GurbachanSBhullar7ਕਿਸੇ ਓਪਰੇ ਦੇਸ ਵਿੱਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤਕ ਨਵੇਂ ਪੰਜਾਬੀ ...
(31 ਅਗਸਤ 2023)


ਇਸ ਗੱਲ ਦਾ ਬੜਾ ਮਾਣ ਕੀਤਾ ਜਾਂਦਾ ਹੈ ਕਿ ਸਾਡੇ ਪੰਜਾਬੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਪਹੁੰਚੇ ਹੋਏ ਹਨ ਅਤੇ ਉਹ ਜਿੱਥੇ ਵੀ ਜਾਂਦੇ ਹਨ
, ਪੰਜਾਬ, ਪੰਜਾਬੀ ਤੇ ਪੰਜਾਬੀਅਤ ਆਪਣੇ ਨਾਲ ਲੈ ਕੇ ਜਾਂਦੇ ਹਨ ਇੱਕ ਟੋਟਕਾ ਮਸ਼ਹੂਰ ਹੈ ਕਿ ਜਦੋਂ ਅਮਰੀਕੀ ਪੁਲਾੜ-ਯਾਤਰੀ ਚੰਦ ਉੱਤੇ ਪਹੁੰਚਣ ਵਾਲੇ ਪਹਿਲੇ ਮਨੁੱਖ ਹੋਣ ਦੇ ਦਾਅਵੇ ਨਾਲ ਉੱਤਰੇ, ਅੱਗੇ ਇੱਕ ਪੰਜਾਬੀ ਆਪਣੇ ਛੱਪਰ ਦੇ ਮੱਥੇ ਉੱਤੇ ਗੁਰਮੁਖੀ ਵਿੱਚ ‘ਸ਼ੇਰੇ ਪੰਜਾਬ ਢਾਬਾ’ ਲਿਖ ਕੇ ਬੈਠਾ ਪਕੌੜੇ ਤਲ਼ ਰਿਹਾ ਸੀਕਿਹਾ ਜਾਂਦਾ ਹੈ, “ਪੰਜਾਬੀ ਪਰਵਾਸੀਆਂ ਨੇ ਹਰ ਥਾਂ ਪੰਜਾਬੀਅਤ ਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿੱਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ ਉੱਥੇ ਉਹ, ਭਾਵੇਂ ਗੁਰਦੁਆਰਿਆਂ ਵਿੱਚ ਹੀ ਸਹੀ, ਅਗਲੀ ਪੀੜ੍ਹੀ ਨੂੰ ਪੰਜਾਬੀ ਪੜ੍ਹਾ ਰਹੇ ਹਨਅਨੇਕ ਲੇਖਕ ਪੰਜਾਬੀ ਸਾਹਿਤ ਰਚ ਰਹੇ ਹਨ ਤੇ ਵੱਡੇ-ਵੱਡੇ ਸਾਹਿਤਕ ਸਮਾਗਮ ਹੁੰਦੇ ਹਨਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਗਈ ਹੈ।” ਇਹ ਗੱਲ ਆਮ ਕਰ ਕੇ ਸੋਚੀ ਹੀ ਨਹੀਂ ਜਾਂਦੀ ਕਿ ਇਹ ਸਭ ਕੁਛ ਕਿਹੜੇ ਪੰਜਾਬੀ ਕਰ ਰਹੇ ਹਨ! ਸ਼ਬਦ ‘ਕੌਮਾਂਤਰੀ’ ਨੂੰ ਵੀ ਕਈ ਪੰਜਾਬੀ ਦੱਬ-ਘੁੱਟ ਕੇ ਆਪਣੀ ਸੋਚ ਦੇ ਮੇਚ ਦਾ ਕਰ ਲੈਂਦੇ ਹਨ ਇੱਕ ਵਾਰ ਕਿਸੇ ਨੇ ਕਿਸੇ ਨੂੰ ‘ਕੌਮਾਂਤਰੀ ਕਵੀਸ਼ਰ’ ਲਿਖਿਆਮੈਂ ਪੁੱਛਿਆ, ਉਹ ਕੀ ਹੁੰਦਾ ਹੈ? ਉੱਤਰ ਮਿਲਿਆ, ਇਹ ਇੱਕ ਵਾਰ ਪਾਕਿਸਤਾਨ ਵਿੱਚ ਕਵੀਸ਼ਰੀ ਗਾ ਆਇਆ ਹੈ!

