“ਤੋਬਾ, ਤੋਬਾ, ਧੀਰ ਜੀ ਦੀ ਰਚਨਾ ਨੂੰ ਕੋਈ ਲਿਖੀ ਦੀ ਥਾਂ ਝਰੀਟੀ ਹੋਈ ਕਹਿ ਦੇਵੇ! ਉਹਨਾਂ ਦਾ ...”
(28 ਅਗਸਤ 2023)
ਸ਼ਿਵ ਨਾਥ ਚਲਿਆ ਗਿਆ। ਉਮਰ ਦੇ 88ਵੇਂ ਸਾਲ ਵਿੱਚ ਉਹਨੇ ਉਸ ਸੰਸਾਰ ਵੱਲ ਪਿੱਠ ਕਰ ਲਈ ਜਿਸ ਕੋਲ ਉਹਦੇ ਵਰਗੇ ਕੋਮਲ-ਚਿੱਤ ਲੋਕਾਂ ਨੂੰ ਦੇਣ ਲਈ ਖ਼ੁਸ਼ੀਆਂ ਕਦੀ-ਕਦਾਈਂ ਹੁੰਦੀਆਂ ਹਨ, ਪਰ ਦਰਦ ਤੇ ਗ਼ਮ ਦੇ ਗੱਫੇ ਨਿੱਤ ਦਾ ਵਰਤਾਰਾ ਹੁੰਦੇ ਹਨ। ਪੰਜਾਬੀ ਸਾਹਿਤਕ ਭਾਈਚਾਰੇ ਵਿੱਚ ਉਸ ਨੂੰ ਲੋਕ-ਕਵੀ ਆਖਿਆ ਜਾਂਦਾ ਸੀ ਤੇ ਇਹ ਵਿਸ਼ੇਸ਼ਣ ਉਹਦੇ ਪੂਰੀ ਤਰ੍ਹਾਂ ਮੇਚ ਆਉਂਦਾ ਸੀ। ਉਹਦੀ ਸਮੁੱਚੀ ਰਚਨਾ ਦਾ ਇੱਕੋ ਵਿਸ਼ਾ ਹੈ, ਲੋਕ, ਮਹਿਲੀਂ ਰਹਿੰਦੇ ਤੇ ਪਦਾਰਥ ਮਾਣਦੇ ਉਤਲਿਆਂ ਦਾ ਢੱਗਿਆਂ ਵਾਂਗ ਭਾਰ ਢੋਣ ਲਈ ਮਣਜਬੂਰ ਲੋਕ, ਵੋਟਾਂ ਖ਼ਾਤਰ ਪਾਈਆਂ ਧਰਮਾਂ ਤੇ ਜਾਤਾਂ ਦੀਆਂ ਵੰਡੀਆਂ ਦਾ ਅਸਹਿ ਕਹਿਰ ਸਹਿੰਦੇ ਲੋਕ, ਆਰਥਿਕ ਕਾਣੀ-ਵੰਡ ਦੀ ਦਿੱਤੀ ਸਦੀਵੀ ਨੰਗ-ਭੁੱਖ ਦਾ ਨਰਕ ਭੋਗਦੇ ਲੋਕ! ਇੱਕ ਦਿਨ ਮੈਂ ਆਖਿਆ, ਅੱਜ ਲੋਕਾਂ ਨੂੰ ਛੱਡ, ਕਿਸੇ ਪਰੀ-ਚਿਹਰਾ ਮਹਿਬੂਬ ਦੀ ਕਲਪਨਾ ਕਰ ਕੇ ਗ਼ਜ਼ਲ ਲਿਖ। ਕਹਿੰਦਾ, ਉਹੋ ਲਿਖਣ ਬੈਠਾ ਸੀ, ਇਹ ਲਿਖੀ ਗਈ, “ਨਾ ਜਿਸ ਨੂੰ ਸਾਰ ਪਾਣੀ ਦੀ, ਨਾ ਚੱਪੂ ਫੜਨ ਦੀ ਸੋਝੀ, ਖ਼ੁਦਾ ਨੇ ਬਖ਼ਸ਼ਿਆ ਕੁਝ ਇਸ ਤਰ੍ਹਾਂ ਦਾ ਨਾਖ਼ੁਦਾ ਸਾਨੂੰ। ਚਮਨ ਵਿੱਚ ਫੁੱਲ ਖਿੜਨੇ ਸਨ, ਤਬਾਹੀ ਦਾ ਨਜ਼ਾਰਾ ਹੈ, ਇਹ ਕਿਹੜੇ ਵਕਤ ਆ ਕੇ ਦੇ ਗਿਆ ਮੌਸਮ ਦਗ਼ਾ ਸਾਨੂੰ! … …”
