(ਅਗਸਤ 28, 2015 ਅੱਜ ਅਮਿਤੋਜ ਦੀ ਦਸਵੀਂ ਬਰਸੀ ਹੈ।)
ਅਮਿਤੋਜ
ਜਨਮ: 3 ਜੂਨ 1947, ਭੁਲੱਥ ਦੇ ਨੇੜੇ ਪਿੰਡ ਅਖਾੜਾ, ਪੰਜਾਬ ।
ਮੌਤ: 28 ਅਗਸਤ 2005, ਜਲੰਧਰ, ਪੰਜਾਬ ਭਾਰਤ। (ਉਮਰ 58 ਸਾਲ)
ਮੇਰੀ ਮੁਲਾਕਾਤ ਅਮਿਤੋਜ ਦੀ ਕਵਿਤਾ ਨਾਲ ਪਹਿਲਾਂ ਹੋਈ, ਉਹਦੇ ਨਾਲ ਬਹੁਤ ਮਗਰੋਂ। ਉਮਰੋਂ ਉਹ ਮੈਥੋਂ ਛੋਟਾ ਸੀ। ਕਵੀ ਵਜੋਂ ਉਹਦਾ ਨਾਂ ਸਾਹਮਣੇ ਆਇਆ ਤਾਂ ਉਹਨੂੰ ਪਾਠਕਾਂ-ਸਰੋਤਿਆਂ ਦੇ ਚੇਤੇ ਤੇ ਚਰਚਾ ਵਿਚ ਪ੍ਰਵੇਸ਼ ਕਰਦਿਆਂ ਬਹੁਤਾ ਸਮਾਂ ਨਾ ਲੱਗਿਆ। ਉਹਦੀ ਕਵਿਤਾ ਕਿਸੇ ਹੋਰ ਵਰਗੀ ਨਹੀਂ ਸੀ। ਉਹ ਗੱਲ ਨੂੰ ਹੋਰਾਂ ਨਾਲੋਂ ਕੁਝ ਵੱਖਰੇ ਢੰਗ ਨਾਲ ਕਹਿਣ ਦੇ ਤੇ ਸ਼ਬਦ ਨੂੰ ਆਮ ਨਾਲੋਂ ਥੋੜ੍ਹੇ ਜਿਹੇ ਹਟਵੇਂ ਅਰਥ ਦੇਣ ਦੇ ਸਮਰੱਥ ਸੀ। ਉਹ ਸਰਲਤਾ ਵਿਚ ਸੂਖ਼ਮਤਾ ਉਜਾਗਰ ਕਰਨੀ ਜਾਣਦਾ ਸੀ। ਸਭਿਆਚਾਰ ਉੱਤੇ ਉਹਦੀ ਪਕੜ ਕੱਸਵੀਂ ਸੀ ਅਤੇ ਖ਼ਿਆਲ-ਉਡਾਰੀ ਉੱਚੀ ਸੀ। ਉਹਦਾ ਆਪਣਾ ਵੱਖਰਾ ਰੰਗ ਸੀ ਤੇ ਇਹ ਰਚਨਾ ਦੀ ਇਹੋ ਵਖਰੱਤ ਹੁੰਦੀ ਹੈ ਜੋ ਕਿਸੇ ਰਚਨਾਕਾਰ ਨੂੰ ਦੂਜਿਆਂ ਨਾਲੋਂ ਨਿਖੇੜਦੀ ਹੈ ਅਤੇ ਰਚਨਾਕਾਰ ਵਜੋਂ ਪੱਕੇ ਪੈਰੀਂ ਕਰਦੀ ਹੈ। ਅਜਿਹੇ ਰਚਨਾਕਾਰ ਨੂੰ ਆਪਣੀ ਪਛਾਣ ਬਣਾਉਣ ਲਈ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾ। ਜੇ ਉਹ ਚੁੱਪ ਵੀ ਰਹੇ, ਰਚਨਾ ਬੋਲਦੀ ਹੈ ਤੇ ਉਹਦੀ ਪਛਾਣ ਬਣਾਉਂਦੀ ਹੈ।
ਫੇਰ ਇਕ ਸਾਹਿਤਕ ਕਾਨਫ਼ਰੰਸ ਵਿਚ ਕਿਸੇ ਲੇਖਕ ਨੇ ਸਾਨੂੰ ਇਕ ਦੂਜੇ ਨਾਲ ਪਹਿਲਾਂ ਨਾ ਮਿਲੇ ਹੋਏ ਦੇਖ ਕੇ ਸਾਡੀ ਜਾਣ-ਪਛਾਣ ਕਰਵਾਈ। ਮੈਂ ਉਹਦੀਆਂ ਕਵਿਤਾਵਾਂ ਪੜ੍ਹੀਆਂ ਹੋਈਆਂ ਸਨ ਤੇ ਉਹਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸਨ। ਇਕ ਦੂਜੇ ਦੀਆਂ ਰਚਨਾਵਾਂ ਦੀ ਵਾਹਵਾ ਚੰਗੀ ਜਾਣ-ਪਛਾਣ ਦੇ ਆਧਾਰ ਉੱਤੇ ਸਾਡੀ ਇਹ ਪਹਿਲੀ ਮੁਲਾਕਾਤ ਹੀ ਜਾਣੂਆਂ ਵਰਗੀ ਨਿੱਘੀ ਰਹੀ। ਇਸ ਪਿੱਛੋਂ ਵੀ ਸਾਡੀਆਂ ਮੁਲਾਕਾਤਾਂ ਤਾਂ ਗਿਣਤੀ ਦੀਆਂ ਹੀ ਹੋਈਆਂ, ਉਹ ਵੀ ਹਮੇਸ਼ਾ ਕਿਸੇ ਨਾ ਕਿਸੇ ਸਾਹਿਤਕ ਇਕੱਠ ਵਿਚ, ਪਰ ਅਸੀਂ ਇਕ ਦੂਜੇ ਵਾਸਤੇ ਅਨਜਾਣੇ-ਓਪਰੇ ਨਾ ਰਹੇ।
ਹੁਣ ਸੋਚਦਾ ਹਾਂ ਤਾਂ ਅਜੀਬ ਲਗਦਾ ਹੈ ਕਿ ਕਦੀ ਕੋਈ ਅਜਿਹਾ ਸਬੱਬ ਨਾ ਬਣਿਆ ਕਿ ਅਸੀਂ ਅਜਿਹੇ ਸਾਹਿਤਕ ਜੋੜਮੇਲਿਆਂ ਤੋਂ ਮਗਰੋਂ ਹੁੰਦੇ ਸ਼ਾਮ ਦੇ ਕਿਸੇ ਮਿੱਤਰ-ਜੋੜਮੇਲੇ ਵਿਚ ਮਿਲਦੇ। ਅਸਲ ਵਿਚ ਇਹੋ ਮਿਲਣੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਸ਼ਰਾਬ ਦੇ ਜਾਮ ਟਕਰਾਉਂਦੇ ਹਨ, ਸਬਾਬ ਦੇ ਚਰਚੇ ਕੀਤੇ ਤੇ ਹਉਕੇ ਲਏ ਜਾਂਦੇ ਹਨ ਅਤੇ ਕਬਾਬ ਹੋਏ ਆਸ਼ਕ ਦਿਲ ਬੇਪਰਦ ਕੀਤੇ ਜਾਂਦੇ ਹਨ। ਇਉਂ ਉਹ ਇਕ ਦੂਜੇ ਦੇ ਅੰਦਰ-ਬਾਹਰ ਦੇ ਦਰਸ਼ਨ ਕਰਨ ਦਾ ਲਾਸਾਨੀ ਮੌਕਾ ਹੁੰਦੀਆਂ ਹਨ। ਸਾਡੇ ਘੱਟ ਮਿਲਣ ਦਾ ਕਾਰਨ, ਮੈਂ ਸਮਝਦਾ ਹਾਂ, ਸਾਡੀਆਂ ਵਿਧਾਵਾਂ ਦਾ ਵੱਖਰੀਆਂ ਹੋਣਾ ਤੇ ਸਾਡੇ ਇਲਾਕਿਆਂ, ਕਪੂਰਥਲਾ ਤੇ ਬਠਿੰਡਾ ਦਾ ਇਕ ਦੂਜੇ ਤੋਂ ਦੂਰ ਹੋਣਾ ਸੀ। ਪਰ ਉਹਦੇ ਖੁੱਲ੍ਹੇ, ਮੋਹਖੋਰੇ ਸੁਭਾਅ ਸਦਕਾ ਏਨੀਆਂ ਮੁਲਾਕਾਤਾਂ ਹੀ ਦੋ ਸਮਕਾਲੀ ਲੇਖਕਾਂ ਵਿਚਕਾਰ ਲੋੜੀਂਦੀ ਨੇੜਤਾ ਪੈਦਾ ਕਰਨ ਵਾਸਤੇ ਕਾਫ਼ੀ ਸਨ।
ਇਸ ਗੱਲ ਦਾ ਦੂਜਾ ਪਾਸਾ ਇਹ ਵੀ ਹੈ ਕਿ ਏਨੀਆਂ ਕੁ ਬੱਦਲ-ਪਰਛਾਈਂ ਮੁਲਾਕਾਤਾਂ ਦੇ ਆਧਾਰ ਉੱਤੇ ਮੇਰਾ ਉਹਦੀ ਸ਼ਖ਼ਸੀਅਤ ਨੂੰ ਅੰਦਰੋਂ-ਬਾਹਰੋਂ ਜਾਣ ਸਕਣਾ ਤੇ ਉਹਦੀ ਹਸਤੀ ਨੂੰ ਗਹਿਰਾਈ ਤੱਕ ਪਛਾਣ ਸਕਣਾ ਸੰਭਵ ਨਹੀਂ ਸੀ। ਹੋਰ ਤਾਂ ਹੋਰ ਮੈਨੂੰ ਉਹਦੇ ਨਾਂ ਦੇ ਅਰਥ ਵੀ ਪਤਾ ਨਹੀਂ ਸਨ। ਇਕ ਵਾਰ ਅਸੀਂ ਚਾਰ ਕੁ ਲੇਖਕ ਬੈਠੇ ਸੰਤ ਸਿੰਘ ਸੇਖੋਂ ਦੀ ਸੰਗਤ ਮਾਣ ਰਹੇ ਸੀ। ਗੱਲਾਂ ਵਿਚ, ਯਾਦ ਨਹੀਂ ਕਿਵੇਂ, ਅਮਿਤੋਜ ਦਾ ਜ਼ਿਕਰ ਆ ਗਿਆ। ਸੇਖੋਂ ਉਹਦੀ ਕਵਿਤਾ ਦੀ ਵਡਿਆਈ ਕਰਨ ਲੱਗੇ। ਉਹਨਾਂ ਦੇ ਮੂੰਹੋਂ ਅਮਿਤੋਜ ਦੀ ਕਵਿਤਾ ਦੀ ਵਡਿਆਈ ਉਹਦੇ ਮਿਆਰ ਦੀ ਸਨਦ ਸੀ। ਅਚਾਨਕ ਮੈਂ ਪੁੱਛਿਆ, “ਸੇਖੋਂ ਸਾਹਿਬ, ਇਹ ਅਮਿਤੋਜ ਕੀ ਹੋਇਆ?”
ਉਹ ਬੋਲੇ, ਅਮਿਤ ਜੋ ਮਿਣੀ ਨਾ ਜਾ ਸਕੇ ਤੇ ਓਜ ਸ਼ਕਤੀ। ਏਨੀ ਬਹੁਤੀ ਸ਼ਕਤੀ ਜੋ ਮਿਣਤੀ ਵਿਚ ਨਾ ਆਵੇ! ਅਮਿਣਵੀਂ ਸ਼ਕਤੀ! ... ਹਿੰਦੀ ਕਵੀ ਹਰੀਵੰਸ਼ਰਾਇ ਬੱਚਨ ਨੇ ਵੀ ਹੁਣ ਅਭਿਨੇਤਾ ਵਜੋਂ ਪ੍ਰਸਿੱਧ ਹੋਏ ਆਪਣੇ ਪੁੱਤਰ ਦਾ ਨਾਂ ਅਜਿਹਾ ਹੀ ਰੱਖਿਆ ਸੀ, ਅਮਿਤਾਭ, ਭਾਵ ਜਿਸ ਦੀ ਆਭਾ ਮਿਣੀ ਨਾ ਜਾ ਸਕੇ, ਅਮਿਣਵੀਂ ਆਭਾ!
ਗੱਲ ਮੁੱਕ ਗਈ। ਬਹੁਤ ਮਗਰੋਂ ਇਕ ਵਾਰ ਭਾਈ ਕਾਨ੍ਹ ਸਿੰਘ ਦੇ 'ਮਹਾਨ ਕੋਸ਼' ਦੇ ਪੰਨੇ ਪਰਤਦਿਆਂ ਮੇਰੀ ਨਜ਼ਰ ਸ਼ਬਦ 'ਓਜ' ਉੱਤੇ ਪੈ ਗਈ। ਉੱਥੇ ਉਹਦੇ ਅਰਥਾਂ ਵਿਚ ਸ਼ਕਤੀਮਾਨ ਹੋਣਾ, ਬਲ ਤੇ ਤਾਕਤ ਦੇ ਨਾਲ ਨਾਲ ਜਿਉਣਾ ਤੇ ਵਧਣਾ ਅਤੇ ਪ੍ਰਕਾਸ਼ ਤੇ ਤੇਜ ਵੀ ਦਿੱਤੇ ਹੋਏ ਸਨ। ਪਰ ਭਾਈ ਸਾਹਿਬ ਦਾ ਦਿੱਤਾ ਆਖ਼ਰੀ, ਵਿਆਖਿਆਮਈ ਅਰਥ ਸਭ ਤੋਂ ਦਿਲਚਸਪ ਸੀ। ਲਿਖਿਆ ਹੋਇਆ ਸੀ,ਕਾਵਿ ਦਾ ਇਕ ਗੁਣ ਜਿਸ ਦੇ ਅਸਰ ਨਾਲ ਸਰੋਤੇ ਦਾ ਮਨ ਉਮੰਗ ਤੇ ਜੋਸ਼ ਨਾਲ ਭਰ ਜਾਵੇ!
ਅਮਿਤੋਜ ਦੀ ਕਵਿਤਾ ਠੀਕ ਹੀ ਸਰੋਤੇ ਦੇ ਮਨ ਨੂੰ ਉਮੰਗ ਤੇ ਜੋਸ਼ ਨਾਲ ਭਰਨ ਵਾਲਾ ਪ੍ਰਭਾਵ ਪਾਉਣ ਦੇ ਸਮਰੱਥ ਸੀ। ਮੈਂ ਹੈਰਾਨ ਹੋਇਆ, ਅਮਿਤੋਜ ਨੇ ਆਪਣਾ ਇਹ ਕਵੀ-ਨਾਂ ਕਿੱਥੋਂ ਤੇ ਕਿਵੇਂ ਚੁਣਿਆ। ਮੇਰੀ ਇਹ ਹੈਰਾਨੀ ਓਦੋਂ ਘਟੀ ਜਦੋਂ ਪਤਾ ਲੱਗਿਆ, ਉਹਦਾ ਇਹ ਨਾਂ ਸੁਰਜੀਤ ਪਾਤਰ ਨੇ ਰੱਖਿਆ ਸੀ। ਅਜਿਹਾ ਨਾਂ ਕੋਈ ਪਾਤਰ ਵਰਗਾ ਕਵੀ ਹੀ ਲੱਭ-ਚੁਣ ਸਕਦਾ ਸੀ।
