GurbachanBhullar7ਧੀਰ ਜੀ ਉਹ ਖ਼ੁਸ਼ਕਿਸਮਤ ਲੇਖਕ ਸਨ ਜਿਨ੍ਹਾਂ ਦਾ ਸਥਾਨ ਕਵੀਆਂ ਵਿੱਚ ਵੀ ...
(25 ਦਸੰਬਰ 2019)

 

SantokhSDhirA3ਸੰਤੋਖ ਸਿੰਘ ਧੀਰ ਜਿਉਂਦੇ ਹੁੰਦੇ ਤਾਂ ਭਲਕੇ, ਦੋ ਦਸੰਬਰ ਨੂੰ ਉਹਨਾਂ ਨੂੰ ਸੌਵਾਂ ਸਾਲ ਲੱਗ ਜਾਣਾ ਸੀ। ਹਫ਼ਤਾ, ਦਸ ਦਿਨ ਪਹਿਲਾਂ ਉਹਨਾਂ ਦਾ ਫੋਨ ਆਉਣਾ ਸੀ, “ਬਈ ਤੂੰ ਦੋ ਨੂੰ ਨਾ ਆਈਂ, ਇੱਕ ਨੂੰ ਜਾਂ ਸਗੋਂ ਤੀਹ ਨੂੰ ਹੀ ਆ ਜਾਈਂ।” ਮੈਂ ਆਖਣਾ ਸੀ, “ਧੀਰ ਜੀ, ਇਹ ਕੀ ਸੁੱਤਿਆਂ ਵਾਲ਼ੀਆਂ ਗੱਲਾਂ ਕਰੀ ਜਾਂਦੇ ਹੋ! ਦੋ ਤਾਰੀਖ਼ ਤਾਂ ਹਰ ਮਹੀਨੇ ਆਉਂਦੀ ਹੈ, ਮੈਂ ਇੰਨੀ ਦੂਰੋਂ ਕਾਹਦੇ ਲਈ ਆਵਾਂ!” ਉਹ ਹੱਸਦੇ, “ਸਭ ਜਾਣਦੈਂ ਤੂੰ। ਬੱਸ, ਇੱਥੇ ਹਾਜ਼ਰ ਚਾਹੀਦੈਂ।” ਫੋਨ ਬੰਦ! ਉਹਨਾਂ ਨਾਲ ਮੇਰਾ ਵਾਹ ਲੇਖਕ-ਪਾਠਕ ਵਾਲੇ ਰਿਸ਼ਤੇ ਤੋਂ ਤੁਰ ਕੇ ਦੋਵਾਂ ਪਰਿਵਾਰਾਂ ਦੀ ਗੂੜ੍ਹੀ ਸਾਂਝ ਤੱਕ ਪੁੱਜਦਿਆਂ ਅੱਧੀ ਸਦੀ ਨਿਭਿਆ। ਇਸ ਅੱਧੀ ਸਦੀ ਦੌਰਾਨ ਅਤਿਅੰਤ ਨਿੱਘੇ, ਪੁਰਖ਼ਲੂਸ ਤੇ ਮੋਹਵੰਤੇ ਮਨੁੱਖ ਵਜੋਂ, ਸ਼ਬਦ-ਸਾਗਰ ਵਿੱਚ ਮੀਨ ਦਾ ਰੂਪ ਧਾਰ ਚੁੱਕੇ ਸਾਹਿਤਕਾਰ ਵਜੋਂ ਅਤੇ ਵਿਚਾਰਧਾਰਾ ਅਤੇ ਅਸੂਲ ਦੇ ਪੱਕੇ ਕਮਿਊਨਿਸਟ ਵਜੋਂ ਉਹਨਾਂ ਨੂੰ ਵਿੱਥ-ਰਹਿਤ ਨੇੜਤਾ ਤੋਂ ਦੇਖਣਾ ਮੇਰਾ ਸੁਭਾਗ ਰਿਹਾ।

ਉਹਨਾਂ ਦੇ ਲਿਖਣ ਵਿੱਚ, ਗੱਲ ਕਹਿਣ ਵਿੱਚ, ਕੰਮ ਕਰਨ ਵਿੱਚ, ਪਹਿਨਣ ਵਿੱਚ, ਖਾਣ ਵਿੱਚ ਇੱਕ ਖਾਸ ਸਲੀਕਾ, ਸਚਿਆਰਗੀ ਤੇ ਸੁਚੱਜ ਸੀਉਹਨਾਂ ਦੀ ਸਮੁੱਚੀ ਸ਼ਖ਼ਸੀਅਤ ਵਿੱਚ ਇੱਕ ਖਾਸ ਮੜਕ ਸੀਲੈਨਿਨ ਦੀ ਨੋਕਦਾਰ ਦਾੜ੍ਹੀ, ਗਾਂਧੀ ਦੀ ਡੰਗੋਰੀ ਤੇ ਨਹਿਰੂ ਦੇ ਗੁਲਾਬ ਵਾਂਗ ਉਹਨਾਂ ਦੀ ਸੱਜੇ ਹੱਥ ਦੀ ਉਂਗਲ ਉਹਨਾਂ ਦੀ ਹਸਤੀ ਦੀ ਪ੍ਰਤੀਕ ਸੀਅਸਲ ਵਿੱਚ ਇਹ ਉਂਗਲ ਹੀ ਸੰਤੋਖ ਸਿੰਘ ਧੀਰ ਸੀ, ਬਾਕੀ ਤਨ ਇਸ ਉਂਗਲ ਦਾ ਵਧਾਅ ਸੀ!