ਉਹ ਪੈਂਤੀ-ਅੱਖਰੀ ਤਕ ਪੜ੍ਹਿਆ ਹੋਣ ਸਦਕਾ ਮੂਲ ਸਿਧਾਂਤਕ ਪੁਸਤਕਾਂ ਪੜ੍ਹ ਕੇ ਮਾਰਕਸਵਾਦ ਸਿੱਖਣ ਦੇ ਸਮਰੱਥ ਨਹੀਂ ਸੀ, ਪਰ ਉਹਨੇ ਜੀਵਨ ਵਿੱਚੋਂ ਮਾਰਕਸਵਾਦ ਦਾ ਸਾਰ-ਤੱਤ ਚੰਗੀ ਤਰ੍ਹਾਂ ਜਾਣਿਆ ਤੇ ਦ੍ਰਿੜ੍ਹ ਕੀਤਾ ਹੋਇਆ ਸੀ। ਜਿਹੜੀ ਗੱਲ ਮਿਹਨਤਕਸ਼ਾਂ ਦੇ ਜੀਵਨ ਦੀ ਬਿਹਤਰੀ ਚਿਤਵਦੀ ਤੇ ਇਸ ਮਨੋਰਥ ਲਈ ਜੱਦੋਜਹਿਦ ਵਿੱਚ ਹਿੱਸਾ ਪਾਉਂਦੀ ਹੈ, ਉਹ ਮਾਰਕਸਵਾਦੀ ਹੈ ਅਤੇ ਜਿਹੜੀ ਗੱਲ ਪਹਿਲਾਂ ਤੋਂ ਉੱਚੇ ਧੌਲਰਾਂ ਨੂੰ ਹੋਰ ਉੱਚੇ ਕਰਨ ਲਈ ਰਦੇ ਦੀ ਇੱਟ ਬਣਦੀ ਹੈ, ਉਹ ਮਾਰਕਸਵਾਦ-ਵਿਰੋਧੀ ਹੈ।
ਪਾਕਿਸਤਾਨੋਂ ਆ ਕੇ ਬਚਪਨ ਵਿੱਚ ਹੀ ਉਹਨੇ ਪਹਿਲਾਂ ਮੂੰਗਫਲੀ ਵੇਚੀ, ਫੇਰ ਛੋਲਿਆਂ ਦਾ ਖੌਂਚਾ ਲਾਇਆ ਤੇ ਵੱਡਾ ਹੋ ਕੇ ਬੱਸੀ-ਪਠਾਣਾਂ ਕੱਪੜੇ ਸਿਉਣ ਲੱਗ ਗਿਆ। ਪ੍ਰੋ. ਕੇਸਰ ਸਿੰਘ ਕੇਸਰ ਨੇ ਉਹਦੇ ਅੰਦਰਲਾ ਕਵੀ ਪਛਾਣਿਆ ਤੇ ਉਹਨੂੰ ਖੁੱਗ ਕੇ ਚੰਡੀਗੜ੍ਹ ਲਿਆ ਲਾਇਆ। ਉਹਦੇ ਗੁਜ਼ਾਰੇ ਦੇ ਪ੍ਰਬੰਧ ਦਾ ਇਕਰਾਰ ਨਿਭਾਉਂਦਿਆਂ ਪ੍ਰੋ. ਕੇਸਰ ਨੇ ਉਹਦੇ ਲਈ ਘਰਾਂ ਵਿੱਚ ਜਾ ਕੇ ਰਸਾਲੇ-ਕਿਤਾਬਾਂ ਕਿਰਾਏ ਉੱਤੇ ਦੇਣ ਦਾ ਕੰਮ ਚੁਣਿਆ ਅਤੇ ਆਪਣੇ ਸਹਿਕਰਮੀਆਂ, ਦੋਸਤਾਂ-ਵਾਕਫ਼ਾਂ ਤੇ ਵਿਦਿਆਰਥੀਆਂ ਨੂੰ ਉਹਦੇ ਗਾਹਕ ਬਣਨ ਲਈ ਪ੍ਰੇਰਿਆ। ਰਾਜਧਾਨੀ ਦੀਆਂ ਗਲੀਆਂ ਵਿੱਚ ਉਹਦੀ ਬਾਕੀ ਇਸ਼ਤਿਹਾਰਬਾਜ਼ੀ ਮੂੰਹੋਂ-ਮੂੰਹ ਹੋ ਗਈ। ਉਹਨੇ ਟੱਬਰ ਵੀ ਪਾਲਿਆ ਤੇ ਸਤਿਕਾਰ ਵੀ ਕਮਾਇਆ।
ਗੁਜ਼ਾਰੇ ਲਈ ਰਾਜਧਾਨੀ ਦੀਆਂ ਗਲ਼ੀਆਂ ਵਿੱਚ ਘੁੰਮਦੇ ਸਾਹਿਤਕ ਸਾਈਕਲ ਦੀ ਇਸ ਮਾਇਕ ਕਿਰਤ-ਕਮਾਈ ਦੇ ਨਾਲ-ਨਾਲ ਉਹਨੇ ਰਚਨਾਤਮਿਕ ਕਮਾਈ ਵੀ ਖ਼ੂਬ ਕੀਤੀ। ਉਹਦੀਆਂ ਪੁਸਤਕਾਂ ਨੇ 22 ਦਾ ਅੰਕੜਾ ਛੋਹ ਲਿਆ। ਗਿਆਰਾਂ ਕਾਵਿ-ਸੰਗ੍ਰਹਿ ਪਾਠਕਾਂ ਨੂੰ ਭੇਟ ਕੀਤੇ ਹੋਣ ਸਦਕਾ ਉਹਦੀ ਪਛਾਣ ਭਾਵੇਂ ਕਵੀ ਵਜੋਂ ਬਣ ਗਈ, ਪਰ ਇੰਨੀਆਂ ਹੀ ਪੁਸਤਕਾਂ ਉਹਨੇ ਹੋਰ ਵਿਧਾਵਾਂ ਵਿੱਚ ਵੀ ਦਿੱਤੀਆਂ। ਇਹਨਾਂ ਵਿੱਚ ਦੋ ਕਹਾਣੀ-ਸੰਗ੍ਰਹਿ, ਦੋ ਜੀਵਨੀਆਂ, ਤਿੰਨ ਸਵੈਜੀਵਨੀ ਤੇ ਯਾਦਾਂ ਅਤੇ ਚਾਰ ਬਾਲ-ਪੁਸਤਕਾਂ ਸ਼ਾਮਲ ਹਨ। ਪੁਸਤਕਾਂ ਤਾਂ ਉਹਦੀਆਂ ਸਾਰੀਆਂ ਹੀ ਜੀਵਤ ਅਨੁਭਵ ਉੱਤੇ ਆਧਾਰਿਤ ਹੋਣ ਕਰਕੇ ਪੜ੍ਹਨ ਵਾਲੀਆਂ ਹਨ, ਪਰ ਜੀਵਨੀਆਂ ਤੇ ਯਾਦਾਂ ਦੀਆਂ ਪੁਸਤਕਾਂ ਵਿੱਚ ਬਹੁਤ ਕੁਛ ਵੱਖਰੀ ਭਾਂਤ ਦਾ ਹੈ। ਮਿਸਾਲ ਵਜੋਂ ‘ਅਣਫੋਲਿਆ ਵਰਕਾ’ ਨਾਂ ਦੀ ਪੁਸਤਕ ਵਿੱਚ ਉਹਨੇ ਇੰਦਰ ਸਿੰਘ ਮੁਰਾਰੀ ਦੀਆਂ ਬੋਲ ਕੇ ਸੁਣਾਈਆਂ 1947 ਤਕ ਦੀਆਂ ਯਾਦਾਂ ਕਲਮਬੰਦ ਕੀਤੀਆਂ ਹਨ।
ਕਈ ਬੀਬੀਆਂ ਤਾਂ ਉਹਦਾ ਸਤਿਕਾਰ ਸੱਚ-ਮੁੱਚ ਸਾਧੂ-ਸੰਤ ਵਾਂਗ ਕਰਦੀਆਂ ਸਨ। ਜਿਸ ਦਿਨ ਕਿਸੇ ਅਜਿਹੀ ਬੀਬੀ ਵਾਲੇ ਸੈਕਟਰ ਦੀ ਵਾਰੀ ਆਉਂਦੀ, ਉਹ ਸਾਈਕਲ ਫਾਟਕ ਦੇ ਅੰਦਰ ਕਰਨ ਲਈ ਆਖਦੀ ਤੇ ਡਰਾਇੰਗ ਰੂਮ ਵਿੱਚ ਬਿਠਾ ਕੇ ਰੁੱਤ ਅਨੁਸਾਰ ਠੰਢਾ-ਗਰਮ ਪਿਆਉਂਦੀ। ਜਦੋਂ ਉਹਦੀ ਨਵੀਂ ਕਿਤਾਬ ਛਪਦੀ, ਉਹ ਗਾਹਕਾਂ ਨੂੰ ਆਖਦਾ, ਮੁੱਲ ਤਾਂ ਢਾਈ ਸੌ ਹੈ, ਪਰ ਮੈਂ ਤੁਹਾਨੂੰ ਦੋ ਸੌ ਵਿੱਚ ਦੇਵਾਂਗਾ। ਕਈ ਲੋਕ ਲੈ ਲੈਂਦੇ, ਕਈ ਨਾ ਲੈਂਦੇ, ਪਰ ਕਈ ਬੀਬੀਆਂ ਇਹਨੂੰ ਹਰ ਕਿਤਾਬ ਦੇ ਪੰਜ ਸੌ ਰੁਪਏ ਹੀ ਦਿੰਦੀਆਂ। ਇੱਕ ਕਾਲਜ ਪੜ੍ਹਦੀ ਕੁੜੀ ਮਾਂ ਨਾਲ ਪਰਿਵਾਰ ਦੇ ਸਿਆਲੂ ਕੱਪੜੇ ਖਰੀਦਣ ਮਗਰੋਂ ਕਹਿੰਦੀ, “ਮੰਮੀ, ਰਸਾਲਿਆਂ ਵਾਲੇ ਬਾਬਾ ਜੀ ਵਾਸਤੇ ਗਰਮ ਕਮੀਜ਼-ਪਜਾਮੇ ਦਾ ਕੱਪੜਾ ਲੈ ਲਈਏ।”