ਕੁਝ ਸਾਲਾਂ ਮਗਰੋਂ ਹਿੰਦੀ ਦਾ 'ਸਮਾਂਤਰ ਕੋਸ਼' ਮੇਰੇ ਹੱਥ ਲੱਗ ਗਿਆ। ਇਹ ਸੋਚਦਾ ਤੇ ਝੁਰਦਾ ਹੋਇਆ ਕਿ ਅਜਿਹੇ ਕੋਸ਼ ਸਾਡੀਆਂ ਵਿਦਿਅਕ ਤੇ ਅਕਾਦਮਿਕ ਸੰਸਥਾਵਾਂ ਤਿਆਰ ਕਿਉਂ ਨਹੀਂ ਕਰਦੀਆਂ, ਮੈਂ ਉਹਦੇ ਪੰਨੇ ਪਲਟਣ ਲੱਗ ਪਿਆ। ਇਕ ਵਾਰ ਫੇਰ ਸ਼ਬਦ 'ਓਜ' ਮੇਰੀ ਨਜ਼ਰ ਪੈ ਗਿਆ। ਇੱਥੇ ਦਿੱਤੇ ਗਏ ਅਰਥ ਭਾਈ ਸਾਹਿਬ ਨਾਲੋਂ ਵੀ ਫ਼ੈਲਵੇਂ ਸਨ। 'ਮਹਾਨ ਕੋਸ਼' ਵਾਲੇ ਅਤੇ ਕੁਝ ਹੋਰ ਅਰਥਾਂ ਤੋਂ ਇਲਾਵਾ ਇੱਥੇ ਤਾਪ ਤੇ ਚੇਤਨ ਦੇ ਨਾਲ ਨਾਲ ਰਤਨ, ਆਭਾ, ਜਲਾਲ, ਆਬ, ਚਮਕ, ਜੌਹਰ ਤੇ ਤੇਜੱਸਵਿਤਾ ਵੀ ਦਿੱਤੇ ਹੋਏ ਸਨ। ਇਕ ਅਰਥ ਮਰਦਾਵਾਂ ਵੀ ਸੀ ਜੋ ਇੱਥੇ ਲਿਖਣਾ ਠੀਕ ਨਹੀਂ ਲਗਦਾ। ਪਰ ਓਜ ਦੇ ਜਿਸ ਅਰਥ ਨੇ ਮੈਨੂੰ ਸੋਚੀਂ ਪਾਇਆ, ਉਹ ਸੀ, ਕਲੀ ਅੰਕ, ਭਾਵ ਦੋ ਨਾਲ ਵਿਭਾਜਿਤ ਨਾ ਹੋਣ ਵਾਲੀ ਸੰਖਿਆ!
ਬਹੁਤ ਪਹਿਲਾਂ ਅਮਿਤੋਜ ਇਕ ਵਾਰ ਕਾਵਿ-ਖੇਤਰ ਵਿੱਚੋਂ ਲਗਭਗ ਅਲੋਪ ਹੀ ਹੋ ਗਿਆ ਸੀ। ਖ਼ਬਰਾਂ ਤੇ ਅਫ਼ਵਾਹਾਂ ਦੀ ਮਿੱਸ ਕੁਝ ਅਜਿਹੀ ਸੀ ਕਿ ਕਿਸੇ ਕਵਿੱਤਰੀ ਨਾਲ ਚਲਦੇ ਉਹਦੇ ਕੱਚੇ ਦੁੱਧ ਵਰਗੇ ਇਸ਼ਕ ਵਿਚ ਖੱਟੇ ਦੀਆਂ ਛਿੱਟਾਂ ਪੈ ਗਈਆਂ ਸਨ ਅਤੇ ਉਹਤੋਂ ਇਹ ਭਾਣਾ ਮਿੱਠਾ ਕਰ ਕੇ ਮੰਨਿਆ ਨਹੀਂ ਸੀ ਜਾ ਰਿਹਾ। ਉਹ ਇਸ ਘਟਨਾ ਵਿੱਚੋਂ ਬੜੀ ਮੁਸ਼ਕਿਲ ਨਾਲ ਕੁਝ ਕੁਝ ਸੰਭਲਿਆ ਸੀ, ਪਰ ਪੂਰਾ ਸ਼ਾਇਦ ਫਿਰ ਵੀ ਨਹੀਂ। ਮੈਂ ਸੋਚ ਵਿਚ ਡੂੰਘਾ ਉੱਤਰਿਆ, ਇਹ ਆਖ਼ਰੀ ਅਰਥ ਵੀ ਉਸ ਦੇ ਕਿੰਨਾ ਮੇਚ ਆਉਂਦਾ ਸੀ। ਉਹ ਦੋ ਨਾਲ ਵੰਡੀ ਨਾ ਜਾ ਸਕਣ ਵਾਲੀ ਸੰਖਿਆ ਵਾਂਗ ਆਪਣੀ ਵਫ਼ਾ ਦੀਆਂ ਵੀ ਵੰਡੀਆਂ ਪਾਉਣੋਂ ਅਸਮਰੱਥ ਸੀ। ਭਾਵ ਉਹ ਹੇਠੋਂ ਖਿਸਕ ਗਏ ਇਕ ਮੋਢੇ ਨੂੰ ਭੁੱਲ ਕੇ ਆਪਣਾ ਸਿਰ ਕਿਸੇ ਦੂਜੇ ਮੋਢੇ ਉੱਤੇ ਨਹੀਂ ਸੀ ਟਿਕਾ ਸਕਦਾ!
ਕਵਿਤਾ ਤੋਂ ਇਲਾਵਾ ਟੈਲੀਵਿਯਨ ਦੇ ਪੇਸ਼ਕਾਰ ਵਜੋਂ ਉਹਦਾ ਪ੍ਰੋਗਰਾਮ 'ਕੱਚ ਦੀਆਂ ਮੁੰਦਰਾਂ' ਬਹੁਤ ਚਰਚਾ ਵਿਚ ਰਿਹਾ। ਇਹ ਜਲੰਧਰ ਦੂਰਦਰਸ਼ਨ ਤੋਂ ਪੇਸ਼ ਹੁੰਦਾ ਸੀ। ਅਫ਼ਸੋਸ ਇਹ ਕਿ ਜਲੰਧਰ ਦੂਰਦਰਸ਼ਨ ਸਾਡੇ ਦਿੱਲੀ ਦਿਸਦਾ ਨਹੀਂ ਸੀ। ਉਹਦਾ ਪ੍ਰੋਗਰਾਮ ਦੇਖਣ ਦਾ ਮੇਰਾ ਇਕ ਵਾਰ ਵੀ ਸਬੱਬ ਨਾ ਬਣਿਆ। ਪਰ ਪੰਜਾਬੀ ਅਖ਼ਬਾਰ ਉਹਦੀ ਸਫਲਤਾ ਦੀ ਮੂੰਹ-ਬੋਲਦੀ ਗਵਾਹੀ ਸਨ। ਪੰਜਾਬ ਦੇ ਸਾਹਿਤਕ ਮਿੱਤਰ ਵੀ ਉਹਦੇ ਇਸ ਪ੍ਰੋਗਰਾਮ ਦੀ ਖੁੱਲ੍ਹ ਕੇ ਚਰਚਾ ਤੇ ਵਡਿਆਈ ਕਰਦੇ।
ਅਮਿਤੋਜ ਅਤੇ ਮੈਂ ਜ਼ਿੰਦਗੀ ਵਿਚ ਮਿਲੇ, ਜੀਹਨੂੰ ਹੱਥ-ਮਿਲਾਈ ਤੋਂ ਵਧ ਕੇ ਮਿਲਣਾ ਕਿਹਾ ਜਾ ਸਕਦਾ ਹੈ, ਕੁੱਲ ਇਕ ਵਾਰ। ਚੰਡੀਗੜ੍ਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਮਾਗਮ ਸੀ। ਉਸ ਦੇ ਇਕ ਅੰਗ ਵਜੋਂ ਸ਼ਾਮ ਨੂੰ ਕੁੜੀਆਂ ਦੇ ਕਾਲਜ ਦੇ ਹਾਲ ਵਿਚ ਕਵੀ ਦਰਬਾਰ ਸੀ। ਹਾਲ ਪੂਰਾ ਭਰਿਆ ਹੋਇਆ ਸੀ। ਉਸ ਕਵੀ ਦਰਬਾਰ ਦੀਆਂ ਯਾਦਾਂ ਮੇਰੇ ਵਾਸਤੇ ਅਭੁੱਲ ਹਨ।
ਮੈਂ ਹਾਲ ਦੇ ਵਿਚਕਾਰ ਜਿਹੇ ਲਾਂਘੇ ਤੋਂ ਤੀਜੀ ਕੁਰਸੀ ਉੱਤੇ ਬੈਠਾ ਸੀ। ਉਸ ਕਤਾਰ ਵਿਚ ਮੈਥੋਂ ਅਗਲੀਆਂ ਕੁਝ ਕੁਰਸੀਆਂ ਉੱਤੇ ਤਾਂ ਹੋਰ ਲੇਖਕ ਦੋਸਤ ਬੈਠੇ ਸਨ ਪਰ ਲਾਂਘੇ ਅਤੇ ਮੇਰੇ ਵਿਚਕਾਰਲੀਆਂ ਦੋਵੇਂ ਕੁਰਸੀਆਂ ਅਨਜਾਣੇ ਲੋਕਾਂ ਨੇ ਮੱਲੀਆਂ ਹੋਈਆਂ ਸਨ। ਅਮਿਤੋਜ ਆਇਆ। ਸਾਡੇ ਬਰਾਬਰ ਜਿਹੇ ਖਲੋ ਕੇ ਉਹਨੇ ਐਧਰ-ਔਧਰ ਨਜ਼ਰ ਫੇਰੀ। ਕਿਤੇ ਕੋਈ ਕੁਰਸੀ ਖਾਲੀ ਨਹੀਂ ਸੀ। ਉਹਦੀ ਨਜ਼ਰ ਸਾਡੇ ਵੱਲ ਮੁੜੀ। ਉਹਨੇ ਪਹਿਲੇ ਦੋਵੇਂ ਓਪਰਿਆਂ ਵੱਲ ਦੇਖਿਆ ਤੇ ਫੇਰ ਸਭ ਤੋਂ ਨੇੜੇ ਮੈਨੂੰ ਬੈਠਾ ਦੇਖ ਮੇਰੇ ਵੱਲ ਇਸ਼ਾਰਾ ਕਰ ਕੇ ਮੁਸਕਰਾਇਆ, “ਆ ਜਾਵਾਂ!”
ਮੈਂ ਕਿਹਾ, “ਆ ਜਾ!”