ਹੱਥ ਦੀ ਨਿਰੰਤਰ ਤੰਗੀ ਵਿੱਚ ਵੀ ਉਹਨਾਂ ਨੇ ਆਪਣੇ ਸੁਹਜ-ਸੁਆਦ ਨੂੰ ਮੱਠਾ ਨਹੀਂ ਸੀ ਪੈਣ ਦਿੱਤਾਉਹ ਚਾਹ ਤੋਂ ਬਿਨਾਂ ਸਾਰਨਾ ਠੀਕ ਸਮਝਦੇ ਪਰ ਪੀਂਦੇ ਤਾਂ ਅਜਿਹੀ ਜਿਸ ਵਿੱਚ ਪੱਤੀ, ਚੀਨੀ, ਦੁੱਧ, ਸਭ ਮੇਚੇ ਦੇ ਪਾਏ ਹੋਏ ਹੋਣਚੀਜ਼ਾਂ ਖਰੀਦਣ ਦੀ ਪਰੋਖੋਂ ਨਹੀਂ ਸੀ ਪਰ ਜੇ ਖਰੀਦਦੇ ਤਾਂ ਸਭ ਤੋਂ ਖ਼ੂਬਸੂਰਤ ਨਗ ਇੱਕ ਵਾਰ ਅਸੀਂ ਉਹਨਾਂ ਦਾ ਖਰੜਾ ਪ੍ਰਕਾਸ਼ਕ ਨੂੰ ਸੌਂਪ ਕੇ ਘਰ ਆ ਰਹੇ ਸੀਰਾਹ ਵਿੱਚ ਇੱਕ ਥਾਂ ਸੰਤਰਿਆਂ ਦੀਆਂ ਭਰੀਆਂ ਰੇੜ੍ਹੀਆਂ ਦੇਖ ਕੇ ਉਹ ਬੋਲੇ, “ਪ੍ਰਕਾਸ਼ਕ ਨੂੰ ਪੁਸਤਕ ਛਾਪਣ ਲਈ ਮਨਾਉਣਾ ਲਾਮ ਜਿੱਤਣ ਤੋਂ ਘੱਟ ਨਹੀਂਭੁੱਲਰ, ਆਪਾਂ ਬਸਰੇ ਦੀ ਲਾਮ ਫ਼ਤਿਹ ਕਰ ਕੇ ਆਏ ਹਾਂਆ ਸੰਤਰੇ ਲਈਏਰੋਕ ਬਈ ਸਕੂਟਰ।” ਇੱਕ ਰੇੜ੍ਹੀ, ਦੂਜੀ ਰੇੜ੍ਹੀ, ਇੱਕ ਦੁਕਾਨ, ਦੂਜੀ ਦੁਕਾਨ, ਇੱਕ ਢੇਰੀ, ਦੂਜੀ ਢੇਰੀ! “ਊਹੂੰ, ਇਹ ਨਹੀਂ, ਅਹੁ ਦਿਖਾ… ਹੋਰ ਨਹੀਂ ਇਹਤੋਂ ਚੰਗੇ?” ਦੁਕਾਨਦਾਰ ਕਹਿੰਦਾ, “ਇਹਤੋਂ ਅੱਗੇ ਤਾਂ ਭਗਵਾਨ ਦਾ ਨਾਂ ਹੈ!” ਸੰਤਰੇ ਟੋਹ ਰਹੇ ਧੀਰ ਜੀ ਨੇ ਬੇਧਿਆਨੀ ਨਾਲ ਕਿਹਾ, “ਚੱਲ ਉਹੋ ਦਿਖਾ।” ਉਸ ਮਾਰਕਿਟ ਦੇ ਸਭ ਤੋਂ ਵਧੀਆ ਸੰਤਰੇ ਲੈ ਕੇ ਵੀ ਉਹਨਾਂ ਦੀ ਤਸੱਲੀ ਨਹੀਂ ਸੀ ਹੋਈਸਕੂਟਰ ਵਿੱਚ ਬੈਠ ਕੇ ਦੋਵਾਂ ਹੱਥਾਂ ਦੇ ਇਸ਼ਾਰੇ ਨਾਲ ਕਹਿਣ ਲੱਗੇ, “ਸੰਤਰਾ ਚਾਹੀਦਾ ਹੈ ਐਡਾ ਐਡਾ! ਇੱਕ ਫਾੜੀ ਰਸ ਨਾਲ ਮੂੰਹ ਭਰ ਦੇਵੇ!”

