GurbachanBhullar7ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ। ਦੇਸ ਇੱਕ ਦੇ ਦੋ ...
(7 ਅਪਰੈਲ 2022)

 

ਇੱਕ ਬੱਸ ਕਾਲ਼ਾ ਘੁਮਿਆਰ ਸੀ ਜਿਸ ਉੱਤੇ ਮੇਰਾ ਮਾਮਾ ਮੱਘਰ ਸਿੰਘ ਅੱਖਾਂ ਮੀਚ ਕੇ ਭਰੋਸਾ ਕਰਦਾ ਸੀਨਾਂ ਤਾਂ ਉਹਦਾ ਕਾਲ਼ੇ ਖਾਂ ਸੀ ਪਰ ਇੱਕ ਮੇਰੇ ਮਾਮੇ ਤੋਂ ਬਿਨਾਂ ਸਭ ਉਹਨੂੰ ਕਾਲ਼ਾ ਹੀ ਆਖਦੇਮਾਮਾ ਉਹਨੂੰ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੋਹ ਨਾਲ ਕਾਲੇ ਖਾਂ ਆਖਦਾਅੰਦਰ-ਬਾਹਰ ਦੇ ਮਾਮੇ ਦੇ ਸਾਰੇ ਕੰਮ ਕਾਲ਼ਾ ਹੀ ਕਰਦਾ ਇੱਥੋਂ ਤਕ ਕਿ ਮਾਮਾ ਫ਼ਸਲ ਵੇਚਣ ਵੀ ਆਪ ਨਹੀਂ ਸੀ ਜਾਂਦਾਕਾਲ਼ਾ ਆਪਣੇ ਗਧਿਆਂ ਉੱਤੇ ਫ਼ਸਲ ਲੱਦਦਾ ਤੇ ਗੋਨਿਆਣੇ ਮੰਡੀ ਆੜ੍ਹਤੀਏ ਦੇ ਲੈ ਜਾਂਦਾਜੇ ਮਾਮਾ ਆਪ ਜਾਂਦਾ ਵੀ, ਉਹਨੇ ਕਿਹੜਾ ਹਿਸਾਬ-ਕਿਤਾਬ ਕਰ ਲੈਣਾ ਸੀ! ਉਹ ਉਹਨਾਂ ਵੇਲਿਆਂ ਦੇ ਉਹਨਾਂ ਅਨੇਕ ਪੇਂਡੂ ਲੋਕਾਂ ਵਿੱਚੋਂ ਸੀ ਜਿਹੜੇ ਉਮਰ ਭੋਗ ਕੇ ਬੁੜ੍ਹੇ ਹੋ ਗਏ ਹੋਣ ਦੇ ਬਾਵਜੂਦ ਵੀਹ ਤੋਂ ਵੱਧ ਗਿਣਤੀ ਨਹੀਂ ਸਨ ਜਾਣਦੇਉਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਇਹਦੀ ਲੋੜ ਹੀ ਨਹੀਂ ਸੀ ਪੈਂਦੀ

