GurbachanBhullar7ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ...
(3 ਜਨਵਰੀ 2019)

 

30 ਦਸੰਬਰ 2018 ਨੂੰ ਵਰ੍ਹੀਨੇ ਸਮੇਂ ਯਾਦ ਕਰਦਿਆਂ!

AfzalTauseef2ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇੱਧਰਲੇ, ਚੜ੍ਹਦੇ ਪੰਜਾਬ ਵਿੱਚ ਆਮ ਕਰਕੇ “ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ” ਵਜੋਂ ਕੀਤਾ ਜਾਂਦਾ ਹੈਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ਼ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿੱਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲ਼ੇ ਪਾਸੇ ਰਹਿੰਦੀ ਸੀਪਰ ਇਹ ਲਫ਼ਜ਼ ਉਹਦੇ ਮਿਜਾਜ਼ ਦੀ, ਉਹਦੇ ਸੁਭਾਅ ਦੀ, ਉਹਦੇ ਮਨ ਦੀ ਤਰਜਮਾਨੀ ਨਹੀਂ ਕਰਦੇਉਹ ਸਾਰੀ ਉਮਰ ਕਈ ਘਰਾਂ ਵਿੱਚ ਰਹਿੰਦਿਆਂ ਬੇਘਰੀ, ਕਈ ਨਗਰਾਂ ਵਿੱਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲ਼ੀ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਬੇਵਤਨੀ ਹੀ ਰਹੀਇਸੇ ਕਰਕੇ ਉਹਨੇ ਆਪਣੀ ਸਵੈਜੀਵਨੀ ਦਾ ਨਾਂ ‘ਮਨ ਦੀਆਂ ਬਸਤੀਆਂ’ ਰੱਖਿਆਉਹ ਕਿਹਾ ਕਰਦੀ ਸੀ, “ਮੈਂ ਤਾਂ ਆਪਣੇ ਮਨ ਵਿੱਚ ਵਸਦੀ ਹਾਂ, ਮੈਨੂੰ ਸਕੂਨ ਆਪਣੇ ਮਨ ਦੀ ਕੋਠੜੀ ਵਿੱਚ ਪਹੁੰਚ ਕੇ ਹੀ ਮਿਲਦਾ ਹੈਇਸ ਧਰਤੀ ਉੱਤੇ ਮੇਰੀ ਕੋਈ ਬਸਤੀ ਨਹੀਂਮੇਰੀਆਂ ਬਸਤੀਆਂ ਮੇਰੇ ਮਨ ਵਿੱਚ ਹਨ ਜੋ ਮੁੜ ਮੁੜ ਉੱਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ! ਇਹ ਦੇਸ, ਇਹ ਨਗਰ-ਸ਼ਹਿਰ, ਇਹ ਘਰ, ਇਹਨਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰ ਹਾਂ!”

ਇੱਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰੱਤੀ ਭਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਿਖੇੜ ਕੇ ਦੇਖਣ ਦੇ ਸਮਰੱਥ ਸੀਉਹ ਫ਼ੈਜ਼, ਮੰਟੋ, ਕ੍ਰਿਸ਼ਨ ਚੰਦਰ ਅਤੇ ਸਾਹਨੀ ਭਰਾਵਾਂ ਬਲਰਾਜ ਤੇ ਭੀਸ਼ਮ ਵਰਗੇ ਉਹਨਾਂ ਅਣਗਿਣਤ ਪੰਜਾਬੀਆਂ ਵਿੱਚੋਂ ਸੀ ਜਿਹੜੇ ਮਰਨੀ ਮਰ ਗਏ ਪਰ ਜਿਨ੍ਹਾਂ ਨੇ ਇਹ ਕਾਲ਼ੀ ਮਨਹੂਸ ਲਕੀਰ ਕਦੀ ਪਰਵਾਨ ਨਾ ਕੀਤੀਉਹ ਲਕੀਰ ਨੂੰ ਦੋਵਾਂ ਪੈਰਾਂ ਹੇਠ ਮਿੱਧ ਕੇ ਸਾਂਝੇ ਅਣਵੰਡੇ ਪੰਜਾਬ ਦੇ ਵਿੱਚਕਾਰ ਖਲੋਤੀ ਬੁਲੰਦ-ਕੱਦ ਨਾਬਰ ਪੰਜਾਬਣ ਸੀਸੰਤਾਲੀ ਦੇ ਘੱਲੂਘਾਰੇ ਮਗਰੋਂ ਜੀਵੇ ਸਤਾਹਠ ਸਾਲਾਂ ਵਿੱਚ ਉਹ ਸਮੁੱਚੇ, ਅਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ

