GurbachanBhullar7ਮੋਹਨ ਜ਼ਿੰਦਗੀ ਦੇ ਵਿਸ਼ਾਲ ਪਿੜ ਵਿੱਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਸੀ। ਇਹਨਾਂ ਵਿਸ਼ਿਆਂ ਨੂੰ ...MohanBhandari1
(9 ਦਸੰਬਰ 2021)

 

ਮੋਹਨ ਭੰਡਾਰੀ ਦੀ ਜੀਵਨ-ਜੋਤ ਲੰਮੇ ਸਮੇਂ ਤੋਂ ਮੱਧਮ ਪੈਂਦੀ-ਪੈਂਦੀ ਆਖ਼ਰ ਬੁਝ ਗਈਉਹਦੇ ਨਾਲ ਫੋਨ ਰਾਹੀਂ ਗੱਲ ਹੁੰਦੀ ਤਾਂ ਬੋਲ-ਬਾਣੀ ਤੇ ਚਿੱਤ-ਚੇਤਾ ਠੀਕ ਲਗਦੇਪਿਛਲੇ ਸਾਲ ਫਰਵਰੀ ਵਿੱਚ ਪੰਜਾਬ ਆਰਟ ਕੌਂਸਲ ਨੇ ਜਦੋਂ ਸਾਨੂੰ ਦੋਵਾਂ ਨੂੰ ‘ਪੰਜਾਬ ਗੌਰਵ’ ਸਨਮਾਨ ਦਿੱਤਾ, ਉੱਥੇ ਦੇਖਿਆ, ਉਹਨੂੰ ਬੈਠਣ-ਉੱਠਣ ਤੇ ਚੱਲਣ ਵੇਲੇ ਸਹਾਰੇ ਦੀ ਲੋੜ ਪੈਣ ਲੱਗੀ ਸੀਚਲਾਣੇ ਤੋਂ ਥੋੜ੍ਹੇ ਦਿਨ ਪਹਿਲਾਂ ਤਕ ਉਹ ਫੋਨ ਫੜ ਕੇ ਗੱਲ ਕਰਦਾ ਸੀ ਤੇ ਗੱਲਬਾਤ ਸਮੇਂ ਵੀ ਕੋਈ ਮਾਨਸਿਕ ਧੁੰਦਲਾਪਨ ਨਹੀਂ ਸੀ ਹੁੰਦਾਉਹ ‘ਪੰਜਾਬੀ ਟ੍ਰਿਬਿਊਨ’ ਦੀਆਂ ਸੁਰਖੀਆਂ ਦੇਖ ਲੈਂਦਾ ਹੋਣ ਬਾਰੇ ਵੀ ਦੱਸਦਾਉਹਦੀ ਸਾਥਣ ਨਿਰਮਲ ਖ਼ੁਰਾਕ ਘਟਦੀ ਜਾਣ ਦਾ ਤੇ ਸਰੀਰਕ ਕਮਜ਼ੋਰੀ ਵਧਦੀ ਹੋਣ ਦਾ ਜ਼ਿਕਰ ਕਰਦੀ ਮੋਹਨ ਭੰਡਾਰੀ ਦਾ ਜਨਮ 17 ਫਰਵਰੀ 1937 ਦਾ ਸੀ ਜ਼ਿਲ੍ਹਾ ਸੰਗਰੂਰ ਦਾ ਪਿੰਡ ਬਨਭੌਰਾਮੈਥੋਂ ਉਹ ਉਨੱਤੀ ਦਿਨ ਵੱਡਾ ਸੀਜਦੋਂ ਮੋਹ ਦੇ ਲੋਰ ਵਿੱਚ ਆਉਂਦਾ, ਤਾਂ ਆਖਦਾ, “ਉਨੱਤੀ ਤਾਂ ਬਹੁਤ ਵੱਡੀ ਗੱਲ ਹੈ, ਭਾਈ ਸਾਹਿਬ, ਵਡੱਤਣ ਤਾਂ ਇੱਕ ਦਿਨ ਦੀ ਮਾਣ ਨਹੀਂ ਹੁੰਦੀ!” ਮੇਰੇ ਕੋਲ ਉਹਦੀ ਇਸ ਅਪਣੱਤ ਦਾ ਜਵਾਬ ਸੱਤ-ਬਚਨੀਆ ਬਣਨ ਤੋਂ ਬਿਨਾਂ ਹੋਰ ਕੀ ਹੋ ਸਕਦਾ ਸੀ! ਅਜਿਹੇ ਵੇਲੇ ਉਹਦੀਆਂ ਅੱਖਾਂ ਵਿੱਚ ਸਿੱਲ੍ਹ ਸਿੰਮ ਆਉਂਦੀਉਹ ਅਜਿਹਾ ਮਨੁੱਖ ਸੀ ਜਿਸਦੇ ਜਾਣ ਨਾਲ ਅਨੇਕ ਮਿੱਤਰ ਆਪਣੇ ਦਿਲ ਦਾ ਇੱਕ ਕੋਣਾ ਸੁੰਨਾ ਹੋ ਗਿਆ ਮਹਿਸੂਸ ਕਰਨਗੇਉਹ ਅਜਿਹਾ ਕਹਾਣੀਕਾਰ ਸੀ ਜਿਸ ਨੇ ਇੱਕ-ਦੋ ਨਹੀਂ, ਅਨੇਕ ਕਹਾਣੀਆਂ ਅਜਿਹੀਆਂ ਲਿਖੀਆਂ ਜੋ ਪੀੜ੍ਹੀਆਂ ਤਕ ਪਾਠਕਾਂ ਦਾ ਧਿਆਨ ਖਿੱਚਦੀਆਂ ਤੇ ਉਹਨਾਂ ਦੀ ਪ੍ਰਸ਼ੰਸਾ ਖੱਟਦੀਆਂ ਰਹਿਣਗੀਆਂ

