GurbachanBhullar7

ਸਾਰੇ ਮੁੱਦੇ ਅਤੇ ਮਸਲੇ ਦਾ ‘ਸਹਿਣਸ਼ੀਲ’ ਸਰਕਾਰੀ ਹੱਲ ਦੱਸ ਦਿੱਤਾ ਕਿ ਲੇਖਕ ਜੇ ਮਾਹੌਲ ਦੀ ਘੁਟਣ ਮਹਿਸੂਸ ਕਰਦੇ ਹਨ ਤਾਂ ਲਿਖਣਾ ਬੰਦ ਕਰ ਦੇਣ! ...
(ਨਵੰਬਰ 28, 2015)


ਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿਚ ਵਿਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ
, ਭਗਵਾਨ ਤੇ ਬਸ਼ੀਰ ਵਰਗੇ ਹੋਰਾਂ ਨੂੰ ਕਤਲ ਦੀਆਂ ਧਮਕੀਆਂ, ਗ਼ੁਲਾਮ ਅਲੀ ਵਰਗਿਆਂ ਨੂੰ ਗਾਉਣ ਤੋਂ ਵਰਜਣਾ, ਵਾਜਪਈ ਤੇ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੀਂਦਰ ਕੁਲਕਰਨੀ ਨਾਲ ਸ਼ੁਰੂ ਹੋਇਆ ਮੂੰਹ ਕਾਲੇ ਕਰਨ ਦਾ ਸਿਲਸਿਲਾ, ਪਹਿਣਨ, ਖਾਣ, ਖੇਡਣ, ਦੋਸਤ ਚੁਣਨ ਤੇ ਪਿਆਰ ਕਰਨ ਨੂੰ ਲੈ ਲੇ ਧੌਂਸੀ ਫ਼ਰਮਾਨ ਅਸਹਿਣਸ਼ੀਲਤਾ ਦੀਆਂ ਮੂੰਹੋਂ ਬੋਲਦੀਆਂ ਕਰਤੂਤਾਂ ਹਨ।

ਇਸ ਮਾਹੌਲ ਵਿਰੁੱਧ ਲੇਖਕ ਭਾਈਚਾਰੇ ਵਿਚ, ਜੋ ਸਮਾਜ ਦਾ ਸਭ ਤੋਂ ਜਾਗ੍ਰਿਤ ਤੇ ਜਜ਼ਬਾਤੀ ਅੰਗ ਹੁੰਦਾ ਹੈ, ਰੋਸ ਪੈਦਾ ਹੋਣਾ ਕੁਦਰਤੀ ਸੀ। ਹਰ ਘਟਨਾ ਨਾਲ ਮਨਾਂ ਅੰਦਰ ਵਧ ਰਹੇ ਰੋਸ ਨੂੰ ਨਿਕਾਸ ਵਾਸਤੇ ਕਿਸੇ ਰਾਹ ਦੀ ਤਲਾਸ਼ ਸੀ। ਉਹਨੀਂ ਦਿਨੀਂ ਕਲਬੁਰਗੀ ਜਿਹੇ ਸ਼ਬਦ-ਸਮਰਾਟ ਦੇ ਉਹਦੇ ਹੀ ਘਰ ਦੇ ਅੰਦਰ ਕਤਲ ਨੇ ਰੋਸ ਦੀ ਧੁਖਦੀ ਅੱਗ ਨੂੰ ਭਾਂਬੜ ਬਣਾ ਦਿੱਤਾ। ਇਹ ਗੱਲ ਰੋਸ ਵਿਚ ਹੋਰ ਵਾਧਾ ਕਰ ਰਹੀ ਸੀ ਕਿ ਸਾਹਿਤ ਨਾਲ ਸੰਬੰਧਿਤ ਸਭ ਤੋਂ ਉੱਚੀ ਸੰਸਥਾ ਸਾਹਿਤ ਅਕਾਦਮੀ ਆਪਣੇ ਹੀ ਸਨਮਾਨੇ ਹੋਏ ਲੇਖਕ ਤੇ ਵਿਦਵਾਨ ਕਲਬੁਰਗੀ ਦੇ ਵਹਿਸ਼ੀ ਕਤਲ ਦੀ ਸੋਗ-ਸਭਾ ਕਰਨੋਂ ਵੀ ਇਨਕਾਰੀ ਸੀ। ਹਰ ਸੰਵੇਦਨਸ਼ੀਲ ਲੇਖਕ ਨੂੰ ਇਹ ਸਵਾਲ ਬੇਚੈਨ ਕਰ ਰਿਹਾ ਸੀ ਕਿ ਉਹ ਆਪਣੇ ਰੋਸ ਨੂੰ ਨਿਕਾਸ ਦੇਵੇ ਤਾਂ ਕਿਸ ਵਿਧ ਦੇਵੇ!