ਲੇਖਕ ਬੀਬੀ ਸੁਰਜੀਤ ਬੈਂਸ ਦਿਲਦਾਰ ਪੰਜਾਬਣ ਹੈ। ਉਹ ਸਮੇਂ-ਸਮੇਂ ਆਪਣੇ ਘਰ ਸਾਹਿਤਕ ਬੈਠਕ ਬੁਲਾਉਂਦੀ ਹੈ। ਰਚਨਾਵਾਂ ਦੇ ਦੌਰ ਪਿੱਛੋਂ ਭੋਜਨ ਦਾ ਦੌਰ ਚਲਦਾ ਹੈ। ਪਿਛਲੀ ਵਾਰ ਉਹਨੇ ਸ਼ਿਵ ਨਾਥ ਨੂੰ ਨਵੀਂ ਛਪੀ, ਜੋ ਹੁਣ ਆਖ਼ਰੀ ਬਣ ਗਈ, ਪੁਸਤਕ ‘ਰੁੱਖ-ਸਮਾਧੀ’ ਦੀਆਂ ਦਸ ਕਾਪੀਆਂ ਲੈ ਆਉਣ ਲਈ ਫੋਨ ਕਰ ਦਿੱਤਾ। ਬੈਠਕ ਦੇ ਅੰਤ ਵਿੱਚ ਉਹਨੇ ਡੇਢ ਸੌ ਰੁਪਏ ਮੁੱਲ ਵਾਲੀ ਉਹ ਪੁਸਤਕ ਮੇਜ਼ ਉੱਤੇ ਰੱਖੀ ਤੇ ਕਿਹਾ, “ਪੰਜ ਸੌ ਦਿਉ ਤੇ ਕਿਤਾਬਾਂ ਚੁੱਕੋ।” ਦਸ ਪੁਸਤਕਾਂ ਦੇ ਪੰਜ ਹਜ਼ਾਰ ਰੁਪਏ ਉਹਨੇ ਸ਼ਿਵ ਨਾਥ ਦੀ ਜੇਬ ਵਿੱਚ ਪਾ ਦਿੱਤੇ।
ਅਜਿਹੀ ਸੱਚੀ-ਸੁੱਚੀ ਸ਼ਖ਼ਸੀਅਤ ਸੀ ਉਹਦੀ ਕਿ ਲੋਕਾਂ ਦਾ ਸਨੇਹ-ਸਤਿਕਾਰ ਆਪੇ ਜਾਗ ਪੈਂਦਾ। ਦਿੱਲੀ ਦੇ ਨਾਲ ਲਗਦੀ ਉੱਤਰ ਪ੍ਰਦੇਸ਼ ਦੀ ਜ਼ਮੀਨ ਖਰੀਦ ਕੇ ਵਸਿਆ ਹੋਇਆ ਪੰਜਾਬੀ ਕਿਸਾਨ ਸ਼ਰਨਜੀਤ ਸਿੰਘ ਸਾਹਿਤ ਦਾ ਰਸੀਆ ਪਾਠਕ ਹੈ। ਲੇਖਕ-ਪਾਠਕ ਦਾ ਸਾਡਾ ਨਾਤਾ ਮਿੱਤਰਤਾ ਵਿੱਚ ਬਦਲ ਗਿਆ। ਇੱਕ ਦਿਨ ਉਹ ਚੰਡੀਗੜ੍ਹ ਪਹੁੰਚਿਆ ਹੋਇਆ ਆਪਣੇ ਮਨ-ਪਸੰਦ ਕਵੀ ਸ਼ਿਵ ਨਾਥ ਨੂੰ ਮਿਲਣ ਚਲਿਆ ਗਿਆ ਤੇ ਤੁਰਨ ਲੱਗਿਆ ਅਗਲੀ ਕਿਤਾਬ ਛਪਾਉਣ ਲਈ ਦਸ ਹਜ਼ਾਰ ਰੁਪਏ ਦੇ ਆਇਆ। ਪਿਛਲੇ ਵਰ੍ਹੇ ਪਰਦੇਸ ਵਸੇ ਤੇ ਸ਼ਿਵ ਨਾਥ ਨੂੰ ਕਦੀ ਨਾ ਮਿਲੇ ਇੱਕ ਪਾਠਕ ਨੇ ਆਪਣੇ ਰਿਸ਼ਤੇਦਾਰ ਨੂੰ ਕਿਹਾ ਕਿ ਉਹ ਅਗਲੀ ਕਿਤਾਬ ਛਪਾਉਣ ਲਈ ਸ਼ਿਵ ਨਾਥ ਨੂੰ ਵੀਹ ਹਜ਼ਾਰ ਰੁਪਏ ਦੇ ਆਵੇ। ਲੋਕਾਂ ਦੇ ਦਰਦ ਨੂੰ ਜ਼ਬਾਨ ਦੇਣ ਵਾਲੇ ਕਵੀ ਵਾਸਤੇ ਲੋਕਾਂ ਦੇ ਸਨੇਹ-ਸਤਿਕਾਰ ਦੇ ਅਜਿਹੇ ਕਿੱਸਿਆਂ ਦਾ ਕੋਈ ਅੰਤ ਨਹੀਂ।
ਸਾਰੇ ਇਨਾਮੀ ਮਾਫ਼ੀਆ ਨੂੰ ਬਹਿਸ ਵਿੱਚ ਖ਼ਾਮੋਸ਼ ਕਰਵਾ ਕੇ ਸੰਤੋਖ ਸਿੰਘ ਧੀਰ ਦੀ ਖੜ੍ਹੀ ਉਂਗਲ ਸ਼ਿਵ ਨਾਥ ਨੂੰ ਸ਼੍ਰੋਮਣੀ ਸਾਹਿਤਕਾਰ ਸਨਮਾਨ ਦਿਵਾਉਣ ਵਿੱਚ ਸਫਲ ਹੋ ਗਈ ਤਾਂ ਉਹਨੇ ਕੁਛ ਰਕਮ ਇੱਧਰੋਂ-ਉੱਧਰੋਂ ਕਰ ਕੇ ਮੁਹਾਲੀ ਵਿੱਚ ਇੱਕ ਕਮਰੇ ਦਾ ਫਲੈਟ ਲੈ ਲਿਆ। ਪਰਿਵਾਰ ਵਿੱਚ ਨੂੰਹ-ਪੁੱਤ, ਪੋਤਾ-ਪੋਤੀਆਂ। ਸਾਰਾ ਟੱਬਰ ਆਥਣ ਦੀ ਰੋਟੀ ਖਾ ਹਟਦਾ ਤੇ ਬਰਤਨ ਸਾਫ਼ ਹੋ ਕੇ ਰਸੋਈ ਵਿੱਚ ਪੋਚਾ ਲੱਗ ਜਾਂਦਾ ਤਾਂ ਚੁੱਲ੍ਹਿਆਂ ਵਾਲੇ ਥੜ੍ਹੇ ਤੋਂ ਬਚੀ ਹੋਈ ਖਲੋਣ ਵਾਲੀ ਥਾਂ ਸ਼ਿਵ ਨਾਥ ਦਾ ਸੌਣ-ਕਮਰਾ ਬਣ ਜਾਂਦੀ। ਧੀਰ ਜੀ ਦਾ ਬੇਟਾ ਨਵਰੀਤ ਕਹਿੰਦਾ, “ਭਾਪਾ ਜੀ, ਆਪਾਂ ਸ਼ਿਵ ਨਾਥ ਅੰਕਲ ਦੇ ਸੌਣ ਵਾਸਤੇ ਛੱਤ ਉੱਤੇ ਟੈਂਪਰੇਰੀ ਕੰਧਾਂ ਕੱਢ ਕੇ ਚਾਰ ਚਾਦਰਾਂ ਪਾ ਦੇਈਏ।” ਧੀਰ ਜੀ ਇਹ ਸੁਝਾਅ ਸੁਣ ਕੇ ਬਾਗੋਬਾਗ ਹੋ ਗਏ। ਇਉਂ ਉਹ ਧੀਰ ਜੀ ਦੀ ਛੱਤ ਉੱਤੇ ਸੌਣ ਲੱਗ ਪਿਆ। ਸਾਡੀ ਪਹਿਲਾਂ ਦੀ ਵਾਕਫ਼ੀ ਉਹਦੇ ਉੱਥੇ ਆਉਣ ਨਾਲ ਦੋਸਤੀ ਵਿੱਚ ਬਦਲ ਗਈ। ਧੀਰ ਜੀ ਦਿੱਲੀ ਆਉਂਦੇ, ਉਹ ਨਾਲ ਆਉਂਦਾ।
ਇੱਕ ਦਿਨ ਮੈਂ ਦਿੱਲੀ ਤੋਂ ਗਿਆ ਤਾਂ ਧੀਰ ਜੀ ਨੇ ਨਾਵਲਕਾਰ ਗੁਰਚਰਨ ਸੰਘ ਜੈਤੋ ਤੇ ਪ੍ਰੋ. ਕੁਲਵੰਤ ਸਿੰਘ ਵੀ ਬੁਲਾ ਲਏ। ਸ਼ਿਵ ਨਾਥ ਤਾਂ ਉੱਥੇ ਸੀ ਹੀ। ਮਹਿਫ਼ਲ ਭਖ ਚੱਲੀ ਤਾਂ ਵਿੱਚੋਂ ਕਿਸੇ ਦੇ ਆਖਿਆਂ ਧੀਰ ਜੀ ਨੇ ਨਵੀਂ ਲਿਖੀ ਕਹਾਣੀ ਸੁਣਾਈ ਤੇ ਸਾਰਿਆਂ ਨੂੰ ਰਾਇ ਦੱਸਣ ਲਈ ਕਿਹਾ। ਬਾਕੀ ਸਭ ਨੇ ਤਾਂ ਮੌਕੇ ਅਨੁਸਾਰ ਕਹਾਣੀ ਨੂੰ ਵਧੀਆ ਆਖ ਦਿੱਤਾ, ਪਰ ਸ਼ਿਵ ਨਾਥ ਚੁੱਪ ਦੀ ਬੁੱਕਲ ਮਾਰ ਕੇ ਬੈਠਾ ਰਿਹਾ। ਧੀਰ ਜੀ ਨੇ ਪੁੱਛਿਆ, “ਹਾਂ ਬਈ ਸ਼ਿਵ ਨਾਥ, ਤੂੰ ਵੀ ਕੁਛ ਬੋਲ?” ਸ਼ਿਵ ਨਾਥ ਕਹਿੰਦਾ, “ਪਹਿਲਾਂ ਮੈਨੂੰ ਇਹ ਦੱਸੋ, ਇਹ ਕਹਾਣੀ ਝਰੀਟੀ ਹੀ ਕਿਉਂ ਹੈ!”