ਜਿਵੇਂ ਹੁਣ ਚੀਜ਼ਾਂ ਦੀ ਖਰੀਦ-ਵਿਕਰੀ ਦੀ ਰਕਮ ਦਾ ਜ਼ਿਕਰ ਸੈਂਕੜਿਆਂ-ਹਜ਼ਾਰਾਂ ਵਿੱਚ ਹੁੰਦਾ ਹੈ, ਉਦੋਂ ਵੀਹਾਂ ਵਿੱਚ ਹੁੰਦਾ ਸੀਗਾਂ, ਬਲਦ, ਮ੍ਹੈਂਸ, ਆਦਿ ਪਸ਼ੂ ਐਨੀਆਂ ਵੀਹਾਂ ਦਾ ਆਇਆ ਅਤੇ ਫ਼ਸਲ ਦੇ ਐਨੇ ਵੀਹਾਂ ਵੱਟੇ ਗਏਆਰਥਿਕਤਾ ਦੇ ਉਸ ਦੌਰ ਵਿੱਚ ਕਿਸਾਨਾਂ ਨੂੰ ਵੀਹਾਂ ਵਿੱਚ ਗਿਣੇ ਜਾਂਦੇ ਨੋਟਾਂ ਦੇ ਦਰਸ਼ਨ ਵੀ ਰੋਜ਼-ਰੋਜ਼ ਨਹੀਂ ਸਨ ਹੁੰਦੇ ਸਗੋਂ ਛੇ ਮਹੀਨਿਆਂ ਮਗਰੋਂ ਹਾੜ੍ਹੀ-ਸਾਉਣੀ ਦੀ ਫ਼ਸਲ ਆਈ ਤੋਂ ਹੀ ਹੁੰਦੇ ਸਨਕੁਦਰਤੀ ਹੀ, ਕਿਸਾਨ ਉੱਤੇ ਨਿਰਭਰ ਭਾਂਤ-ਭਾਂਤ ਦੇ ਕਾਮਿਆਂ-ਕਿਰਤੀਆਂ ਨੂੰ ਵੀ ਹਿੱਸੇ ਬੈਠਦੇ ਨੋਟ ਉਸ ਸਮੇਂ ਹੀ ਦਰਸ਼ਨ ਦਿੰਦੇਇਸ ਕਰਕੇ ਰੋਜ਼-ਰੋਜ਼ ਦੀ ਖਰੀਦਾਰੀ ਲਈ ਦਾਣਿਆਂ ਦੀ ਚੁੰਗ ਹੀ ਕੰਮ ਆਉਂਦੀਜਾਂ ਫੇਰ ਹੁਧਾਰ, ਜੋ ਬਾਣੀਏ ਬਹੀ ਉੱਤੇ ਲਿਖਦੇ ਰਹਿੰਦੇ ਅਤੇ ਫ਼ਸਲ ਆਈ ਤੋਂ ਲੈ ਲੈਂਦੇ

ਮਾਮੇ ਮੱਘਰ ਤੇ ਕਾਲ਼ੇ ਦੇ ਕਿੱਸੇ ਤਾਂ ਕਈ ਹਨ ਪਰ ਇਹ ਇੱਕ ਤਾਂ ਜ਼ਰੂਰ ਸੁਣਾਉਣ ਵਾਲ਼ਾ ਹੈਇਸ ਵਿੱਚ ਇਮਾਨਦਾਰ, ਨਿਮਰ ਤੇ ਨਿਰਛਲ ਕਾਲ਼ੇ ਦੇ ਸੰਬੰਧ ਵਿੱਚ ਮਾਮੇ ਦਾ ਭੋਲ਼ਾਪਨ ਵੀ ਹੈ, ਸੁਹਿਰਦਤਾ ਵੀ ਹੈ ਅਤੇ ਘੋਰ ਨਫ਼ਰਤ ਦੇ ਦੌਰ ਵਿੱਚ ਆਪਣੀ ਇਨਸਾਨੀਅਤ ਨੂੰ ਅਡੋਲ ਰੱਖ ਸਕਣ ਦੀ ਸਮਰੱਥਾ ਵੀ ਹੈ

ਮਾਮੀ ਛੋਟੇ-ਛੋਟੇ ਦੋ ਬੱਚੇ, ਇੱਕ ਮੁੰਡਾ ਤੇ ਇੱਕ ਕੁੜੀ, ਛੱਡ ਕੇ ਚਲਾਣਾ ਕਰ ਗਈਮਾਮਾ ਭੋਲ਼ਾ ਤਾਂ ਜਮਾਂਦਰੂ ਹੀ ਸੀ, ਉੱਤੋਂ ਹੁਣ ਉਹਦੇ ਭੋਲ਼ੇਪਨ ਵਿੱਚ ਵਹਿਮ ਜੁੜ ਗਿਆਜ਼ਮੀਨ ਬਹੁਤ ਸੀਉਹਨੂੰ ਡਰ ਬੈਠ ਗਿਆ ਕਿ ਕੋਈ ਸ਼ਰੀਕ ਜ਼ਮੀਨ ਦੇ ਲਾਲਚ ਵਿੱਚ ਜੁਆਕਾਂ ਨੂੰ ਹੀ ਨਾ ਮਾਰ ਦੇਵੇਨਤੀਜਾ ਇਹ ਹੋਇਆ ਕਿ ਲੋਕਾਂ ਤੋਂ ਉਹਦਾ ਭਰੋਸਾ ਹੀ ਚੁੱਕਿਆ ਗਿਆਕਾਲ਼ੇ ਤੇ ਉਹਦੀ ਘਰਵਾਲ਼ੀ ਨਾਲ ਮਾਮੇ ਦਾ ਵਾਹ ਮਾਮੀ ਦੇ ਜਿਉਂਦੀ ਹੋਣ ਵੇਲੇ ਦਾ ਸੀਕਾਲ਼ੇ ਦੀ ਘਰਵਾਲ਼ੀ ਕੱਪੜੇ ਧੋਂਦੀ, ਕਣਕ ਛੰਡਦੀ ਤੇ ਆਟਾ ਪੀਂਹਦੀ, ਬਰਸਾਤਾਂ ਤੋਂ ਪਹਿਲਾਂ ਘਰ ਵਿੱਚ ਤੇ ਛੱਤਾਂ ਉੱਤੇ ਤਲ਼ੀਆਂ ਦਿੰਦੀ ਅਤੇ ਕੰਧਾਂ ਉੱਤੇ ਪਾਂਡੋ-ਪੋਚਾ ਫੇਰਦੀਮਾਮਾ ਕਾਲ਼ੇ ਵਾਂਗ ਹੀ ਉਹਨੂੰ ਵੀ ਉਹਦੇ ਬਣਦੇ ਹੱਕ ਤੋਂ ਵੱਧ ਹੀ ਦਿੰਦਾਸ਼ਾਇਦ ਇਸ ਲੰਮੇ ਵਾਹ ਵਿੱਚੋਂ ਹੀ ਮਾਮਾ ਇਸ ਸਿੱਟੇ ਉੱਤੇ ਪਹੁੰਚਿਆ ਸੀ ਕਿ ਕਾਲ਼ਾ ਭਰੋਸੇਜੋਗ ਬੰਦਾ ਹੈ

ਕਾਲ਼ਾ ਫ਼ਸਲ ਵੇਚ ਕੇ ਆਉਂਦਾ ਤਾਂ ਆਖਦਾ, “ਐਹ ਲੈ ਚਾਚਾ, ਐਨੇ ਵੀਹਾਂ ਜੋ ਤੂੰ ਲਿਆਉਣ ਨੂੰ ਕਿਹਾ ਸੀ ਤੇ ਬਾਕੀ ਐਨੇ ਵੀਹਾਂ ਆੜ੍ਹਤੀਏ ਕੋਲ ਜਮ੍ਹਾਂ ਕਰਵਾ ਦਿੱਤੇ

