“ਮਰੀਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਮਾਈ ਉਹ ਦੋ ਰੁਪਏ ਇੱਕ ਥਾਲੀ ਗਹਿਣੇ ਰੱਖ ਕੇ ...”
(15 ਜਨਵਰੀ 2022)
ਮੇਰੇ ਬਚਪਨ ਵਿੱਚ ਸਾਡੇ ਪਿੰਡਾਂ ਦਾ ਜੋ ਕੋਈ ਵੀ ਅੱਖ ਬਣਵਾਉਂਦਾ, ਪੁੱਛੇ ਤੋਂ ਇਹੋ ਆਖਦਾ, ਮਥਰਾ ਦਾਸ ਤੋਂ ਬਣਵਾਈ ਹੈ। ਇਹ ਉਹਨਾਂ ਦੀ ਮਸ਼ਹੂਰੀ ਦਾ ਨਾਪ ਸੀ ਕਿ ਸਿਰਫ਼ ਮਥਰਾ ਦਾਸ ਕਿਹਾ ਕਾਫ਼ੀ ਸੀ, ਨਾ ਹਸਪਤਾਲ ਦੇ ਨਾਂ ਦੀ ਲੋੜ ਤੇ ਨਾ ਸ਼ਹਿਰ ਦੇ ਨਾਂ ਦੀ। ਸਾਡਾ ਪਿੰਡ ਮੋਗੇ ਤੋਂ ਕੋਈ 75 ਕਿਲੋਮੀਟਰ ਦੂਰ ਹੈ ਪਰ ਇੰਨੀ ਦੂਰ ਵੀ, ਸਗੋਂ ਇਸ ਤੋਂ ਦੂਰ ਵੀ ਉਹਨਾਂ ਦੇ ਭਲੇ ਕੰਮ ਨੂੰ ਹਰ ਕੋਈ ਜਾਣਦਾ ਸੀ। ਅੱਖਾਂ ਬਣਵਾਉਣ ਵਾਲ਼ੇ ਉਹਨਾਂ ਦੇ ਗੁਣ ਗਾਉਂਦੇ। ਉਹਨਾਂ ਦੇ ਉਪਰੇਸ਼ਨਾਂ ਦੀ ਸਫਲਤਾ ਦੀ ਦਰ ਦੇਖੋ, ਕਦੀ ਕਿਸੇ ਤੋਂ ਇਹ ਨਹੀਂ ਸੀ ਸੁਣਿਆ ਕਿ ਮਥਰਾ ਦਾਸ ਤੋਂ ਬਣਵਾਈ ਮੇਰੀ ਅੱਖ ਖਰਾਬ ਹੋ ਗਈ ਹੈ।
ਉਹ ਮੈਥੋਂ ਸਾਢੇ ਛਪੰਜਾ ਸਾਲ ਵੱਡੇ ਸਨ। ਮੇਰੇ ਜਨਮ ਤੋਂ ਡੇਢ ਸਾਲ ਪਹਿਲਾਂ, 14 ਸਤੰਬਰ 1935 ਨੂੰ ਤਾਂ ਉਹ ਸਿਵਲ ਸਰਜਨ ਵਜੋਂ ਸੇਵਾ-ਮੁਕਤ ਵੀ ਹੋ ਗਏ ਸਨ। ਇਹ ਸਬੱਬ ਹੀ ਸਮਝੋ ਕਿ ਮੈਂਨੂੰ ਦੋ ਵਾਰ ਉਹਨਾਂ ਨੂੰ ਦੇਖਣ ਦਾ ਹੀ ਨਹੀਂ ਸਗੋਂ ਉਹਨਾਂ ਦੇ ਵਿਚਾਰ ਸੁਣਨ ਦਾ ਵੀ ਮੌਕਾ ਮਿਲਿਆ। ਦਸਵੀਂ ਕਰਨ ਮਗਰੋਂ ਕਾਲਜ ਜਾਣ ਦਾ ਸਵਾਲ ਆਇਆ। ਸਾਡੇ ਨੇੜੇ ਬਠਿੰਡੇ ਦਾ ਕਾਲਜ ਇੱਕ ਤਾਂ ਸੀ ਇੰਟਰਮੀਡੀਏਟ, ਭਾਵ ਸਿਰਫ਼ ਦੋ ਜਮਾਤਾਂ, ਗਿਆਰਵੀਂ ਤੇ ਬਾਰ੍ਹਵੀਂ ਪੜ੍ਹਾਉਣ ਵਾਲ਼ਾ, ਤੇ ਦੂਜੀ ਗੱਲ, ਉੱਥੇ ਸਿਰਫ਼ ਆਰਟਸ ਵਿਸ਼ੇ ਪੜ੍ਹਾਏ ਜਾਂਦੇ ਸਨ। ਮੈਂ ਵਿਗਿਆਨ ਦੇ ਵਿਸ਼ੇ ਲੈਣ ਲਈ ਡੀ. ਐੱਮ. ਕਾਲਜ ਮੋਗਾ ਵਿੱਚ ਜਾ ਦਾਖ਼ਲ ਹੋਇਆ। ਉਦੋਂ ਦੇ ਛੋਟੇ ਜਿਹੇ ਨਗਰ ਮੋਗਾ ਵਿੱਚ ਇਹ ਕਾਲਜ ਡਾਕਟਰ ਸਾਹਿਬ ਨੇ 1926 ਵਿੱਚ ਬਣਵਾਇਆ ਸੀ ਜਦੋਂ ਅਜੇ ਪੂਰੇ ਦੇਸ ਵਿੱਚ ਸਿਰਫ਼ 318 ਕਾਲਜ ਤੇ ਯੂਨੀਵਰਸਿਟੀਆਂ ਹੀ ਸਨ।
ਉਦੋਂ ਮੈਂਨੂੰ ਅਜੇ ਮਥਰਾ ਦਾਸ ਦੇ ਅੱਖਾਂ ਦਾ ਡਾਕਟਰ ਹੋਣ ਦਾ ਹੀ ਪਤਾ ਸੀ। ਕਾਲਜ ਦੇ ਪ੍ਰਾਸਪੈਕਟਸ ਪੜ੍ਹੇ ਤਾਂ ਪਤਾ ਲਗਿਆ, ‘ਡੀ’ ਦਯਾਨੰਦ ਸਵਾਮੀ ਦਾ ਅਤੇ ‘ਐੱਮ’ ਮਥਰਾ ਦਾਸ ਡਾਕਟਰ ਦਾ ਸੂਚਕ ਸੀ। ਫੇਰ ਜਦੋਂ ਕਾਲਜ ਜਾ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਸਮੇਂ ਮੌਜੂਦ ਮੋਗਾ ਤਾਂ ਸੀ ਹੀ ਡਾਕਟਰ ਸਾਹਿਬ ਦੀ ਦੇਣ! ਉਹਨਾਂ ਦੀ ਆਉਂਦ ਤੋਂ ਪਹਿਲਾਂ ਮੋਗਾ ਰੇਲਵੇ ਸਟੇਸ਼ਨ ਵਾਲ਼ਾ ਸਾਧਾਰਨ ਜਿਹਾ ਪਿੰਡ ਹੀ ਸੀ। ਇਹ ਉਹ ਹੀ ਸਨ ਜਿਨ੍ਹਾਂ ਨੇ ਉੱਥੇ ਸਿਹਤ-ਸਹੂਲਤਾਂ ਅਤੇ ਵਿੱਦਿਅਕ ਸੰਸਥਾਵਾਂ ਦਾ ਮੁੱਢ ਬੰਨ੍ਹਿਆ। ਤੇ ਵਿੱਦਿਅਕ ਸੰਸਥਾਵਾਂ ਵਿੱਚ ਉਹਨਾਂ ਨੇ ਲੜਕੀਆਂ ਦੇ ਸਕੂਲ ਨੂੰ ਵੀ ਅਗੇਤ ਦਿੱਤੀ। ਇਉਂ ਉਹ ਮੋਗੇ ਨੂੰ ਮਸੀਹਾ ਬਣ ਕੇ ਮਿਲੇ।