ਉਸ ਵਿੱਚੋਂ ਟਕਸਾਲੀ ਪੰਜਾਬਣ, ਹਮਦਰਦ, ਮੋਹਵੰਤੀ ਤੇ ਜੁਝਾਰ ਪੰਜਾਬਣ ਦੇ ਦਰਸ਼ਨ ਹੁੰਦੇ ਸਨਇੱਕ ਵਾਰ ਮੈਂ ਉਹਨੂੰ ਲੰਮੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿੱਚੋਂ, ਉਹਦੇ ਜਵਾਬਾਂ ਵਿੱਚੋਂ ਅਜਿਹਾ ਕੋਈ ਝਾਉਲਾ ਵੀ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸੋਂ ਆਈ ਹੋਈ ਲੇਖਿਕਾ ਹੈਉਹ ਇੱਧਰਲੇ ਪੰਜਾਬ ਦੀਆਂ ਗੱਲਾਂ, ਆਪਣੇ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਬਲੀ ਅਤੇ ਆਪਣੇ ਨਾਨਕੇ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਖ਼ੁਰਦ ਦੀਆਂ ਗੱਲਾਂ, ਇੱਧਰ ਸਭ ਕੁਝ ਲੁਟਾਇਆ ਹੋਣ ਦੇ ਬਾਵਜੂਦ, ਆਪਣਿਆਂ ਵਾਂਗ ਕਰ ਰਹੀ ਸੀਦੇਸ-ਵੰਡ ਦੇ ਝੱਖੜ ਨੇ ਦਸ-ਗਿਆਰਾਂ ਸਾਲ ਦੀ ਬਾਲੜੀ ਉਮਰੇ ਲਹਿੰਦੇ ਪੰਜਾਬ ਦੀ ਓਪਰੀ ਧਰਤੀ ਉੱਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਇਹ ਤੇਰਾ ਆਪਣਾ ਨਵਾਂ-ਨਕੋਰ ਦੇਸ ਹੈ, ਪਾਕਿਸਤਾਨ ਜਿਸ ਦਾ ਨਾਂ ਹੈਪਰ ਨਵਾਂ ਖਿਡੌਣਾ ਲੈਣ ਤੋਂ ਨਾਂਹ ਕਰ ਕੇ ਸਿਰ ਮਾਰਦਿਆਂ ਹੱਥੋਂ ਖੋਹ ਵਗਾਹਿਆ ਪੁਰਾਣਾ ਖਿਡੌਣਾ ਹੀ ਲੈਣ ਦੀ ਜ਼ਿੱਦ ਵਿੱਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫ਼ਜ਼ਲ ਤੌਸੀਫ਼ ਉਹਨੂੰ ਦਿੱਤੇ ਗਏ ਪਸ਼ੌਰ-ਲਾਹੌਰ ਲੈਣ ਤੋਂ ਸਾਰੀ ਉਮਰ ਇਨਕਾਰੀ ਰਹੀਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇੱਕੋ ਬਾਲ-ਹਠ ਉੱਤੇ ਅੜੀ ਰਹੀ, “ਮੈਨੂੰ ਮੇਰੀ ਸਿੰਬਲੀ ਦਿਉ … ਮੈਨੂੰ ਮੇਰਾ ਕੂਮ ਦਿਉ! ਲਹਿੰਦਾ-ਚੜ੍ਹਦਾ ਕੋਈ ਨਹੀਂ, ਪੰਜਾਬ ਇੱਕੋ ਹੈ, ਸਾਲਮ-ਸਾਬਤ, ਤੇ ਉਹ ਪੂਰੇ ਦਾ ਪੂਰਾ ਮੇਰਾ ਹੈ!”

ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ, “ਇੱਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ, ਓਪਰਾ ਪਾਸਾ ਕਿਵੇਂ ਹੋਵੇ, ਜੋ ਅੰਮ੍ਰਿਤਾ ਦਾ ਵਸੇਬਾ ਹੈ, ਭੁੱਲਰ ਭਰਾ ਤੁਹਾਡਾ ਵਸੇਬਾ ਹੈ, ਕ੍ਰਿਸ਼ਨ ਤੇ ਬੇਦੀ ਤੇ ਹੋਰ ਅਜਿਹੇ ਲੋਕਾਂ ਦਾ ਵਸੇਬਾ ਹੈ, ਜਿਹੜੇ ਤੁਸੀਂ ਸਾਰੇ ਮੇਰੇ ਹੰਝੂਆਂ ਨੂੰ ਵਗਣ ਲਈ ਆਪਣੀਆਂ ਅੱਖਾਂ ਦਿੰਦੇ ਹੋ, ਜੋ ਮਨ ਦੇ ਸੱਥਰ ਉੱਤੇ ਮੇਰੇ ਨਾਲ਼ ਬੈਠ ਕੇ ਮੇਰੇ ਕਤਲ ਹੋਏ ਟੱਬਰ ਦੇ ਵੈਣ ਪਾਉਂਦੇ ਹੋ, ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫ਼ਰਤ ਕਰਦੇ ਹੋ, ਮੈਥੋਂ ਵੱਧ ਲਾਅਨਤਾਂ ਪਾਉਂਦੇ ਹੋਉਹ ਸਭ, ਚਾਹੇ ਇੱਧਰ ਹੋਣ ਜਾਂ ਉੱਧਰ, ਚੜ੍ਹਦੇ ਪੰਜਾਬ ਵਾਲ਼ੇ ਕਹੇ ਜਾਣ ਜਾਂ ਲਹਿੰਦੇ ਪੰਜਾਬ ਵਾਲ਼ੇ, ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ਼ ਰਲ਼ ਕੇ ਇਸ ਕਾਲ਼ੀ ਲਕੀਰ ਦਾ ਪਿੱਟ-ਸਿਆਪਾ ਕਰਦੇ ਹਨ! ਜਿੱਥੋਂ ਤੱਕ ਕਾਤਲਾਂ ਦਾ ਤਾਲੁੱਕ ਹੈ, ਉਹ ਬੇਦੋਸੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਵਾਲ਼ੇ ਇੱਧਰਲੇ ਹੋਣ ਜਾਂ ਬੇਦੋਸੇ ਸਿੱਖਾਂ-ਹਿੰਦੂਆਂ ਨੂੰ ਮਾਰਨ-ਲੁੱਟਣ ਵਾਲ਼ੇ ਉੱਧਰਲੇ ਹੋਣ, ਉਹ ਸਭ ਮੇਰੇ ਅਸਲੀ ਮੁਜਰਿਮ ਹਨਉਹ ਮੇਰੇ ਲਈ ਪੰਜਾਬੀ ਨਹੀਂ, ਪੰਜਾਬ ਦੇ ਨਾਂ ਉੱਤੇ ਕਲੰਕ ਹਨਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੇ ਲੁਟੇਰੇ, ਆਪਣੇ ਗੁਆਂਢੀਆਂ ਦੀਆਂ ਜਾਇਦਾਦਾਂ ਦੇ ਡਾਕੂ! ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ਹਾਂਸਾਡੇ ਲਈ ਅਜਿਹੀਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾਅਸੀਂ ਸਭ ਪੰਜਾਬੀ ਅਦੀਬ ਇੱਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਹਾਂ, ਰਖਵਾਲੇ ਹਾਂ, ਝੰਡਾਬਰਦਾਰ ਹਾਂ, ਸਾਡੇ ਲਈ ਕੇਹੀਆਂ ਲਕੀਰਾਂ!”