ਉਹਨੇ ਲਿਖਿਆ ਘੱਟ, ਪੜ੍ਹਿਆ ਬਹੁਤਾਉਹ ਇਸ ਕਹਾਵਤ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਜੇ ਲੇਖਕ ਦਸ ਦਿਨ ਨਾ ਲਿਖੇ, ਕੋਈ ਫ਼ਰਕ ਨਹੀਂ ਪੈਂਦਾ ਪਰ ਜੇ ਉਹ ਇੱਕ ਦਿਨ ਵੀ ਪੜ੍ਹੇ ਨਾ, ਉਹ ਬਹੁਤ ਘਾਟੇ ਵਿੱਚ ਰਹਿੰਦਾ ਹੈਉਹਨੇ ਗਲਪ ਦੇ ਉਸਤਾਦ ਮੰਨੇ ਜਾਂਦੇ ਬਾਹਰਲੇ ਲੇਖਕ ਲੱਭ-ਲੱਭ ਕੇ ਪੜ੍ਹੇ ਤੇ ਚੇਤੇ ਵਿੱਚ ਵਸਾਏਉਰਦੂ ਦੇ, ਖਾਸ ਕਰ ਕੇ ਪੰਜਾਬੀ ਪਿਛੋਕੇ ਵਾਲੇ ਗਲਪਕਾਰ ਤਾਂ ਪੜ੍ਹਨੇ ਤੇ ਗੁੜ੍ਹਨੇ ਹੀ ਹੋਏ! ਉਹਨੇ ਸ਼ਹਿਦ ਦੀ ਮੱਖੀ ਵਾਂਗ ਇਹਨਾਂ ਸਾਰੇ ਫੁੱਲਾਂ ਦਾ ਰਸ ਕਣੀ-ਕਣੀ ਕਰ ਕੇ ਆਪਣੀ ਕਹਾਣੀ-ਕਲਾ ਦੇ ਮਖ਼ਿਆਲ ਵਿੱਚ ਸੰਜੋਇਆ-ਸਮੋਇਆ ਹੋਇਆ ਸੀਕਹਾਣੀ ਦੀ ਸ਼ੁਰੂਆਤ ਕਰਦਿਆਂ ਉਹਨੇ ‘ਮੈਨੂੰ ਟੈਗੋਰ ਬਣਾ ਦੇ, ਮਾਂ’ ਲਿਖੀਪੰਜਾਬੀ ਦਾ ਕੋਈ ਪਾਠਕ ਹੀ ਹੋਵੇਗਾ ਜਿਸ ਨੇ ਇਹ ਕਹਾਣੀ ਪੜ੍ਹੀ ਨਾ ਹੋਵੇਇਸ ਲਈ ਵੀ ਕਿ ਇਹ ਮੁੜ-ਮੁੜ ਸਕੂਲੀ ਪੜ੍ਹਾਈ ਦੀਆਂ ਕਿਤਾਬਾਂ ਵਿੱਚ ਸ਼ਾਮਲ ਹੁੰਦੀ ਰਹੀ ਹੈਅੱਗੇ ਚੱਲ ਕੇ ਇਹ ਉਹਦੇ ਪਹਿਲੇ ਸੰਗ੍ਰਹਿ ‘ਤਿਲਚੌਲੀ’ ਵਿੱਚ ਸ਼ਾਮਲ ਹੋਈਇਸ ਕਹਾਣੀ ਦੀ ਪਕਿਆਈ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਹਦੇ ਪੰਜਵੇਂ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਮਗਰੋਂ ਵੀ ਅਨੇਕ ਲੋਕਾਂ ਦੇ ਦਿਲ ਵਿੱਚ ਉਹਦੀ ਪ੍ਰਤੀਨਿਧ ਕਹਾਣੀ ਇਹੋ ਹੀ ਬਣੀ ਰਹੀਇਸ ਵਿੱਚ ਘੁਮਿਆਰਾਂ ਦੇ ਮੁੰਡੇ ਦਾ ਪਾਤਰ ਇੰਨੀ ਕਲਾਕਾਰੀ ਨਾਲ ਉਸਾਰਿਆ ਗਿਆ ਸੀ ਕਿ ਦੇਖ-ਪੜ੍ਹ ਕੇ ਸੰਤ ਸਿੰਘ ਸੇਖੋਂ ਹੈਰਾਨ ਰਹਿ ਗਏਜਦੋਂ ਉਹ ਅਗਲੀ ਵਾਰ ਕਿਤੇ ਮਿਲੇ, ਇਹਨੂੰ ਪੂਰੀ ਗੰਭੀਰਤਾ ਨਾਲ ਸਵਾਲ ਕੀਤਾ, “ਭੰਡਾਰੀ ਤੂੰ ਘੁਮਿਆਰ ਹੁੰਨੈਂ?” ਮੈਂ ਨਹੀਂ ਸਮਝਦਾ, ਉਸ ਕਹਾਣੀ ਦੀ ਇਸ ਤੋਂ ਵੱਡੀ ਕੋਈ ਹੋਰ ਪ੍ਰਸ਼ੰਸਾ ਹੋ ਸਕਦੀ ਹੈ!