ਵਿਦਿਆਰਥੀ ਵਜੋਂ ਮੇਰੇ ਦੋਵੇਂ ਸਾਲ, 1951-1953, ਉਹ ਕਾਲਜ ਦੇ ਸਾਲਾਨਾ ਦਿਵਸ ਸਮੇਂ ਆਏ ਸਨ। ਜੇ ਮੈਂ ਭੁੱਲਦਾ ਨਹੀਂ, ਉਹ ਅਜੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਹ ਸਾਦੇ, ਸਨਿਮਰ ਮਨੁੱਖ ਸਨ। ਉਹ ਦੋਵੇਂ ਵਾਰ ਬੋਲੇ ਤਾਂ ਉਹਨਾਂ ਦਾ ਕੇਂਦਰੀ ਨੁਕਤਾ ਇਹੋ ਰਿਹਾ ਕਿ ਜੀਵਨ ਵਿੱਚ ਵਿਚਰਦਿਆਂ ਗਲਾਸ ਨੂੰ ਅੱਧਾ ਖਾਲੀ ਕਹਿਣ ਦੀ ਥਾਂ ਅੱਧਾ ਭਰਿਆ ਸਮਝਣਾ ਚਾਹੀਦਾ ਹੈ। ਉਹ ਮਾਨਵ-ਸੇਵਾ, ਖਾਸ ਕਰਕੇ ਗ਼ਰੀਬ-ਸੇਵਾ ਉੱਤੇ ਜ਼ੋਰ ਦਿੰਦੇ। ਭਾਸ਼ਨ ਵਿੱਚ ਆਪਣੇ ਨੁਕਤੇ ਸਪਸ਼ਟ ਕਰਨ ਲਈ ਉਹ ਆਪਣੇ ਅਨੁਭਵ ਦੀਆਂ ਗੱਲਾਂ ਵੀ ਸੁਣਾਉਂਦੇ। ਉਹਨਾਂ ਦੀ ਇੱਕ ਗੱਲ ਮੈਂਨੂੰ ਅੱਜ ਤਕ ਚੇਤੇ ਹੈ। ਸ਼ਾਇਦ ਇਸ ਕਰਕੇ ਕਿ ਮੈਂ ਉਸ ਪਿੱਛੋਂ ਛੇਤੀ ਹੀ ਲਿਖਣ ਨੂੰ ਮੂੰਹ ਮਾਰਨ ਲੱਗ ਪਿਆ ਅਤੇ ਉਹਨਾਂ ਦੀ ਆਮ ਪਰਸੰਗ ਵਿੱਚ ਕਹੀ ਹੋਈ ਉਹ ਗੱਲ ਲੇਖਕ ਵਜੋਂ ਮੇਰੇ ਲਈ ਇੱਕ ਵੱਡਾ ਸਬਕ ਬਣ ਗਈ। ਆਪਣਾ ਪੂਰਾ ਸਾਹਿਤਕ ਜੀਵਨ ਮੈਂ ਉਹਨਾਂ ਦੀ ਇਸ ਗੱਲ ਨੂੰ ਕਦੀ ਵੀ ਵਿਸਾਰਿਆ ਨਹੀਂ।
ਉਹਨਾਂ ਦਾ ਕਹਿਣਾ ਸੀ ਕਿ ਆਪਣੀ ਗੱਲ ਅਜਿਹੇ ਸ਼ਬਦਾਂ ਵਿੱਚ ਕਹਿਣੀ ਚਾਹੀਦੀ ਹੈ ਕਿ ਜਿਸ ਬੰਦੇ ਨੂੰ ਤੁਸੀਂ ਕਹਿ ਰਹੇ ਹੋ, ਉਹ ਉਸ ਤਕ ਤੁਹਾਡੇ ਸੋਚੇ ਹੋਏ ਰੂਪ ਵਿੱਚ ਸਹੀ-ਸਹੀ ਪਹੁੰਚ ਜਾਵੇ। ਉਹਨਾਂ ਨੇ ਮਿਸਾਲ ਦਿੱਤੀ ਕਿ ਅਸਪਸ਼ਟ ਗੱਲ ਕਿਵੇਂ ਵੱਡਾ ਨੁਕਸਾਨ ਕਰ ਸਕਦੀ ਹੈ। ਉਹਨਾਂ ਦੀ ਸੁਣਾਈ ਘਟਨਾ ਦਾ ਸੰਖੇਪ ਸਾਰ ਇਹ ਸੀ ਕਿ ਉਹਨਾਂ ਨਾਲ ਕੰਮ ਕਰਦਾ ਇੱਕ ਡਾਕਟਰ ਸਵੇਰ ਦੇ ਗੇੜੇ ਵਿੱਚ ਦੋ ਨਰਸਾਂ ਨਾਲ ਮਰੀਜ਼ਾਂ ਨੂੰ ਦੇਖਣ ਤੁਰਿਆ। ਉਹਨੂੰ ਹਾਇ-ਬਹੁੜੀ ਕਰ ਰਹੀ ਇੱਕ ਬਿਰਧ ਮਾਈ ਬਾਰੇ ਦੱਸਿਆ ਗਿਆ ਕਿ ਇਹ ਕੱਲ੍ਹ ਸ਼ਾਮ ਪੇਟ ਦੇ ਬਹੁਤ ਤੇਜ਼ ਦਰਦ ਨਾਲ ਆਈ ਹੈ। ਉਹਨੇ ਉਹਦੇ ਸਿਰਹਾਣੇ ਲਟਕਦੇ ਕਾਗ਼ਜ਼ ਤੋਂ ਉਹ ਦਵਾਈਆਂ ਦੇਖੀਆਂ ਜੋ ਪਹਿਲੇ ਡਾਕਟਰ ਨੇ ਦਿੱਤੀਆਂ ਸਨ ਪਰ ਜਿਨ੍ਹਾਂ ਦੇ ਦੇਣ ਨਾਲ ਕੋਈ ਫ਼ਾਇਦਾ ਨਹੀਂ ਸੀ ਹੋਇਆ। ਉਹਨਾਂ ਦਿਨਾਂ ਵਿੱਚ ਦਰਦ-ਨਿਵਾਰਕ ਵਜੋਂ ਤਰਲ ਕਲੋਰੋਫਾਰਮ ਦਿੱਤਾ ਜਾਂਦਾ ਸੀ। ਡਾਕਟਰ ਨੇ ਦਰਦ ਵੱਲ ਦੇਖਦਿਆਂ ਉਹਦੀ ਪੂਰੀ ਖ਼ੁਰਾਕ ਦੇ ਦੇਣ ਲਈ ਕਹਿ ਦਿੱਤਾ।
ਕੁਛ ਚਿਰ ਮਗਰੋਂ ਮਾਈ ਚਲਾਣਾ ਕਰ ਗਈ। ਡਾਕਟਰ ਹੈਰਾਨ ਹੋਇਆ ਕਿ ਭਾਵੇਂ ਡੋਜ਼ ਸਖ਼ਤ ਸੀ ਪਰ ਉਸ ਨਾਲ ਮੌਤ ਤਾਂ ਨਹੀਂ ਸੀ ਹੋਣੀ ਚਾਹੀਦੀ। ਅਚਾਨਕ ਉਹਨੂੰ ਇੱਕ ਸ਼ੱਕ ਪਿਆ। ਉਹਨੇ ਇੱਕ ਨਰਸ ਨੂੰ ਬੁਲਾ ਕੇ ਪੁੱਛਿਆ ਤਾਂ ਉਹਨੇ ਕਿਹਾ, ਮੈਂ ਤਾਂ ਡੋਜ਼ ਤੁਹਾਡੀ ਦੱਸੀ ਜਿੰਨੀ ਹੀ ਦਿੱਤੀ ਸੀ। ਉਸ ਪਿੱਛੋਂ ਬੁਲਾਈ ਦੂਜੀ ਨਰਸ ਨੇ ਵੀ ਇਹੋ ਕਿਹਾ। ਮਤਲਬ, ਦੋਵਾਂ ਨਰਸਾਂ ਨੇ ਮਾਈ ਨੂੰ ਪੂਰੀ ਪੂਰੀ ਡੋਜ਼ ਦੋ ਵਾਰ ਪਿਆ ਦਿੱਤੀ। ਡਾ. ਮਥਰਾ ਦਾਸ ਦਾ ਕਹਿਣਾ ਸੀ ਕਿ ਉਸ ਡਾਕਟਰ ਨੂੰ ਇਹ ਗੱਲ ਦੋਵਾਂ ਵਿੱਚੋਂ ਕਿਸੇ ਇੱਕ ਨਰਸ ਦਾ ਨਾਂ ਲੈ ਕੇ ਕਹਿਣੀ ਚਾਹੀਦੀ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਉੱਤੇ ਇਸ ਘਟਨਾ ਦਾ ਬਹੁਤ ਤਿੱਖਾ ਅਸਰ ਹੋਇਆ। ਆਖ਼ਰ ਇੱਕ ਮਾਈ ਦੀ ਜਾਨ ਸਾਡੇ ਹਸਪਤਾਲ ਵਿੱਚ ਅਕਾਰਨ ਚਲੀ ਗਈ ਸੀ।