ਕਈ ਵਿਧਾਵਾਂ ਵਿੱਚ ਲਿਖਣ ਵਾਲੇ ਲੇਖਕਾਂ ਨੂੰ ਪਾਠਕ ਆਮ ਕਰ ਕੇ ਇੱਕ ਵਿਧਾ ਨਾਲ ਜੋੜ ਲੈਂਦੇ ਹਨਸਤਿਆਰਥੀ ਬਿਨਾਂ-ਸ਼ੱਕ ਕੋਮਲਭਾਵੀ ਕਵੀ ਤੇ ਸਮਾਜਮੁਖੀ ਕਹਾਣੀਕਾਰ ਵੀ ਸਨ ਪਰ ਲੋਕਾਂ ਦੀ ਨਜ਼ਰ ਵਿੱਚ ਉਹ ਲੋਕਗੀਤਾਂ ਵਾਲੇ ਹੀ ਰਹੇਗਾਰਗੀ ਨੇ ਬਹੁਤ ਖ਼ੂਬਸੂਰਤ ਕਹਾਣੀਆਂ ਲਿਖੀਆਂ ਪਰ ਉਹ ਨਾਟਕਕਾਰ ਹੀ ਰਿਹਾਧੀਰ ਜੀ ਉਹ ਖ਼ੁਸ਼ਕਿਸਮਤ ਲੇਖਕ ਸਨ ਜਿਨ੍ਹਾਂ ਦਾ ਸਥਾਨ ਕਵੀਆਂ ਵਿੱਚ ਵੀ ਮੂਹਰਲੀ ਕਤਾਰ ਵਿੱਚ ਸੀ ਤੇ ਕਹਾਣੀਕਾਰਾਂ ਵਿੱਚ ਵੀਵਿਧਾਵਾਂ ਬਾਰੇ ਉਹਨਾਂ ਦਾ ਆਪਣਾ ਕਹਿਣਾ ਸੀ, “ਮੇਰੇ ਅੰਦਰ ਇੱਕ ਲਾਟ ਮਚਦੀ ਰਹਿੰਦੀ ਹੈ ਇੱਕ ਜਵਾਲਾਮੁਖੀ ਮੈਂ ਅੰਦਰ ਲਈ ਫਿਰਦਾ ਹਾਂ, ਖੌਲਦੇ ਲਾਵੇ ਦਾਇਹ ਲਾਟ, ਇਹ ਖੌਲਦਾ ਲਾਵਾ ਵਿਚਾਰਾਂ ਦਾ ਰੂਪ ਧਾਰ ਕੇ ਮੇਰੇ ਅੰਦਰੋਂ ਜਦੋਂ ਬਾਹਰ ਆਉਣਾ ਚਾਹੁੰਦਾ ਹੈ ਤਾਂ ਆਪਣੇ ਰੂਪ ਦਾ ਫ਼ੈਸਲਾ ਆਪ ਕਰਦਾ ਹੈਫੇਰ ਮੈਂ ਪੂਰੀ ਸਾਹਿਤਕ ਈਮਾਨਦਾਰੀ ਨਾਲ ਕੇਵਲ ਉਸੇ ਸਾਹਿਤਕ ਵੰਨਗੀ ਦਾ ਹੋ ਜਾਂਦਾ ਹਾਂ… ਮੈਂ ਸਮਝਦਾ ਹਾਂ, ਇਹ ਵੰਨਗੀਆਂ, ਵਿਧਾਵਾਂ ਦੀ ਬਹਿਸ ਫਜ਼ੂਲ ਹੈਮੈਂ ਅੱਵਲ-ਤਾ-ਆਖ਼ਰ ਸਾਹਿਤਕਾਰ ਹਾਂਇਹ ਵੰਨਗੀਆਂ ਤਾਂ ਸਾਹਿਤ-ਸਾਧਨਾ ਦੇ ਚਸ਼ਮੇ ਵਿੱਚੋਂ ਨਿੱਕਲਦੀਆਂ ਕੂਹਲਾਂ-ਮਾਤਰ ਹਨ!” ਅਸਲ ਵਿੱਚ ਤਾਂ ਸੰਤੋਖ ਸਿੰਘ ਧੀਰ ਨਾਂ ਦੇ ਵਿਅਕਤੀ ਅਤੇ ਸੰਤੋਖ ਸਿੰਘ ਧੀਰ ਨਾਂ ਦੇ ਸਾਹਿਤਕਾਰ ਵਿਚਕਾਰ ਕੋਈ ਵੀ ਵਿੱਥ ਲੱਭ ਸਕਣਾ ਅਸੰਭਵ ਸੀਇਹ ਇਹੋ ਅਭੇਦਤਾ ਤੇ ਅਖੰਡਤਾ ਹੀ ਹੁੰਦੀ ਹੈ ਜੋ ਕਿਸੇ ਸਾਹਿਤਕਾਰ ਨੂੰ ਸ੍ਰੇਸ਼ਟ ਕਲਾ-ਕਿਰਤਾਂ ਦੇਣ ਦੀ ਸਮਰੱਥਾ ਬਖ਼ਸ਼ਦੀ ਹੈਇਸੇ ਕਰਕੇ ਧੀਰ ਜੀ ਦੀ ਕਲਮ ਬੀਤੇ ਨੂੰ ਫਰੋਲਦੀ, ਵਰਤਮਾਨ ਨੂੰ ਨਿਹਾਰਦੀ ਅਤੇ ਭਵਿੱਖ ਨੂੰ ਚਿਤਵਦੀ ਸੀ