ਮਾਮਾ ਹਿਸਾਬ-ਕਿਤਾਬ ਦੀ ਕਿਸੇ ਵੀ ਪੁੱਛ-ਗਿੱਛ ਤੋਂ ਬਿਨਾਂ ਪੈਸੇ ਫੜ ਕੇ ਸਾਂਭ ਲੈਂਦਾ

ਤੇ ਫੇਰ ਸੰਨ ਸੰਤਾਲ਼ੀ ਆ ਗਿਆਕੁਛ ਭਲੇ ਲੋਕਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਫ਼ਿਰੋਜ਼ਪੁਰ ਤੋਂ ਸਰਹੱਦ ਪਾਰ ਕਰਵਾਉਣ ਦਾ ਫ਼ੈਸਲਾ ਕਰ ਲਿਆਆਥਣ ਵੇਲੇ ਕਾਲ਼ੇ ਨੇ ਆ ਕੇ ਇਹ ਸਭ ਤਾਂ ਮਾਮੇ ਨੂੰ ਦੱਸਿਆ ਹੀ, ਨਾਲ ਹੀ ਇੱਕ ਪੋਟਲੀ ਵੀ ਫੜਾ ਦਿੱਤੀਮਾਮੇ ਦੀ ਪੁੱਛ ਦੇ ਜਵਾਬ ਵਿੱਚ ਉਹ ਬੋਲਿਆ, “ਹੋਰਾਂ ਦੇ ਐਵੇਂ ਨਿੱਕੇ-ਮੋਟੇ ਕੰਮਾਂ ਨੂੰ ਛੱਡ ਕੇ ਮੈਂ ਤਾਂ ਤੇਰੇ ਘਰ ਤੋਂ ਬਿਨਾਂ ਕਦੇ ਕਿਸੇ ਦਾ ਕੁਛ ਖਾਸ ਕੀਤਾ ਹੀ ਨਹੀਂਤੇ ਤੂੰ ਮੈਨੂੰ ਹਮੇਸ਼ਾ ਮੇਰੇ ਬਣਦੇ ਤੋਂ ਵੱਧ ਦਿੱਤਾਮੈਂ ਜੋ ਕੁਛ ਮਾੜਾ-ਮੋਟਾ ਬਣਾਇਆ ਹੈ, ਸਭ ਤੇਰੇ ਹੱਥੋਂ ਮਿਲੇ ਨਾਲ ਹੀ ਬਣਾਇਆ ਹੈਜੇ ਕਦੇ ਕਿਸਮਤ ਨੇ ਸਾਥ ਦਿੱਤਾ ਤੇ ਅਮਨ-ਚੈਨ ਹੋਏ ਤੋਂ ਆਉਣ ਦੀ ਖੁੱਲ੍ਹ ਮਿਲੀ, ਮੈਂ ਆਬਦੀ ਚੀਜ਼ ਲੈ ਜਾਊਂਜੇ ਕਦੇ ਵੀ ਆਉਣਾ ਨਾ ਬਣਿਆ, ਤਾਂ ਮੇਰੇ ਵਾਂਗ ਤੂੰ ਵੀ ਇਹੋ ਸਮਝੀਂ ਕਿ ਇਹ ਚੀਜ਼-ਵਸਤ ਤੇਰੀ ਹੀ ਸੀ, ਤੈਨੂੰ ਮਿਲ ਗਈ!”

ਮਾਮੇ ਨੇ ਪੁੱਛਿਆ, “ਜਾਣਾ ਕਦੋਂ ਪਊ? … … ਨਾਲ਼ੇ ਇਹ ਤਾਂ ਚਾਰ ਦਿਨਾਂ ਦੀ ਨ੍ਹੇਰੀ ਹੈ ਕਾਲ਼ੇ ਖ਼ਾਂ, ਨੰਘੀ ਤੋਂ ਫੇਰ ਸਭ ਠੀਕ ਹੋ ਜਾਊਤੂੰ ਇੱਥੇ ਹੀ ਆਉਣੈਂ ਮੁੜ ਕੇ!”

ਕਾਲ਼ਾ ਬੋਲਿਆ, “ਕਦੋਂ ਕੀ ਚਾਚਾ, ਚਾਰ-ਚੁਫੇਰੇ ਤਾਂ ਹਾਹਾਕਾਰ ਮਚੀ ਪਈ ਹੈ, ਅੱਜ ਰਾਤ ਨੂੰ ਹੀ ਨਿੱਕਲ ਜਾਣਾ ਹੈ” ਕਾਲ਼ਾ ਬਾਹਰਲੀ ਦੁਨੀਆ ਬਾਰੇ ਮਾਮੇ ਨਾਲੋਂ ਯਕੀਨਨ ਵੱਧ ਅਨੁਭਵੀ ਸੀ, ਉਹਦੀ ਦੂਜੀ ਗੱਲ ਦੇ ਜਵਾਬ ਵਿੱਚ ਬੋਲਿਆ, “ਰੱਬ ਕਰੇ, ਤੇਰੀ ਗੱਲ ਸੱਚੀ ਹੋਵੇ, ਚਾਚਾਪਰ ਰੱਬ ਦੀਆਂ ਰੱਬ ਹੀ ਜਾਣੇਂ! ਖ਼ਬਰੈ ਕਿਸਮਤ ਵਿੱਚ ਕੀ-ਕੀ ਧੱਕੇ ਖਾਣੇ ਲਿਖੇ ਐ!”