ਭਾਵੇਂ ਮੋਗਾ ਅਤੇ ਮਥਰਾ ਦਾਸ, ਦੋਵੇਂ ਨਾਂ ਜੁੜ ਕੇ ਇੱਕ ਦੂਜੇ ਵਿੱਚ ਘੁਲਮਿਲ ਗਏ ਸਨ, ਪਰ ਉਹ ਮੋਗੇ ਦੇ ਮੂਲ ਨਿਵਾਸੀ ਨਹੀਂ ਸਨ। ਉਹ 9 ਅਕਤੂਬਰ 1880 ਨੂੰ ਹਾਫ਼ਿਜ਼ਾਬਾਦ ਵਿੱਚ ਜਨਮੇ ਸਨ ਅਤੇ ਡਾਕਟਰੀ ਦਾ ਐੱਲ.ਐੱਮ.ਪੀ. ਨਾਂ ਦਾ ਡਿਪਲੋਮਾ ਕਰਨ ਪਿੱਛੋਂ 1901 ਵਿੱਚ ਸਰਕਾਰੀ ਨੌਕਰੀ ਲੈ ਕੇ ਅਜੋਕੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਜੰਡਿਆਲੇ ਦੇ ਸਬ-ਐਸਿਸਟੈਂਟ ਸਰਜਨ ਲੱਗ ਗਏ ਸਨ। ਉਹਨਾਂ ਦੇ ਜ਼ਿੰਮੇ ਪਲੇਗ ਦੀ ਰੋਕ ਦਾ ਕੰਮ ਲਾਇਆ ਗਿਆ ਜਿਸ ਕਰਕੇ ਪਹਿਲੇ ਦੋ-ਤਿੰਨ ਸਾਲਾਂ ਵਿੱਚ ਉਹਨਾਂ ਦੀਆਂ ਕਈ ਬਦਲੀਆਂ ਹੋਈਆਂ। ਫੇਰ 1 ਜਨਵਰੀ 1903 ਨੂੰ ਉਹ ਮੋਗੇ ਦੀ ਸਿਵਲ ਡਿਸਪੈਂਸਰੀ ਦੇ ਇੰਚਾਰਜ ਬਣ ਕੇ ਆਏ ਤਾਂ ਉੱਥੋਂ ਦੇ ਹੀ ਬਣ ਗਏ।
ਉਹਨਾਂ ਦਾ ਅੱਖਾਂ ਦੇ ਡਾਕਟਰ ਬਣਨਾ ਵੀ ਕਿਸੇ ਕੋਰਸ ਦੀ ਥਾਂ ਇੱਛਾ ਅਤੇ ਲਗਨ ਦਾ ਹੀ ਨਤੀਜਾ ਸੀ। ਉਹ ਦੱਸਦੇ ਸਨ ਕਿ ਉਹਨਾਂ ਦੇ ‘ਮੈਡੀਕਲ ਸਕੂਲ ਲਾਹੌਰ’ ਵਿੱਚ ਕਰਨਲ ਪੈਰੀ ਨਾਂ ਦਾ ਡਾਕਟਰ ਅੱਖਾਂ ਦੇ ਵਿਭਾਗ ਦਾ ਇੰਚਾਰਜ ਸੀ। ਸਬੱਬ ਨਾਲ ਉਹਦੇ ਛੁੱਟੀ ਜਾਣ ਸਮੇਂ ਇੰਚਾਰਜ ਬਣੇ ਡਾ. ਹਰੀ ਰਾਮ ਨੂੰ ਨੇੜਿਉਂ ਕੰਮ ਕਰਦਾ ਦੇਖ ਇਹਨਾਂ ਨੇ ਮਨ ਵਿੱਚ ਧਾਰ ਲਈ ਕਿ ਡਾਕਟਰ ਬਣ ਕੇ ਅੱਖਾਂ ਦੇ ਇਲਾਜ ਵਾਲ਼ੇ ਪਾਸੇ ਹੀ ਪੈਣਾ ਹੈ। ਸ਼ਾਇਦ ਕੁਦਰਤ ਦੀ ਵੀ ਇਹੋ ਚਾਹ ਸੀ। ਨੌਕਰੀ ਦੇ ਪਹਿਲੇ ਦਿਨਾਂ ਵਿੱਚ ਹੀ ਇੱਕ ਦਿਨ ਉਹ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਕੈਮਿਸਟ ਦੀ ਦੁਕਾਨ ਵਿੱਚ ਗਏ। ਉੱਥੇ ਅੱਖਾਂ ਦੇ ਇਲਾਜ ਦੇ ਪੁਰਾਣੇ ਔਜ਼ਾਰ ਪਏ ਸਨ। ਪੁੱਛਣ ’ਤੇ ਪਤਾ ਲੱਗਿਆ, ਉਹ ਕਿਸੇ ਸਿਵਲ ਸਰਜਨ ਨੇ ਵੇਚਣ ਲਈ ਰੱਖੇ ਸਨ। ਮਥਰਾ ਦਾਸ ਉਹ ਔਜ਼ਾਰ ਅੱਠ ਰੁਪਏ ਵਿੱਚ ਖ਼ਰੀਦ ਲਿਆਏ।
ਉਸ ਸਮੇਂ ਦੇ ਮੋਗੇ ਦੇ ਅਸਲੀ ਰੂਪ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਡਾ. ਮਥਰਾ ਦਾਸ ਵਾਲੀ ਸਰਕਾਰੀ ਡਿਸਪੈਂਸਰੀ ਲੁਧਿਆਣਾ-ਫ਼ੀਰੋਜ਼ਪੁਰ ਸੜਕ ਉੱਤੇ ਸੀ ਅਤੇ ਉੱਥੋਂ ਮੋਗਾ ਪਿੰਡ ਦੋ ਮੀਲ ਦੂਰ ਪੈਂਦਾ ਸੀ। ਇਹ ਦੋ ਮੀਲ ਸੁੰਨਾ ਜੰਗਲ ਸੀ। ਨਤੀਜੇ ਵਜੋਂ ਡਿਸਪੈਂਸਰੀ ਵਿੱਚ ਬਹੁਤ ਘੱਟ ਮਰੀਜ਼ ਆਉਂਦੇ। ਇੱਕ ਘਟਨਾ ਅਜਿਹੀ ਹੋਈ ਜਿਸ ਤੋਂ ਪਤਾ ਲਗਦਾ ਹੈ ਕਿ ਨੇਕੀ ਜਨਮਜਾਤ ਉਹਨਾਂ ਦੇ ਲਹੂ ਵਿੱਚ ਰਚੀ ਹੋਈ ਸੀ। ਦੌਰੇ ’ਤੇ ਆਏ ਸਿਵਲ ਸਰਜਨ ਨੇ ਦੇਖਿਆ, ਪਹਿਲੇ ਇੰਚਾਰਜ ਦੇ ਮੁਕਾਬਲੇ ਮਥਰਾ ਦਾਸ ਦੇ ਸਮੇਂ ਮਰੀਜ਼ ਘੱਟ ਆਉਣ ਲੱਗੇ ਸਨ। ਇਹਨਾਂ ਨੇ ਪਹਿਲਾਂ ਆਪ ਹੀ ਇਹ ਗੱਲ ਮਹਿਸੂਸ ਕਰ ਲਈ ਸੀ ਅਤੇ ਪੜਤਾਲ ਕੀਤੀ ਤੋਂ ਇਹ ਪਤਾ ਲੱਗਿਆ ਸੀ ਕਿ ਪਿਛਲਾ ਡਾਕਟਰ ਰਜਿਸਟਰ ਵਿੱਚ ਮਰੀਜ਼ਾਂ ਦੇ ਜਾਅਲੀ ਨਾਂ ਲਿਖਦਾ ਰਿਹਾ ਸੀ। ਜੇ ਇਹ ਸੱਚ ਦੱਸਦੇ, ਉਹਦੀ ਨੌਕਰੀ ਚਲੀ ਜਾਣੀ ਸੀ, ਇਹਨਾਂ ਨੇ ਕਿਹਾ, ਡਾਕਟਰੀ ਸੇਵਾਵਾਂ ਸਦਕਾ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਹੈ।