ਪਰਦੇਸਾਂ ਤੋਂ ਫੋਨ ਕਰਦੇ ਮਿਹਰਬਾਨ ਪਾਠਕਾਂ ਨੂੰ ਮੈਂ ਉਚੇਚਾ ਪੁੱਛਦਾ ਹਾਂ ਕਿ ਤੁਹਾਡੇ ਘਰ-ਪਰਿਵਾਰ ਵਿੱਚ ਪੰਜਾਬੀ ਅਖ਼ਬਾਰ ਕੌਣ-ਕੌਣ ਪੜ੍ਹਦਾ ਹੈ? ਸਭ ਦੇ ਜਵਾਬਾਂ ਵਿੱਚ ਸਾਂਝੀ ਗੱਲ ਇਹੋ ਹੁੰਦੀ ਹੈ ਕਿ ਪਰਿਵਾਰ ਦੇ ਇੱਧਰੋਂ ਗਏ ਵੱਡੇ ਜੀਅ ਹੀ ਨਜ਼ਰ ਮਾਰਦੇ ਹਨਜੇ ਬੱਚਿਆਂ ਬਾਰੇ ਪੁੱਛੀਏ, ਜਵਾਬ ਮਿਲਦਾ ਹੈ, “ਵਾਹਿਗੁਰੂ ਵਾਹਿਗੁਰੂ ਕਰੋ ਜੀ! ਪੜ੍ਹਨੇ ਤਾਂ ਦੂਰ ਦੀ ਗੱਲ ਹੈ, ਉਹ ਤਾਂ ਇਹਨਾਂ ਵੱਲ ਝਾਕਦੇ ਵੀ ਨਹੀਂ!” ਜਿਹੜੇ ਲੋਕ ਉੱਧਰ ਜੰਮੀ ਪੀੜ੍ਹੀ ਨੂੰ ਘਰੇ ਜਾਂ ਗੁਰਦੁਆਰੇ ਵਿੱਚ ਪੰਜਾਬੀ ਸਿਖਾਉਣ-ਪੜ੍ਹਾਉਣ ਦੀ ਰੀਝ ਪਾਲ਼ਦੇ ਹਨ, ਉਹ ਬੱਚੇ ਦੇ ਵੱਡਾ ਹੋਣ ਦੇ ਨਾਲ ਹੀ ਨਿਹਫਲ ਹੋ ਜਾਂਦੀ ਹੈਭਾਸ਼ਾ ਵਰਤਿਆਂ ਹੀ ਬੰਦੇ ਨਾਲ ਜੁੜੀ ਰਹਿ ਸਕਦੀ ਹੈਅਣਵਰਤੀ ਭਾਸ਼ਾ ਦਾ ਸ਼ਬਦ-ਸਮੂਹ ਤੇ ਸੁਹੱਪਣ ਹੌਲ਼ੀ-ਹੌਲ਼ੀ ਮਨ ਵਿੱਚੋਂ ਕਿਰਦਾ ਜਾਂਦਾ ਹੈਜਦੋਂ ਕੋਸ਼ਿਸ਼ਾਂ ਨਾਲ ਪੰਜਾਬੀ ਸਿਖਾਏ ਬੱਚਿਆਂ ਨੂੰ ਆਲੇ-ਦੁਆਲੇ, ਸਕੂਲ ਵਿੱਚ, ਦੋਸਤਾਂ ਨਾਲ, ਮਾਲਾਂ-ਬਜ਼ਾਰਾਂ ਵਿੱਚ ਪੰਜਾਬੀ ਬੋਲਣ ਦਾ ਮੌਕਾ ਨਹੀਂ ਮਿਲਦਾ, ਉਹਦੇ ਵਿਸਰਨ ਦਾ ਅਮਲ ਸ਼ੁਰੂ ਹੋ ਜਾਂਦਾ ਹੈ