ਸਿੰਬਲੀ ਵਿੱਚ ਉਹਦਾ ਪਰਿਵਾਰ ਚੰਗਾ ਖਾਂਦਾ-ਪੀਂਦਾ, ਸਾਹਿਬ-ਏ-ਜਾਇਦਾਦ ਪਰਿਵਾਰ ਸੀਤੀਹ ਘੁਮਾਂ ਭੋਇੰ ਸੀਦਾਦਾ ਗ਼ੁਲਾਮ ਗੌਂਸ ਦੇ ਤਿੰਨ ਪੁੱਤਰ ਸਨਅਫ਼ਜ਼ਲ ਤੌਸੀਫ਼ ਉਹਨਾਂ ਵਿੱਚੋਂ ਛੋਟੇ ਮਹਿੰਦੀ ਖਾਂ ਦੀ ਧੀ ਸੀ ਜੋ ਕੋਇਟੇ ਦਾ ਠਾਣੇਦਾਰ ਸੀਕੁੜੀ ਜੰਮੀ ਨੂੰ “ਵਿਹੜੇ ਪੱਥਰ ਡਿੱਗਿਆ” ਸਮਝਣ ਵਾਲ਼ੇ ਉਸ ਜ਼ਮਾਨੇ ਵਿੱਚ, ਉਹਦੇ ਦੱਸਣ ਅਨੁਸਾਰ, ਦਾਈ ਝੰਡੋ ਨੇ 18 ਮਈ 1936 ਨੂੰ ਉਹਦੀ ਪੈਦਾਇਸ਼ ਦਾ ਐਲਾਨ “ਹਾਹ! ਹਾਇਆ ਨੀ! ਕੁੜੀ ਜੰਮ ਪਈ!” ਆਖ ਕੇ ਕੀਤਾ ਸੀਤਾਇਆਂ ਦੀਆਂ ਧੀਆਂ ਨਾਲ਼ ਪਹਿਲਾਂ ਹੀ ਭਰੇ ਹੋਏ ਦਾਦਕੇ ਵਿਹੜੇ ਵਿੱਚ ਪਲੇਠੀ ਧੀ ਨੂੰ ਕੁੱਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀਪਰ ਇਸ ਸੋਗੀ ਮਾਹੌਲ ਵਿੱਚ ਇੱਕ ਜ਼ਨਾਨੀ ਬੜੀ ਖ਼ੁਸ਼ ਸੀ, ਇੱਕਲਾਪੇ ਦੀ ਮਾਰੀ ਹੋਈ ਇੱਕ ਬੇਔਲਾਦ ਵਿਧਵਾ ਮਾਮੀ! ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਇਹਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ, ਜਿਸ ਨੂੰ ਅਫ਼ਜ਼ਲ “ਪੋਤੜੇ ਧੋਣ ਦਾ ਹੱਕ” ਆਖਦੀ ਸੀ, ਮੰਗ ਲਿਆਉਹ ਇਹਦੀ ‘ਕਾਕੀ ਮਾਂ’ ਬਣ ਗਈਇਹ ਸੱਤਾਂ ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲ੍ਹਾ ਨੂੰ ਪਿਆਰੀ ਹੋ ਗਈਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ

ਕਟਾ-ਵੱਢੀ ਵੇਲੇ ਸਬੱਬੀਂ ਉਹ ਮਾਂ ਜ਼ੁਬੈਦਾ ਬੀਬੀ ਨਾਲ਼ ਨਾਨਕੀਂ ਕੂਮ ਖ਼ੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਸਿੰਬਲੀ ਮੌਤ ਦਾ ਕਹਿਰ ਟੁੱਟਿਆਉਹ ਦੋਵੇਂ ਮਾਂ-ਧੀ ਬਚ ਕੇ ਕਾਫ਼ਲੇ ਨਾਲ ਲਾਹੌਰ ਜਾ ਪਹੁੰਚੀਆਂਪਿਤਾ ਵਾਂਗ ਛੋਟਾ ਤਾਇਆ ਫ਼ਜ਼ਲ ਮੁਹੰਮਦ ਵੀ ਸਿੰਬਲੀ ਤੋਂ ਬਾਹਰ ਹੋਣ ਕਰਕੇ ਬਚ ਰਿਹਾਵੱਡੇ ਪਰਿਵਾਰ ਵਿੱਚੋਂ ਬੱਸ ਇਹ ਚਾਰ ਜੀਅ ਸਨ ਜੋ ਬਚ ਕੇ ਪਾਕਿਸਤਾਨ ਦੀ ਓਪਰੀ ਧਰਤੀ ਉੱਤੇ ਪਹੁੰਚ ਸਕੇਉਹਦੇ ਪਰਿਵਾਰ ਦੇ ਬਾਕੀ ਬਾਰਾਂ ਜੀਅ ਵੱਢ ਦਿੱਤੇ ਗਏਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂਆਂਢ-ਗੁਆਂਢ ਦੀਆਂ ਕਈ ਕੁੜੀਆਂ ਖੂਹ ਵਿੱਚ ਛਾਲ਼ਾਂ ਮਾਰ ਗਈਆਂਪਿੰਡ ਵਾਲ਼ਿਆਂ ਅਨੁਸਾਰ ਉੱਥੋਂ ਦੇ ਢਾਈ ਸੌ ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ

ਤਾਲੀਮ ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜ਼ਮਾਨੇ ਵਿੱਚ ਉਹਦੇ ਪ੍ਰੋਫ਼ੈਸਰ ਬਣਨ ਬਾਰੇ ਹੈਰਾਨੀ ਦੇ ਜਵਾਬ ਵਿੱਚ ਉਹ ਹੱਸੀ, “ਅਸੀਂ ਮਾਂ-ਧੀ ਦਾਦਕੀਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿੱਚ ਇਹ ਤਾੜਨਾ ਵੀ ਸ਼ਾਮਲ ਸੀ, ਸੁਣ ਕੁੜੀਏ! ਤੂੰ ਸਾਡੀ ਕੁੜੀ ਨੂੰ ਕਿਤੇ ਪੜ੍ਹਨ ਵੱਲ ਨਾ ਪਾ ਦੇਈਂ! ਆਪਣੇ ਪੁੱਤਰ ਉੱਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੈੜੇ ਕੰਮ ਵਿੱਚ ਨਹੀਂ ਪਾਏਗਾ।” ਤਾਂ ਵੀ ਕੁਝ ਚਿਰ ਮਗਰੋਂ ਟੱਬਰ ਨੂੰ ਨੌਕਰੀ ਵਾਲ਼ੀ ਥਾਂ ਲਿਜਾ ਰਹੇ ਪੁੱਤਰ ਨੂੰ ਉਹਨੇ ਇਹ ਹਦਾਇਤ ਕਰ ਹੀ ਦਿੱਤੀ, “ਕਾਕਾ ਮਹਿੰਦੀ ਖਾਂ, ਵੇਖੀਂ ਸ਼ਹਿਰ ਜਾ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ-ਸਕਾਲ ਨਾ ਪਾ ਦੇਈਂ!” ਪਰ ਛੁਪਾ ਕੇ ਰੱਖੇ ‘ਸੈਫ਼ਲ ਮਲੂਕ’ ਤੇ ‘ਸੋਹਣੀ ਮਹੀਂਵਾਲ’ ਜਿਹੇ ਚਿੱਠੇ ਚੋਰੀਉਂ ਪੜ੍ਹਨ ਦੀ ਸ਼ੌਕੀਨ ਮਾਂ ਉਹਨੂੰ ਲੁਕ-ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ-ਪਹਾੜਿਆਂ ਦੀ ਜਾਣੂ ਬਣਨ ਦੇ ਰਾਹ ਤੋਰ ਵੀ ਚੁੱਕੀ ਸੀਪਾਕਿਸਤਾਨ ਪਹੁੰਚ ਕੇ ਨਵੇਂ ਓਪਰੇ ਦੇਸ ਵਿੱਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿੱਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਦਿੱਤਾਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ ਦੋ ਐੱਮ. ਏ. ਕੀਤੀਆਂ ਅਤੇ ਲੰਮਾ ਸਮਾਂ ਕਾਲਜ ਲੈਕਚਰਾਰ ਵਜੋਂ ਕੰਮ ਕੀਤਾਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ-ਹਿਤ ਨੂੰ ਜੀਵਨ-ਜਾਚ ਬਣਾਉਣ ਦਾ ਪਾਠ ਵੀ ਦ੍ਰਿੜ੍ਹ ਕਰਵਾਇਆ