ਅਸਲ ਕਾਰਨ ਦਾ ਪਤਾ ਹੋਣ ਕਰਕੇ ਇਹ ਕਿਸੇ ਹੱਲ ਬਾਰੇ ਸੋਚਣ ਲੱਗੇ। ਅਗਲੀ ਵਾਰ ਜਦੋਂ ਡਿਪਟੀ ਕਮਿਸ਼ਨਰ ਦੌਰੇ ’ਤੇ ਆਇਆ, ਇਹਨਾਂ ਨੇ ਬੇਨਤੀ ਕੀਤੀ ਕਿ ਇਹ ਇੱਕ ਮੇਜ਼-ਕੁਰਸੀ ਤੇ ਦਵਾਈਆਂ ਵਾਲੀ ਅਲਮਾਰੀ ਮੋਗਾ ਪਿੰਡ ਵਿੱਚ ਰੱਖਣਾ ਚਾਹੁੰਦੇ ਹਨ ਜਿੱਥੇ ਉਹ ਡਿਸਪੈਂਸਰੀ ਦੇ ਪੂਰੇ ਸਮੇਂ ਤੋਂ ਮਗਰੋਂ ਸ਼ਾਮ ਨੂੰ ਆਪਣੇ ਸਮੇਂ ਵਿੱਚ ਬੈਠਿਆ ਕਰਨਗੇ। ਇਹ ਤਜਰਬਾ ਬਹੁਤ ਹੀ ਸਫਲ ਰਿਹਾ ਅਤੇ ਡਿਸਪੈਂਸਰੀ ਵੀ ਮਸ਼ਹੂਰ ਹੋ ਗਈ।
ਜਦੋਂ ਵੀ ਕੁਛ ਚੰਗਾ-ਮੰਦਾ ਵਾਪਰ ਜਾਂਦਾ, ਨੇਕੀ ਦੇ ਮਾਰਗ ਉੱਤੇ ਡਾਕਟਰ ਸਾਹਿਬ ਦੀ ਯਾਤਰਾ ਹੋਰ ਦ੍ਰਿੜ੍ਹ ਹੋ ਜਾਂਦੀ। ਇੱਕ ਮਾਈ ਨੇ ਡਾਕਟਰ ਦੀ ਘਰ ਜਾਣ ਦੀ ਸਰਕਾਰੀ ਫੀਸ ਦੋ ਰੁਪਏ ਮੇਜ਼ ਉੱਤੇ ਰੱਖ ਕੇ ਪੁੱਤਰ ਨੂੰ ਦੇਖ ਆਉਣ ਦੀ ਬੇਨਤੀ ਕੀਤੀ ਜੋ ਬੀਮਾਰੀ ਕਾਰਨ ਡਿਸਪੈਂਸਰੀ ਵਿੱਚ ਆਉਣ ਦੇ ਅਸਮਰੱਥ ਸੀ। ਮਰੀਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਮਾਈ ਉਹ ਦੋ ਰੁਪਏ ਇੱਕ ਥਾਲੀ ਗਹਿਣੇ ਰੱਖ ਕੇ ਲਿਆਈ ਸੀ। ਇਹਨਾਂ ਨੂੰ ਇਹ ਗੱਲ ਬਹੁਤ ਮਹਿਸੂਸ ਹੋਈ ਅਤੇ ਉਸੇ ਦਿਨ ਸਹੁੰ ਖਾ ਲਈ ਕਿ ਅੱਗੇ ਤੋਂ ਮੋਗੇ ਦੇ ਕਿਸੇ ਵਸਨੀਕ ਤੋਂ ਘਰ ਜਾਣ ਦੀ ਸਰਕਾਰੀ ਜਾਂ ਗ਼ੈਰ-ਸਰਕਾਰੀ, ਕੋਈ ਵੀ ਫੀਸ ਨਹੀਂ ਲਈ ਜਾਵੇਗੀ।
ਉਹ ਡਿਸਪੈਂਸਰੀ ਤੋਂ ਪਿੰਡ ਸਾਈਕਲ ਉੱਤੇ ਜਾਇਆ ਕਰਦੇ ਸਨ। ਛੇਤੀ ਹੀ ਸਾਈਕਲ ਮੋਗਾ ਪਿੰਡ ਤੋਂ ਬਾਹਰ ਨਿੱਕਲ ਤੁਰਿਆ। ਉਹ ਮਰੀਜ਼ਾਂ ਨੂੰ ਮੁਫ਼ਤ ਦੇਖਣ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਜਾਣ ਲੱਗੇ। ਨਾਲ ਹੀ ਉਹ ਇਹ ਖੁੱਲ੍ਹਾ ਹੋਕਾ ਵੀ ਦੇਣ ਲੱਗੇ ਕਿ ਜਿਸ ਕਿਸੇ ਨੂੰ ਅੱਖਾਂ ਦਾ ਕੋਈ ਰੋਗ ਹੈ, ਉਹ ਮੁਫ਼ਤ ਇਲਾਜ ਲਈ ਮੋਗੇ ਆਵੇ। ਪਹਿਲੇ ਸਾਲ 1903 ਵਿੱਚ ਉਹਨਾਂ ਨੇ ਮੋਤੀਏ ਦੇ 3 ਉਪਰੇਸ਼ਨ ਕੀਤੇ ਪਰ ਅਗਲੇ ਹੀ ਸਾਲ ਉਹਨਾਂ ਦੀ ਗਿਣਤੀ 43 ਹੋ ਗਈ। ਫੇਰ ਤਾਂ ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਹੀ ਇਹ ਹੋ ਗਿਆ।
ਇਹਨਾਂ ਦੀ ਪ੍ਰਸਿੱਧੀ ਦੂਰ-ਦੂਰ ਫ਼ੈਲਣ ਲੱਗੀ। 1916 ਵਿੱਚ ਮਹਾਰਾਜਾ ਕਸ਼ਮੀਰ ਨੇ ਇਹਨਾਂ ਨੂੰ ਰਿਆਸਤ ਦੇ ‘ਆਈ ਸਰਜਨ’ ਦੀ ਪਦਵੀ ਦੀ ਪੇਸ਼ਕਸ਼ ਕੀਤੀ ਪਰ ਇਹਨਾਂ ਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਅਤੇ ਮੋਗੇ ਨੂੰ ਕੇਂਦਰ ਬਣਾ ਕੇ ਆਮ ਲੋਕਾਂ ਦੀ ਸੇਵਾ ਵਿੱਚ ਲੱਗੇ ਰਹੇ। ਤਦਕਾਲੀ ਸਰਕਾਰ ਨੇ ਪਹਿਲਾਂ ਰਾਏ ਬਹਾਦਰ ਤੇ ਫੇਰ ਰਾਏ ਸਾਹਿਬ ਦੇ ਖ਼ਿਤਾਬ ਦਿੱਤੇ। 1954 ਵਿੱਚ ਪਦਮਸ਼੍ਰੀ ਸਮੇਤ ਉਹਨਾਂ ਨੂੰ ਅਨੇਕ ਮਾਣ-ਸਨਮਾਨ ਭੇਟ ਕੀਤੇ ਗਏ। ਉਹ ਕਈ ਡਾਕਟਰੀ ਅਤੇ ਸਮਾਜ-ਸੇਵੀ ਸੰਸਥਾਵਾਂ ਦੀਆਂ ਪਦਵੀਆਂ ਉੱਤੇ ਰਹੇ।
