“ਬੇਦੀ ਜੀ ਹੱਸੇ, “ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ...”
(22 ਨਵੰਬਰ 2018)
ਇਸ ਵੀਰਵਾਰ ਸਾਡੇ ਮਾਣਯੋਗ ਬਜ਼ੁਰਗ ਲੇਖਕ ਰਤਨ ਸਿੰਘ ਜੀ ਦਾ ਜਨਮ-ਦਿਨ ਸੀ। ਉਹਨਾਂ ਨੇ 91 ਵਰ੍ਹੇ ਪਾਰ ਕਰ ਕੇ 92ਵੇਂ ਵਿਚ ਪੈਰ ਰੱਖ ਲਿਆ ਹੈ। ਮੈਂ ਪੁੱਛਿਆ, “ਕੀ ਹਾਲ਼ ਹੈ?” ਉੱਤਰ ਉਹੋ ਹੀ ਮਿਲਿਆ, ਹਰ ਵਾਰ ਵਾਲ਼ਾ, ਦਮਦਾਰ ਤੇ ਟੁਣਕਦਾ, “ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!” ਮੈਂ ਕਿਹਾ, “ਰਿਵਾਜਨ ਤੁਹਾਨੂੰ ਜਨਮ-ਦਿਨ ਦੀ ਮੁਬਾਰਕ ਦੇ ਦਿੰਦਾ ਹਾਂ, ਪਰ ਇਹ ਤਾਂ ਜਨਮ-ਦਿਨੀਆਂ ਹਨ, ਜਨਮ-ਦਿਨ ਤਾਂ ਤੁਹਾਡਾ ਦਸ ਸਾਲਾਂ ਨੂੰ ਮਨਾਵਾਂਗੇ।” ਉਹ ਹੱਸ ਕੇ ਬੋਲੇ, “ਉਹ ਕਿਉਂ?” ਮੈਂ ਦੱਸਿਆ, “ਸ਼ਬਦ ਸ਼ਤਾਬਦੀ ਤਾਂ ਲੋਕਾਂ ਨੇ ਵਰਤ ਵਰਤ ਕੇ ਘਸਾ ਦਿੱਤਾ ਹੈ, ਆਪਾਂ ਇਕੋਤਰ ਸੌਵਾਂ ਸਾਲ ਮਨਾਵਾਂਗੇ।”
ਰਤਨ ਸਿੰਘ ਨਾਲ਼ ਮੇਰੀ ਜਾਣ-ਪਛਾਣ ਰਾਮ ਸਰੂਪ ਅਣਖੀ ਰਾਹੀਂ ਹੋਈ। ਅਣਖੀ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਜਦੋਂ ਉਹਨੇ ਆਪਣਾ ਤ੍ਰੈਮਾਸਕ ਕੱਢਿਆ, ਉਹ ਅਕਸਰ ਮੇਰੇ ਨਾਲ਼ ਸਲਾਹਾਂ ਕਰਦਾ। ਇੱਕ ਦਿਨ ਕਹਿੰਦਾ, “ਪੰਜਾਬੀ ਮੂਲ ਦੇ ਉਰਦੂ ਲੇਖਕ ਰਤਨ ਸਿੰਘ ਮੇਰੇ ਵਾਕਿਫ਼ ਹਨ। ਉਹ ਆਪਣੇ ਲਈ ਕੋਈ ਕਾਲਮ ਲਿਖ ਸਕਦੇ ਹਨ। ਉਹਨਾਂ ਨੂੰ ਕੀ ਸੁਝਾਅ ਦੇਈਏ?” ਮੈਂ ਕਿਹਾ, “ਪੰਜਾਬ ਦੇ ਜੰਮ-ਪਲ ਉਰਦੂ ਲੇਖਕਾਂ ਬਾਰੇ ਆਮ ਜਾਣਕਾਰੀ ਦਿੰਦੀ ਹੋਈ ਲੜੀ ਲਿਖਣ ਲਈ ਕਹਿ।” ਰਤਨ ਸਿੰਘ ਜੀ ਨੇ ਉਹ ਲੜੀ ਛੋਟੇ ਛੋਟੇ ਲੇਖਾਂ ਦੇ ਰੂਪ ਵਿਚ ਸ਼ੁਰੂ ਕੀਤੀ, ਜਿਨ੍ਹਾਂ ਵਿਚ ਉਹਨਾਂ ਦੇ ਜੀਵਨ ਤੇ ਰਚਨਾਵਾਂ ਦੀ ਜਾਣਕਾਰੀ ਤੋਂ ਇਲਾਵਾ ਦਿਲਚਸਪ ਟੋਟਕਿਆਂ ਦਾ ਰਸ ਵੀ ਭਰਿਆ ਹੋਇਆ ਹੁੰਦਾ ਸੀ। ਪਾਠਕਾਂ ਵਿਚ ਉਹ ਲੇਖ ਬੜੇ ਹਰਮਨਪਿਆਰੇ ਸਿੱਧ ਹੋਏ। ਮੈਂ ਵੀ ਉਹਨਾਂ ਨਾਲ਼ ਅਕਸਰ ਛਪਦਾ ਰਹਿੰਦਾ ਸੀ। ਕੁਝ ਸਮੇਂ ਮਗਰੋਂ ਅਸੀਂ ਫੋਨੋ-ਫੋਨੀ ਹੋਣ ਲੱਗ ਪਏ। ਪਰ ਇਸ ਸੰਪਰਕ ਤੋਂ ਇਲਾਵਾ ਮੈਂ ਉਹਨਾਂ ਨੂੰ ਕਿਤੇ ਮਿਲਣਾ ਤਾਂ ਦੂਰ, ਅਜੇ ਤੱਕ ਉਹਨਾਂ ਦੀ ਤਸਵੀਰ ਵੀ ਨਹੀਂ ਸੀ ਦੇਖੀ।
ਇੱਕ ਦਿਨ ਘੰਟੀ ਵੱਜੀ। ਬਾਹਰ ਇੱਕ ਬਜ਼ੁਰਗ ਖਲੋਤੇ ਹੋਏ ਸਨ। ਉੱਚਾ-ਲੰਮਾ ਕੱਦ, ਸਿੱਧਾ ਸਰੂ ਸਰੀਰ, ਪੱਗ ਸਮੇਤ ਦੁੱਧ-ਚਿੱਟੇ ਬਾਣੇ ਨਾਲ਼ ਮੇਲ ਖਾਂਦੀਆਂ ਦਾੜ੍ਹੀ-ਮੁੱਛਾਂ, ਜਿਨ੍ਹਾਂ ਦੀ ਨਿਰਮਲ ਸਫ਼ੈਦੀ ਨੂੰ ਭਰਵੱਟੇ ਵੀ ਕਾਲ਼ੇ ਰਹਿ ਕੇ ਭੰਗ ਕਰਨ ਦੀ ਗੁਸਤਾਖ਼ੀ ਨਹੀਂ ਸਨ ਕਰ ਰਹੇ। ਬੋਲੇ, “ਰਤਨ ਸਿੰਘ।” ਹੁਣ ਵੀ ਜੇ ਉਹ ਫੋਨ ਕਰਨ, ਪਹਿਲੇ ਬੋਲ ਹੁੰਦੇ ਹਨ, “ਰਤਨ ਸਿੰਘ।” ਜਦੋਂ ਇਹ ਦੋ ਸ਼ਬਦ ਉਹਨਾਂ ਦੀ ਪੂਰੀ ਸਿਆਣ ਦੇ ਸਕਦੇ ਸਨ, ਉਹ ਹੋਰ ਵਾਧੂ ਸ਼ਬਦ ਕਿਉਂ ਖਰਚਣ! ਭਾਸ਼ਾ ਦਾ ਉਹਨਾਂ ਦਾ ਇਹੋ ਨੇਮ ਰਚਨਾ ਕਰਨ ਸਮੇਂ ਬਣਿਆ ਰਹਿੰਦਾ ਹੈ। ਉਹ ਕਹਾਣੀ ਵੀ ਲਿਖਦੇ ਹਨ, ਨਾਵਲ ਵੀ ਤੇ ਕਵਿਤਾ ਵੀ। ਜੇ ਕਦੀ ਲੇਖ ਲਿਖਣਾ ਹੋਵੇ, ਉਹ ਵੀ ਓਪਰਾ ਨਹੀਂ ਲਗਦਾ। ਪਰ ਹਰ ਵਿਧਾ ਵਿਚ ਉਹਨਾਂ ਦੀ ਰਚਨਾ ਦਾ ਆਕਾਰ ਉਸ ਵਿਧਾ ਦੀਆਂ ਸਮਕਾਲੀ ਰਚਨਾਵਾਂ ਨਾਲੋਂ ਛੋਟਾ ਹੀ ਹੁੰਦਾ ਹੈ। ਉਹ ਵਾਧੂ ਭਾਸ਼ਾਈ ਖਿਲਾਰਾ ਪਾਏ ਬਿਨਾਂ ਉਹਨਾਂ ਥੋੜ੍ਹੇ ਸਫ਼ਿਆਂ ਵਿਚ ਹੀ ਆਪਣੀ ਗੱਲ ਸੰਪੂਰਨਤਾ ਤੱਕ ਕਹਿਣ ਵਿਚ ਮੁਕੰਮਲ ਕਾਮਯਾਬੀ ਹਾਸਲ ਕਰਨ ਦੀ ਕਲਾ ਉਜਾਗਰ ਕਰਦੇ ਹਨ।
ਪੰਜਾਬੀ ਸਾਹਿਤ ਦੇ ਆਧੁਨਿਕ ਦੌਰ ਦੇ ਸ਼ੁਰੂ ਵਿਚ ਕਹਾਣੀ ਨੂੰ, ਸ਼ਾਇਦ ਨਾਵਲਿਟ ਦੇ ਨੇੜੇ ਜਾ ਢੁੱਕਣ ਵਾਲ਼ੀ ਲੰਮੀ ਕਹਾਣੀ ਤੋਂ ਵਖਰਾਉਣ ਲਈ, ਨਿੱਕੀ ਕਹਾਣੀ ਕਿਹਾ ਜਾਂਦਾ ਸੀ ਤੇ ਇਹਦੀ ਧਰਤੀ ਸੱਤ-ਅੱਠ ਤੋਂ ਦਸ-ਬਾਰਾਂ ਪੰਨੇ ਮੰਨੀ ਜਾਂਦੀ ਸੀ। ਰਤਨ ਸਿੰਘ ਨਿੱਕੀ ਕਹਾਣੀ ਵਿੱਚੋਂ ਵੀ ਨਿੱਕੀ ਲਿਖਣ ਵਾਲ਼ੇ ਕਹਾਣੀਕਾਰ ਹਨ। ਪਰ ਉਹਨਾਂ ਦੀ ਨਿੱਕੀ ਕਹਾਣੀ “ਜਿੰਨੀ ਨਿੱਕੀ, ਓਨੀ ਤਿੱਖੀ” ਦੀ ਕਸਵੱਟੀ ਉੱਤੇ ਖਰੀ ਉੱਤਰਨ ਦਾ ਗੁਣ ਲੈ ਕੇ ਜਨਮਦੀ ਹੈ। ਪੰਜਾਬੀ ਮੂਲ ਦੇ ਬਹੁਤੇ ਉਰਦੂ ਲੇਖਕਾਂ ਨਾਲ਼ ਇਹਨਾਂ ਨੇ ਕਰੀਬੀ ਨਾਤਾ ਬਣਾਇਆ ਹੋਇਆ ਹੈ ਜਿਨ੍ਹਾਂ ਵਿੱਚੋਂ ਕਈਆਂ ਦੇ ਨਾਂ ਵੀ ਸਾਨੂੰ ਪਤਾ ਨਹੀਂ। ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ ਤੇ ਬਲਵੰਤ ਸਿੰਘ ਵਰਗਿਆਂ ਨਾਲ਼ ਤਾਂ ਇਹਨਾਂ ਦੀ ਬਹੁਤ ਨੇੜਲੀ ਸਾਂਝ ਰਹੀ। ਬੇਦੀ ਜੀ ਨਾਲ਼ ਸਾਹਿਤਕ ਮਹਿਫ਼ਲਾਂ ਤੇ ਇਕੱਠਾਂ ਵਿਚ ਇਹਨਾਂ ਦੀ ਮੇਲ-ਮੁਲਾਕਾਤ ਅਕਸਰ ਹੁੰਦੀ। ਇੱਕ ਦਿਨ ਉਹਨਾਂ ਨਾਲ਼ ਮੇਲ ਹੋਇਆ ਤਾਂ ਉਹਨਾਂ ਦੀ ਸਾਥਣ ਵੀ ਨਾਲ਼ ਸੀ। ਜਿੱਥੇ ਇਹਨਾਂ ਦਾ ਕੱਦ ਔਸਤ ਨਾਲ਼ੋਂ ਕਾਫ਼ੀ ਵੱਧ ਹੈ, ਬੀਬੀ ਦਾ ਕੱਦ ਔਸਤ ਨਾਲੋਂ ਕਾਫ਼ੀ ਘੱਟ ਹੈ। ਬੇਦੀ ਜੀ ਹੱਸੇ, “ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ਹੁੰਦਾ ਹੈ!”
ਦੁਨੀਆ ਦੇ ਬਹੁਗਿਣਤੀ ਲੇਖਕ ਇੱਕ ਭਾਸ਼ਾ ਵਿਚ ਤੇ ਬਹੁਤੇ ਅੱਗੋਂ ਇੱਕ ਵਿਧਾ ਵਿਚ ਸਾਹਿਤ ਰਚਦੇ ਹਨ। ਰਤਨ ਸਿੰਘ ਇੱਕ ਤੋਂ ਵੱਧ ਭਾਸ਼ਾਵਾਂ ਵਿਚ ਤੇ ਇੱਕ ਤੋਂ ਵੱਧ ਵਿਧਾਵਾਂ ਵਿਚ ਰਚਨਾ ਕਰਨ ਵਾਲ਼ੇ ਲੇਖਕ ਹਨ। ਲਿਖਣਾ ਸ਼ੁਰੂ ਤਾਂ ਮਾਂ-ਬੋਲੀ ਤੋਂ ਹੀ ਕੀਤਾ ਸੀ ਪਰ ਨੌਕਰੀ ਨੇ ਦੋ-ਭਾਸ਼ਾਈ ਲੇਖਕ ਬਣਾ ਦਿੱਤੇ। ਰੇਡੀਓ ਦਾ ਪਸਾਰਾ ਹੀ ਅਜਿਹਾ ਸੀ ਕਿ ਅੰਨ-ਜਲ ਨੇ ਪੰਜਾਬ ਤੋਂ ਬਾਹਰ ਕਈ ਟਿਕਾਣੇ ਬਣਵਾਏ। ਰੇਡੀਓ ਦੇ ਅਧਿਕਾਰੀ ਹੁੰਦਿਆਂ ਹਰ ਥਾਂ ਪਹਿਲਾ ਵਾਹ ਲੇਖਕਾਂ ਨਾਲ ਹੀ ਪੈਂਦਾ ਸੀ। ਸਬੱਬ ਨਾਲ਼ ਉੱਥੇ ਸਥਾਨਕ ਉਰਦੂ ਲੇਖਕਾਂ ਦੇ ਨਾਲ਼ ਹੀ ਪੰਜਾਬ ਦੇ ਜੰਮ-ਪਲ ਦੋ-ਚਾਰ ਉਰਦੂ ਲੇਖਕ ਵੀ ਮਿਲ ਜਾਂਦੇ ਜੋ ਸੰਤਾਲੀ ਦੇ ਤੂਫ਼ਾਨ ਦੇ ਉੱਥੇ ਸੁੱਟੇ ਹੋਏ ਹੁੰਦੇ। ‘ਅੰਗਰੇਜ਼ ਦੇ ਜ਼ਮਾਨੇ ਦੇ’ ਉਰਦੂ ਮਾਧਿਅਮੀ ਵਿਦਿਆਰਥੀ ਰਹੇ ਹੋਣ ਕਰਕੇ ਜਦੋਂ ਅੰਨ-ਜਲ ਪੰਜਾਬ ਤੋਂ ਬਾਹਰ ਇਸ ਉਰਦੂ ਵਾਲ਼ੇ ਮਾਹੌਲ ਵਿਚ ਲੈ ਪਹੁੰਚਿਆ, ਉਰਦੂ ਅਦਬ ਵੱਲ ਪਲਟਣਾ ਔਖਾ ਸਾਬਤ ਨਾ ਹੋਇਆ। ਪੰਜਾਬ ਤੋਂ ਵਿੱਛੜ ਕੇ ਪੰਜਾਬੀ ਸਾਹਿਤ ਤੋਂ ਵੀ ਵਿੱਥ ਬਣ ਜਾਣੀ ਕੁਦਰਤੀ ਸੀ। ਇਉਂ ਪੰਜਾਬੀ ਲੇਖਕ ਬਣਦੇ ਬਣਦੇ ਰਤਨ ਸਿੰਘ ਪ੍ਰਸਿੱਧ ਉਰਦੂ ਲੇਖਕ ਹੋ ਨਿੱਬੜੇ।
ਸੇਵਾ-ਮੁਕਤ ਹੋ ਕੇ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਦਿੱਲੀ ਆ ਬਣਾਇਆ। ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਆਂਢ-ਗੁਆਂਢ ਦਾ ਪੰਜਾਬੀ ਮਾਹੌਲ ਮਿਲਿਆ ਤਾਂ ਦਿਲ ਦੇ ਕਿਸੇ ਕੰਧ-ਕੌਲ਼ੇ ਨਾਲ਼ ਚਿੰਬੜੀ ਹੋਈ ਪੰਜਾਬੀ ਰਚਨਾਕਾਰੀ ਦੀ ਚਿਰ-ਸੁੱਕੀ ਵੇਲ ਨੇ ਲਗਰਾਂ ਛੱਡ ਦਿੱਤੀਆਂ। ਪੰਜਾਬੀ ਸਾਹਿਤ ਸਭਾ ਵਿਚ ਆਉਣ ਲੱਗੇ ਤਾਂ ਹੁਣ ਉਰਦੂ ਰਹਿੰਦਾ ਰਹਿੰਦਾ ਪਿੱਛੇ ਰਹਿ ਗਿਆ ਤੇ ਉਹ ਪੂਰੀ ਤਰ੍ਹਾਂ ਪੰਜਾਬੀ ਲੇਖਕ ਬਣ ਗਏ। ਕਦੀ ਕਾਵਿ-ਸੰਗ੍ਰਹਿ, ਕਦੀ ਕਹਾਣੀ-ਸੰਗ੍ਰਹਿ ਤੇ ਕਦੀ ਨਾਵਲ, ਸਾਨੂੰ ਲਗਾਤਾਰ ਸੁਗਾਤਾਂ ਮਿਲਣ ਲੱਗੀਆਂ।
ਹੀਰ ਨੇ ਆਖਿਆ ਸੀ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ! ਸਾਹਿਤ ਰਚਦੇ ਰਚਦੇ ਰਤਨ ਸਿੰਘ ਆਪ ਹੀ ਸਾਹਿਤ ਹੋ ਗਏ ਹਨ। ਜਦੋਂ ਵੀ ਉਹਨਾਂ ਨਾਲ ਫੋਨ ਜੁੜਦਾ ਹੈ, ਜੋ ਤੀਜੇ-ਚੌਥੇ ਦਿਨ ਤਾਂ ਜੁੜ ਹੀ ਜਾਂਦਾ ਹੈ, ਗੱਲ ਉਹਨਾਂ ਦੀ ਕਿਸੇ ਨਵੀਂ ਰਚਨਾ ਤੋਂ ਹੀ ਸ਼ੁਰੂ ਹੁੰਦੀ ਹੈ ਜੋ ਉਹਨਾਂ ਨੇ ਆਰੰਭੀ ਹੋਈ ਹੁੰਦੀ ਹੈ ਜਾਂ ਸਮਾਪਤ ਕਰ ਲਈ ਹੁੰਦੀ ਹੈ। ਉਹਨਾਂ ਨਾਲ਼ ਅਜਿਹੀ ਗੱਲਬਾਤ, ਕੁਦਰਤੀ ਹੈ, ਮੇਰੇ ਵਾਸਤੇ ਕੁਝ ਨਵਾਂ ਲਿਖਣ ਦੀ ਪ੍ਰੇਰਨਾ ਸਿੱਧ ਹੁੰਦੀ ਹੈ।
ਇੱਕ ਵਾਰ ਹਸਪਤਾਲ ਪਹੁੰਚ ਗਏ। ਕਈ ਦਿਨਾਂ ਮਗਰੋਂ ਪਰਤੇ ਤਾਂ ਮੈਂ ਸਿਹਤ ਬਾਰੇ ਜਾਣਨ ਲਈ ਫੋਨ ਕੀਤਾ। ਜਵਾਬ ਉਹੋ ਟਕਸਾਲੀ ਮਿਲਿਆ, “ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!” ਬੀਮਾਰੀ ਦੀ ਗੱਲ ਇੱਥੇ ਹੀ ਮੁਕਾ ਕੇ ਕਹਿੰਦੇ, “ਇੱਕ ਸਲਾਹ ਦਿਉ। ਮੈਂ ਕਾਫ਼ੀ ਦੋਹੇ ਲਿਖੇ ਹੋਏ ਨੇ। ਕੁਝ ਹੋਰ ਲਿਖ ਕੇ ਸਿਰਫ਼ ਦੋਹਿਆਂ ਦੀ ਕਿਤਾਬ ਛਪਵਾ ਦਿਆਂ ਤਾਂ ਠੀਕ ਰਹੇਗੀ?” ਕੁਝ ਚਿਰ ਮਗਰੋਂ ਹੋਰ ਵੀ ਬਹੁਤੇ ਦਿਨ ਹਸਪਤਾਲ ਜਾਣਾ ਪਿਆ। ਇਸ ਵਾਰ ਵੀ ਬੀਮਾਰੀ ਦੀ ਗੱਲ ਪਹਿਲਾਂ ਵਾਂਗ ਹੀ ਫਟਾਫਟ ਨਿਬੇੜ ਕੇ ਉਹਨਾਂ ਨੇ ਆਪਣੀ ਵਿਉਂਤ ਦੱਸੀ, “ਉਹ ਜਿਹੜੀ ਮੈਂ ਪੰਜਾਬ ਦੇ ਉਰਦੂ ਲੇਖਕਾਂ ਦੀ ਲੜੀ ਲਿਖੀ ਸੀ, ਹੁਣ ਨਜ਼ਰ ਮਾਰੀ ਤਾਂ ਕਈ ਹੋਰ ਨਾਂ ਯਾਦ ਆ ਗਏ। ਮੈਂ ਸੋਚਦਾ ਹਾਂ, ਉਹਨਾਂ ਬਾਰੇ ਵੀ ਉਹੋ ਜਿਹੇ ਲੇਖ ਲਿਖ ਕੇ ਕਿਤਾਬ ਛਪਵਾ ਦਿਆਂ। ਲੇਖਕਾਂ-ਪਾਠਕਾਂ ਦੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਇੱਕ ਤਰ੍ਹਾਂ ਦੀ ਹਵਾਲਾ-ਪੁਸਤਕ ਬਣ ਜਾਵੇਗੀ।”
ਉਹਨਾਂ ਨੇ ਸਦੀ ਦੇ ਨੇੜੇ ਢੁੱਕੀ ਹੋਈ ਬਜ਼ੁਰਗੀ ਨੂੰ ਬਾਹਰਲੇ ਦਿਖਾਵੇ ਤੱਕ ਰੋਕ ਕੇ ਦਿਲ ਨੂੰ ਜਵਾਨ ਤੇ ਕਲਮ ਨੂੰ ਮੁਟਿਆਰ ਰੱਖਿਆ ਹੋਇਆ ਹੈ। ਇੱਕ ਵਾਰ ਪੰਜਾਬੀ ਸਾਹਿਤ ਸਭਾ ਵਿਚ ਇਸ਼ਕ ਦੀ ਚਾਸ਼ਨੀ ਵਿਚ ਡੁੱਬੀ ਹੋਈ ਕਹਾਣੀ ਪੜ੍ਹੀ। ਮੈਂ ਪ੍ਰਧਾਨਗੀ ਸ਼ਬਦ ਬੋਲਦਿਆਂ ਸਰੋਤਿਆਂ ਵਿਚ ਬੈਠੀ ਇਹਨਾਂ ਦੀ ਸਾਥਣ ਨੂੰ ਕਿਹਾ, “ਬੀਬੀ, ਇਹਨਾਂ ਨੂੰ ਸਮਝਾਉ, ਆਪਣੀ ਉਮਰ ਦੇਖਣ।” ਉਹ ਹੱਸੇ, “ਇਹਨਾਂ ਨੂੰ ਨਹੀਂ ਕੋਈ ਸਮਝਾ ਸਕਦਾ। ਮਾਸ਼ੂਕਾ ਦਾ ਕੋਈ ਵਜੂਦ ਹੋਵੇ ਨਾ ਹੋਵੇ, ਇਹਨਾਂ ਨੇ ਇਸ਼ਕ ਕਰਦੇ ਹੀ ਰਹਿਣਾ ਹੈ! ਇਹ ਉਮਰ-ਭਰ ਦੇ ਬੇਮਾਸ਼ੂਕੇ ਆਸ਼ਕ ਨੇ।” ਸਭਾ ਸਮਾਪਤ ਹੋਈ ਤਾਂ ਬੇਟੀ ਬੋਲੀ, “ਅੰਕਲ, ਇਹ ਤਾਂ ਫੁੱਲ-ਪੱਤਿਆਂ ਨੂੰ, ਚਿੜੀ-ਜਨੌਰ ਨੂੰ, ਸਭ ਨੂੰ ਇਸ਼ਕ ਕਰਦੇ ਨੇ। ਬੰਦਿਆਂ ਨੂੰ ਤਾਂ ਕਰਨਾ ਹੀ ਹੋਇਆ। ਜਿਸ ਦਿਨ ਇਹਨਾਂ ਨੇ ਇਸ਼ਕ ਕਰਨਾ ਬੰਦ ਕਰ ਦਿੱਤਾ, ਲਿਖਣਾ ਵੀ ਬੰਦ ਕਰ ਦੇਣਗੇ!”
ਰੱਬ ਕਰੇ, ਜਿਸ ਉਮਰੇ ਲੋਕ ਉਸ ਤੋਂ ਡਰਦੇ ਉਹਦਾ ਨਾਂ ਜਪਣ ਲਗਦੇ ਹਨ, ਸਾਡੇ ਪਿਆਰੇ-ਸਤਿਕਾਰੇ ਰਤਨ ਸਿੰਘ ਜੀ “ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ” ਗਾਉਂਦੇ ਰਹਿਣ ਅਤੇ ਹੋਰ ਬਜ਼ੁਰਗ ਜਿਨ੍ਹਾਂ ਉਂਗਲਾਂ ਨਾਲ ਮਾਲ਼ਾ ਫੇਰਦੇ ਹਨ, ਇਹ ਉਹਨਾਂ ਉਂਗਲਾਂ ਵਿਚ ਪੁਖ਼ਤਗੀ ਨਾਲ਼ ਫੜੀ ਕਲਮ ਵਿੱਚੋਂ ਸਾਨੂੰ ਖ਼ੂਬਸੂਰਤ ਕਹਾਣੀਆਂ-ਕਵਿਤਾਵਾਂ ਦਿੰਦੇ ਰਹਿਣ!
*****
(1400)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)