ਇਸ ਮੌਕੇ ਹਿੰਦੀ ਕਥਾਕਾਰ ਉਦੈ ਪ੍ਰਕਾਸ਼ ਨੂੰ ਮਹਿਸੂਸ ਹੋਇਆ ਕਿ ਲੰਮੀ ਕਲਮੀ ਕਮਾਈ ਦੀ ਕਦਰ ਵਜੋਂ ਹਾਸਲ ਹੋਇਆ ਮਾਣਜੋਗ ਪੁਰਸਕਾਰ ਵਾਪਸ ਕਰਨਾ ਰੋਸ ਦੇ ਪ੍ਰਗਟਾਵੇ ਦਾ ਇਕ ਰੂਪ ਹੋ ਸਕਦਾ ਹੈ। ਸਾਹਿਤ ਅਕਾਦਮੀ ਤੋਂ ਮਿਲਿਆ ਪੁਰਸਕਾਰ ਉਸੇ ਨੂੰ ਵਾਪਸ ਕਰਨਾ ਵਾਜਬ ਸੀ। ਉਸ ਪਿੱਛੋਂ ਇਕ ਇਕ ਕਰ ਕੇ ਕੁਝ ਹੋਰ ਸਾਹਿਤਕਾਰਾਂ ਨੇ, ਖਾਸ ਕਰਕੇ ਨੈਣਤਾਰਾ ਸਹਿਗਲ, ਅਸ਼ੋਕ ਵਾਜਪਈ ਤੇ ਕ੍ਰਿਸ਼ਣਾ ਸੋਬਤੀ ਜਿਹੀਆਂ ਬਹੁ-ਸਤਿਕਾਰੀਆਂ ਬਜ਼ੁਰਗ ਕਲਮਾਂ ਨੇ ਪੁਰਸਕਾਰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਸਭਨਾਂ ਦੀ ਮਿਸਾਲ ਨੇ ਮੇਰੇ ਰੋਸ ਨੂੰ ਵੀ ਰਾਹ ਦਿਖਾ ਦਿੱਤਾ ਤੇ ਪੰਜਾਬੀ ਵਿੱਚੋਂ ਪਹਿਲ ਕਰਦਿਆਂ ਮੈਂ ਵੀ ਆਪਣਾ ਪੁਰਸਕਾਰ, ਮਾਇਆ ਸਮੇਤ, ਅਕਾਦਮੀ ਨੂੰ ਵਾਪਸ ਕਰ ਦਿੱਤਾ।