ਅਫ਼ਜ਼ਲ ਤੌਸੀਫ਼ ਇੱਧਰ ਆਉਣ ਲੱਗੀ ਤਾਂ ਕੁਦਰਤੀ ਸੀ, ਉਹਦੇ ਮਨ ਵਿੱਚ ਆਉਂਦਾ ਕਿ ਆਪਣੀ ਜਨਮ-ਭੋਇੰ ਦੀ ਫੇਰੀ ਵੀ ਪਾਵੇਪਰ ਹੌਸਲਾ ਨਹੀਂ ਸੀ ਪੈਂਦਾ1997 ਵਿੱਚ ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਸੋਚ ਨੇ ਉਹਦੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਹਨਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈਤੌਸੀਫ਼ ਸਾਰੀ ਰਾਤ ਪਾਸੇ ਪਰਤਦੀ ਰਹੀਉੱਜੜੇ ਘਰ ਦੇ ਵਿਹੜੇ ਵਿੱਚ ਉਹਨੂੰ ਅਜੇ ਵੀ ਆਪਣਿਆਂ ਦੀਆਂ ਲਾਸ਼ਾਂ ਪਈਆਂ ਦਿੱਸਣੀਆਂ ਸਨਕੀ ਕਰੇਗੀ ਅੱਧੀ ਸਦੀ ਤੋਂ ਉਹਦੀ ਕਲਪਨਾ ਵਿੱਚ ਪਈਆਂ ਉਹਨਾਂ ਲਾਸ਼ਾਂ ਨੂੰ ਦੇਖ ਕੇ! ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ

2000 ਵਿੱਚ ਉਹਨੇ ਸਵੈਜੀਵਨੀ ‘ਮਨ ਦੀਆਂ ਬਸਤੀਆਂ’ ਛਪਵਾਈਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫ਼ਿਆਂ ਉੱਤੇ ਡੋਲ੍ਹ ਦਿੱਤਾਉਹਦੇ ਆਪਣੇ ਕਹਿਣ ਅਨੁਸਾਰ, “ਮੇਰੀ ਆਟੋਬਾਇਉਗਰਾਫ਼ੀ ‘ਮਨ ਦੀਆਂ ਬਸਤੀਆਂ’, ਤਿੰਨ ਸੌ ਸਫ਼ੇ ਦੀ ਇਹ ਕਿਤਾਬ ਮੇਰੀ ਕਹਾਣੀ, ਮੇਰੇ ਜੀਵਨ-ਵੇਰਵੇ, ਮੇਰੀ ਜੀਵਨੀ, ਮੇਰੀ ਦੁਨੀਆ ਬਾਰੇ ਬੜਾ ਕੁਝ ਦੱਸਦੀ ਏ।” ਇਹ ਕਿਤਾਬ ਲਿਖਣਾ ਉਹਦੇ ਲਈ ਅਣਆਈ ਮੌਤ ਮਾਰੇ ਗਏ ਆਪਣਿਆਂ ਦੀ ਅੰਤਿਮ ਰਸਮ ਸੀ ਜਿਸ ਪਿੱਛੋਂ ਤਰਵੰਜਾ ਸਾਲ ਤੋਂ ਉਹਦੇ ਮਨ ਵਿੱਚ ਵਿਛਿਆ ਹੋਇਆ ਸੱਥਰ ਲਪੇਟਿਆ ਗਿਆ