ਮਾਮੇ ਦਾ ਦਿਲ ਹੇਠ ਨੂੰ ਗਿਆ, “ਅੱਜ ਰਾਤ ਨੂੰ ਹੀ?” ਤੇ ਉਹ ਕਾਲ਼ੇ ਨੂੰ ਹਿੱਕ ਨਾਲ ਲਾ ਕੇ ਜ਼ਾਰੋ-ਜ਼ਾਰ ਰੋ ਪਿਆਕਾਲ਼ੇ ਦੇ ਦੁੱਖ ਦਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਪਿਆ ਸੀ, ਉਹਨੇ ਤਾਂ ਉੱਛਲਣਾ ਹੀ ਸੀਧਾਹਾਂ ਮਾਰਦੇ ਹੀ ਦੋਵੇਂ ਵੱਖ ਹੋਏਪਿੰਡ ਵਾਲ਼ੇ ਮੁਸਲਮਾਨਾਂ ਨੂੰ ਹੱਦ ਲੰਘਾਉਣ ਦਾ ਨੇਕ ਕੰਮ ਕਰ ਆਏਉਸ ਪਿੱਛੋਂ ਕਿਸੇ ਨੂੰ ਕਿਸੇ ਦੀ ਕੋਈ ਖ਼ਬਰ ਨਹੀਂ ਸੀ ਕਿ ਕੌਣ ਕਿੱਧਰ ਗਿਆਚਲੋ, ਪਿੰਡ ਵਾਲਿਆਂ ਵਾਸਤੇ ਇਹੋ ਤਸੱਲੀ ਬਹੁਤ ਸੀ ਕਿ ਉਹਨਾਂ ਨੇ ਕੁਛ ਜਾਨਾਂ ਬਚਾ ਦਿੱਤੀਆਂ ਸਨ

ਕੁਛ ਦਿਨ ਬੀਤੇ, ਥਾਣੇਦਾਰ ਡੇਰੇ ਦੇ ਵਿਹੜੇ ਵਿੱਚ ਮੇਜ਼-ਕੁਰਸੀ ਲੁਆ ਕੇ ਬੈਠ ਗਿਆਉਹਨੇ ਨੰਬਰਦਾਰ ਤੇ ਪਿੰਡ ਦੇ ਹੋਰ ਮੋਹਰੀ ਬੁਲਾ ਲਏਚੌਕੀਦਾਰ ਨੂੰ ਆਖ ਕੇ ਪਿੰਡ ਵਿੱਚ ਹੋਕਾ ਦੁਆ ਦਿੱਤਾ ਕਿ ਜਿਸ ਕਿਸੇ ਕੋਲ ਮੁਸਲਮਾਨਾਂ ਦੀ ਲੁੱਟ ਦਾ ਮਾਲ ਹੈ, ਆ ਕੇ ਇਤਲਾਹ ਕਰੇਉਹਦਾ ਖਾਸ ਜ਼ੋਰ ਮੁਸਲਮਾਨ ਲੜਕੀਆਂ ਤੇ ਔਰਤਾਂ ਦੀ ਜਾਣਕਾਰੀ ਲੈਣ ਉੱਤੇ ਸੀਹੌਲ਼ੀ-ਹੌਲ਼ੀ ਡੇਰੇ ਦਾ ਵਿਹੜਾ ਬੰਦਿਆਂ ਨਾਲ ਭਰ ਗਿਆ, ਜਿਨ੍ਹਾਂ ਵਿੱਚੋਂ ਬਹੁਤੇ ਤਮਾਸ਼ਬੀਨ ਸਨ