ਪੰਜਾਬੀ ਵਿੱਚ ਕੁਲ-ਵਕਤੀ ਲੇਖਕ ਬਣਨ ਦੇ ਫ਼ੈਸਲੇ ਦਾ ਭਾਵ ਆਰਥਿਕ ਸੰਘਰਸ਼ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਉਣਾ ਸੀਨਿਰੰਤਰ ਸੰਘਰਸ਼ ਦੇ ਇਸ ਫ਼ੈਸਲੇ ਦਾ ਪਰ ਉਹਨਾਂ ਨੇ ਕਦੀ ਝੋਰਾ ਨਹੀਂ ਸੀ ਕੀਤਾਜੀਵਨ ਅਤੇ ਸਾਹਿਤ, ਦੋਵਾਂ ਵਿੱਚ ਉਹਨਾਂ ਨੂੰ ਸੁਰਮਾ ਪਾਉਣਾ ਵੀ ਆਉਂਦਾ ਸੀ ਤੇ ਮਟਕਾਉਣਾ ਵੀਹਾਲਾਤ ਕੁਝ ਵੀ ਰਹੇ, ਉਹ ਸਾਰੀ ਉਮਰ ਕਲਮ ਨੂੰ ਸਮਰਪਿਤ ਰਹੇ ਅਤੇ ਉਹਨਾਂ ਦੀ ਕਲਮ ਲੋਕ-ਹਿਤ ਨੂੰ ਸਮਰਪਿਤ ਰਹੀਉਹ ਜ਼ਿੰਦਗੀ-ਭਰ ਝੁੱਲਦੇ ਰਹੇ ਆਰਥਿਕ ਤੰਗੀਆਂ ਦੇ ਅਤੇ ਪਰਿਵਾਰਕ ਪ੍ਰੇਸ਼ਾਨੀਆਂ ਦੇ ਝੱਖੜਾਂ ਵਿੱਚ ਆਪ ਵੀ ਅਡਿੱਗ-ਅਡੋਲ ਰਹਿਣ ਵਾਲੇ ਅਤੇ ਆਪਣੀ ਕਲਮ ਨੂੰ ਵੀ ਅਡਿੱਗ-ਅਡੋਲ ਰੱਖ ਸਕਣ ਵਾਲੇ ਉੱਚ-ਦੁਮਾਲੜੇ ਮਨੁੱਖ ਸਨ

ਇੱਕ ਵਾਰ ਉਹ ਪਟਿਆਲੇ ਕਿਸੇ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ ਉੱਥੇ ਇਹਨਾਂ ਸਮੇਤ ਕਵੀਆਂ ਨੂੰ ਸ਼ਾਮ ਨੂੰ ਨਾਭੇ ਹੋਣ ਵਾਲੇ ਕਵੀ-ਦਰਬਾਰ ਦਾ ਸੱਦਾ ਦੇ ਦਿੱਤਾ ਗਿਆ ਜਿਸ ਬਾਰੇ ਸਮੇਂ ਦੀ ਘਾਟ ਕਾਰਨ ਪਹਿਲਾਂ ਕਿਸੇ ਕਵੀ ਨੂੰ ਵੀ ਦੱਸਿਆ ਨਹੀਂ ਸੀ ਜਾ ਸਕਿਆਸੱਦਾ ਦੇਣ ਵਾਲਿਆਂ ਨੇ ਚੰਗੇ ਵਧੀਆ ਸੇਵਾਫਲ ਦਾ ਵੀ ਭਰੋਸਾ ਦੁਆਇਆ ਉੱਥੇ ਜਾ ਕੇ ਧੀਰ ਜੀ ਨੂੰ ਪਤਾ ਲੱਗਿਆ ਕਿ ਪ੍ਰਧਾਨਗੀ ਲਛਮਣ ਸਿੰਘ ਗਿੱਲ ਨੇ ਕਰਨੀ ਸੀਉਹ ਕੁਝ ਦਿਨ ਪਹਿਲਾਂ ਹੀ ਸਾਂਝੇ ਮੋਰਚੇ ਦੀ ਸਰਕਾਰ ਡੇਗ ਕੇ ਮੁੱਖ ਮੰਤਰੀ ਬਣਿਆ ਸੀਸਾਰੇ ਪੰਜਾਬ ਵਿੱਚ ਉਸ ਵਿਰੁੱਧ ਇਸ ਕਦਮ ਕਾਰਨ ਮੁਜ਼ਾਹਰੇ ਹੋ ਰਹੇ ਸਨ ਅਤੇ ਧੀਰ ਜੀ ਉਹਨਾਂ ਮੁਜ਼ਾਹਰਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਸਨਅਜਿਹੇ ਵੇਲੇ ਉਹ ਆਪਣੀ ਮੜਕ ਨੂੰ ਸਾਂਭਦੇ ਸਨ ਤੇ ਪੈਸੇ ਨੂੰ ਪਰੇ ਧਕਦੇ ਸਨਉਹਨਾਂ ਨੇ ਮੰਚ ਉੱਤੇ ਜਾਣ ਅਤੇ ਕਵਿਤਾ ਪੜ੍ਹਨ ਤੋਂ ਇਨਕਾਰ ਕਰ ਦਿੱਤਾਉਹਨਾਂ ਦਾ ਕਹਿਣਾ ਸੀ, “ਮੈਂ ਵਜ਼ੀਰਾਂ ਦੀਆਂ ਪ੍ਰਧਾਨਗੀਆਂ ਵਿੱਚ ਕਵਿਤਾ ਪੜ੍ਹਦਾ ਰਿਹਾ ਹਾਂ ਪਰ ਜਿਸ ਵਿਰੁੱਧ ਮੈਂ ਰੋਸ-ਮੁਜ਼ਾਹਰੇ ਕਰ ਰਿਹਾ ਸੀ, ਉਹਦੀ ਪ੍ਰਧਾਨਗੀ ਵਿੱਚ ਮੈਂਨੂੰ ਕਵਿਤਾ ਪੜ੍ਹਨਾ ਵਾਜਬ ਨਾ ਲੱਗਿਆ।”

ਸਾਹਿਤਕਾਰ ਦੀ ਉਹਨਾਂ ਦੀ ਪ੍ਰਿਭਾਸ਼ਾ ਬੜੀ ਉੱਚੀ-ਸੁੱਚੀ ਸੀ, “ਮੇਰੇ ਵਿਚਾਰ ਅਨੁਸਾਰ ਲੇਖਕ ਹੋਣਾ ਯੋਧਾ ਹੋਣ ਦੇ ਤੁੱਲ ਹੈਕਲਮ ਇੱਕ ਹਥਿਆਰ ਹੈਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਕਹਿੰਦੇ ਹਨ, ਜ਼ਫ਼ਰਨਾਮਾ ਤੀਰ ਦੀ ਨੋਕ ਨਾਲ ਲਿਖਿਆ ਸੀਲਿਖਿਆ ਤਾਂ ਉਂਜ ਜ਼ਫ਼ਰਨਾਮਾ ਕਲਮ ਨਾਲ ਹੀ ਗਿਆ ਸੀ, ਪਰ ਉਹ ਕਲਮ, ਤੀਰ ਵਾਂਗ, ਹਥਿਆਰ ਹੀ ਬਣੀ ਹੋਈ ਸੀਇਸੇ ਲਈ ਤਾਂ ਜ਼ਫ਼ਰਨਾਮਾ ਖੰਜਰ ਵਾਂਗੂੰ ਔਰੰਗਜ਼ੇਬ ਦੇ ਦਿਲ ਵਿੱਚ ਜਾ ਕੇ ਵੱਜਿਆ ਸੀਕਵਿਤਾ ਲਿਖਾਂ, ਕਹਾਣੀ ਲਿਖਾਂ, ਮੈਂਨੂੰ ਮੇਰਾ ਆਪਣਾ ਆਪ ਹੁੰਗਾਰਾ ਭਰਦਾ ਰਹਿੰਦਾ ਹੈ ਕਿ ਮੈਂ ਕਿਸੇ ਮਹੱਤਵਪੂਰਨ ਕੰਮ ਵਿੱਚ ਲੱਗਿਆ ਹੋਇਆ ਹਾਂਜਿਹੜੀ ਕਲਮ ਕਦੇ ਰਿਸ਼ੀ ਬਾਲਮੀਕ ਨੇ ਚੁੱਕੀ ਸੀ, ਰਿਸ਼ੀ ਵੇਦ ਵਿਆਸ ਨੇ, ਉਹੀਓ ਕਲਮ ਅੱਜ ਮੈਂ ਆਪਣੇ ਹੱਥ ਵਿੱਚ ਥੰਮ੍ਹੀ ਹੋਈ ਹੈ!”