ਉਂਜ ਇੱਕ ਕਹਾਣੀ ਉਹ ਬਹੁਤ ਪਹਿਲਾਂ ਲਿਖ ਚੁੱਕਿਆ ਸੀਇਹ ਪਲੇਠਾ ਸਾਹਿਤਕ ਕਦਮ ਉਹਨੇ ਨੌਂਵੀਂ ਵਿੱਚ ਪੜ੍ਹਦਿਆਂ ਹੀ ਕਹਾਣੀ ‘ਅੱਧਵਾਟਾ’ ਲਿਖ ਕੇ ਚੁੱਕ ਲਿਆ ਸੀਕਹਾਣੀ ਲਿਖਣ ਤੋਂ ਵੀ ਵੱਡੀ ਬਹਾਦਰੀ ਇਹ ਕੀਤੀ ਕਿ ਪਿੰਡ ਦੀ ਕੁੜੀ ਦਾ ਨਾਂ ਵੀ ਅਸਲੀ ਲਿਖ ਦਿੱਤਾ ਤੇ ਹੱਥ ਦੀ ਲਿਖੀ ਹੋਈ ਕਹਾਣੀ ਦੇ ਵੀ ਉਹਨੂੰ ਹੀ ਦਿੱਤੀਉਹ ਦੱਸਦਾ ਸੀ, “ਮੈਂ ਸ਼ਹੀਦ ਹੁੰਦਾ-ਹੁੰਦਾ ਬਚਿਆ।” ਤੇ ਉਹ ਝੁਰਦਾ ਸੀ, “ਹੁਣ ਤਾਂ ਉਹ ਕਹਾਣੀ ਨਾਇਕਾ ਕੋਲ ਵੀ ਕਿੱਥੇ ਬਚੀ ਹੋਣੀ ਐ… ਇੱਕ ਵਾਰ ਮੈਂ ਅਖ਼ਬਾਰ ਵਿੱਚ ਲੰਮੀ-ਚੌੜੀ ਇਸ਼ਤਿਹਾਰੀ ਟਿੱਪਣੀ ਵੀ ਛਪਵਾਈ ਸੀ, ‘ਜੇ ਕਿਤੇ ਪੜ੍ਹਦੀ-ਸੁਣਦੀ ਹੋਵੇ ਤਾਂ ਮੇਰੀ ਕਹਾਣੀ ਮੋੜ ਦੇਵੇ।’ ਪਰ ਜੀ ਕਿੱਥੇ!”

ਉਹਨੇ “ਜਾਨ ਬਚੀ ਔਰ ਲਾਖੋਂ ਪਾਏ” ਆਖ ਕੇ ਰੱਬ ਦਾ ਸ਼ੁਕਰ ਕੀਤਾ ਤੇ ਕਹਾਣੀ ਲਿਖਣ ਤੋਂ ਤੋਬਾ ਕਰ ਕੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀਉਹਨਾਂ ਵੇਲਿਆਂ ਦੀ ਉਹਦੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਤਾਂ ਮੈਂਨੂੰ ਅੱਜ ਵੀ ਯਾਦ ਹਨ: ਭਾਲ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾਜੀਹਨੂੰ ਮਿਲਦੈਂ ਤੂੰ ਬੱਸ ਐਵੇਂ ਹੀ ਮਿਲ ਜਾਂਦਾ ਹੈ, ਜੀਹਨੂੰ ਨਹੀਂ ਮਿਲਦਾ, ਉਮਰ ਭਰ ਨਹੀਂ ਮਿਲਦਾ!” ਦੇਖੋ, ਉਸ ਕੱਚੀ ਉਮਰ ਵਿੱਚ ਵੀ ਉਹਦੀ ਕਲਮ ਵਿੱਚ ਇੰਨੀ ਪਕਿਆਈ ਹੈ ਸੀ ਕਿ ਇਸ ਕਵਿਤਾ ਨੂੰ ਚਾਹੇ ਪ੍ਰੇਮਿਕਾ ਨਾਲ ਜੋੜ ਲਵੋ ਤੇ ਚਾਹੇ ਰੱਬ ਨਾਲ! ਚੰਗੀ ਗੱਲ ਇਹ ਹੋਈ ਕਿ ਕਵਿਤਾ ਉਹਦੇ ਮਨ ਵਿੱਚੋਂ ਨਿੱਕਲੀ ਵਿਧਾ ਨਹੀਂ ਸੀ ਸਗੋਂ ਉਹ ਝੱਲ ਸੀ ਜੋ ਉਸ ਉਮਰ ਵਿੱਚ ਲਗਭਗ ਹਰ ਲੇਖਕ ਨੂੰ ਚੜ੍ਹਦਾ ਹੈ ਤੇ ਕੁਝ ਪਰਪੱਕਤਾ ਆਉਣ ਨਾਲ ਇਹ ਦੌਰਾ ਆਪੇ ਹੀ ਹਟ ਜਾਂਦਾ ਹੈਉਹ ਕਹਾਣੀ ਵੱਲ ਪਰਤ ਆਇਆ ਤੇ ਫੇਰ ਕਹਾਣੀ ਦਾ ਹੀ ਹੋ ਰਿਹਾ

ਮੋਹਨ ਜ਼ਿੰਦਗੀ ਦੇ ਵਿਸ਼ਾਲ ਪਿੜ ਵਿੱਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਸੀਇਹਨਾਂ ਵਿਸ਼ਿਆਂ ਨੂੰ ਉਹ ਸਰਲ ਜ਼ਬਾਨ, ਦਿਲਚਸਪ ਬਿਆਨ, ਸੁਭਾਵਿਕ ਮੋੜਾਂ ਅਤੇ ਸਫਲ ਨਿਭਾਅ ਨਾਲ ਪੇਸ਼ ਕਰਦਾ ਸੀਉਹਦੀ ਸਾਰੀ ਉਮਰ ਡੀ. ਪੀ. ਆਈ. ਦੇ ਦਫਤਰ ਵਿੱਚ ਨੌਕਰੀ ਕਰਦਿਆਂ ਲੰਘੀ ਜਿੱਥੇ ਉਹਦਾ ਵਾਹ ਦੀਨ-ਦੁਖਿਆਰੇ ਅਧਿਆਪਕਾਂ ਤੇ ਕਲਰਕਾਂ ਨਾਲ ਪੈਂਦਾ ਸੀਉਹਦੇ ਬਹੁਤੇ ਪਾਤਰ, ਇਸਤਰੀਆਂ ਵੀ ਅਤੇ ਪੁਰਸ਼ ਵੀ, ਸਮੇਂ ਅਤੇ ਸਮਾਜ ਦੇ ਦਰੜੇ ਤੇ ਪਰੇਸ਼ਾਨੇ ਹੋਏ ਲੋਕ ਹਨ ਇੱਕ ਗੱਲ ਬੜੀ ਦਿਲਚਸਪ ਹੈਲੋਕ-ਹਿਤੈਸ਼ੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿੰਦਿਆਂ ਵੀ ਉਹ ਸਰਗਰਮ ਰਾਜਨੀਤੀ ਤੋਂ, ਲੋਕ-ਹਿਤੈਸ਼ੀ ਰਾਜਨੀਤੀ ਤੋਂ ਵੀ, ਕੋਹਾਂ ਦੂਰ ਰਿਹਾਹਾਂ, ਪੰਜਾਬੀ ਦੇ ਹੱਕੀ ਸਥਾਨ ਲਈ ਲੇਖਕਾਂ ਦੇ ਧਰਨਿਆਂ ਤੇ ਮੁਜ਼ਾਹਰਿਆਂ ਵਿੱਚ ਉਹ ਪੂਰੇ ਜੋਸ਼ ਤੇ ਸਿਦਕ ਨਾਲ ਸ਼ਾਮਲ ਹੁੰਦਾ ਇੱਕ ਵਾਰ ਇੱਕ ਸੱਜਣ ਨੇ ਪੁੱਛਿਆ, “ਭੰਡਾਰੀ ਜੀ, ਤੁਸੀਂ ਕਾਂਗਰਸ ਵਿੱਚ ਹੋ ਜਾਂ ਜਨਤਾ ਪਾਰਟੀ ਵਿੱਚ? ਸੀ.ਪੀ.ਐੱਮ. ਵਿੱਚ ਹੋ ਕਿ ਸੀ.ਪੀ.ਆਈ. ਵਿੱਚ?” ਉਹਦਾ ਉੱਤਰ ਸੀ, “ਡੀ.ਪੀ.ਆਈ. ਵਿੱਚ!”

