾਲ ਦਾ ਇੱਕ ਭਖਵਾਂ ਮੁੱਦਾ ਹੈ, ਨੂੰ ਉਜਾਗਰ ਕਰਨ ਦਾ ਟੀਚਾ ਮਿਥ ਕੇ ਤੁਰਿਆ ਸੀ। ਹਾਂ, ਇਸ ਕਾਰਜ ਵਿਚ ਮੈਂ ਤੇ ਮੇਰਾ ਨਾਵਲ ਕਿੰਨੇ ਸਫਲ ਰਹੇ, ਇਹ ਅੰਗਣਾ ਤੇ ਦੱਸਣਾ ਮੇਰੇ ਅਧਿਕਾਰ-ਖੇਤਰ ਵਿਚ ਨਹੀਂ।

ਸਾਹਿਤ ਬਾਰੇ ਮੱਤ ਹੈ, ਸਗੋਂ ਸਾਹਿਤ ਬਾਰੇ ਹੀ ਨਹੀਂ, ਸਮੁੱਚੀ ਕਲਾ ਬਾਰੇ ਮੱਤ ਹੈ ਕਿ ਕੋਈ ਵੀ ਰਚਨਾ ਉਹਦੇ ਰਚਨਾਕਾਰ ਦੀ ਸਮਰੱਥਾ ਤੋਂ ਉੱਚੀ ਨਹੀਂ ਹੋ ਸਕਦੀ। ਹਾਂ, ਕੁਝ ਰਚਨਾਕਾਰ ਆਪਣੀ ਰਚਨਾ ਦੀ ਪਾਠਕੀ ਆਲੋਚਨਾ ਦੇ ਜਵਾਬ ਲਈ ਇਹ ਬਹਾਨਾ ਬਣਾਈ ਰੱਖਦੇ ਹਨ ਕਿ ਕੁਝ ਕਾਰਨਾਂ ਕਰ ਕੇ ਰਚਨਾ ਕਰਨ ਸਮੇਂ ਉਹ ਆਪਣੀ ਪੂਰੀ ਸਮਰੱਥਾ ਨਾ ਵਰਤ ਸਕੇ ਜਿਸ ਕਰਕੇ ਰਚਨਾ ਉਹਨਾਂ ਦੀ ਸਮਰੱਥਾ ਤੋਂ ਨੀਵੀਂ ਰਹਿ ਗਈ। ਮੈਂ ਪਾਠਕਾਂ ਸਾਹਮਣੇ ਆਪਣੇ ਲਈ ਕਿਸੇ ਅਜਿਹੇ ਬਹਾਨੇ ਦੀ ਕੋਈ ਗੁੰਜਾਇਸ਼ ਨਹੀਂ ਛੱਡੀ। ਇਹ ਨਾਵਲ ਮੇਰੀ ਸਮਰੱਥਾ ਨਾਲ ਕੱਦ-ਮੇਚਵਾਂ ਹੈ। ਮੇਰੀ ਸਮਰੱਥਾ ਦਾ ਅਤੇ ਇਸ ਲਈ ਮੇਰੇ ਨਾਵਲ ਦਾ ਕੱਦ ਕਿੰਨਾ ਛੋਟਾ ਜਾਂ ਵੱਡਾ ਹੈ, ਇਸ ਨਿਰਨੇ ਦਾ ਅਧਿਕਾਰ ਪਾਠਕ ਦਾ ਹੈ! ਗਿਲਬਰਟ ਚੈਸਟਰਟਨ ਨੇ ਠੀਕ ਕਿਹਾ ਹੈ, “ਚੰਗਾ ਨਾਵਲ ਮੁੱਖ-ਪਾਤਰ ਦੇ ਅੰਦਰਲੇ ਸੱਚ ਨੂੰ ਉਜਾਗਰ ਕਰਦਾ ਹੈ, ਮਾੜਾ ਨਾਵਲ ਲੇਖਕ ਦੇ ਹੀਜ-ਪਿਆਜ ਨੂੰ ਨਸ਼ਰ ਕਰਦਾ ਹੈ!”

*****

(67)

ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author