ਇਸ ਦੌਰਾਨ ਉਹਦਾ ਸੰਪਰਕ ਨਵਾਂ ਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ਼ ਹੋ ਗਿਆਨਵਾਂ ਸ਼ਹਿਰ ਤੋਂ ਸਿੰਬਲੀ ਦਾ ਫ਼ਾਸਲਾ ਕੁੱਲ ਛੇ ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫ਼ਜ਼ਲ ਤੌਸੀਫ਼ ਨੂੰ ਭੂਆ ਬਣਾ ਲਿਆਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ, ‘ਦਿ ਪਾਕਿਸਤਾਨ ਟਾਈਮਜ਼’ ਦੇ ਚੀਫ਼ ਨਿਊਜ਼ ਐਡੀਟਰ, ਰਾਣਾ ਨਵੀਦ ਇੱਕਬਾਲ ਨਾਲ ਆਈ ਤਾਂ ਮਨ ਪੁਰਾਣੇ ਪਿੰਡ ਜਾਣ ਜੋਗਾ ਤਕੜਾ ਕਰ ਕੇ ਆਈਅਜਮੇਰ ਦੇ ਦੱਸੇ ਤੋਂ ਉਸ ਤੋਂ ਖੋਹੇ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਂਹਾਂ ਖੋਲ੍ਹ ਕੇ ਉਡੀਕ ਰਹੇ ਸਨਅਜਮੇਰ ਲਿਖਦਾ ਹੈ, “ਇਹਨਾਂ ਸਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਤੇ ਰਾਣਾ ਨਵੀਦ ਇੱਕਬਾਲ ਨੂੰ ਲੈ ਕੇ ਕਤਲਾਮ ਵਾਲ਼ੀ ਜਗਾਹ ’ਤੇ ਪੁੱਜਿਆ ਤਾਂ … ਖੰਡਰ ਬਣੀਆਂ ਇਮਾਰਤਾਂ ਦੇਖ ਕੇ ਉਸ ਨੇ ਹਉਕਾ ਲਿਆਅੱਗੇ ਉਹ ਖੂਹ ਸੀ ਜਿਸ ਵਿੱਚ ਕੁੜੀਆਂ ਨੇ ਆਪਣੀ ਆਬਰੂ ਬਚਾਉਣ ਲਈ ਛਾਲ਼ਾਂ ਮਾਰੀਆਂ ਸਨਦੋ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ਼ ਭਰਿਆ ਦਿਸਿਆਅਗਵਾ ਹੋਈਆਂ ਭੈਣਾਂ ਦਿਸੀਆਂਲਹੂ ਦੇ ਛੱਪੜ ਵਿੱਚ ਤੈਰਦੀਆਂ ਬੱਤਖ਼ਾਂ ਦਿਸੀਆਂਉਹ ਆਪਣੇ ਘਰ ਸੁੰਨ ਹੋਈ ਖੜ੍ਹੀ ਸੀਉਹਦੇ ਵਡੇਰਿਆਂ ਦੇ ਜਾਣਕਾਰ ਮਰਦ-ਔਰਤਾਂ ਉਹਦੇ ਨਾਲ਼ ਯਾਦਾਂ ਸਾਂਝੀਆਂ ਕਰਦੇ ਰਹੇ।”

ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਦੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀਉਹ ਜੂਝਦੇ ਲੋਕਾਂ ਦੇ ਨਾਲ਼ ਹੀ ਨਹੀਂ ਸੀ ਖਲੋਂਦੀ, ਉਹਨਾਂ ਦੇ ਝੰਡਾਬਰਦਾਰਾਂ ਵਿੱਚ ਸ਼ਾਮਲ ਹੁੰਦੀ ਸੀਉਸ ਨੂੰ ਦੇਸ-ਵਿਰੋਧੀ ਆਖ ਕੇ ਮੁਕੱਦਮਿਆਂ ਵਿੱਚ ਫਸਾਇਆ ਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਤਸੀਹਿਆਂ ਵਿੱਚੋਂ ਲੰਘਾਇਆ ਜਾਂਦਾ ਰਿਹਾਯਾਹੀਆ ਖਾਂ ਦੇ ਮਾਰਸ਼ਲ ਲਾਅ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਹੀ, ਕੋੜਿਆਂ ਦੀ ਸਜ਼ਾ ਵੀ ਮਿਲੀਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਿਦਕ-ਸਿਰੜ ਦੀ ਕੋਈ ਚਿੱਪਰ ਲਾਹੁਣ ਵਿੱਚ ਵੀ ਕਾਮਯਾਬ ਨਾ ਹੋ ਸਕਿਆਉਹ 30 ਦਸੰਬਰ 2014 ਨੂੰ ਲਏ ਆਖ਼ਰੀ ਸਾਹ ਤੱਕ ਆਪਣੇ ਲੋਕ-ਹਿਤੈਸ਼ੀ ਨਜ਼ਰੀਏ ਉੱਤੇ ਅਡੋਲ ਰਹੀ