ਇੱਕ ਪਰਬਤ-ਲੜੀ ਦੀ ਮੂਹਰਲੀ ਪਹਾੜੀ ਉੱਤੇ ਬਣਿਆ ਹੋਣ ਸਦਕਾ ਸਾਨ ਹੋਜ਼ੇ ਦਾ ਗੁਰਦੁਆਰਾ ਤਾਂ ਖ਼ੂਬਸੂਰਤ ਹੈ ਹੀ, ਉੱਥੋਂ ਪੈਰਾਂ ਵਿੱਚ ਵਿਛੇ ਸਾਨ ਫ਼ਰਾਂਸਿਸਕੋ ਦਾ ਨਜ਼ਾਰਾ ਵੀ ਬੜਾ ਸੁੰਦਰ ਦਿਸਦਾ ਹੈ, ਖਾਸ ਕਰ ਕੇ ਰਾਤ ਨੂੰਦੂਰ-ਦੂਰ ਤਕ ਸ਼ਹਿਰੀ ਰੌਸ਼ਨੀਆਂ ਜਿਵੇਂ ਸਮੁੰਦਰ ਵਿੱਚ ਲੱਖਾਂ ਦੀਵੇ ਤੈਰ ਰਹੇ ਹੋਣ ਉੱਥੇ ਜਾਣ ਦਾ ਇੱਕ ਤੋਂ ਵੱਧ ਵਾਰ ਸਬੱਬ ਬਣਿਆਜੇ ਭੋਜਨ ਦਾ ਵੇਲਾ ਹੁੰਦਾ, ਅਸੀਂ ਲੰਗਰ ਵੀ ਛਕਦੇ ਇੱਕ ਦਿਨ ਪ੍ਰਸ਼ਾਦੇ ਵਰਤਾਉਂਦੀ 18-20 ਸਾਲ ਦੀ ਲੜਕੀ ਨੂੰ ਮੈਂ ਕਿਹਾ, “ਬੇਟਾ, ਬੱਸ ਸਵਾ ਲੱਖ ਪ੍ਰਸ਼ਾਦਾ!” ਉਹ ਬੋਲੀ, “ਵ੍ਹਟ ਅੰਕਲ?” ਮੈਂ ਆਪਣੀ ਭੁੱਲ ਸੋਧਦਿਆਂ ਕਿਹਾ, “ਓਨਲੀ ਵਨ …” ਤੇ ਅੱਗੇ ਮੈਨੂੰ ਪ੍ਰਸ਼ਾਦੇ ਜਾਂ ਰੋਟੀ ਦੀ ਅੰਗਰੇਜ਼ੀ ਨਾ ਆਈ ਪਰ “ਓਨਲੀ ਵਨ” ਨੇ ਕੰਮ ਸਾਰ ਦਿੱਤਾ ਇੱਕ ਹੋਰ ਦਿਨ ਅਸੀਂ ਉਸੇ ਗੁਰਦੁਆਰੇ ਵਿੱਚ ਗਏ ਤਾਂ ਲੰਗਰ ਕਿਸੇ ਪਰਿਵਾਰ ਵੱਲੋਂ ਸੀਸੱਤ-ਅੱਠ ਸਾਲਾਂ ਦੀ ਉਮਰ ਦੇ ਇੱਕ ਬੱਚੇ ਕੋਲ ਪ੍ਰਸ਼ਾਦਿਆਂ ਦਾ ਛੋਟਾ ਜਿਹਾ ਛਾਬਾ ਸੀ ਅਤੇ ਇੱਕ ਬੱਚੀ ਕੋਲ ਛੋਟੀ ਜਿਹੀ ਬਾਲਟੀ ਵਿੱਚ ਸਬਜ਼ੀ ਸੀਉਹ ਪੰਗਤ ਕੋਲੋਂ ਲੰਘਦੇ “ਪ੍ਰਸ਼ਾਦਾ ਵਾਹਿਗੁਰੂ” ਤੇ “ਸਬਜ਼ੀ ਵਾਹਿਗੁਰੂ” ਦੁਹਰਾ ਰਹੇ ਬੜੇ ਹੀ ਪਿਆਰੇ ਲਗਦੇ ਸਨਸਾਨੂੰ ਖ਼ੁਸ਼ ਤੇ ਅਚੰਭਿਤ ਹੋ ਕੇ ਉਹਨਾਂ ਵੱਲ ਦੇਖਦਿਆਂ ਦੇਖ ਕੇ ਸਾਡੇ ਕੋਲ ਬੈਠਾ ਇੱਕ ਸੱਜਣ, ਸ਼ਾਇਦ ਇਹ ਸੋਚ ਕੇ ਕਿ ਅਸੀਂ ਉਹਨਾਂ ਦੀ ਪੰਜਾਬੀ ਤੋਂ ਪ੍ਰਭਾਵਿਤ ਹੋਏ ਹਾਂ, ਮੁਸਕਰਾਇਆ, “ਬੱਸ ਜੀ, ਇਹਨਾਂ ਨੂੰ ਇੰਨੀ ਕੁ ਪੰਜਾਬੀ ਹੀ ਆਉਂਦੀ ਹੈ! ਫਰਰ-ਫਰਰ ਤਾਂ ਇਹ ਅੰਗਰੇਜ਼ੀ ਹੀ ਬੋਲਦੇ ਨੇ।”

ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਦੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀਪਰਦੇਸਾਂ ਵਿੱਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇੱਧਰ ਬਿਤਾ ਕੇ ਗਏ ਹਨਉਹਨਾਂ ਦੇ ਧੀਆਂ-ਪੁੱਤ ਉਹਨਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਲੋੜ ਨਾ ਹੋਣ ਕਰਕੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂਅੱਗੋਂ ਉਹਨਾਂ ਦੇ ਬੱਚੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈਕਿਸੇ ਦੇਸ ਦੇ ਭਾਸ਼ਾਈ-ਸੱਭਿਆਚਾਰਕ ਸਮੁੰਦਰ ਵਿੱਚ ਬਾਹਰੋਂ ਜਾ ਕੇ ਪਈ ਕਿਸੇ ਭਾਸ਼ਾ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਹੋਂਦ ਬਣਾਈ ਰੱਖਣ ਦੀ ਆਸ ਕਰਨਾ ਸਿਆਣਪ ਨਹੀਂਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਵੱਡਿਆਂ ਨਾਲ ਮਿਲ ਕੇ ਦੇਸੀ ਤਿਹਾਰ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਸਥਾਨਕ ਤਿਹਾਰ ਮਨਾਉਣ ਦਾ ਵਧੇਰੇ ਉਤਸ਼ਾਹ ਦਿਖਾਉਂਦੀਆਂ ਹਨਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ

ਕਾਫ਼ੀ ਪੁਰਾਣੀ ਗੱਲ ਹੈ, ਬਠਿੰਡਾ ਤੋਂ ਗੱਡੀ ਵਿੱਚ ਮੇਰੇ ਸਾਹਮਣੇ ਪੂਰੇ ਪੰਜਾਬੀ ਲਿਬਾਸ ਵਿੱਚ ਦੋ ਗੋਰਖਾ ਮੁਟਿਆਰਾਂ ਬੈਠੀਆਂ ਸਨਸਾਰੇ ਰਾਹ ਉਹ ਆਪਸ ਵਿੱਚ ਨਾ ਸਿਰਫ਼ ਪੰਜਾਬੀ ਵਿੱਚ ਸਗੋਂ ਸਾਡੇ ਪਿੰਡਾਂ ਦੇ ਲਹਿਜ਼ੇ ਵਾਲੀ ਪੰਜਾਬੀ ਵਿੱਚ ਗੱਲਾਂ ਕਰਦੀਆਂ ਰਹੀਆਂਸਬੱਬ ਨਾਲ ਉਹ ਵੀ ਮੇਰੇ ਸ਼ਹਿਰ ਰਾਮਪੁਰਾ ਫੂਲ ਹੀ ਉੱਤਰੀਆਂਮੇਰੇ ਦੋਸਤ ਨੇ ਦੱਸਿਆ, ਉਹਨਾਂ ਦਾ ਨਿਪਾਲੀ ਪਿਤਾ ਜਵਾਨੀ ਵੇਲੇ ਤੋਂ ਉੱਥੇ ਸਰਕਾਰੀ ਹਸਪਤਾਲ ਵਿੱਚ ਸੇਵਾਦਾਰ ਲੱਗਿਆ ਹੋਇਆ ਸੀ ਤੇ ਉਹਦੇ ਬੱਚੀਆਂ-ਬੱਚੇ ਇੱਥੇ ਹੀ ਜੰਮੇ-ਪਲ਼ੇ ਸਨਪੰਜਾਬ ਵਿੱਚ ਹੁਣ ਉੱਤਰ ਪ੍ਰਦੇਸ਼ੀਆਂ ਤੇ ਬਿਹਾਰੀਆਂ ਦਾ ਪੰਜਾਬੀਕਰਨ ਤੁਹਾਡੇ ਸਾਹਮਣੇ ਹੈ ਇੱਕ ਵਾਰ ਮੈਂ ਖੇਤ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦੇ ਘਰ ਗਿਆਖੇਤ ਵਿੱਚ ਸਬਜ਼ੀਆਂ ਲਾਉਣ ਵਾਸਤੇ ਰੱਖਿਆ ਹੋਇਆ ਮਾਲੀ ਪਰਿਵਾਰ ਸਮੇਤ ਉਹਨਾਂ ਦੇ ਘਰ ਦੇ ਇੱਕ ਹਿੱਸੇ ਵਿੱਚ ਹੀ ਰਹਿ ਰਿਹਾ ਸੀਉਹ ਕਈ ਸਾਲ ਤੋਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੀ ਕੰਮ ਕਰਦਾ ਸੀਉਹਨਾਂ ਦੇ ਬੇਟਾ-ਬੇਟੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨਉਹ ਤੇ ਉਹਦੀ ਪਤਨੀ ਤਾਂ ਭੋਜਪੁਰੀ ਤੇ ਪੰਜਾਬੀ ਦੀ ਖਿਚੜੀ ਬੋਲਦੇ ਸਨ ਪਰ ਦੋਵੇਂ ਬੱਚੇ ਵਧੀਆ ਪੰਜਾਬੀ ਵਿੱਚ ਹੀ ਬੋਲ ਰਹੇ ਸਨਅਨੇਕ ਉੱਤਰ ਪ੍ਰਦੇਸ਼ੀ ਤੇ ਬਿਹਾਰੀ ਉਹਨਾਂ ਨੂੰ ਗ਼ੈਰ-ਪੰਜਾਬੀ ਸਮਝ ਕੇ ਬੋਲੀ ਤੁਹਾਡੀ ਹਿੰਦੀ ਦਾ ਜਵਾਬ ਪੰਜਾਬੀ ਵਿੱਚ ਦਿੰਦੇ ਹਨਕਈਆਂ ਨੇ ਕਿਸੇ ਬਾਹਰਲੇ ਦਖ਼ਲ ਜਾਂ ਦਬਾਅ ਤੋਂ ਬਿਨਾਂ, ਆਪਣੀ ਖੁਸ਼ੀ ਨਾਲ ਹੀ ਦਾੜ੍ਹੀ-ਕੇਸ ਰੱਖ ਲਏ ਹਨ ਤੇ ਪੱਗਾਂ ਬੰਨ੍ਹ ਲਈਆਂ ਹਨ

ਜਿੱਥੋਂ ਤਕ ਪਰਦੇਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ, ਪੰਜਾਬੀਆਂ ਦੇ ਵਸੇਵੇ ਵਾਲੇ ਇਲਾਕਿਆਂ ਵਿੱਚ ਸੜਕਾਂ ਦੇ ਨਾਂ ਗੁਰਮੁਖੀ ਵਿੱਚ ਲਿਖੇ ਜਾਣ, ਆਦਿ ਦਾ ਸੰਬੰਧ ਹੈ, ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿੱਚ ਕਿਸੇ ਭਾਸ਼ਾ ਲਈ ਅਜਿਹੀਆਂ ਸਹੂਲਤਾਂ ਹਾਸਲ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉੱਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਸਾਡੇ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂਪਰਦੇਸਾਂ ਵਿੱਚ ਜਿਨ੍ਹਾਂ ਪੰਜਾਬੀ ਸਾਹਿਤ ਸਭਾਵਾਂ ਦੀਆਂ ਬੈਠਕਾਂ ਦੀਆਂ ਖ਼ਬਰਾਂ ਅਤੇ ਸਮਾਗਮਾਂ ਦੀਆਂ ਤਸਵੀਰਾਂ ਛਪਦੀਆਂ ਹਨ, ਉਹਨਾਂ ਵਿੱਚ ਇੱਧਰੋਂ ਜਾ ਕੇ ਵਸੇ ਪੰਜਾਬੀ ਲੇਖਕ, ਉਹਨਾਂ ਦੇ ਪੰਜਾਬੀ ਦੋਸਤ-ਮਿੱਤਰ ਅਤੇ ਜੇ ਸਾਹਿਤ ਤੋਂ ਐਲਰਜੀ ਨਾ ਹੋਵੇ ਤਾਂ ਜੀਵਨ-ਸਾਥੀ ਸ਼ਾਮਲ ਹੁੰਦੇ ਹਨਇਹਨਾਂ ਸਭ ਦੀ ਅਗਲੀ ਪੀੜ੍ਹੀ ਗ਼ੈਰਹਾਜ਼ਰ ਹੁੰਦੀ ਹੈ

ਭਾਸ਼ਾਈ-ਸੱਭਿਆਚਾਰਕ ਸੱਚ ਇਹੋ ਹੈ ਕਿ ਕਿਸੇ ਵੀ ਬਿਗਾਨੇ ਦੇਸ ਵਿੱਚ ਪੰਜਾਬੀ ਭਾਸ਼ਾ ਦਾ ਜੀਵਤ ਰਹਿਣਾ ਸੰਭਵ ਨਹੀਂਬੱਚੇ ਮਾਪਿਆਂ ਦੇ ਕਹਿਆਂ ਇੱਧਰਲੇ ਅਣਦੇਖੇ-ਅਣਜਾਣੇ ਕੁੜੀ-ਮੁੰਡੇ ਨਾਲ ਵਿਆਹ ਤੋਂ ਕੋਰੀ ਨਾਂਹ ਕਰ ਕੇ ਜਦੋਂ ਕਿਸੇ ਸਥਾਨਕ ਦੋਸਤ ਨਾਲ ਵਿਆਹ ਕਰਵਾ ਲੈਂਦੇ ਹਨ, ਉਹਨਾਂ ਦੇ ਅਪੰਜਾਬੀਕਰਨ ਦਾ ਅਮਲ ਪੂਰਾ ਹੋ ਜਾਂਦਾ ਹੈਉਹਨਾਂ ਦੇ ਬੱਚਿਆਂ ਦੇ ਨਾਂ ਵੀ ਗ਼ੈਰ-ਪੰਜਾਬੀ ਹੋ ਜਾਂਦੇ ਹਨ, ਬਹੁਤੀਆਂ ਸੂਰਤਾਂ ਵਿੱਚ ਸਹਿਜ-ਸੁਭਾਵਿਕ ਹੀ ਧਰਮ ਵੀ ਸਥਾਨਕ ਹੋ ਜਾਂਦਾ ਹੈਦਸੰਬਰ 2012 ਵਿੱਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਉਸ ਸਮੇਂ ਦੇ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ, “ਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ, ਦਿੱਖ ਅਤੇ ਭਾਸ਼ਾ ਵਾਲੇ ਮੰਤਰੀ ਨੇ ਹੱਸ ਕੇ ਉੱਤਰ ਦਿੱਤਾ, “ਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।”

ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦਾ ਪੁੱਤ ਭਰਾ ਦਲੀਪ ਸਿੰਘ ਸੌਂਦ ਪਰਿਵਾਰ ਨਾਲ ਮੁੜ ਆਉਣ ਦਾ ਇਕਰਾਰ ਕਰ ਕੇ ਅਮਰੀਕਾ ਪੜ੍ਹਨ ਗਿਆ, ਪਰ ਉੱਥੋਂ ਜੋਗਾ ਹੀ ਹੋ ਗਿਆਆਖ਼ਰ ਉਹਨੇ ਵਿਤਕਰੇਬਾਜ਼ ਨੇਮਾਂ-ਕਾਨੂੰਨਾਂ ਦੀਆਂ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿੱਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ੀਆਈ ਮੈਂਬਰ ਬਣਨ ਦਾ ਕ੍ਰਿਸ਼ਮਾ ਕਰਦਿਆਂ ਦੁਨੀਆ ਨੂੰ ਦੰਗ ਕਰ ਦਿੱਤਾਉਹਨੇ ਆਵਾਸੀਆਂ ਦੇ ਰਾਹ ਦੀਆਂ ਕਾਨੂੰਨੀ ਰੋਕਾਂ ਹਟਵਾਉਣ ਵਿੱਚ ਤਾਂ ਵੱਡੀ ਭੂਮਿਕਾ ਨਿਭਾਈ ਹੀ, ਪਾਰਲੀਮੈਂਟ ਦੇ ਮੈਂਬਰ ਵਜੋਂ ਆਪਣੀ ਸ਼ਾਨਦਾਰ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆਲੰਮੀ ਬੀਮਾਰੀ ਮਗਰੋਂ ਉਹ 22 ਅਪਰੈਲ 1973 ਨੂੰ ਚਲਾਣਾ ਕਰ ਗਿਆ7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿੱਚ ਇਤਿਹਾਸ-ਸਿਰਜਕ ਮੈਂਬਰਾਂ ਦੀ ਗੈਲਰੀ ਵਿੱਚ ਉਹਦਾ ਚਿਤਰ ਲਾਇਆ ਗਿਆਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿੱਚ ਚਿਤਰ ਤੋਂ ਪਰਦਾ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉੱਥੇ ਦੋਵਾਂ ਪਾਸਿਆਂ ਦੇ ਪਰਿਵਾਰਾਂ ਵਿੱਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ

ਉੱਧਰ ਜੰਮੇ ਬੱਚੇ ਆਪਣੇ ਪੰਜਾਬੀ-ਭਾਰਤੀ ਹੋਣ ਦੀ ਕਲਪਨਾ ਨਹੀਂ ਕਰ ਸਕਦੇਘਰ ਦੇ ਵੱਡੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਵਾਰਿਸ ਸਮਝਦੇ ਹਨ, ਉਹ ਆਪਣੇ ਆਪ ਨੂੰ ਜਨਮ ਵਾਲੇ ਦੇਸ ਦੇ ਨਾਗਰਿਕ ਸਮਝਦੇ ਹਨ ਇੱਕ ਸ਼ਾਮ ਖੇਡ-ਲੇਖਕ ਸਰਵਣ ਸਿੰਘ ਸਾਡੇ ਘਰ ਆਏ ਤਾਂ ਉਹਨਾਂ ਨਾਲ ਇੱਕ ਕੈਨੇਡਾ-ਵਾਸੀ ਦੋਸਤ ਤੇ ਉਹਦੇ ਦੋ ਜਵਾਨ ਬੇਟੇ ਸਨਉਹ ਤਾਜ-ਮਹੱਲ ਦੇਖ ਕੇ ਆਏ ਸਨਸੰਤੋਖ ਸਿੰਘ ਧੀਰ ਪਹਿਲਾਂ ਹੀ ਆਏ ਹੋਏ ਸਨਖ਼ੁਸ਼ੀਆਂ-ਭਰਿਆ ਮਾਹੌਲ ਬਣ ਗਿਆਮੈਂ ਦੇਖਿਆ, ਸਾਡੀ ਹਾਹਾ-ਹੋਹੋ ਵਿੱਚ ਦੋਵੇਂ ਮੁੰਡੇ ਨੀਵੀਆਂ ਪਾਈ ਬੈਠੇ ਸਨਮੈਂ ਆਖਿਆ, “ਬੇਟਾ, ਤੁਸੀਂ ਆਰਾਮ ਕਰਨਾ ਚਾਹੋਗੇ?”

ਉਹਨਾਂ ਦੇ ਚਿਹਰੇ ਅਧਖਿੜੇ ਫੁੱਲਾਂ ਵਰਗੇ ਹੋ ਗਏਕਮਰੇ ਵਿੱਚ ਲਿਜਾ ਕੇ ਮੈਂ ਉਹਨਾਂ ਨੂੰ ਚਾਹ-ਕੌਫ਼ੀ ਦੇ ਨਾਲ ਸਿਰ ਦੁਖਦੇ ਦੀ ਗੋਲ਼ੀ ਵੀ ਪੁੱਛੀ ਤਾਂ ਫੁੱਲ ਪੂਰੇ ਖਿੜ ਗਏਜਦੋਂ ਮੈਂ ਮੁੜਿਆ, ਦੋਸਤ ਬੋਲਿਆ, “ਏਨਾ ਖ਼ਰਚ ਕਰ ਕੇ ਮੈਂ ਇਹਨਾਂ ਨੂੰ ਇਹਨਾਂ ਦਾ ਦੇਸ ਦਿਖਾਉਣ ਲਿਆਇਆ ਹਾਂ, ਇਹ ਇਉਂ ਮੂੰਹ ਲਟਕਾਈ ਫਿਰਦੇ ਨੇ!”