ਉਹਦੀ ਇੱਕ ਆਦਤ ਅਜੀਬ ਸੀਇਹ ਸ਼ਾਇਦ ਉਹਨੂੰ ਛੋਟੀ ਉਮਰੇ ਆਂਢੀਆਂ-ਗੁਆਂਢੀਆਂ ਦੀਆਂ ਚਿੱਠੀਆਂ ਲਿਖ-ਲਿਖ ਪਈ ਸੀ ਜੋ ਸਾਨੂੰ ਸਭ ਨੂੰ ਹੀ ਲਿਖਣੀਆਂ ਪੈਂਦੀਆਂ ਸਨਨਿਆਣੇ ਤੋਂ ਸਿਆਣਾ ਹੋ ਗਿਆ ਪਰ ਉਹਨੇ ਇਹ ਆਦਤ ਛੱਡਣ ਦੀ ਲੋੜ ਨਾ ਸਮਝੀਇਹ ਸੀ ਸਕੂਲ ਵਿੱਚ ਚਿੱਠੀ ਲਿਖਣੀ ਸਿਖਾਏ ਅਨੁਸਾਰ ਪਹਿਲਾਂ ਆਪ ਹੀ ਚਿੱਠੀ ਲਿਖਾਉਣ ਵਾਲੇ ਦਾ ਸਿਰਨਾਵਾਂ ਲਿਖ ਦੇਣਾ ਅਤੇ ਫੇਰ ਗੁਰਮੁਖੀ ਵਿੱਚ “ਯਹਾਂ ਪਰ ਖ਼ੈਰੀਅਤ ਹੈ, ਆਪ ਜੀ ਕੀ ਖ਼ੈਰੀਅਤ ਵਾਹਿਗੁਰੂ ਪਾਸੋਂ ਚਾਹੁੰਦੇ ਹਾਂ, ਸੂਰਤ-ਹਵਾਲ ਯਿਹ ਹੈ ਕਿ …” ਲਿਖ ਕੇ ਕਲਮ ਰੋਕਣੀ ਤੇ ਪੁੱਛਣਾ, “ਹਾਂ ਜੀ, ਦੱਸੋ, ਕੀ ਲਿਖਣਾ ਹੈ?” ਮੋਹਨ ਚਿੱਠੀ, ਜੇ ‘ਸੂਰਤ-ਹਵਾਲ’ ਲੰਮਾ ਨਾ ਹੋਵੇ, ਹਮੇਸ਼ਾ ਕਾਰਡ ਉੱਤੇ ਲਿਖਦਾ ਸੀ ਅਤੇ ਸੱਜੇ ਕੋਣੇ ਵਿੱਚ 3284/1, ਸੈਕਟਰ 44-ਡੀ, ਚੰਡੀਗੜ੍ਹ ਜ਼ਰੂਰ ਲਿਖਦਾ ਸੀ ਤੇ ਨਾਲ ਤਾਰੀਖ਼ ਵੀ ਪਾ ਦਿੰਦਾ ਸੀਜਦੋਂ ਮੈਂਨੂੰ ਵੀ ਚਿੱਠੀ ਲਿਖਦਾ, ਜੋ ਪੰਜਾਹ ਵਾਰ ਉਹਦੇ ਘਰ ਜਾ ਚੁੱਕਿਆ ਸੀ, ਉਹ ਇਹ ਰੀਤ ਪਾਲਣੀ ਨਹੀਂ ਸੀ ਭੁੱਲਦਾਮੈਂ ਮਖ਼ੌਲ ਕਰਦਾ, “ਜੇ ਨਿਰਮਲ ਭਾਬੀ ਕੁਝ ਦਿਨਾਂ ਲਈ ਪੇਕੇ ਗਈ ਹੋਵੇ ਤੇ ਤੂੰ ਉਹਨੂੰ ਚਿੱਠੀ ਲਿਖਣੀ ਹੋਵੇ, ਉਸ ਕਾਰਡ ਦੇ ਉਤਲੇ ਸੱਜੇ ਖੂੰਜੇ ਵਿੱਚ ਵੀ ਆਪਣਾ ਪੂਰਾ ਪਤਾ ਜ਼ਰੂਰ ਲਿਖੇਂਗਾ!” ਸਿੱਟਾ ਇਹ ਹੋਇਆ ਕਿ ਜਿਸ ਪਾਠਕ-ਲੇਖਕ ਨਾਲ ਇੱਕ ਵਾਰ ਉਹਦੀ ਚਿੱਠੀ ਦੀ ਆਵਾਜਾਈ ਹੋ ਜਾਂਦੀ, ਉਹ ਕਿਸੇ ਕੰਮ ਚੰਡੀਗੜ੍ਹ ਆਉਣ ਵੇਲੇ ਇਹਦਾ ਕਾਰਡ ਦੂਹਰਾ ਕਰ ਕੇ ਜੇਬ ਵਿੱਚ ਪਾਉਂਦਾ ਅਤੇ ਆਪਣੇ ਪਿਆਰੇ ਕਹਾਣੀਕਾਰ ਦੇ ਦਰਸ਼ਨ ਕਰਨ ਪਹੁੰਚ ਜਾਂਦਾਇਸੇ ਕਾਰਨ ਮੈਂ ਬਹੁਤ ਪਹਿਲਾਂ ਉਹਦੇ ਘਰ ਦਾ ਨਾਂ ‘ਡੇਰਾ ਬਾਬਾ ਮੋਹਨ ਭੰਡਾਰੀ’ ਰੱਖ ਦਿੱਤਾ ਸੀ