ਉਹ ਕਲਮ ਦੀ ਹਥਿਆਰੀ ਸਮਰੱਥਾ ਨੂੰ ਅਤੇ ਲਫ਼ਜ਼ ਦੀ ਅਸਰਦਾਰ ਤਾਕਤ ਨੂੰ ਭਲੀਭਾਂਤ ਸਮਝਦੀ ਸੀਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿੱਚ ਉੱਚ-ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ‘ਮਾਈ ਅਨਾਰਾਂ ਵਾਲ਼ੀ’ ਉਹਦੀ ਪਹਿਲੀ ਕਹਾਣੀ ਸੀ ਜੋ ਮੈਨੂੰ ਪੜ੍ਹਨ ਨੂੰ ਮਿਲੀਉਹਦੀ ਅਹਿਸਾਸ ਦੀ ਗਹਿਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੁਰ ਅੰਦਰ ਤੱਕ ਕੀਲ ਲਿਆਸਾਹਿਤ ਜਿੰਨਾ ਹੀ ਅਹਿਮ ਉਹਦਾ ਪੱਤਰਕਾਰਾਨਾ ਕੰਮ ਸੀਪਾਕਿਸਤਾਨ ਦੇ ਮੋਹਰੀ ਅਖ਼ਬਾਰਾਂ ਵਿੱਚ ਸਮਾਜਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਪਦੇ ਰਹੇਉਹਨਾਂ ਦੀ ਚਾਰ ਹਜ਼ਾਰ ਤੋਂ ਵੱਧ ਦੀ ਗਿਣਤੀ ਬੇਆਸਰੇ ਤੇ ਬੇਓਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਦਾਰੀ ਦੇ ਉਹਦੇ ਅਹਿਸਾਸ ਦਾ ਸਬੂਤ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਿਤਾਬਾਂ ਵਿੱਚ ਵੀ ਸੰਗ੍ਰਹਿਤ ਹੋਏ

ਉਹਦੇ ਸ਼ਾਹਮੁਖੀ ਲਿਪੀ ਵਿੱਚ ਛਪੇ ਹੋਏ ਪੰਜਾਬੀ ਕਹਾਣੀ-ਸੰਗ੍ਰਹਿ ‘ਟਾਹਲੀ ਮੇਰੇ ਬੱਚੜੇ’, ‘ਮਾਈ ਅਨਾਰਾਂ ਵਾਲ਼ੀ’, ‘ਪੰਝੀਵਾਂ ਘੰਟਾ’, ‘ਅਮਨ ਵੇਲ਼ੇ ਮਿਲਾਂਗੇ’ ਤੇ ‘ਦਰਦਮੰਦਾਂ ਦੀਆਂ ਆਹੀਂ’ ਇੱਧਰ ਗੁਰਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਏ‘ਕੀਹਦਾ ਨਾਂ ਪੰਜਾਬ’ ਤੇ ‘ਹੱਥ ਨਾ ਲਾ ਕਸੁੰਭੜੇ’ ਨਾਂ ਦੇ ਦੋ ਲੇਖ-ਸੰਗ੍ਰਹਿ ਵੀ ਗੁਰਮੁਖੀ ਵਿੱਚ ਛਪੇਸਵੈਜੀਵਨੀ ‘ਮਨ ਦੀਆਂ ਬਸਤੀਆਂ’ ਤਾਂ ਇੱਧਰ ਛਪ ਕੇ ਬਹੁਤ ਪਾਠਕ-ਪਿਆਰੀ ਹੋਈਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿੱਚ ਵੀ ਲਗਾਤਾਰ ਲਿਖਿਆਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇਪਰ ਉਹਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿੱਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ-ਸਤਿਕਾਰ ਹੈ!

*****

(1449)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author