ਇਸ ਦੌਰਾਨ ਅਬੋਲ ਰਾਜਨੀਤਕ ਸਹਿਮਤੀ ਦੇ ਮਾਹੌਲ ਵਿਚ ਬੇਲਗ਼ਾਮ ਹੋਏ ਦੰਗਈਆਂ ਨੇ ਦਾਦਰੀ ਦਾ ਕਹਿਰ ਵਰਤਾ ਦਿੱਤਾ। ਅਖ਼ਲਾਕ ਦਾ ਕਤਲ ਕਲਬੁਰਗੀ ਵਾਂਗ ਉਹਦੇ ਘਰ ਵੜ ਕੇ ਤਾਂ ਕੀਤਾ ਹੀ ਗਿਆ ਪਰ ਸਾਜ਼ਿਸ਼ ਉਸ ਤੋਂ ਵੀ ਵੱਡੀ ਤੇ ਵੱਧ ਵਹਿਸ਼ੀ ਰਚੀ ਗਈ। ਸਾਹਿਤਕਾਰਾਂ ਤੇ ਕਲਾਕਾਰਾਂ ਦੇ ਲਗਾਤਾਰ ਵਧਦੇ ਪੁਰਸਕਾਰ-ਵਾਪਸੀ ਕਾਫ਼ਲੇ ਦੇ ਰੋਸ ਨਾਲ ਹੁਣ ਫ਼ਿਲਮਾਂ ਵਾਲੇ, ਇਤਿਹਾਸਕਾਰ, ਵਿਗਿਆਨੀ, ਅਰਥ-ਸ਼ਾਸਤਰੀ, ਸਮਾਜ-ਸ਼ਾਸਤਰੀ, ਕਾਰੋਬਾਰੀ, ਆਦਿ ਭਾਂਤ ਭਾਂਤ ਦੇ ਲੋਕ ਵੀ ਸਹਿਮਤੀ ਪ੍ਰਗਟਾਉਣ ਲੱਗੇ। ਦੇਸ ਵਿਚ ਵੱਖਰੇ ਵਿਚਾਰਾਂ ਵਾਲੇ, ਵੱਖਰੇ ਧਰਮ ਵਾਲੇ, ਵੱਖਰੇ ਖਾਣ-ਪਾਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਮਾਹੌਲ ਦਾ ਨਾਂ ਅਸਹਿਣਸ਼ੀਲਤਾ ਪੈ ਗਿਆ।

ਵਾਜਬ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ, ਨਹੀਂ ਤਾਂ ਸਭਿਆਚਾਰ ਮੰਤਰੀ ਸਾਹਿਤ ਅਕਾਦਮੀ ਨੂੰ ਲੇਖਕਾਂ ਦਾ ਇਕ ਪ੍ਰਤੀਨਿਧ-ਮੰਡਲ ਬੁਲਾਉਣ ਲਈ ਆਖਦਾ ਜੋ ਸਰਕਾਰ ਨੂੰ ਆਪਣੇ ਰੋਸ ਦਾ ਆਧਾਰ ਦੱਸ ਕੇ ਕਿਸੇ ਹੱਲ ਬਾਰੇ ਚਰਚਾ ਕਰਦਾ। ਪਰ ਸਰਕਾਰ ਦੀ ਨਜ਼ਰ ਵਿਚ ਤਾਂ ਸਾਹਿਤਕਾਰ ਕਿਸੇ ਮਾਣਜੋਗ ਸਮਾਜਕ ਹੈਸੀਅਤ ਅਤੇ ਮਹੱਤਵ ਤੋਂ ਸੱਖਣੇ ਅਤੇ ਵਿਰੋਧੀ ਧਿਰ ਦੇ ਉਕਸਾਏ ਸਾਜ਼ਿਸ਼ੀਏ ਹਨ। ਇਸ ਕਰਕੇ ਸਭਿਆਚਾਰ ਮੰਤਰੀ ਨੇ ਅਸਹਿਣਸ਼ੀਲਤਾ ਦੇ ਸਾਰੇ ਮੁੱਦੇ ਅਤੇ ਮਸਲੇ ਦਾ ‘ਸਹਿਣਸ਼ੀਲਸਰਕਾਰੀ ਹੱਲ ਦੱਸ ਦਿੱਤਾ ਕਿ ਲੇਖਕ ਜੇ ਮਾਹੌਲ ਦੀ ਘੁਟਣ ਮਹਿਸੂਸ ਕਰਦੇ ਹਨ ਤਾਂ ਲਿਖਣਾ ਬੰਦ ਕਰ ਦੇਣ! ਇਸ ਪਿੱਛੋਂ ਇਕ ਇਕ ਕਰ ਕੇ ਕਈ ਮੰਤਰੀ ਤੇ ਰਾਜਨੀਤਕ ਆਗੂ ਬੋਲਣ ਲੱਗੇ। ਭਵਿੱਖ ਦੇ ਅਜਿਹੇ ਟੁੱਟਵੇਂ ਤੇ ਬੇਸੇਧੇ ਬਿਆਨਾਂ ਵਿਚ ਇਕਸੁਰਤਾ ਲਿਆਉਣ ਲਈ ਤੇ ਸਨਮਾਨ-ਵਾਪਸੀਏ ਲੇਖਕਾਂ ਨੂੰ ਦੇਣ ਵਾਲੀਆਂ ਗਾਲ਼ਾਂ ਸੁਝਾਉਣ ਲਈ ਸਾਰੀ ਕੈਬਨਿਟ ਵਿੱਚੋਂ ਲਿਖਣ-ਪੜ੍ਹਨ ਨਾਲ ਮਾੜਾ-ਮੋਟਾ ਵਾਹ ਰੱਖਣ ਵਾਲੇ ਇੱਕੋ-ਇੱਕ ਮੰਤਰੀ ਅਰੁਣ ਜੇਤਲੀ ਨੇ ਇਕ ਲੇਖ ਲਿਖ ਦਿੱਤਾ।

ਇਸ ਲੇਖ ਵਿਚ ਉਹਨੇ ਦਾਅਵਾ ਕੀਤਾ ਕਿ ਕਿਸੇ ਐਵੇਂ ਵਾਪਰੀ ਇਕਾ-ਦੁੱਕਾ ਘਟਨਾ ਨੂੰ ਛੱਡ ਕੇ ਸ਼ਾਂਤਮਈ ਸਹਿਹੋਂਦ ਵਾਲੀ ਉਦਾਰ ਜਮਹੂਰੀਅਤ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਭਾਰਤ ਦੇਸ ਵਿਚ ਪੂਰੀ ਸੁਹਿਰਦਤਾ, ਸਦਭਾਵਨਾ ਤੇ ਇਕਸੁਰਤਾ ਦਾ ਮਾਹੌਲ ਹੈ ਅਤੇ ਸਹਿਣਸ਼ੀਲਤਾ ਦਾ ਬੋਲਬਾਲਾ ਹੈ। ਸਾਹਿਤਕਾਰਾਂ ਅਤੇ ਹੋਰਾਂ ਦੇ ਰੋਸ ਨੂੰ ਉਹਨੇ “ਬੌਧਿਕ ਅਸਹਿਣਸ਼ੀਲਤਾ” ਤੇ “ਬੇਬੁਨਿਆਦ ਬਗ਼ਾਵਤ” ਦਾ ਨਾਂ ਦਿੱਤਾ ਅਤੇ ਕਿਹਾ ਕਿ ਇਹ ਸਭ ਦੇਸ-ਵਿਰੋਧੀ ਰੌਲ਼ਾ ਬਹੁਤ ਹੀ ਤੇਜ਼ੀ ਨਾਲ ਭਾਰਤ ਨੂੰ ਕਿੱਥੋਂ ਕਿੱਥੇ ਲੈ ਗਈ ਮੋਦੀ ਸਰਕਾਰ ਨੂੰ ਕੌਮਾਂਤਰੀ ਪਿੜ ਵਿਚ ਬਦਨਾਮ ਕਰਨ ਤੇ ਦੇਸ ਨੂੰ ਪਿੱਛੇ ਖਿੱਚਣ ਲਈ ਪਾਇਆ ਜਾ ਰਿਹਾ ਹੈ। ਉਹਨੇ ਲੇਖਕਾਂ ਨੂੰ ਖੱਬੀ ਵਿਚਾਰਧਾਰਾ ਤੇ ਨਹਿਰੂ-ਨਜ਼ਰੀਏ ਵਾਲੀ ਕਾਂਗਰਸ ਦੇ ਆਦੇਸ਼ਾਂ ਅਨੁਸਾਰ ਚੱਲਣ ਵਾਲੇ ਆਖਿਆ।