ਧੀਰ ਜੀ ਕਹਿੰਦੇ, “ਭਾਈ, ਜਿਹੜਾ ਦੇਸ ਤੂੰ ਇਹਨਾਂ ਨੂੰ ਦਿਖਾਉਣ ਲਿਆਇਆ ਹੈਂ, ਉਹ ਇਹਨਾਂ ਦਾ ਨਹੀਂ, ਤੇਰਾ ਦੇਸ ਹੈਜਦੋਂ ਇਹ ਆਪਣੇ ਦੇਸ ਪਹੁੰਚੇ, ਮੌਜ ਨਾਲ ਸੁਖ ਦਾ ਸਾਹ ਲੈਣਗੇ।”

ਮਗਰੋਂ ਧੀਰ ਜੀ ਨੇ ਇਸ ਘਟਨਾ ਨੂੰ ਲੈ ਕੇ ਕਹਾਣੀ ਵੀ ਲਿਖੀ

ਇੰਨਾ ਹੀ ਨਹੀਂ, ਓਧਰ ਜੰਮੇ-ਪਲ਼ੇ ਬੱਚੇ ਮਾਪਿਆਂ ਦੇ ਇੱਧਰੋਂ ਗਏ ਹੋਏ ਜਾਂ ਉੱਧਰ ਵਸੇ ਹੋਏ ਪੰਜਾਬੀ ਰਿਸ਼ਤੇਦਾਰਾਂ ਨੂੰ ਮਿਲ ਕੇ ਵੀ ਕੋਈ ਅਪਣੱਤ ਮਹਿਸੂਸ ਨਹੀਂ ਕਰਦੇ ਇੱਕ ਵਾਰ ਇੰਗਲੈਂਡ ਵਸੇ ਹੋਏ ਮੇਰੇ ਮਿੱਤਰ ਨੇ, ਜੋ ਪੰਜਾਬੀ ਦਾ ਮਸ਼ਹੂਰ ਲੇਖਕ ਸੀ, ਦੱਸਿਆ ਕਿ ਉਹਦੇ ਉੱਧਰ ਜੰਮੇ-ਪਲ਼ੇ ਦੋਵੇਂ ਪੁੱਤਰ ਉੱਚੀ ਪੜ੍ਹਾਈ ਕਰ ਕੇ ਆਪਣੇ ਕਿੱਤੇ ਵਿੱਚ ਚੰਗੇ ਸਫਲ ਸਨਪੁੱਤਰ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਨਵੱਡੇ ਡਰਾਇੰਗ ਰੂਮ ਦਾ ਜੋ ਦਰਵਾਜ਼ਾ ਉਹ ਵਰਤਦੇ ਸਨ, ਪੌੜੀਆਂ ਉਹਦੇ ਸਾਹਮਣੇ ਸਨਸੋਫ਼ੇ ਦੂਜੇ ਪਾਸੇ ਸਨਉਹਨਾਂ ਦੇ ਕਈ ਰਿਸ਼ਤੇਦਾਰ ਵੀ ਦੂਰ-ਨੇੜੇ ਰਹਿੰਦੇ ਸਨਉਹ ਕਹਿੰਦਾ, “ਜਦੋਂ ਕੋਈ ਪੁੱਤਰ ਬਾਹਰੋਂ ਆਉਂਦਾ ਹੈ ਤੇ ਸ਼ੀਸ਼ੇ ਵਿੱਚੋਂ ਕਿਸੇ ਰਿਸ਼ਤੇਦਾਰ ਨੂੰ ਬੈਠਾ ਦੇਖ ਲੈਂਦਾ ਹੈ, ਉਹ ਇੱਧਰ ਦੇਖੇ ਬਿਨਾਂ ਬਿੱਲੀ ਵਾਂਗ ਦੱਬੇ ਪੈਰੀਂ ਪੌੜੀਆਂ ਜਾ ਚੜ੍ਹਦਾ ਹੈਮੈਂ ਉਹਨੂੰ ਦੋ-ਤਿੰਨ ਪੌੜੀਆਂ ਚੜ੍ਹਨ ਦਿੰਦਾ ਹਾਂ ਤੇ ਫੇਰ ਆਖਦਾ ਹਾਂ, ਬੇਟਾ, ਤੇਰੇ ਮਾਮਾ ਜੀ ਆਏ ਹੋਏ ਨੇਉਹ ਹਝੋਕੇ ਨਾਲ ਧੌਣ ਮੋੜ ਕੇ ਆਖਦਾ ਹੈ, ਓ … ਮਾਮਾ ਜੀ! - ਆ ਕੇ ਮਸ਼ੀਨੀ ਢੰਗ ਨਾਲ ਓਕੇ … ਓਕੇ … ਦਾ ਵਟਾਂਦਰਾ ਕਰਦਾ ਹੈ ਤੇ ਪੌੜੀ ਜਾ ਚੜ੍ਹਦਾ ਹੈ।”