ਤੋਬਾ, ਤੋਬਾ, ਧੀਰ ਜੀ ਦੀ ਰਚਨਾ ਨੂੰ ਕੋਈ ਲਿਖੀ ਦੀ ਥਾਂ ਝਰੀਟੀ ਹੋਈ ਕਹਿ ਦੇਵੇ! ਉਹਨਾਂ ਦਾ ਸੌਲਾ ਰੰਗ ਗੁੱਸੇ ਦੀ ਲਾਲੀ ਘੁਲ਼ ਕੇ ਤਾਂਬੀਆ ਹੋ ਗਿਆ, “ਤੈਨੂੰ ਸਾਹਿਤ ਦੀ ਕੀ ਸਮਝ ਐ? ਸਾਡੇ ਵਰਗਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਸਾਹਿਤਕਾਰ ਸਮਝਣ ਲੱਗ ਪਿਆ। ਜਾ ਉੱਤੇ ਆਬਦੀ ਕੋਠੜੀ ਵਿੱਚ।” ਸ਼ਿਵ ਨਾਥ ਨੇ ਨਾ ਗੁੱਸਾ ਕੀਤਾ ਤੇ ਨਾ ਰੁੱਸ ਕੇ ਆਪਣੇ ਘਰ ਗਿਆ, ਬੱਸ ਚੁੱਪ ਕਰ ਕੇ ਉੱਠਿਆ ਤੇ ਉੱਪਰ ਚਲਿਆ ਗਿਆ। ਚੁੱਪ ਵਰਤ ਗਈ। ਹੁਣ ਧੀਰ ਜੀ ਨੂੰ ਦੂਜੇ ਪਾਸਿਉਂ ਬੇਚੈਨੀ ਹੋ ਗਈ। ਉਹ ਉਂਗਲਾਂ ਮਰੋੜਨ ਲੱਗੇ ਤੇ ਬੈਠੇ-ਬੈਠੇ ਪਾਸੇ ਬਦਲਣ ਲੱਗੇ। ਪੰਜ ਮਿੰਟ … ਸੱਤ ਮਿੰਟ … ਉਹਨਾਂ ਨੇ ਆਵਾਜ਼ ਦਿੱਤੀ, “ਰੀਤੀ, ਜਾ ਉਹਨੂੰ ਬੁਲਾ ਕੇ ਲਿਆ, ਬੈਠ ਗਿਆ ਉੱਤੇ ਜਾ ਕੇ!”
ਨਵਰੀਤ ਦੇ ਮਨਾਇਆਂ ਸ਼ਿਵ ਨਾਥ ਆ ਤਾਂ ਗਿਆ, ਪਰ ਕਮਰੇ ਵਿੱਚ ਆ ਕੇ ਬੈਠਣ ਦੀ ਥਾਂ ਬੂਹੇ ਵਿੱਚ ਖੜ੍ਹ ਕੇ ਬੋਲਿਆ, “ਇਹ ਕੀ ਮਖੌਲ ਐ, ਕਦੇ ਮਰ ਚਿੜੀਏ, ਕਦੇ ਜਿਉਂ ਚਿੜੀਏ, ਕਦੇ ਜਾਹ ਉੱਤੇ ਆਬਦੀ ਕੋਠੜੀ ਵਿੱਚ, ਕਦੇ ਆ ਹੇਠਾਂ ਮੇਰੇ ਕਮਰੇ ਵਿੱਚ!”