ਇਸ ਡੇਰੇ ਦੇ ਸਿਰਨਾਵੇਂ ਦੀ ਕਥਾ ਵੀ ਨਿਰਾਲੀ ਸੀ ਡਾ. ਮਹਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਸਨਜਿਵੇਂ ਸਭ ਜਾਣਦੇ ਹੀ ਹਨ, ਉਹ ਲੇਖਕਾਂ ਤੇ ਕਲਾਕਾਰਾਂ ਦੇ ਬੜੇ ਮਿਹਰਬਾਨ ਕਦਰਦਾਨ ਸਨਚੰਡੀਗੜ੍ਹ ਸਾਹਿਤ ਅਕਾਦਮੀ ਵਿੱਚ ਮੋਹਨ ਨੇ ਕਹਾਣੀ ਪੜ੍ਹਨੀ ਸੀ ਤੇ ਰੰਧਾਵਾ ਸਾਹਿਬ ਪ੍ਰਧਾਨਗੀ ਲਈ ਬੁਲਾਏ ਹੋਏ ਸਨਉਹ ਇਸ ਮੁੰਡੇ ਨੂੰ ਪਹਿਲੀ ਵਾਰ ਦੇਖ-ਸੁਣ ਰਹੇ ਸਨਕਹਾਣੀ ਉਹਨਾਂ ਨੂੰ ਭਾਅ ਗਈਉਹਨੀਂ ਦਿਨੀਂ ਹੀ ਇਹਦਾ ਕਹਾਣੀ-ਸੰਗ੍ਰਹਿ ‘ਤਿਲਚੌਲ਼ੀ’ ਛਪਿਆਰੰਧਾਵਾ ਸਾਹਿਬ ਦੀ ਨਜ਼ਰੋਂ ਲੰਘਿਆ ਤਾਂ ਉਹਨਾਂ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਤੋਂ ‘ਤਿਲਚੌਲ਼ੀ’ ਨੂੰ ਪਹਿਲਾ ਪੁਰਸਕਾਰ ਵੀ ਦੁਆਇਆ ਤੇ ‘ਤਿਲਚੌਲ਼ੀ’ ਦੇ ਲੇਖਕ ਨੂੰ ਅਕਾਦਮੀ ਦੀ ਐਗ਼ਜ਼ੈਕਟਿਵ ਦਾ ਮੈਂਬਰ ਵੀ ਬਣਵਾਇਆਫੇਰ ਕਿਤੇ ਮਿਲੇ ਤਾਂ ਰੰਧਾਵਾ ਸਾਹਿਬ ਕਹਿੰਦੇ, “ਤੇਰੇ ਘਰ ਚੱਲਾਂਗੇ ਕਿਸੇ ਦਿਨ

ਇਹਨੇ ਕਿਹਾ, “ਸੁਆਹ ਘਰ ਐ ਉਹ! ਬਾਰਾਂ ਟਾਈਪ ਦਾ ਅੱਧਾ ਕੁਆਰਟਰ

ਉਹ ਝੱਟ ਬੋਲੇ, “ਲਿਆ ਅਰਜ਼ੀ, ਪੂਰਾ ਕਰ ਦਿਆਂ।” ਅਰਜ਼ੀ ਉੱਤੇ ਉਹਨਾਂ ਨੇ ਲਿਖਿਆ, “ਮੋਹਨ ਭੰਡਾਰੀ ਪੰਜਾਬੀ ਦਾ ਬਹੁਤ ਵਧੀਆ ਕਹਾਣੀਕਾਰ ਹੈਅੱਧੇ ਮਕਾਨ ਵਿੱਚ ਇਹਦੇ ਲਿਖਣ-ਪੜ੍ਹਨ ਵਿੱਚ ਵਿਘਨ ਪੈਂਦਾ ਹੈਇਹਨੂੰ ਇਹਦਾ ਬਣਦਾ, ਜਿਸਦਾ ਇਹ ਹੱਕਦਾਰ ਹੈ, ਪੂਰਾ ਮਕਾਨ ਅਲਾਟ ਕੀਤਾ ਜਾਵੇ, ਇਹਦੀ ਪਸੰਦ ਦਾ

ਅਰਜ਼ੀ ਲੈ ਕੇ ਇਹ ਦਫਤਰ ਦੇ ਅਧਿਕਾਰੀ ਕੋਲ ਗਿਆਉਹਨੇ ਅਰਜ਼ੀ ਫੜ ਕੇ ਰੰਧਾਵਾ ਜੀ ਦਾ ਹੱਥੀਂ ਲਿਖਿਆ ਹੁਕਮ ਗਹੁ ਨਾਲ ਪੜ੍ਹਿਆ ਤੇ ਪਤਲੂ ਜਿਹੇ ਮੁੰਡੇ ਨੂੰ ਪਿਆਰ ਨਾਲ ਪੁਚਕਾਰ ਕੇ ਆਖਿਆ, “ਠੀਕ ਹੈ ਕਾਕਾ, ਤੂੰ ਜਾ, ਭੰਡਾਰੀ ਸਾਹਿਬ ਨੂੰ ਭੇਜ

ਜਦੋਂ ਰੰਧਾਵਾ ਸਾਹਿਬ ਨੂੰ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦਾ ਵੀਸੀ ਬਣਾਏ ਜਾਣ ਦੀ ਸੋਅ ਮਿਲੀ, ਉਹਨਾਂ ਨੇ ਜਾਂਦਿਆ-ਜਾਂਦਿਆਂ ਵੀ ਕੁਝ ਲੇਖਕਾਂ ਤੇ ਹੋਰਾਂ ਦਾ ਭਲਾ ਕਰਨ ਬਾਰੇ ਸੋਚਿਆਮੋਹਨ ਤੋਂ ਵੀ ਅਰਜ਼ੀ ਮੰਗ ਲਈ ਤੇ ਇਹਨੂੰ 15 ਸੈਕਟਰ ਵਿੱਚ ਕੋਣੇ ਵਾਲਾ ਇੱਕ ਪਲਾਟ ਦੁਆ ਦਿੱਤਾਭਾਅ 28 ਰੁਪਏ ਵਰਗ ਗ਼ਜ਼ਇਹਨੇ ਸ਼ਰਤ ਅਨੁਸਾਰ ਬਿਆਨੇ ਦੇ ਪੈਸੇ ਭਰ ਦਿੱਤੇਰੰਧਾਵਾ ਸਾਹਿਬ ਲੁਧਿਆਣੇ ਚਲੇ ਗਏਇਹ ਬਾਕੀ ਪੈਸੇ ਭਰਨ ਗਿਆ ਤਾਂ ਦਫ਼ਤਰੀਏ ਕਹਿੰਦੇ, ਤਾਰੀਖ਼ ਤੋਂ ਇੱਕ ਹਫ਼ਤਾ ਪਛੜ ਕੇ ਆਏ ਹੋ, 28 ਦੀ ਥਾਂ 39 ਰੁਪਏ ਦੇ ਹਿਸਾਬ ਚੈੱਕ ਲਿਆਓਇਹਦਾ ਸਵੈਮਾਣ ਗ਼ਲਤ ਮੌਕੇ ਆਕੜ ਵਿੱਚ ਬਦਲ ਗਿਆ, “ਗਿਆਰਾਂ ਰੁਪਏ ਹੋਰ ਕਾਹਦੇ? ਕਿਉਂ ਦੇਵਾਂ ਮੈਂ ਗਿਆਰਾਂ ਰੁਪਏ ਵੱਧ?” ਕਲਰਕ ਦੇ ਕਾਰਨ ਦੱਸੇ ਤੋਂ ਇਹਨੇ ਮਨ ਹੀ ਮਨ ਤਾਂ ਗਾਲ੍ਹਾਂ ਦਿੱਤੀਆਂ, ‘ਸਾਲ਼ੇ ਲੁਟੇਰੇ … ਮੈਨੂੰ ਠੱਗਣ ਨੂੰ ਫਿਰਦੇ ਐ …’, ਪਰ ਬੋਲ ਕੇ ਆਖਿਆ, “ਮੈਂ ਨਹੀਂ ਦੇਣੇ ਗਿਆਰਾਂ ਰੁਪਏ ਵੱਧ! ਚੱਕੋ ਆਬਦਾ ਪਲਾਟ ਤੇ ਇੱਧਰ ਧਰੋ ਮੇਰਾ ਬਿਆਨਾ!” ਜਿਨ੍ਹਾਂ ਕਲਰਕਾਂ ਉੱਤੇ ਲੋਕ ਮਹੀਨਿਆਂ-ਬੱਧੀ ਕੰਮ ਨਾ ਕਰਨ ਦਾ ਦੋਸ਼ ਲਾਉਂਦੇ ਹਨ, ਉਹਨਾਂ ਨੇ ਐਨੀ ਚੁਸਤੀ ਦਿਖਾਈ ਕਿ ਪੰਜ ਮਿੰਟ ਵਿੱਚ ਇਹਦੇ ਪੈਸੇ ਇਹਦੀ ਹਥੇਲੀ ਉੱਤੇ ਰੱਖ ਦਿੱਤੇਇਹ ਪੈਸੇ ਮੁੜਵਾ ਕੇ ਖ਼ੁਸ਼ ਤੇ ਦਫ਼ਤਰੀਏ ਇਸ ਕਰਕੇ ਖ਼ੁਸ਼ ਕਿ ਉਸ ਪਲਾਟ ਉੱਤੇ ਇੱਕ ਰਸੂਖ਼ਵਾਨ ਅਧਿਕਾਰੀ ਦੀ ਅੱਖ ਸੀ ਤੇ ਉਹਨੇ ਦਫਤਰ ਵਾਲਿਆਂ ਨੂੰ ਕਹਿ ਰੱਖਿਆ ਸੀ ਕਿ ਮੋਹਨ ਭੰਡਾਰੀ ਨਾਂ ਦਾ ਬੰਦਾ ਜੇ ਕਿਸੇ ਕਾਰਨ ਪੈਸੇ ਨਾ ਭਰੇ, ਇਹ ਪਲਾਟ ਮੇਰੇ ਨਾਂ ਕਰ ਦੇਣਾ! ਕਮਾਲ ਇਹ ਹੈ ਕਿ ਮਗਰੋਂ ਦੀ ਜ਼ਿੰਦਗੀ ਵਿੱਚ ਮੋਹਨ ਨੂੰ ਆਪਣੇ ਇਸ ਕਾਰਨਾਮੇ ਦਾ ਮਲਾਲ ਵੀ ਕਦੀ ਨਹੀਂ ਸੀ ਹੋਇਆ

ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ ਵਾਲੀ ਉਹਦੀ ਪੁਸਤਕ ‘ਮੂਨ ਦੀ ਅੱਖ’ ਨੂੰ ਪੰਜਾਬੀ ਦੇ ਇੱਕ ਅਖ਼ਬਾਰ ਨੇ ਇਹ ਖ਼ਬਰ ਛਾਪਣ ਸਮੇਂ ‘ਮਨ ਦੀ ਅੱਖ’ ਲਿਖ ਦਿੱਤਾਪੜ੍ਹ ਕੇ ਲੱਗਿਆ, ਅਖ਼ਬਾਰ ਦੀ ਇਹ ਗ਼ਲਤੀ ਕਿੰਨੀ ਸਹੀ ਹੈਮੋਹਨ ਉਹੋ ਲਿਖਦਾ ਸੀ ਜੋ ਉਹਦੀ ਮਨ ਦੀ ਅੱਖ ਦੇਖਦੀ ਅਤੇ ਦੱਸਦੀ ਸੀਉਹਨੇ ਕੇਵਲ ਬਾਹਰਲੀਆਂ ਅੱਖਾਂ ਨਾਲ ਦੇਖਿਆ ਹੋਇਆ ਕਦੀ ਨਹੀਂ ਸੀ ਲਿਖਿਆਉਹ ਛੋਟੇ-ਛੋਟੇ, ਸਰਲ-ਸਵਾਹਰੇ ਵਾਕ ਜੋੜ-ਜੋੜ ਕੇ ਕਹਾਣੀ ਸਿਰਜਦਾ ਸੀਕੋਈ ਕਾਹਲ ਨਹੀਂ, ਕੋਈ ਚਲਾਊ ਕੰਮ ਨਹੀਂ ਇੱਕ ਕਹਾਣੀ ਨੂੰ ਨਿੰਮਣ ਤੋਂ ਲੈ ਕੇ ਜੰਮਣ ਤਕ ਹਫ਼ਤੇ ਵੀ ਲੱਗ ਸਕਦੇ ਸਨ, ਮਹੀਨੇ ਵੀ ਤੇ ਵਰ੍ਹੇ ਵੀਇਉਂ ਮਠਾਰ-ਮਠਾਰ ਕੇ ਲਿਖੀ ਹੋਈ ਕਹਾਣੀ ਉੱਤੇ ਉਹਨੂੰ ਵਾਜਬ ਮਾਣ ਹੁੰਦਾ ਸੀਮੌਲਕ ਰਚਨਾ ਤੋਂ ਇਲਾਵਾ ਉਹਨੇ ਕੁਝ ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੀਆਂ ਤੇ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾਉਹਦੀਆਂ ਆਪਣੀਆਂ ਕਹਾਣੀਆਂ ਦੇ ਅਨੁਵਾਦ ਦੀਆਂ ਹਿੰਦੀ ਵਿੱਚ ਦੋ ਪੁਸਤਕਾਂ ਛਪੀਆਂਉਹਨੂੰ ਹੱਕੀ ਮਾਣ-ਸਨਮਾਨ ਵੀ ਖਾਸੇ ਮਿਲੇ

ਮੋਹਨ ਜਜ਼ਬਾਤੀ ਬੰਦਾ ਸੀ ਜਿਵੇਂ ਹਰੇਕ ਚੰਗਾ ਲੇਖਕ ਹੁੰਦਾ ਹੀ ਹੈਪਾਤਰ ਕੋਈ ਵੀ ਹੋਵੇ, ਉਹਦੇ ਦੁੱਖ-ਦਰਦ ਨਾਲ ਉਹਦੀ ਅੱਖ ਵਿੱਚ ਉਹ ਹੰਝੂ ਆ ਲਿਸ਼ਕਦਾ ਸੀ ਜੋ ਉਹਦੀ ਕਹਾਣੀ ਵਾਲੀ ਮੂਨ ਦੀ ਅੱਖ ਵਿੱਚ ਅਟਕਿਆ ਹੋਇਆ ਸੀਅਸਲ ਵਿੱਚ ਉਹ ਕੇਵਲ ‘ਮੂਨ ਦੀ ਅੱਖ’ ਪੁਸਤਕ ਵਾਲਾ ਮੋਹਨ ਭੰਡਾਰੀ ਹੀ ਨਹੀਂ ਸੀ, ਮਨੁੱਖ ਵਜੋਂ ਵੀ ਮੂਨ ਦੀ ਅੱਖ ਵਾਲਾ ਮੋਹਨ ਭੰਡਾਰੀ ਸੀ! ਬਾਰਾਂ ਚੋਣਵੀਆਂ ਕਹਾਣੀਆਂ ਦਾ ਆਪਣਾ ਸੰਗ੍ਰਹਿ ‘ਤਣ-ਪੱਤਣ’ ਮੈਂਨੂੰ ਭੇਟ ਕਰਦਿਆਂ ਉਹਨੇ ਲਿਖਿਆ: “ਦੋਸਤੀ ਦੇ ਉਸ ਪੜਾਅ ਦੇ ਨਾਂ ਜਿੱਥੇ ਵਿਸ਼ੇਸ਼ਣਾਂ ਦੀ ਮੁਥਾਜੀ ਨਹੀਂ ਹੁੰਦੀ! ਗੁਰਬਚਨ ਸਿੰਘ ਭੁੱਲਰ ਨੂੰ!” ਵਿਸ਼ੇਸ਼ਣਾਂ ਦੀ ਮੁਥਾਜੀ ਤੋਂ ਉੱਚੀ ਉੱਠੀ ਹੋਈ ਦੋਸਤੀ ਵਾਲੇ ਮੌਜੀ ਤੇ ਮੋਹਖੋਰੇ ਮਨੁੱਖ ਅਤੇ ਸਵੈਮਾਨੀ ਤੇ ਸੰਜੀਦਾ ਸਾਹਿਤਕਾਰ ਨੂੰ ਆਖ਼ਰੀ ਵਿਦਾਅ ਕਹਿੰਦਿਆਂ ਦਿਲ ਨੇ ਤਾਂ ਡੁੱਬਣਾ ਹੀ ਹੋਇਆ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3193)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author