ਮਾਮੇ ਮੱਘਰ ਨੇ ਵੀ ਹੋਕਾ ਸੁਣਿਆ ਤੇ ਚੌਕੀਦਾਰ ਨੂੰ ਰੋਕ ਕੇ ਉਹਤੋਂ ਵੀ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਲਈਉਹਨੇ ਕਾਲ਼ੇ ਵਾਲੀ ਪੋਟਲੀ ਪਰਨੇ ਵਿੱਚ ਲਪੇਟੀ ਤੇ ਚੁੱਪਚਾਪ ਥਾਣੇਦਾਰ ਦੇ ਮੇਜ਼ ਕੋਲ ਪਹੁੰਚ ਗਿਆਉਹਨੂੰ ਥਾਣੇਦਾਰ ਵੱਲ ਤੁਰਿਆ ਜਾਂਦਾ ਦੇਖ ਕੇ ਸਭ ਹੈਰਾਨ! ਇਹ ਬੰਦਾ ਤਾਂ ਕਿਸੇ ਦੂਜੇ ਦੀ ਮਿੱਟੀ ਦੀ ਮੁੱਠੀ ਤਕ ਨਹੀਂ ਲੈਂਦਾ, ਇਹ ਇੱਥੇ ਕਿਵੇਂ! ਮਾਮੇ ਨੇ ਪੋਟਲੀ ਮੇਜ਼ ਉੱਤੇ ਰੱਖ ਕੇ ਹੱਥ ਜੋੜੇ, “ਸਰਕਾਰ, ਇਹ ਵਸਤ ਕਾਲ਼ੇ ਖਾਂ ਵਲਦ ਫਤਿਹ ਖਾਂ ਦੀ ਮੇਰੇ ਕੋਲ ਅਮਾਨਤ ਹੈਹੁਣ ਜਦੋਂ ਤੁਸੀਂ ਆਪ ਹੀ ਆ ਗਏ, ਮੇਰਾ ਫ਼ਿਕਰ ਮੁੱਕਿਆਇਹ ਲਉ, ਐਨੇ ਤੋਲ਼ੇ ਸਿਉਣਾ ਤੇ ਐਨੀ ਚਾਂਦੀਉਹਨੂੰ ਪਾਕਸਤਾਨ ਪਹੁੰਚਦੀ ਕਰ ਦਿਉਮੇਰੇ ਸਿਰੋਂ ਭਾਰ ਉੱਤਰਿਆ

ਉਹ ਜਿਵੇਂ ਚੁੱਪਚਾਪ ਆਇਆ ਸੀ, ਉਸੇ ਤਰ੍ਹਾਂ ਕਿਸੇ ਨਾਲ ਕੋਈ ਗੱਲ ਕਰੇ ਬਿਨਾਂ ਡੇਰੇ ਵਿੱਚੋਂ ਨਿੱਕਲ ਗਿਆ ਉੱਥੇ ਉਹਨੂੰ ਇਹ ਆਖਣ ਦੀ ਹਿੰਮਤ ਕੌਣ ਕਰਦਾ ਕਿ ਭਲਿਆਮਾਨਸਾ, ਇਹ ਕੀ ਕਰ ਚੱਲਿਆ ਹੈਂ! ਥਾਣੇਦਾਰ ਨੇ ਅੰਦਰੋਂ ਗਦਗਦ ਹੋ ਕੇ ਬਾਹਰੋਂ ਗੰਭੀਰ ਰਹਿੰਦਿਆਂ ਕਿਹਾ, “ਇਹੋ ਜਿਹਾ ਸਭ ਮਾਲ ਸਰਕਾਰੀ ਖ਼ਜ਼ਾਨੇ ਵਿੱਚ ਚਲਿਆ ਜਾਣਾ ਹੈ!” ਸੱਚ ਜਾਣਦਿਆਂ ਵੀ ਕੋਈ ਕੀ ਆਖਦਾ!

ਦਿਨ ਬੀਤਦੇ ਗਏਮਹੀਨੇ ਬੀਤਣ ਲੱਗੇਫੇਰ ਚਾਰ-ਪੰਜ ਸਾਲ ਬੀਤ ਗਏਪੰਜਾਹਵਿਆਂ ਦੇ ਸ਼ੁਰੂ ਵਿੱਚ ਦੋਵਾਂ ਪਾਸਿਆਂ ਦੇ ਉੱਜੜਿਆਂ ਵਾਸਤੇ ਇੱਕ ਵਿਰਲ ਖੁੱਲ੍ਹ ਗਈਉਹ ਅਜਿਹਾ ਗਹਿਣਾ-ਗੱਟਾ ਲੈ ਕੇ ਜਾ ਸਕਦੇ ਸਨਮਾਮੇ ਦਾ ਅਜਿਹੀਆਂ ਗੱਲਾਂ ਨਾਲ ਜਾਂ ਖ਼ਬਰਾਂ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾਆਪਣੀ ਸੀਮਤ ਜਿਹੀ ਹੋਂਦ ਤੋਂ ਬਾਹਰ ਉਹਦੇ ਲਈ ਸਭ ਕੁਛ ਬੇਮਤਲਬ ਤੇ ਅਣਹੋਂਦਾ ਸੀ!