ਇਸ ਲਈ ਪਰਦੇਸਾਂ ਵਿੱਚ ਉੱਚੇ ਝੂਲਦੇ ਝੰਡਿਆਂ ਦੀ ਕਲਪਨਾ ਕਰਦਿਆਂ ਪੰਜਾਬੀ ਅਤੇ ਪੰਜਾਬੀਅਤ ਦਾ ਉੱਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈਕਿਸੇ ਓਪਰੇ ਦੇਸ ਵਿੱਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤਕ ਨਵੇਂ ਪੰਜਾਬੀ ਉੱਥੇ ਪਹੁੰਚਦੇ ਰਹਿਣਗੇਕੁਦਰਤੀ ਹੈ ਕਿ ਕਿਸੇ ਵੀ ਦੇਸ ਦਾ ਫਾਟਕ ਆਵਾਸੀਆਂ ਵਾਸਤੇ ਸਦਾ-ਸਦਾ ਲਈ ਖੁੱਲ੍ਹਾ ਨਹੀਂ ਰਹਿ ਸਕਦਾਜਦੋਂ ਉਹਦਾ ਆਵਾਸੀਆਂ ਦੀ ਲੋੜ ਦਾ ਕਟੋਰਾ ਨੱਕੋ-ਨੱਕ ਭਰ ਗਿਆ, ਜੋ ਆਖ਼ਰ ਕਦੀ ਤਾਂ ਜ਼ਰੂਰ ਭਰੇਗਾ ਹੀ, ਉਹ ਫਾਟਕ ਬੰਦ ਕਰ ਕੇ ਅੰਦਰ ਜਿੰਦਾ ਲਾ ਲਵੇਗਾਇਹਦੇ ਨਾਲ ਹੀ ਉਸ ਦੇਸ ਵਿੱਚ ਪੰਜਾਬੀ ਤੇ ਪੰਜਾਬੀਅਤ ਦੇ ਲਗਾਤਾਰ ਪਤਲੇ ਪੈਂਦੇ ਜਾਣ ਦਾ ਕੁਦਰਤੀ ਅਮਲ ਸ਼ੁਰੂ ਹੋ ਜਾਵੇਗਾ

ਪੰਜਾਬੀ ਤੇ ਪੰਜਾਬੀਅਤ ਦੇ ਕੌਮਾਂਤਰੀ ਬਣ ਗਈ ਹੋਣ ਦਾ ਭਰਮ ਪਾਲਦੇ ਅਸੀਂ ਪੰਜਾਬ ਵਿੱਚ ਪੰਜਾਬੀ ਦੀ ਹਾਲਤ ਵੱਲ ਵੀ ਲੋੜੀਂਦੀ ਜਾਗਦੀ ਨਜ਼ਰ ਨਾਲ ਨਹੀਂ ਦੇਖ ਰਹੇਇਹ ਗੱਲ ਅਸੀਂ ਜਿੰਨੀ ਛੇਤੀ ਸਮਝ ਲਵਾਂਗੇ, ਓਨਾ ਹੀ ਚੰਗਾ ਹੋਵੇਗਾ ਕਿ ਪੰਜਾਬੀ ਤੇ ਪੰਜਾਬੀਅਤ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਹਨਾਂ ਦਾ ਝੰਡਾ ਪੰਜਾਬ ਵਿੱਚ ਹੀ ਉੱਚਾ ਝੁਲਾਉਣਾ ਪਵੇਗਾਸਾਡੀ ਭਾਸ਼ਾਈ-ਸੱਭਿਆਚਾਰਕ ਬਦਕਿਸਮਤੀ ਹੈ ਕਿ ਹੋ ਇਸ ਤੋਂ ਉਲਟ ਰਿਹਾ ਹੈਖਾਸ ਕਰ ਕੇ ਪਿਛਲੇ ਪੱਚੀ-ਤੀਹ ਸਾਲਾਂ ਵਿੱਚ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬੀ ਤੇ ਪੰਜਾਬੀਅਤ ਦਾ ਜੋ ਬੇੜਾ ਗ਼ਰਕ ਕੀਤਾ ਹੈ, ਵੱਡੀ ਲੋੜ ਉਹਨੂੰ ਉਸ ਨਿਘਾਰ ਵਿੱਚੋਂ ਕੱਢ ਕੇ ਤਰੱਕੀ ਦੇ ਰਾਹ ਉੱਤੇ ਪਾਉਣ ਦੀ ਹੈਇਹ ਕਾਰਜ ਪੰਜਾਬੀ ਲੇਖਕਾਂ, ਪਾਠਕਾਂ, ਸੂਝਵਾਨ ਲੋਕਾਂ ਅਤੇ ਸਭ ਤੋਂ ਵਧ ਕੇ ਪੰਜਾਬ ਸਰਕਾਰ ਦੇ ਗੰਭੀਰ ਤੇ ਸੱਚੇ ਦਿਲ ਦੇ ਜਤਨ ਲੋੜਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4187)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author