ਉਹ ਮੌਜ ਨਾਲ ਮੇਰੇ ਨਾਲ ਮੇਰੀ ਕੁਰਸੀ ’ਤੇ ਆ ਬੈਠਾ ਅਤੇ ਓਨਾ ਚਿਰ ਬੈਠਾ ਰਿਹਾ ਜਦੋਂ ਤੱਕ ਕਿ ਨੇੜਿਉਂ ਇਕ ਬੰਦਾ ਕਿਸੇ ਕਾਰਨ ਉੱਠ ਕੇ ਚਲਿਆ ਨਾ ਗਿਆ।
ਇਸ ਦੌਰਾਨ ਸੁਰਜੀਤ ਰਾਮਪੁਰੀ ਆਪਣਾ ਗੀਤ ਪੇਸ਼ ਕਰਨ ਲੱਗਿਆ। ਉਹ ਗੀਤ-ਗ਼ਜ਼ਲ ਗਾ ਕੇ ਪੇਸ਼ ਕਰਦਾ ਸੀ। ਉਹਦਾ ਗੂੜ੍ਹਾ ਮਿੱਤਰ ਸੰਤੋਖ ਸਿੰਘ ਧੀਰ ਉਹਨੂੰ ਗਾਉਣ ਤੋਂ ਬਹੁਤ ਵਰਜਦਾ, ਪਰ ਉਹ ਉਹਦੀ ਗੱਲ ਵੱਲ ਕੰਨ ਨਹੀਂ ਸੀ ਕਰਦਾ। ਇਕ ਵਾਰ ਧੀਰ ਨੇ ਰਾਮਪੁਰੀ ਨੂੰ ਕਿਹਾ, “ਸੁਰਜੀਤ, ਮੇਰੇ ਵੀਰ, ਤੂੰ ਗਾਉਣ ਦੀ ਅੜੀ ਛਡ ਦੇ।”
ਉਹ ਖਿਝ ਕੇ ਬੋਲਿਆ, “ਜਦੋਂ ਮੈਨੂੰ ਗਾਉਣਾ ਆਉਂਦਾ ਹੈ, ਕਿਉਂ ਨਾ ਗਾਵਾਂ?”
ਧੀਰ ਹੱਸਿਆ, “ਨਹੀਂ ਆਉਂਦਾ ਨਾ ਵੀਰ, ਨਹੀਂ ਆਉਂਦਾ ਗਾਉਣਾ ਤੈਨੂੰ।”
ਮੈਂ ਰਾਮਪੁਰੀ ਦਾ ਪੱਖ ਪੂਰਿਆ, “ਸੁਰਜੀਤ ਜੀ, ਅਸਲ ਵਿਚ ਮਾਮਲਾ ਇਹ ਹੈ ਕਿ ਧੀਰ, ਗੁਰਚਰਨ, ਅਜਾਇਬ ਤੇ ਤੁਹਾਡੀ, ਚਾਰਾਂ ਦੀ ਮਿੱਤਰ-ਮੰਡਲੀ ਵਿਚ ਗਾਉਣਾ ਸਿਰਫ਼ ਤੁਹਾਨੂੰ ਆਉਂਦਾ ਹੈ। ਇਕੱਲੇ ਧੀਰ ਜੀ ਦਾ ਹੀ ਨਹੀਂ, ਇਹਨਾਂ ਤਿੰਨਾਂ ਦਾ ਤੁਹਾਡੇ ਨਾਲ ਈਰਖਾ ਕਰਨਾ ਕੁਦਰਤੀ ਹੈ।”
ਉਹ ਹੱਸਿਆ, “ਤੂੰ ਅਸਲ ਗੱਲ ਫੜੀ ਹੈ। ਇਹ ਸੜਦੇ ਨੇ ਮੇਰੇ ਗੀਤਾਂ ਤੋਂ ਤੇ ਮੇਰੇ ਗਾਉਣ ਤੋਂ!”
ਧੀਰ ਜੀ ਨੇ ਸਾਡੀ ਦੋਵਾਂ ਦੀ ਗੱਲ ਨੂੰ ਹਵਾ ਵਿਚ ਉਡਾਇਆ, “ਲਓ ਤਾਨਸੈਨ ਤਾਂ ਤਾਨਸੈਨ, ਉਹਦਾ ਹਮਾਇਤੀ ਵੀ ਆ ਗਿਆ!”
ਖ਼ੈਰ, ਇਸ ਕਵੀ ਦਰਬਾਰ ਵਿਚ ਵੀ ਸੁਰਜੀਤ ਰਾਮਪੁਰੀ ਨੇ ਗਾਉਣਾ ਸ਼ੁਰੂ ਕੀਤਾ। ਉਹਦੀ ਆਵਾਜ਼ ਨਾਲ ਰਲ਼ ਕੇ ਉਹਦੇ ਗੀਤਾਂ ਦੇ ਸ਼ਬਦ ਸਰੋਤਿਆਂ ਨੂੰ ਕੀਲਣ ਵਿਚ ਸਫਲ ਰਹਿੰਦੇ ਸਨ। ਇੱਥੇ ਵੀ ਉਹਦੇ ਬੋਲ ਕੱਢਦਿਆਂ ਹੀ ਚੁੱਪ ਵਰਤ ਗਈ। ਉਹਨੇ ਗੀਤ ਛੇੜਿਆ, ਮੇਰੀ ਜਿੰਦ ਤਿਹਾਈ ਓ ਸੱਜਣਾ, ਮੇਰੀ ਜਿੰਦ ਤਿਹਾਈ। ਪਹਿਲੇ ਬੰਦ ਪਿੱਛੋਂ ਉਹਨੇ ਇਹੋ ਬੋਲ ਦੁਹਰਾਏ ਤਾਂ ਵੀ ਸ਼ਾਂਤੀ ਰਹੀ।ਜਦੋਂ ਉਹਨੇ ਦੂਜੇ ਬੰਦ ਪਿੱਛੋਂ ਇਹੋ ਬੋਲ ਬੋਲੇ, ਉਹਦੇ ਸਾਹ ਲੈਂਦਿਆਂ ਹੀ ਹਾਲ ਦੀ ਮੁਕੰਮਲ ਚੁੱਪ ਵਿੱਚੋਂ ਕੋਈ ਇਕ ਕੁੜੀ ਉੱਚੀ ਆਵਾਜ਼ ਵਿਚ ਬੋਲੀ, “ਬਿਚਾਰਾ ਥ੍ਰਸਟੀ ਕਰੋਅ!”