ਤੇ ਫੇਰ ਇੱਕ ਦਿਨ ਅਚਾਨਕ ਕਾਲ਼ਾ ਆ ਗਿਆਵਿਛੜਨ ਵੇਲੇ ਵਾਂਗ ਹੁਣ ਮਿਲ ਕੇ ਵੀ ਦੋਵੇਂ ਇੱਕ ਦੂਜੇ ਦੇ ਗਲ਼ ਲੱਗ ਕੇ ਬੁੱਕਾਂ ਦੇ ਬੁੱਕ ਅੱਥਰੂ ਰੋਏਲਗਦਾ ਹੈ, ਉਸਤਾਦ ਦਾਮਨ ਨੇ ਕਿਸੇ ਮੱਘਰ ਤੇ ਕਾਲ਼ੇ ਦੀਆਂ ਇੱਕ ਦੂਜੇ ਦੇ ਗਲ਼ ਲੱਗ ਕੇ ਮਾਰੀਆਂ ਧਾਹਾਂ ਦਾ ਕੋਈ ਅਜਿਹਾ ਨਜ਼ਾਰਾ ਦੇਖ ਕੇ ਹੀ ਲਿਖਿਆ ਹੋਵੇਗਾ: ਲਾਲੀ ਅੱਖੀਆਂ ਦੀ ਪਈ ਦੱਸਦੀ ਐ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ!

ਇੰਨਾ ਜ਼ਰੂਰ ਸੀ ਕਿ ਵਿਛੜਨ ਵੇਲੇ ਦੇ ਅਣਦੇਖੀ-ਅਣਜਾਣੀ ਦੁਨੀਆ ਵਿੱਚ ਖ਼ਾਲੀ ਹੱਥ ਜਾਣ ਦੇ ਭੈ ਦੇ ਉਲਟ ਹੁਣ ਇਸ ਗੱਲ ਦੀ ਕੁਛ-ਕੁਛ ਤਸੱਲੀ ਸੀ ਕਿ ਉਹ ਜਿੱਥੇ ਵੀ ਪਹੁੰਚਿਆ ਸੀ, ਠੀਕ-ਠਾਕ ਪਹੁੰਚ ਗਿਆ ਸੀਦੋਵੇਂ ਸਭ ਦੀ ਸੁੱਖਸਾਂਦ ਪੁੱਛ-ਦੱਸ ਕੇ ਸੰਤੁਸ਼ਟ ਹੋ ਗਏਸੁਖ ਦਾ ਸਾਹ ਲੈ ਕੇ ਮਾਮੇ ਨੇ ਪੁੱਛਿਆ, “ਕਾਲ਼ੇ ਖ਼ਾਂ, ਤੇਰੀ ਵਸਤ ਤੈਨੂੰ ਸਹੀ-ਸਲਾਮਤ ਪਹੁੰਚ ਗਈ ਸੀ?”

ਕਾਲ਼ੇ ਨੇ ਕਾਹਲ਼ੀ ਨਾਲ ਜਵਾਬੀ ਸਵਾਲ ਕੀਤਾ, “ਕੀਹਦੇ ਹੱਥ ਭੇਜੀ ਸੀ, ਚਾਚਾ, ਮੇਰੀ ਵਸਤ?”

