“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)
ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੜ੍ਹ ਕੇ ਪਾਠਕੀ ਸੂਝ ਦੇ ਮਾਲਕ ਨਵੇਂ ਕਹਾਣੀਕਾਰ ਨੂੰ ਜੋ ਸਿੱਖਿਆ ਮਿਲਦੀ ਹੈ, ਉਹ ਤਾਂ ਮਿਲਦੀ ਹੀ ਹੈ, ਉਹ ਸਿੱਧਿਆਂ ਵੀ ਬੜੀਆਂ ਕੰਮ ਦੀਆਂ ਰਾਹ-ਦਿਖਾਵੀਆਂ ਜੁਗਤਾਂ ਦੱਸਦੇ ਹਨ। ਉਹ ਕਹਿੰਦੇ ਹਨ ਕਿ ਰਚਨਾ ਕਰਦਿਆਂ ਲੇਖਕ ਵਿਚ ਹਉਮੈ ਵਰਗਾ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ, ਪਰ ਜੋ ਨਿਮਰਤਾ ਤੋਂ ਦੁਰੇਡਾ ਨਾ ਹੋਵੇ। ਉਸ ਵਿਚ ਹਰ ਗੱਲ ਨੂੰ ਹੋਰਾਂ ਨਾਲੋਂ ਤਿਖੇਰੀ ਤਰ੍ਹਾਂ ਮਹਿਸੂਸ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਇਕ ਹੋਰ ਕਮਾਲ ਦੀ ਜੁਗਤ ਉਹ ਇਹ ਸੁਝਾਉਂਦੇ ਹਨ ਕਿ ਲੇਖਕ ਦਾ ਤਾਲੂ ਅਤੇ ਮੂੰਹ ਜਾਨਵਰ ਵਰਗੇ ਹੋਣੇ ਚਾਹੀਦੇ ਹਨ ਜੋ ਚਾਰੇ ਨੂੰ ਰੇਤੇ-ਮਿੱਟੀ ਨਾਲੋਂ ਵੱਖ ਕਰ ਲੈਂਦਾ ਹੈ। ਸਾਹਿਤ ਦੇ ਨਾਲ ਹੀ ਉਹਨੂੰ ਹੋਰ ਕਲਾਵਾਂ ਦਾ, ਖਾਸ ਕਰਕੇ ਸੰਗੀਤ ਦੀ, ਚਿਤਰਕਾਰੀ ਦੀ ਕੋਮਲਤਾ ਦਾ ਪਤਾ ਹੋਣਾ ਚਾਹੀਦਾ ਹੈ।
ਸ਼ਿਅਰ ਅਤੇ ਕਹਾਣੀ ਵਿਚ ਕੋਈ ਫਰਕ ਨਾ ਮੰਨਦਿਆਂ ਉਹ ਕਹਿੰਦੇ ਹਨ ਕਿ ਆਦਿ ਤੋਂ ਅੰਤ ਤੱਕ ਕਹਾਣੀ ਵਿਚ ਚੱਲਣ ਵਾਲਾ ਇੱਕੋ ਲੰਮਾ ਛੰਦ ਸ਼ਿਅਰ ਦੇ ਛੋਟੇ ਛੰਦ ਜਿੰਨੀ ਹੀ ਮੁਹਾਰਿਤ ਨਾਲ ਨਿਭਾਇਆ ਜਾਣਾ ਚਾਹੀਦਾ ਹੈ। ਭਾਵੇਂ ਵਿਧਾਵਾਂ ਵਜੋਂ ਕਹਾਣੀ ਅਤੇ ਨਾਵਲ ਨੂੰ ਇਕ ਦੂਜੀ ਦੇ ਨੇੜੇ ਸਮਝਿਆ ਜਾਂਦਾ ਹੈ, ਪਰ ਬੇਦੀ ਜੀ ਕਹਾਣੀ ਅਤੇ ਕਵਿਤਾ ਵਿਚ ਵਧੀਕ ਸਾਂਝ ਦੇਖਦੇ ਹਨ। ਮੈਨੂੰ ਚੇਤੇ ਆਇਆ, ਟੌਬੀਅਸ ਵੁਲਫ਼ ਦਾ ਇਕ ਕਥਨ ਵੀ ਬੇਦੀ ਜੀ ਦੇ ਇਸ ਮੱਤ ਦੀ ਪੁਸ਼ਟੀ ਕਰਦਾ ਹੈ। ਉਹਨੇ ਕਿਹਾ ਸੀ, “ਮੇਰਾ ਯਕੀਨ ਹੈ, ਕਹਾਣੀ, ਵਿਧਾ ਵਜੋਂ, ਨਾਵਲ ਤੋਂ ਓਨੀ ਹੀ ਵੱਖਰੀ ਹੈ ਜਿੰਨੀ ਕਵਿਤਾ। ਸਗੋਂ ਮੈਨੂੰ ਤਾਂ ਲਗਦਾ ਹੈ, ਵਧੀਆ ਕਹਾਣੀਆਂ ਰੂਹ ਦੇ ਪੱਖੋਂ ਨਾਵਲ ਨਾਲੋਂ ਸ਼ਾਇਦ ਕਵਿਤਾ ਦੇ ਵਧੀਕ ਨੇੜੇ ਹੁੰਦੀਆਂ ਹਨ।”
ਕਹਾਣੀ-ਕਲਾ ਵਿਚ ਨਿਪੁੰਨਤਾ ਦੀ ਪ੍ਰਾਪਤੀ ਲਈ ਕਰੜੀ ਤਪੱਸਿਆ ਅਤੇ ਸਾਧਨਾ ਉੱਤੇ ਜ਼ੋਰ ਦਿੰਦਿਆਂ ਉਹ ਦੂਜੀ ਪੜ੍ਹਤ ਸਮੇਂ ਘੱਟ ਸ਼ਬਦ ਪਾਉਣ ਅਤੇ ਬਹੁਤੇ ਵਾਕ ਕੱਟਣ ਉੱਤੇ ਜ਼ੋਰ ਦਿੰਦੇ ਹਨ, ਕਿਉਂਕਿ “ਆਪਣੇ ਆਪ ਵਿਚ ਉਹ ਭਾਵੇਂ ਕਿੰਨੀ ਹੀ ਖ਼ੂਬਸੂਰਤ ਹੋਵੇ, ਜੋ ਗੱਲ ਕਹਾਣੀ ਦੇ ਸਮੁੱਚੇ ਪ੍ਰਭਾਵ ਲਈ ਘਾਤਕ ਹੈ ਜਾਂ ਕੇਂਦਰੀ ਵਿਚਾਰ ਤੋਂ ਲਾਂਭੇ ਲਿਜਾਂਦੀ ਹੈ, ਉਸ ਉੱਤੇ ਕਲਮ ਫੇਰਨੀ ਹੀ ਠੀਕ ਹੈ।” ਇਸ ਗੱਲ ਨੂੰ ਉਹ ਕਹਾਣੀ ਲਿਖਣ ਸਮੇਂ ਭੁੱਲਣ ਅਤੇ ਚੇਤੇ ਰੱਖਣ ਦੇ ਅਮਲਾਂ ਦੀ ਸਮਾਨੰਤਰਤਾ ਜਿੰਨੀ ਹੀ ਜ਼ਰੂਰੀ ਸਮਝਦੇ ਹਨ ਅਤੇ ਕੁਝ ਵੀ ਨਾ ਭੁੱਲ ਸਕਣ ਦੀ ਬੀਮਾਰੀ ਨੂੰ ਲੇਖਕ ਲਈ ਘਾਤਕ ਕਹਿੰਦੇ ਹਨ। ਉਹ ਯਕੀਨ ਦੁਆਉਂਦੇ ਹਨ ਕਿ ਜਦੋਂ ਇਹ ਸਭ ਗੱਲਾਂ ਸਾਧ ਲਈਆਂ ਜਾਣ, ਹਰ ਮੋੜ, ਹਰ ਨੁੱਕਰ ਉੱਤੇ ਕਹਾਣੀਆਂ ਖਿੰਡੀਆਂ ਹੋਈਆਂ ਦਿਸਣ ਲੱਗ ਪੈਂਦੀਆਂ ਹਨ ਅਤੇ ਉਹਨਾਂ ਦੀ ਗਿਣਤੀ ਇੰਨੀ ਹੁੰਦੀ ਹੈ ਕਿ ਉਹਨਾਂ ਨੂੰ ਸਮੇਟ ਸਕਣਾ ਕਿਸੇ ਵੀ ਕਹਾਣੀਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਹਾਣੀਕਾਰ ਯੂਨਾਨੀ ਪੌਰਾਣਿਕ ਪਾਤਰ ਮੀਡਾਸ ਵਾਂਗ ਅਜਿਹੀ ਛੋਹ ਦਾ ਸੁਆਮੀ ਬਣ ਜਾਂਦਾ ਹੈ ਕਿ ਜਿਸ ਵਸਤ ਨੂੰ ਵੀ ਹੱਥ ਲਾਉਂਦਾ ਹੈ, ਉਹੋ ਸੋਨਾ ਬਣ ਜਾਂਦੀ ਹੈ।
ਪ੍ਰੋ. ਪ੍ਰੀਤਮ ਸਿੰਘ ਦੇ ਇਹ ਕਹਿਣ ਕਿ “ਤੁਹਾਡੀਆਂ ਕੁਝ ਕਹਾਣੀਆਂ ਤਾਂ ਪੰਜਾਬੀ ਵਿਚ ਛਪ ਚੁੱਕੀਆਂ ਨੇ” ਦੇ ਉੱਤਰ ਵਿਚ ਬੇਦੀ ਪਤਾ ਨਹੀਂ ਕਿਉਂ ਕਹਿੰਦੇ ਹਨ, “ਮੈਨੂੰ ਤਾਂ ਇਕ-ਅੱਧੀ ਕਹਾਣੀ ਦਾ ਹੀ ਪਤਾ ਹੈ।” ਮੈਂ ਆਪਣੇ ਕਾਲਜ ਦੀ ਲਾਇਬਰੇਰੀ ਵਿੱਚੋਂ ਕਢਵਾਈ ਉਹਨਾਂ ਦੀਆਂ ਕਹਾਣੀਆਂ ਦੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਦੀ ਗੱਲ ਕਰ ਹੀ ਚੁੱਕਿਆ ਹਾਂ। ਉਹਨਾਂ ਦੀ ਪ੍ਰਸਿੱਧ ਕਹਾਣੀ ‘ਲਾਜਵੰਤੀ’ ਐੱਸ. ਸਵਰਨ ਨੇ ਆਪਣੇ ਪ੍ਰਸਿੱਧ ਰਸਾਲੇ ‘ਚੇਤਨਾ’ ਵਿਚ ਛਾਪੀ ਸੀ ਜਿਸਦੇ ਨਿਗਰਾਨ ਜਾਂ ਸਰਪ੍ਰਸਤ ਜਾਂ ਮੁੱਖ-ਸੰਪਾਦਕ (ਮੈਨੂੰ ਹੁਣ ਇਸ ਗੱਲ ਦਾ ਧਿਆਨ ਨਹੀਂ ਰਿਹਾ) ਵਜੋਂ ਬੇਦੀ ਜੀ ਦਾ ਨਾਂ ਹੀ ਛਪਦਾ ਹੁੰਦਾ ਸੀ। ਜੇ ਮੈਂ ਭੁਲਦਾ ਨਹੀਂ, ਸਮੇਂ ਸਮੇਂ ‘ਚੇਤਨਾ’ ਵਿਚ ਵੀ ਅਤੇ ਹੋਰ ਥਾਂਈਂ ਵੀ ਉਹਨਾਂ ਦੀਆਂ ਕਈ ਕਹਾਣੀਆਂ ਛਪੀਆਂ ਸਨ।
ਉਹਨਾਂ ਦੀ ਪ੍ਰਸਿੱਧ ਅਤੇ ਬਾਕਮਾਲ ਕਹਾਣੀ ‘ਮਿਥੁਨ’ ਦੇ ਪੰਜਾਬੀ ਅਨੁਵਾਦ ਦਾ ਕਿੱਸਾ ਮੈਨੂੰ ਅਜੇ ਤੱਕ ਯਾਦ ਹੈ। ਕਈ ਦਹਾਕੇ ਪਹਿਲਾਂ ਦੀ ਗੱਲ ਹੈ, ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਲਈ ਉਹਨਾਂ ਤੋਂ ਕਹਾਣੀ ਮੰਗੀ ਅਤੇ ਉਹਨਾਂ ਨੇ ‘ਮਿਥੁਨ’ ਸੋਵੀਅਤ ਦੂਤਾਵਾਸ ਵਿਚ ਮੇਰੇ ਸਹਿਕਰਮੀ, ਕਹਾਣੀਕਾਰ ਗੁਰਵੇਲ ਪੰਨੂੰ ਨੂੰ ਭੇਜ ਦਿੱਤੀ ਕਿ ਉਹ ਅਨੁਵਾਦ ਕਰ ਕੇ ਅੰਮ੍ਰਿਤਾ ਨੂੰ ਦੇ ਦੇਵੇ। ਕਹਾਣੀ ਨੂੰ ਤਾਂ ਗੁਰਵੇਲ ਨੇ ਅਤੇ ਮੈਂ ਮਿਲ-ਬੈਠ ਕੇ ਪੜ੍ਹਿਆ ਅਤੇ ਉਹਦੀ ਸੂਖਮਤਾ ਨੂੰ ਰੱਜ ਕੇ ਸਲਾਹਿਆ ਹੀ, ਜੋ ਗੱਲ ਸਾਨੂੰ ਬੜੀ ਅਨੋਖੀ ਲੱਗੀ ਅਤੇ ਅੱਜ ਤੱਕ ਮੇਰੀ ਯਾਦ ਵਿਚ ਉੱਕਰੀ ਪਈ ਹੈ, ਉਹ ਸੀ ਉਹਨਾਂ ਦੀ ਇਹ ਇੱਛਾ ਕਿ ਅਨੁਵਾਦ ਕਿਤੇ ਮੂਲ ਭਾਵਨਾ ਤੋਂ ਭੋਰਾ ਵੀ ਇੱਧਰ-ਉੱਧਰ ਨਾ ਹੋ ਜਾਵੇ। ਜਿਨ੍ਹਾਂ ਲਫ਼ਜ਼ਾਂ ਬਾਰੇ ਉਹਨਾਂ ਨੂੰ ਸ਼ੱਕ ਸੀ ਕਿ ਅਨੁਵਾਦਕ ਉਹਨਾਂ ਦੇ ਅਰਥ ਅਸਲ ਨਾਲੋਂ ਮਾੜੇ-ਮੋਟੇ ਇੱਧਰ-ਉੱਧਰ ਕਰ ਸਕਦਾ ਹੈ, ਉਹਨਾਂ ਨੇ ਉਹਨਾਂ ਦੇ ਅਰਥ ਹਾਸ਼ੀਏ ਵਿਚ ਪੰਜਾਬੀ ਵਿਚ, ਗੁਰਮੁਖੀ ਅੱਖਰਾਂ ਵਿਚ ਲਿਖੇ ਹੋਏ ਸਨ। ਲਫ਼ਜ਼ ਤਾਂ ਲਫ਼ਜ਼ ਰਹੇ, ਉਹਨਾਂ ਨੇ ਇਸ ਡਰੋਂ ਕਿ ਕਿਤੇ ਅਨੁਵਾਦਕ ਪਾਤਰਾਂ ਦੇ ਨਾਂਵਾਂ ਨੂੰ ਉਰਦੂ ਵਿੱਚੋਂ ਪੜ੍ਹ ਕੇ ਗ਼ਲਤ ਨਾ ਉਠਾਲ ਲਵੇ, ਉਹ ਵੀ ਗੁਰਮੁਖੀ ਵਿਚ ਲਿਖ ਦਿੱਤੇ ਸਨ। ਕਾਤਬਾਂ ਵਲੋਂ ਲਿਖਾਈ ਸਮੇਂ ਜ਼ੇਰ-ਜ਼ਬਰ ਛੱਡ ਹੀ ਦਿੱਤੇ ਜਾਣ ਦਾ ਰਿਵਾਜ ਪੈ ਗਿਆ ਹੋਣ ਕਰਕੇ ਨਾਇਕਾ ਦੇ ਨਾਂ ਨੂੰ ‘ਕੇਰਤੀ’ ਵੀ ਪੜ੍ਹਿਆ ਜਾ ਸਕਦਾ ਸੀ ਅਤੇ ‘ਕੀਰਤੀ’ ਵੀ। ਉਹਨਾਂ ਨੇ ਸਪਸ਼ਟ ਕੀਤਾ ਹੋਇਆ ਸੀ ਕਿ ਉਹ ‘ਕੀਰਤੀ` ਹੈ। ਇਸੇ ਪ੍ਰਕਾਰ ‘ਮਗਨ ਟਕਲਾ’ ਦੱਸਿਆ ਹੋਇਆ ਸੀ। ਤੇ ਅਨੁਵਾਦ ਬਾਰੇ ਹੋਰ ਕਈ ਹਦਾਇਤਾਂ ਵੀ ਦਿੱਤੀਆਂ ਹੋਈਆਂ ਸਨ।
ਉਹਨਾਂ ਦਾ ਰਚਨਾਤਮਕ ਕਾਰਜ ਕਹਾਣੀ ਮੁਕੰਮਲ ਹੋ ਕੇ ਛਪ ਜਾਣ ਮਗਰੋਂ ਹੀ ਸਮਾਪਤ ਨਾ ਹੋਣ ਦੀ ਅਤੇ ਉਹਨਾਂ ਵਲੋਂ ਆਪਣੀਆਂ ਕਹਾਣੀਆਂ ਦੇ ਇਕ-ਇਕ ਸ਼ਬਦ ਨੂੰ ਜੋਖੇ-ਪਰਖੇ ਜਾਣ ਦੀ ਇਕ ਹੋਰ ਮਿਸਾਲ ਰਤਨ ਸਿੰਘ ਦੱਸਦੇ ਹਨ। ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ। ਘਰ ਆ ਕੇ ਇਹਨਾਂ ਨੇ ਦੇਖਿਆ ਤਾਂ ਬਹੁਤੀਆਂ ਕਹਾਣੀਆਂ ਪਹਿਲਾਂ ਦੀਆਂ ਪੁਸਤਕਾਂ ਵਿਚ ਛਪੀਆਂ ਹੋਈਆਂ ਸਨ। ਪਰ ਮਹੱਤਵਪੂਰਨ ਗੱਲ ਇਹ ਸੀ ਕਿ ਉਹਨਾਂ ਵਿਚ ਲਫ਼ਜ਼ ਬਦਲੇ ਹੋਏ ਸਨ। ਸਤਰਾਂ ਕੱਟੀਆਂ ਹੋਈਆਂ ਸਨ ਅਤੇ ਹਾਸ਼ੀਏ ਵਿਚ ਸਵਾਲੀਆ ਨਿਸ਼ਾਨ ਲਾਏ ਹੋਏ ਸਨ, ਭਾਵ ਉਹਨਾਂ ਗੱਲਾਂ ਬਾਰੇ ਉਹਨਾਂ ਨੇ ਅਜੇ ਫ਼ੈਸਲਾ ਲੈਣਾ ਸੀ ਜਾਂ ਉਹਨਾਂ ਨੂੰ ਸਪਸ਼ਟ ਕਰਨਾ ਸੀ। ਇਕ-ਇਕ ਲਫ਼ਜ਼ ਦਾ ਕਹਾਣੀ ਨਾਲ ਨਾਤਾ ਜੋਖਣਾ-ਪਰਖਣਾ ਆਪਣੀ ਰਚਨਾ ਨੂੰ ਸੰਪੂਰਨਤਾ ਦੇਣ ਦੀ ਉਹਨਾਂ ਦੀ ਤਾਂਘ ਦਾ ਸੂਚਕ ਹੈ।
ਹਰ ਖਰੇ ਲੇਖਕ ਦੀ ਹੋਣੀ ਇਹੋ ਹੁੰਦੀ ਹੈ ਕਿ ਉਹਨੂੰ ਆਪਣੇ ਪਾਤਰਾਂ ਦੇ ਦੁੱਖ-ਸੁਖ ਉਹਨਾਂ ਜਿੰਨੀ ਤੀਬਰਤਾ ਨਾਲ, ਸਗੋਂ ਕਈ ਵਾਰ ਤਾਂ ਉਹਨਾਂ ਤੋਂ ਵਧੀਕ ਕੋਮਲ-ਭਾਵੀ ਹੋਣ ਕਰਕੇ ਉਹਨਾਂ ਨਾਲੋਂ ਵੀ ਵਧੀਕ ਤੀਬਰਤਾ ਨਾਲ ਆਪਣੇ ਮਨ ਉੱਤੇ ਝੱਲਣੇ ਅਤੇ ਹੰਢਾਉਣੇ ਪੈਂਦੇ ਹਨ। ਇੱਥੇ ਕਈ ਸਾਲ ਪਹਿਲਾਂ ਟੀ.ਵੀ. ਉੱਤੇ ਦੇਖੀ-ਸੁਣੀ ਇਕ ਪਾਇਲਟ ਨਾਲ ਗੱਲਬਾਤ, ਜੋ ਮੈਨੂੰ ਕਦੀ ਨਹੀਂ ਭੁੱਲੀ, ਦਾ ਜ਼ਿਕਰ ਬਹੁਤ ਪ੍ਰਸੰਗਕ ਲਗਦਾ ਹੈ। ਸਵਾਲ ਸੀ ਕਿ ਉਹ, ਜਿਸਨੂੰ ਦੁਨੀਆ ਭਰ ਦੀਆਂ ਸੁਖ-ਸਹੂਲਤਾਂ ਪ੍ਰਾਪਤ ਹਨ, ਵੀ ਹਵਾਈ ਜਹਾਜ਼ ਨਾਂ ਦੇ ਵਾਹਨ ਦਾ ਚਾਲਕ ਹੈ ਅਤੇ ਰਿਕਸ਼ੇ ਵਾਲਾ, ਜੋ ਸੜਕ ਦੀ ਤਪਦੀ ਲੁੱਕ ਅਤੇ ਅੱਗ-ਵਰ੍ਹਾਉਂਦੇ ਸੂਰਜ ਦੇ ਵਿਚਕਾਰ ਭੁੱਜਦਾ ਹੈ, ਵੀ ਰਿਕਸ਼ਾ ਨਾਂ ਦੇ ਵਾਹਨ ਦਾ ਚਾਲਕ ਹੈ, ਕੀ ਉਹਨੇ ਜਹਾਜ਼-ਚਾਲਕ ਹੋਣ ਦੇ ਨਾਤੇ ਉਸ ਰਿਕਸ਼ਾ-ਚਾਲਕ ਦੀ ਪੀੜ, ਮਾਯੂਸੀ, ਪਰੇਸ਼ਾਨੀ, ਪਸ਼ੇਮਾਨੀ ਅਤੇ ਪਾਇਲਟ ਵਰਗੇ ਲੋਕਾਂ ਲਈ ਉਹਦੀ ਖਿਝ ਮਹਿਸੂਸ ਕੀਤੀ ਹੈ?