ਜੇਤਲੀ ਤੋਂ ਸਰਕਾਰੀ ਸੇਧ ਮਿਲਣ ਦੀ ਦੇਰ ਸੀ, ਟੀਵੀ ਚੈਨਲਾਂ ਉੱਤੇ ਆਰ.ਐੱਸ.ਐੱਸ. ਅਤੇ ਭਾਜਪਾ ਦੇ ਬੁਲਾਰਿਆਂ ਨੇ ਲੇਖਕਾਂ ਨੂੰ ਸੋਨੀਆ ਦੇ ਦਰਬਾਰੀ ਅਤੇ ਕਾਂਗਰਸ ਦੀ ਹਾਰ ਕਾਰਨ ਸਰਕਾਰੀ ਟੁਕੜਿਆਂ ਤੋਂ ਵਾਂਝੇ ਰਹਿ ਗਏ ਹੋਣ ਕਾਰਨ ਛਿੱਥੇ ਪਏ ਹੋਏ ਵਿਕਾਊ ਟੁੱਕੜਬੋਚ ਕਹਿਣਾ ਸ਼ੁਰੂ ਕਰ ਦਿੱਤਾ। ਅਜੇ ਤੱਕ ਚੁੱਪ ਰਹੇ ਮੰਤਰੀ ਵੀ ਬਿਆਨ ਦਾਗਣ ਲੱਗੇ, ਜਿਨ੍ਹਾਂ ਵਿਚੋਂ ਮੇਨਕਾ ਗਾਂਧੀ ਨੇ ਪੁਰਸਕਾਰ-ਵਾਪਸੀ ਨੂੰ ਕੌਮਾਂਤਰੀ ਸਾਜ਼ਿਸ਼ ਕਰਾਰ ਦੇ ਦਿੱਤਾ।

ਇਹ ਸਭ ਦੁਰਬਚਨੀ ਬਿਆਨਬਾਜ਼ੀ ਵਿਚ ਜੇ ਕੋਈ ਕਸਰ ਸੀ, ਉਹ ਆਰ.ਐੱਸ.ਐੱਸ ਦੀ ‘ਸੰਸਕਾਰ ਭਾਰਤੀਨਾਂ ਦੀ ਅਖੌਤੀ ਸਭਿਆਚਾਰਕ ਸੰਸਥਾ ਵਲੋਂ ਐਕਟਰ ਅਨੂਪਮ ਖੇਰ ਦੀ ਅਗਵਾਈ ਵਿਚ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਕੱਢੇ ਗਏ “ਭਾਰਤ ਖ਼ਾਤਰ ਮਾਰਚ” ਨੇ ਪੂਰੀ ਕਰ ਦਿੱਤੀ। ਮਾਰਚ ਵਿਚ ਗਿਣਤੀ ਦੇ ਬਾਲੀਵੁੱਡੀਆਂ ਨਾਲ ਜੋਗੀ ਅਦਿੱਤਿਆਨਾਥ ਦੇ ‘ਅਖਿਲ ਭਾਰਤੀਆ ਕਰਾਂਤੀ ਦਲਸਮੇਤ ਆਰ.ਐੱਸ.ਐੱਸ. ਤੇ ਭਾਜਪਾ ਦੇ ਅਨੇਕ ਸੰਗਠਨਾਂ ਦੇ ਤਾਂ ਸੈਂਕੜੇ ਬੰਦੇ ਜ਼ਰੂਰ ਸ਼ਾਮਲ ਹੋਏ ਪਰ ਲੇਖਕਾਂ ਦੀ ਹਾਜ਼ਰੀ ਬੱਸ ਮਧੂ ਕਿਸ਼ਵਰ ਤੇ ਕੱਨੜ ਲੇਖਕ ਭੈਰੱਪਾ ਨੂੰ ਹੀ ਲੁਆਉਣੀ ਪਈ।