ਮਾਮੇ ਨੇ ਸਾਰਾ ਕਿੱਸਾ ਕਹਿ ਸੁਣਾਇਆ

ਕਾਲ਼ੇ ਨੇ ਹਉਕਾ ਲਿਆ, “ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈਕੀ ਤੋਂ ਕੀ ਹੋ ਗਿਆਦੇਸ ਇੱਕ ਦੇ ਦੋ ਹੋ ਗਏਪਰ ਤੂੰ ਮੇਰਾ ਉਹੋ ਭੋਲ਼ੇ ਦਾ ਭੋਲ਼ਾ ਚਾਚਾ ਰਿਹਾ! ਲ਼ੱਖਾਂ ਉੱਜੜ ਕੇ ਇੱਧਰ ਆਏ, ਲੱਖਾਂ ਉੱਜੜ ਕੇ ਉੱਧਰ ਗਏਕੌਣ ਜਾਣੇ ਕਿਸ ਨੂੰ ਕਿੱਥੇ ਸਿਰ ਲੁਕੋਣ ਦੀ ਥਾਂ ਮਿਲੀ ਹੈਅਣਗਿਣਤ ਕਾਲ਼ੇ ਖ਼ਾਂ ਵਲਦ ਫ਼ਤਿਹ ਖਾਂ ਕਿਸਮਤ ਦੇ ਮਾਰੇ ਭਟਕਦੇ ਫਿਰਦੇ ਰਹੇ… … ਉਹ ਤਾਂ ਠਾਣੇਦਾਰਨੀ ਨੇ ਪੁਰਾਣੇ ਤੁੜਵਾ ਕੇ ਨਵੇਂ ਬਣਵਾ ਲਏ ਹੋਣਗੇ ਤੇ ਮੌਜ ਨਾਲ ਲਿਸ਼ਕਾਉਂਦੀ ਹੋਊ

ਮਾਮਾ ਹੈਰਾਨ ਹੋਇਆ, “ਕੀ ਕਹਿੰਦਾ ਹੈਂ ਕਾਲ਼ੇ ਖ਼ਾਂ! ਕਦੇ ਸਰਕਾਰ ਵੀ ਇਉਂ ਬੇਈਮਾਨੀ ਕਰਦੀ ਐ! ਸਰਕਾਰ ਤਾਂ ਪਰਜਾ ਦੀ ਮਾਈ-ਬਾਪ ਹੁੰਦੀ ਐ!”

ਕਾਲ਼ੇ ਨੇ ਉਹਦੀ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ਕਿਹਾ, “ਪਰ ਚਾਚਾ, ਤੂੰ ਚਿੰਤਾ ਨਾ ਕਰਤੂੰ ਭੇਜ ਦਿੱਤੇ ਤੇ ਮੈਨੂੰ ਮਿਲ ਗਏਗੱਲ ਮੁੱਕਦੀ ਹੋਈ

ਮਾਮੇ ਨੂੰ ਤਸੱਲੀ ਹੋਈ ਕਿ ਕਾਲ਼ੇ ਨੇ ਅਜੇ ਦੋ ਕੁ ਦਿਨ ਰਹਿਣਾ ਸੀਉਹ ਸੁਨਿਆਰ ਦੇ ਗਿਆ ਤੇ ਓਨਾ ਸਿਉਣਾ-ਚਾਂਦੀ ਲੈ ਕੇ ਕਾਲ਼ੇ ਦੀ ਝੋਲ਼ੀ ਆ ਪਾਏਕਾਲ਼ੇ ਨੇ ਲੱਖ ਸਿਰ ਮਾਰਿਆ ਪਰ ਮਾਮੇ ਦੀ ਇੱਕੋ ਜ਼ਿੱਦ, “ਉਹ ਮਾਲ ਠਾਣੇਦਾਰਨੀ ਦੇ ਕਰਮਾਂ ਵਿੱਚ ਲਿਖਿਆ ਸੀ, ਉਹਨੂੰ ਮਿਲ ਗਿਆਇਹ ਮੇਰੀ ਨੂੰਹ ਦੀ ਅਮਾਨਤ ਹੈ, ਉਹਦੀ ਤੇ ਤੇਰੀ ਦਸਾਂ ਨਹੁੰਆਂ ਦੀ ਕਮਾਈਇਹ ਉਹਨੂੰ ਦੇ ਦੇਈਂ ਜਾ ਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3486)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author