ਆਸ ਦੇ ਉਲਟ, ਪਾਇਲਟ ਵਲੋਂ ਦਿੱਤਾ ਗਿਆ ਉੱਤਰ ਹੈਰਾਨ ਕਰ ਦੇਣ ਦੀ ਹੱਦ ਤੱਕ ਡੂੰਘੇ ਅਰਥਾਂ ਵਾਲਾ ਸੀ। ਉਹ ਬੋਲਿਆ, “ਉਸ ਰਿਕਸ਼ਾ-ਚਾਲਕ ਨੂੰ ਅਜਿਹੀ ਕੋਈ ਗੱਲ ਜਾਂ ਖਿਝ ਮਹਿਸੂਸ ਨਹੀਂ ਹੁੰਦੀ। ਇਹ ਸਭ ਕੁਝ ਤਾਂ ਸਾਡੀ ਮੱਧ-ਸ਼੍ਰੇਣੀ ਦੀ ਭਾਵੁਕਤਾ ਵਿੱਚੋਂ ਉਪਜੀ ਤੇਜ਼ ਕਲਪਨਾ ਮਹਿਸੂਸ ਕਰਦੀ ਹੈ। ਰਿਕਸ਼ੇ ਵਾਲਾ ਤਾਂ ਦਿਨ ਦੀ ਕਮਾਈ ਨਾਲ ਦਾਰੂ ਪੀ ਕੇ ਤੇ ਹਿੰਦੀ ਫ਼ਿਲਮ ਦੇਖ ਕੇ ਸੌਂ ਜਾਂਦਾ ਹੈ। ਜਿਸ ਦਿਨ ਰਿਕਸ਼ਾ-ਚਾਲਕ ਨੂੰ ਅਜਿਹਾ ਮਹਿਸੂਸ ਹੋਣ ਲੱਗਿਆ, ਉਹ ਵੱਖ-ਵੱਖ ਖੇਤਰਾਂ ਵਿਚ ਜੀਵਨ ਦੀ ਅੱਗ ਵਿਚ ਭੁੱਜਦੇ ਆਪਣੇ ਵਰਗੇ ਹੋਰ ਲੱਖਾਂ-ਕਰੋੜਾਂ ਲੋਕਾਂ ਨਾਲ ਮਿਲ ਕੇ ਹੇਠਲੀ ਉੱਤੇ ਕਰ ਦੇਵੇਗਾ।”
ਠੀਕ ਹੀ, ਇਕ ਲੇਖਕ ਵਜੋਂ ਬੇਦੀ ਜੀ ਦੀ ਭਾਵੁਕਤਾ ਕੇਵਲ ਦੁਖੀਆਂ ਦੇ ਉਹ ਦੁੱਖ ਹੀ ਮਹਿਸੂਸ ਨਹੀਂ ਸੀ ਕਰਦੀ ਜਿਹੜੇ ਉਹ ਆਪ ਵੀ ਮਹਿਸੂਸ ਕਰਦੇ ਸਨ ਸਗੋਂ ਉਹ ਦੁੱਖ ਮਹਿਸੂਸ ਕਰ ਕੇ ਵੀ ਦੁਖੀ ਹੁੰਦੀ ਸੀ ਜਿਹੜੇ ਉਹ ਆਪ ਮਹਿਸੂਸ ਨਹੀਂ ਸਨ ਕਰਦੇ। ਜੇ ਪਾਤਰ ਉਹਨਾਂ ਦੇ ਪਾਤਰਾਂ ਵਾਂਗ ਪੋਟਾ-ਪੋਟਾ ਪੀੜ-ਪਰੁੱਚੇ ਹੋਣ ਤਾਂ ਕਲਮ ਵਾਹੁਣ ਸਮੇਂ ਜਿਸ ਅਨੁਭਵ ਵਿੱਚੋਂ ਲੰਘਣਾ ਪੈਂਦਾ ਹੈ, ਉਹਨੂੰ ਠੀਕ ਹੀ ਉਹਨਾਂ ਨੇ “ਦੁੱਖ ਦੇ ਉਹੋ ਜਿਹੇ ਅਨੁਭਵ” ਕਿਹਾ ਹੈ “ਜਿਹੋ ਜਿਹੇ ਖੱਲ ਉਤਰਵਾ ਕੇ ਲੂਣ ਦੀ ਖਾਣ ਵਿੱਚੋਂ ਲੰਘਣ ਵੇਲੇ ਹੁੰਦੇ ਹਨ।”
*****
(234)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)