ਸਰਕਾਰ ਅਤੇ ਉਹਦੇ ਭਗਤ ਅੱਜ ਤੱਕ ਇਕ ਵੀ ਮਿਸਾਲ ਪੇਸ਼ ਨਹੀਂ ਕਰ ਸਕਦੇ ਜਦੋਂ ਕਿਸੇ ਵੀ ਪੁਰਸਕਾਰ-ਵਾਪਸੀਏ ਲੇਖਕ ਨੇ, ਜਿਨ੍ਹਾਂ ਨੂੰ ਉਹ ਦੇਸ ਵਿਚ ਅਸਹਿਣਸ਼ੀਲਤਾ ਦਾ ਝੂਠਾ ਰੌਲ਼ਾ ਪਾਉਣ ਵਾਲੇ ਬੌਧਿਕ ਅਸਹਿਣਸ਼ੀਲ ਕਹਿੰਦੇ ਹਨ, ਕਿਸੇ ਚਿੱਠੀ, ਬਿਆਨ, ਅਖ਼ਬਾਰੀ ਲੇਖ ਜਾਂ ਟੀਵੀ ਬਹਿਸ ਵਿਚ ਅਸਹਿਣਸ਼ੀਲਤਾ ਦਾ ਮੁਜ਼ਾਹਰਾ ਕਰਦਿਆਂ ਇਕ ਵਾਰ ਵੀ ਕਿਸੇ ਨੂੰ ਕੋਈ ਮੰਦੀ ਗੱਲ ਕਹੀ ਹੋਵੇ। ਇਹਦੇ ਉਲਟ ਮੋਦੀ ਸਰਕਾਰ ਅਧੀਨ ਦੇਸ ਦੀ ਸੰਪੂਰਨ ਸਹਿਣਸ਼ੀਲਤਾ ਦੇ ਪੱਖ ਵਿਚ ਤੇ ਉਹਦੇ ਸਬੂਤ ਵਜੋਂ ਕੱਢ ਗਏ ਅਨੂਪਮ ਖੇਰ ਵਾਲੇ ਜਲੂਸ ਵਿਚ ‘ਸਹਿਣਸ਼ੀਲਤਾਦੇ ਜੋ ਜੋ ਨਜ਼ਾਰੇ ਦੇਖਣ ਨੂੰ ਮਿਲੇ, ਉਹਨਾਂ ਤੋਂ ਮਗਰੋਂ ਇੱਕੋ ਰਾਹ ਰਹਿ ਜਾਂਦਾ ਹੈ ਕਿ ਸਹਿਣਸ਼ੀਲਤਾ ਤੇ ਅਸਹਿਣਸ਼ੀਲਤਾ, ਦੋਵਾਂ ਸ਼ਬਦਾਂ ਦੇ ਅਰਥ ਇਕ ਦੂਜੇ ਨਾਲ ਵਟਾ ਦਿੱਤੇ ਜਾਣ!