ਧੀਰ ਜੀ ਜੀਭ ਉੱਤੇ ਗੁੜ ਦੀ ਰੋੜੀ ਧਰ ਕੇ ਕਹਿੰਦੇ, “ਕਵੀਰਾਜ ਸ਼ਿਵ ਨਾਥ ਜੀ, ਆਓ, ਕੁਰਸੀ ਉੱਤੇ ਬੈਠ ਕੇ ਗੱਲ ਕਰੋ।”
ਸ਼ਿਵ ਨਾਥ ਦਾ ਉੱਤਰ ਸੀ, “ਬੈਠ ਤਾਂ ਮੈਂ ਜਾਊਂ ਹੀ, ਪਰ ਜੇ ਸੋਚੋਂ ਕਿ ਥੋਡੇ ਲੇਲੇ-ਪੇਪਿਆਂ ਵਿੱਚ ਆ ਕੇ ਮੈਂ ਕਹਾਣੀ ਬਾਰੇ ਰਾਇ ਬਦਲ ਲਊਂ, ਇਹ ਨਹੀਂ ਹੋਣਾ।”
ਧੀਰ ਜੀ ਦਾ ਹਾਸਾ ਨਿਕਲ ਗਿਆ, “ਸ਼ਿਵ ਨਾਥ ਜੀ, ਲਿਖਣਾ ਤਾਂ ਥੋਨੂੰ ਆਉਂਦਾ ਹੈ, ਅਸੀਂ ਬਿਚਾਰੇ ਤਾਂ ਝਰੀਟਣ ਜੋਗੇ ਹੀ ਹਾਂ!” ਤੇ ਮਹਿਫ਼ਲ ਪਹਿਲਾਂ ਵਾਲੇ ਰੰਗ ਵਿੱਚ ਆ ਗਈ।
ਧੀਰ ਜੀ ਚਲੇ ਗਏ ਤੇ ਕੋਠੀ ਵਿਕ ਗਈ। ਜਿੱਧਰ ਗਈਆਂ ਬੇੜੀਆਂ, ਉੱਧਰ ਗਏ ਮਲਾਹ, ਵਿੱਚੇ ਬਿਚਾਰੇ ਸ਼ਿਵ ਨਾਥ ਦੀ ਕੋਠੜੀ ਗਈ। ਉਹਨੇ ਆਪਣੇ ਫਲੈਟ ਦੇ ਤਿੰਨ ਕੁ ਗ਼ਜ਼ ਲੰਮੇ ਤੇ ਡੂਢ ਕੁ ਗ਼ਜ਼ ਚੌੜੇ ਬਰਾਂਡੇ ਜਿਹੇ ਦਾ ਖੁੱਲ੍ਹਾ ਪਾਸਾ ਕਿਤੋਂ ਲਿਆਂਦੇ ਰੰਗਦਾਰ ਸ਼ੀਸ਼ਿਆਂ ਨਾਲ ਬੰਦ ਕਰਵਾ ਲਿਆ ਤੇ ਉਹਦਾ ਨਾਂ ਸ਼ੀਸ਼ ਮਹਿਲ ਰੱਖ ਦਿੱਤਾ। ਇਹ ਅੰਤਲੇ ਸਾਹ ਤਕ ਉਹਦਾ ਡਰਾਇੰਗ-ਡਾਈਨਿੰਗ ਰੂਮ, ਲਾਇਬਰੇਰੀ ਤੇ ਸਟਡੀ ਰੂਮ, ਬੈੱਡ ਰੂਮ, ਸਭ ਬਣਿਆ ਰਿਹਾ। ਉਹਨੇ ਕਵਿਤਾ ਲਿਖੀ: “ਸਭ ਤੋਂ ਪਹਿਲਾਂ ਦਿਨ ਚੜ੍ਹਦਾ ਹੈ, ਸਭ ਤੋਂ ਬਾਅਦ ਹਨੇਰਾ, ਚੌਥੀ ਮੰਜ਼ਲ ਉੱਤੇ ਮਿੱਤਰੋ, ਸ਼ੀਸ਼ ਮਹਿਲ ਹੈ ਮੇਰਾ!”
ਪਿਛਲੇ ਕਈ ਸਾਲਾਂ ਤੋਂ ਉਹ ਹਰ ਨਵੀਂ ਕਵਿਤਾ ਲਿਖਦਿਆਂ ਹੀ ਫੋਨ ਕਰਦਾ, ਲੈ ਐਹ ਸੁਣਿਓ ਜ਼ਰਾ। ਜਦੋਂ ਉਹਨੂੰ ਲਗਦਾ, ਕਵਿਤਾਵਾਂ ਕਿਤਾਬ ਜੋਗੀਆਂ ਹੋ ਗਈਆਂ, ਉਹਦਾ ਫੋਨ ਆਉਂਦਾ, ਪੁਲੰਦਾ ਕੋਰੀਅਰ ਕਰਵਾ ਦਿੱਤਾ ਹੈ, ਮੇਰੀ ਚਿੰਤਾ ਮੁੱਕੀ। ਉਹਦਾ ਜਾਦੂ ਸਾਡੇ ਘਰ ਵੀ ਚੱਲਿਆ ਹੋਇਆ ਸੀ। ਮੇਰੀ ਸਾਥਣ ਆਖਦੀ, “ਤੁਹਾਡਾ ਖਿਲਾਰਾ ਤਾਂ ਇਵੇਂ ਰਹਿਣਾ ਹੈ, ਪਹਿਲਾਂ ਸ਼ਿਵ ਨਾਥ ਵੀਰ ਜੀ ਦੀ ਕਿਤਾਬ ਦਾ ਕੰਮ ਮੁੱਕਦਾ ਕਰੋ।” ਅਣਪੜ੍ਹਾਂ ਵਾਲੀ ਗੁਰਮੁਖੀ ਵਿੱਚ ਲਿਖਿਆ ਹੋਇਆ ਖਰੜਾ ਜਦੋਂ ਉਹਦੇ ਕੋਲ ਪੁਸਤਕ ਦਾ ਅਵਤਾਰ ਧਾਰ ਕੇ ਪਹੁੰਚਦਾ, ਉਹਨੂੰ ਤਾਂ ਖੁਸ਼ੀ ਹੋਣੀ ਹੀ ਸੀ, ਮੈਨੂੰ ਵੀ ਇਉਂ ਲਗਦਾ ਜਿਵੇਂ ਮੇਰੀ ਹੀ ਨਵੀਂ ਪੁਸਤਕ ਛਪੀ ਹੋਵੇ। ਉਹਦਾ ਫੋਨ ਆਉਂਦਾ, “ਓ ਤੇਰ੍ਹਵੇਂ ਗੁਰੂਆਂ, ਐਹ ਤਾਂ ਕਮਾਲ ਕਰ ਦਿੱਤੀ!” ਮੈਂ ਆਖਦਾ, “ਗਾਂਧੀ ਜੀ ਨੇ ਕਿਹਾ ਸੀ, ਮਹਾਤਮਾਵਾਂ ਦੇ ਦੁੱਖ ਮਹਾਤਮਾ ਹੀ ਜਾਣਦੇ ਨੇ! ਸ਼ਿਵ ਨਾਥ, ਤੇਰੇ ਵਰਗੇ ਚੇਲਿਆਂ ਵਾਲੇ ਗੁਰੂਆਂ ਦੇ ਦੁੱਖ ਮੇਰੇ ਵਰਗੇ ਗੁਰੂ ਹੀ ਜਾਣਦੇ ਨੇ!”