ਖ਼ਾਮੋਸ਼ ਹਾਲ ਵਿਚ ਹਾਸੇ ਦਾ ਧਮਾਕਾ ਹੋ ਗਿਆ। ਉਸ ਪਿੱਛੋਂ ਸੁਰਜੀਤ ਨੇ ਗੀਤ ਦੁਬਾਰਾ ਛੇੜਨ ਦੀ ਬਹੁਤ ਵਾਹ ਲਾਈ ਪਰ ਸਫਲ ਨਾ ਹੋ ਸਕਿਆ। ਹੁਣ ਜਦੋਂ ਵੀ ਉਹ ਇਹ ਤੁਕ ਦੁਹਰਾਉਂਦਾ, ਕੁੜੀਆਂ-ਮੁੰਡੇ ਅਜੀਬ ਜਿਹੀ ਸੁਰ ਵਿਚ ਉਹਦੇ ਨਾਲ ਨਾਲ ਗਾਉਣ ਲੱਗ ਪੈਂਦੇ। ਉਹ ਹਾਸੇ-ਰੌਲ਼ੇ ਵਿਚ ਹੀ ਬਾਕੀ ਸਤਰਾਂ ਜਿਵੇਂ-ਕਿਵੇਂ ਬੋਲ ਕੇ ਅਤੇ ਮਾਵਾ ਜਿਹਾ ਲੁਹਾ ਕੇ ਆਪਣੀ ਥਾਂ ਜਾ ਬੈਠਾ।
ਅਮਿਤੋਜ ਮੇਰੇ ਕੋਲ ਬੈਠਾ ਚਾਂਭੜਾਂ ਪਾਉਣ ਲੱਗਿਆ। ਕਹਿੰਦਾ, “ਯਾਰ ਭੁੱਲਰ, ਕਿਵੇਂ ਨਾ ਕਿਵੇਂ ਇਹ ਕੁੜੀ ਲੱਭੀਏ!”
ਮੈਂ ਹੱਸਿਆ, “ਸਟੇਜ ਸਕੱਤਰ ਤੋਂ ਅਨਾਊਂਸ ਕਰਵਾ ਕੇ ਉਹਨੂੰ ਬਾਹਰ ਬੁਲਾ ਲੈ।”
ਉਹਦੀ ਇੱਕੋ-ਇੱਕ ਤੇ ਉਹ ਵੀ ਬਹੁਤ ਪਿਆਰੀ ਇਹੋ ਯਾਦ ਮੇਰੇ ਚੇਤੇ ਵਿਚ ਵਸੀ ਹੋਈ ਹੈ।
ਤੇ ਸਬੱਬ ਇਹ ਬਣਿਆ ਕਿ ਇਹੋ ਅੰਤਲੀ ਯਾਦ ਹੋ ਨਿੱਬੜੀ। ਉਸ ਪਿੱਛੋਂ ਉਹ ਤਾਂ ਕਦੀ ਨਾ ਮਿਲਿਆ ਪਰ ਬਹੁਤ ਸਮੇਂ ਮਗਰੋਂ ਉਹਦੀਆਂ ਅਫ਼ਵਾਹਾਂ ਵਰਗੀਆਂ ਖ਼ਬਰਾਂ ਤੇ ਖ਼ਬਰਾਂ ਵਰਗੀਆਂ ਅਫ਼ਵਾਹਾਂ ਮਿਲਣ ਲੱਗੀਆਂ ਜੋ ਏਨੀਆਂ ਚੰਦਰੀਆਂ ਸਨ ਕਿ ਉਹਦੇ ਕਿਸੇ ਮਿੱਤਰ ਲਈ ਤਾਂ ਕੀ, ਸਾਧਾਰਨ ਵਾਕਿਫ਼ ਲਈ ਵੀ ਬਹੁਤ ਉਦਾਸ ਤੇ ਬੇਚੈਨ ਕਰਨ ਵਾਲੀਆਂ ਸਨ। ਉਹਦੀ ਨਜ਼ਰ ਮਾਂਦ ਪੈ ਗਈ ਹੈ। ... ਉਹਦੀ ਸਮਝ ਧੁੰਦਲੀ ਹੋ ਗਈ ਹੈ। ... ਉਹਦਾ ਚੇਤਾ ਗੰਧਲ ਗਿਆ ਹੈ। ... ਉਹਨੇ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ ਹੈ। ... ਉਹਨੂੰ ਮੱਲੋਜ਼ੋਰੀ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ। ... ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ। ... ਉਹ ਦੋਸਤਾਂ ਨੂੰ ਮਿਲਣ ਵਾਸਤੇ ਤਰਸਦਾ ਹੈ ਪਰ ਕੋਈ ਮਿਲਣ ਹੀ ਨਹੀਂ ਜਾਂਦਾ। ... ਵਗ਼ੈਰਾ, ਵਗ਼ੈਰਾ! ਉਹਦੇ ਕਈ ਸ਼ੁਭਚਿੰਤਕ ਉਹਦੀ ਲੰਮੀ ਉਮਰ ਦੀ ਥਾਂ ਛੇਤੀ ਮੁਕਤੀ ਦੀਆਂ ਅਰਦਾਸਾਂ ਕਰਨ ਲੱਗੇ!