ਧੀਰ ਜੀ ਵਿੱਚ ਇੱਕ ਅਨੋਖਾ ਸਾਹਿਤਕ ਨਖ਼ਰਾ ਸੀਇਹ ਨਖ਼ਰਾ ਲਿਖਤ ਦਾ ਖਰੜਾ ਤਿਆਰ ਕਰਨ ਸਮੇਂ ਅਤੇ ਫੇਰ ਉਹਨੂੰ ਛਪਵਾਉਣ ਸਮੇਂ ਖਾਸ ਕਰ ਕੇ ਉਜਾਗਰ ਹੁੰਦਾ ਸੀਉਹ ਬਹੁਤ ਸੁਹਣੇ ਕਾਗ਼ਜ਼ ਉੱਤੇ, ਮੋਤੀਆਂ ਵਰਗੀ ਲਿਖਾਈ ਵਿੱਚ, ਕੋਈ ਵੀ ਕੱਟ-ਵੱਢ ਕੀਤੇ ਬਿਨਾਂ ਖਰੜਾ ਤਿਆਰ ਕਰਦੇ ਅਤੇ ਕਾਗ਼ਜ਼ਾਂ ਨੂੰ ਬੜੇ ਗਹੁ ਨਾਲ ਚਿਣਦੇਉਹਨਾਂ ਦੇ ਖਰੜੇ ਦੇ ਕਿਸੇ ਕਾਗ਼ਜ਼ ਦੀ ਕੋਈ ਕੰਨੀ ਮੁੜੀ ਹੋਈ ਨਹੀਂ ਸੀ ਹੁੰਦੀਜਦੋਂ ਉਹਨਾਂ ਨੇ ਆਪਣੇ ਨਾਵਲ ‘ਯਾਦਗਾਰ’ ਦਾ ਖਰੜਾ ਮੈਂਨੂੰ ਪੜ੍ਹਨ ਲਈ ਦਿੱਤਾ, ਉਹ ਇੱਕ ਦੂਤਾਵਾਸ ਤੋਂ ਡਾਕ ਵਿੱਚ ਆਉਂਦੇ ਰਹੇ ਅੰਬਰੀ ਲਫ਼ਾਫਿਆਂ ਉੱਤੇ ਲੜੀਵਾਰ ਨੰਬਰ ਲਾ ਕੇ ਤੇ ਉਹਨਾਂ ਵਿੱਚ ਕੁਝ ਕੁਝ ਕਾਂਡਾਂ ਦੀਆਂ ਦੱਥੀਆਂ ਬਣਾ ਕੇ ਪਾਇਆ ਹੋਇਆ ਸੀ ਅਤੇ ਇੱਕ ਧੋਤੇ-ਸੰਵਾਰੇ ਪੁਰਾਣੇ ਕੱਪੜੇ ਦੇ ਖ਼ੂਬਸੂਰਤ ਰੁਮਾਲੇ ਵਿੱਚ ਬੰਨ੍ਹਿਆ ਹੋਇਆ ਸੀਉਹ ਹੋਰ ਕੋਈ ਅੱਤਿਆਚਾਰ ਤਾਂ ਅੱਖੋਂ ਓਹਲੇ ਕਰ ਸਕਦੇ ਸਨ ਪਰ ਭੈੜੀ ਛਪਾਈ, ਗ਼ਲਤ ਲਿਖਾਈ ਜਾਂ ਪਰੂਫ਼ਾਂ ਦੀਆਂ ਗ਼ਲਤੀਆਂ ਰਚਨਾ ਵਿੱਚ ਤਾਂ ਕੀ, ਕਿਤੇ ਵੀ ਸਹਿ ਨਹੀਂ ਸਨ ਸਕਦੇ

ਆਪਣੀ ਰਚਨਾ ਦੇ ਇੱਕ ਇਕ ਵਾਕ ਨੂੰ, ਇੱਕ ਇਕ ਸ਼ਬਦ ਨੂੰ ਉਹ ਉਸੇ ਸੁਚੱਜ ਨਾਲ ਪਰੋਂਦੇ ਸਨ ਜਿਸ ਨਾਲ ਮਾਲਣ ਫੁੱਲ-ਕਲੀਆਂ ਦਾ ਹਾਰ ਗੁੰਦਦੀ ਹੈਸ਼ਬਦਜੋੜਾਂ ਦੀ ਪ੍ਰਮਾਣਿਕਤਾ ਉੱਤੇ ਉਹਨਾਂ ਦਾ ਜ਼ੋਰ ਦੇਖਣ ਵਾਲਾ ਹੁੰਦਾ ਸੀਵਾਕ-ਰਚਨਾ ਵਿੱਚ ਉਹ ਕੌਮਾ ਤੱਕ ਇੰਨਾ ਸੋਚ ਕੇ ਲਾਉਂਦੇ ਸਨ ਕਿ ਛਾਪੇ ਵਾਲ਼ਿਆਂ ਵਲੋਂ ਉਹਨੂੰ ਛੱਡਿਆ ਦੇਖ ਕੇ ਉਹ ਖੰਡਾ ਖਿੱਚ ਲੈਂਦੇ ਸਨ ਇੱਕ ਵਾਰ ਉਹਨਾਂ ਦੇ ਇੱਕ ਸ਼ਰਧਾਲੂ ਨੇ ਉਹਨਾਂ ਦੇ ਹੀ ਇੱਕ ਕਾਫ਼ੀ ਵੱਡੇ ਕੰਮ ਸੰਬੰਧੀ ਚਿੱਠੀ ਲਿਖ ਕੇ ਕੁਝ ਜਾਣਕਾਰੀਆਂ ਬਹੁਤ ਛੇਤੀ ਮੰਗੀਆਂ ਕਿਉਂਕਿ “ਬੁਨਿਆਦ ਦਾ ਸਮਾਂ ਲੰਘਦਾ ਜਾਂਦਾ” ਸੀਧੀਰ ਜੀ ਨੇ ਤੁਰਤ ਚਿੱਠੀ ਲਿਖੀ, “ਜ਼ਰੂਰੀ ਜਾਣਕਾਰੀਆਂ ਤਾਂ ਫੇਰ ਭੇਜਾਂਗਾ, ਪਹਿਲਾਂ ਤੁਸੀਂ ਅੱਗੇ ਲਈ ਇਹ ਧਿਆਨ ਰੱਖੋ ਕਿ ਇਹ ਸ਼ਬਦ ਬੁਨਿਆਦ ਨਹੀਂ, ਮੁਨਿਆਦ ਜਾਂ ਮਿਆਦ ਹੁੰਦਾ ਹੈ।”

ਉਹਨਾਂ ਨੂੰ ਪਤਲੇ ਤੋਂ ਪਤਲਾ ਮਖੌਟਾ ਵੀ ਪਹਿਨਣਾ ਨਹੀਂ ਸੀ ਆਉਂਦਾਜੋ ਅੰਦਰੋਂ, ਉਹੋ ਬਾਹਰੋਂਜੋ ਚੰਗਾ ਨਹੀਂ ਸੀ ਲਗਦਾ, ਉਹਨੂੰ ਆਪਣੇ ਤੇ ਉਹਦੇ ਵਿਚਕਾਰਲੀ ਖਾਈ ਦਿਖਾਉਣ ਤੋਂ ਭੋਰਾ ਵੀ ਸੰਕੋਚ ਨਹੀਂ ਸਨ ਕਰਦੇਜੋ ਕੋਈ ਚੰਗਾ ਲਗਦਾ, ਆਪਣੇ ਨਾਲੋਂ ਛੋਟਾ ਹੋਵੇ, ਭਾਵੇਂ ਵੱਡਾ, ਉਹਦੇ ਸਦਕੇ-ਵਾਰੀ ਜਾਂਦੇਜਦੋਂ ਕਦੀ ਉਹਨਾਂ ਕੋਲ ਜਾਣਾ, ਉਹਨਾਂ ਦੀ ਮੁਹੱਬਤ, ਖ਼ੁਸ਼ੀ ਅਤੇ ਮਹਿਮਾਨ-ਨਿਵਾਜ਼ੀ ਦੇਖਣ ਵਾਲੀ ਹੁੰਦੀਮੈਂ ਉਹਨਾਂ ਤੋਂ ਸੋਲਾਂ-ਸਤਾਰਾਂ ਸਾਲ ਛੋਟਾ ਸੀ ਤੇ ਉਹਨਾਂ ਦੀਆਂ ਕਹਾਣੀਆਂ-ਕਵਿਤਾਵਾਂ ਪੜ੍ਹ ਕੇ ਲਿਖਣ ਲੱਗਿਆ ਸੀਮਿਲ-ਮਿਲਾ ਕੇ ਮੈਂ ਕੁਰਸੀ ਉੱਤੇ ਬੈਠਣ ਲੱਗਣਾ ਪਰ ਉਹ ਚਾਦਰ ਦੇ ਵਲ਼ਾਂ ਉੱਤੇ ਹੱਥ ਫੇਰ ਕੇ ਆਖਦੇ, ਇੱਥੇ ਆ, ਤਖ਼ਤਪੋਸ਼ ’ਤੇ, ਮੇਰੇ ਕੋਲ! ਤੇ ਉਹਨਾਂ ਦਾ ਹਦਾਇਤਨਾਮਾ ਸ਼ੁਰੂ ਹੋ ਜਾਂਦਾ, “ਬਈ ਐਂ ਕਰੋ, ਚਾਹ ਨਾਲ ਪਿੰਨੀਆਂ ਲੈ ਆਉ… ਰੋਟੀ ਵੇਲੇ ਐਹ ਕਰਿਉ, ਅਹੁ ਵੀ ਕਰ ਲਿਉ …!” ਆਵਾਜ਼ ਕੁਝ ਨੀਵੀਂ ਕਰ ਕੇ ਪੁੱਛਦੇ, “ਘਰੇ ਨਮਕੀਨ ਦਾ ਉਹ ਪੈਕਟ ਹੈਗਾ ਜਿਹੜਾ ਨਿਆਣੇ ਲਿਆਉਂਦੇ ਹੁੰਦੇ ਐ, ਵਿੱਚ ਕਾਜੂ ਤੇ ਦਾਖਾਂ ਵਾਲਾ?” ਫੇਰ ਜਵਾਬ ਉਡੀਕੇ ਬਿਨਾਂ ਆਪੇ ਹੀ ਆਖਦੇ, “ਜੇ ਨਹੀਂ ਹੈ, ਉਹ ਜ਼ਰੂਰ ਮੰਗਵਾ ਲਿਉ।”

ਬੀਬੀ ਉਹਨਾਂ ਦੀ ਉਤਾਵਲਤਾ ਦੇਖ ਕੇ ਲਗਾਤਾਰ ਸ਼ਾਂਤ ਮੁਸਕਰਾਉਂਦੀ ਰਹਿੰਦੀ ਤੇ ਉਹਨਾਂ ਦੀ ਗੱਲ ਮੁੱਕੀ ਤੋਂ ਹੱਥ ਨਾਲ ਬੇਫਿਕਰ ਰਹਿਣ ਲਈ ਆਖਦਿਆਂ ਤਸੱਲੀ ਦਿੰਦੀ, “ਪਤੈ ਮੈਂਨੂੰ, ਭੁੱਲਰ ਆਇਐਜਿੰਨਾ ਭੁੱਲਰ ਥੋਡਾ ਐ, ਉੰਨਾ ਸਾਡਾ ਵੀ ਐਸਭ ਕੁਛ ਹੋ ਜੂ।”

ਇੰਨੇ ਨੂੰ ਉਹਨਾਂ ਦੇ ਪਹਿਲਾਂ ਤੋਂ ਬੁਲਾਏ ਹੋਏ ਕਾਜੂ ਤੇ ਦਾਖਾਂ ਵਾਲੇ ਨਮਕੀਨ ਦੇ ਗਾਹਕ ਆ ਜਾਂਦੇ, ਪ੍ਰੋ. ਕੁਲਵੰਤ ਸਿੰਘ, ਗੁਰਚਰਨ ਸਿੰਘ ਜੈਤੋ, ਸ਼ਿਵਨਾਥਮਹਿਫ਼ਲ ਭਖਦੀ ਤਾਂ ਮੈਂ ਧੀਰ ਜੀ ਵੱਲ ਦੇਖਦਾਤਖ਼ਤਪੋਸ਼ ਦੀ ਥਾਂ ਉਹਨਾਂ ਦੇ ਤਖ਼ਤ ਉੱਤੇ ਬੈਠੇ ਹੋਏ ਹੋਣ ਦਾ ਝੌਲਾ ਪੈਂਦਾਲਗਦਾ, ਹੁਣੇ ਉਹ ਤਿੰਨ ਤਾੜੀਆਂ ਮਾਰ ਕੇ ਕਹਿਣਗੇ, ਕੋਈ ਹੈ! ਚਾਰੇ ਦਿਸ਼ਾਵਾਂ ਤੋਂ ਕਨੀਜ਼ਾਂ ਸਿਰ-ਨਿਵਾਈ ਉਹਨਾਂ ਦੇ ਹਜ਼ੂਰ ਆਉਣਗੀਆਂ ਤੇ ਉਹ ਹੁਕਮ ਕਰਨਗੇ, “ਪੌਣ ਨੂੰ ਕਹੋ, ਆ ਕੇ ਚੌਰ ਕਰੇ, ਬਨਸਪਤੀ ਨੂੰ ਕਹੋ, ਸੁਗੰਧੀਆਂ ਲੈ ਕੇ ਆਵੇ!”

ਕਾਸ਼! ਬੀਤਿਆ ਸਮਾਂ ਸਿਰਫ਼ ਇੱਕ ਵਾਰ ਹੀ ਪਰਤ ਸਕਦਾ ਹੁੰਦਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1860)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author