ਪੁਰਸਕਾਰ-ਵਾਪਸੀਏ ਲੇਖਕਾਂ ਨੂੰ “ਦੇਸਧਰੋਹੀ” ਕਿਹਾ ਗਿਆ “ਜੋ ਵਾਹਗਾ ਸਰਹੱਦ ਤੋਂ ਪਾਰ ਵਗਾਹ ਮਾਰਨੇ ਚਾਹੀਦੇ ਹਨ।” ਇਕ ਗੂੰਜਵਾਂ ਨਾਅਰਾ ਸੀ, “ਢੌਂਗੀ ਸਾਹਿੱਤਿਅਕਾਰੋਂ ਕੋ, ਜੂਤੇ ਮਾਰੋ ਸਾਲੋਂ ਕੋ!”” ਸ਼ਾਹਰੁਖ਼ ਖ਼ਾਂ ਦੇ ਇਕ ਬਿਲਕੁਲ ਹੀ ਸਾਧਾਰਨ ਬਿਆਨ ਦੇ ਹਵਾਲੇ ਨਾਲ ਛੋਟੇ-ਮੋਟੇ ਐਕਟਰ ਰਾਜਾ ਬੁੰਦੇਲਾ ਨੇ ਕਿਹਾ,““ਜਿਸ ਦਿਨ ਉਹਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ, ਮੁਸਲਮਾਨਾਂ ਨੂੰ ਮੁਫ਼ਤ ਟਿਕਟਾਂ ਵੰਡੀਆਂ ਜਾਂਦੀਆਂ ਹਨ।”” ਗਾਇਕ ਅਭੀਜੀਤ ਨੇ ਕਿਹਾ,““ਜੇ ਉਹ ਪਾਕਿਸਤਾਨ ਜਾਣਾ ਚਾਹੁੰਦਾ ਹੈ, ਅਸੀਂ ਛੱਡ ਆਵਾਂਗੇ। ਫੇਰ ਜੇ ਉਹ ਕਹੇਗਾ, ਮੈਨੂੰ ਲੈ ਜਾਓ, ਅਸੀਂ ਉਹਨੂੰ ਮੁੜਨ ਨਹੀਂ ਦੇਵਾਂਗੇ। ... ਇਹ ਮਾਰਚ ਤਦ ਹੀ ਸਮਾਪਤ ਹੋਵੇਗਾ ਜਦੋਂ ਅਸੀਂ ਅਜਿਹੇ ਲੋਕਾਂ ਨੂੰ ਵਾਹਗਿਉਂ ਪਾਰ ਛੱਡ ਆਵਾਂਗੇ। ... ਇਹ ਸਾਡੀ ਸਹਿਣਸ਼ੀਲਤਾ ਹੀ ਹੈ ਕਿ ਅਸੀਂ ਅਜੇ ਅਰੁਣਧਤੀ ਰਾਏ ਨੂੰ, ਜੋ ਯਾਸਿਨ ਮਲਿਕ ਤੇ ਨਕਸਲੀਆਂ ਨਾਲ ਘੁੰਮਦੀ ਰਹਿੰਦੀ ਹੈ, ਵਾਹਗਿਉਂ ਪਾਰ ਸੁੱਟ ਕੇ ਨਹੀਂ ਆਏ। ... ਲੇਖਕਾਂ ਨੂੰ ਰੋਸ ਪ੍ਰਗਟਾਉਣ ਲਈ ਪੈਸੇ ਦਿੱਤੇ ਗਏ ਹਨਇਸ ਦੇਸ ਨੇ ਉਹਨਾਂ ਨੂੰ ਰੋਟੀ-ਪਾਣੀ ਦਿੱਤਾ, ਇਨਾਮ ਦਿੱਤੇ, ਪਰ ਉਹ ਤਾਂ ਵੀ ਦੇਸ ਨੂੰ ਬਦਨਾਮ ਕਰ ਰਹੇ ਹਨ। ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ!”