ਤੇ ਆਖ਼ਰ 28 ਅਗਸਤ 2005 ਦੇ ਦਿਨ ਉਹ ਮੁਕਤ ਹੋ ਗਿਆ। ਵੈਸੇ ਤਾਂ ਦੁਨੀਆ ਨੂੰ ਕਿਸੇ ਦੇ ਗਿਆਂ ਵੀ ਫ਼ਰਕ ਨਹੀਂ ਪੈਂਦਾ ਪਰ ਉਹਨੇ ਬਹੁਤ ਪਹਿਲਾਂ ਆਪਣੇ ਆਪ ਨੂੰ ਇਉਂ ਬਣਾ ਲਿਆ ਸੀ ਕਿ ਉਹਦਾ ਜਾਣਾ ਅਖ਼ਬਾਰਾਂ ਲਈ ਚੱਜ ਦੀ ਸਾਹਿਤਕ ਖ਼ਬਰ ਵੀ ਨਾ ਬਣਿਆ। ਅਨੇਕ ਖ਼ੂਬਸੂਰਤ ਕਵਿਤਾਵਾਂ ਜੋ ਉਹਨੇ ਆਉਣ ਵਾਲੇ ਵਰ੍ਹਿਆਂ ਵਿਚ ਲਿਖਣੀਆਂ ਸਨ, ਉਹਦੇ ਨਾਲ ਹੀ ਅਗਨ-ਭੇਟ ਹੋ ਗਈਆਂ!
***
(ਹੇਠਾਂ ਅਸੀਂ ਅਮਿਤੋਜ ਦੀ ਇਕ ਕਵਿਤਾ ਨਮੂਨੇ ਵਜੋਂ ਪੇਸ਼ ਕਰ ਰਹੇ ਹਾਂ --- ਸੰਪਾਦਕ)
ਲਾਲਟੈਨਾਂ ਦੀ ਕਤਾਰ
ਜਸ਼ਨ ਕੋਈ ਵੀ ਹੋਵੇ,
ਜਸ਼ਨ ਲਹੂ ਨਾਲ ਲਿਖੇ ਲਤੀਫ਼ੇ ਤੋਂ ਵੱਧ ਕੁਝ ਵੀ ਨਹੀਂ ਹੁੰਦਾ.
(ਜਿਸ ਤੇ ਰੋਇਆ ਵੀ ਜਾ ਸਕਦਾ ਹੈ ਤੇ ਹੱਸਾ ਵੀ)
ਇਕ ਬੁਰਜ ਟੁੱਟਦਾ ਹੈ - ਕਾਅੜ ਕਰਕੇ
ਇਕ ਤੋਤਲੀ ਆਵਾਜ਼ ਮਿਣਦੀ ਹੈ-
ਕਾਗਜ਼ ਦੀਆਂ ਝੰਡੀਆਂ ਨਾਲ ਆਜ਼ਾਦੀ ਦੀ ਲੰਬਾਈ।
ਇਕ ਬੁੱਢਾ ਫੌਜੀ ਆਪਣੇ ਜ਼ਖ਼ਮਾਂ ’ਤੇ ਲਾਉਂਦਾ ਹੈ-
ਪਦਮ ਸ਼ਿਰੀ ਮਾਰਕਾ ਮੱਲ੍ਹਮ।
ਤੇ ਇਕ ਮਜ਼ਾਰ ਬਣਦਾ ਹੈ ‘ਜਸ਼ਨ’ ਲਈ ਸਟੇਜ।
ਹੋਰ ਕੁਝ ਨਹੀਂ ਬਦਲਦਾ,
ਲਤੀਫ਼ੇ ਤੋਂ ਉੱਠੇ ਦਰਦ ਵਾਂਗ
ਜ਼ਖਮ ਖ਼ੈਰ ਕੋਈ ਵੀ ਹੋਵੇ।
ਉਹ ਲੋਕ ਜੋ ਆਦਮੀ ਅਤੇ ਕੁੱਤੇ ਦੇ ਅਰਥ ਵਿਚਲੇ-
ਪਾੜੇ ਨੂੰ ਨਹੀਂ ਜਾਣਦੇ,
ਨਵੇਂ ਬਸਤਰਾਂ ਹੇਠ ਕੱਜ ਆਉਂਦੇ ਹਨ
ਪੁਰਾਣਾ ਦੰਭ।
ਤੇ ਸੰਵਿਧਾਨ ਦੀ ਵਹੀ ਵਿਚ ਹੋਰ ਗੂੜ੍ਹੇ ਹੋ ਜਾਂਦੇ ਹਨ
ਕੁਝ ਸੁਰੱਖਿਅਤ ਖਾਤੇ।
ਚੌਂਕ ਤੇ ਖੜ੍ਹਾ ਇਤਿਹਾਸ ਦਾ ਦੈਂਤ
ਜਦ ਨਿਗਲ ਜਾਂਦਾ ਹੈ, ਹਰ ਕੋਰੀ ਸੜਕ,
ਤਾਂ ਸ਼ਹਿਰਾਂ ਤੋਂ ਬਹੁਤ ਦੂਰ,
ਪਿੰਡਾਂ ਦੇ ਉਸ ਪਾਰ,
ਜੰਗਲਾਂ ’ਚ ਤੁਰਨ ਲਗਦੀ ਹੈ-
ਲਾਲਟੈਨਾਂ ਦੀ ਕਤਾਰ।
*****
(ਅਮਿਤੋਜ ਦੇ ਜਨਮ ਬਾਰੇ ਜਾਣਕਾਰੀ ਧੰਨਵਾਦ ਸਹਿਤ wikipedia.org ਤੋਂ ਲਈ ਗਈ ਹੈ --- ਸੰਪਾਦਕ)
(55)