ਬੀਮਾਰੀ ਵਿੱਚ ਉਹਦਾ ਬੋਲਣਾ ਵੀ ਮੁਸ਼ਕਿਲ ਹੋ ਗਿਆ। 23 ਜੂਨ ਦੇ ‘ਨਵਾਂ ਜ਼ਮਾਨਾ’ ਵਿੱਚ ਉਸ ਬਾਰੇ ਮੇਰਾ ਲੇਖ ਛਪਿਆ ਤਾਂ ਨੂੰਹਰਾਣੀ ਸੰਤੋਸ਼ ਦੇ ਦੱਸੇ ਤੋਂ ਉਹਨੇ ਸੁਣਾਉਣ ਲਈ ਕਿਹਾ। ਪੂਰਾ ਲੇਖ ਸੁਣ ਕੇ ਕਹਿੰਦਾ, ਮੈਂ ਉਹਨੂੰ ਫੋਨ ਕਰਨਾ ਹੈ। ਸੰਤੋਸ਼ ਨੇ ਫੋਨ ਮਿਲਾ ਕੇ ਉਹਦੇ ਮੂੰਹ ਕੋਲ ਕਰ ਦਿੱਤਾ। ਬਹੁਤ ਮੱਧਮ ਤੇ ਟੁੱਟਵੀਂ ਪਰ ਸੁਣਨ ਵਿੱਚ ਆਉਣ ਜੋਗੀ ਆਵਾਜ਼ ਵਿੱਚ ਬੋਲਿਆ, “ਓ ਮੇਰੇ ਤੇਰ੍ਹਵੇਂ ਗੁਰੂਆ, ਤੂੰ ਮੈਨੂੰ ਕਿਹੜੇ ਅਸਮਾਨੀਂ ਚਾੜ੍ਹ ਦਿੱਤਾ ਓਇ!” ਇਸ ਪਿੱਛੋਂ ਉਹਦਾ ਧਾਹੀਂ ਰੋਣਾ ਸੁਣਿਆ ਤੇ ਫੋਨ ਬੰਦ ਹੋ ਗਿਆ। ਇਹ ਸਾਡਾ ਆਖ਼ਰੀ ਮੇਲ ਸੀ!
ਮਿਹਨਤਕਸ਼ਾਂ ਦੀ ਅਡੋਲ ਆਵਾਜ਼ ਸਾਹਿਤਕਾਰ, ਦਰਵੇਸ਼ ਤੇ ਅਣਖੀਲਾ ਮਨੁੱਖ, ਨਿਰਛਲ ਦੋਸਤ, ਇਹ ਸੀ ਸ਼ਿਵਨਾਥ! ਉਹਦਾ ਜਾਣਾ ਮਨ ਨੂੰ ਮਰੋੜਦਾ ਹੈ, ਪਰ ਫੇਰ ਉਹਦੀ ਸਰੀਰਕ-ਮਾਨਸਿਕ ਹਾਲਤ ਚੇਤੇ ਕਰਦਿਆਂ ਖ਼ਿਆਲ ਆਉਂਦਾ ਹੈ, ਸ਼ਾਇਦ ਉਹਨੇ ਜਾਣ ਦਾ ਠੀਕ ਵੇਲਾ ਹੀ ਚੁਣਿਆ। ਅੰਤ ਵਿੱਚ ਰੋਂਦੇ ਦਿਲ ਤੇ ਸਿੱਲ੍ਹੀਆਂ ਅੱਖਾਂ ਨਾਲ ਉਹਦੀਆਂ ਹੀ ਸਤਰਾਂ ਉਹਨੂੰ ਭੇਟ ਹਨ:
ਤੇਰੇ ਮੁੱਕਣ ’ਤੇ ਵੀ ਨਹੀਂ ਮੁੱਕਣੀ ਇਹ ਦਾਸਤਾਂ ਤੇਰੀ,
ਤੇ ਨਾ ਤੂੰ ਨਿੱਕਲਣਾ ਹੈ ਹਸ਼ਰ ਤੀਕਰ ਯਾਦ ਸਾਡੀ ’ਚੋਂ!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4181)
(ਸਰੋਕਾਰ ਨਾਲ ਸੰਪਰਕ ਲਈ: (