‘ਸਹਿਣਸ਼ੀਲਤਾਦੀ ਸਭ ਤੋਂ ਉੱਤਮ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਖ਼ਬਾਰੀ ਤੇ ਟੀਵੀ ਪੱਤਰਕਾਰਾਂ ਨੂੰ ਇਹ ਆਖ ਕੇ ਕਿ ਉਹ ਪੁਰਸਕਾਰ-ਵਾਪਸੀਏ ਸਾਹਿਤਕਾਰਾਂ ਦਾ ਪਰਚਾਰ ਕਰ ਰਹੇ ਹਨ, ਨਾਅਰੇ ਲਾਏ ਜਾਣ ਲੱਗੇ, “ਪਰੈਸਟੀਚਿਊਟੋ, ਜਹੰਨਮ ਵਿਚ ਜਾਓ!” (ਸ਼ਬਦ ਪਰੈਸਟੀਚਿਊਟ ਸਾਬਕਾ ਸੈਨਾ-ਮੁਖੀ ਤੇ ਹੁਣ ਮੋਦੀ ਦੇ ਮੰਤਰੀ ਵੀ.ਕੇ.ਸਿੰਘ ਨੇ ਪਰੌਸਟੀਚਿਊਟ, ਭਾਵ ਵੇਸਵਾ ਵਿਚ ਪਰੈੱਸ ਮਿਲਾ ਕੇ ਸਿਰਜਣ ਦੀ ਅਦੁਭੁਤ ਪ੍ਰਤਿਭਾ ਦਿਖਾਈ ਹੈ।) ਮਾਰਚੀਆਂ ਦੀ ‘ਸਹਿਣਸ਼ੀਲਤਾਏਨੀ ਵਧ ਗਈ ਕਿ ਉਹਨਾਂ ਨੇ ਐਨ ਡੀ ਟੀ ਵੀ ਦੀ ਪੱਤਰਕਾਰ ਲੜਕੀ ਭੈਰਵੀ ਸਿੰਘ ਨੂੰ ਘੇਰ ਕੇ ਪਹਿਲਾਂ ਗਾਲ਼ਾਂ ਦਿੱਤੀਆਂ ਤੇ ਫੇਰ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਕੀਤੀ। ‘ਦੇਸਭਗਤਾਂਤੋਂ ਕਿਵੇਂ ਨਾ ਕਿਵੇਂ ਬਚੀ ਕੁੜੀ ਨੇ ਮਾਰਚ ਦੇ ਜਰਨੈਲ ਅਨੂਪਮ ਖੇਰ ਨੂੰ ਟਵੀਟ ਭੇਜੇ, “ਪਹਿਲਾਂ ਮੈਨੂੰ ਵੈਸ਼ਿਆ ਕਿਹਾ ਗਿਆ ਤੇ ਹੋਰ ਗਾਲ਼ਾਂ ਦਿੱਤੀਆਂ ਗਈਆਂ, ਫੇਰ ਉੱਥੋਂ ਭੱਜ ਕੇ ਨਿਕਲਦੀ ਦਾ ਮੇਰਾ ਪਿੱਛਾ ਕੀਤਾ ਗਿਆ, ਸਿਰਫ਼ ਮੇਰੇ ਇਹ ਕਹਿਣ ਕਰਕੇ ਕਿ ਭਾਰਤ ਦਾ ਰਚਨਾਤਮਿਕ ਵਰਗ ਇਸ ਮੁੱਦੇ ਨੂੰ ਲੈ ਕੇ ਵੰਡਿਆ ਹੋਇਆ ਹੈ।... ਹੁਣ ਮੈਨੂੰ ਟਵਿਟਰ ਰਾਹੀਂ ਵੀ ਭੈਭੀਤ ਕੀਤਾ ਜਾ ਰਿਹਾ ਹੈ।... ਸਿਰਫ਼ ਇਸ ਕਾਰਨ ਕਿ ਮੈਂ ਆਪਣੀ ਗੱਲ ਕਹਿ ਦਿੱਤੀ!”

ਜੇ ਆਰ.ਐੱਸ.ਐੱਸ. ਤੇ ਭਾਜਪਾ ਦੇ ਸਿਆਸਤਦਾਨਾਂ ਅਤੇ ਅਨੂਪਮ ਖੇਰ ਮਾਰਕਾ ‘ਦੇਸਭਗਤਕਲਾਕਾਰਾਂ ਅਨੁਸਾਰ ਸਹਿਣਸ਼ੀਲਤਾ ਦਾ ਅਰਥ ਤੇ ਰੂਪ ਇਹ ਹੈ ਤਾਂ ਫੇਰ ਅਸੀਂ ਜੇਤਲੀ ਦੇ ਲਾਏ ਇਲਜ਼ਾਮ ਅਨੁਸਾਰ ‘ਬੌਧਿਕ ਅਸਹਿਣਸ਼ੀਲਹੀ ਚੰਗੇ!

*****

(120)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author