1921 ਵਿੱਚ ਮੋਤੀਏ ਦੇ ਉਪਰੇਸ਼ਨ ਦੀ ਆਪਣੀ ਹੀ ਕਾਢ ਕੱਢਣ ਮਗਰੋਂ ਉਹਨਾਂ ਨੇ ਲੋਕਾਂ ਦੀ ਗੁਆਚੀ ਨਜ਼ਰ ਵਾਪਸ ਦੇਣ ਦੇ ਮਿਸ਼ਨ ਵਿੱਚ ਦਿਨ-ਰਾਤ ਇੱਕ ਕਰ ਦਿੱਤੇ ਜਿਸ ਸਦਕਾ ਉਹ ਉਸ ਸਮੇਂ ਦੇ ਅੱਖਾਂ ਦੇ ਉਪਰੇਸ਼ਨ ਦੇ ਦੁਨੀਆ ਦੇ ਸਭ ਤੋਂ ਵੱਡੇ ਸਰਜਨ ਮੰਨੇ ਗਏ। ਲੋਕ ਉਹਨਾਂ ਨੂੰ ਨੇਤਰ-ਦੇਵ ਕਹਿਣ ਲੱਗੇ। ਉਹਨਾਂ ਬਾਰੇ ਮਸ਼ਹੂਰ ਸੀ ਕਿ ਉਹ ਲਗਾਤਾਰ ਅੱਖਾਂ ਦੇ ਕਿੰਨੇ ਹੀ ਉਪਰੇਸ਼ਨ ਕਰ ਲੈਣ, ਕਦੀ ਵੀ ਥੱਕਦੇ ਨਹੀਂ ਸਨ। ਉਹਨਾਂ ਦੀਆਂ ਉਂਗਲਾਂ ਵਿੱਚ ਅਜਿਹੀ ਕਰਾਮਾਤੀ ਫੁਰਤੀ ਪੈਦਾ ਹੋ ਗਈ ਸੀ ਕਿ ਉਹ ਉਪਰੇਸ਼ਨ ਨੂੰ ਇੱਕ ਮਿੰਟ ਦਾ ਸਮਾਂ ਲਾਉਂਦੇ ਸਨ। ਉਹਨਾਂ ਦੀ ਇਹ ਫੁਰਤੀ ਉਮਰ ਦੇ ਅਸਰ ਤੋਂ ਵੀ ਨਾਬਰ ਰਹੀ। ਪੜ੍ਹਨ-ਸੁਣਨ ਵਾਲ਼ੇ ਹੈਰਾਨ ਹੋਣਗੇ, ਉਹ 92 ਸਾਲ ਦੀ ਉਮਰ ਤਕ ਉਪਰੇਸ਼ਨ ਕਰਦੇ ਰਹੇ। ਇਹ ਉਹ ਉਮਰ ਸੀ ਜਿਸ ਤੋਂ, ਉਸ ਜ਼ਮਾਨੇ ਵਿਚ, 20-25 ਸਾਲ ਪਹਿਲਾਂ ਹੀ ਲਗਭਗ ਸਭ ਲੋਕਾਂ ਦੀ ਹਾਲਤ “ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ” ਵਾਲੀ ਹੋ ਜਾਂਦੀ ਸੀ।
ਆਪਣੇ ਸੱਤਰ ਸਾਲਾਂ ਦੇ ਡਾਕਟਰੀ ਜੀਵਨ ਵਿੱਚ ਉਹਨਾਂ ਨੇ ਪੰਜ ਲੱਖ ਤੋਂ ਵੱਧ ਉਪਰੇਸ਼ਨ ਕੀਤੇ। ਉਹਨਾਂ ਨੇ ਉਸ ਜ਼ਮਾਨੇ ਵਿੱਚ ਆਪਣੀ ਹੀ ਤਿਆਰ ਕੀਤੀ ਤਕਨੀਕ ਨਾਲ ਇੱਕ ਦਿਨ ਵਿੱਚ 750 ਉਪਰੇਸ਼ਨ ਸਫਲਤਾ ਨਾਲ ਨੇਪਰੇ ਚਾੜ੍ਹ ਕੇ ਰਿਕਾਰਡ ਕਾਇਮ ਕੀਤਾ। ਪਹਿਲਾਂ ਉਹ ਮੋਗੇ ਦੇ ਨੇੜੇ, ਫੇਰ ਦੂਰ-ਦੂਰ ਤਕ ਪੂਰੇ ਪੰਜਾਬ ਵਿੱਚ ਅਤੇ ਅੰਤ ਨੂੰ, ਖਾਸ ਕਰ ਕੇ ਸੇਵਾ-ਮੁਕਤੀ ਪਿੱਛੋਂ, ਪੰਜਾਬੋਂ ਬਾਹਰ ਦੇਸ ਦੇ ਨਗਰਾਂ-ਸ਼ਹਿਰਾਂ ਵਿੱਚ ਅੱਖਾਂ ਦੇ ਉਪਰੇਸ਼ਨ ਦੇ ਮੁਫ਼ਤ ਕੈਂਪ ਲਾਉਣ ਲੱਗੇ।
ਇੰਨੀ ਬਰੀਕੀ ਲੋੜਦੇ ਕੰਮ ਵਿੱਚ ਇੰਨੇ ਰੁੱਝੇ ਹੋਏ ਹੋਣ ਦੇ ਬਾਵਜੂਦ ਉਹ ਬੜੇ ਖ਼ੁਸ਼-ਰਹਿਣੇ ਸੁਭਾਅ ਦੇ ਸਨ ਅਤੇ ਆਪਣੇ ਮਰੀਜ਼ਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਦੇ ਸਨ। ਖ਼ੁਸ਼ਵੰਤ ਸਿੰਘ ਦੀ ਸੁਣਾਈ ਇੱਕ ਘਟਨਾ ਇਹਦੀ ਮਿਸਾਲ ਹੈ, “ਦੇਸ-ਵੰਡ ਤੋਂ ਪਹਿਲਾਂ ਲਾਹੌਰ ਵਿੱਚ ਡਾ. ਮਥਰਾ ਦਾਸ ਪਾਹਵਾ ਦੀ ਮਸ਼ਹੂਰੀ ਘਰ-ਘਰ ਪਹੁੰਚੀ ਹੋਈ ਸੀ। ਡਾਕਟਰ ਵਜੋਂ ਉਹਦੇ ਹੁਨਰ ਤੋਂ ਇਲਾਵਾ ਇਹ ਉਹਦਾ ਸਦੀਵੀ ਚੜ੍ਹਦੀ ਕਲਾ ਵਾਲਾ ਸੁਭਾਅ ਸੀ ਜੋ ਮਰੀਜ਼ਾਂ ਨੂੰ ਹਮੇਸ਼ਾ ਜੀਵਨ ਦਾ ਚੰਗਾ ਪਾਸਾ ਦੇਖਣ ਲਈ ਪ੍ਰੇਰਦਾ ਸੀ। ਪੰਜਾਬ ਯੂਨੀਵਰਸਿਟੀ ਦਾ ਰਜਿਸਟਰਾਰ, ਰਾਏ ਬਹਾਦਰ ਈਸ਼ਵਰ ਦਾਸ ਉਹਦਾ ਸਭ ਤੋਂ ਗੂੜ੍ਹਾ ਮਿੱਤਰ ਸੀ ਜੋ ਸੁਭਾਅ ਪੱਖੋਂ ਹੀ ਕੁਛ ਨਿਰਾਸ਼ਾਵਾਦੀ ਸੀ। ਮੈਂਨੂੰ ਉਹਦੇ ਘਰ ਡਾ. ਮਥਰਾ ਦਾਸ ਨੂੰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਉਹ ਈਸ਼ਵਰ ਦਾਸ ਨੂੰ ਤਸੱਲੀ ਦਿੰਦਾ ਕਿ ਤੈਨੂੰ ਕੁਛ ਨਹੀਂ ਹੋਇਆ ਤੇ ਫੇਰ ਉਹ ਆਪਣਾ ਮਨਪਸੰਦ ਸ਼ਿਅਰ ਦੁਹਰਾਉਂਦਾ: ਮੇਰੇ ਯਾਰ ਪਤੰਗ ਉਡਾਇਆ ਕਰ, ਕਟ ਜਾਏ ਤੋਂ ਗ਼ਮ ਨਾ ਖਾਇਆ ਕਰ!”
ਉਹਨਾਂ ਨੇ ਉਪਰੇਸ਼ਨ ਵਾਂਗ ਹੀ ਫੀਸ ਦੀ ਵੀ ਨਵੀਂ ਤਕਨੀਕ ਅਪਣਾਈ। ਉਹ ਅਮੀਰਾਂ ਤੋਂ ਪੈਸੇ ਲੈਂਦੇ ਅਤੇ ਗ਼ਰੀਬਾਂ ਨੂੰ ਰੋਟੀ ਵੀ ਖੁਆਉਂਦੇ ਤੇ ਘਰ ਜਾਣ ਦਾ ਕਿਰਾਇਆ ਵੀ ਦਿੰਦੇ। 1908 ਵਿੱਚ ਉਹਨਾਂ ਦੀ ਪ੍ਰੇਰਨਾ ਨਾਲ ਮੋਗੇ ਸਰਕਾਰੀ ਹਸਪਤਾਲ ਦੀ ਇਮਾਰਤ ਬਣਨੀ ਸ਼ੁਰੂ ਹੋਈ ਜੋ ਅਗਲੇ ਸਾਲ ਮੁਕੰਮਲ ਹੋ ਗਈ। 1927 ਵਿੱਚ ਇਸਦਾ ਨਾਂ ਮਥਰਾ ਦਾਸ ਹਸਪਤਾਲ ਰੱਖ ਦਿੱਤਾ ਗਿਆ। ਡੀ. ਐੱਮ. ਕਾਲਜ ਵਿੱਚ ਪੜ੍ਹਨ ਸਮੇਂ ਮੈਂ ਅਨੇਕ ਕਮਰਿਆਂ ਉੱਤੇ ਅਜਿਹੇ ਪੱਥਰ ਲੱਗੇ ਦੇਖੇ ਸਨ ਕਿ ਇਹ ਕਮਰਾ ਅੱਖਾਂ ਦਾ ਉਪਰੇਸ਼ਨ ਕਰਵਾਉਣ ਦੀ ਖੁਸ਼ੀ ਵਿੱਚ ਅਮਕੇ ਨੇ ਬਣਵਾਇਆ।
ਲੋਕ ਆਪਣੇ ਕੰਮ ਦੀ ਚੋਰੀ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਲੇਖਕ ਤਾਂ ਅਕਸਰ ਹੀ ਕਿਸੇ ਹੋਰ ਲੇਖਕ ਵੱਲੋਂ ਉਹਨਾਂ ਦੀ ਰਚਨਾ ਚੋਰੀ ਕਰ ਲਏ ਜਾਣ ਦਾ ਰੋਣਾ ਰੋਂਦੇ ਰਹਿੰਦੇ ਹਨ। ਡਾਕਟਰ ਸਾਹਿਬ ਨਾਲ ਜੋ ਹੋਈ, ਕੁਛ ਵਧੇਰੇ ਹੀ ਹੈਰਾਨ ਕਰਨ ਵਾਲੀ ਸੀ। 1905 ਵਿੱਚ ਦੌਰੇ ਉੱਤੇ ਆਇਆ ਹੋਇਆ ਫ਼ਿਰੋਜ਼ਪੁਰ ਦਾ ਸਿਵਲ ਸਰਜਨ ਇਹਨਾਂ ਨੂੰ ਅੱਖਾਂ ਦੇ ਉਪਰੇਸ਼ਨ ਕਰਦੇ ਦੇਖ ਕੇ ਬਹੁਤ ਖ਼ੁਸ਼ ਹੋਇਆ। ਉਹਨੇ ਸੁਝਾਅ ਦਿੱਤਾ ਕਿ ਇਹ ਜਲੰਧਰ ਦੇ ਸਿਵਲ ਸਰਜਨ ਕਰਨਲ ਸਮਿੱਥ ਨੂੰ ਵੀ ਮਿਲਣ ਕਿਉਂਕਿ ਉਹ ਵੀ ਅੱਖਾਂ ਦੇ ਉਪਰੇਸ਼ਨ ਕਰਦਾ ਹੈ। ਇਹਨਾਂ ਨੇ ਜਲੰਧਰ ਜਾ ਕੇ ਉਹਦੀ ਤਕਨੀਕ ਦੇਖੀ ਜੋ ਇਹਨਾਂ ਨੂੰ ਬਹੁਤੀ ਕਾਰਗਰ ਨਾ ਲੱਗੀ ਅਤੇ ਜੋ ਹੋਰ ਡਾਕਟਰਾਂ ਨੂੰ ਵੀ ਪ੍ਰਭਾਵਿਤ ਨਹੀਂ ਸੀ ਕਰ ਸਕੀ।
1920 ਵਿੱਚ ਇੰਗਲੈਂਡ ਪਰਤਣ ਸਮੇਂ ਕਰਨਲ ਸਮਿੱਥ ਨੇ ਕਿਹਾ ਕਿ ਉਹਦਾ ਪੁੱਤਰ ਇੰਗਲੈਂਡ ਦੇ ਮੈਡੀਕਲ ਕਾਲਜ ਵਿੱਚ ਡਾਕਟਰੀ ਪੜ੍ਹ ਰਿਹਾ ਹੈ ਤੇ ਉਹਦਾ ਕੋਰਸ ਖ਼ਤਮ ਹੋਣ ਪਿੱਛੋਂ ਉਹ ਅੱਖਾਂ ਦੇ ਉਪਰੇਸ਼ਨ ਦੀ ਸਿਖਲਾਈ ਲਈ ਉਹਨੂੰ ਮੋਗੇ ਲਿਆਉਣਾ ਚਾਹੁੰਦਾ ਹੈ। 1925 ਵਿੱਚ ਕਰਨਲ ਸਮਿੱਥ ਪੁੱਤਰ ਨੂੰ ਲੈ ਕੇ ਆ ਗਿਆ ਅਤੇ ਪਿਉ-ਪੁੱਤਰ ਡਾਕਟਰ ਮਥਰਾ ਦਾਸ ਦੇ ਮਹਿਮਾਨ ਰਹੇ। ਇਹਨਾਂ ਨੇ ਆਪਣਾ ਨੇਮ ਦੱਸਿਆ ਕਿ ਇਹ ਭਾਰਤੀ ਸਿਖਿਆਰਥੀਆਂ ਨੂੰ ਰੋਜ਼ ਦਾ ਇੱਕ ਉਪਰੇਸ਼ਨ ਕਰਨ ਦਿੰਦੇ ਹਨ ਤੇ ਘੱਟ ਸਮੇਂ ਲਈ ਆਏ ਹੋਣ ਕਰਕੇ ਬਾਹਰਲੇ ਸਿਖਿਆਰਥੀ ਰੋਜ਼ ਦੇ ਤਿੰਨ ਉਪਰੇਸ਼ਨ ਕਰ ਸਕਦੇ ਹਨ। ਨਾਲ ਹੀ ਇਹਨਾਂ ਨੇ ਕਰਨਲ ਸਮਿੱਥ ਨੂੰ ਕਿਹਾ, ”ਮੇਰੇ ਦਿਲ ਵਿੱਚ ਤੁਹਾਡੇ ਲਈ ਬਹੁਤ ਸਤਿਕਾਰ ਹੈ, ਇਸ ਲਈ ਮੈਂ ਤੁਹਾਡੇ ਪੁੱਤਰ ਨੂੰ ਹਰ ਰੋਜ਼ ਪੰਜ ਉਪਰੇਸ਼ਨ ਕਰਨ ਦਿਆ ਕਰਾਂਗਾ।”
ਜਿੰਨੇ ਦਿਨ ਕਰਨਲ ਸਮਿੱਥ ਮੋਗੇ ਰਿਹਾ, ਉਹ ਚੁੱਪ ਕਰ ਕੇ ਡਾਕਟਰ ਮਥਰਾ ਦਾਸ ਦੀ 1921 ਤੋਂ ਵਰਤਣੀ ਸ਼ੁਰੂ ਕੀਤੀ ਹੋਈ ਮੋਤੀਏ ਦੇ ਉਪਰੇਸ਼ਨ ਦੀ ਵਿਸ਼ੇਸ਼ ਤਕਨੀਕ ਬੜੇ ਗਹੁ ਨਾਲ ਦੇਖਦਾ ਰਿਹਾ। ਉਹ ਜਾਣਦਾ ਸੀ ਕਿ ਇਹਨਾਂ ਨੇ ਆਪਣੀ ਤਕਨੀਕ ਦੀ ਕਾਢ ਬਾਰੇ ਕਿਸੇ ਮੈਡੀਕਲ ਜਰਨਲ ਵਿੱਚ ਜਾਣਕਾਰੀ ਦੇਣ ਦੀ ਪਰਵਾਹ ਨਹੀਂ ਸੀ ਕੀਤੀ। ਪੁੱਤਰ ਨੂੰ ਇਹਨਾਂ ਕੋਲ ਛੱਡ ਕੇ ਇੰਗਲੈਂਡ ਪਰਤਦਿਆਂ ਉਹਨੇ ਪਹਿਲਾ ਕੰਮ ਇਹ ਕੀਤਾ ਕਿ ਇਹਨਾਂ ਦੀ ਤਕਨੀਕ ਨੂੰ ਆਪਣੀ ਕਹਿ ਕੇ ਲੇਖ ਇੰਗਲੈਂਡ ਤੇ ਅਮਰੀਕਾ ਦੇ ਮੈਡੀਕਲ ਜਰਨਲਾਂ ਵਿੱਚ ਛਪਵਾ ਦਿੱਤੇ। ਇੱਕ ਅਮਰੀਕਨ ਸਰਜਨ, ਡਾਕਟਰ ਬੁੱਲ ਨੇ, ਜੋ 1922 ਵਿੱਚ ਮੋਗੇ ਇਹਨਾਂ ਦਾ ਸਿਖਿਆਰਥੀ ਰਿਹਾ ਸੀ ਤੇ ਇਸ ਤਕਨੀਕ ਦੇ ਇਹਨਾਂ ਦੀ ਕਾਢ ਹੋਣ ਬਾਰੇ ਜਾਣਦਾ ਸੀ, ਇਸ ਚੋਰੀ ਤੋਂ ਹੈਰਾਨ ਹੋ ਕੇ ਝੱਟ ਅਮਰੀਕੀ ਮੈਡੀਕਲ ਜਰਨਲ ਦੇ ਸੰਪਾਦਕ ਨੂੰ ਵੀ ਇਸ ਤਕਨੀਕ ਦਾ ਸਾਰਾ ਪਿਛੋਕੜ ਦੱਸ ਕੇ ਚਿੱਠੀ ਲਿਖ ਦਿੱਤੀ ਅਤੇ ਨਾਲ ਹੀ ਡਾਕਟਰ ਮਥਰਾ ਦਾਸ ਨੂੰ ਵੀ ਸਾਰੀ ਜਾਣਕਾਰੀ ਦੇ ਦਿੱਤੀ।
ਇੱਕ ਚੰਗੀ ਗੱਲ ਇਹ ਹੋਈ ਕਿ ਹਰ ਸਾਲ ਜੋ ਸਿਖਿਆਰਥੀ ਆਉਂਦੇ ਸਨ, ਉਹ ਨਿਸ਼ਾਨੀ ਵਜੋਂ ਡਾਕਟਰ ਮਥਰਾ ਦਾਸ ਨਾਲ ਗਰੁੱਪ ਫੋਟੋ ਖਿਚਵਾਉਂਦੇ ਸਨ। ਸਬੱਬ ਨਾਲ 1925 ਦੀ ਫੋਟੋ ਉਸ ਸਮੇਂ ਖਿੱਚੀ ਗਈ ਸੀ ਜਦੋਂ ਡਾਕਟਰ ਸਮਿੱਥ ਅਜੇ ਇੱਥੇ ਹੀ ਸੀ ਤੇ ਆਪਣੇ ਪੁੱਤਰ ਨਾਲ ਫੋਟੋ ਵਿੱਚ ਸ਼ਾਮਲ ਸੀ। ਇਹਨਾਂ ਨੇ ਡਾਕਟਰ ਬੁੱਲ ਨੂੰ ਉਹ ਫੋਟੋ ਵੀ ਭੇਜ ਦਿੱਤੀ ਤੇ ਇਹ ਵੀ ਲਿਖ ਦਿੱਤਾ ਕਿ ਮੈਡੀਕਲ ਜਰਨਲ ਵਿੱਚ ਡਾਕਟਰ ਸਮਿੱਥ ਨੇ ਮੋਤੀਏ ਦੇ ਉਪਰੇਸ਼ਨ ਦੀ ਜਿਸ ਤਕਨੀਕ ਨੂੰ ਆਪਣੀ ਕਾਢ ਕਿਹਾ ਹੈ, ਉਹਦੀ ਕਾਢ ਮੈਂ 1921 ਵਿੱਚ ਕੱਢੀ ਸੀ ਅਤੇ ਉਹ 1925 ਵਿੱਚ ਇਹ ਤਕਨੀਕ ਮੈਥੋਂ ਸਿੱਖ ਕੇ ਗਿਆ ਸੀ।
ਮਹਾਤਮਾ ਗਾਂਧੀ ਨੇ 17 ਫਰਵਰੀ 1942 ਦੇ ਆਪਣੇ ਅਖ਼ਬਾਰ ‘ਹਰੀਜਨ ਸੇਵਕ’ ਵਿੱਚ ਲਿਖਿਆ, “ਮੈਂ ਮੋਗਾ ਦੇ ਡਾ. ਮਥਰਾ ਦਾਸ ਦੀ ਉਸਤਤ ਵਿੱਚ ਬਹੁਤ ਕੁਛ ਸੁਣਿਆ ਸੀ ਪਰ ਉਹਨਾਂ ਨੂੰ ਅੱਖਾਂ ਦੇ ਉਪਰੇਸ਼ਨ, ਜਿਸ ਸਦਕਾ ਉਹ ਮਸ਼ਹੂਰ ਹਨ, ਕਰਦਿਆਂ ਦੇਖਣ ਦਾ ਮੌਕਾ ਮੈਂਨੂੰ ਨਹੀਂ ਸੀ ਮਿਲ ਸਕਿਆ। ਆਖ਼ਰ ਪਿਛਲੇ ਮਹੀਨੇ ਵਰਧਾ ਵਿੱਚ ਇਹ ਮੌਕਾ ਵੀ ਮਿਲ ਹੀ ਗਿਆ। ਉਹ ਜਮਨਾ ਲਾਲ (ਬਜਾਜ) ਜੀ ਦੇ ਸੱਦੇ ਉੱਤੇ ਉਚੇਚੇ ਆਏ ਅਤੇ ਉਹਨਾਂ ਨੇ ਆਪਣੇ ਸਹਾਇਕਾਂ ਨਾਲ ਕੋਈ ਤਿੰਨ ਸੌ ਲੋਕਾਂ, ਜਿਹੜੇ ਮੋਤੀਏ ਕਾਰਨ ਨਜ਼ਰ ਗੁਆ ਚੁੱਕੇ ਸਨ, ਦੀਆਂ ਅੱਖਾਂ ਨੂੰ ਜੋਤ ਦਿੱਤੀ। ਇਹਨਾਂ ਸਮੂਹਕ ਉਪਰੇਸ਼ਨਾਂ ਨੂੰ ਯੱਗ ਕਿਹਾ ਗਿਆ। ਤੇ ਯਕੀਨਨ ਇਹ ਯੱਗ ਹੀ ਸੀ ਕਿਉਂਕਿ ਨਿਸ਼ਕਾਮ ਸੇਵਾ ਦਾ ਹਰ ਕੰਮ ਕੁਰਬਾਨੀ ਹੀ ਹੁੰਦਾ ਹੈ। ਇਹ ਯੱਗ ਕੁਛ ਸਾਲ ਪਹਿਲਾਂ ਰਿਵਾੜੀ ਦੇ ਭਾਗਵਤ ਭਗਤੀ ਆਸ਼ਰਮ ਵਿੱਚ ਸ਼ੁਰੂ ਹੋਇਆ ਸੀ ਜਿਸਦੇ ਨਾਲ ਜਮਨਾ ਲਾਲ ਜੀ ਦਾ ਨੇੜਲਾ ਸੰਬੰਧ ਸੀ। ਇਸੇ ਕਰਕੇ ਉਹਨਾਂ ਨੇ ਇਸ ਵਾਰ ਡਾਕਟਰ ਸਾਹਿਬ ਨੂੰ ਵਰਧਾ ਆਉਣ ਦਾ ਸੱਦਾ ਦਿੱਤਾ ਸੀ। ਮੈਂ ਪ੍ਰਸ਼ੰਸਾ ਵਿੱਚ ਡਾ. ਮਥਰਾ ਦਾਸ ਨੂੰ ਉਹਨਾਂ ਦੇ ਅਚੁੱਕ ਤੇ ਚੁਸਤ ਸਰਜੀਕਲ ਹੱਥ ਸਦਕਾ ਝੁਕ ਕੇ ਨਮਸਕਾਰ ਕੀਤੀ। ਉਹਨਾਂ ਨੇ ਇੱਕ ਮਿੰਟ ਦਾ ਇੱਕ ਉਪਰੇਸ਼ਨ ਦੇ ਹਿਸਾਬ ਨਾਲ ਆਪਣੀ ਸਮਰੱਥਾ ਦਿਖਾਈ। ਉਹਨਾਂ ਦੀ ਬਣਾਈ ਕੋਈ ਅੱਖ ਕਦੀ ਖਰਾਬ ਨਹੀਂ ਸੀ ਹੋਈ। ਇਉਂ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਅੱਖਾਂ ਮੁਫ਼ਤ ਵਾਪਸ ਮਿਲੀਆਂ ਕਿਉਂਕਿ ਉਹ ਗ਼ਰੀਬਾਂ ਤੋਂ ਕੋਈ ਫੀਸ ਨਹੀਂ ਸਨ ਲੈਂਦੇ!”
ਅੱਗੇ ਚੱਲ ਕੇ ਜੀਵਨ ਵਿੱਚ ਪੈ ਕੇ ਮੈਂਨੂੰ ਉਹ ਅਕਸਰ ਯਾਦ ਆਉਂਦੇ। ਦਿਲ ਕਰਦਾ, ਜੇ ਸੰਭਵ ਹੋਵੇ, ਉਹਨਾਂ ਨੂੰ ਮਿਲਿਆ ਜਾਵੇ। ਪਰ ਜਿਨ੍ਹਾਂ ਤੋਂ ਵੀ ਪੁੱਛਿਆ, ਕਿਸੇ ਨੂੰ ਉਹਨਾਂ ਦੇ ਟਿਕਾਣੇ ਦਾ ਪਤਾ ਨਹੀਂ ਸੀ। ਇਹ ਵੀ ਪਤਾ ਨਹੀਂ ਸੀ ਕਿ ਉਹ ਜਿਉਂਦੇ ਹਨ ਜਾਂ ਚਲਾਣਾ ਕਰ ਗਏ। 1967 ਵਿੱਚ ਮੈਂ ਦਿੱਲੀ ਆ ਗਿਆ। ਪੰਜ ਸਾਲ ਮਗਰੋਂ, 1972 ਵਿੱਚ ਇੱਕ ਦਿਨ ਅਚਾਨਕ ਅਖ਼ਬਾਰ ਵਿੱਚ ਉਹਨਾਂ ਦੇ ਚਲਾਣੇ ਦੀ ਇਸ਼ਤਿਹਾਰੀ ਖ਼ਬਰ ਪੜ੍ਹੀ। ਪਤਾ ਲੱਗਿਆ, ਉਹ ਮੈਥੋਂ 8-10 ਕਿਲੋਮੀਟਰ ਦੂਰ ਦਿੱਲੀ ਵਿੱਚ ਹੀ ਰਹਿੰਦੇ ਰਹੇ ਸਨ। ਨਾ ਮਿਲ ਸਕਣ ਦਾ ਪਛਤਾਵਾ ਹੋਣਾ ਕੁਦਰਤੀ ਸੀ।
ਡਾ. ਮਥਰਾ ਦਾਸ ਦੇ ਸਵਰਗਵਾਸ ਸਮੇਂ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਆਪਣੇ ਸੋਗ-ਸੁਨੇਹੇ ਵਿੱਚ ਕਿਹਾ, “ਸਾਡੇ ਇੱਕ ਸਭ ਤੋਂ ਨਿਪੁੰਨ ਆਈ-ਸਰਜਨ, ਡਾ. ਮਥਰਾ ਦਾਸ ਪਾਹਵਾ ਦੇ ਚਲਾਣੇ ਬਾਰੇ ਜਾਣ ਕੇ ਮੈਂਨੂੰ ਡੂੰਘਾ ਸਦਮਾ ਪਹੁੰਚਿਆ ਹੈ। ਰੋਗ-ਨਿਵਾਰਕ ਵਿਗਿਆਨ ਦੀ ਆਪਣੀ ਨਿਪੁੰਨਤਾ ਅਤੇ ਸਮੂਹਕ ਪੈਮਾਨੇ ਉੱਤੇ ਉਪਰੇਸ਼ਨ ਕਰਨ ਦੀ ਆਪਣੀ ਅਚੁੱਕ ਫੁਰਤੀ ਸਦਕਾ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ, ਜਿਹੜੀ ਗੱਲ ਇਸ ਮਾਨਵਵਾਦੀ ਮਨੋਰਥ ਵਿੱਚ ਲੱਗੇ ਹੋਏ ਅਨੇਕ ਹੋਰਾਂ ਨੂੰ ਨਿਰੰਤਰ ਪ੍ਰੇਰਦੀ ਰਹੇਗੀ। ਉਹਨਾਂ ਦਾ ਸੰਪੂਰਨ ਸਮਰਪਨ ਇਸ ਤੱਥ ਤੋਂ ਉਜਾਗਰ ਹੋ ਜਾਂਦਾ ਹੈ ਕਿ ਉਹ 91 ਸਾਲ ਦੀ ਪੱਕੀ ਆਯੂ ਵਿੱਚ ਵੀ ਗ਼ਰੀਬਾਂ ਦੇ ਭਲੇ ਲਈ ਉਪਰੇਸ਼ਨ ਕਰ ਰਹੇ ਸਨ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਲੇਖਾਂ ਨਾਲ ਦਿੱਤੀਆਂ ਤਸਵੀਰਾਂ ਕੁਝ ਸਮੇਂ ਬਾਅਦ ਲਾਹ ਦਿੱਤੀਆਂ ਜਾਂਦੀਆਂ ਹਨ।
(3281)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)